ਆਪਨੜੈ ਗਿਰੀਵਾਨ ਮਹਿ.......... ਲੇਖ / ਕੇਹਰ ਸ਼ਰੀਫ਼


ਕੋਈ ਵੀ ਸੂਝਵਾਨ ਵਿਅਕਤੀ ਕਿਸੇ ਦੂਸਰੇ ਬਾਰੇ ਵਿਚਾਰ ਕਰਦਿਆਂ ਉਸਦੇ ਉਸਾਰੂ ਪੱਖਾਂ ਦਾ ਜਿ਼ਕਰ ਕਰਨਾ ਲਾਜ਼ਮੀ ਪਸੰਦ ਕਰੇਗਾ, ਪਰ ਫੇਰ ਵੀ ਕਿਉਂਕਿ ਇਕ ਪਾਸੇ ਵਾਲਾ ਸਿੱਕਾ ਹੁੰਦਾ ਹੀ ਨਹੀਂ ਇਸ ਕਰਕੇ ਉਸਦੇ  ਗੁਣਾਂ ਨਾਲ ਉਸਦੀਆਂ ਘਾਟਾਂ ਜਾਂ ਦਿਸਦੇ-ਅਣਦਿਸਦੇ ਅਵਗੁਣਾਂ ਦਾ ਵੀ ਹੋਣਾ ਕੋਈ ਹੈਰਾਨੀ ਵਾਲੀ ਜਾਂ ਅਲੋਕਾਰ ਗੱਲ ਨਹੀਂ ਕਹੀ ਜਾ ਸਕਦੀ । ਇਥੇ ਇਕ ਕਹਾਵਤ ਨੂੰ ਚੇਤੇ ਕਰਨ ਦੀ ਲੋੜ ਪੈਂਦੀ ਹੈ ਕਿ ‘ਕੋਈ ਵੀ ਵਿਅਕਤੀ ਸੋਲਾਂ ਕਲਾ ਸੰਪੂਰਨ ਨਹੀਂ ਹੁੰਦਾ’ ਦੁੱਖ ਤਾਂ ਉਸ ਵੇਲੇ ਹੁੰਦਾ ਹੈ ਜਦੋਂ ਕਿਸੇ ਦੇ ਅਵਗੁਣ ਹੀ ਉਸਦੇ ਗੁਣਾਂ ’ਤੇ ਭਾਰੂ ਹੋ ਜਾਣ ਅਤੇ ਉਸਦੀ ਸ਼ਖਸੀਅਤ ਨੂੰ ਢਾਅ ਲਾਉਣ ਲੱਗ ਪੈਣ ਜਾਂ ਬੌਨਾਂ ਕਰਨ ਦੇ ਰਾਹੇ ਤੁਰ ਪੈਣ। ਪਰ ਅਜਿਹਾ ਕਿਸੇ ਦੀ ਵੀ ਇਕ ਅੱਧੀ ਨਾਂਹ ਪੱਖੀ ਆਦਤ ਨੂੰ ਹੀ ਲੈ ਕੇ ਫਤਵੇ ਦੇਣ ਨਹੀਂ ਤੁਰ ਪੈਣਾ ਚਾਹੀਦਾ ਸਗੋਂ ਕਿਸੇ ਸਿਰੇ ਜਾਂ ਫੈਸਲੇ ੳੱਤੇ ਪਹੁੰਚਣ ਤੋਂ ਪਹਿਲਾਂ ਉਸ ਇਨਸਾਨ ਦੇ ਸਮੁੱਚੇ ਵਿਹਾਰ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ ।


ਜਦੋਂ ਕਦੇ ਕਿਸੇ ਸਿਆਣੇ, ਸੂਝਵਾਨ ਵਿਅਕਤੀ ਵਲੋਂ ਕਿਸੇ ਵੀ ਕਿਸਮ ਦੀਆਂ ਨੀਵਾਣਾਂ ਵਲ ਤੁਰ ਜਾਣ ਦਾ ਪਤਾ ਲਗਦਾ ਹੈ ਤਾਂ ਪਹਿਲਾਂ ਲੋਕ ਆਪਣੀ ਆਦਤ ਮੁਤਾਬਕ ਇਕ ਦੂਜੇ ਦੇ ਕੰਨਾਂ ਕੋਲ ਮੂੰਹ ਕਰਕੇ ਗੱਲਾਂ ਕਰਦੇ ਹਨ ਅਤੇ ਫੇਰ ਸ਼ਰੇਆਮ ਗਲ਼ੀਂ-ਬਜ਼ਾਰੀਂ ਉਸਦੀ ਚਰਚਾ ਹੋਣ ਲੱਗ ਪੈਂਦੀ ਹੈ। ਜਦੋਂ ਅਜਿਹਾ ਮਾਮਲਾ ਆਮ ਬਣ ਜਾਵੇ ਤਾਂ ਜਿੰਨੇ ਮੂੰਹ ੳੱਨੀਆਂ ਗੱਲਾਂ, ਫੇਰ ਅਸਲੀ ਗੱਲ/ ਮਸਲੇ ਦੇ ਨਾਲ ਨਾਲ ਮਨਘੜਤ/ਗੈਰਹਕੀਕੀ ਫੰਘ੍ਹਾਂ ਦੀਆਂ ਡਾਰਾਂ ਵੀ ਬਣਦੀਆਂ ਹਨ, ਜੋ ਆਮ ਜਿਹਾ ਵਰਤਾਰਾ ਹੈ। ਕਈ ਤਾਂ ਅਜਿਹੇ ਵਿਅਕਤੀ ਦਾ ਸਾਹ-ਸਤ ਚੂਸਣ ਤੁਰ ਪੈਂਦੇ ਹਨ ਜਿਸ ਨਾਲ ਅਜਿਹੇ ਵਿਅਕਤੀ ਦੇ ਮਨੋਬਲ ਨੇ ਡਿਗਣਾਂ ਹੀ ਹੁੰਦਾ ਹੈ। ਅੱਜ ਦਾ ਸਮਾਂ ਹੀ ਅਜਿਹਾ ਹੈ ਕਿ ਆਮ ਆਦਮੀ ਦੀ ਮਾਨਸਿਕਤਾ ਅਤੇ ਆਮ ਲੋਕਾਂ ਦੇ ਸਿਰਾਂ ਨੂੰ ਭੋਗਵਾਦੀ, ਪਦਾਰਥਕ ਰੁਝ੍ਹਾਨ ਨੇ ਕੈਦ ਕਰ ਰੱਖਿਆ ਹੈ। ਅਜਿਹੀ ਸਥਿਤੀ ਵਿਚ ਤਾਂ ਬਹੁਤ ਸਾਰੇ ਸਿਆਣੇ, ਸੂਝਵਾਨ ਵੀ ਆਪਣੇ ਹੀ ਵਿਚਾਰਾਂ ਅਤੇ ਗੈਰ ਜ਼ਰੂਰੀ ਖਾਹਿਸ਼ਾਂ (ਲੋੜਾਂ ਨਹੀਂ) ਦੇ ਆਪਣੇ ਆਪ ਹੀ ਕੈਦੀ ਹੋ ਕੇ ਰਹਿ ਜਾਂਦੇ ਹਨ। ਸਭ ਕੁੱਝ ਲੋੜੋਂ ਵੱਧ ਕੋਲ ਹੁੰਦਿਆਂ-ਸੁੰਦਿਆਂ, ਭੁੱਖਿਆਂ ’ਤੇ ਨੰਗਿਆਂ ਵਾਲ਼ੀ ਬਿਰਤੀ ਹੰਢਾਉਂਦੇ ਹਨ, ਮੰਗਤਿਆਂ ਵਾਲਾ ਸੁਭਾਅ ਹੋ ਜਾਂਦਾ ਹੈ ਉਨ੍ਹਾਂ ਦਾ। ਉੱਪਰ ਵਲ ਮੂੰਹ ਚੁੱਕ ਕੇ ਤੁਰਨ ਵਾਲਾ ਅਗਾਂਹ ਕਿਸੇ ਟੋਏ ਵਿਚ ਡਿਗਣ ਤੋਂ ਬਚ ਨਹੀਂ ਸਕਦਾ ਕਿਉਂਕਿ ਉਹ ਸਾਹਮਣੇ ਦਿਸਦੇ ਟੋਏ ਨੂੰ ਦੇਖਣ ਤੋਂ ਜਾਣ ਬੁੱਝ ਕੇ ਇਨਕਾਰੀ ਹੋ ਜਾਂਦਾ ਹੈ, ਫੇਰ ਭਲਾਂ ਟੋਏ ਦਾ ਕੀ ਕਸੂਰ? ਬਿਨਾਂ ਕਾਰਨ ਆਪਣੀ ਚਾਦਰ ਤੋਂ ਬਾਹਰ ਝਾਕਣ ਵਾਲੇ ਲੋਕ ਆਪਣੀ ਹੀ ਚਾਦਰ ਪਾੜ ਸਕਦੇ ਹਨ। ਨਫ਼ਾ ਇਸ ਨਾਲ ਕੋਈ ਹੋਣਾਂ ਨਹੀਂ ਹੁੰਦਾ ਪਰ ਨੁਕਸਾਨ ਹੋਣਾ ਲਾਜ਼ਮੀ ਹੁੰਦਾ ਹੈ, ਜੇ ਕੋਈ ਸਮਝੇ ਤਾਂ ।

ਕਿਸੇ ਵੀ ਇਨਸਾਨ ਦੇ ਵਿਅਕਤਿਤਵ (ਸ਼ਖਸੀਅਤ) ਦੇ ਵਿਕਾਸ ਵਿਚ ਰਹਿ ਗਈ ਘਾਟ ਇਹ ਮੁਹਰ ਨਹੀਂ ਬਣ ਜਾਣੀ ਚਾਹੀਦੀ ਕਿ ਉਹ ਊਣਾਂ-ਪੌਣਾ ਹੈ ਜਾਂ ਫੇਰ ਉਹ ਗਿਆਂ-ਗੁਜ਼ਰਿਆਂ ਵਿਚੋਂ ਹੋ ਗਿਆ ਹੈ, ਕਿਉਂਕਿ ਦੁਨੀਆਂ ਅੰਦਰ ਬਹੁਤ ਸਾਰੀਆਂ ਹਾਂਅ ਪੱਖੀ ਅਤੇ ਨਾਂਹ ਪੱਖੀ ਘਟਨਾਵਾਂ ਘਟਦੀਆਂ ਹੀ ਰਹਿੰਦੀਆਂ ਹਨ। ਇੰਝ ਵੀ ਹੁੰਦਾ ਹੈ ਕਿ ਅੰਗਹੀਣ (ਜਾਂ ਊਣੇ-ਪੌਣੇ) ਕਹੇ ਜਾਂਦੇ ਵਿਅਕਤੀ ਅੰਗਾਂ ਵਾਲਿਆਂ ਤੋਂ ਅੱਗੇ ਲੰਘ ਜਾਂਦੇ ਹਨ ’ਤੇ ਉਨ੍ਹਾਂ ਤੋਂ ਸਿਆਣੇ ਸਾਬਤ ਹੋ ਜਾਂਦੇ ਹਨ। ਬਹੁਤ ਤਾਂ ਨਹੀਂ ਇੱਥੇ ਸਿਰਫ ਦਾਲ਼ ਵਿਚੋਂ ਦਾਣੇ ਟੋਹਣ ਵਾਲੀ ਦਲੀਲ ਦਾ ਪੱਲਾ ਫੜਿਆ ਜਾ ਸਕਦਾ ਹੈ। ਆਪਣੇ ਆਪ ਤੋਂ ਲਾਚਾਰ ਮੰਜੇ ’ਤੇ ਪਈ ਲੇਖਿਕਾ ਕ੍ਰਿਸਟੀ ਬਰਾਊਨ ਦਾ ਨਾਂ ਲੈਣਾ ਜਾਂ ਵਿਗਿਆਨਕ ਕਾਢਾਂ ਦੇ ਖੇਤਰ ਅੰਦਰ ਆਈਨਸਟਾਈਨ ਤੋਂ ਬਾਅਦ ਬਹੁਤ ਵੱਡਾ ਨਾਂ ਉਭਰਿਆ ਸਟੇਫਨ ਹਾਕਿੰਗ ਦਾ ਜਿਹੜਾ ਪੜੂਆਂ ਵਾਲੀ ਕੁਰਸੀ ਉੱਤੇ ਬੈਠਕੇ ਹੀ ਟੁਰਨ ਫਿਰਨ ਦਾ ਆਹਰ ਕਰਨ ਦੇ ਯੋਗ ਹੈ। ਦੂਰ ਕੀ ਜਾਣਾ ਪਿੱਛੇ ਜਹੇ ਸੁਰਗਵਾਸ ਹੋਏ ਪੰਜਾਬੀ ਸਾਹਿਤ ਦੇ ਮਹਾਨ ਪੁਰਖ, ਖੁਸ਼ਬੂਦਾਰ ਅਤੇ ਮੁਹੱਬਤੀ ਇਨਸਾਨ ਪਿਆਰਾ ਸਿੰਘ ਸਹਿਰਾਈ ਦਾ ਨਾਂ ਲਿਆ ਜਾ ਸਕਦਾ ਹੈ ਜੋ ਪਹਿਲਾਂ ਪਹੀਆਂ ਵਾਲੀ (ਰੇਹੜੀ) ਕੁਰਸੀ ਤੇ ਤੁਰਦੇ ਫਿਰਦੇ ਸਨ। ਘਰ ਅੰਦਰ ਖੜ੍ਹਕੇ ਤੁਰਨੋ ਆਰੀ ਬਾਥਰੂਮ ਤੱਕ ਜਾਣ ਵੇਲੇ ਵੀ ਹੱਥਾਂ ਵਿਚ ‘ਖੜਾਵਾਂ’ ਜਹੀਆਂ ਪਾ ਕੇ ਹੀ ਜਾਂਦੇ ਸਨ, ਪਰ ਸੋਚ ਉਨ੍ਹਾਂ ਕੋਲ ਉਹ ਸੀ – ਵਿਗਿਆਨਕ ਜੋ ਵਿਰਲਿਆਂ ਟਾਵਿਆਂ ਕੋਲ ਹੀ ਹੁੰਦੀ ਹੈ। ਇਹ ਉਨ੍ਹਾਂ ਦੀਆਂ ਲਿਖਤਾਂ ਪੜ੍ਹਕੇ ਹਰ ਕੋਈ ਪਰਖ ਸਕਦਾ ਹੈ।

ਪੰਜਾਬੀਆਂ ਕੋਲ ਹੌਸਲਾ ਅਤੇ ਸਿਦਕ, ਸਿਰੜ ਸਭ ਕਮਾਲ ਹੈ ਇੱਥੇ ਕੁੱਝ ਕੁ ਉਨ੍ਹਾਂ ਸ਼ਬਦ/ਸਾਹਿਤ ਨਾਲ ਜੁੜੇ ਸੂਰਮਿਆਂ ਦਾ ਨਾਂ ਲਿਆ ਜਾ ਸਕਦਾ ਹੈ ਜਿਨ੍ਹਾਂ ਦੀਆਂ ਅੱਖਾਂ ਦੀ ਲੋਅ ਗੁਆਚ ਜਾਣ ’ਤੇ ਵੀ ਉਨ੍ਹਾਂ ਦਿਲ ਨਾ ਛੱਡਿਆ, ਹੌਸਲਾ ਨਾ ਹਾਰਿਆ ਪ੍ਰੋ: ਕਸੇਲ , ਡਾ: ਐਸ. ਤਰਸੇਮ ਅਤੇ ਅਜੀਤ ਸੈਲਾਨੀ ਅਜਿਹੇ ਹੀ ਸਿਦਕ ਦੀ ਮਿਸਾਲ ਹਨ। ਹੋਰ ਵੀ ਕਈ ਨਾਂ ਗਿਣੇ ਜਾ ਸਕਦੇ ਹਨ ਜਿਨ੍ਹਾਂ ਦੀ ਸੁਨੱਖੀ ਤੇ ਵਿਗਿਆਨਕ ਸੋਚ ਸਮਾਜੀ ਵਿਹਾਰ ਅਤੇ ਕੁੱਝ ਕਰਨ ਦੇ ਦਾਈਏ ਨੇ ਉਨ੍ਹਾਂ ਨੂੰ ਸਦਾ ਹੀ ਅੱਗੇ ਜਾਣ ਵਾਸਤੇ ਪ੍ਰੇਰੀ ਰੱਖਿਆ । ਇਸ ਸਿਦਕ ਬਦਲੇ ਕਿੰਨਾ ਮੁੱਲ ਤਾਰਨਾ ਪੈਂਦਾ ਹੈ, ਕਿੱਡੇ ਜਿਗਰੇ ਦੀ, ਕਿੰਨੀ ਮਿਹਨਤ ਦੀ ਲੋੜ ਪੈਂਦੀ ਹੈ ਅਜਿਹੇ ਲੋਕਾਂ ਨੂੰ ਮੁਸੀਬਤਾਂ ਭਰੇ ਅੱਗ ਦਾ ਦਰਿਆ ਤਰਨ ਸਮੇਂ। ਇਹ ਸੋਚਦਿਆਂ ਹੀ ਉਨ੍ਹਾਂ ਸ਼ਖਸੀਅਤਾਂ ਦੇ ਹੌਸਲੇ ਅੱਗੇ ਸਤਿਕਾਰ ਨਾਲ ਸਿਰ ਝੁਕ ਜਾਂਦਾ ਹੈ ।

ਸਾਹਿਤ ਪੜ੍ਹਨ ਵਾਲਿਆਂ ਨੇ ਰੂਸੀ ਸਾਹਿਤ ਦੀ ਉੱਤਮ ਰਚਨਾ ‘ਅਸਲੀ ਇਨਸਾਨ ਦੀ ਕਹਾਣੀ’ ਲੱਭ ਲੱਭ ਕੇ ਪੜ੍ਹੀ ਸੀ। ਸ਼ਾਇਦ ਹੀ ਪੰਜਾਬੀ ਦਾ ਕੋਈ ਸਾਹਿਤ ਰਸੀਆਂ ਹੋਵੇ ਜਿਸਨੇ ਬੋਰਿਸ ਪੋਲੇਬੋਈ ਦੀ ਇਸ ਰਚਨਾ ਦਾ ਪੰਜਾਬੀ ਅਨੁਵਾਦ ਨਾ ਪੜ੍ਹਿਆ ਹੋਵੇ। ਜਿਸਦੇ ਪੜ੍ਹਨ ਨਾਲ ਮਨੁੱਖ ਨੂੰ ਆਪਣੇ ਅੰਦਰ ਸਾਹਸ ਦੇ ਜਾਗ ਪੈਣ ਦਾ ਅਹਿਸਾਸ ਹੁੰਦਾ ਹੈ। ਇਸਨੂੰ ਰਚਨਾ/ਸਾਹਿਤ ਦੀ ਸ਼ਕਤੀ ਵੀ ਆਖਿਆ ਜਾ ਸਕਦਾ ਹੈ। ਜਿਹੜੇ ਲੋਕ ਸਾਹਿਤ ਨੂੰ ਦਿਲ ਪ੍ਰਚਾਵੇ ਦਾ ਸਾਧਨ ਗਿਣਤ ਤੱਕ ਸੀਮਤ ਹਨ ਜਾਂ ਹੋਣਾ ਚਾਹੁੰਦੇ ਹਨ ਉਨ੍ਹਾਂ ਵਾਸਤੇ ਇਹ ਰਾਹ ਵੰਗਾਰ ਵੀ ਹੈ ਅਤੇ ਸ਼ੀਸ਼ਾ ਵੀ। ਵੰਗਾਰ ਨੂੰ ਕਬੂਲਣਾ ਅਤੇ ਸ਼ੀਸ਼ੇ ਅੰਦਰ ਝਾਕਣਾ ਉਨ੍ਹਾਂ ਦਾ ਹੀ ਕੰਮ ਹੈ। ਸ਼ਾਇਦ ਇਸ ਤਰ੍ਹਾਂ ਹੀ ਕੋਈ ਕੰਮ ਦਾ ਨੁਕਤਾ, ਕੋਈ ਸਾਰਥਕ ਰਾਹ ਉਨ੍ਹਾਂ ਦੇ ਪੱਲੇ ਪੈ ਜਾਵੇ । 

ਵਿਸ਼ਵਾਸ ਸੌ ਦੁੱਖਾਂ ਦਾ ਦਾਰੂ ਹੈ। ਆਪਣੇ ਅੰਦਰਲੇ ਵਿਸ਼ਵਾਸ ਨੂੰ ਫੜ ਲੈਣ ਵਾਲੇ, ਜ਼ਮਾਨੇ ਨੂੰ ਉਂਗਲ ਲਾ ਕੇ ਆਪਣੇ ਨਾਲ ਤੋਰ ਲੈਂਦੇ ਹਨ। ਉਹ ਬਹੁਤ ਸਾਰਿਆਂ ਵਾਸਤੇ ਪ੍ਰੇਰਨਾ ਦਾ ਸ੍ਰੋਤ ਹੋ ਨਿੱਬੜਦੇ ਹਨ। ਉਹ ਕਸਤੂਰੀ ਦੀ ਸੁਗੰਧੀ ਬਾਹਰੋਂ ਨਹੀਂ ਅੰਦਰੋਂ ਹੀ ਭਾਲ਼ ਲੈਂਦੇ ਹਨ। ਇਹ ਢੂੰਡ, ਭਾਲ਼ ਦਾ ਕਾਰਜ ਔਖਾ ਤਾਂ ਹੈ ਪਰ ਅਸੰਭਵ ਬਿਲਕੁਲ ਨਹੀਂ ਕਿਉਂਕਿ ਅਸੰਭਵ ਕੁੱਝ ਵੀ ਨਹੀਂ ਹੁੰਦਾ। ਲੋੜ ਤਾਂ ਮੜ੍ਹਾਸਾ ਮਾਰ ਕੇ ਠੋਸ ਕਦਮੀਂ ਤੁਰਨ ਦੀ ਹੁੰਦੀ ਹੈ। ਫੇਰ ਵਿਰਲੇ-ਟਾਵੇਂ ਵੀ ਕਾਫਲਿਆਂ ਦੀ ਸ਼ਕਲ ਧਾਰਨ ਕਰ ਹੀ ਲੈਂਦੇ ਹਨ ਅਤੇ ਜਿ਼ੰਦਗੀ ਨੂੰ ਖੁਬਸੂਰਤੀ ਵਿਚ ਢਾਲਣ ਵਾਸਤੇ ਯਤਨਸ਼ੀਲ ਹੋ ਜਾਂਦੇ ਹਨ। ਇਸ ਰਾਹੇ ਤੁਰਨ ਵੇਲੇ ਆਪਣੇ ਆਪ ਵਲ ਮੋਹ ਭਰੇ, ਆਲੋਚਨਾਤਮਿਕ ਵਤੀਰੇ ਦਾ ਸਾਥ ਮਨੁੱਖ ਨੂੰ ਅਵਗੁਣਾ ਤੋਂ ਗੁਣਾਂ ਵਲ ਤੋਰਨ ਦਾ ਸੁਚੱਜਾ ਕਾਰਜ ਹੋ ਨਿੱਬੜਦਾ ਹੈ ।
****

No comments: