ਵਿਛੜੇ ਹੋਏ ਸੱਜਣਾਂ ਦੀ
ਬਾਤ ਕੋਈ ਪਾ ਗਿਆ ।
ਬਾਤ ਕੈਸੀ ਪਾ ਗਿਆ ,
ਬਸ! ਅੱਗ ਸੀਨੇਂ ਲਾ ਗਿਆ।
ਯਾਦ ਉਹਦੀ ਵਿਚ ਭਾਵੇਂ
ਬੀਤ ਗਿਆ ਰਾਤ ਦਿਨ ,
ਰੋਗ ਐਸਾ ਚੰਦਰਾ ਜੋ
ਹੱਡੀਆਂ ਨੂੰ ਖਾ ਗਿਆ ।
ਯਾਰ ਦੇ ਦੀਦਾਰ ਬਾਝੋਂ
ਜੱਗ ਸੁੰਨਾਂ ਜਾਪਦਾ ਏ,
ਵੀਰਾਨ ਹੋਈ ਜ਼ਿੰਦਗੀ ਦਾ
ਗੀਤ ਕੋਈ ਗਾ ਗਿਆ ।
ਮੱਚਦੀ ਹੋਈ ਅੱਗ ਦਾ
ਮੈਂ ਸੇਕ ਸੀਨੇਂ ਝੱਲਿਆ,
ਉਹ ਤਪੇ ਮਾਰੂਥਾਲ ਵਾਂਗ
ਦਿਲ ਨੂੰ ਤੜਫਾ ਗਿਆ।
ਰਾਤ ਸਾਰੀ ਅੱਖੀਆਂ ਚੋਂ
ਕਿਣ - ਮਿਣ ਸੀ ਹੋ ਰਹੀ,
ਪਰ ! ਬਣ ਉਹ ਤੂਫਾਨ
ਮੇਰੇ ਦਿਲ ਉਤੇ ਛਾ ਗਿਆ।
ਮੈਂ ਕਈ ਵਾਰੀ ਦਿਲ ਨੂੰ
ਧਰਵਾਸ ਦੇ ਕੇ ਵੇਖਿਆ,
ਉੇਹ ਰੇਤ ਦੇ ਘਰ ਵਾਂਗਰਾਂ
ਸੁਪਨਿਆਂ ਨੂੰ ਢਾ ਗਿਆ।
"ਸੁਹਲ" ਅੱਖਾਂ ਬੰਦ ਕਰਕੇ
ਜਦ ਵੀ ਮੈਂ ਝਾਕਿਆ ,
ਇਉਂ ਮੈਨੂੰ ਜਾਪਿਆ ਕਿ
ਆ ਗਿਆ ਉਹ ਆ ਗਿਆ।
ਵਿਛੜੇ ਹੋਏ ਸੱਜਣਾਂ ਦੀ
ਬਾਤ ਕੋਈ ਪਾ ਗਿਆ।
ਬਾਤ ਕੈਸੀ ਪਾ ਗਿਆ ,
ਬਸ! ਅੱਗ ਸੀਨੇਂ ਲਾ ਗਿਆ।
***
No comments:
Post a Comment