ਟੁੱਟਿਆ ਕੀ-ਕੀ ਹੈ………… ਗ਼ਜ਼ਲ / ਦਾਦਰ ਪੰਡੋਰਵੀ


ਟੁੱਟਿਆ ਕੀ-ਕੀ ਹੈ, ਟੁੱਟੇ ਸੁਪਨਿਆਂ ਦੇ ਨਾਲ-ਨਾਲ।
ਮੰਜ਼ਿਲਾਂ ਦਮ ਤੋੜ ਗਈਆਂ ਰਸਤਿਆਂ ਦੇ ਨਾਲ-ਨਾਲ।

ਪਾਰਦਰਸ਼ੀ ਹੋਣ ਦਾ ਮੈਂਨੂੰ ਇਹ ਮਿਲਿਆ ਹੈ ਇਨਾਮ,
ਝੋਲ ਮੇਰੀ ਭਰ ਗਈ ਹੈ ਟੁਕੜਿਆਂ ਦੇ ਨਾਲ-ਨਾਲ।

ਖ਼ਤਰਿਆਂ ਦੇ ਨਾਲ ਖੇਡਾਂ ਖੇਡਦੇ ਹੋਏ ਜਵਾਨ ,
ਵਰਚਣਾ ਵੀ ਸਿਖ ਲਿਆ ਹੈ ਸਦਮਿਆਂ ਦੇ ਨਾਲ-ਨਾਲ।

ਕਿੰਗਰੇ ਭੁਰ ਜਾਣ ਦੀ ਵੀ ਕੀ ਸਜ਼ਾ ਦਿੰਦੇ ਨੇ ਲੋਕ,
ਬਾਹਰ ਸੁਟ ਦਿੰਦੇ ਨੇ ਫੁਲ ਵੀ ਗ਼ਮਲਿਆਂ ਦੇ ਨਾਲ-ਨਾਲ।



ਮੀਲ ਪੱਥਰਾਂ ਦੀ ਕੋਈ ਸਾਜ਼ਿਸ਼ ਹੋਈ ਹੈ ਕਾਮਯਾਬ,
ਸੌਣ ਲੱਗੇ ਨੇ ਮੁਸਾਫ਼ਿਰ ਰਸਤਿਆਂ ਦੇ ਨਾਲ-ਨਾਲ।

ਡਾਢ੍ਹਿਆਂ ਸਮਿਆਂ ‘ਚ ਇਹ ਵੀ ਦਰਜ ਹੋਇਆ ਹੈ ਸਫ਼ਰ,
ਸ਼ੱਕ ਵੀ ਤੁਰਿਆ ਨਿਰੰਤਰ,ਰਿਸ਼ਤਿਆਂ ਦੇ ਨਾਲ-ਨਾਲ।

ਜੇ ਮੈਂ ਮੁਜ਼ਰਿਮ ਠਹਿਰਦਾ ਹਾਂ ਹਸਰਤਾਂ ਦੇ ਦੌਰ ਵਿੱਚ ,
ਲਾ ਦਿਓ ਮੈਂਨੂੰ ਵੀ ਫਾਹੇ,ਮੁਜ਼ਰਿਮਾਂ ਦੇ ਨਾਲ-ਨਾਲ।

ਪੀ ਕੇ ਸਾਗਰ ਵੀ ਅਜੇ ਤਕ ਆਫ਼ਰੇ ਨਾ ਉਹ ਜਨਾਬ?
ਸਾਨੂੰ ਪਰ ਪਰਚਾ ਰਹੇ ਨੇ ਤੁਪਕਿਆਂ ਦੇ ਨਾਲ-ਨਾਲ।

****

No comments: