ਸੁਣਿਆ ਜਾਂਦਾ ਹੈ ਕਿ ਧਨ, ਦੁੱਧ ਅਤੇ ਪੁੱਤਰ ਬਿਨ੍ਹਾਂ ਭਾਗਾਂ ਦੇ ਨਸੀਬ ਨਹੀਂ ਹੁੰਦੇ। ਜਿਥੋਂ ਤੱਕ ਮੇਰੀ ਬੁੱਧੀ ਦੀ ਸੀਮਾਂ ਦਾ ਸੰਕਲਪ ਹੈ, ਵਿਦਿਆ ਵੀ ਅਜਿਹੇ ਚੰਗੇ ਕਰਮਾਂ ਦੀ ਦੇਣ ਹੈ। ਜਨਮ ਤੋਂ ਲੈ ਕੇ ਮਰਨ ਤੱਕ ਇਨਸਾਨ ਵਿਦਿਆਰਥੀ ਹੁੰਦਾ ਹੈ। ਭਾਵੇਂ ਉਹ ਸਕੂਲ ਨਹੀਂ ਜਾਂਦਾ ਫਿਰ ਵੀ ਉਹ ਆਪਣੇ ਆਲੇ ਦੁਆਲੇ ਵਿੱਚ ਵਿਚਰਦਾ, ਜ਼ਮਾਨੇ ਦੀਆਂ ਗਤੀਆਂ ਵਿਧੀਆਂ ਨਾਲ ਟਕਰਾਉਦਾ ਹੋਇਆ ਨਿੱਤ ਦਿਨ ਕੁਝ ਨਾ ਕੁਝ ਨਵਾਂ ਸਿੱਖਦਾ ਰਹਿੰਦਾ ਹੈ।
ਵਿਦਵਤਾ ਭਰੇ ਲੇਖ, ਨਾਵਲ, ਨਾਟਕ, ਕਹਾਣੀਆਂ ਜਾਂ ਕਵਿਤਾਵਾਂ ਰਚਣੀਆਂ, ਇਹ ਵੀ ਇੱਕ ਰੱਬੀ ਦੇਣ ਹੈ। ਈਸਾ ਮੂਸਾ ਗੁਰੂ ਨਾਨਕ ਅਤੇ ਹੋਰ ਪੀਰ ਪੈਗੰਬਰ, ਜਿਨ੍ਹਾਂ ਨੇ ਦੁਨੀਆਂ ਨੂੰ ਅਲਹਾਮ ਦਿੱਤਾ ਉਹ ਵੀ ਦੁਨੀਆਂ ਉੱਤੇ ਹੋ ਰਹੇ ਜੁਲਮ ਅਤੇ ਸਿਤਮ ਦਾ ਅਕਸ ਸੀ।
ਜਿਵੇਂ ਰਗੜ ਨਾਲ ਅੱਗ ਬਲਦੀ ਹੈ। ਪਾਰਸ ਦੀ ਛੁਹ ਨਾਲ ਸੋਨਾ ਬਣਦਾ ਹੈ। ਇਵੇਂ ਹੀ ਦੁਨੀਆਂ ਦੀਆਂ ਸਮੱਸਿਆਵਾਂ ਨਾਲ ਸੰਘਰਸ਼ ਕਰਦਾ ਇਨਸਾਨ ਲੇਖਕ ਬਣ ਜਾਂਦਾ ਹੈ। ਲੇਖਕ ਦੁਨੀਆਂ ਵਿੱਚ ਘ੍ਰਿਣਾ, ਪਿਆਰ, ਹਾਸੇ ਰੋਣੇ, ਖੁਸ਼ੀਆਂ ਗ਼ਮੀਆਂ ਤੱਕਦਾ ਹੈ। ਉਨ੍ਹਾਂ ਦਾ ਅਸਰ ਲੇਖਕ ਦੇ ਮਨ ਨੂੰ ਬਿਹਬਲ ਕਰ ਜਾਂਦਾ ਹੈ। ਇਹ ਬਿਹਬਲਤਾ ਲਿਖਤ ਦੇ ਰੂਪ ਵਿੱਚ ਪ੍ਰਗਟ ਹੁੰਦੀ ਹੈ ਅਤੇ ਕਵਿਤਾ ਜਾਂ ਕਹਾਣੀ ਬਣ ਜਾਂਦੀ ਹੈ।
ਚੰਗੇ ਦਿਨਾਂ ਦੀਆਂ ਖੁਸ਼ਬੋਆਂ,ਮੰਦੇ ਦਿਨਾਂ ਦੀਆਂ ਬਦਬੋਆਂ।
ਕੱਠੀਆਂ ਕਰ ਖਰਲ ‘ਚ ਪਾਵੇ,
ਉਦਰੇਵੇਂ ਤੇ ਗ਼ਮਾਂ ਦਾ ਡੰਡਾ,
ਲੈ ਕੇ ਉਸਨੂੰ ਰਗੜਾ ਲਾਵੇ।
ਲੈ ਕੇ ਉਨ੍ਹਾਂ ਦੇ ਅਸਰ ਦੀ ਰੰਗਤ,
ਯਾਦਾਂ ਦੀ ਇੱਕ ਕਲਮ ਉਠਾਵੇ।
ਤਵਾਰੀਖ ਦੇ ਸਫਿਆਂ ਉੱਤੇ,
ਇੰਜ ਉਹ ਪੱਕਾ ਛਾਪਾ ਲਾਵੇ।
ਮਨੁੱਖਤਾ ਨੂੰ ਝੂਣ ਜਗਾਵੇ।
ਅਤੇ
ਉਜੜੇ ਹੋਏ ਬਾਗ ਦੇ ਉੱਤੇ,
ਆਪਣੀ ਪ੍ਰੀਤ ਦਾ ਛੱਟਾ ਦੇ ਕੇ,
ਹਰ ਕਲੀ ਤਾਂ ਫੁੱਲ ਤਾਂ ਕੀ ਹੈ?
ਹਰ ਪੱਤਾ ਪੱਤਾ ਮਹਿਕਾਵੇ। -ਪ੍ਰੀਤਮ ਧੰਜਲ
ਅਤੇ ਉਹ ਹਰ ਮਹਿਕਦਾ ਪੱਤਾ ‘ਬਸੰਤ ਬਹਾਰਾਂ’ ਬਣ ਜਾਂਦਾ ਹੈ। ਪਿਆਰ ਦਾ ਦੂਜਾ ਨਾਲ ਪ੍ਰਮਾਤਮਾਂ ਹੈ। ਪਿਆਰ ਨਾਲ ਦੁਨੀਆਂ ਵੱਸ ਕੀਤੀ ਜਾ ਸਕਦੀ ਹੈ। ਜਿਥੇ ਪਿਆਰ ਹੈ। ਉਥੇ ਸ਼ਰਧਾ ਹੈ। ਸ਼ਰਧਾ ਨਾਲ ਹੀ ਇਨਸਾਨ ਆਪਣੇ ਪ੍ਰਭੂ ਜਾਂ ਮਹਿਬੂਬ ਨੂੰ ਪਾਉਦਾ ਹੈ। ‘ਬਸੰਤ’ ਜੀ ਦੀਆਂ ਕਵਿਤਾਵਾਂ ਵਿੱਚ , ਸ਼ਰਧਾ ਆਮ ਪਾਈ ਜਾਂਦੀ ਹੈ। ਇਸ ਕਰਕੇ ਬਸੰਤ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦਾ ਬਰਦਾਰ ਕਵੀਿ ਅਖਵਾਉਣ ਦਾ ਹੱਕ ਰੱਖਦਾ ਹੈ।
‘ਬਸੰਤ’ ਜੀ ਦੀ ਆਪਣੇ ਉਸਤਾਦ ਕਵੀ ਕਿਦਾਰ ਨਾਥ ‘ਬਾਗੀ’ ਨਾਲ ਪਿਆਰ ਅਤੇ ਸ਼ਰਧਾ ਦੀ ਅਥਾਹ ਡੂੰਘਾਈ ‘ਮੇਰੀ ਉਮੰਗ’ ਨਾਮੀ ਕਵਿਤਾ ਵਿੱਚ ਆ ਮੁਹਾਰੇ ਬੋਲਦੀ ਹੈ।
ਇਹੋ ਈ ਖ਼ਾਹਿਸ਼ ਏ ਮੇਰੀ,
ਮੇਰੇ ਅਰਮਾਨ ਡੂੰਘੇ ਨੇ।
ਕੱਢ ਅਗਿਆਨਤਾ ਦਿਲ ਦੀ,
ਤੇ ਦਮਾਗ਼ੀ ਬਣਾ ਦੇ ਤੂੰ,
ਹੋਵਾਂ ਕੈਦ ਬੇਸ਼ਕ,
ਪਰ ਦਿਲੋਂ ਆਜ਼ਾਦ ਮੈਂ ਹੋਵਾਂ,
ਕਰਕੇ ਮਿਹਰ ਆਪਣੀ,
ਇੱਕ ਨਵਾਂ ਬਾਗੀ ਬਣਾਦੇ ਤੂੰ।
ਕਹਿੰਦੇ ਹਨ ਕਿ ਰੱਬ ਭਗਤਾਂ ਦੇ ਵੱਸ ਹੁੰਦਾ ਹੈ। ਆਪਣੇ ਸ਼ਗਿਰਦ ਦੇ ਪਿਆਰ ਅਤੇ ਸ਼ਰਧਾ ਨਾਲ ‘ਬਾਗੀ’ ਦਾ ਦੈਵੀ ਮਨ ਦ੍ਰਵ ਗਿਆ ਅਤੇ ਉਹ ਆਪਣੇ ਅਲਹਾਮ ਵਿੱਚ ਲਿਖਦੇ ਹਨ।
ਮੇਰਾ ਹੈ ਸ਼ਗਿਰਦ ‘ਬਸੰਤ’,
ਜਿਸਦੇ ਪਿਆਰ ਦਾ ਕੋਈ ਨਹੀਂ ਅੰਤ।
ਉਨ ਗ੍ਰਹਿਸਥੀ ਦਿਲ ਦਾ ਸੰਤ।
ਬਾਗੀ ਦੀ ਹੈ ਇਹੋ ਬੇਨਤੀ,
ਦਾਤੇ ਦੇ ਸੱਚੇ ਦਰਬਾਰ।
ਜੀਵੇ ਸੁਹਣਾ ਵਰਸ ਹਜਾਰ।
ਮੈਂ ਵੇਖ ਲਈ ਮਕੌਲਡਰ ਯਾਰ।
ਉਸਤਾਦ ਕਵੀ ਕਿਦਾਰ ਨਾਥ ਬਾਗੀ ਦੇ ਖਿਆਲ ਵਿੱਚ ‘ਬਸੰਤ’ ਸੰਪਰਦਾਇਕ ਕਵੀ ਹੋਵੇਗਾ। ਸੱਚ ਜਾਪਦਾ ਹੈ।
ਬਸੰਤ ਜੀ ਦੇ ਅਥਾਹ ਪਿਆਰ ਦੀ ਇੱਕ ਹੋਰ ਵੰਨਗੀ ਜਿਹੜੀ ਉਨ੍ਹਾਂ ਆਪਣੇ ਅਫਰੀਕਾ ਦੇ ਸਫ਼ਰ ਸਮੇ, ਆਪਣੀ ਧਰਮ ਪਤਨੀ ਨੂੰ ਇੱਕ ਖਤੱ ਦੇ ਰੂਪ ਵਿੱਚ ਲਿਖ ਕੇ ਪਾਈ ਸੀ। ਉਮੰਡ ਰਹੇ ਪਿਆਰ ਦੀ ਤੀਖਣਤਾ ‘ਗੁੱਝੀ ਰਹੇ ਨਾ ਹੀਰ ਹਜਾਰ ਵਿੱਚੋਂ’ ਵਾਂਗ ਪ੍ਰਗਟ ਹੁੰਦੀ ਹੈ। ਬਿਰਹਾ ਦਾ ਪ੍ਰਗਟਾ ਬਸੰਤ ਇਸ ਤਰ੍ਹਾਂ ਕਰਦਾ ਉਹ ਮੁਹੇਰਵਾ ਕਰਦਾ ਹੈ।
ਤੂੰਈਓ ਦਸ ਪ੍ਰਦੇਸ ਦੇ ਵਿੱਚ ਮੇਰਾ,
ਦਰਦੀ ਹੋਰ ਤੈਨੂੰ ਕਿਹੜਾ ਦਿਸਦਾ ਏ।
ਇੱਕੋ ਮਣੀ ਤੂੰ ਪ੍ਰਾਣ ਆਧਾਰ ਮੇਰੀ,
ਦਾਰੂ ਹੋਰ ਨਾ ਮੇਰੀ ਕੋਈ ਵਿੱਸ ਦਾ ਏ।
ਦਿਨੇ ਰਾਤ ਤੜਪਾਂਵਦੀ ਯਾਦ ਤੇਰੀ,
ਸੜਦਾ ਇਹ ਸੀਨਾ, ਆਕੇ ਠਾਰ ਜਾਹ ਖਾਂ।
ਰਾਂਝੇ ਵਾਂਗ ਮੈਂ ਬੇਲਿਆਂ ਵਿੱਚ ਤੱਕਾਂ,
ਬਣਕੇ ਹੀਰ ਤੂੰ ਚੂਰੀਆਂ ਚਾਰ ਜਾਹ ਖਾਂ।
ਏਸੇ ਕਵਿਤਾ ਵਿੱਚ ਬਸੰਤ ਅੱਗੇ ਜਾ ਕੇ ਲਿਖਦਾ ਹੈ।
ਰੱਖੇ ਸਾਂਭ ਨੇ ਵਲਵਲੇ ਦਿਲ ਅੰਦਰ,
ਦਸਾਂ ਕਿਵੇਂ ਮੈਂ ਜਿਗਰ ਦੇ ਮੀਤ ਬਾਂਝੋਂ।
ਸੀਤਾ ਬਾਝ ਜਿਵੇਂ ਰਾਮ ਵਿਲਕਦਾ ਸੀ,
ਤੜਫੇ ਅੱਜ ਬਸੰਤ ‘ਬਲਜੀਤ’ ਬਾਝੋਂ।
ਬਲਜੀਤ ਕੌਰ ਬਸੰਤ ਜੀ ਦੀ ਧਰਮ ਸੁਪਤਨੀ ਹੈ। ਜਿਨ੍ਹਾਂ ਦੇ ਵਿਯੋਗ ਨੇ ਬਸੰਤ ਨੂੰ ਮਹਾਨ ਕਵੀ ਦੀ ਪੱਦਵੀ ਉਪਰ ਪਹੁੰਚਾ ਦਿੱਤਾ। ਬਸੰਤ ਜੀ ਦੇ ਸੰਪਰਦਾਇ ਕਾਵਿ ਰਚਿਤ ਮਹਿਲ ਹੇਠ ਰਵਾਇਤੀ ਕਵੀ ਬਸੰਤ ਦੀਆਂ ਨੀਹਾਂ ਹਨ। ਉਹ ਸੰਪਰਦਾਇ ਕਵੀ ਹੋਣ ਦੇ ਨਾਲ ਨਾਲ ਲੋਕ-ਕਵੀ ਵੀ ਹੈ। ਹੱਥਲੀ ਪੁਸਤਕ ਵਿੱਚ ਅੰਕਿਤ ਕਵਿਤਾਵਾਂ ਨੂੰ ਯੂਗੰਡਾ, ਅਫਰੀਕਾ, ਕਨੇਡਾ ਅਤੇ ਇੰਗਲੈਂਡ ਵਿੱਚ ਹਾਫ਼ਜ ਬਸੰਤ ਨੇ ਇਹ ਕਵਿਤਾਵਾਂ ਮੂੰਹ ਜ਼ਬਾਨੀ ਹਜਾਰਾਂ ਦਰਸ਼ਕਾਂ ਸਾਹਮਣੇ ਪੜ੍ਹੀਆਂ ਹਨ। ਦਰਸ਼ਕਾਂ ਦੇ ਖਿਆਲ ਨੂੰ ਹਰ ਸਮੇਂ ਆਪਣੀ ਕਾਵਿ ਕਲਾ ਨਾਲ ਤੋਰਿਆ ਹੈ। ਸਰੋਤੇ ਕਵਿਤਾਵਾਂ ਦੇ ਬਹਿਰ ਵਿੱਚ ਵਹਿੰਦੇ ਹੋਏ ਆਪਣੇ ਆਪ ਨੂੰ ਇਸ ਕਾਵਿ ਸਰ ਵਿੱਚ ਤਾਰੀਆਂ ਲੁਆਉਦੇ ਹਨ। ਕਵਿਤਾਵਾਂ ਦੀ ਸ਼ਬਦਾਵਲੀ ਤੋਂ ਬੋਲਣਾ ਸਿਖਦੇ ਹਨ। ਕਈ ਕਈ ਸਤਰਾਂ ਤਾਂ ਲੋਕਾਂ ਦੇ ਮੂੰਹਾਂ ਉਪਰ ਇਸ ਤਰ੍ਹਾਂ ਚੜ ਜਾਂਦੀਆਂ ਹਨ ਕਿ ਤੁਰਦੇ ਫਿਰਦੇ ਗੁਣਗੁਾਉਦੇ ਰਹਿੰਦੇ ਹਨ। ਵਿਸ਼ਾ ਸ਼ੈਲੀ ਅਤੇ ਖਿਆਲਾਂ ਦੀਆਂ ਉੱਚੀਆਂ ਉਡਾਰੀਆਂ ਤੋਂ ਜੀਵਨ ਪੁਲਾੜ ਵਿੱਚ ਉੱਡਨਾ ਸਿੱਖਦੇ ਹਨ। ਕਵਿਤਾਵਾਂ ਵਿੱਚ ਵਰਤੇ ਗਏ ਅਲੰਕਾਰਾਂ ਤੋਂ ਸੂਝ ਅਤੇ ਜੀਵਨ ਪੰਧ ਦੀਆਂ ਗੁਆਚੀਆਂ ਰਾਹਵਾਂ ਲੱਭਦੇ ਹਨ। ਬਸੰਤ ਜੀ ਦੀਆਂ ਕਵਿਤਾਵਾਂ ਦਾ ਇਹ ਦੈਵੀ ਗੁਣ ਅਸਰ ਪਰਦੇਸਾਂ ਵਿੱਚ ਵਸਦੇ ਪੰਜਾਬੀਆਂ ਦੀ ਦੂਜੀ ਪੀੜ੍ਹੀ ਉੱਪਰ ਵੀ ਇੱਕ ਮੋਹਰ ਹੈ। ਬਸੰਤ ਦੀਆ ਮੁਹਾਵਰੇ ਵਰਗੀਆਂ ਹਜਾਰਾਂ ਸਤਰਾਂ ਦੀ ਇੱਕ ਵੰਨਗੀ ਹਾਜ਼ਰ ਹੈ।
ਸੱਚੀ ਗੱਲ ਸਿਆਣੇ ਆਖਣ,
ਪੋਨੇ ਪੋਹਣ ਨਾ ਸੂਰਾਂ ਤਾਈਂ।
ਅਕਲੋਂ ਅੰਨ੍ਹੇ ਗਿਆਨ ਵਿਹੂਣੇ,
ਕੀ ਜਾਨਣਗੇ ਨੂਰਾਂ ਤਾਈਂ।
ਬਸੰਤ ਜੀ ਦੀਆਂ ਕਵਿਤਾਵਾਂ ਵਿੱਚ ਭਾਵ, ਸਾਗਰ ਡੂੰਘਾਈਆਂ ਹਨ। ਕਲਪਨਾ ਅਸਮਾਨ ਛੂੰਹਦੀ ਹੈ। ਪੈਗਾਮ ਦੈਵੀ ਹੈ। ਨਜ਼ਾਰੇ ਅਲੌਕਿਕ ਹਨ। ਇਤਿਹਾਸਕ ਅਤੇ ਭੂਗੋਲਕ ਵਰਨਣ ਹੈ। ਤੀਖਣ ਸ਼ਬਦਾਵਲੀ ਅਤੇ ਅਲੰਕਾਰਾਂ ਦੀ ਭਰਮਾਰ ਹੈ।
ਬਸੰਤ ਨੇ ਆਪਣੀਆਂ ਕਵਿਤਾਵਾਂ ਵਿੱਚ ਨੌ ਦੇ ਨੌ ਹੀ ਰਸ ਵਰਤੇ ਹਨ। ਜਿਨ੍ਹਾਂ ਵਿੱਚੋਂ ਹਾਸਰਸ ਪ੍ਰਧਾਨ ਹੈ। ਕਵਿਤਾਵਾਂ ਦੇ ਛੰਦਾਂ ਦੇ ਵਲ ਖਾਂਦੇ ਬਹਿਰ ਤੋਂ ਮਟਿਆਰਾਂ ਵੱਲ ਖਾ ਕੇ ਤੁਰਨਾ ਸਿਖਦੀਆਂ ਹਨ। ਸੂਝਵਾਨ ਪੜ੍ਹ ਕੇ ਸੋਝੀ ਦੀ ਗੱਲ ਕਰਦੇ ਹਨ।
ਸ਼ਰਾਬ, ਸ਼ਬਾਬ ਅਤੇ ਕਬਾਬ ਉੱਪਰ ਬਸੰਤ ਨੇ ਅਨੇਕਾਂ ਕਵਿਤਾਵਾਂ ਲਿਖੀਆਂ ਹਨ। ਉਨ੍ਹਾਂ ਦੀ ਇੱਕ ਕਵਿਤਾ ‘ਕਵਿਤਾ ਦਾ ਆਗਾਜ਼’ ਵਿੱਚ ਸਿ਼ੰਗਾਰ ਰਸ ਦਾ ਨਮੂਨਾ ਵੇਖੋ ਕਿਵੇਂ ਦਿਲ ਨੂੰ ਟੁੰਭਦਾ ਹੈ?
ਅੱਖਾਂ ਚਾਰ ਕੀ ਕਰ ਲਈਆਂ ਨਾਲ ਤੇਰੇ,
ਬਿਨ੍ਹਾਂ ਪੀਤਿਆਂ ਹੀ ਮਸਤੀ ਚੜ੍ਹੀ ਹੋਈ ਏ।
ਬੋਤਲ ਨਹੀਂ ਬਲਜੀਤ ਹੈ ਹੱਥ ਮੇਰੇ,
ਜਦ ਵੀ ਵੇਖਾਂ ਗਲਾਸ ਵਿੱਚ ਵੜ੍ਹੀ ਹੋਈ ਏ।
ਬਸੰਤ ਦੀਆਂ ਕਵਿਤਾਵਾਂ ਨੂੰ ਪੜ੍ਹਦਾ ਪਾਠਕ ਉਕਤਾੳਂੁਦਾ ਨਹੀਂ। ਹਰ ਕਵਿਤਾ ਦੇ ਸ਼ੁਰੂ ਤੋਂ ਅੰਤ ਤੱਕ ਪਾਠਕ ਕਹਾਣੀ ਵਾਂਗ ਬਸੰਤ ਦੇ ਖਿਆਲਾਂ ਨਾਲ ਵਲਿਆ ਰਹਿੰਦਾ ਹੈ। ਬਸੰਤ ਦੀ ਸ਼ਖਸ਼ੀਅਤ ਵੱਲ ਤੱਕ ਕੇ ਕੋਈ ਉਸਨੂੰ ‘ਭਾਈਆ’ ਕਹਿੰਦਾ ਹੈ। ਕੋਈ ‘ਸੰਤ’ ਦਾ ਲੇਬਲ ਲਾਉਦਾ ਹੈ। ਕੋਈ ਕੁਝ ਵੀ ਆਖੇ ਪਰ ‘ਬਸੰਤ’ ਬਸੰਤ ਬਹਾਰ ਆਪ ਖਿੜਿਆ ਰਹਿੰਦਾ ਹੈ। ਆਪਣੀਆਂ ਕਵਿਤਾਵਾਂ ਦੇ ਹਾਸਰਸ ਨਾਲ ਪਾਠਕਾਂ ਦੇ ਢਿੱਡਾਂ ਵਿੱਚ ਹਾਸੇ ਨਾਲ ਪੀੜਾਂ ਪਾ ਦਿੰਦਾ ਹੈ। ‘ਲੀਡਜ਼ ਦਾ ਹੋਲਾ’ ਕਵਿਤਾ ਵਿੱਚ ਹਾਸਰਸ ਦਾ ਨਮੂਨਾ ਪ੍ਰਬੱਲ ਹੈ। ਵਲੈਤ ਦੇ ਭਰ ਸਿਆਲਾਂ ਦੇ ਦਿਨ ਬਰਮਿੰਗਮ ਤੋਂ ਸੰਗਤ ਨੇ ਕੋਚ ਵਿੱਚ ਬੈਠ ਕੇ ਲੀਡ ਨੂੰ ਹੋਲਾ ਖੇਡਣ ਜਾਣਾ ਸੀ। ਠੰਢ ਵਿੱਚ ਕੋਚ ਦੀ ਉਡੀਕ ਕਰਦੀਆਂ ਸਵਾਰੀਆਂ ਬਾਰ ਜੋ ਮੰਜਰਕਸ਼ੀ ਬਸੰਤ ਨੇ ਕੀਤੀ ਹੈ ਉਹ ਬਿਲਕੁਲ ਹੀ ਢਿੱਡੀ ਪੀੜਾਂ ਪਾਉਣ ਵਾਲੀ ਹੈ। ਬਸੰਤ ਲਿਖਦਾ ਹੈ।
ਜਿਥੇ ਨਾਰੀਆਂ ਖੜੋਈਆਂ ਉਥੇ ਕੰਤ ਵੀ ਖੜੇ।
ਕੋਲ ਨਿੱਕੇ ਰੋਣੇ ਭੌਣੇ ਜੀਆਂ ਜੰਤ ਵੀ ਖੜੇ।
ਗਲੀਂ ਚਿੱਟੇ ਚੌਲੇ ਹੱਥ ਮਾਲਾ ਉਥੇ ਸੰਤ ਵੀ ਖੜੇ।
ਇੱਕ ਗੁੱਠੇ ਲੱਗੇ ਮਾਥੜ ਬੇਸੰਤ ਵੀ ਖੜੇ।
ਕਵੀ ਦਾ ਦਿਲ ਪੱਥਰ ਨਾਲੋਂ ਕਠੋਰ ਅਤੇ ਮੋਮ ਨਾਲੋਂ ਨਰਮ ਹੁੰਦਾ ਹੈ। ਕਵੀ ਦੀ ਕਿਰਤਕਿਸੇ ਸਮਾਜ ਦਾ ਸ਼ੀਸ਼ਾ ਹੁੰਦੀ ਹੈ। ਸਮਾਜ ਵਿੱਚ ਹਰ ਤਰ੍ਹਾਂ ਦੇ ਪਾਤਰ ਮਿਲਦੇ ਹਨ। ‘ਲੀਡਜ਼ ਦਾ ਹੋਲਾ’ ਠੰਢ ਵਿੱਚ ਕੋਚ ਨੂੰ ਉਡੀਕਦੀਆਂ ਸੰਗਤਾਂ ਵਲੋਂ ਕਵਿਤਾ ਵਿੱਚ ਬਸੰਤ ਕਰੁਣਾਰਸ ਰਾਹੀ ਸਭਾ ਦੇ ਪ੍ਰਧਾਨ ਬਾਰੇ ਕ੍ਰੋਧ ਭਰੀਆਂ ਸੱਤਰਾਂ ਇੰਝ ਲਿਖਦਾ ਹੈ।
ਨਿੰਮਾਂ ਆਖੇ ਫੂਨ ਕਰੀਂ ਤੂੰ ਪ੍ਰਧਾਨ ਨੂੰ।
ਪੁਛ ਉਹਨੂੰ ਰੋਈਏ ਦਸ ਕਿਹਦੀ ਜਾਨ ਨੂੰ।
