ਵਿੰਸਟਨ ਚਰਚਿਲ ਨੂੰ ਉਸ ਦੇ ਬਿਹਤਰੀਨ ਸਮੇਂ ਦੌਰਾਨ ਦੀ ਅਗਵਾਈ ਲਈ ਯਾਦ ਕੀਤਾ ਜਾਂਦਾ ਹੈ ਪਰ ਇਹ ਵੀ ਸੱਚ ਹੈ ਕਿ ਉਸ ਨੇ ਅਤਿ ਦੇ ਸ਼ਰਮਨਾਕ ਸਮੇਂ ਵੀ ਦੇਸ਼ ਦੀ ਅਗਵਾਈ ਕੀਤੀ ਸੀ। ਕੀ ਹੋਇਆ, ਜੇ ਉਸ ਨੇ ਸੰਸਾਰ ਨੂੰ ਨਾਜ਼ੀਆਂ ਤੋਂ ਬਚਾਉਣ ਲਈ ਆਪਣੇ ਦੇਸ਼ ਨੂੰ ਉਭਾਰਿਆ ਸੀ ਪਰ ਕੱਚਘਰੜ ਗੋਰੇ ਸਰਦਾਰਵਾਦ ਲਈ ਵੀ ਉਹ ਲੜਿਆ ਸੀ ਅਤੇ ਉਸ ਨੇ ਕੈਦਖ਼ਾਨਿਆਂ ਦਾ ਆਪਣਾ ਹੀ ਜਾਲ ਵਿਛਾਇਆ ਹੋਇਆ ਸੀ। ਇਹ ਸਵਾਲ ਰਿਚਰਡ ਟੋਈ ਦੇ ਨਵੇਂ ਇਤਿਹਾਸ ‘ਚਰਚਲ‘ਜ਼ ਐਂਪਾਇਰ’ ਰਾਹੀਂ ਸਾਹਮਣੇ ਆਇਆ ਹੈ ਅਤੇ ਪ੍ਰਭਾਵ ਇਸ ਦਾ ਅਮਰੀਕਾ ਦੇ ਰਾਸ਼ਟਰਪਤੀ ਭਵਨ ‘ਓਵਲ ਆਫਿ਼ਸ’ ਵਿਚ ਵੀ ਦੇਖਣ ਨੂੰ ਮਿਲਿਆ ਹੈ। ਜਾਰਜ ਵਾਕਰ ਬੁਸ਼ ਨੇ ਵ੍ਹਾਈਟ ਹਾਊਸ ਵਿਚਲੇ ਆਪਣੇ ਮੇਜ਼ ਉਤੇ ਚਰਚਿਲ ਦਾ ਛੋਟਾ ਬੁੱਤ ਰੱਖਿਆ ਹੋਇਆ ਸੀ, ਜਿਹੜਾ ਉਹ ਜੰਗੀ ਨੇਤਾ ਦੇ ਫਾਸ਼ੀਵਾਦ ਵਿਰੁਧ ਪੈਂਤੜੇ ਨਾਲ ਆਪਣੇ ਆਪ ਨੂੰ ਜੋੜਨ ਦੇ ਯਤਨ ਵਜੋਂ ਪਿੱਛੇ ਛੱਡ ਗਿਆ ਸੀ।
ਬਰਾਕ ਓਬਾਮਾ ਨੇ ਅਹੁਦਾ ਸਾਂਭਦੇ ਸਾਰ ਇਹ ਬੁੱਤ ਬਰਤਾਨੀਆ ਨੂੰ ਵਾਪਸ ਕਰ ਦਿੱਤਾ। ਅਜਿਹਾ ਕਿਉਂ ਕੀਤਾ ਗਿਆ, ਇਸ ਦਾ ਅੰਦਾਜ਼ਾ ਲਗਾਉਣਾ ਮੁਸ਼ਕਲ ਨਹੀਂ ਹੈ। ਓਬਾਮਾ ਦੇ ਕੀਨੀਆ ਵਾਸੀ ਦਾਦੇ ਹੁਸੈਨ ਓਨੀਆਗੋ ਓਬਾਮਾ ਨੂੰ ਚਰਚਿਲ ਨੇ ਆਪਣੀ ਸਲਤਨਤ ਦਾ ਵਿਰੋਧ ਕਰਨ ਕਰਕੇ ਬਿਨਾਂ ਮੁਕੱਦਮਾ ਚਲਾਇਆਂ ਦੋ ਸਾਲ ਕੈਦ ਰੱਖਿਆ ਸੀ ਅਤੇ ਉਸ ਦੀ ਨਿਗਰਾਨੀ ਹੇਠ ਉਸ ਉਤੇ ਅੱਤਿਆਚਾਰ ਕੀਤਾ ਗਿਆ ਸੀ। ਕੀ ਇਕ-ਦੂਜੇ ਨਾਲ ਟਕਰਾਉਂਦੇ ਇਨ੍ਹਾਂ ਚਰਚਿਲਾਂ ਵਿਚ ਕੋਈ ਮੇਲ ਹੋ ਸਕਦਾ ਹੈ? ਕੀ ਅਸੀਂ ਇਕੋ ਸਮੇਂ ਉਸ ਸੰਸਾਰ ਵਿਚ ਵੀ ਰਹਿ ਸਕਦੇ ਹਾਂ, ਜਿਸ ਨੂੰ ਉਸ ਨੇ ਬਚਾਉਣ ਦਾ ਯਤਨ ਕੀਤਾ ਅਤੇ ਉਸ ਸੰਸਾਰ ਵਿਚ ਵੀ, ਜਿਸ ਨੂੰ ਤਬਾਹ-ਬਰਬਾਦ ਕਰਨ ਵਿਚ ਉਸ ਨੇ ਅਹਿਮ ਭੂਮਿਕਾ ਅਦਾ ਕੀਤੀ? ਟੋਈ ਜਿਹੜਾ ਬਰਤਾਨੀਆ ਦੇ ਨੌਜਵਾਨ ਇਤਿਹਾਸਕਾਰਾਂ ਵਿਚੋਂ ਇਕ ਹੈ, ਜਿਸ ਨੇ ਗ਼ੈਰ ਜਜ਼ਬਾਤੀ ਢੰਗ ਨਾਲ ਇੰਨ੍ਹਾਂ ਸਵਾਲਾਂ ਨੂੰ ਘੋਖਣ ਦਾ ਯਤਨ ਕੀਤਾ ਹੈ। ਚਰਚਿਲ 1874 ਵਿਚ ਅਜਿਹੇ ਬਰਤਾਨੀਆ ਵਿਚ ਪੈਦਾ ਹੋਇਆ ਜੋ ਨਕਸ਼ੇ ਨੂੰ ਗੁਲਾਬੀ ਬਣਾਈ ਜਾ ਰਿਹਾ ਸੀ ਅਤੇ ਅਜਿਹਾ ਉਹ ਦੂਰ-ਦੁਰਾਡੇ ਦੇ ਰਾਸ਼ਟਰਾਂ ਨੂੰ ਖ਼ੂਨ ‘ਚ ਰੰਗਣ ਦੀ ਕੀਮਤ ਉਤੇ ਕਰ ਰਿਹਾ ਸੀ। ਵਿਕਟੋਰੀਆ ਨੂੰ ਉਦੋਂ ਹਾਲੇ ਭਾਰਤ ਦੀ ਮਲਿਕਾ ਦਾ ਤਾਜ ਪਹਿਨਾਇਆ ਹੀ ਗਿਆ ਸੀ ਅਤੇ ਅਫ਼ਰੀਕੀ ਮਹਾਂਦੀਪ ਉਤੇ ਕਬਜ਼ੇ ਲਈ ਦੌੜ-ਭੱਜ ਨੂੰ ਅਜੇ ਕੁਝ ਸਾਲ ਲੱਗਣੇ ਸਨ। ਪਹਿਲਾਂ ਹੈਰੋ ਸਕੂਲ ਵਿਚ ਅਤੇ ਫੇਰ ਸੈਂਡਹਰਸਟ ਵਿਚ ਉਸ ਨੂੰ ਸਾਦਾ ਜਿਹੀ ਕਹਾਣੀ ਸੁਣਾਈ ਗਈ ਸੀ। ਕਹਾਣੀ ਇਹ ਸੀ ਕਿ ਸ੍ਰੇਸ਼ਟ ਗੋਰਾ ਬੰਦਾ ਪ੍ਰਾਚੀਨ ਅਤੇ ਕਾਲੀ ਚਮੜੀ ਵਾਲੇ ਸਥਾਨਕ ਲੋਕਾਂ ਉਤੇ ਜਿੱਤ ਪ੍ਰਾਪਤ ਕਰ ਰਿਹਾ ਹੈ ਅਤੇ ਉਨ੍ਹਾਂ ਲਈ ਸੱਭਿਅਤਾ ਦੇ ਲਾਭ ਲਿਆ ਰਿਹਾ ਹੈ। ਜਿੰਨੀ ਜਲਦੀ ਹੋ ਸਕਿਆ, ਚਰਚਿਲ ਉਨ੍ਹਾਂ ਛੋਟੀਆਂ-ਛੋਟੀਆਂ ਜੰਗਾਂ ਵਿਚ ਸ਼ਾਮਲ ਹੋਣ ਲਈ ਤਿਆਰ ਹੋ ਗਿਆ ਜੋ ‘ਵਹਿਸ਼ੀ’ ਲੋਕਾਂ ਵਿਰੁਧ ਲੜੀਆਂ ਜਾ ਰਹੀਆਂ ਸਨ।
ਸਵਾਤ ਘਾਟੀ ਜੋ ਹੁਣ ਪਾਕਿਸਤਾਨ ਦਾ ਹਿੱਸਾ ਹੈ, ਵਿਚ ਉਸ ਨੂੰ ਸ਼ੱਕ ਪੈਦਾ ਹੋਇਆ। ਉਸ ਨੇ ਇਹ ਮਹਿਸੂਸ ਕੀਤਾ ਕਿ ਸਥਾਨਕ ਵਸੋਂ ਸਰਕਾਰ ਦਾ ਵਿਰੋਧ ਇਸ ਲਈ ਕਰ ਰਹੀ ਸੀ ਕਿਉਂਕਿ ਉਹ ਸਮਝਦੀ ਸੀ ਕਿ ਉਸ ਭੂਮੀ ਉਤੇ ਬਰਤਾਨਵੀ ਫ਼ੌਜਾਂ, ਜਿਸ ਨੂੰ ਉਹ ਆਪਣੀ ਸਮਝਦੇ ਹਨ, ਦੀ ਮੌਜੂਦਗੀ ਗ਼ਲਤ ਸੀ। ਹੁਣ ਨੁਕਤਾ ਇਹ ਹੈ ਕਿ ਜੇ ਬਰਤਾਨਵੀਆਂ ਦੇ ਘਰ-ਬਾਰ ਅਤੇ ਜਗ੍ਹਾ-ਜ਼ਮੀਨ ਉਤੇ ਕਬਜ਼ਾ ਕੀਤਾ ਜਾਂਦਾ, ਤਾਂ ਉਹ ਵੀ ਐਨ ਓਸੇ ਤਰ੍ਹਾਂ ਹੀ ਲੜਦੇ, ਪਰ ਚਰਚਿਲ ਨੇ ਛੇਤੀ ਹੀ ਇਸ ਵਿਚਾਰ ਨੂੰ ਦਬਾਅ ਲਿਆ ਅਤੇ ਇਸ ਦੇ ਉਲਟ ਫੈਸਲਾ ਇਹ ਕੀਤਾ ਕਿ ਉਹ ਤਾਂ ਕੇਵਲ ਕੁਰਾਹੇ ਪਏ ਜਹਾਦੀ ਹਨ, ਜਿਨ੍ਹਾਂ ਦੀ ਹਿੰਸਾ ਇਸ ਕਾਰਨ ਸੀ ਕਿ ਉਨ੍ਹਾਂ ਵਿਚ ਕਤਲ ਕਰਨ ਦਾ ਜ਼ੋਰਦਾਰ ਜਜ਼ਬਾ ਹੈ। ਉਸ ਨੇ ਉਨ੍ਹਾਂ ਹਮਲਿਆਂ ਵਿਚ ਖ਼ੁਸ਼ੀ ਨਾਲ ਹਿੱਸਾ ਲਿਆ, ਜਿਨ੍ਹਾਂ ਨੇ ਪੂਰੀਆਂ ਬਸਤੀਆਂ ਨੂੰ ਹੀ ਬਰਬਾਦ ਕਰ ਦਿੱਤਾ, ਘਰ ਤਬਾਹ ਕਰ ਦਿੱਤੇ ਅਤੇ ਫ਼ਸਲਾਂ ਸਾੜ ਦਿੱਤੀਆਂ। ਇਸ ਤੋਂ ਬਾਅਦ ਉਹ ਸੁਡਾਨ ਨੂੰ ਫ਼ਤਹਿ ਕਰਨ ਚਲਾ ਗਿਆ, ਜਿਥੇ ਉਸ ਨੇ ਜ਼ਾਤੀ ਤੌਰ ‘ਤੇ ਘੱਟੋ-ਘੱਟ ਤਿੰਨ ‘ਵਹਿਸ਼ੀਆਂ‘ ਨੂੰ ਗੋਲੀ ਮਾਰੀ ਸੀ। ਨੌਜਵਾਨ ਚਰਚਿਲ ਨੇ ਸਾਮਰਾਜੀ ਜ਼ੁਲਮਾਂ ਵਿਚ ਹਿੱਸਾ ਲਿਆ ਅਤੇ ਹਰ ਜ਼ੁਲਮ ਦੀ ਉਸ ਨੇ ਹਮਾਇਤ ਕੀਤੀ।
ਜਦੋਂ ਦੱਖਣੀ ਅਫ਼ਰੀਕਾ ਵਿਚ ਨਜ਼ਰਬੰਦੀ ਕੈਂਪ ਬਣਾਏ ਗਏ, ਜਿਨ੍ਹਾਂ ਵਿਚ ਗੋਰੇ ਬੋਰ (ਹਾਲੈਂਡ ਤੋਂ ਆ ਕੇ ਵਸੇ ਕਿਸਾਨ) ਕੈਦ ਕੀਤੇ ਗਏ ਸਨ, ਤਾਂ ਉਸ ਨੇ ਕਿਹਾ ਸੀ ਕਿ ਉਨ੍ਹਾਂ ਵਿਚਲੇ ਕੈਦੀਆਂ ਨੂੰ ਘੱਟ ਤੋਂ ਘੱਟ ਤਕਲੀਫ਼ਾਂ ਹੋਣ। ਮ੍ਰਿਤਕਾਂ ਦੀ ਗਿਣਤੀ ਲੱਗਪਗ 28,000 ਸੀ। ਜਦੋਂ ਘੱਟੋ-ਘੱਟ 1,15,000 ਕਾਲੇ ਅਫ਼ਰੀਕੀ ਇਸੇ ਤਰ੍ਹਾਂ ਹੀ ਬਰਤਾਨਵੀ ਕੈਂਪਾਂ ਵਿਚ ਧੱਕ ਦਿੱਤੇ ਗਏ, ਤਾਂ ਉਥੇ 14,000 ਮਰ ਗਏ। ਇਸ ‘ਤੇ ਉਸ ਨੇ ਆਪਣੀ ਝੁੰਜਲਾਹਟ ਇਹ ਕਹਿ ਕੇ ਜ਼ਾਹਿਰ ਕੀਤੀ ਸੀ ਕਿ ਕਾਫ਼ਰਾਂ ਨੂੰ ਗੋਰੇ ਲੋਕਾਂ ਉਤੇ ਗੋਲੀਆਂ ਚਲਾਉਣ ਦੀ ਆਗਿਆ ਦੇ ਦਿੱਤੀ ਜਾਣੀ ਚਾਹੀਦੀ ਹੈ। ਬਾਅਦ ਵਿਚ ਉਥੇ ਹੋਏ ਤਜਰਬਿਆਂ ਬਾਰੇ ਉਸ ਨੇ ਇਹ ਗੱਪ ਮਾਰੀ ਸੀ: “ਇਹ ਗੱਲ ਤਾਂ ਜੰਗ ਦੇ ਨਿਘਾਰ ਤੋਂ ਪਹਿਲਾਂ ਦੀ ਹੈ। ਇਹ ਮਖ਼ੌਲ ਉਡਾਉਣ ਬਾਰੇ ਚੰਗਾ ਮੌਕਾ ਸੀ।” ਫਿ਼ਰ ਸੰਸਦ ਮੈਂਬਰ ਵਜੋਂ ਉਸ ਨੇ ਇਹ ਮੰਗ ਕੀਤੀ ਕਿ ਵਧੇਰੇ ਜਿੱਤਾਂ ਦਾ ਚਲੰਤ ਪ੍ਰੋਗਰਾਮ ਉਲੀਕਿਆ ਜਾਣਾ ਚਾਹੀਦਾ ਹੈ, ਜਿਸ ਦਾ ਆਧਾਰ ਉਸ ਦਾ ਇਹ ਵਿਸ਼ਵਾਸ ਸੀ ਕਿ ਆਰੀਆ (ਗੋਰੀ ਨਸਲ) ਲੋਕ ਹਰ ਹਾਲਤ ਵਿਚ ਜਿੱਤਣਗੇ ਹੀ।
ਇੰਜ ਜਾਪਦਾ ਹੈ ਕਿ ਉਸ ਦੇ ਮਨ ਵਿਚ ਸਥਾਨਕ ਲੋਕਾਂ ਬਾਰੇ ਅਜੀਬ ਕਿਸਮ ਦੀ ਅਜੋੜਤਾ ਸੀ। ਜਦੋਂ ਇਹ ਲੋਕ ਉਸ ਦੀ ਮਰਜ਼ੀ ਦੇ ਉਲਟ ਗਏ ਤਾਂ ਚਰਚਿਲ ਨੇ ਇਹ ਮੰਗ ਕਰ ਦਿੱਤੀ ਕਿ ਉਨ੍ਹਾਂ ਨੂੰ ਪੂਰੀ ਤਰ੍ਹਾਂ ਤਾਕਤ ਨਾਲ ਕੁਚਲ ਦੇਣਾ ਚਾਹੀਦਾ ਹੈ। 1920 ਵਿਚ ਗ਼ੁਲਾਮ ਬਸਤੀਆਂ ਦੇ ਮਹਿਕਮੇ ਦੇ ਸਕੱਤਰ ਵਜੋਂ ਉਸ ਨੇ ਆਇਰਲੈਂਡ ਦੇ ਕੈਥੋਲਿਕ ਨਾਗਰਿਕਾਂ ਉਪਰ ਬਦਨਾਮ ਕਾਲੇ ਅਤੇ ਟਾਨ ਬਦਮਾਸ਼ਾਂ ਨੂੰ ਚਾੜ੍ਹ ਦਿੱਤਾ ਅਤੇ ਜਦੋਂ ਕੁਰਦਾਂ ਨੇ ਬਰਤਾਨਵੀ ਸ਼ਾਸਨ ਵਿਰੁਧ ਬਗ਼ਾਵਤ ਕੀਤੀ ਤਾਂ ਉਸ ਨੇ ਕਿਹਾ: “ਮੈਂ ਪੂਰੀ ਸ਼ਿੱਦਤ ਨਾਲ ਇਸ ਗੱਲ ਦੇ ਹੱਕ ਵਿਚ ਹਾਂ ਕਿ ਇਨ੍ਹਾਂ ਗ਼ੈਰ ਸਭਿਅਕ ਕਬੀਲਿਆਂ ਵਿਰੁਧ ਜ਼ਹਿਰੀਲੀ ਗੈਸ ਦੀ ਵਰਤੋਂ ਕੀਤੀ ਜਾਵੇ।” ਬਿਨਾਂ ਸ਼ੱਕ, ਇਨ੍ਹਾਂ ਕਾਰਵਾਈਆਂ ਦੀ ਕਿਸੇ ਵੀ ਆਲੋਚਨਾ ਨੂੰ ਸੰਸੇ ਭਰਪੂਰ ਕਹਿ ਕੇ ਰੱਦ ਕੀਤਾ ਜਾ ਸਕਦਾ ਹੈ। ਕੀ ਉਸ ਵੇਲੇ ਹਰ ਕੋਈ ਇੰਜ ਹੀ ਨਹੀਂ ਸੀ ਸੋਚਦਾ? ਟੋਈ ਦੀ ਖੋਜ ਦੀਆਂ ਲੱਭਤਾਂ ਦੀ ਹੈਰਾਨਕੁਨ ਗੱਲ ਇਹ ਹੈ ਕਿ ਉਸ ਵੇਲੇ ਵੀ ਅਸਲੀਅਤ ਵਿਚ ਚਰਚਿਲ ਬਾਰੇ ਇਹ ਨਹੀਂ ਸੀ ਸਮਝਿਆ ਜਾਂਦਾ ਕਿ ਉਹ ਅੱਤਿ ਦਾ ਜਾਬਰ ਸੀ ਅਤੇ ਬਰਤਾਨਵੀ ਸਾਮਰਾਜ ਦਾ ਇਹ ਵਹਿਸ਼ੀ ਅੰਤ ਉਹ ਵੇਖੇਗਾ।
ਪ੍ਰਧਾਨ ਮੰਤਰੀ ਸਟੈਨਲੇ ਬਾਲਡਵਿਨ ਨੂੰ ਉਸ ਦੇ ਕੈਬਨਿਟ ਸਾਥੀਆਂ ਨੇ ਇਹ ਚਿਤਾਵਨੀ ਦਿੱਤੀ ਸੀ ਕਿ ਉਸ ਨੂੰ ਮੰਤਰੀ ਨਿਯੁਕਤ ਨਾ ਕੀਤਾ ਜਾਵੇ ਕਿਉਂਕਿ ਉਸ ਦੇ ਵਿਚਾਰ ਡੀਲੂਵੀਅਨ-ਵਿਰੋਧੀ ਸਨ। ਇਥੋਂ ਤੱਕ ਕਿ ਉਸ ਦੇ ਪ੍ਰੇਸ਼ਾਨ ਹੋਏ ਡਾਕਟਰ ਲਾਰਡ ਮੋਰਨ ਨੇ ਦੂਜੀਆਂ ਨਸਲਾਂ ਬਾਰੇ ਕਿਹਾ ਸੀ, “ਵਿੰਸਟਨ ਤਾਂ ਕੇਵਲ ਉਨ੍ਹਾਂ ਦੀ ਚਮੜੀ ਦੇ ਰੰਗ ਬਾਰੇ ਹੀ ਸੋਚਦਾ ਹੈ।” ਉਸ ਦੇ ਬਹੁਤ ਸਾਰੇ ਸਹਿਕਰਮੀ ਸੋਚਦੇ ਸਨ ਕਿ ਚਰਚਿਲ ਨੂੰ ਬਰਤਾਨੀਆ ਅਤੇ ਉਚ ਨਸਲਾਂ ਦੇ ਇਕ ਛੋਟੇ ਜਿਹੇ ਧੜੇ ਤੋਂ ਸਿਵਾ ਹੋਰ ਕਿਸੇ ਲਈ ਜਮਹੂਰੀਅਤ ਦੀ ਗੱਲ ਕਰਨ ਨਾਲ ਡੂੰਘੀ ਨਫ਼ਰਤ ਸੀ। ਭਾਰਤ ਬਾਰੇ ਉਸ ਦੇ ਵਤੀਰੇ ਤੋਂ ਇਹ ਗੱਲ ਸਭ ਨਾਲੋਂ ਸਪਸ਼ਟ ਸੀ। ਜਦੋਂ ਮਹਾਤਮਾ ਗਾਂਧੀ ਨੇ ਸ਼ਾਂਤੀਪੂਰਨ ਸੱਤਿਆ-ਗ੍ਰਹਿ ਦੀ ਮੁਹਿੰਮ ਚਲਾਈ ਤਾਂ ਚਰਚਿਲ ਨੇ ਗ਼ੁੱਸੇ ਵਿਚ ਕਿਹਾ ਸੀ ਕਿ ਉਸ ਨੂੰ ਹੱਥ-ਪੈਰ ਬੰਨ੍ਹ ਕੇ ਦਿੱਲੀ ਦੇ ਦਰਵਾਜ਼ਿਆਂ ਵਿਚ ਲਟਕਾ ਦੇਣਾ ਚਾਹੀਦਾ ਹੈ ਅਤੇ ਫਿ਼ਰ ਉਤੋਂ ਦੀ ਉਹ ਦਿਓ ਕੱਦ ਜੰਗੀ ਹਾਥੀ ਲੰਘਾ ਦੇਣਾ ਚਾਹੀਦਾ ਹੈ ਜਿਸ ਦੀ ਪਿੱਠ ਉਤੇ ਨਵਾਂ ਵਾਇਸਰਾਏ ਬੈਠਾ ਹੋਵੇ।
ਇਸ ਨਫ਼ਰਤ ਨੇ ਮੌਤ ਦਾ ਤਾਂਡਵ ਨੱਚਿਆ। ਕੇਵਲ ਇਕ ਹੀ ਵੱਡੀ ਮਿਸਾਲ ਕਾਫ਼ੀ ਹੈ। 1943 ਵਿਚ ਬੰਗਾਲ ਵਿਚ ਕਾਲ ਪੈ ਗਿਆ। ਜਿਵੇਂ ਨੋਬਲ ਪੁਰਸਕਾਰ ਜੇਤੂ ਅਰਥ ਸ਼ਾਸਤਰੀ ਅਮਰਿਤਿਆ ਸੇਨ ਨੇ ਸਾਬਤ ਕਰ ਦਿੱਤਾ ਹੈ ਕਿ ਇਹ ਕਾਲ ਬਰਤਾਨੀਆ ਦੀਆਂ ਸਾਮਰਾਜੀ ਨੀਤੀਆਂ ਕਾਰਨ ਪਿਆ ਸੀ। ਕੋਈ 30 ਲੱਖ ਲੋਕੀਂ ਭੁੱਖ ਨਾਲ ਮਰ ਗਏ, ਜਦੋਂ ਕਿ ਚਰਚਿਲ ਨੂੰ ਬਰਤਾਨਵੀ ਅਫ਼ਸਰ ਇਹ ਬੇਨਤੀ ਕਰਦੇ ਰਹੇ ਕਿ ਉਹ ਇਸ ਖੇਤਰ ਲਈ ਖ਼ੁਰਾਕ ਦੀ ਸਪਲਾਈ ਭੇਜੇ। ਉਸ ਨੇ ਸਖ਼ਤੀ ਨਾਲ ਇਨਕਾਰ ਕਰ ਦਿੱਤਾ। ਉਸ ਨੇ ਗ਼ੁੱਸੇ ਨਾਲ ਕਿਹਾ ਕਿ ਇਹ ਉਨ੍ਹਾਂ ਦਾ ਆਪਣਾ ਕਸੂਰ ਸੀ, ਕਿਉਂਕਿ ਉਹ ਸਹਿਆਂ ਦੀ ਤਰ੍ਹਾਂ ਬੱਚੇ ਜੰਮਦੇ ਹਨ। ਕਈ ਹੋਰ ਵਕਤਾਂ ਉਪਰ ਉਸ ਨੇ ਕਿਹਾ ਸੀ ਕਿ ਪਲੇਗ ਵਸੋਂ ਘਟਾ ਹੀ ਰਹੀ ਹੈ। ਹੱਡੀਆਂ ਦੀ ਮੁੱਠ ਲੋਕ ਸ਼ਹਿਰਾਂ ਵੱਲ ਵਹੀਰਾਂ ਘੱਤ ਕੇ ਆ ਰਹੇ ਸਨ ਅਤੇ ਗਲੀਆਂ ਵਿਚ ਜਾਨਾਂ ਦੇ ਰਹੇ ਸਨ। ਚਰਚਿਲ ਦੇ ਲਗਾਏ ਬਹੁਤ ਸਾਰੇ ਜ਼ਖ਼ਮ ਹਾਲੇ ਤਕ ਭਰੇ ਨਹੀਂ ਹਨ। ਤੁਸੀਂ ਹਫ਼ਤੇ ਦੇ ਕਿਸੇ ਦਿਨ ਵੀ ਇਨ੍ਹਾਂ ਨੂੰ ਅਖ਼ਬਾਰਾਂ ਦੇ ਪਹਿਲੇ ਸਫ਼ਿਆਂ ਉਤੇ ਵੇਖ ਸਕਦੇ ਹੋ। ਇਹ ਹੈ ਉਹ ਆਦਮੀ, ਜਿਸ ਨੇ ਇਰਾਕ ਦੀ ਕਾਢ ਕੱਢੀ ਸੀ ਤੇ ਜਿਸ ਵਿਚ ਤਿੰਨ ਝਗੜਾਲੂ ਭਾਈਚਾਰਿਆਂ ਨੂੰ ਨਰੜ ਦਿੱਤਾ ਗਿਆ ਸੀ। ਉਸ ਨੇ ਮਨਮਰਜ਼ੀ ਨਾਲ ਇਸ ਖਿੱਤੇ ਦੇ ਦੇਸ਼ਾਂ ਦੀਆਂ ਹੱਦਾਂ ਤੈਅ ਕਰ ਦਿੱਤੀਆਂ ਸਨ। ਇਸੇ ਕਰਕੇ ਇਥੇ ਹਾਲੇ ਵੀ ਖ਼ੂਨ-ਖ਼ਰਾਬਾ ਹੋ ਰਿਹਾ ਹੈ। ਉਹ ਫ਼ਲਸਤੀਨੀਆਂ ਨੂੰ ਅਜਿਹੇ ਵਹਿਸ਼ੀ ਇੱਜੜ ਸਮਝਦਾ ਸੀ, ਜੋ ਸਿਵਾਏ ਊਠਾਂ ਦੀ ਲਿੱਦ ਤੋਂ ਹੋਰ ਕੁਝ ਨਹੀਂ ਖਾਂਦੇ। ਉਹ ਇਸ ਗੱਲੋਂ ਵੀ ਦੁਖੀ ਸੀ ਕਿ ਇਜ਼ਰਾਈਲੀ ਇਸ ਗੱਲ ਨੂੰ ਯਕੀਨੀ ਸਮਝਦੇ ਹਨ ਕਿ ਸਥਾਨਕ ਵਸੋਂ ਛੇਤੀ ਹੀ ਬਾਹਰ ਕੱਢ ਦਿੱਤੀ ਜਾਏਗੀ। ਇਹ ਠੀਕ ਹੈ ਕਿ ਚਰਚਿਲ ਬਰਤਾਨਵੀ ਸਲਤਨਤ ਦੇ ਅੱਤਿਵਾਦੀ ਕਾਰਿਆਂ ਬਾਰੇ ਕਈ ਵਾਰ ਦੁਖੀ ਜ਼ਰੂਰ ਹੋ ਜਾਂਦਾ ਸੀ। ਉਹ ਔਰਤਾਂ ਅਤੇ ਬੱਚਿਆਂ ਦੇ ਕਤਲੇਆਮ ਬਾਰੇ ਦੁਖੀ ਹੋਇਆ ਸੀ ਅਤੇ 1919 ਵਿਚ ਅੰਮ੍ਰਿਤਸਰ ਦੇ ਜੱਲ੍ਹਿਆਂ ਵਾਲੇ ਬਾਗ਼ ਦੇ ਕਤਲੇਆਮ ਬਾਰੇ ਉਸ ਨੇ ਨਾਰਾਜ਼ਗੀ ਪ੍ਰਗਟ ਕੀਤੀ ਸੀ। ਟੋਈ ਅਜਿਹੇ ਸ਼ੰਕਿਆਂ ਨੂੰ ਸਹਿਜ ਭਾਵ ਵਾਲੇ ਸਬੂਤਾਂ ਵਜੋਂ ਪੇਸ਼ ਕਰਦਾ ਹੈ, ਪਰ ਇਨ੍ਹਾਂ ਕਾਰਿਆਂ ਨੇ ਕਦੇ ਵੀ ਚਰਚਿਲ ਨੂੰ ਆਪਣੇ ਆਪ ਨੂੰ ਬਦਲਣ ਲਈ ਨਹੀਂ ਸੀ ਪ੍ਰੇਰਿਆ।
*****
No comments:
Post a Comment