ਪੰਜਾਬੋਂ ਚੱਲ ਕੇ ਮੈਲਬਰਨ ਵਿੱਚ ਅਜੇ ਦਾਖਲ ਹੋਣਾ ਹੀ ਸੀ ਕਿ ਜਹਾਜ਼ ਵਿੱਚ ਗੱਲਾਂ ਚੱਲ ਰਹੀਆਂ ਸਨ ਐਡੀਲੇਡ ਦੀਆਂ ਸਿੱਖ ਖੇਡਾਂ ਬਹੁਤ ਹੀ ਲਭਾਉਣੀਆਂ ਰਹੀਆਂ ਤੇ 11-12 ਜੂਨ ਨੂੰ ‘ਜੂਨ ਚਰਾਸੀ’ ਦੇ ਸਿੱਖ ਸ਼ਹੀਦਾਂ ਦੀ ਯਾਦ ਵਿੱਚ ਗ੍ਰਫਿਥ ‘ਚ ਹੋ ਰਹੀਆਂ ਖੇਡਾਂ ਵੀ ਵੇਖਣ ਵਾਲੀਆਂ ਹੁੰਦੀਆਂ ।
ਮੈਲਬਰਨ ਪਹੁੰਚੇ ਤਾਂ ਤੱਕਿਆ ਮੌਸਮ ਇਕ ਦਮ ਠੰਢਾ , ਬਹੁਤ ਹੀ ਤੰਗ ਕਰਨ ਵਾਲਾ ।ਕਦੇ ਧੁੱਪ ਕਦੇ ਮੀਂਹ । ਸਾਰਾ ਦਿਨ ਬੱਦਲਵਾਈ; ਘਰ ਬੈਠੇ ਬੰਦੇ ਨੂੰ ਉਦਾਸ ਕਰ ਦੇਣ ਵਾਲਾ ।ਮਿੰਟੂ ਬਰਾੜ ਨੇ ਉਦਾਸੀ ਦੂਰ ਕਰਨ ਲਈ ਹਰਮਨ ਰੇਡੀਓ ਨਾਲ ਮੁਲਾਕਾਤ ਕਰਵਾਈ ਤੇ ਆਪ ਗੱਲਾਂ ਕੀਤੀਆਂ ।ਫਿਰ ਅਮਨਦੀਪ ਸਿੱਧੂ ਹੁਰਾਂ ਨਾਲ ਵੀ ਖੁੱਲ ਗੱਲਾਂ ਹੋਈਆਂ ਤੇ ਨੇੜਤਾ ਹੋਈ । ਪਰ ਮੈਲਬਰਨ ਦੀ ਉਦਾਸੀ ਅਜੇ ਕਾਇਮ ਸੀ । ਮਨ ‘ਚ ਸੋਚਿਆ ਗ੍ਰਫਿਥ ਖੇਡ ਮੇਲੇ ਤੇ ਜਾਈਏ ਤਾਂ ਕੀਹਦੇ ਨਾਲ । ਤਾਂ ਪੱਤਰਕਾਰ ਭਾਈਚਾਰੇ ਚੋਂ ਪੰਜਾਬੀ ਟ੍ਰਿਬਿਊਨ ਦੇ ਪੱਤਰਕਾਰ ਤੇਜ਼ਸਦੀਪ ਅਜ਼ਨੌਦਾ ਦਾ ਸਵਾਗਤੀ ਫੋਨ ਆਇਆ – ਬਾਈ ਜੀ ਤਿਆਰ ਰਹਿਉ ਆਪਾਂ ਗ੍ਰਫਿਥ ਖੇਡਾਂ ਤੇ ਜਾਣਾ ।ਬੱਸ ਫੇਰ ਕੀ ਮਾਨਸੇ ਦੇ ਬਹੁਤ ਹੀ ਸੁਚੱਜੇ ਲਾਈਫ਼ ਸਟਾਈਲ ਵਾਲੇ ਸੇਖੋਂ ਸ਼ਮਿੰਦਰ ਦੀ ਕੈਮਰੀ ਗੱਡੀ ਔਨ ਦਾ ਟਰੈਕ ਹੋ ਗਈ । ਇਕ ਹੋਰ ਖਮਾਣੋਂ ਦਾ ਮੱਲੀ ਜੋ ਪਹਿਲਾਂ ਘੋਨੇ ਮੂੰਹ ਸਿਰ ਵਾਲਾ ਸੀ ਪਤਾ ਨਹੀਂ ਉਸ ਨੂੰ ਦਾਤੇ ਨੇ ਕਿਵੇਂ ਸੁਮੱਤ ਬਖਸ਼ੀ ਉਸ ਨੇ ਵੱਡਾ ਸਾਰ ਜੂੜਾ ਤੇ ਵਿਸ਼ਾਲ ਦਾੜ੍ਹਾ ਪ੍ਰਕਾਸ਼ ਕਰ ਲਿਆ ਸੀ ਉਸ ਨੇ ਅੱਜ ਹੀ ਪੰਜਾਬੋਂ ਮੈਲਬੌਰਨ ਦੇ ਏਅਰਪੋਰਟ ਤੇ ਉੱਤਰਨਾ ਸੀ ।ਅਸੀਂ ਉਸ ਨੂੰ ਘਰੇ ਜਾਣ ਦੀ ਥਾਂ ਸਿੱਧਾ ਏਅਰਪੋਰਟ ਤੋਂ ਹੀ ਚੁੱਕ ਲਿਆ ਤੇ ਸਿਡਨੀ ਨੂੰ ਜਾਂਦੇ ਫਰੀ-ਵੇ ‘ਤੇ ਪੈ ਗਏ ।ਬਹੁਤ ਹੀ ਸੁੰਦਰ ਤਿੰਨ ਸੌ ਕਿਲੋਮੀਟਰ ਦਾ ਸਫ਼ਰ ਤਹਿ ਕਰਕੇ ਬਹੁਤ ਹੀ ਪਿਆਰੇ ਕਸਬੇ ਐਲਬਰੀ ਪਹੁੰਚ ਗਏ ।ਉਥੇ ਤੇਜ਼ਸਦੀਪ ਜਰੂਰੀ ਕੰਮ ਆਇਆ
ਸੀ ਉਸ ਨੂੰ ਟਾਰਗੈਟ ਕੋਲੋਂ ਚੁੱਕ ਲਿਆ ਤੇ ਰਾਤ ਦੇ ਅਗਲੇ ਤਿੰਨ ਸੌ ਕਿਲੋਮੀਟਰ ਦੇ ਰਾਹ ਤੇ ਪੈ ਗਏ ।ਗ੍ਰਫਿਥ ਜਾ ਕੇ ਮੋਟਲ ਸਿਟਰਿਸ ਬੁਕ ਕੀਤਾ ਤੇ ਡੇਰੇ ਲਾ ਲਏ । ਸਵੇਰ ਹੋਈ ਗੁਰੂ ਘਰ ਗਏ ਤੇ ਫਿਰ ਅੱਗੇ ਖੇਡ ਦੇ ਮੈਦਾਨ ਵਿੱਚ । ਉਥੋਂ ਦਾ ਬਹੁਤ ਹੀ ਵਧੀਆ ਦ੍ਰਿਸ਼ ਵੇਖ ਕੇ ਹਿਰਦੇ ਅਛ ਅਛ ਕਰ ਉਠੇ । ਉਪਰ ਸਾਫ ਸਾਫ ਨੀਲਾ ਅਸਮਾਨ , ਹੇਠਾਂ ਹਰਾ ਹਰਾ ਘਾਹ ਦਾ ਬਹੁਤ ਹੀ ਵਿਸ਼ਾਲ ਮੈਦਾਨ । ਇਕ ਪਾਸੇ ਰੌਕੀ ਪਹਾੜੀ ਤੇ ਸਾਹਮਣੇ ਦੂਰ ਬਹੁਤ ਦੂਰ ਤੱਕ ਬਹੁਤ ਹੀ ਵਿਜ਼ੀਬਲ ਦ੍ਰਿਸ਼ ।
ਖੇਡ ਮੈਦਾਨ ਦੇ ਆਲੇ ਦੁਆਲੇ ਰੰਗ ਬਰੰਗੀਆਂ ਗੱਡੀਆਂ ਰੁਕ ਰਹੀਆਂ ਸਨ ਤੇ ਦਰਸ਼ਕ ਨਿਕਲ ਰਹੇ ਸਨ ।ਬਹੁਤ ਹੀ ਖੂਬ ਸੂਰਤ ਲੈਂਡ ਸਕੇਪਿੰਗ। ਹਰਾ ਹਰਾ ਪੋਲਾ ਪੋਲਾ ਘਾਹ ਇਵੇਂ ਜਿਵੇਂ ਜਿਵੇਂ ਤਿੰਨ ਇੰਚੀ ਗੱਦੇ ਉਪਰ ਦੀ ਤੁਰਦੇ ਜਾ ਰਹੇ ਹੋਈਏ।ਸੱਚ ਜਾਣੋ ਚੰਡੀਗੜ੍ਹ ਦੇ ਪਾਰਕਾਂ ਮੈਦਾਨਾਂ ਦੀ ਧੌਣ ਭੰਨੀ ਪਈ ਸੀ।
ਗੁਰੂ ਘਰਾਂ ਤੇਰੇ ਕਿਆ ਕਹਿਣੇ । ਬਲਿਹਾਰੇ ਜਾਵਾਂ ਤੇਰੇ ਸਿੱਖਾਂ ਸੇਵਕਾਂ ਦੇ ।ਸਾਰਾ ਖਾਣ ਪੀਣ ਦਾ ਪ੍ਰਬੰਧ ਗੁਰੂ ਘਰ ਦੇ ਵੱਲੋਂ ।ਸਰਦ ਰੁੱਤ ਲੋਕਾਂ ਦੇ ਹੇਠ ਉਤੇ ਜਾਕਟਾਂ ਕੋਟੀਆਂ ਚਾੜ੍ਹੀਆਂ ਹੋਈਆਂ।ਜਾਣ ਸਾਰ ਨਾਸ਼ਤੇ ਦਾ ਪ੍ਰਬੰਧ ।ਸੁੱਕੇ ਮੇਵੇ ਪਾਕੇ ਬਣਾਈਆਂ ਖੋਏ ਦੀਆਂ ਪਿੰਨੀਆਂ ,ਅਸਲੀ ਬਰਫ਼ੀ ਤੇ ਥੋੜੇ ਥੋੜੇ ਗਰਮਾ ਗਰਮ ਪਕੌੜੇ ਤੇ ਬਠਿੰਡੇ ਵਰਗੀ ਕੜੱਕ ਭਾਫਾਂ ਛੱਡਦੀ ਚਾਹ ।
ਫਿਰ ਕਬੱਡੀ ਦੇ ਮੈਚ ਸ਼ੁਰੂ ਹੋ ਗਏ। ਦਰਸ਼ਕ ਗੱਭਰੂਆਂ ਦੇ ਲਿਸ਼ਕਦੇ ਚੇਹਰੇ ਸਿਰਾਂ ਨੂੰ ਜਿਲਾਂ ਤੇ ਮੂੰਹਾਂ ਤੇ ਕਰੀਮਾਂ ਮਲੀਆਂ ਹੋਈਆਂ ।ਗ੍ਰਫਿਥ ਸ਼ਹਿਰ ਦੀ ਕੁਲ ਪੱਚੀ ਕੁ ਹਜ਼ਾਰ ਦੀ ਅਬਾਦੀ ਹੈ ਤੇ ਕੋਈ ਰਲਾ ਮਿਲਾ ਕੇ ਪੰਜ ਕੁ ਹਜ਼ਾਰ ਪੰਜਾਬੀਆਂ ਦੀਆਂ ਗਿਣਤੀ ਹੋਵੇਗੀ ।ਦੂਰ ਦਰੇਡ ਫਾਰਮਾਂ ਵਿੱਚ ਸਾਡੇ ਪੰਜਾਬੀ ਵਸੇ ਹੋਏ ਹਨ ।ਮੇਲੇ ਤੇ ਹੋਰਨਾ ਵੱਡੇ ਸ਼ਹਿਰਾਂ ਤੋਂ ਬਹੁਤ ਲੋਕ ਆ ਰਹੇ ਸਨ । ਚਾਹੇ ਸਾਡੇ ਪੰਜਾਬ ਮੇਲਿਆ ਵਰਗਾ ਇਕੱਠ ਤੇ ਹਾਤ ਹੂਤ ਤਾਂ ਹੈ ਨ੍ਹੀਂ ਸੀ ਪਰ ਸਵਰਗ ਦੇ ਟੁਕੜੇ ਤੇ ਪਹਿਲੇ ਦਿਨ ਇਕ ਵੱਡੇ ਵਿਆਹ ਵਰਗਾ ਮਹੌਲ ਸੀ ।ਸਾਡੇ ਪੰਜਾਬ ‘ਚ ਤਾਂ ਅੱਧੀ ਪੁਲਸ ਤੁਰੀ ਫਿਰਦੀ ਹੁੰਦੀ ਤੇ ਧੂੜ ਉੱਡ ਰਹੀ ਹੁੰਦੀ ।ਪਰ ਇਥੇ ਸਾਰਾ ਕੁਝ ਸ਼ਾਂਤ ਸੀ । ਦਰਸ਼ਕ ਕੁਰਸੀਆਂ ‘ਤੇ ਅਤੇ ਤੇ ਇਕ ਪਾਸੇ ਵਾਲੀ ਉਚੀ ਢਲਾਣ ‘ਤੇ ਬੈਠੇ ਅਨੰਦ ਮਾਣ ਰਹੇ ਸਨ । ਕੁਝ ਮਿੱਤਰ ਪਿਆਰੇ ਦੱਸ ਰਹੇ ਸਨ ਅੱਜ ਪਹਿਲਾ ਦਿਨ ਹੋਣ ਕਰਕੇ ਇਕੱਠ ਘੱਟ ਹੈ ਕੱਲ ਨੂੰ ਬਹੁਤਾ ਹੋਵੇਗਾ ।ਫਿਰ ਲੰਗਰ ਵਰਤਣ ਲੱਗ ਪਿਆ ਲੋਕ ਬੜੇ ਸਲੀਕੇ ਨਾਲ ਵੱਡੇ ਛੋਟੇ ਲਾਈਨ ‘ਚ ਲੱਗ ਕੇ ਲੈਣ ਲੱਗ ਪਏ ਸਨ । ਬਹੁਤੇ ਘਾਹ ਤੇ ਬੈਠ ਕੇ ਛਕ ਰਹੇ ਸਨ । ਐਨੀ ਠੰਡ ‘ਚ ਸਾਡੇ ਪੰਜਾਬ ‘ਚ ਤਾਂ ਦੁਪੈਹਰ ਵੇਲੇ ਨੂੰ ਅੱਧੀ ਦੁਨੀਆ ਨੇ ਮੋਟੇ ਸੰਤਰੇ ਤੇ ਜੀਪਾਂ ‘ਚ ਰੱਖੀਆਂ ਘਰ ਦੀਆਂ ਕੱਢੀਆਂ ਪੀ ਪੀ ਕੇ ਖਰਾੜੇ ਹੋ ਜਾਣਾ ਸੀ ਪਰ ਇਥੇ ਕੋਈ ਏਹੋ ਜੇਹੀ ਹਲਚਲ ਨਹੀਂ ਸੀ ਦਿਸ ਰਹੀ ।ਕਬੱਡੀਆਂ ਅਤੇ ਰੱਸਾਕਸ਼ੀ ਦੇ ਮੈਚ ਹੋਣ ਤੋਂ ਬਾਅਦ ਪਹਿਲੇ ਦਿਨ ਕੋਈ ਚਾਰ ਕੁ ਵਜੇ ਮੇਲਾ ਵਿੱਛੜ ਗਿਆ।
ਅਗਲੇ ਦਿਨ ਬਾਰਾਂ ਜੂਨ ਵਾਲੇ ਦਿਨ ਮੇਲਾ ਬਹੁਤ ਭਰ ਗਿਆ ਸੀ ।ਸਿਡਨੀ, ਮੈਲਬਰਨ ਐਡੀਲੇਡ ਕੈਨਬਰਾ ਬਰਿਸਬਨ ਤੋਂ ਕਬੱਡੀ ਨੂੰ ਮੋਹ ਕਰਨ ਵਾਲੇ ਚਾਹਵਾਨ ਬਣ ਠਣ ਕੇ ਆਏ ਹੋਏ ਇਕ ਦੂਜੇ ਨੂੰ ਜੱਫੀਆਂ ਪਾ ਪਾ ਮਿਲ ਰਹੇ ਸਨ ।ਐਂ ਲੱਗ ਰਿਹਾ ਸੀ ਜਿਵੇਂ ਸਾਰੇ ਹੀ ਇਕ ਦੂਜੇ ਨੂੰ ਜਾਣਦੇ ਹੋਣ ।ਮੈਲਬਰਨ ਦੀ ਇਕੱਲਤਾ ਦੋਹਾਂ ਦਿਨਾਂ ਵਿੱਚ ਹੀ ਦੂਰ ਹੋ ਗਈ ।ਬਹੁਤ ਤਰਾਂ ਦੇ ਵੱਖ ਇਲਾਕਿਆਂ ਦੇ ਲੋਕ ਮਿਲੇ ਤੇ ਗੱਲਾਂ ਕੀਤੀਆਂ ।ਫੈਡਰੇਸ਼ਨੀਏ ਮਿਲੇ , ਤਰਕਸ਼ੀਲੀਏ ਮਿਲੇ । ਪੁਰਾਣੇ ਬੁਢੇ ਬਾਬੇ ਮਿਲੇ ।ਇੰਡੀਆ ਤੋਂ ਆਲੀਸ਼ਾਨ ਨੌਕਰੀਆਂ ਛੱਡ ਕੇ ਏਥੇ ਆਏ ਲੋਕ ਮਿਲੇ ।ਜਿਆਦਾ ਇਕੱਠ ਪੜ੍ਹਨ ਆਏ ਮੁੰਡਿਆਂ (ਸਟੂਡੈਂਟਾਂ)ਦਾ ਸੀ। ਪੁਰਾਣੇ ਆਏ ਦੁਆਬੀਏ ਇਸ ਇਲਾਕੇ ਵਿੱਚ ਅਜੇ ਵੀ ਗਿਣਤੀ ਪੱਖੋਂ ਭਾਰੂ ਸਨ । ਜਦ ਦੱਸੀਦਾ ਸੀ ਅਸੀਂ ਮੋਗੇ ਵੱਲ ਦੇ ਹਾਂ ਤਾਂ ਕਈ ਮੂੰਹ ਹੋਰੂੰ ਜੇਹਾ ਬਣਾ ਲੈਂਦੇ । ਇਕ ਨੇ ਤਾਂ ਮਾਲਵਾ ਕਹਿਣ ਦੀ ਬਜਾਏ ਮੱਲਵਾ ਕਹਿੰਦੇ ਹੋਏ ਆਪਣੀ ਸਿਫ਼ਤ ਤੇ ਮਲਵਈਆਂ ਨੂੰ ਨੀਚਾ ਜੇਹਾ ਦਿਖਾਉਂਦਾ ਹੋਇਆ ਕਹਿਣ ਲੱਗਾ – ਬਾਈ ਜੀ !ਅਸਲ ‘ਚ ਪਹਿਲਾਂ ਤਾਂ ਦੁਆਬਾ ਹੀ ਇਥੇ ਆਇਆ ਸੀ ਸਾਰੀ ਕਾਰੀਗਰੀ ਚੌਧਰਦਾਰੀ ਦੁਆਬੇ ਦੇ ਲੋਕਾਂ ਦੀ ਹੈ ਮੱਲਵੇ ਵਾਲੇ ਤਾਂ ਹੁਣ ਮਗਰੋਂ ਜੇਹੇ ਆ ਗਏ ;ਕੋਈ ਖਾਸ ਨਹੀਂ –।ਸੁਣਕੇ ਮੇਰੇ ਕੋਲੋਂ ਸੱਚ ਕਹਿਣੋਂ ਰਿਹਾ ਨਾ ਗਿਆ-ਭਾ ਜੀ ਅਸਲ ‘ਚ ਥੋਡੀ ਰੋਟੀ ਛੇਤੀ ਮੁੱਕ ਗਈ ਸੀ ਤੁਸੀਂ ਸਾਡੇ ਨਾਲੋਂ ਪਹਿਲਾਂ ਆ ਗਏ ਤੇ ਸਾਡੀ ਰੋਟੀ ਹੁਣ ਮੁੱਕੀ ਜਾਪਦੀ ਹੈ ਅਸੀ ਹੁਣ ਆਉਣ ਲੱਗੇ ਹਾਂ -।ਤਾਂ ਉਹ ਸੁਣ ਕੇ ਸਮਝ ਗਿਆ ਤੇ ਕਹਿਣ ਲੱਗਾ – ਹਾਂ ਤਾਹਡੇ ਪਾਸੇ ਜ਼ਮੀਨਾਂ ਖੁੱਲ੍ਹੀਆਂ ਸੀ ਸਾਡੇ ਕੋਲ ਥੋੜੀਆਂ। ਇਕ ਹੋਰ ਦੁਆਬੇ ਦਾ ਪੂਰਨ ਸਿੱਖ ਮਿਲਿਆ ਜਦ ਉਸ ਨੂੰ ਪੁੱਛਿਆ ਬਾਈ ਜੀ ਤੁਸੀ ਕਿਧਰ ਦੇ ਹੋ ਤਾਂ ਉਹ ਆਂਹਦਾ ਮੈਂ ਹਾ ਤਾਂ ਐਸ ਏਰੀਏ ਦਾ ਹਾਂ ਪਰ ਵਿਆਹਿਆ ਫਰੀਦਕੋਟ ਵੱਲ ਹਾਂ –।ਉਸ ਨੇ ਫਰੀਦਕੋਟ ਏਰੀਏ ਭਾਵ ਮਾਲਵੇ ਨੂੰ ਇਸ ਲਹਿਜੇ ‘ਚ ਕਿਹਾ ਜਿਵੇਂ ਮੱਧ ਪ੍ਰਦੇਸ ਦੇ ਘਟੀਆ ਇਲਾਕੇ ‘ਚ ਵਿਆਹ ਕਰਵਾ ਲਿਆ ਹੋਵੇ।
ਪਹਿਲੇ ਦਿਨ ਕਮੈਂਟਰੀ ਲੱਗ ਪੱਗ ਹੈ ਹੀ ਨਹੀਂ ਸੀ ਦੂਜੇ ਦਿਨ ਇਕ ਸਿਡਨੀ ਦਾ ਰਣਜੀਤ ਸਿੰਘ ਖੈੜਾ ਸੋਹਣੀ ਕਮੈਂਟਰੀ ਕਰ ਰਿਹਾ ਸੀ ।ਸਭ ਦਾ ਦਿਲ ਲੁਆ ਰਿਹਾ ਸੀ । ਪਰ ਸਾਡੇ ਪੰਜਾਬ ਦੇ ਮੁਕਾਬਲੇ ਚਾਹੇ ਉਸ ਪੱਧਰ ਦੀ ਵਿਅੰਗ ਮਈ ਤੇ ਤੋਪੇ ਤੋੜ ਨਹੀਂ ਸੀ ਪਰ ਫਿਰ ਵੀ ਸੋਹਣਾ ਰੰਗ
ਬੰਨ੍ਹ ਰਿਹਾ ਚੰਗਾ ਲੱਗ ਰਿਹਾ ਸੀ ।
ਕਮਾਲ ਇਹ ਸੀ ਬਈ ਲੋਕਲ ਗ੍ਰਫਿਥ ਤੇ ਨੇੜਲੇ ਫਾਰਮਾਂ ਵਿੱਚ ਵਸਦਿਆਂ ਪੰਜਾਬੀਆਂ ਦੀਆਂ ਬੀਬੀਆਂ ਸੂਟ ਸਲਵਾਰਾਂ ਵਾਲੇ ਪਹਿਰਾਵਿਆਂ ਵਿੱਚ ਟਿਕ ਕੇ ਕੁਰਸੀਆਂ ਤੇ ਬੈਠੀਆਂ ਸਨ ਤੇ ਉਹ ਕਬੱਡੀਆਂ ਤੇ ਹੋਰ ਖੇਡਾਂ ਦਾ ਨੇੜੇ ਹੋਕੇ ਅਨੰਦ ਮਾਣ ਰਹੀਆਂ ਸਨ ।ਕਈ ਤਾਂ ਸਾਡੀਆਂ ਬੇਬੇ ਵਰਗੀਆਂ ਸਿਰ ‘ਤੇ ਪੂਰੀ ਚੁੰਨੀ ਓੜੀ ਇੰਜ ਵਾਂਗ ਬੈਠੀਆਂ ਸਨ ਜਿਵੇਂ ਭਤੀਜੀ ਦੀ ਵਿਆਹ ‘ਤੇ ਆਈਆਂ ਸਿਆਣੀਆਂ ਬਣੀਆਂ ਬੈਠੀਆਂ ਹੋਣ ।ਕਈ ਬਾਬੇ ਵੇਖੇ ਜਿੰਨਾਂ ਨੇ ਪੱਗਾਂ ਬੰਨੀਆਂ ਤਾਂ ਸਨ ਪਰ ਲਵੇਟੀਆਂ ਲਗਦੀਆਂ ਸਨ ਐਂ ਲੱਗਿਆ ਜਿਵੇਂ ਇਨ੍ਹਾਂ ਨੂੰ ਅਜੇ ਤੀਕ ਨਵੀਂ ਦੁਨੀਆ ਦੀ ਹਵਾ ਹੀ ਨਹੀਂ ਲੱਗੀ । ਬੱਚਿਆਂ ਦਾ ਉਚਾਰਨ ਬਹੁਤਾ ਅੰਗਰੇਜ਼ੀ ‘ਚ ਹੀ ਸੀ ਬੁਲਾਏ ਤੋਂ ਅੜਕ ਕੇ ਮਾੜ੍ਹੀ ਮੋਟੀ ਪੰਜਾਬੀ ਬੋਲਦੇ ਸਨ।
ਲੋਕਾਂ ਦੇ ਕਹੇ ਅਨੁਸਾਰ ਕੋਈ ਆਪਸੀ ਮਨ ਮੋਟਾਵ ਹੋਣ ਕਰਕੇ ਬਾਹਲ਼ੀਆਂ ਵੱਡੀਆਂ ਕਬੱਡੀ ਦੀਆਂ ਟੀਮਾਂ ਨਹੀਂ ਸਨ ਆਈਆਂ ਪਰ ਫੇਰ ਵੀ ਐਡੀਲੇਡ ਮੈਲਬਰਨ ਸਿਡਨੀ ਤੇ ਨਿਊਜ਼ੀਲੈਂਡ ਤੋਂ ਟੀਮਾਂ ਆਈਆਂ ਸਨ ।ਪਰ ਫੇਰ ਵੀ ਮੱਲੋ ਮੱਲੀ ਰੇਡਰਾਂ ਸਟਾਪਰਾਂ ਭਾਵ ਧਾਵੀਆਂ ਜਾਫੀਆਂ ਦੇ ਜੌਹਰ ਵੇਖਣ ਨੂੰ ਜੀਅ ਕਰ ਰਿਹਾ ਸੀ ਤੇ ਕਿਸੇ ਦਾ ਉਥੋਂ ਦੂਰ ਜਾਣ ਨੂੰ ਜੀਅ ਨਹੀਂ ਸੀ ਕਰਦਾ।ਸਾਰੇ ਟਿਕ ਕੇ ਨੀਝ ਲਾ ਕੇ ਵੇਖ ਰਹੇ ਸਨ । ਸਾਡਾ ਸ਼ਮਿੰਦਰ ਸੇਖੋਂ ਸਾਰੀ ਹਿਲਜੁਲ ਨੂੰ ਆਪਣੇ ਕੈਮਰੇ ‘ਚ ਬੰਦ ਕਰ ਰਿਹਾ ਸੀ ਤੇ ਮੱਲ੍ਹੀ ਵਾਰ ਵਾਰ ਪੁੰਨਾਂਰੱਥੀ ਵਰਤਾਏ ਜਾ ਰਹੇ ਸੰਤਰਾ ਜੂਸ ਦੇ ਗਿਲਾਸ ਖਾਲੀ ਕਰੀ ਜਾ ਰਿਹਾ ਸੀ ।
ਸਾਡੇ ਇਲਾਕੇ ਦਾ ਸੁਖਦੇਵ ਸਿੰਹੁ ਜ਼ੀਰਾ ਮਿਲਿਆ ।ਉਹ ਤੇ ਉਸ ਦੀ ਪਤਨੀ ਬੀਬੀ ਗੁਰਪ੍ਰੀਤ ਕੌਰ ਗੁਰੂ ਘਰ ਦੇ ਵੱਡੇ ਸ਼ਰਧਾਲੂ ਹਨ । ਉਨਾਂ ਦੱਸਿਆ ਤੜਕੇ ਢਾਈ ਵਜੇ ਤੋਂ ਸੰਗਤਾਂ ਵਾਸਤੇ ਰੋਟੀਆਂ ਦਾ ਹੱਥੀਂ ਪਕਾਉਣ ਦਾ ਕੰਮ ਚਲਦਾ ਰਿਹਾ ਪਹਿਲੇ ਦਿਨ ਛਬੀ ਮਣ ਆਟਾ ਲੱਗਿਆ ਤੇ ਅਗਲੇ ਦਿਨ ਤਾਂ ਮਿਣਤੀ ਤੋਂ ਬਾਹਰ ਹੋ ਗਿਆ। ਏਥੇ ਗੁਰਦੁਆਰਾ ਸਾਹਿਬ ਵਿੱਚ ਸਾਰੇ ਗੁਰਪੁਰਬ ਮਨਾਏ ਜਾਂਦੇ ਹਨ ਬਹੁਤ ਵੱਡੇ ਵੱਡੇ ਫਾਰਮਾਂ ਦੇ ਪੰਜਾਬੀ ਮਾਲਕ ਹਨ। ਗੋਰੇ ਵੀ ਏਥੇ ਸੰਗਤ ‘ਚ ਬੈਠ ਕੇ ਲੰਗਰ ਪਾਣੀ ਛਕਦੇ ਹਨ। ਸਾਡੀ ਕਮਿਊਨਿਟੀ ਦਾ ਬੜਾ ਆਦਰ ਸਤਿਕਾਰ ਕਰਦੇ ਹਨ ਤੇ ਭੇਟਾਵਾਂ ਵੀ ਚੜ੍ਹਾਂਉਂਦੇ ਹਨ। ਸਾਡੇ ਕਾਫੀ ਪੰਜਾਬੀਆਂ ਦੀਆਂ ਇਟਾਲੀਅਨ ਗੋਰਿਆਂ ਨਾਲ ਬਹੁਤ ਹੀ ਉਠਣ ਬਹਿਣ ਹੈ ।ਗ੍ਰਫਿਥ ਸਬਜ਼ੀਆਂ ਸੰਤਰਿਆਂ ਤੇ ਅੰਗੂਰਾਂ ਦਾ ਸ਼ਹਿਰ ਹੈ ।ਮਰਮਬਿਜ਼ੀ ਦਰਿਆ ਦਾ ਪਾਣੀ ਹੋਣ ਕਰਕੇ ਇਕੱਲਾ ਗ੍ਰਫਿਥ ਹੀ ਤੀਹ ਪਰਸੈਂਟ ਤੋਂ ਉਪਰ ਇਸ ਕੰਮ ਦੀ ਸਾਰੇ ਆਸਟ੍ਰੇਲੀਆ ਨੂੰ ਭਰਪਾਈ ਕਰਦਾ ਹੈ
ਦੂਸਰੇ ਦਿਨ ਮੇਲਾ ਸੋਹਣਾ ਭਰ ਗਿਆ ਸੀ ।ਬਹੁਤ ਹੀ ਪਿਆਰੇ ਇਕੱਠ ਵਿੱਚ ਜਾਣੇ-ਮਾਨੇ ਵਿਅਕਤੀ ਵਿਸ਼ੇਸ਼ ਟਹਿਲ ਰਹੇ ਗੱਲਾਂ ਕਰ ਰਹੇ ਆਪੋ ਆਪਣੇ ਅਖ਼ਬਾਰਾਂ ਲਈ ਆਪੋ ਆਪਣੇ ਰੇਡੀਓਜ਼ ਲਈ ਮਾਲ ਮਸਾਲਾ ਇਕੱਠਾਂ ਕਰ ਰਹੇ ਸਨ । ਮੇਲੇ ਵਿੱਚ ਮੈਲਬਰਨ ਤੋਂ ਪੰਜਾਬੀ ਅਖ਼ਬਾਰ ਦਾ ਤੇਜ਼ਸਦੀਪ ਅਜਨੌਦਾ ਮਿਲ ਰਿਹਾ , ਅੰਮ੍ਰਿਤਸਰ ਵਾਲਾ ਅਜੀਤ ਦਾ ਪੱਤਰਕਾਰ ਸਰਤਾਜ ਸਿੰਘ ਧੌਲ਼ ਨਿਖਰਿਆ ਫਿਰਦਾ ਸੀ, ਸਾਇੰਸਦਾਨ ਡਾ: ਪ੍ਰੀਤ ਇੰਦਰ ਗਰੇਵਾਲ (ਲੁਧਿਆਣਾ) ਮੁਸਕਾਨਾਂ ਛੱਡਦਾ ਫਿਰਦਾ ਸੀ। ਕੌਮੀ ਅਵਾਜ਼ ਰੇਡੀਓ ਵਾਲਾ ਜਸਪ੍ਰੀਤ ਸਿੰਹੁ ਤੇ ਗੁਰਤੇਜ਼ ਹਾਜ਼ਰ ਸੀ ।ਮੇਲੇ ਵਿੱਚ ਮੈਲਬੌਰਨ ਦਾ ਜੱਸੋਵਾਲ ਹਰਭਜਨ ਸਿੰਘ ਖਹਿਰਾ ਮਿਲਿਆ। ਖੂਬਸੂਰਤ ਰੁਹ ਮਨਿੰਦਰ ਬਰਾੜ ਹੱਸਦਾ ਮਿਲਿਆ। ਕੁਲਵਿੰਦਰ ਜੀਤ ਸਿੰਘ ਸਮਾਜੀ ਸੇਵਾ ਕਰਤਾ ਮਿਲਿਆ। ਪ੍ਰਿੰਸਜੀਤ ਸਿੰਘ ਬਿੱਟੂ , ਸਾਡੇ ਪੰਜਾਬ ਦੇ ਵਿਦਵਾਨ ਸਾਡੇ ਮਿੱਤਰ ਅਜਮੇਰ ਸਿੰਘ ਦੇ ਦੋਨੋ ਭਤੀਜੇ ਲਖਵੀਰ ਸਿੰਘ ਸਿੱਧੂ ਹੋਰੀਂ ਮਿਲੇ ਤੇ ਬਹੁਤ ਗੱਲਾਂ ਕੀਤੀਆਂ ।ਸਿਡਨੀ ਤੋਂ ਬਲਰਾਜ ਸੰਘਾਂ ਤੇ ਮੋਗੇ ਮਾਰਕੀਟ ਕਮੇਟੀ ਦੇ ਸੈਕਟਰੀ ਰਹੇ ਪ੍ਰਭਜੋਤ ਸੰਧੂ ਨਾਲ ਵੀ ਹੈਲੋ ਹੈਲੋ ਹੋਈ ; ਸਿਡਨੀ ਤੋਂ ਹੀ ਫੈਡਰੇਸ਼ਨ ਦੇ ਕਰਤਾ ਧਰਤਾ ਹਰਦੀਪ ਸਿੰਹੁ ਮਿਲਿਆ ਗੱਲਾਂ ਕਰਦਿਆ ਪਤਾ ਲੱਗਿਆਂ ਮੈਂ ਤੇ ਹਰਦੀਪ ਇਕੋ ਪਿੰਡ ਸਾਫੂਵਾਲੇ (ਮੋਗੇ) ਵਿਆਹੇ ਹਾਂ ।ਉਚੀ ਵਿਚਾਰਧਾਰਾ ਵਾਲਾ ਰਿਵਰਲੈਂਡ ਵੱਲ ਦਾ ਅਜੀਤ ਸਿੰਹੁ ਮਿਲਿਆ। ਸਿੱਖ ਧਰਮ ਦਾ ਭਲਾ ਲੋਚਣ ਵਾਲਿਆਂ ਨਾਲ ਗੱਲਾਂ ਹੋਈਆਂ ਤਾਂ ਉਨ੍ਹਾਂ ਆਖਿਆ ਭਾਈ ਸਾਹਿਬ ਅਸੀ ਸਿੱਖ ਧਰਮ ਦੀ ਪ੍ਰਫੁੱਲਤਾ ਪਸਾਰ ਲਈ ਆਪਣੇ ਵੱਲੋਂ ਪੂਰੀ ਜੱਦੋ-ਜਹਿਦ ਕਰ ਰਹੇ ਹਾਂ ਪਰ ਕਰੀਏ ਕੀ ਦੂਜੇ ਪਾਸੇ ਦੇ ਰੱਸਾ ਖਿੱਚਣ ਵਾਲੇ ਦਾਰੂਆਂ ਬਰਗਰਾਂ ਦੇ ਨਸ਼ੇ ‘ਚ ਅਜੇ ਤਾਂ ਸਾਡੇ ਪੈਰ ਨਹੀਂ ਲੱਗਣ ਦੇ ਰਹੇ ; ਕੋਈ ਗੱਲ ਨਹੀਂ ਵਾਹਿਗੁਰੂ ਇਕ ਦਿਨ ਜਰੂਰ ਸਾਡੇ ਤੇ ਬਖਸ਼ਿਸ਼ ਕਰੂ ;ਸਾਡੀ ਵੀ ਸੁਣੂ ਅਸੀਂ ਵੀ ਉਸ ਉਤਲੇ ਦੇ ਆਸਰੇ ਦੂਜੀ ਧਿਰ ਦੇ ਪੈਰ ਉਖੇੜਨ ਵਿੱਚ ਸਫਲ ਹੋਵਾਂਗੇ। ਇਕ ਹੋਰ ਨੇ ਦੱਸਿਆ ਬਾਬੇ ਨਾਨਕ ਦੇ ਸੰਕਲਪ ਤੋਂ ਬਾਹਰ ਚਲਦੇ ਤੇ ਮੋਹ ਮਾਇਆ ਦੇ ਬਾਟੇ ਹਾਸਲ ਕਰਨ ਵਾਲੇ ਅਖਾਉਤੀ ਡੇਰਾ ਵਾਦੀ ਬਾਬਿਆਂ ਤੋਂ ਅਸੀਂ ਵੀ ਔਖੇ ਹਾਂ ਪਰ ਕਰੀਏ ਕੀ ਗੱਫੇ ਦੇਣ ਵਾਲੇ ਹਟਦੇ ਨਹੀ । ਲੱਖ ਲੱਖ ਡਾਲਰ ਦਿਨਾਂ ‘ਚ ਹੂੰਝ ਕੇ ਲੈ ਜਾਂਦੇ ।ਖੇਡ ਮੇਲੇ ਵਿੱਚ ਅਜੀਤ ਰਾਹੀ ਜਿਸ ਨੇ ‘ਨਾਦਰ ਸ਼ਾਹ ਦੀ ਵਾਪਸੀ’ ਕਿਤਾਬ ਲਿਖੀ ਦੋਨੋ ਦਿਨ ਦੂਰੋਂ ਦਿਸਦਾ ਰਿਹਾ ।
ਅਖੀਰ ‘ਚ ਤੱਤ ਸਾਰ ਇਹ ਹੈ ;ਬਈ ਖੇਡ ਮੇਲੇ ਤਾਂ ਪੰਜਾਬ ਵਿੱਚ ਬਹੁਤ ਵੱਡੇ ਵੱਡੇ ਵੇਖੇ ਪਰ ਗ੍ਰਫਿਥ ਦਾ ਮੇਲਾ ਬਹੁਤ ਹੀ ਯਾਦਗਾਰੀ ਰਿਹਾ ;ਮਨਾਂ ਤੇ ਵੱਖਰੀ ਛਾਪ ਛੱਡ ਗਿਆ ।ਤੇਜਸਦੀਪ ਅਜ਼ਨੋਦਾ , ਸ਼ਮਿੰਦਰ ਸੇਖੋਂ ਤੇ ਮੱਲੀ ਬਾਈ ਦੀ ਦੀ ਸੰਗਤ ਨੇ ਉਹ ਬੰਦੇ ਮਿਲਾ ਦਿੱਤੇ ਜੋ ਸੁਪਨੇ ਵਿੱਚ ਵੀ ਵੀ ਨਹੀਂ ਸਨ ਆ ਸਕਦੇ। ਮੇਲੇ ਵਿੱਚ ਅੰਗਰੇਜ਼ ਵੇਖੇ। ਗੋਰੀਆਂ ਲੰਗਰ ਛਕਦੀਆਂ ਪਿੰਨੀਆਂ ਖਾਂਦੀਆਂ ਵੇਖੀਆਂ ਏਥੇ ਕਈ ਗੋਰਿਆਂ ਦੀਆਂ ਬੱਚੀਆਂ ਨੇ ਵੀ ਦੌੜਾਂ ‘ਚ ਹਿੱਸਾ ਲਿਆ । ਜਦ ਇਕ ਗੋਰੀ ਬੱਚੀ ਜਿੱਤ ਗਈ ਪਹਿਲੇ ਨੰਬਰ ਤੇ ਆ ਗਈ ਤਾਂ ਉਹ ਜਜ਼ਬਾਤੀ ਹੋਈ ਪਹਿਲਾਂ ਸਿਧੀ ਆਪਣੀ ਗੋਰੀ ਮਾਂ ਕੋਲ ਗਈ ;ਉਸ ਦੀਆਂ ਅੱਖਾਂ ‘ਚ ਨੀਰ ਸਿੰਮ ਆਇਆ ਤੇ ਉਸ ਤੋਂ ਬੋਲਿਆ ਨਾ ਜਾਵੇ ਜਾਣੋ ਉਸ ਨੇ ਉਲੰਪਿਕ ਸੋਨ ਤਮਗਾ ਹਾਸਲ ਕਰ ਲਿਆ ਹੋਵੇ।ਇਕ ਵਿਆਹ ਦੇ ਵਾਂਗ ਜਿਥੇ ਸਾਰਾ ਭਾਈਚਾਰਾ ਮਿੱਤਰ ਦੋਸਤ ਇਕੱਠੇ ਹੋ ਜਾਂਦੇ ਹਨ; ਖੇਡ ਮੇਲਾ ਬਿਲਕੁਲ ਉਸੇ ਤਰਾਂ ਦਾ ਲੱਗਿਆ; ਇਕ ਵੱਡੇ ਯੋਜਨਾਬੱਧ ਵਿਆਹ ਦੇ ਵਾਂਗ ਲੱਗਿਆ। ਉਥੇ ਦੂਰ ਦੂਰ ਵਸਦੇ ਵੱਖ ਵੱਖ ਸ਼ਹਿਰਾਂ ਦੇ ਪੰਜਾਬੀ ਆ ਕੇ ਮਿਲਦੇ ਵੇਖੇ। ਜੂਨ ਚਰਾਸੀ ਦੇ ਸ਼ਹੀਦਾਂ ਦੀ ਯਾਦ ਵਿੱਚ ਇਹ ਮਨਜੀਤ ਸਿੰਘ ਲਾਲੀ ਤੇ ਇਹ ਮਹਾਨ ਕਾਰਜ ਕਰਨ ਵਾਲੀ ਉਥੋਂ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਹ ਮਹਾਨ ਉਪਰਾਲਾ ਬਹੁਤ ਹੀ ਚੰਗਾ ਲਗਿਆ ਜੋ ਕਿੰਨੇ ਸਾਲਾਂ ਤੋਂ ਦਰਸ਼ਕਾਂ ਦਾ ਮਨੋਰੰਜਨ ਹੀ ਨਹੀਂ ਸਗੋਂ ਪੰਜਾਬੀ ਭਾਈਚਾਰੇ ਨੂੰ ਜੋੜੀ ਰੱਖਣ ਵਿੱਚ ਵਿਸ਼ਾਲ ਯੋਗਦਾਨ ਪਾ ਰਿਹਾ ਹੈ ।
****
2 comments:
ਗੱਜਣ ਵਾਲਾ ਸੁਖਮਿੰਦਰ ਜੀ ਨੂੰ ਪੰਜਾਬੀ ਟ੍ਰਿਬਿਉਨ ਵਿਚ ਕਾਫੀ ਪੜ੍ਹਿਆ .... ਅੱਜ ਕੱਲ ਇਧਰ ਗੇੜ੍ਹਾ ਨੀ ਮਾਰਦੇ ...... ਬੜਾ ਚੰਗਾ ਲਗਦਾ ਏ ਪੜ੍ਹ ਕੇ ... ਅਏਂ ਲਗਦਾ ਏ ਜਿਵੇਂ ਪਿੰਡ ਦੀ ਸਥ ਵਿਚ ਬੈਠੇ ਬੁੜ੍ਹੇ ਛੋਟਿਆਂ ਨੂੰ ਮਸ਼੍ਖਰੀ ਕਰਦੇ ਹਨ ਤੇ ਉਹ ਉਦੋਂ ਉਤਲੀ ਸੁਨਾਉਂਦੇ ਨੇ ...... ਪਿੰਡਾਂ ਦੇ (ਮਾਲਵੇ/ ਫਰੀਦਕੋਟ area) ਦੇ ਪ੍ਰਚਲਿਤ ਸ਼ਬਦ ਪੜ੍ਹ ਕੇ ਸੁਆਦ ਜਿਹਾ ਆ ਜਾਂਦਾ ਏ ...... ਧਨਵਾਦ ਸੁਖਮਿੰਦਰ ਜੀ.......
ਗੱਜਣ ਵਾਲਾ ਸੁਖਮਿੰਦਰ ਜੀ ਨੂੰ ਪੰਜਾਬੀ ਟ੍ਰਿਬਿਉਨ ਵਿਚ ਕਾਫੀ ਪੜ੍ਹਿਆ .... ਅੱਜ ਕੱਲ ਇਧਰ ਗੇੜ੍ਹਾ ਨੀ ਮਾਰਦੇ ...... ਬੜਾ ਚੰਗਾ ਲਗਦਾ ਏ ਪੜ੍ਹ ਕੇ ... ਅਏਂ ਲਗਦਾ ਏ ਜਿਵੇਂ ਪਿੰਡ ਦੀ ਸਥ ਵਿਚ ਬੈਠੇ ਬੁੜ੍ਹੇ ਛੋਟਿਆਂ ਨੂੰ ਮਸ਼੍ਖਰੀ ਕਰਦੇ ਹਨ ਤੇ ਉਹ ਉਦੋਂ ਉਤਲੀ ਸੁਨਾਉਂਦੇ ਨੇ ...... ਪਿੰਡਾਂ ਦੇ (ਮਾਲਵੇ/ ਫਰੀਦਕੋਟ area) ਦੇ ਪ੍ਰਚਲਿਤ ਸ਼ਬਦ ਪੜ੍ਹ ਕੇ ਸੁਆਦ ਜਿਹਾ ਆ ਜਾਂਦਾ ਏ ...... ਧਨਵਾਦ ਸੁਖਮਿੰਦਰ ਜੀ.......
Post a Comment