ਸਰਲ ਸ਼ਬਦਾਵਲੀ ਨਾਲ ਤੀਖਣ ਗੱਲ ਕਹਿਣੀ ਬਸੰਤ ਦਾ ਆਪਣਾ ਰੰਗ ਅਤੇ ਢੰਗ ਹੈ। ਜਿਨਾਂ ਚਿਰ ਸਰੋਤਿਆਂ ਜਾਂ ਪਾਠਕਾਂ ਦੇ ਰੌਂਗਟੇ ਖੜੇ ਨਹੀਂ ਹੋ ਜਾਂਦੇ ਤਾਂ ਪਾਠਕ ਜਾਂ ਸਰੋਤੇ ਉਸ ਕਵਿਤਾ ਦੇ ਸਿਰਜਨਹਾਰੇ ਨੂੰ ਕਵੀ ਕਹਿਣ ਤੋਂ ਵੀ ਝਿਜਕਦੇ ਹਨ। ਏਸੇ ਲਈ ਖਾਸ ਕਰ ਬਹੁਤੇ ਕਵੀਆਂ ਨੇ ਜੰਗਨਾਮੇ ਲਿਖੇ ਹਨ। ਬਸੰਤ ਨੇ ਭਾਵੇਂ ਕੋਈ ਜੰਗਨਾਮਾ ਨਹੀਂ ਲਿਖਿਆ ਹੈ ਪਰ ਉਹ ਆਪਣੀ ਕਵਿਤਾ ‘ਫਖਰੇ ਜ਼ਮਾਂ’ ਵਿੱਚ ਵੀਰ ਰਸ ਦੀ ਸ਼ਬਦਾਵਲੀ ਹੇਠ ਦੀ ਤਰ੍ਹਾਂ ਵਰਤਦਾ ਹੈ।
ਜੋ ਰਾਜੇ ਸੀ ਸ਼ੀਂਹ ਤੇ ਮਕਦੱਮ ਸੀ ਕੁੱਤੇ,
ਉਹ ਨਾਨਕ ਨੇ ਥਾਂ ਥਾਂ ਭੰਡੇ ਸ਼ੈਤਾਂ।
ਹੱਕ ਪਰਾਇਆ ਪਰਾਇਆ ਹੀ ਹੁੰਦਾ,
ਕਿਸੇ ਲਈ ਸੂਰ, ਕਿਸੇ ਲਈ ਇਹ ਗਾਂ।
ਸ਼ੋਕਮਈ ਨਿਬੰਧ ‘ਹਮਦਰਦ’ ਨਾਮੀ ਕਵਿਤਾ ਦਾ ਨਮੂਨਾ ਵੇਖੋ;
ਗ਼ਜ਼ਲਗੋ ਉਹ ਗ਼ਜ਼ਲ ਨਵੀਸ ਵੀ ਸੀ,
ਨੀ ਗ਼ਜ਼ਲੇ ਰਾਣੀਏ ਰਾਜ ਬਹਾ ਗਿਆ ਉਹ।
ਵੱਧ ਸੂਰਜ ਤੋਂ ਚਮਕਦੇ ਰਹਿਣਗੇ ਉਹ,
ਤੇਰੀ ਚੁੰਨੀ ਨੂੰ ਤਾਰੇ ਜੋ ਲਾ ਗਿਆ ਉਹ।
ਉਹ ਹਮਦਰਦ ਸੀ ਕੋਈ ਬੇਦਰਦ ਨਹੀਂ ਸੀ,
ਉਹਦੀ ਯਾਦ ਅੱਜ ਦਿਲੀਂ ਸਮਾਈ ਹੋਈ ਏ।
ਇੱਕਠੇ ਹੋ ਅੱਜ ਉਹਦੇ ਹਮਜੋਲੀਆਂ ਨੇ,
ਛਹਿਬਰ ਹੰਝੂਆਂ ਦੀ ਏਥੇ ਲਾਈ ਹੋਈ ਏ।
ਜਦੋਂ ਲਿਸੇ ਨੂੰ ਆਪਣੀ ਮੰਜਲ ਮਿਲਣ ਦੀ ਆਸ ਹੋ ਜਾਵੇ, ਉਸ ਸਮੇਂ ਉਸਦਾ ਡਿੱਗਿਆ ਹੋਇਆ ਹੌਸਲਾ ਬੁਲੰਦ ਹੋ ਜਾਂਦਾ ਹੈ। ਆਖਰੀ ਚਾਰ ਪੈਰ ਪੁੱਟਣ ਦਾ ਉਤਸ਼ਾਹ ਥੱਕੇ ਟੁੱਟੇ ਨੂੰ ਵੀ ਹੋ ਜਾਂਦਾ ਹੇ। ਰੋਦ੍ਰ ਰਸ ਵਰਤਦਾ ਬਸੰਤ ਲਿਖਦਾ ਹੈ।
ਸਾਡਾ ਚੰਦਰਮਾਂ ਕਰੇ ਪ੍ਰਕਾਸ਼ ਏਥੇ,
ਸਾਡੇ ਰਿਸ਼ੀਆਂ ਨੇ ਸੂਰਜ ਚੜ੍ਹਾ ਦਿੱਤਾ।
ਜੀਉਂਦਾ ਰਵੇ ਜੁੱਗਾਂ ਤੋੜੀ ਰੱਬ ਸਾਡਾ,
ਜਿਹਨੇ ਏਥੇ ਹੀ ਬਸੰਤ ਖਿੜ੍ਹਾ ਦਿੱਤਾ।
ਜੋਸ਼ ਹੋਸ਼ ਅਤੇ ਉਤਸ਼ਾਹ ਦੇ ਨਾਲਨਾਲ ਜਿ਼ੰਦਗੀ ਵਿੱਚ ਹਰ ਇਨਸਾਨ ਦੇ ਨਾਲ ਡਰ ਵੀ ਪ੍ਰਛਾਵੇਂ ਵਾਂਗ ਰਹਿੰਦਾ ਹੈ। ਭੈਅ ਕਾਨੂੰਨ ਦਾ ਹੁੰਦਾ ਹੈ। ਲੋਕ ਨਾਮੁਰਾਦ ਬਿਮਾਰੀਆਂ ਕੋਲੋਂ ਡਰਦੇ ਹਨ। ਸਭ ਤੋਂ ਵੱਡਾ ਡਰ ਇਨਸਾਨ ਨੂੰ ਮੌਤ ਦਾ ਹੁੰਦਾ ਹੈ। ਅਜਿਹੀ ਸ਼ਬਦਾਵਲੀ ਬਸੰਤ ਆਪਣੀ ਕਵਿਤਾ ‘ਸ਼ਹੀਦੀ ਗੁਰੂ ਅਰਜਨ ਦੇਵਜੀ’ ਵਿੱਚ ਲਿਖਦਾ ਹੈ।
ਜਿਹੜੇ ਨੱਕ ‘ਚ ਠੂਹੇਂ ਡਿੱਗਣ, ਠੁੱਡੇ ਵੱਜਣ ਨੱਕ ਦੇ ਉੱਤੇ।
ਉਤੋਂ ਮੌਤ ਦਾ ਮੂੰਗਲ ਵੱਜੇ, ਦੋਹਰੇ ਹੋਏ ਲੱਕ ਦੇ ਉੱਤੇ।
ਮਾਰ ਮਾਰਕੇ ਹੁੰਝਾਂ ਲੋਕਾਂ, ਵੱਖੀਆਂ ਉਹਦੀਆਂ ਅੰਦਰ ਪਾਈਆਂ।
ਜਣਨ ਵਾਲੀ ਨੂੰ ਰੋਵੇ ਚੰਦੂ, ਪੁੱਠੀਆਂ ਮੱਤਾਂ ਜਿਹਨੇ ਸਿਖਾਈਆ।
ਉਪਰਲੀਆਂ ਸਤਰਾਂ ਵਿੱਚ ਬਸੰਤ ਭੈਅ-ਭੀਤ ਸ਼ਬਦਾਵਲੀ ਦੀ ਵਰਤੋਂ ਕਰਦਾ ਹੈ। ਏਸੇ ਕਵਿਤਾ ਦੇ ਅੱਗੇਜਾ ਕੇ ਉਹ ਭੀਵਤਸ ਰਸ ਵਰਤਦਾ ਹੈ। ਸ਼ੁਹਰਤ, ਉਸਤੱਤ ਅਤੇ ਨਿੰਦਿਆ ਹਰ ਜੀਵਨ ਵਿੱਚ ਇੱਕ ਫਿਤਰਤ ਹੈ। ਇਸ ਫਿਤਰਤ ਨੂੰ ਵੀ ਬਸੰਤ ਨੇ ਬਹੁਤ ਉਘਾੜ ਕੇ ਲਿਖਿਆ ਹੈ।
ਚੰਦੂ ਨੂੰ ਸਣਕਪੜੀ ਲੱਗੀ, ਪਾਪੀ ਦਿਲ ਡਾਢਾ ਬੁਖਲਾਇਆ।
ਆਸਾ ਪਾਸਾ ਦੰਗ ਰਹਿ ਗਿਆ, ਏਨਾ ਉਸਨੇ ਸ਼ੋਰ ਮਚਾਇਆ।
ਚੰਦੂ ਆਖੇ ਦਸ ਪੰਡਤਾ, ਕੀ ਕੱਜ ਸੀ ਮੇਰੀ ਛੋਹਰੀ ਵਿੱਚ।
ਇਹ ਤਾਂ ਇੱਟ ਚੁਬਾਰੇ ਦੀ ਸੀ, ਤੈਂ ਜੜਤੀ ਮੋਹਰੀ ਦੇ ਵਿੱਚ।
ਸਾਡਾ ਉਚ ਘਰਾਣਾ ਸ਼ਾਹੀ, ਤੂੰ ਪੰਡਤਾਂ ਹੀਣਾ ਕੀਤਾ।
ਸਾਧਾਂ ਦੇ ਘਰ ਧੀ ਵਿਆਹੀਏ, ਸਾਡਾ ਮੁਸ਼ਕਲ ਜੀਣਾ ਕੀਤਾ।
ਨਿਰਧਨ ਨਾਲ ਵਿਹਾਜ ਨਹੀਂ ਸਰਦੀ, ਸਾਡੀ ਇਹ ਸਰਮਾਏਦਾਰੀ।
ਨਾਲ ਫਕੀਰਾਂ ਹੋ ਨਹੀਂ ਸਕਦੀ, ਸ਼ਾਹੂਕਾਰਾਂ ਦੀ ਸੱਚੀ ਯਾਰੀ।
ਅਸੀਂ ਧੁਰੋਂ ਜੰਮੇ ਰਜਵਾੜੇ, ਪਰ ਉਹ ਟੋਲਾ ਸੰਤਾਂ ਦਾ ਏ।
ਲੋਕਾਂ ਕੋਲੋ ਮੰਗ ਮੰਗ ਖਾਣਾ, ਪੇਸ਼ਾ ਉਹਨਾਂ ਮਹੰਤਾਂ ਦਾ ਏ।
ਅਚੰਭਾ ਵੀ ਨੈਤਿਕ ਜੀਵਨ ਵਿੱਚ ਸਮੋਇਆ ਹੋਇਆ ਹੈ। ਇਨਸਾਨ ਕਈ ਗੱਲਾਂ ਸੁਣ ਵੇਖ ਕੇ ਦੰਗ ਰਹਿ ਜਾਂਦਾ ਹੈ। ਹੈਰਾਨਗੀ ਹਰ ਪੁਰਸ਼ ਅਤੇ ਨਾਰੀ ਦੇ ਖਿਆਲਾਂ ਦਾ ਅਨਖਿੜਵਾਂ ਤੱਤ ਹੈ। ਅਸਚਰਜਤਾ ਆਦਮੀ ਦੇ ਦਿਲ ਨੂੰ ਜਿਥੇ ਉਤਸ਼ਾਹਤ ਕਰਦੀ ਹੈ ਉਥੇ ਦਿਲ ਦੀਆਂ ਧੜਕਣਾਂ ਨੂੰ ਤੇਜ਼ ਵੀ ਕਰਦੀ ਹੈ। ਅਦਭੁਤ ਸ਼ਬਦਾਵਲੀ ਵਰਤਦਾ ਆਪਣੀ ਕਵਿਤਾ ‘ਇੱਕ ਨਜ਼ਰ’ ਵਿੱਚ ਲਿਖਦਾ ਹੈ।
ਕਪਰਹਿੱਲ ਦੂਰੋਂ ਵੇਖੀ ਤਾਂ, ਮੈਨੂੰ ਝਾਉਲਾ ਪਿਆ ਦਿਵਾਲੀ ਦਾ।
ਝਲਿਆ ਨਾ ਜਾਵੇ ਰੂਪ ਜਿਵੇਂ ਕਿਸੇ ਹੂਰ ਮੋਤੀਆਂ ਵਾਲੀ ਦਾ।
ਉਹਦੇ ਸਿਰ ‘ਤੇ ਹੈ ਇੱਕ ਥੰਮ ਖੜਾ ਦੋ ਸੌ ਫੁੱਟ ਉਚੀ ਨਾਲੀ ਦਾ।
ਬੱਦਲ ਬਣ ਬਣ ਕੇ ਉੜਦਾ ਏ, ਚਿੱਟਾ ਧੂਆਂ ਚਿਮਨੀ ਕਾਲੀ ਦਾ।
ਦੁੱਖ ਸੁੱਖ ਹਰ ਵਿਅੱਕਤੀ ਦੇ ਜੀਵਨ ਦੇ ਭਾਗ ਹੁੰਦੇ ਹਨ। ਜਿਹੜੇ ਧੀਰਜ, ਤਲਖ਼ੀ, ਸਬਰ, ਜਬਰ ਅਤੇ ਕਿਆਮਤ ਤੋਂ ਉਪਜਦੇ ਹਨ। ਅਨਹਦ ਜਾਂ ਨਿਰਵੇਦ ਸਥਿੱਤੀਮਨ ਨੂੰ ਸੁੱਖ ਅਤੇ ਸ਼ਾਂਤ ਕਰਦੀ ਹੈ। ਬਸੰਤ ਸਿੰਘ ‘ਬਸੰਤ’ ਜੀ ਆਪਣੀ ਕਵਿਤਾ ‘ਮਖਮੂਰ ਬਸੰਤ’ ਵਿੱਚ ਨਿਰਵੇਦ ਰਸ ਹੇਠ ਲਿਖੇ ਦੀ ਤਰ੍ਹਾਂ ਉਚਾਰਦੇ ਹਨ।
ਰੰਗ ਬਰੰਗ ੇਫੁੱਲ ਚਮਨ ਦੇ, ਮਨ ਮੇਰਾ ਮਹਿਕਾਈ ਰੱਖਦੇ।
ਅੱਠੇ ਪਹਿਰ ਬਹਿਸ਼ਤੀ ਵਾਸਾ, ਸਦਾ ਬਸੰਤ ਖਿੜਾਈ ਰੱਖਦੇ।
ਬਸੰਤ ਕੋਲ ਹੋ ਰਹੀਆਂ ਕੁਰੀਤੀਆਂ ਨੂੰ ਸ਼ਹਿਨਸ਼ਾਹਾਂ ਦੇ ਕੰਨਾਂ ਵਿੱਚ ਪਾਉਣ ਪਾਉਣ ਦੀ ਹਿੰਮਤ ਹੈ। ਜਿਵੇਂ ਗੁਰੂ ਨਾਨਕ ਦੇਵ ਜੀ ਨੇ ਬਾਦਸ਼ਾਹ ਬਾਬਰ ਨੂੰ ਲਲਕਾਰਿਆ ਸੀ ‘ਏਤੀ ਮਾਰ ਪਈ ਕੁਰਲਾਣੇ ਤੈਂ ਕੀ ਦਰਦ ਨਾ ਆਇਆ’। ਬਸੰਤ ਸਿੰਘ ਬਸੰਤ ਵਲਾਇਤ ਵਿੱਚ ‘ਪੱਗੜੀ ਦਾ ਮਸਲਾ’ ਆਪਣੀ ਕਵਿਤਾ ਵਿੱਚ ਵਲੈਤ ਦੀ ਮਹਾਰਾਣੀ ਨੂੰ ਮੁਖਾਤਬ ਹੋ ਕੇ ਲਿਖਦਾ ਹੈ ਕਿ ਵਜ਼ੀਰ ਮਿਸਟਰ ਹੀਥ ਨੂੰ ਕਹਿ;
ਜੇ ਕਿਤੇ ਫਰਕ ਨੀਤ ਵਿੱਚ ਆਇਆ।
ਮੂਧਾ ਥਾਲ ਵੀ ਇਹਨੇ ਪਾਇਆ।
ਸੁਣਿਆਂ ਤੂੰ ਤੇ ਹੈ ਪਖੰਡ ਰਚਾਇਆ।
ਜਾਂ ਤੇਰੇ ਨਫ਼ਰਾਂ ਹੈ ਨ੍ਹੇਰ ਮਚਾਇਆ।
ਆਹ ਕੀ! ਹਲੈਮਿੱਟ ਢੌਂਗ ਰਚਾਇਆ।
ਤੂੰ ਚੁੱ ਕੇ ਸਿੰਘ ਨੂੰ ਟੋਪ ਵਖਾਇਆ।
ਵੇਖ ਸਿੰਘਾਂ ਕਿੰਨਾਂ ਭੜਥੂ ਪਾਇਆ।
ਧੁਰ ਲੰਦਨ ਤੱਕ ਜਲੂਸ ਕਢਾਇਆ।
ਇਹ ਆਖਣ ਉਹ ਨਾ ਮਾਂ ਦਾ ਜਾਇਆ।
ਹੱਥ ਜਿਨ ਪੱਗ ਦੇ ਵੱਲ ਵਧਾਇਆ।
ਰੋਂਦਾਂ ਹੀਥ ਫਿਰੇ ਘਬਰਾਇਆ।
ਤੈਂ ਉਹਦੇ ਗਲ ਸਿਆਪਾ ਪਾਇਆ।
ਜੇ ਤੂੰ ਚਾਹੁੰਦੀ ਏਂ ਸ਼ੋਰ ਮਟਾਇਆ।
ਤਾਂ ਤੂੰ ਇਉਂ ਰੋਕ ਵਹੀਰਾਂ ਨੂੰ।
ਸਿੱਖੀ ਲਈ ਗੱਲ ਭਲੇ ਦੀ ਸੋਚਣ,
ਤੂੰ ਕਹਿ ਦੇ ਆਪ ਵਜ਼ੀਰਾਂ ਨੂੰ।
ਪੰਜਾਬੀ ਸੱਭਿਆਚਾਰ ਦੀ ਨਿਖੜਵੀਂ ਪਛਾਣ ਦਾ ਪੱਛਮੀ ਰੀਤਾਂ ਰਿਵਾਜਾਂ ਦੇ ਦਬਾਵਾਂ ਹੇਠ ਮਰ ਮੁੱਕ ਜਾਣ ਦੀ ਪ੍ਰਕਿਰਿਆ ਨੂੰ ਕਵੀ ਨੇ ‘ਮੇਰੀ ਕ੍ਰਿਸਮੈਸ’ ਆਪਣੀ ਕਵਿਤਾ ਵਿੱਚ ਲਿਖਿਆ ਹੈ;
ਮੈਰੀ ਕ੍ਰਿਸਮੈਸ, ਮੈਰੀ ਕ੍ਰਿਸਮੈਸ, ਮੇਰੀ ਕਿਸਮਤ ਆਖਣ ਲੋਕ।
ਪਰ ਜੋ ਜੀਵ ਜਬ੍ਹਾੜਿਓ ਲੰਘੇ, ਉਹ ਨਾ ਮੁੜੇ ਗਏ ਪ੍ਰਲੋਕ।
ਕ੍ਰਿਸਮੈਸ ਨੂੰ ਵਲੈਤ ਵਿੱਚ ਲੋਕੀ ‘ਟਰਕੀ’ ਜਿਹੜਾ ਬਹੁਤ ਵੱਡਾ ਜਾਨਵਰ ਹੁੰਦਾ ਹੈ ਉਸਦੇ ਮਾਸ ਦਾ ਸੇਵਨ ਸਾਰੇ ਰਿਸ਼ਤੇਦਾਰ ਇੱਕ ਘਰ ਇੱਕਠਾ ਹੋ ਕੇ ਜ਼ਰੂਰ ਕਰਦੇ ਹਨ। ਇਹ ਰਿਵਾਜ ਹੈ। ‘ਪਰ ਜੋ ਜੀਵ ਜਬ੍ਹਾੜਿਓ ਲੰਘੇ, ਉਹ ਨਾ ਮੁੜੇ ਗਏ ਪ੍ਰਲੋਕ’ ਬਸੰਤ ਦੀ ਇਹ ਸਤਰ ਇੱਕ ਮੁਹਾਵਰਾ ਬਣ ਗਈ ਹੈ।
ਪੱਛਮੀ ਸੰਦਰਭ ਵਿੱਚ ਪੱਛਮੀ ਸੱਭਿਅਤਾ ਵਿੱਚ ਡੁੱਬਦੀ ਇੱਕ ਪ੍ਰਬੱਲ ਪੂਰਬੀ ਸ਼੍ਰੇਣੀ ਉੱਭਰ ਕੇ ਸਾਹਮਣੇ ਆਉਦੀ ਹੈ। ਇਸ ਕਾਵਿ ਸੰਗ੍ਰਹਿ ਵਿੱਚ ਕਈ ਅਜਿਹੀਆਂ ਖੂਬੀਆਂ ਹਨ ਜਿਨ੍ਹਾਂ ਨੇ ਆਲੋਚਕਾਂ ਅਤੇ ਗੰਭੀਰ ਪਾਠਕਾਂ ਦਾ ਧਿਆਨ ਆਪਣੇ ਵੱਲ ਖਿਚਿਆ ਹੈ।
ਸਮਕਾਲੀਨ ਇੰਗਲੈਂਡ ਦੇ ਸ਼ਹਿਰਾਂ ਵਿੱਚ ਇਨ੍ਹਾਂ ਸੰਕਟ ਗ੍ਰਸੱਤ ਦ੍ਰਿਸ਼ਾਂ ਨੂੰ ਕਵੀ ਨੇ ਰੂਪਾਂਤਰਾਂ ਰਾਹੀਂ ਬਿਆਨਿਆ ਹੈ। ਕਿਸੇ ਰੂਪ ਰਾਹੀਂ ਉਹ ਜਿਥੇ ਇੱਕ ਪਾਸੇ ਕਵਿਤਾ ਵਿੱਚ ਮੂਰਤੀਮਾਨ ਸਥਿੱਤੀ ਉਪਰ ਟਿੱਪਣੀ ਕਰਦਾ ਹੈ। ਉਥੇ ਸਮਕਾਲੀ ਜਥਾਰਥ ਦੀ ਇੱਕ ਸਿਧਾਂਤਕ ਸਮੱਸਿਆ ਨੂੰ ਵੀ ਸ਼ਾਇਦ ਸੁਲਝਾਉਣਾ ਲੋੜਦਾ ਹੈ। ਬਸੰਤ ਸਿੰਘ ‘ਬਸੰਤ’ ਜੀ ਨੇ ਜਿਥੇ ਰੁਮਾਂਟਿਕ ਵਿਸ਼ਾ ਲਿਆ ਹੈ ਉਥੇ ਉਸ ਨੇ ਰਾਜਨੀਤਕ, ਸਮਾਜਕ, ਆਰਥਕ, ਧਾਰਮਿਕ ਅਤੇ ਕਈ ਉਚ ਕੋਟੀ ਦੀਆਂ ਸਾਹਿਤਕ ਕਵਿਤਾਵਾਂ ਦੀ ਵੀ ਅਭਿਵਿਅਕਤੀ ਕੀਤੀ ਹੈ।
‘ਬਸੰਤ ਬਹਾਰਾਂ’ ਵਿੱਚ ਅਜੋਕੇ ਇੰਗਲੈਂਡ ਦੇ ਵਿਦਿਅਕ-ਸੱਭਿਆਚਾਰ ਦੀਆਂ ਵਿਭਿੰਨ ਸਮੱਸਿਆਵਾਂ ਨੂੰ ਉਹਨਾਂ ਦੀ ਜਟਿਲਤਾ ਸਹਿਤ, ਅੰਤਰ- ਸੰਬੰਧਤ ਕਰਕੇ ਇੱਕ ਗੁੰਝਲਦਾਰ ਸਮੁੱਚ ਦੇ ਰੂਪ ਵਿੱਚ ਵਿਖਾਇਆ ਗਿਆ ਹੈ। ਰਚਨਾਵਾਂ ਇਸ ਗੁੰਝਲਦਾਰ ਸਮੁੱਚ ਦੇ ਦੁਖਾਂਤ ਅਤੇ ਸੁਖਾਂਤ ਨੂੰ ਕਟਾਖਸ਼ ਦੇ ਨੁਕਤੇ ਤੋਂ ਚਿਤਰਦੀਆਂ ਹੋਈਆਂ, ਇਸ ਦੀ ਤਹਿ ਵਿੱਚ ਕਰਜਹੀਨ, ਜਾਗੀਰਦਾਰੀ, ਪੂੰਜੀਵਾਦੀ, ਵਿਅੱਕਤੀ-ਵਾਦ ਦੇ ਵਿਰੋਧ ਨੂੰ ਸਿਰਜ ਸਕਣ ਦੇ ਸਮਰੱਥ ਹੋਈਆਂ ਹਨ। ਯਥਾਰਥ ਚਿਤ੍ਰਣ ਦੇ ਦ੍ਰਿਸ਼ਟੀਕੋਨ ਤੇ ਸਮਾਜਕ ਇਤਿਹਾਸ ਦੇ ਵਿਕਸਿਤ ਪੜਾਵਾਂ ਤੇ ਪਹੁੰਚ ਕੇ ਵੀ ਇਨ੍ਹਾਂ ਰਚਨਾਵਾਂ ਦਾ ਮੁੱਲ ਇਤਿਹਾਸਕ-ਦਸਤਾਵੇਜ਼ ਦੇ ਰੂਪ ਵਿੱਚ ਜਾਣਿਆ ਜਾਵੇਗਾ। ਪੰਜਾਬੀ ਦੇ ਬਹੁਤ ਥੋੜੇ ਕਾਵਿ-ਸੰਗ੍ਰਹਿ ਇਸ ਭਾਂਤ ਸਮਕਾਲ ਦੇ ਵਾਤਾਵਰਨ ਦੇ ਦਸਤਾਵੇਜ਼ ਬਣ ਸਕੇ ਹਨ।
ਮੈਂ ਬਸੰਤ ਸਿੰਘ ‘ਬਸੰਤ’ ਜੀ ਦੀ ਇਸ ਘਾਲਣਾ ਦੀ ਸ਼ਲਾਘਾ ਕਰਦਾ ਹਾਂ। ਉਮੀਦ ਹੈ, ਪਾਠਕ ਆਪਣੇ ਵਿਚਾਰਾਂ ਦੀ ਸੰਤੁਸ਼ਟੀ ਕਰ ਸਕਣਗੇ। ਇਸ ਸੰਤੁਸ਼ਟੀ ਨਾਲ ਮੈਂ ‘ਬਸੰਤ ਬਹਾਰਾਂ’ ਦੇ ਪੰਜਾਬੀ ਸਾਹਿਤ ਅੰਦਰ ਪਰਵੇਸ਼ ਨੂੰ ‘ਜੀ ਆਇਆਂ’ ਕਹਿੰਦਾ ਹਾਂ।
***
No comments:
Post a Comment