ਆਸਟ੍ਰੇਲੀਆ ਦੇ ਹਰਮਨ ਰੇਡੀਓ ਵਲੋਂ ਗੁਰਦੁਵਾਰਾ ਰਿਵਜਬੀ ਤੋਂ 24 ਘੰਟੇ ਗੁਰਬਾਣੀ ਪ੍ਰਸਾਰਨ ਸ਼ੁਰੂ......... ਅਮਰਜੀਤ ਖੇਲਾ

ਸਿਡਨੀ : ਆਸਟ੍ਰੇਲੀਆ ਦੇ ਇੱਕੋ ਇੱਕ 24 ਘੰਟੇ ਚੱਲਣ ਵਾਲੇ ਪੰਜਾਬੀ ਰੇਡੀਓ “ਹਰਮਨ ਰੇਡੀਓ” ਵਲੋਂ ਸਰੋਤਿਆਂ ਦੀ ਭਾਰੀ ਮੰਗ ਨੂੰ ਮੱਦੇ-ਨਜ਼ਰ ਰੱਖਕੇ ਸਿਡਨੀ ਦੇ ਗੁਰੁ ਘਰ ਰਿਵਜਬੀ ਤੋਂ 24 ਘੰਟੇ ਗੁਰਬਾਣੀ ਦਾ ਪ੍ਰਸਾਰਣ ਸ਼ੁਰੂ ਕੀਤਾ ਹੈ। ਇਸ ਸੰਬੰਧੀ ਗੁਰੂ ਘਰ ‘ਚ ਸੰਗਤਾਂ ਦੀ ਹਾਜ਼ਰੀ ‘ਚ ਜੈਕਾਰਿਆਂ ਦੀ ਗੂੰਜ ‘ਚ ਇਸ ਸ਼ੁਭ ਕਾਰਜ ਦਾ ਆਰੰਭ ਕੀਤਾ ਗਿਆ।“ਹਰਮਨ ਰੇਡੀਓ” ਦੀ ਸਮੁੱਚੀ ਟੀਮ ਤੇ ਗੁਰੂ ਘਰ ਦੀ ਮੈਨੇਜਮੈਂਟ ਕਮੇਟੀ ਦੇ ਸੁਚੱਜੇ ਯਤਨਾਂ ਸਦਕਾ ਹੀ ਇਹ ਉਪਰਾਲਾ ਸੰਭਵ ਹੋ ਸਕਿਆ ਹੈ ਤੇ ਇਸ ਤਰ੍ਹਾਂ ਹੁਣ ਆਸਟ੍ਰੇਲੀਆ ਸਮੇਤ ਦੁਨੀਆ ਭਰ ‘ਚ ਵਸਦੇ ਪੰਜਾਬੀ ਘਰ ‘ਚ ਬੈਠੇ ਹੀ ਹਰਮਨ ਰੇਡੀਓ ਤੋਂ ਕੰਪਿਊਟਰ, ਮੋਬਾਇਲ ਫੋਨ ਤੇ ਵਾਈ ਫਾਈ ਰੇਡੀਓ ਰਾਹੀਂ 24 ਘੰਟੇ ਗੁਰਬਾਣੀ ਕੀਰਤਨ ਸੁਣ ਸਕਦੇ ਹਨ।


ਰਿਵਜਬੀ ਗੁਰੂ ਘਰ ਆਸਟ੍ਰੇਲੀਆ ਦਾ ਪਹਿਲਾ ਗੁਰੂ ਘਰ ਹੈ, ਜਿੱਥੋਂ ਹਰਮਨ ਰੇਡੀਓ ਵਲੋਂ ਗੁਰਬਾਣੀ ਕੀਰਤਨ ਪ੍ਰਸਾਰਨ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਕਾਰਜ ਨੂੰ ਆਰੰਭੇ ਜਾਣ ਤੇ ਗੁਰੂ ਘਰ ਦੀ ਕਮੇਟੀ ਤੋਂ ਸ. ਸਵਰਨ ਸਿੰਘ, ਮਨਿੰਦਰ ਸਿੰਘ ਬਿੱਟਾ, ਰਣਧੀਰ ਸਿੰਘ, ਜਤਿੰਦਰ ਸਿੰਘ, ਮਨਿੰਦਰ ਸੂਚ ਤੇ ਹਾਜ਼ਰ ਸੰਗਤਾਂ ਵਲੋਂ ਹਰਮਨ ਰੇਡੀਓ ਦੀ ਸਮੁੱਚੀ ਟੀਮ ਨੂੰ ਇਸ ਕਾਰਜ ਦੀ ਵਧਾਈ ਦਿੱਤੀ। ਹਰਮਨ ਰੇਡੀਓ ਤੋਂ ਅਮਨਦੀਪ ਸਿੱਧੂ, ਹਰਮੰਦਰ ਕੰਗ ਤੇ ਮਨਿੰਦਰ ਸਿੰਘ ਸਮਰਾਲਾ ਨੇ ਸਭ ਦਾ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਤੋਖ ਸਿੰਘ ਮਿਨਹਾਸ, ਟੈਰੀ ਸਿੱਧੂ ਤੇ ਹੋਰ ਪਤਵੰਤੇ ਹਾਜ਼ਰ ਸਨ।
****

No comments: