ਬੱਕਰੇ ਦੀ ਮਾਂ ਕਦ ਤੱਕ ਖੈਰ ਮਨਾਊਗੀ, ਉਸ ਨੇ ਤਾਂ ਆਖਰ ਟੋਕੇ ਅੱਗੇ ਜਾਣਾ ਹੀ ਹੈ। ਦਹਿਸ਼ਤਗਰਦ ਦੀ ਵੀ ਬਿਲਕੁੱਲ ਅਜਿਹੀ ਹੀ ਇਕ ਜੂਨ ਹੈ, ਜਿਸ ਨੇ ਅਵੇਰੇ ਸਵੇਰੇ ਇਨਸਾਫ ਦੇ ਢਹੇ ਚੜ੍ਹ ਜਾਣਾ ਹੈ। ਉਸਾਮਾ ਬਿਨ ਲਾਦੇਨ ਦੇ ਢਹੇ ਜਾਣ ਤੇ ਇਹ ਅਟੱਲ ਸਚਾਈ ਉਜਾਗਰ ਹੋ ਗਈ ਹੈ। ਰਾਵਣ ਵਾਂਗ ਇਹ ਵੀ ਜੋ ਆਦਮ ਬੋ ਆਦਮ ਬੋ ਕਰਦਾ ਆਪਣਾ ਕਾਲ ਹੱਥ ਵਿੱਚ ਫੜੀ ਫਿਰਦਾ ਦੁਨੀਆਂ ਨੂੰ ਲਲਕਾਰਦਾ ਗਦਰ ਮਚਾ ਰਿਹਾ ਸੀ, ਆਖਰ ਮਾਰਿਆ ਗਿਆ। ਇੰਤਹਾਪਸੰਦ ਇਤਿਹਾਸ ਦੇ ਪੰਨਿਆਂ ਉਤੇ ਕਤਲੋਗਾਰਦ ਅਤੇ ਨਫ਼ਰਤ ਦੀ ਇਬਾਰਤ ਲਿਖਣਾ ਚਾਹੁੰਦੇ ਹਨ ਤੇ ਲਿਖਦੇ ਆਏ ਹਨ, ਜੋ ਇਨਸਾਫ ਪਸੰਦ ਸ਼ਹਿਰੀਆਂ ਦੇ ਜਿ਼ਹਨ ਵਿੱਚ ਨਹੀਂ ਉਤਰਦੀ। ਇਸ ਵਖਰੇਵੇਂ ਕਰਕੇ ਸਰਕਾਰਾਂ ਜਿਨ੍ਹਾਂ ਦਾ ਕੰਮ ਜਨਤਾ ਦੀ ਜਾਨ ਮਾਲ ਦੀ ਰਾਖੀ ਕਰਨਾ ਹੈ, ਅੱਤਵਾਦੀ ਵੱਖਵਾਦੀ ਧਾੜਵੀ ਜੋ ਮਰਜੀ ਕਹਿ ਲਓ, ਵਿਚਾਲੇ ਲੁਕਣਮੀਚੀ ਸ਼ੁਰੂ ਹੋ ਜਾਂਦੀ ਹੈ। ਸਰਕਾਰਾਂ ਦਾ ਕੰਮ ਰਾਇਆ ਦੀ ਰਖਵਾਲੀ ਕਰਨਾ ਹੁੰਦਾ ਹੈ, ਜਦ ਕਿ ਅੱਤਵਾਦੀ ਸਖਸ਼ ਜਨਤਾ ਵਿੱਚ ਧਮਾਕੇ ਕਰਕੇ ਡਰ ਸਹਿਮ ਪੈਦਾ ਕਰਨ ਵਿੱਚ ਮਸਰੂਫ ਰਹਿੰਦੇ ਹਨ। ਇਹ ਆਪਣੇ ਆਪ ਨੂੰ ਪ੍ਰਮਾਤਮਾ ਦੇ ਭੇਜੇ ਹੋਏ ਜੇਹਾਦੀ ਗਰਦਾਨਦੇ ਵਿਹਲੇ ਸਮੇਂ ਪਾਠ ਪੂਜਾ ਕਰਦੇ ਵੀ ਵੇਖੇ ਸੁਣੇ ਗਏ ਹਨ। ਆਪ ਸ਼ਾਹੀ ਠਾਠ ਬਾਠ ਦਾ ਜੀਵਨ ਜਿਉਂਦੇ ਹਨ ਤੇ ਹੋਰਾਂ ਮਾਸੂਮਾਂ ਨੂੰ ਗੁਮਰਾਹ ਕਰਕੇ ਮਨੁੱਖੀ ਬੰਬ ਬਣਾ ਕੇ ਮਰ ਮਿਟਣ ਲਈ ਉਕਸਾਉਂਦੇ ਲਲਕਾਰਦੇ ਹਨ। ਛੋਟੇ ਛੋਟੇ ਬੱਚੇ, ਕੁੜੀਆਂ, ਮੁੰਡਿਆਂ ਦੀਆ ਅਣਭੋਲ ਕੱਚੀਆਂ ਮਾਨਸਿਕ ਭਾਵਨਾਵਾਂ ਝੰਜੋੜ ਭੜਕਾ ਕੇ, ਬਲਖ ਬੁਖਾਰੇ ਦਿਖਾ ਕੇ ਤਰ੍ਹਾਂ ਤਰ੍ਹਾਂ ਦੇ ਲੋਭ ਲਾਲਚ ਦੇ ਕੇ ਉਨ੍ਹਾਂ ਦੀ ਝੋਲੀ ਬੰਬ ਥੰਮਾ ਦਿੰਦੇ ਹਨ। ਮਾਸੂਮ ਜਿਹੀ ਕਮਰ ਨਾਲ ਬਰੂਦ ਬੰਨ੍ਹ ਕੇ ਸਕੂਲ, ਕਾਲਜ, ਹਸਪਤਾਲ ਜਾਂ ਭੀੜ ਭੜੱਕੇ ਵਾਲੀ ਥਾਂ ਖਲਿਆਰ ਕੇ ਹੱਸਦੇ ਰੀਮੋਟ ਨਾਲ ਉਡਾ ਦਿੰਦੇ ਹਨ। ਸੱਪ ਜਦ ਸੜਕਾਂ ਤੇ ਉੱਤਰ ਆਉਂਦੇ ਹਨ ਜਾਂ ਜਦ ਕੀੜਿਆਂ ਨੂੰ ਖੰਭ ਨਿਕਲ ਆਉਂਦੇ ਹਨ ਤਾਂ ਉਨ੍ਹਾਂ ਦੀ ਮੌਤ ਨੇੜੇ ਹੈ। ਸੌ ਦਿਨ ਚੋਰ ਦਾ ਇੱਕ ਦਿਨ ਸਾਧ ਦਾ। ਅੱਤ ਤੇ ਖੁਦਾ ਦਾ ਵੈਰ ਹੁੰਦਾ ਹੈ ਤੇ ਅੱਤਵਾਦ ਦਾ ਪੂਰ ਭਰ ਕੇ ਡੁੱਬਦਾ ਹੈ। ਰੱਬ ਦੇ ਘਰ ਦੇਰ ਹੈ ਹਨੇਰ ਨਹੀਂ, ਹਰ ਇਕ ਨੂੰ ਆਣੇ ਕੀਤੇ ਦਾ ਫਲ ਭੁਗਤਣਾ ਪੈਣਾ ਹੈ। ਗਿਆਰਾਂ ਨਵੰਬਰ 2001 ਨੂੰ ਅਮਰੀਕਾ ਦੇ ਵਰਲਡ ਟਰੇਡ ਸੈਂਟਰ ਤੇ ਹਮਲਾ ਕਰਵਾ ਕੇ ਤਬਾਹੀ ਮਚਾਉਣ ਪਿੱਛੇ ਮੁੱਖ ਸੰਚਾਲਕ ਉਸਾਮਾ ਬਿਨ ਲਾਦੇਨ ਨੂੰ ਮਾਰ ਕੇ ਉਸ ਬਰਬਾਦੀ ਤੇ ਹਜ਼ਾਰਾਂ ਬੇਗੁਨਾਹਾਂ/ਮੌਤਾਂ ਦਾ ਬਦਲਾ ਲੈ ਕੇ ਇਨਸਾਫ ਕਰ ਦਿੱਤਾ ਗਿਆ ਹੈ। ਅਮਰੀਕਾ ਭਰ ਤੇ ਪੂਰੇ ਜਹਾਨ ਵਿੱਚ ਇਸ ਬਾਰੇ ਜੇਤੂ ਖੁਸ਼ੀਆਂ ਮਨਾਈਆਂ ਗਈਆਂ। ਬਰਾਕ ਉਬਾਮਾ ਨੇ ਇਸ ਆਪਣੀ ਪ੍ਰਾਪਤੀ ਨਾਲ ਇਕੇਰਾਂ ਕੁੱਲ ਦੁਨੀਆਂ ਤੇ ਆਪਣੀ ਪੈਂਠ ਬਿਠਾ ਲਈ ਹੈ।
ਉਬਾਮਾ, ਹਿਲੇਰੀ ਕਲਿੰਟਨ, ਬੁਸ਼ ਤੇ ਕਈ ਹੋਰ ਉੱਚ ਅਧਿਕਾਰੀ ਵਾਈਟ ਹਾਊਸ ਵਿੱਚ ਬੈਠੇ ਟੀ ਵੀ ਸਕਰੀਨ ਤੇ ਕਿਵੇਂ ਸਾਹ ਰੋਕ ਗੰਭੀਰ ਉਤਸੁਕਤਾ ਨਾਲ ਅਬੋਟਾਬਾਦ ਵਿਖੇ ਚੱਲ ਰਿਹਾ ਉਪਰੇਸ਼ਨ ਵੇਖ ਰਹੇ ਸਨ। ਚਿੰਤਾ ਫਿਕਰ ਦੀਆਂ ਲਕੀਰਾਂ ਸਾਫ ਉਨ੍ਹਾਂ ਦੀ ਮਨੋਅਵਸਥਾ ਤੋਂ ਝਲਕ ਰਹੀਆਂ ਸਨ। ਉਹ ਵੀ ਸੌਖੇ ਨਹੀਂ ਸਨ। ਅੰਤਰਰਾਸ਼ਟਰੀ ਅੱਤਵਾਦ ਦੀਆਂ ਸਰਗਰਮੀਆਂ ਨੇ ਸਾਰੇ ਜਹਾਨ ਦੇ ਸ਼ਹਿਰੀਆਂ ਤੇ ਸਰਕਾਰਾਂ ਦੀ ਨੀਂਦ ਹਰਾਮ ਕਰ ਰੱਖੀ ਹੈ। ਕਚਹਿਰੀਆਂ ਦਾ ਇਨਸਾਫ ਤਾਂ ਅੱਜ ਕੱਲ੍ਹ ਬਹੁਤ ਲੰਬਾ, ਮਹਿੰਗਾ, ਸਮਾਂ ਵਿਹਾਉਣ ਵਾਲਾ ਤੇ ਹਾਰੀ ਸਾਰੀ ਦੀ ਪਹੁੰਚ ਤੋਂ ਪਰੇ ਹੈ। ਉਬਾਮਾ ਦੀ ਉਸਾਮਾ ਨਾਲ ਕੀਤੀ ਤੁਰੰਤ ਚਟਕ ਪਟਕ ਕਾਰਵਾਈ ਇਨਸਾਫ ਦਾ ਅਖੀਰਲਾ ਡੰਡਾ ਹੈ, ਪਰ ਇੱਥੋਂ ਤੱਕ ਹਰ ਕੋਈ ਨਹੀਂ ਪਹੁੰਚ ਸਕਦਾ । ਨਾ ਹੀ ਇਹ ਹਰ ਕਿਸੇ ਦੇ ਅਧਿਕਾਰ ਖੇਤਰ ਵਿੱਚ ਹੈ। ਜਾਦੂਗਰ ਦੇ ਖੇਲ ਵਾਂਗ ਉਨ੍ਹਾਂ ਦੀ ਕੀਤੀ ਇਹ ਕਲਾਮਈ ਚੜ੍ਹਾਈ ਕਈ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ ਤੇ ਇਸ ਵਿੱਚ ਸੰਦੇਹ ਦਾ ਕਾਫੀ ਵਧੇਰੇ ਮੁਕਾਮ ਹੈ। ਜਦ ਵਫਾਦਾਰੀਆਂ ਦੇ ਮੂੰਹ ਚੋਗਾ ਪੈ ਜਾਏ ਤੇ ਚੋਰ ਕੁੱਤੀ ਰਲ ਜਾਣ ਤਾਂ ਫਿਰ ਘਰ ਤਾਂ ਚੋਰਾਂ ਦੇ ਰਹਿਮ ਕਰਮ ਤੇ ਹੀ ਹੋਣਾ ਹੈ। ਆਮ ਜਨਤਾ ਦੇ ਕਥਨ ਅਨੁਸਾਰ ਇਕ ਅਜਿਹੇ ਖੂੰਖਾਰ ਆਦਮਖੋਰ ਦਰਿੰਦੇ ਦਾ ਇਸ ਤਰ੍ਹਾਂ ਸਹਿਜੇ ਹੀ ਖਾਲੀ ਹੱਥੀਂ ਦਬੋਚਿਆ ਜਾਣਾ ਇਕ ਮਹਿਜ ਡਰਾਮਾ ਲਗਦਾ ਹੈ। ਇਸ ਕਹਾਣੀ ਦੀ ਅਸਲੀਅਤ ਬਾਰੇ ਸ਼ੱਕ ਦੀ ਬਹੁਤ ਗੁੰਜਾਇਸ਼ ਹੈ। ਹੋ ਸਕਦਾ ਹੈ ਏਜੰਸੀਆਂ ਨੇ ਉਸ ਨੂੰ ਪਹਿਲਾਂ ਫੜ ਕੇ ਪੂਰੀ ਪੁੱਛ ਪੜਤਾਲ ਛਾਣਬੀਣ ਪਿੱਛੋਂ ਹੀ ਇਸ ਛਾਪਾਮਾਰੀ ਦਾ ਢਕੌਂਜ ਰਚਿਆ ਹੋਵੇ। ਏਨਾ ਕੁਝ ਹੋਇਆ, ਕੁੱਤੀ ਨਹੀਂ ਭੌਂਕੀ, ਕੁੰਡਾ ਨਹੀਂ ਖੜਕਿਆ, ਗਵਾਂਢੀ ਨਹੀਂ ਜਾਗੇ, ਚੌਕੀਦਾਰ ਸੁੱਤਾ ਰਹਿ ਗਿਆ ਤੇ ਬਲੋਚ ਕਾਰਾ ਕਰਕੇ ਉੱਡ ਗਏ? ਇਸ ਨਾਲ ਪਾਕਿਸਤਾਨ ਦਾ ਝੂਠ ਵੀ ਨੰਗਾ ਹੋ ਗਿਆ ਹੈ ਕਿ ਉਸਾਮਾ ਪਾਕਿਸਤਾਨ ਵਿੱਚ ਨਹੀਂ। ਮੈਨੂੰ ਅੰਮ੍ਰਿਤਸਰ ਵਿਖੇ ਸੁੱਖਾ ਸਖੀਰਾ ਦੇ ਕਤਲ ਦੀ ਕਹਾਣੀ ਯਾਦ ਆਉਂਦੀ ਹੈ, ਜੋ ਸੰਤ ਭਿੰਡਰਾਂਵਾਲਾ ਤੋਂ ਬਾਦ ਬਾਬਾ ਜੀ ਅਖਵਾਉਂਦਾ ਸੀ ਤੇ ਉਸ ਦੇ ਸਿਰ ਦਾ ਪੰਜਾਹ ਹਜਾਰ ਇਨਾਮ ਰੱਖਿਆ ਹੋਇਆ ਸੀ। ਆਪਰੇਸ਼ਨ ਬਲੈਕ ਥੰਡਰ ਵੇਲੇ ਉਸ ਦੇ ਹਮਦਰਦੀ ਪੰਜਾਬ ਪੁਲੀਸ ਦੇ ਕਰਿੰਦੇ ਉਸ ਨੂੰ ਕੱਢ ਕੇ ਬਾਹਰ ਬਾਬਾ ਦੀਪ ਸਿੰਘ ਦੇ ਗੁਰਦੁਆਰੇ ਲੈ ਗਏ ਸਨ । ਇਹ ਕਹਿ ਕਿ ਦਰਬਾਰ ਸਾਹਿਬ ਨੂੰ ਇਕੇਰਾਂ ਫਿਰ ਘੇਰਾ ਪੈਣ ਵਾਲਾ ਹੈ। ਉਹ ਆਪਣੀਆਂ ਕਾਰਵਾਈਆਂ ਜਿ਼ਆਦਾ ਕਰਕੇ ਪੁਲਸ ਦੀਆਂ ਗੱਡੀਆਂ ਤੇ ਪੁਲਸ ਦੀ ਵਰਦੀ ਵਿੱਚ ਕਰਦਾ ਸੀ। ਪੁਲਸ ਵਿੱਚ ਉਸ ਦੀ ਆਪਣੀ ਨਜ਼ਦੀਕੀ ਵਿਸ਼ਵਾਸ਼ਪਾਤਰ ਪਹੁੰਚ ਸੀ। ਰਬੈਰੋ ਨੇ ਆਣ ਕੇ ਪੁਲਸ ਅਧਿਕਾਰੀਆਂ ਨੂੰ ਲਾਲਚ ਦਿੱਤਾ ਕਿ ਜਿਹੜਾ ਕਿਸੇ ਅੱਤਵਾਦੀ ਨੂੰ ਫੜੇਗਾ, ਫੜਾਏਗਾ ਉਸ ਨੂੰ ਇਨਾਮ ਤੇ ਤਰੱਕੀ ਦਿੱਤੀ ਜਾਵੇਗੀ। ਸ਼ਹੀਦਾਂ ਦੇ ਗੁਰਦੁਆਰੇ ਬਾਬੇ ਸੁੱਖੇ ਕੋਲ ਇਕ ਵਿਸ਼ਵਾਸ਼ਪਾਤਰ ਸਿਪਾਹੀ ਗਿਆ ਕਿ ਬਾਬਾ ਜੀ ਇੱਥੇ ਵੀ ਤਲਾਸ਼ੀ ਹੋਣ ਵਾਲੀ ਹੈ ਆਓ ਤੁਹਾਨੂੰ ਕਿਸੇ ਹੋਰ ਜਿੱਥੇ ਕਹੋ ਸੁਰਖਿਅਤ ਜਗ੍ਹਾ ਪਹੁੰਚਾ ਦੇਈਏ। ਹਮੇਸ਼ਾ ਦੇ ਭਰੋਸੇ ਅਨੁਸਾਰ ਉਹ ਜੀਪ ਵਿੱਚ ਬੈਠਣ ਲੱਗਾ ਹੀ ਸੀ ਕਿ ਅੰਦਰੋਂ ਤਾੜ ਤਾੜ ਗੋਲੀਆਂ ਦੇ ਛਾਣੇ ਨੇ ਉਸ ਨੂੰ ਢੇਰੀ ਕਰ ਦਿੱਤਾ। ਇਕੇਰਾਂ ਉਹ ਜੀਪ ਚਲੀ ਗਈ ਤੇ ਜਲਦੀ ਹੀ ਇਕ ਹੋਰ ਜੀਪ ਆ ਕੇ ਉਸ ਦੀ ਲਾਸ਼ ਨੂੰ ਉਠਾ ਕੇ ਲੈ ਗਈ ਤੇ ਸਸਕਾਰ ਕਰ ਦਿੱਤਾ। ਕਿਸੇ ਨੂੰ ਭਿਣਕ ਨਹੀਂ ਪੈਣ ਦਿੱਤੀ। ਉਸ ਦੇ ਮਾਂ ਪਿਓ ਨੂੰ ਵੀ ਫਿਰ ਉਸ ਦੀ ਸ਼ਕਲ ਨਹੀਂ ਦਿਖਾਈ। ਸੈਕੜੇ ਪੰਜਾਬੀ ਜਵਾਨੀਆਂ ਦਾ ਹਤਿਆਰਾ ਐਸ ਐਸ ਪੀ ਤਰਨਤਾਰਨ ਅਜੀਤ ਸਿੰਘ ਸੰਧੂ, ਜਿਸ ਨੂੰ ਖੁਦਕੁਸ਼ੀ ਕਰਨ ਦਾ ਡਰਾਮਾ ਬਣਾ ਕੇ ਪੰਜਾਬ ਪੁਲਸ ਨੇ ਲੋਕਾਂ ਦੇ ਜਜ਼ਬਾਤਾਂ ਤੇ ਕਾਨੂੰਨ ਦੀਆਂ ਅੱਖਾਂ ਵਿੱਚ ਘੱਟਾ ਪਾਇਆ, ਕਹਿੰਦੇ ਹਨ ਉਹ ਵਿਦੇਸ਼ ਵਿੱਚ ਹੀ ਕਿਧਰੇ ਭੇਸ ਬਦਲ ਕੇ ਸੁੱਖ ਮਾਣ ਰਿਹਾ ਹੈ। ਅਜਿਹੇ ਅਨੇਕਾਂ ਮਨਘੜਤ ਕਿੱਸੇ ਕਹਾਣੀਆਂ ਸੁਣਾਈਆਂ ਜਾ ਸਕਦੀਆਂ ਹਨ।
ਉਸਾਮਾ ਦਾ ਅੰਤ ਹੋਣ ਨਾਲ ਅੱਤਵਾਦ ਦਾ ਅੰਤ ਨਹੀਂ ਹੋ ਗਿਆ । ਇਸ ਵਾਸਤੇ ਹੋਰ ਬਹੁਤ ਕੁਝ ਕਰਨਾ ਪੈਣਾ ਹੈ। ਉਸਾਮਾ ਦੇ ਪੈਰੋਕਾਰ ਇਹ ਮੰਨਣ ਨੂੰ ਤਿਆਰ ਨਹੀਂ ਕਿ ਉਹ ਇਸ ਦੁਨੀਆਂ ਵਿੱਚ ਨਹੀਂ ਰਿਹਾ। ਉਹਨਾਂ ਅਨਸਾਰ ਉਸਾਮਾ ਆਪਣੇ ਅਗਲੇ ਪਲਾਨ ਬਾਰੇ ਜਲਦੀ ਹੀ ਇਕ ਨਵੀਂ ਟੇਪ ਦੇਣਗੇ। ਉਬਾਮਾ ਨੇ ਕਿਹਾ ਹੈ, “ਮੈਂ ਬਾਰ ਬਾਰ ਉਸ ਬਾਰੇ ਨਵੇਂ ਤੋਂ ਨਵੇਂ ਬਿਆਨ ਤੇ ਉਸ ਦੀਆਂ ਮਰੀਆਂ ਵਲੂੰਧਰੀਆਂ ਫੋਟੋ ਦੇ ਕੇ ਉਸ ਨੂੰ ਜ਼ੀਰੋ ਤੋਂ ਹੀਰੋ ਨਹੀਂ ਬਨਾਉਣਾ ਚਾਹੁੰਦਾ। ਮੈਂ ਨਹੀਂ ਚਾਹੁੰਦਾ ਉਸ ਦੀਆਂ ਮੜ੍ਹੀਆਂ ਮਸਾਣਾਂ ਯਾਦਗਾਰਾਂ ਬਣਦੀਆਂ ਰਹਿਣ ਤੇ ਭਵਿੱਖ ਦੀ ਪਨੀਰੀ ਲਈ ਨਵੇਂ ਬਖੇੜੇ ਖੜੇ ਕਰਦੀਆਂ ਰਹਿਣ । ਇਸ ਲਈ ਉਸ ਦੇ ਚੀਥੜੇ ਸਮੁੰਦਰ ਵਿੱਚ ਸੁੱਟ ਕੇ ਇਹ ਮੁੱਦਾ ਟੰਟਾ ਹਮੇਸ਼ਾ ਲਈ ਖਤਮ ਕਰ ਦਿੱਤਾ ਹੈ। ਉਸ ਨੇ ਪਿਛਲੇ ਦਸ ਸਾਲ ਕੁੱਲ ਦੁਨੀਆਂ ਨੂੰ ਸੁੱਕਣੇ ਪਾ ਛੱਡਿਆ ਸੀ ਤੇ ਉਸ ਨੂੰ ਉਸ ਦੇ ਕੀਤੇ ਦੀ ਸਜ਼ਾ ਮਿਲ ਗਈ ਹੈ। ਉਹ ਆਪਣੀ ਮੌਤੇ ਆਪਣੇ ਕਰਤੱਬੀਂ ਮਰਿਆ ਹੈ ਤੇ ਹੋਰਾਂ ਨੂੰ ਇਸ ਤੋਂ ਸਬਕ ਸਿੱਖਣਾ ਚਾਹੀਦਾ ਹੈ। ਇਸ ਲਈ ਮੈਂ ਨਹੀਂ ਚਾਹੁੰਦਾ ਇਸ ਬੰਦ ਹੋਏ ਕਾਂਡ ਦਾ ਕਿਤੇ ਵੀ ਜਿ਼ਕਰ ਹੋਵੇ। ਡੱਨ ਇਜ਼ ਡੱਨ, ਵੈੱਲ ਡੱਨ। ਤੁਸੀ ਮੌਜ ਲਓ, ਹੁਣ ਸਿਰਹਾਣੇ ਬਾਂਹ ਧਰ ਕੇ ਸੁਖ ਦੀ ਨੀਂਦ ਸਵੋਂ। ਹੁਣ ਵੈਰਾਨੀ, ਬਰਬਾਦੀ, ਮੌਤ ਤੁਹਾਨੂੰ ਮਸ਼ਕਰੀਆਂ ਕਰਦੀ ਦਣਦਨਾਉਂਦੀ ਫਿਰਦੀ ਭਗਦੜ ਮਚਾਉਂਦੀ ਨਹੀਂ ਦਿਸੇਗੀ। ਚੰਗੇ ਸ਼ਾਂਤਮਈ ਸਮੇਂ ਦੀ ਆਸ ਰੱਖਣੀ ਚਾਹੀਦੀ ਹੈ।”
****
No comments:
Post a Comment