ਕੋਈ ਨਾ ਬੋਲੇਗਾ ਤਾਂ ਫਿਰ ਸ਼ਰਮਾਓਗੇ।
ਏਸ ਖ਼ਲਾਅ ਤੋਂ ਆਪੂੰ ਵੀ ਡਰ ਜਾਓਗੇ।
ਸਾਥੀ ਪਹਿਲੇ ਮੋੜ ਤੇ ਭਟਕੇ ਪਾਓਗੇ।
ਤੇਜ਼ ਟੁਰੋਗੇ ਤਾਂ ’ਕੱਲੇ ਰਹਿ ਜਾਓਗੇ।
ਅੰਨ੍ਹੇ ਰਾਹੀ, ਬਗਲੇ ਆਗੂ, ਭੋਲੇ ਲੋਕ,
ਪਰੇਸ਼ਾਨ ਹੋ ਕੇ ਸਭ ਨੂੰ ਛੱਡ ਆਓਗੇ।
ਜਿਹੜੇ ਭੇਡਾਂ ਵਾਂਗ ਇੱਜੜ ’ਚ ਟੁਰਦੇ ਨੇ,
ਰਾਹ ਮੰਜਿਲ ਦਾ ਓਨ੍ਹੀਂ ਕੀ ਦਿਖਲਾਓਗੇ।
ਕਾਵਾਂ-ਰੌਲੀ ਵਿਚ ਸਿਰਫ਼ ਚੁਪ ਚੰਗੀ ਹੈ,
ਆਪਣੀ ਰੂਹ ਨੂੰ ਕਦ ਤੀਕਰ ਕਲਪਾਓਗੇ।
ਜਿਸ ਦੇ ਅੰਦਰ ਹਰ ਦਮ ਰੱਬ ਦਾ ਡਰ ਹੋਵੇ,
ਉਸ ਕਾਫ਼ਿਰ ਨੂੰ ਕਿੱਥੋਂ ਲੱਭ ਲਿਆਓਗੇ।
ਮੌਸਮ, ਹੱਦਾਂ, ਰਸਤੇ, ਦਿੱਖ ਤੇ ਦਰਵਾਜ਼ੇ,
ਵਾਪਿਸ ਮੁੜ ਕੇ ਸਭ ਬਦਲੇ ਹੀ ਪਾਓਗੇ।
ਕੀ ਅਫ਼ਸੋਸ ਕਰੋਗੇ ਕੌਮ ਦੀ ਹਾਲਤ ਤੇ,
ਆਪਣੇ ਰਾਹ ਦੀ ਚੌਣ ਤੇ, ਕੀ, ਪਛਤਾਓਗੇ?
ਆਪਣਾ ਹਾਲ ਬਿਆਨ ਕਰੋਗੇ ਜੇ ਸੱਚਾ,
ਕਿੰਨਿਆਂ ਹੋਰਾਂ ਨੂੰ ਦਿਲਗੀਰ ਬਣਾਓਗੇ।
ਸਾਡੇ ਮਗਰੋਂ ਚੁਪ ਵਰਤੇਗੀ ਮਹਫ਼ਿਲ ਵਿਚ,
ਕੋਈ ਬੋਲੇਗਾ, ਤਾਂ ਫ਼ਤਵਾ ਲਾਓਗੇ?
ਸਾਡੇ ਮਗਰੋਂ ਚੁਪ ਵਰਤੇਗੀ ਮਹਫ਼ਿਲ ਵਿਚ,
ਕੋਈ ਬੋਲੇਗਾ, ਤਾਂ, ਫ਼ਤਵਾ ਲਾਓਗੇ!
ਸਾਡੇ ਮਗਰੋਂ ਚੁਪ ਵਰਤੇਗੀ ਮਹਫ਼ਿਲ ਵਿਚ,
(ਜੇ) ਕੋਈ ਬੋਲੇਗਾ ਤਾਂ ਫ਼ਤਵਾ ਲਾਓਗੇ !
(ਆਖ਼ਰੀ ਸ਼ਿਅਰ ਦੀਆਂ ਤਿੰਨ ਸ਼ੇਡਜ਼ ਹਨ)
No comments:
Post a Comment