ਛੜਿਆਂ ਦੀ ਪੈਲੀ ਵਿਚ ਢੱਟਾ ਚਰੈ.......... ਲੇਖ / ਜੋਗਿੰਦਰ ਬਾਠ ਹੌਲੈਂਡ



ਪਾਇਆ! ਨੀ ਰੋਹੀ ਵਾਲਾ ਜੰਡ ਵੱਢ ਕੇ
ਲੰਡੇ ਚਿੜੇ ਨੇ ਚੁਬਾਰਾ ਪਾਇਆ ਨੀ

ਜਦੋਂ ਮੈਂ ਨਿੱਕਾ ਜਿਹਾ ਹੁੰਦਾ ਸੀ ਤਾਂ ਉਦੋਂ ਕਦੇ ਸਾਡੇ ਮੁਹੱਲੇ ਵਿਚ ਵਿਆਹ ਸ਼ਾਦੀ ਜਾਂ ਕੋਈ ਹੋਰ ਖੁਸ਼ੀ ਦਾ ਦਿਨ ਦਿਹਾਰ ਆਉਂਦਾ ਤਾਂ ਸ਼ਗਨ ਵਿਹਾਰ ਮਗਰੋਂ ਸਾਡੇ ਮੁਹੱਲੇ ਦੀਆਂ ਤ੍ਰੀਮਤਾ ਦਾ ਨੱਚਣ ਗਾਉਣ ਦਾ ਖਾੜਾ ਜ਼ਰੂਰ ਮਘਦਾ। ਵਿਆਹ ਤੋਂ ਪਹਿਲਾਂ ਤਾਂ ਵਿਆਹ ਵਾਲੇ ਘਰ ਜਦੋਂ ਮੁੰਡਾ ਜਾਂ ਕੁੜੀ ਸਾਹੇ ਬੱਧੇ ਜਾਂਦੇ ਤਾਂ ਲੰਮੀਆਂ ਹੇਕਾਂ ਵਾਲੇ ਸੁਹਾਗ ਗਾਏ ਜਾਂਦੇ। ਔਰਤਾਂ ਰੋਟੀ ਟੁੱਕ ਤੋਂ ਵਿਹਲੀਆਂ ਹੋ ਕੇ ਵਿਆਹ ਵਾਲੇ ਘਰ ਜੁੜ ਜਾਂਦੀਆਂ ਤੇ ਵਿਚ ਵਿਚ ਲੰਮੀਆਂ ਹੇਕਾਂ ਵਾਲੇ ਅਕਾਊ ਸੁਹਾਗਾਂ ਤੋਂ ਬਾਅਦ ਪਰਾਤ ਮੁਧੀ ਮਾਰ ਕੇ ਚਮਚੇ ਤੇ ਪਰਾਤ ਦੇ ਰਿਦਮ ਨਾਲ ਕੁਸ਼ ਸੁਰ ਤਾਲ ‘ਚ ਲੈਅਬੱਧ ਗੀਤ ਵੀ ਗਾਏ ਜਾਂਦੇ, ਜੋ ਸਾਨੂੰ ਨਿਆਣਿਆਂ ਨੂੰ ਬਹੁਤ ਹੀ ਸੁਰੀਲੇ ਤੇ ਧੂਅ ਪਾਉਣ ਵਾਲੇ ਲਗਦੇ। ਪਰ ਜਿਹੜਾ ਧਮੱਚੜ ਬਰਾਤ ਜਾਣ ਪਿਛੋਂ ਪੈਂਦਾ ਉਹ ਅਜੀਬ ਹੀ ਦਿਲਚਸਪ ਨਜ਼ਾਰਾ ਪੇਸ਼ ਕਰਦਾ ਸੀ। ਇਹ ਔਰਤਾਂ ਦਾ ਖਾੜਾ ਸਾਡੇ ਨਿਆਣਿਆਂ ਲਈ ਤਾਂ ਦਿਲਚਸਪ ਹੁੰਦਾ ਹੀ ਸੀ ਪਰ ਸਿਆਣੇ ਵੀ ਇਸ ਮੌਕੇ ਦਾ ਬੜੀ ਬੇਸਬਰੀ ਨਾਲ ਇੰਤਜ਼ਾਰ ਕਰਦੇ ਰਹਿੰਦੇ ਸਨ। ਜਿਹੜੇ ਰਿਸ਼ਤੇਦਾਰ ਵਿਆਹ ਸ਼ਾਦੀ ਵਿਚ ਬੰਦੇ ਬਹੁਤੇ ਹੋ ਜਾਣ ਕਾਰਣ ਬਰਾਤ ਨਾਲ ਨਾ ਲਿਜਾਣ ਕਰਕੇ ਗੁੱਸੇ ਗਿਲੇ ਹੁੰਦੇ ਸਨ ਉਨ੍ਹਾਂ ਦਾ ਗੁੱਸਾ ਗਿਲਾ ਵੀ ਇਨ੍ਹਾਂ ਔਰਤਾਂ ਦਾ ਰੰਗੀਲਾ ਅਖਾੜਾ ਵੇਖ ਕੇ ਕਾਫੂਰ ਹੋ ਜਾਂਦਾ। ਜਵਾਨ ਤੀਵੀਆਂ ਖੂਬ ਖ਼ਰੂਦ ਕਰਦੀਆਂ। ਜਵਾਈ ਭਾਈ ਦੀ ਤਾਂ ਹਿੰਮਤ ਹੀ ਨਹੀਂ ਸੀ ਪੈਂਦੀ ਕਿ ਉਹ ਖਾੜੇ ਦੇ ਲਾਗੇ ਚਾਗੇ ਵੀ ਖਲੋ ਜਾਵੇ, ਕੋਠਿਆਂ ਦੇ ਜੰਗਲਿਆਂ ਉਹਲੇ ਜਾਂ ਸ਼ਰਾਬੀ ਹੋਇਆ ਪਿੱਛਲੇ ਅੰਦਰ ਪਿਆ ਬੇਸ਼ਰਮ ਹੋਇਆ ਸਵਾਦ ਲੈਂਦਾ ਸੁਣੀ ਜਾਂਦਾ। ਮੱਛਰੀਆਂ ਔਰਤਾਂ ਗੀਤਾਂ, ਬੋਲੀਆਂ, ਅਖਾਣਾਂ ‘ਚ ਛਿਬੀਆ ਦੇ ਦੇ ਕੇ ਉਸ ਦੀ ਮਾਂ ਭੈਣ ਇਕ ਕਰ ਦਿੰਦੀਆਂ। ਔਰਤਾਂ ਤਿੰਨ-ਤਿੰਨ, ਚਾਰ-ਚਾਰ ਘੰਟੇ ਗਿੱਧੇ ਬੋਲੀਆਂ ਦੇ ਨਾਲ ਅੱਡੀਆਂ ਮਾਰ-ਮਾਰ ਕੇ ਵਿਆਹ ਵਾਲੇ ਘਰ ਦੇ ਵਿਹੜੇ ਨੂੰ ਗੁੰਨ੍ਹ ਕੇ ਰੱਖ ਦਿੰਦੀਆਂ।



ਹਾਰੀ ਨਾ ਮਲਵੈਣੇ
ਗਿੱਧਾ ਹਾਰ ਗਿਆ -ਜਾਂ
ਧਰਤੀ ਨੂੰ ਕਲੀ ਕਰਾਦੇ ਵੇ
ਨਚੂੰਗੀ ਸਾਰੀ ਰਾਤ

ਇਹ ਬੋਲੀਆਂ ਸ਼ਾਇਦ ਕਿਸੇ ਠਰਕੀ ਮਲਵਈ ਨੇ ਸਾਡੇ ਮੁਹੱਲੇ ਦੀਆਂ ਔਰਤਾਂ ਦਾ ਗਿੱਧਾ ਵੇਖ ਕੇ ਹੀ ਘੜੀਆਂ ਹੋਣ? ਥੋੜ੍ਹ ਚਿਰੀ ਖੁੱਲ੍ਹ ਤੀਮੀਆਂ ਨੂੰ ਕਈ ਵਾਰ ਐਨਾ ਕੱਚੇ ਲਾ ਦਿੰਦੀ ਸੀ ਕਿ ਗਿੱਧਾ ਵੇਖਣ ਵਾਲੇ ਮਰਦਾਂ ਨੂੰ ਸ਼ਰਮ ਦੇ ਮਾਰਿਆਂ ਮੂੰਹ ਲਕੋਣ ਨੂੰ ਥਾਂ ਨਾ ਲੱਭਦੀ। ਸਾਰੇ ਖਾੜੇ ਵਿਚ ਸਾਡੀ ਗਵਾਂਢਣ ਸੀਤੋ ਤਖਾਣੀ ਦੀ ਝੰਡੀ ਹੁੰਦੀ ਸੀ। ਸੀਤੋ ਤੇ ਉਸ ਦੀ ਭੈਣ ਇੱਕੋ ਹੀ ਘਰ ਵਿਆਹੀਆਂ ਹੋਈਆਂ ਸਨ। ਸੀਤੋ ਦੇ ਘਰ ਵਾਲੇ ਮੇਹਰੂ ਦੇ ਛੇ ਭਰਾ ਹੋਰ ਵੀ ਸਨ ਜਿਨ੍ਹਾਂ ਵਿਚੋਂ ਤਿੰਨ ਅਜੇ ਕਵਾਰੇ+ਛੜੇ ਹੀ ਸਨ। ਉਹ ਸਾਕਾਂ ਦੀ ਆਸ ‘ਚ ਪੌਣੀਆਂ-ਪੌਣੀਆਂ ਉਮਰਾਂ ਵਿਹਾ ਚੁੱਕੇ ਸਨ। ਸੀਤੋ ਸਿਆਣੀ ਸੀ, ਉਹ ਕਿਸੇ ਨਾ ਕਿਸੇ ਤਰ੍ਹਾਂ ਤਿੰਨਾਂ ਨੂੰ ਹੀ ਰੰਦਾ ਲਾ ਕੇ ਸਾਂਝਾ ਘਰ ਤੋਰੀ ਆਉਂਦੀ ਸੀ। ਪੁੰਨ ਤੇ ਫਲੀਆ ਦੋਹਵੇਂ ਹੀ ਉਸ ਦੇ ਹਿੱਸੇ ਸਨ। ਸ਼ਾਇਦ ਇਸੇ ਕਰਕੇ ਸੀਤੇ ਦੀਆਂ ਬੋਲੀਆਂ ਦਾ ਵਿਸ਼ਾ ਜ਼ਿਆਦਾ ਕਰਕੇ ਛੱੜਿਆਂ ਬਾਰੇ ਹੀ ਹੁੰਦਾ ਸੀ। ਉਨ੍ਹਾਂ ਵਿਚੋਂ ਕੁਸ਼ ਬੋਲੀਆਂ ਮੈਨੂੰ ਅੱਜ ਵੀ ਯਾਦ ਹਨ।

ਤਾਣਾ ਤਾਣਾ ਤਾਣਾ, ਰੰਨਾਂ ਵਾਲੇ ਜਾਣ ਮੁਕਸਰ
ਅਸਾਂ ਛੜਿਆਂ ਡਰੋਲੀ ਜਾਣਾ -ਜਾਂ
ਵਰਦੇ, ਵਰਦੇ, ਵਰਦੇ,
ਨੀ ਕੌਣ ਕੌਣ ਹੋਈਆਂ ਰੰਡੀਆਂ
ਛੜੇ ਬੈਠ ਕੇ ਦਲੀਲਾਂ ਕਰਦੇ- ਅਤੇ
ਛੜਿਆਂ ਦੀ ਅੱਗ ਨਾ ਬਲੇ
ਰੰਨਾ ਵਾਲਿਆਂ ਦੇ ਪੱਕਣ ਪਰੋਂਠੇ, ਆਦਿ

ਪਰ ਇਕ ਗੀਤ ਜੋ ਸੀਤੇ ਤੋਂ ਹਰੇਕ ਅਖਾੜੇ ‘ਚ ਪੂਰੀ ਫਰਮਾਇਸ਼ ਨਾਲ ਸੁਣਿਆ ਜਾਂਦਾ ਸੀ, ਜਾਂ ਸਮਝ ਲਵੋ ਇਸ ਗੀਤ ਤੋਂ ਬਿਨਾਂ ਇਹ ਗਿੱਧਾ ਸੰਪੂਰਨ ਹੀ ਨਹੀਂ ਹੁੰਦਾ ਸੀ; ਉਹ ਗੀਤ ਸੀ “ ਛੜਿਆਂ ਦੀ ਪੈਲੀ ਵਿਚ ਢੱਟਾ ਚਰੇ“ ਤੇ ਸੀਤੋ  ਪੂਰੀ ਰੀਝ ਨਾਲ ਇਸ ਲੋਕ ਗੀਤ ਨੂੰ ਗਾਉਂਦੀ ਸੀ। ਜਦੋਂ ਉਹ ਸਾਂਗ ਲਾ ਕੇ ਪੂਰੀ ਸ਼ਿੱਦਤ ਨਾਲ ਇਹ ਗੀਤ ਗਾੳਂਦੀ ਸੀ ਤਾਂ ਕਈ ਵਾਰੀ ਕੰਧਾਂ ਵੀ ਰੋ ਪੈਂਦੀਆਂ ਸਨ ਤੇ ਗਿੱਧਾ ਵੇਖਣ ਵਾਲੇ ਤਮਾਸ਼ਬੀਨ ਸੁੰਨ ਹੋ ਜਾਂਦੇ ਸਨ। ਸਾਡੇ ਸੂਝਵਾਨ ਲੇਖਕਾਂ, ਗੀਤਕਾਰਾਂ, ਤੇ ਸਾਹਿਤਕਾਰਾਂ ਨੇ ਤਾਂ ਛੜਿਆਂ ਦੀਆਂ ਮਾਨਸਕ ਗੁੰਝਲਾਂ ਜਾਂ ਸਮੱਸਿਆਵਾਂ ਨੂੰ ਅਪਣੀਆਂ ਲਿਖਤਾਂ ਵਿੱਚ ਛੇੜਿਆ ਤੱਕ ਨਹੀਂ, ਲੁਧਿਆਣੇ ਦੇ ਬੱਸ ਸਟੈਂਡ ਦੇ ਸਾਹਮਣੇ ਦੇ ਚੁਬਾਰਿਆਂ ਵਾਲੇ ਰੇਡੀਉ ਸਿੰਗਰ ਜਾਂ ਗੀਤ ਲੇਖਕ ਵੀ ਛੜਿਆਂ ਦੀ ਨਿੰਮ ਨੂੰ ਪਤਾਸੇ ਲਗੌਣ ਤੱਕ ਹੀ ਸੀਮਤ ਰਹੇ। ਉਨ੍ਹਾਂ ਦੇ ਗੀਤਾਂ ਨੇ ਇਸ ਵਖਤਾ ਮਾਰੇ ਸਮਾਜ ਦੇ ਪਾਤਰ ਨੂੰ ਹਮੇਸ਼ਾ ਅਮਲੀ, ਨਿਕੰਮਾ, ਘਰਾਂ ‘ਚ ਪਾਟਕ ਪਾਉਣ ਵਾਲਾ, ਲੋਕਾਂ ਦੀਆਂ ਧੀਆਂ ਭੈਣਾਂ ਨੂੰ ਭੱਦੇ ਮਜ਼ਾਕ ਕਰਨ ਤੇ ਡਾਂਗ ਤੇ ਡੇਰਾ ਰੱਖਣ ਵਾਲਾ ਅਸੱਭਿਅਕ ਪਸ਼ੂ ਬਣਾ ਕੇ ਹੀ ਬਿਆਨਿਆ। ਪੰਜਾਬੀ ਫ਼ਿਲਮਾਂ ਦੇ ਬੇਢਵੇ ਐਕਟਰਾਂ ਨੇ ਲੱਚਰਤਾ ਦੀ ਹੱਦ ਤੱਕ ਇਸ ਸੁੱਕੀ ਛਿੱਲ ਲਵ੍ਹਾਉਣੇ ਪਾਤਰ ਦੇ ਨਾਂ ਤੇ ਲੱਖਾਂ ਰੁਪਏ ਕਮਾਏ। ਪਰ ਔਰਤ ਬਗੈਰ ਇਕੱਲੇ ਮਰਦ ਦੀ ਔਕੜਾਂ ਭਰਪੂਰ ਜ਼ਿੰਦਗੀ ਦਾ ਵੇਰਵਾ ਤਾਂ ਸਿਰਫ਼ ਸੀਤੋ ਦਾ ਲੋਕ ਗੀਤ ਹੀ ਦੇ ਸਕਿਆ ਹੈ। ਛੜੇ ਰਹੇ ਵੀ ਜ਼ਿਆਦਾ ਛੋਟੀ ਕਿਸਾਨੀ ਵਿਚ ਜਾਂ ਸਾਧਨਹੀਣ ਖਲਕਤ ‘ਚ, ਤੇ ਅੱਜ ਵੀ ਹਨ। ਇਸ ਦੇ ਕੁਝ ਸਮਾਜਕ ਤੇ ਆਰਥਕ ਕਾਰਣ ਸਨ। ਥੋੜੀ ਜ਼ਮੀਨ ਅਪਾਹਜ ਜਾਂ ਪੋਲੀਉ ਮਾਰੇ ਮਰਦ। ਕਿਸੇ ਚੰਗੀ ਚੀਜ਼ ਬਨਾਮ ਮੁੰਡੇ ਦੀ ਆਸ ਵਿੱਚ ਕੁੜੀਆਂ ਨੂੰ ਜੰਮਦੇ ਸਾਰ ਹੀ ਮਾਰ ਦੇਣਾ, ਅੱਕ ਦਾ ਦੁੱਧ ਜਾਂ ਅਫੀਮ ਜਾਂ ਬਗੈਰ ਸੰਭਾਲ ਦੇ ਭੁੱਖਿਆਂ ਹੀ ਮਾਰ ਦੇਣਾ। ਮਿਸ਼ਰੀ ‘ਚ ਪਾ ਕੇ ਸੰਖੀਆ ਦੇ ਦੇਣਾ ਤੇ ਸਿਵਿਆ ‘ਚ ਬਗੈਰ ਸੰਸਕਾਰ ਦੇ ਟੋਆ ਪੁੱਟ ਕੇ ਦੱਬ ਦੇਣਾ ਤੇ ਆਸ ਰੱਖਣੀ ਹੀ ਨਹੀਂ, ਬੋਲ ਕੇ ਕਹਿਣਾ ਵੀ।

ਆਪ ਜਾਈਂ ਤੇ ਵੀਰੇ ਨੂੰ ਘਲਾਈਂ

ਮੈਂ ਆਪਣੇ ਆਲੇ-ਦੁਆਲੇ ਬਹੁਤ ਸਾਰੇ ਪਰਿਵਾਰਾਂ ਨੂੰ ਜਾਣਦਾ ਹਾਂ ਜਿਥੇ ਜੌੜੇ ਮੁੰਡਾ ਕੁੜੀ ਜੰਮੇ, ਮੁੰਡਾ ਹਰੀ ਕੈਮ ਤੇ ਕੁੜੀ ਦੋ-ਚੌਂਹ ਮਹੀਨਿਆਂ ‘ਚ ਹੀ ਸਪੁਰਦੇ ਖ਼ਾਕ।                                                                                  

ਕਈ ਵਾਰੀ ਛੜੇ ਨਾਲ ਸਿੱਧਾ ਹੀ ਚਿੱਟੇ ਦਿਨ ਧੱਕਾ। ਮੰਨ ਲਉ ਵੱਡੇ ਭਰਾ ਦਾ ਕਿਸੇ ਤਰ੍ਹਾਂ ਵਿਆਹ ਨਹੀਂ ਹੋ ਸਕਿਆ ਤੇ ਛੋਟਾ ਅਜੇ ਕਵਾਰਾ ਹੈ, ਵਿਚਾਲੜੇ ਦੇ ਨਿਆਣੇ ਹੋ ਗਏ, ਮਚਲੇ ਭਰਾ ਤੇ ਭਰਜਾਈ ਨੇ ਪੇਕਿਆਂ ਤੋਂ ਸਾਕ ਲਿਆਉਣ ਦਾ ਲਾਰਾ ਲਾਈ ਰੱਖਣਾ। ਝਾਂਵੇ ਨਾਲ ਅੱਡੀਆਂ ਰਗੜਦੀ ਭਰਜਾਈ ਨੇ ਸੁੱਥਣ ਦਾ ਪਹੁੰਚਾ ਜਾਣ ਬੁੱਝ ਕੇ ਗੋਡਿਆਂ ਤੱਕ ਚੁੱਕੀ ਰੱਖਣਾ। “ਘੁੰਡ ਕੱਢਣਾ ਕਲਿਪ ਨੰਗਾ ਰੱਖਣਾ ਛੜਿਆਂ ਦੀ ਹਿੱਕ ਲੂਹਣ ਨੂੰ“ ਦੀ ਸਿਆਸਤ ਵਰਤਣੀ। ਖਣਕਦੀਆਂ ਚੂੜੀਆਂ ਤੇ ਝਾਂਜਰਾਂ ਦੀ ਛਣਕਾਰ ਕਹਿਰ ਦੀਆਂ ਲੰਮੀਆਂ ਕੱਕਰ ਖਾਦੀਆਂ ਸਿਅਲੂ ਰਾਤਾਂ ਨੂੰ ਛੜਿਆਂ ਨੂੰ ਅੱਭੜ ਵਾਹੇ ਉਠਾ ਉਠਾ ਬਿਠਾਉਂਦੀਆਂ। ਉਹਨਾਂ ਨੂੰ ਨ੍ਹੇਰੇ ਵਿੱਚ ਬੱਧੇ ਕੱਟੇ ਵੱਛੇ ਵੀ ਤੀਂਵੀਆਂ ਨਜ਼ਰ ਆੳਂਦੇ। ਭਰਜਾਈਆਂ ਦੇ ਦੰਭੀ ਵਿਹਾਰ ਚੌ ਚਾਨਣ ਦੀ ਛਿਣਗ ਦੀ ਆਸ  ਵਿੱਚ ਛੜਿਆ ਜੇਠਾਂ ਦਿਉਰਾ ਨੇ ‘ਊਠ ਦਾ ਬੁੱਲ ਹੁਣ ਵੀ ਡਿਗਦਾ“ ਦੀ ਆਸ ‘ਚ ਆਉਧ ਲੰਘਾਈ ਜਾਣੀ ਤੇ ਬਗੈਰ ਕਿਸੇ ਤਨਖਾਹ ਤੋਂ ਪੁੱਠੇ ਉਸਤਰੇ ਨਾਲ ਚੰਮ ਲੁਹਾਈ ਜਾਣਾ। ਜੇ ਕਿਤੇ ਆਂਢੋਂ-ਗੁਆਂਢੋਂ ਸਾਕ ਆਉਣਾ ਤਾਂ ਵੀ ਅਮਲੀ ਨਿਕੰਮਾ ਆਖ ਕੇ ਭਾਨੀ ਮਰਵਾ ਦੇਣੀ। ਅੱਕ ਕੇ ਜੇ ਛੜਾ ਬਾਗ਼ੀ ਹੋ ਕੇ ਘਰੋਂ ਚਲਿਆ ਵੀ ਗਿਆ ਤਾਂ ਰਿਸ਼ਤੇਦਾਰਾਂ ਨੇ ਉਸਦੀ ਉਸੇ ਹੀ ਦੁੱਖਦੀ ਰਗ ਤੇ ਹੱਥ ਰੱਖ ਕੇ ਛੜੇ ਨੂੰ ਟੋਕੇ ਮੂਹਰੇ ਡਾਹ ਕੇ ਸਾਲਾਂ ਦੇ ਸਾਲ ‘ਕੜਬ‘ ਚਰੀ (ਪਸ਼ੂਆਂ ਨੂੰ ਪਾਉਣ ਵਾਲਾ ਸਖ਼ਤ ਚਾਰਾ” ਕੁਤਰਾਈ ਜਾਣੀ। ਤੇ ਜੇ ਛੜਾ ਉਥੋਂ ਵੀ ਬਾਗ਼ੀ ਹੋ ਗਿਆ ਤਾਂ ਮਿਹਣਾ ਮਾਰਨਾ “ਜੇ ਤੇਰੇ ਲੱਲ੍ਹ ਚੰਗੇ ਹੁੰਦੇ ਤਾਂ ਤੈਨੂੰ ਸਾਕ ਨਾਂ ਹੋ ਜਾਂਦਾ?” ਵਿਚਾਰਿਆਂ ਦੀ ਯੋਜਨਾਬੱਧ ਤਰੀਕੇ ਨਾਲ ਸਾਰੀ ਉਮਰ ਸਰੀਰਕ ਤੇ ਮਾਨਸਿਕ ਲੁੱਟ ਹੁੰਦੀ ਰਹਿੰਦੀ। ਔਰਤਾਂ ‘ਨਿੱਖਤਾ ਬੰਦਾ ਮਰਦਾ ਵੀ ਕਿਹੜਾ ਛੇਤੀ ਹੈ।’ ਪਿੰਡਾਂ ਦੀਆਂ ਨਿਆਈਂਆਂ ਵਿੱਚ ਮਰਨੇ ਪਏ ਬੋਤਿਆਂ ਦੀ ਤਰ੍ਹਾਂ ਸਾਲਾਂ ਦੇ ਸਾਲ ਤੇ ਮਹੀਨਿਆਂ ਦੇ ਮਹੀਨੇ ਛੜੇ ਕਿੱਕਰਾਂ, ਬੋਹੜਾਂ ਤੇ ਨਿੰਮਾਂ ਦੀ ਸੂਰਜ ਨਾਲ ਘੁੰਮਦੀ ਛਾਂ ਥੱਲੇ, ਬਾਹਰਲੇ ਘਰਾਂ ਜਾਂ ਦਲਾਨਾ ‘ਚ ਪਏ ਰੱਬ ਨੂੰ ਕੋਸਦੇ ਤੇ ਮੌਤ ਦਾ ਇੰਤਜਾਰ ਕਰਦੇ ਰਹਿੰਦੇ। ਭਤੀਜੇ ਭਤੀਜੀਆਂ ਦੇ ਰਹਿਮ ਉੱਪਰ।

ਹੁਣ ਆਉਣ ਵਾਲੇ ਸਮਿਆਂ ‘ਚ ਛੜਿਆਂ ਦੀ ਗਿਣਤੀ ‘ਚ ਖਾਸ ਵਾਧਾ ਹੋਣ ਦੀ ਉਮੀਦ ਹੈ। ਕਿਉਂਕਿ ਇਕ ਤਾਂ ਅਬਦਾਲੀ ਵਾਂਗ ਬਾਹਰੋਂ ਕਨੇਡਾ, ਯੋਰਪ, ਅਮਰੀਕਾ ‘ਚੋਂ ਕੁੜੀ ਚੁੱਕਾਂ ਦੀ ਧਾੜ ਪੈਂਦੀ ਹੈ ਸਿਆਲੋ ਸਿਆਲ, ਘੋੜਿਆਂ ਦੀ ਜਗ੍ਹਾ ਤੇ ਸੁਮੋਆਂ, ਸਫਾਰੀਆਂ ਤੇ ਮਹਿੰਦਰਾ ਗੱਡੀਆਂ ਪੰਜ ਸੋ ਰੁਪਏ ਦੀ ਚੁੰਨੀ ਤੇ ਲੱਡੂਆਂ ਦਾ ਸ਼ਗਨ ਲੈ ਕੇ ਪਿੰਡੋਂ ਪਿੰਡ ਆਦਮ ਬੋ ਆਦਮ ਬੋ ਕਰਦੀਆਂ ਫਿਰਦੀਆਂ ਹਨ ਤੇ ਜਿਥੋਂ ਕੋਈ ਚੱਜ ਦਾ ਨਗ ਲੱਭਾ ਮਿੰਟਾਂ ਸਕਿੰਟਾਂ ‘ਚ ਮੂੰਹ ਨੂੰ ਮਿੱਠੇ ਦਾ ਸ਼ਗਨ ਲਾ ਸਿਰ ਦੇ ਸਿੱਧੇ ਵਾਹੇ ਵਾਲਾਂ ‘ਚ ਚੀਰ ਕੱਢ ਸੰਧੂਰ ਭਰ ਦਿੱਤਾ ਜਾਂਦਾ ਹੈ । ਨਾ ਕੋਈ ਮੰਗਣਾਂ ਨਾ ਠਾਕਾ। ਸਿਰ ਉੱਪਰ ਗੋਟੇ ਵਾਲੀ ਲਾਲ ਚੁੰਨੀ ਚਾੜ੍ਹ ਕੇ ਮਿੰਟਾਂ ਸਕਿੰਟਾਂ ‘ਚ ਔਹ ਗਏ ਔਹ ਗਏ। ਸਵੇਰੇ ਵਿਚਾਰੀ ਕੁੜੀ ਆਪਣੀਆਂ ਸਹੇਲੀਆਂ, ਅਧਿਆਪਕਾਂ, ਕਿਤਾਬਾਂ ਤੇ ਗੁੱਡੀਆਂ ਪਟੋਲਿਆਂ ‘ਚ ਰੁੱਝੀ ਖੇਡਦੀ ਹੁੰਦੀ ਹੈ ਤੇ ਸ਼ਾਮ ਨੂੰ ਉਹ ਲਾਲ ਚੂੜਾ ਪਾ ਕੇ ਸੁਹਾਗ ਦੀ ਸੇਜ ਉੱਪਰ ਬੈਠੀ ਹੁੰਦੀ ਹੈ। ਇਸ ਚੁੱਕਣ ਚੁਕਾਉਣ ਦੇ ਮਾਮਲੇ ‘ਚ ਕੁੜੀ ਦੇ ਮਾਂ ਬਾਪ, ਭੈਣ ਭਰਾ ਰਿਸ਼ਤੇਦਾਰ ਸਭ ਖੁਸ਼ ਤੇ ਹੱਸ ਹੱਸ ਖੀਵੇ ਹੁੰਦੇ ਹਨ। ਕੋਈ ਕਾਬਲ ਨੂੰ ਧਾਈਆਂ ਨੂੰ ਛਡਾਉਣ ਨਹੀਂ ਜਾਂਦਾ। ਪੰਜਾਬ ਦੇ ਕੁਛ ਜ਼ਿਲ੍ਹਿਆਂ ‘ਚ ਇਕ ਹਜ਼ਾਰ ਮੁੰਡਿਆਂ ਦੀ ਨਿਸਬਤ ਸੱਤ ਸੌ ਪੰਜਾਹ ਕੁੜੀਆਂ ਹਨ। ਉਨ੍ਹਾਂ ‘ਚੋਂ ਸੋ ਡੇਢ ਸੋ ਕੁਦਰਤ ਦਾ ਜੋ ਜੀ ਵੀ ਥੋੜਾ ਬਹੁਤ ਮੂੰਹ ਮੱਥੇ ਲੱਗਦਾ ਹੈ ਉਸ ਨੂੰ ਸੁਮੋਆਂ, ਸਫਾਰੀਆਂ, ਮਹਿੰਦਰਾਵਾਂ ਚੁੱਕ ਕੇ ਲੈ ਜਾਂਦੀਆਂ ਹਨ ਤੇ ਬਾਕੀ ਬਚੀਆਂ ਛੇ ਸੋ। ਪੰਜਾਬ ਦੇ ਇਕ ਹਜ਼ਾਰ ਮੁੰਡੇ ਦੇ ਪਿੱਛੇ ਸਿਰਫ ਛੇ ਸੌ ਕੁੜੀਆਂ? ਇਹ ਪਰਲੋ ਦੀਆਂ ਨਿਸ਼ਾਨੀਆਂ ਹਨ। ਅੱਗੇ ਜਦੋਂ ਕੋਈ ਮੁੰਡਾ ਜਾਂ ਕੁੜੀ ਮਾੜੀ ਜਿਹੀ ਲੀਹੋਂ ਲੱਥਦੀ ਨਜ਼ਰ ਆਉਂਦੀ ਸੀ ਤਾਂ ਘਰ ਦੇ ਸਿਆਣੇ ਬੈਠਦੇ ਸਨ ਤੇ ਸੋਚ ਕੇ ਫਂੈਸਲਾ ਕਰਦੇ ਸਨ ਕਿ ਇਸ ਦਾ ਵਿਆਹ ਕਰ ਦੇਵੋ, ਕਬੀਲਦਾਰੀ ਸਿਰ ਪਵੇਗੀ ਤਾਂ ਆਪੇ ਠੀਕ ਹੋ ਜਾਵੇਗਾ ਜਾਂ ਜਾਵੇਗੀ। ਹੁਣ ਕੀ ਕਰਨਗੇ ਸਿਆਣੇ? ਹਜ਼ਾਰ ਪਿੱਛੇ ਚਾਰ ਸੌ ਨੂੰ ਕਿਹੜੀ ਕਬੀਲਦਾਰੀ ਪਾਉਣਗੇ ਸਿਆਣੇ? ਅਸੀਂ ਪੰਜਾਬੀ ਉਸ ਮਹਾਂ ਮਹਾਨ ਮਨੁੱਖ ਨੂੰ ਉਸ ਦੇ ਸਿੱਖ ਹੋ ਕੇ ਹੀ ਦੰਦੀਆਂ ਖਰਾਉਣ ਲੱਗ ਪਏ ਹਾਂ। ਜਿਸ ਨੇ ਹੋਕਾ ਦਿੱਤਾ ਸੀ ‘ਸੋ ਕਿਉਂ ਮੰਦਾਂ ਆਖਿਐ ਜਿਤਿ ਜੰਮੇ ਰਾਜਾਨ’।

ਪਹਿਲਾਂ ਤਾਂ ਲੋਕ ਜਦੋਂ ਜੰਮੀ ਧੀ ਨੂੰ ਸੰਖੀਆ, ਅੱਕ ਦਾ ਦੁੱਧ ਜਾਂ ਅਫੀਮ ਦਿੰਦੇ ਹੋਣਗੇ ਤਾਂ ਸ਼ਾਇਦ ਧੀ ਦਾ ਕਤਲ ਕਰਨ ਲੱਗਿਆਂ ਬਹੁਤ ਕੁਝ ਸੋਚਦੇ ਹੋਣਗੇ? ਕਈਆਂ ਦਾ ਮਨ ਬਦਲਿਆ ਹੀ ਹੋਵੇਗਾ। ਇਕ ਨਿੱਕੀ ਬੇਸਹਾਰਾ ਜਿੰਦ ਨੂੰ ਸਿਰਫ ਇਕੋ ਕਸੂਰ ਬਦਲੇ ਜਿਉਣ ਦਾ ਕੋਈ ਹੱਕ ਨਹੀਂ ਹੈ ਕਿ ਉਹ ਕੁੜੀ ਹੈ। ਕਿਸਮਤ ਪੁੜੀ ਨਹੀਂ? ਲੋਕ ਜੋ ਇਸ ਸੋਚ ਦੇ ਧਾਰਨੀ ਹਨ ਕਿ “ਹੋਵੇ ਮੁੰਡਾ ਭਾਵੇਂ ਢਾਕ ਤੇ ਫੂਲੋ ਹੋਵੇ“ ਤਾਂ ਫਿਰ ‘ਪੰਜਾਬ ਗੁਰਾਂ ਦੇ ਨਾਂ ਤੇ ਨਹੀਂ ਵਸਦਾ’ ਕਿਉਂਕਿ ਹੁਣ ਪੰਜਾਬ ਵਿਚ ਕੁੜੀਆਂ ਤੇ ਕੱਟਿਆਂ ਦੀ ਮੌਤ ਅਟੱਲ ਹੈ। ਜਿਸ ਨੂੰ ਅਸੀਂ ਗੋਕਾ ਗਉ ਦਾ ਜਾਇਆ ਕਹਿੰਦੇ ਸਾਂ ਜੇ ਕਿਤੇ ਭੁਲੇਖੇ ਨਾਲ ਵੀ ਅਸੀਂ ਉਸ ਨੂੰ ਸੋਟੀ ਮਾਰ ਦੇਣੀ ਤਾਂ ਸਾਡੇ ਬਾਬੇ ਨੇ ਮੋੜਵਾਂ ਖੂੰਡਾ ਸਾਡੀਆਂ ਮੌਰਾਂ ਵਿਚ ਧਰ ਦੇਣਾ। ਅੱਜ ਗੋਕਾ ਸਿਰਫ ਪੱਠੇ ਢੋਣ ਵਾਲੀਆਂ ਰੇੜੀਆਂ ਅੱਗੇ ਹੀ ਜੁੜਿਆ ਨਜ਼ਰ ਆਉਂਦਾ ਹੈ। ਹੁਣ ਵੱਛੀਆਂ ਵਹਿੜਾਂ ਦੀ ਕਦਰ ਹੈ ਤੇ ਉਹ ਵੀ ਵਲੈਤਣਾ ਦੀ। ਕਮਾਲ ਹੈ ਸਾਰਾ ਕੁਝ ਹੀ ਗੋਲ ਰੁਪਈਏ ਦੁਆਲੇ ਘੁੰਮ ਰਿਹਾ ਹੈ। ਕਦਰਾਂ, ਕੀਮਤਾਂ, ਸਭਿਆਚਾਰ, ਯਾਰੀਆਂ, ਦੋਸਤੀਆਂ ਇਕ ਪਲੜੇ ‘ਚ ਤੇ ਦੂਸਰੇ ਪਲੜੇ ‘ਚ ਪਿਆ ਰੁਪਈਆ; ਇਨ੍ਹਾਂ ਸਭ ਤੋਂ ਭਾਰਾ। ਤੇ ਇਸੇ ਰੁਪਈਏ ਨੂੰ ਕਮਾਉਣ ਤੇ ਬਚਾਉਣ ਖਾਤਰ ਅਸੀਂ ਅਣਜੰਮੀਆਂ ਕੰਜਕਾਂ ਦੀਆਾਂ ਤਿੰਨ-ਤਿੰਨ ਮਹੀਨੇ ਦੀਆਂ ਲੋਥਾਂ ਨਾਲ ਖੂਹਾਂ ਦੇ ਖੂਹ ਭਰ ਦਿੱਤੇ। ਨਾਲਿਆਂ, ਗਟਰਾਂ, ਖੇਤ, ਕਿਹੜੀਆਂ ਥਾਵਾਂ ਨਹੀਂ ਹਨ ਜੋ ਅਸਾਂ ਕਲੰਕਤ ਨਹੀਂ ਕੀਤੀਆਂ। ਜਿਸ ਮੁਲਕ ਵਿਚ ਧਰਤੀ ਤੇ ਔਰਤ ਦਾ ਸਨਮਾਨ ਨਹੀਂ ਹੈ; ਉਹ ਅੱਜ ਵੀ ਉਜੜਿਆ ਤੇ ਕੱਲ ਵੀ। ਮਨੁੱਖੀ ਜ਼ਿੰਦਗੀ ਬਚਾਉਣ ਵਾਲਾ ਦੂਜਾ ਰੱਬ ਜਿਸ ਨੂੰ ਅਸੀਂ ਡਾਕਟਰ ਕਹਿੰਦੇ ਹਾਂ; ਜਲਾਦ ਬਣ ਬੈਠਾ ਹੈ। ਹਰ ਕਲੀਨਕ ਮੂਹਰੇ ਮੋਟੇ ਅੱਖਰਾਂ ‘ਚ ਲਿਖਿਆ ਹੈ “ਇਥੇ ਲਿੰਗ ਨਿਰਧਾਰਨ ਟੈਸਟ ਨਹੀਂ ਕੀਤੇ ਜਾਂਦੇ” ਪਰ ਸੱਚ ਸਾਨੂੰ ਸਾਰਿਆਂ ਨੂੰ ਪਤਾ ਹੈ। ਸਾਡੇ ਕੁੜੀ-ਮਾਰਾਂ ਨਾਲੋਂ ਤਾਂ ਨੜੀ-ਮਾਰ ਗੋਰੇ ਹੀ ਚੰਗੇ ਹਨ। ਜੋ ਸਿਗਰਟਾਂ, ਸ਼ਰਾਬ ਤਾਂ ਪੀਂਦੇ ਹਨ ਪਰ ਕੁੜੀ ਮੁੰਡੇ ‘ਚ ਕੋਈ ਫਰਕ ਨਹੀਂ ਸਮਝਦੇ। ਸਿਰੇ ਦੇ ਕੱਟੜ ਇਸਲਾਮੀ ਦੇਸ਼ਾਂ ‘ਚ ਔਰਤਾਂ ਵੇਚੀਆਂ ਖਰੀਦੀਆਂ ਤਾਂ ਜ਼ਰੂਰ ਜਾਂਦੀਆਂ ਹਨ ਪਰ ਗਰਭ ‘ਚ ਅਣਦਿਸਦੇ ਨਸ਼ਤਰਾਂ ਨਾਲ ਨਹੀਂ ਕੋਹੀਆਂ ਜਾਂਦੀਆਂ ਤੇ ਬੋਟੀ-ਬੋਟੀ ਕਰਕੇ ਕੂੜੇ ਵਾਲੇ ਡਰੰਮਾਂ ‘ਚ ਨਹੀਂ ਸੁੱਟੀਆਂ ਜਾਂਦੀਆਂ। ਐਸੀ ਅਧੋਗਤੀ ਦੀ ਹਾਲਤ ਵਿਚ ਮੈਨੂੰ ਲਗਦਾ ਹੈ ਸੀਤੋ ਨੂੰ ਹੁਣ ਬੁੱਢੀ ਉਮਰੇ ਇਕ ਹੋਰ ਨਵਾਂ ਗੀਤ ਹੁਣ ਦੇ ਹਾਲਾਤ ਮੁਤਾਬਕ ਗਾਉਣਾ ਪੈਣਾ ਹੈ।“ ਕੋਈ ਨਵਾਂ ਗੀਤ।
ਹੇਠਾਂ ਮੈਂ ਸੀਤੋ ਦਾ ਉਹ ਪੁਰਾਣਾ ਗੀਤ ਹੂ ਬ ਬੂ ਪੇਸ਼ ਕਰ ਰਿਹਾ ਹਾਂ।

ਛੜਿਆਂ ਦੀ ਪੈਲੀ ਵਿਚ ਢੱਡਾ ਚਰੇ
ਛੜਿਆਂ ਦੀ ਪੈਲੀ ਵਿਚ ਢੱਟਾ ਚਰੇ (ਸਾਰੀਆਂ ਰਲ ਕੇ)
ਹਲ ਡੱਕ, ਹਲ ਡੱਕ ਕੇ ਛੜਾ ਮੋੜਨ ਚਲਿਆ
ਆਉਂਦੇ ਬਲਦ ਪੰਜਾਲੀ ਭੰਨੀ ਖੜੇ,
ਛੜਿਆਂ ਦੀ ਪੈਲੀ ਵਿੱਚ ਢੱਟਾ ਚਰੇ
ਹੱਲ ਛੱਡ, ਹਲ ਛੱਡ ਕੇ
ਛੜਾ ਘਰ ਨੂੰ ਆਇਆ
ਆਉਂਦੇ ਦੱਸ ਕੁ ਪਰ੍ਹੌਣੇ ਘਰੇ ਖੜੇ
ਛੜਿਆਂ ਦੀ...............
ਬਲਦ ਬੰਨ ਕੇ, ਬਲਦ ਭੰਨ ਕੇ, ਛੜਾ ਚੱਕੀ ਬੈਠਾ
ਚੱਕੀ ਵੀ ਆਟਾ ਮੋਟਾ ਦਲੇ
ਛੜਿਆਂ ਦੀ...............
ਦਲ ਦੁਲ ਕੇ ਛੜਾ ਗੁੰਨ੍ਹਣ ਬੈਠਾ
ਉਹ ਵੀ ਹੋ ਗਿਆ ਪਾਣ ਕੁੜੇ
ਛੜਿਆਂ ਦੀ...............
ਗੁੰਨ੍ਹ ਗੁੰਨ੍ਹ ਕੇ ਛੜਾ, ਅੱਗ ਨੂੰ ਚੱਲਿਆ
ਪਰ ਡਰਦਾ ਕਿਸੇ ਦੇ ਘਰ ਨਾ ਵੜੇ
ਛੜਿਆਂ ਦੀ...............
ਅੱਗ ਲੈਅ ਕੇ ਅੱਗ ਲੈਅ ਕੇ
ਛੜਾ ਘਰ ਨੂੰ ਆਇਆ
ਆਉਂਦੇ ਕੁੱਤੇ ਆਟਾ ਛਕੀ ਖੜੇ
ਛੜਿਆਂ ਦੀ............... (ਅਖੀਰ ਅੱਕ ਕੇ)
ਉਏ ਨਾ ਮੈਂ ਕਿਸੇ ਦੇ ਆਂਵਾਂ ਜਾਂਵਾਂ
ਨਾ ਕੋਈ ਸਾਲਾ ਮੇਰੇ ਵੜੇ
ਛੜਿਆਂ ਦੀ ਪੈਲੀ ਵਿਚ ਢੱਟਾ ਚਰੇ (ਸਾਰੀਆਂ ਔਰਤਾਂ ਰਲ ਕੇ)
ਖੋਟੀ ੳਏ ਖੋਟੀ ਕਿਸਮਤ ਛੜਿਆਂ ਦੀ ਖੋਟੀ ੳਏ।

****                                                        

No comments: