ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਮੀਡੀਆ ਪੰਜਾਬ ਵਲੋਂ ਅੰਤਰਰਾਸ਼ਟਰੀ ਪੰਜਾਬੀ ਕਵੀ ਦਰਬਾਰ......... ਕਵੀ ਦਰਬਾਰ / ਮਲਕੀਅਤ "ਸੁਹਲ"



ਅੱਜ ਦਾ ਦਿਨ ਪੰਜਾਬੀ ਮਾਂ ਦੇ ਵਿਹੜੇ ਵਿਚ, "ਮੀਡੀਆਂ ਪੰਜਾਬ "    ਦੇ ਸਰਪਰਸਤ  ਸ੍ਰ ਬਲਦੇਵ ਸਿੰਘ ਬਾਜਵਾ ਜੀ  ਨੂੰ ਉਨ੍ਹਾਂ ਦੇ ਜਨਮਦਿਨ ਤੇ ਪੰਜਾਬੀ ਮਾਂ ਨੇ ਆਪ ਖ਼ੁਦ ਆ ਕੇ ਲੋਰੀਆਂ ਦੇ ਕੇ ਸਾਰੇ ਸੰਸਾਰ ਤੋਂ ਆਏ ਸਾਹਿਤਕਾਰਾਂ ਨੇ ਆਪਣੀਆਂ ਕਵਿਤਾਵਾਂ, ਗੀਤਾਂ ਤੇ ਰਚਨਾਵਾਂ ਨਾਲ ਰੰਗ-ਬਰੰਗੀਆ ਫੁੱਲਾਂ ਲੱਦੀਆਂ ਵਧਾਈਆਂ ਦਿਤੀਆਂ।

            
"ਮੀਡੀਆ ਪੰਜਾਬ " ਦੀ ਆਡੀਟਰ  ਸਾਹਿਬਾਂ,  ਸ੍ਰੀਮਤੀ ਗੁਰਦੀਸ਼ਪਾਲ ਕੌਰ ਬਾਜਵਾ ਜੀ ਨੇ ਸਟੇਜ ਸੰਭਾਲਦੇ ਹੋਏ ਕਵੀ ਦਰਬਾਰ ਦਾ ਆਗਾਜ਼ ਕੀਤਾ । ਸ਼ੁਰੂ ਸ਼ੁਰੂ ਵਿਚ ਇਕ ਦੋ ਸ਼ਾਇਰਾਂ ਨੂੰ ਸ਼ਾਇਦ ਮੈਂ ਨਾ ਸੁਣ ਸਕਿਆ ਹੋਵਾਂਗਾ ਕਿਉਂਕਿ ਇੰਟਰਨੈਟ ਦੀ ਤਕਨੀਕੀ ਖਰਾਬੀ ਕਰਕੇ ਕਾਰਨ ਹੋ ਸਕਦਾ ਹੈ । ਮੈਂ ਬੇਸ਼ਕ ਇਸ ਵਾਰ "ਮੀਡੀਆ ਪੰਜਾਬ" ਦੇ ਇਸ ਕਵੀ ਦਰਬਾਰ ਵਿਚ ਹਾਜ਼ਰ ਨਹੀਂ ਹੋ ਸਕਿਆ ਪਰ ਸਾਰੇ ਪਰੋਗਰਾਮ ਨੂੰ ਪੂਰਾ ਸੁਣਨ ਦਾ ਯਤਨ ਕੀਤਾ ਹੈ । ਮੈਂ ਸ੍ਰ ਬਲਦੇਵ ਸਿੰਘ ਬਾਜਵਾ ਜੀ ਨੂੰ ਪੰਜਾਬ ਤੋਂ ਹੀ, ਉਨ੍ਹਾਂ ਦੇ ਜਨਮ ਦਿਨ ਅਤੇ ਇਸ ਵਿਸਾਲ ਕਵੀ ਦਰਬਾਰ ਦੀਆਂ "ਲੱਖ਼ ਲੱਖ਼ ਵਧਾਈਆਂ"  ਪਰਵਾਰ ਸਮੇਤ ਅਤੇ  "ਸਾਹਿਤਕ ਸਾਂਝ ਮੰਚ ਨਵਾਂ ਸ਼ਾਲ੍ਹਾ (ਗੁਰਦਾਸਪੁਰ) ਵਲੋਂ ਭੇਜਦਾ ਹਾਂ । ਉਮੀਦ ਹੈ ਕਿ  ਇਸ ਰੰਗੀਨ ਤੇ ਖ਼ਸ਼ਬੂ ਭਰੀ "ਮੁਬਾਰਕਵਾਦ" ਜਰੂਰ ਪਰਵਾਨ ਕਰੋਗੇ । ਜੇ ਕਿਸੇ ਸਾਹਿਤਕਾਰ ਸੱਜਣ ਦਾ ਨਾਂ ਗਲਤੀ ਨਾਲ ਨਹੀਂ ਲਿਖਿਆ ਗਿਆ ਤਾਂ ਉਹ ਗੁੱਸਾ ਨਾ ਕਰਨ ਕਿਉਂਕਿ ਤਕਨੀਕੀ ਹਲਚਲ ਕਰਕੇ ਕੁਝ ਪ੍ਰੇਸ਼ਾਨੀਆਂ ਆ ਹੀ ਜਾਂਦੀਆਂ ਹਨ । 

          

ਜਦ ਮੈਂ ਪ੍ਰੋਗਰਾਮ ਸੁਣਨਾ ਸ਼ੁਰੂ ਕੀਤਾ ਤਾਂ ਉਦੋਂ ਬਾਈ ਸ਼ਿਵਚਰਨ ਜੱਗੀ ਕੁੱਸਾ ਜੀ ਆਪਣਾ ਕਲਾਮ ਪੇਸ ਕਰ ਰਹੇ ਸਨ ਜੋ ਕਿ ਅਸੀਂ ਪੂਰਾ ਨਹੀਂ ਸੁਣ ਸਕੇ, ਇਹ ਵਸੋਂ ਕੁਝ ਬਾਹਰ ਹੀ ਸੀ । ਇਨ੍ਹਾਂ ਨੇ ਸ੍ਰ ਬਾਜਵਾ ਜੀ ਨੂੰ ਜਨਮ ਦਿਨ ਦੀ ਵਧਾਈ ਦੇ ਨਾਲ ਨਾਲ ਪੰਜਾਬੀ ਮਾਂ ਬੋਲੀ ਬਾਰੇ ਜੋ ਕਿਹਾ ਸ਼ਲਾਘਾਯੋਗ ਸੀ । ਬੀਬੀ ਕੁਲਵੰਤ ਕੌਰ ਜੰਮੂ ਜੀ ਨੇ ਆਪਣੇ ਵਲੋਂ ਸ਼ਿਵ ਕੁਮਾਰ ਬਟਾਲਵੀ ਦੇ ਗੀਤ ਨਾਲ " ਮਾਏਂ ਨੀ ਮਾਏਂ ਗੀਤਾਂ ਦੇ ਨੈਣਾਂ 'ਚ ਬ੍ਰਿਹੋਂ ਦੀ ਰੜਕ ਪਵੇ " ਨਾਲ ਬ੍ਰਿਹੋਂ ਦੇ ਸੁਲਤਾਨ ਸ਼ਿਵ ਨੂੰ ਸ਼ਰਧਾਂਜਲੀ ਵਜੋਂ ਆਪਣਾ ਗੀਤ ਪੇਸ਼ ਕੀਤਾ । ਟੀ ਵੀ ਲਾਈਵ ਤੋ ਜੋ ਵੀ ਪ੍ਰਸਾਰਨ ਹੋ ਰਿਹਾ ਸੀ ਉਸ ਦੀ ਕੋਈ ਚੰਗੀ ਤਰਾਂ ਸਮਝ ਨਹੀਂ ਸੀ ਆ ਰਹੀ । ਫਿਰ ਇਨ੍ਹਾਂ ਨੇ ਆਪਣਾ ਲਿਖਿਆਂ ਗੀਤ "ਦੇਖ ਲੈ ਪਰਖ਼ ਲੈ ਮਿੱਟੀ ਦੀਏ ਢੇਰੀਏ " ਵਧੀਆ ਲਹਿਜ਼ੇ ਨਾਲ ਪੇਸ਼ ਕੀਤਾ । ਪੰਜਾਬੀ ਸਾਹਿਤਕਾਰ ਵਿਸ਼ਾਲ ਜੀ ਇਟਲੀ ਤੋਂ ਧੀ ਰਾਣੀ ਦਾ ਪਿਆਰ, ਸਤਿਕਾਰ ਬਰਕਰਾਰ ਰਹਿਣ ਤੇ ਪਿਉ ਦੀ ਪੱਗ ਨੂੰ ਦਾਗ ਤੋਂ ਬਚਾਉਣ ਦੀ ਭਰ ਜ਼ੋਰ ਅਪੀਲ ਕੀਤੀ । ਇਨ੍ਹਾਂ ਤੋਂ ਬਾਅਦ ਬਲਵਿੰਦਰ ਸਿੰਘ ਨਾਗੀ ਜੀ ਹਮਬਰਗ ਸ਼ਹਿਰ ਤੋਂ ਤਸ਼ਰੀਫ ਲੈ ਕੇ ਆਏ ਸਨ ਜਿਨ੍ਹਾਂ ਆਪਣੀ ਕਵਿਤਾ ਮਾਂ ਬਾਰੇ ਜੋ ਲਫਜ਼ ਕਹੇ ਉਹ ਸੁਲਾਉਣਯੋਗ ਸਨ "ਖ਼ੁਦ ਭੁੱਖੀ ਰਹਿ , ਸਾਨੂੰ ਰਜਾਂਦੀ ਸੈਂ ਮਾਂ । ਮੱਥਾ ਚੁੰਮਦੀ ਛਾਤੀ ਨਾਲ ਲਉਂਦੀ ਸੈਂ ਮਾਂ " ਬਹੁਤ ਵਧੀਆ ਕਵਿਤਾ ਸੀ ।

ਬੀਬੀ ਗੁਰਦੀਸ਼ਪਾਲ ਕੌਰ ਜੀ ਨੇ ਬੜੀ ਸੂਝ- ਬੂਝ ਨਾਲ ਸਟੇਜ ਤੋਂ ਬੜੇ ਠੋਸ ਸ਼ਬਦਾਂ ਨਾਲ ਭੂਮਿਕਾ ਨਿਭਾ ਰਖੀ "ਵੰਡੀਆਂ ਜਮੀਨਾਂ ਦਸੋ ! ਬੋਲੀ ਕਿਵੇਂ ਵੰਡੋਗੇ " ਕਿੰਨੇ ਜਾਨਦਾਰ ਸ਼ਬਦ ਕਹੇ ਹਨ । ਹਰ ਸ਼ਬਦ ਨੂੰ ਬੜੀ ਪ੍ਰੋੜਤਾ ਨਾਲ ਕਹਿਣ ਵਾਲੀ "ਮੀਡੀਆ ਪੰਜਾਬ ਦੀ ਐਡੀਟਰ"  ਸ੍ਰੀਮਤੀ ਗੁਰਦੀਸ਼ਪਾਲ ਜੀ ਦਾ ਸਟੇਜ ਨੂੰ ਸੰਭਾਲਣ ਦੀ ਅਦਾ ਅਤੇ ਸ਼ਬਦਾਂ ਦਾ ਜਾਲ ਜੋ ਇਨ੍ਹਾਂ ਕੋਲ ਹੈ, ਸ਼ਾਇਦ ਹੋਰ ਕਿਸੇ ਕੋਲ ਠੋਸ ਸ਼ਬਦਾਂ ਦੀ ਅਦਾਕਾਰੀ ਨਾ ਹੋਵੇ । ਕਮਾਲ ਦੇ ਢੁਕਵੇਂ ਸ਼ਿਅਰ ਪਤਾ ਨਹੀਂ ਕਿਵੇਂ ਸੰਭਾਲ ਕੇ ਰਖੇ ਹੋਏ ਹਨ ।
             
ਜਨਾਬ "ਕੇਹਰ ਸ਼ਰੀਫ" ਜੀ ਉਹ ਮਹਾਨ ਹਸਤੀ ਹੈ ਜਿਸ ਨੂੰ ਹਰ ਪੰਜਾਬੀ ਲੇਖਕ ਚੰਗੀ ਤਰਾਂ ਜਾਣਦਾ ਹੈ । ਇਹ ਉਚ ਕੋਟੀ ਦੇ ਅਲੋਚਕ ਸਾਹਿਤਕਾਰ ਵਲੋਂ ਹਰ ਵਿਸ਼ੇ ਤੇ ਬਾਖ਼ੂਬੀ ਨਾਲ ਵਿਸਥਾਰ ਵਿਚ ਬੜੀ ਚੰਗੀ ਸੂਝ ਰਖਣ ਵਾਲੇ ਲੇਖਕ ਨੇ ਕਿਹਾ ਕਿ ਅਸੀਂ ਦੁਜੀਆਂ ਭਾਸ਼ਾਵਾਂ ਦਾ ਅਨੁਵਾਦ  ਕਰਕੇ ਪਾਠਕਾਂ ਦੀ ਝੋਲੀ ਪਾਈਏ । ਅਪਣੀ ਮਾਂ ਬੋਲੀ ਵਿਚ ਅਨੁਵਾਦ ਕਰੀਏ ਤੇ ਸ਼ਬਦ ਸਾਂਝ ਪਾਈਏ । ਬੜੇ ਮਾਣ ਵਾਲੀ ਗਲ ਹੈ ਕਿ ਸ੍ਰ ਕੁਲਵਿੰਦਰ ਸਿੰਘ ਜੀ ਪਰਵਾਰ ਸਮੇਤ ਕਵੀ ਦਰਬਾਰ ਵਿਚ ਪਹੁੰਚੇ ਸਨ । ਹਾਸ ਰਸ ਤੇ ਵਿਅੰਗ ਸ਼ਾਇਰ ਸ੍ਰ " ਨਿਰਮਲ ਸਿੰਘ ਕੰਧਾਲਵੀ " ਜੀ ਇੰਗਲੈਂਡ ਤੋਂ ਤਸ਼ਰੀਫ ਲੈ ਕੇ ਇਸ "ਪੰਜਾਬੀ ਕਵੀ ਦਰਬਾਰ" ਵਿਚ ਹਰ ਸਾਲ ਵਾਂਗ ਉਚੇਚੇ ਤੌਰ ਤੇ ਪਹੁੰਚੇ ਸਨ, ਬਸ ! ਕਮਾਲ ਹੀ ਕਰ ਦਿਤੀ । ਇਨ੍ਹਾਂ ਦੀ ਕਵਿਤਾ ਬੜੀ ਹਾਸੇ ਬਖੇਰਦੀ ਰਹੀ , ਜੋ ਕਿ

"ਬੁਝਾਰਤਾਂ ਨਾ ਪਾਈ ਜਾ , ਛੇਤੀ ਛੇਤੀ ਦਸ ਮੈਨੂੰ । 
ਭੈੜੀਏ ਨੀ ਕਾਹਨੂੰ ਮੇਰੀ , ਜਾਨ ਕਢ੍ਹੀ ਜਾਨੀ ਏਂ "

ਇਨ੍ਹਾਂ ਦੀ ਦੂਸਰੀ ਕਵਿਤਾ " ਚੋਣਾਂ" ਕਹੀ – 
"ਤੁਸੀਂ ਰਖਿਉ ਖਿਆਲ ਸਾਡਾ, ਅਸੀਂ ਰਖਾਂਗੇ  ਤੁਹਾਡਾ ਜੀ"

ਕੰਧਾਲਵੀ ਸਾਹਿਬ ਜੀ ਦੀ ਦੂਜੇ ਦੌਰ ਦੀ ਹਾਸਰਸ ਕਵਿਤਾ"ਸਾਊਥਹਾਲ ਦੀ ਸੈਰ" ਕਮਾਲ ਦੀ ਹੀ ਸੀ। ਇਟਲੀ ਤੋਂ ਸਤਵਿੰਦਰ ਸਿੰਘ ਜੀ ਨੇ "ਪੰਜਾਬੀ ਤੇ ਪੰਜਾਬੀਅਤ" ਨੂੰ ਪ੍ਰਫਲਤ ਰਖਣ ਲਈ "ਮੀਡੀਆ ਪੰਜਾਬ "ਦਾ ਬੜਾ ਵਢਮੁਲਾ ਯੋਗਦਾਨ ਦਸਿਆ । ਅਮਰਜੀਤ ਸਿੰਘ ਸਿੱਧੂ ਜੀ ਨੇ ਪਹਿਲਾਂ ਤਾਂ ਸ੍ਰ ਬਾਜਵਾ ਜੀ ਨੂੰ ਜਨਮ ਦਿਨ ਦੀ ਵਧਾਈ ਦੇਂਦਿਆਂ ਆਪਣੀ ਕਵਿਤਾ ਕਹੀ, "ਰੋਵਾਂ ਮੈਂ ਪੰਜਾਬੀ ਬੋਲੀ" ਬੜੀ ਕਮਾਲ ਦੀ ਕਵਿਤਾ ਸੀ "ਅਤੇ ਦੂਸਰੀ ਨਜ਼ਮ
     
"ਕਿਹੜੀ ਗਲੋਂ ਗੁੱਸੇ ਵਿਚ ਏਦਾਂ ਕਹਿਰ ਘੋਲ ਰਹੇ।
ਆਪਣੀ ਹੀ ਮਾਂ ਦੀ ਚੁਨੀਂ  ਪੈਰਾਂ ਵਿਚ ਰੋਲ ਰਹੇ"

ਫਿਰ ਆਈ ਵਾਰੀ ਰਣਜੀਤ ਸਿੰਘ ਦੂਲੇ  ਜਿਨ੍ਹਾਂ ਨੂੰ ਲੋਕੀਂ ਪਿਆਰ ਨਾਲ "ਤਾਇਆ ਬਕਰੀਆਂ ਵਾਲਾ " ਕਹਿੰਦੇ ਹਨ । ਉਨ੍ਹਾਂ ਨੇ ਤਾਂ ਵਿਅੰਗ ਵੀ "ਤਾਇਆ ਬਕਰੀਆਂ ਵਾਲੇ ਤੇ ਹੀ ਵਿਅੰਗ ਕੱਸਿਆ ਸੀ । 

ਬਲਜਿੰਦਰ ਸਿੰਘ ਇਟਲੀ ਨੇ ਕਵਿਤਾ ਕਹੀ

"ਮੇਰਾ ਨਾਂ ਪੰਜਾਬ ਪਿਆ , ਪੰਜ ਦਰਿਆਵਾਂ ਕਰਕੇ”
      
ਪੰਮਾ ਲਸਾੜੀਆ ਦਾ ਗੀਤ "ਕਦੇ ਪੁਛਿਆ ਨਹੀ ਸਾਨੂੰ ਕਿਵੇਂ ਤੁਹਾਡਾ ਹਾਲ ਸੱਜਣਾਂ "

ਅਮਰੀਕ ਸਿੰਘ ਮੀਕਾ ਜੋ ਹੰਬਰਗ ਤੋਂ ਪਹੁੰਚੇ ਸਨ,ਉਨ੍ਹਾਂ ਦਾ ਗੀਤ "ਪੁੱਤ ਪਰਦੇਸੀ " ਬਹੁਤ ਹੀ ਵਧੀਆ ਰਿਹਾ । ਯੂ. ਕੇ ਤੋਂ ਆਏ ਸ੍ਰ ਅਜੀਤ ਸਿੰਘ ਹੋਰਾਂ ਕਿਹਾ ਕਿ "ਆਂਟੀ ਆਖ ਬੁਲਾਇਆ ਕਰ" ਸੁਣ ਕੇ ਸਰੋਤਿਆਂ ਤੋਂ ਹਾਸਾ ਡਕਿਆ ਨਹੀ ਸੀ ਜਾਂਦਾ  ।  ਸ੍ਰ ਅਮਰਜੀਤ ਸਿੱਧੂ ਜੀ ਦੀ ਲਿਖੀ ਕਵਿਤਾ 'ਬਸ ਕਰੋ ਜੀ' ਸੁਣਾਈ ਗਈ । ਗੀਤਾਂ ਦੀ ਵਣਜਾਰਣ ਸ੍ਰੀਮਤੀ ਅੰਜੂਜੀਤ ਸ਼ਰਮਾ ਜੀ ਨੇ ਬ੍ਰਿਹੋਂ ਦੇ ਸੁਲਤਾਨ "ਸ਼ਿਵ" ਦੀ ਕਲਮ ਨੂੰ ਸਲਾਮ ਕੀਤੀ 'ਤੇ ਤਰਨੰਮ ਵਿਚ ਗੀਤ ਕਿਹਾ -
     "ਸ਼ਾਮ ਸਵੇਰੇ ਦੌੜੇ ਜ਼ਿੰਦਗੀ, ਕਿ ਵਕਤ ਬਹੁਤ ਘੱਟ ਹੈ" ਅਤੇ

     "ਮੇਰੇ ਪਰਛਾਵੇਂ ਨਾਲ ਕੋਈ ਤੁਰਦਾ ਪਿਆ ਹੈ ।
      ਮੇਰੇ ਜਿਸਮ ਨਾਲ ਕੋਈ ਚਿੱਪਕ ਰਿਹਾ ਹੈ” ਕਾਬਿਲੇ ਤਾਰੀ/ ਸੀ । 

ਸ੍ਰੀ ਗੁਰਦਵਾਰਾ ਸਾਹਿਬ ਦੇ ਮੁੱਖ ਸੇਵਾਦਾਰ "ਆਲਮਗੀਰ" ਜੀ ਨੇ ਪੰਜਾਬੀ ਤੇ ਪੰਜਾਬੀਅਤ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਅਤੇ ਮਾਂ ਬੋਲੀ  ਨਾਲ ਜੁੜੇ ਰਹਿਣ ਦੀ ਅਪੀਲ ਕਰਦਿਆਂ ਪੁਸਤਕਾਂ ਪੜ੍ਹਨ ਤੇ ਵਧੇਰਾ ਜੋਰ ਪਾਇਆ । ਨਾਰਵੇ ਤੋਂ ਪਹੁੰਚੇ ਸ੍ਰ ਸੁਖਦੇਵ ਸਿੰਘ ਸਿੱਧੂ ਜੀ ਦਾ ਕਲਾਮ "ਸਭ ਠੀਕ ਠਾਕ ਜਿਹਾ ਲਗਦਾ ਏ " ਸੁਣਾ ਕੇ ਕਵੀ ਦਰਬਾਰ ਦਾ ਰੰਗ ਬਦਲਿਆ । 

ਆਈ ਵਾਰੀ ਸੁਚਾ ਸਿੰਘ ਬਾਜਵਾ ਦੀ, ਆਪਣੇ ਸ਼ਿਅਰਾਂ ਵਿਚ ਕਿਹਾ 
"ਕਲਮਾਂ ਵਾਲਿਉ! ਕਲਮ ਨਹੀਂ, ਧਰਮ ਹੈ ਇਹ
ਏਸ  ਧਰਮ  ਦੀ  ਇਕ ਹੀ  ਜਾਤ  ਲਿਖੋ "

ਫਿਰ ਇਨ੍ਹਾਂ ਅੰਜੂਜੀਤ ਸ਼ਰਮਾ ਜੀ ਨਾਲ ਖ਼ਬਰਾਂ ਦੀ ਵਾਹਵਾ ਮੁਰੰਮਤ ਕੀਤੀ । 

ਇੰਦਰਜੀਪਾਲ ਨਾਰਵੇ  ਨੇ ਕਵਿਤਾ"ਮੈਂ ਪਰਦੇਸੀ , ਕਿਸੇ ਦੇਸ਼ ਦਾ ਨਾ ਵਾਸੀ" ਸੁਣਾਈ । ਨਿਰਮਲ ਸਿੰਘ ਕੰਧਾਲਵੀ ਜੀ ਨੇ ਦੂਜੇ ਦੌਰ ਵਿਚ ਵੀ ਢਿੱਡੀਂ ਪੀੜਾਂ ਪਾ ਦਿਤੀਆਂ । 

ਵਿਸ਼ੇਸ਼ ਤੌਰ ਤੇ ਪਹੁੰਚੇ "ਤਰਵੇਦੀ" ਜੀ ਨੇ ਕਵਿਤਾ " ਚੰਨਾ ਤੂੰ ਕਿਧਰੋਂ ਚਮਕ ਫਿਰ, 'ਨੇਰੇ 'ਚ ਤੇਰੀ ਲੋੜ ਹੈ " ਕਹੀ । 
                 
ਮੀਡੀਆ ਪੰਜਾਬ ਦੇ ਸ਼ਹਿਰ ਲਾਈਪਸਿੰਗ ਦੇ ਇਕ ਜਰਮਨੀ ਵਿਦਵਾਨ ਨੇ ਬੁੱਧੀਜੀਵ ਸਾਹਿਤਕਾਰਾਂ ਦੇ ਦਰਸ਼ਨ ਕਰਨ ਦੀ ਇੱਛਾ ਪਰਗਟ ਕੀਤੀ 'ਤੇ ਆਪਣੀ ਡੱਚ ਭਾਸ਼ਾ ਵਿਚ ਆਏ ਵਿਦਵਾਨਾਂ ਦਾ ਧੰਨਵਾਦ ਕੀਤਾ, ਜਿਸ ਦੀ ਸਭ ਨੂੰ ਬਹੁਤ ਖ਼ੁਸ਼ੀ ਹੋਈ । ਇਟਲੀ ਤੋਂ ਸਾਹਿਤਕਾਰ ਤੇ ਪੱਤਰਕਾਰ ਵਿਕਾਸ਼ ਸ਼ਰਮਾ ਜੀ ਵਲੋਂ ਪੁਸਤਕ " ਸੋਚਾਂ ਦੀਆਂ ਪੈੜਾਂ" ਮੋਤਾ ਸਿੰਘ ਸਰਾਏ, ਕੰਧਾਲਵੀ, ਕੁੱਸਾ ਜੀ, ਆਲਮਗੀਰ ਜੀ , ਚੰਨ ਜੀ ਸ੍ਰ ਬਲਦੇਵ ਸਿੰਘ ਬਾਜਵਾ ਅਤੇ ਹੋਰ ਪਤਵੰਤੇ ਸੱਜਣਾਂ ਰੀਲੀਜ਼ ਕੀਤੀ । " ਇੰਟਰਨੈਸ਼ਨਲ ਪੰਜਾਬੀ ਸੱਥ' ਦੇ ਸਰਪ੍ਰਸਤ ਸ੍ਰ ਮੋਤਾ ਸਿੰਘ ਸਰਾਏ ਜੀ ਨੇ ਮਾਂ ਬੋਲੀ ਦੀ ਪ੍ਰੀਭਾਸ਼ਾ ਦਰਸਾਉਂਦਿਆਂ ਪੰਜਾਬੀ 'ਤੇ ਪੰਜਾਬੀਅਤ ਬਾਰੇ ਆਪਣੇਂ ਬਹੁਮੁਲੀ ਸ਼ਬਦਾਂ ਨਾਲ ਵਿਖਿਆਨ ਕੀਤਾ ਅਤੇ "ਪੰਜਾਬੀ ਸੱਥ " ਵਲੋਂ ਲਿਆਂਦੀਆਂ ਪੁਸਤਕਾਂ ਦਾ ਬਹੁਤ ਵੱਡਾ ਭੰਡਾਰ ਸਭ ਲੇਖ਼ਕਾਂ ਤੇ ਪਾਠਕਾਂ ਨੂੰ ਮੁਫਤ ਵੰਡਿਆ ਗਿਆ ਜੋ ਕਿ ਇਹ ਹਰ ਵਾਰ ਵਾਂਗ ਪੁਸਤਕਾਂ ਪੜ੍ਹਨ ਦੀ ਰੁਚੀ ਨੂੰ ਅਤੇ ਮਾਂ ਬੋਲੀ ਦੇ ਰੁੱਤਬੇ ਦੀ ਸਰਦਾਰੀ ਬਣਾਈ ਰਖਣ ਲਈ ਉਪਰਾਲਾ ਕਰਦੇ ਹਨ।ਇਹ ਇਨ੍ਹਾਂ ਦੀ ਬਹੁਤ ਵੱਡੀ ਨਿਸ਼ਕਾਮ ਸੇਵਾ ਹੈ। ਸਾਹਿਤਕਾਰ, ਨਾਵਲਿਸਟ ਤੇ ਸ਼ਾਇਰ  ਸ਼ਿਵਚਰਨ ਕੁੱਸਾ ਜੀ ਨੇ ਆਪਣੀ ਕਲਮ ਰਾਹੀਂ ਸਾਹਿਤ ਦੀ ਬਹੁਤ ਸੇਵਾ ਕੀਤੀ ਹੈ ਤੇ ਕਰਦੇ ਹੀ ਰਹਿਣਗੇ।ਸਾਡੀਆਂ ਸ਼ੁਭ ਇਛਾਵਾਂ ਉਹਨਾਂ ਦੇ ਨਾਲ ਹਨ। ਅੰਤ ਵਿਚ ਆਏ ਹੋਏ ਸੱਜਣਾਂ ਨੂੰ ਸਨਮਾਨਿਤ ਕਰਨ ਉਪਰੰਤ ਇਸ ਮਹਾਨ ਕਾਵਿ ਕੁੰਭ ਦੇ ਸਿਰਜਨਹਾਰ ਸ੍ਰ ਬਲਦੇਵ ਸਿੰਘ ਬਾਜਵਾ ਜੀ  ਨੇ ਆਏ ਹੋਏ ਸਾਹਿਤਕਾਰ ਸੱਜਣਾਂ ਤੇ ਸਰੋਤਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ।

ਸ਼ਾਲਾ ! ਇਹੋ ਜਿਹੇ ਕਲਮੀ ਮੇਲੇ ਲਗਦੇ ਰਹਿਣ 'ਤੇ ਅਸੀਂ ਆਪਣੀ ਮਾਂ ਬੋਲੀ ਪੰਜਾਬੀ 'ਤੇ ਪੰਜਾਬੀਅਤ ਦੇ ਸੱਚੇ ਸਪੂਤ ਬਣਨ ਦਾ ਅਹਿਦ ਲੈਂਦੇ ਰਹੀਏ ।
**** 

No comments: