ਗੁਰਿਆਈ ਦੀ ਪੱਗ ਅਰਜਨ ਲਧੀ......... ਲੇਖ / ਡਾਕਟਰ ਅਜੀਤ ਸਿੰਘ ਕੋਟਕਪੂਰਾ


ਸਿੱਖਾਂ ਦੀ  ਦਸਤਾਰ  ਜਾਂ ਪੱਗੜੀ ਬਾਰੇ ਭਾਰਤ ਦੇਸ਼ ਤੋਂ ਬਾਹਰ ਗਿਆਨ ਦੀ ਘਾਟ ਹੋਣ ਕਾਰਣ ਹੀ ਹਵਾਈ ਅੱਡੇ ਉਪਰ ਦਸਤਾਰ ਵਾਲੇ ਸਿੱਖਾਂ ਨੂੰ ਦਸਤਾਰ ਉਤਾਰ ਕੇ  ਤਲਾਸ਼ੀ ਦੇਣ ਲਈ ਮਜਬੂਰ ਕੀਤਾ ਜਾਂਦਾ ਹੈ ਜੋ ਕਿ ਬਿਲਕੁੱਲ ਵੀ ਠੀਕ ਨਹੀ ਕਿਹਾ ਜਾ ਸਕਦਾ । ਦਸਤਾਰ ਤਾਂ ਸਿੱਖ ਲਈ ਪਹਿਰਾਵੇ  ਦਾ ਹਿੱਸਾ ਹੈ । ਇਹ ਕੇਵਲ ਅੰਮ੍ਰਿਤਧਾਰੀ ਸਿੱਖਾਂ ਲਈ ਹੀ ਜ਼ਰੂਰੀ ਨਹੀ ਕਿ  ਉਹ ਕੇਸਾਂ ਦੀ ਸਾਂਭ ਸੰਭਾਲ ਲਈ ਕੇਸਾਂ ਉੱਪਰ ਦਸਤਾਰ ਸਜਾ ਕੇ ਰੱਖਣ ਸਗੋਂ ਇਹ ਤਾਂ ਹਰੇਕ ਸਿੱਖ ਲਈ ਕੇਸਾਂ ਨੂੰ ਢਕ ਕੇ ਰਖਣ ਲਈ ਜ਼ਰੂਰੀ ਹੈ । ਸੋ ਦਸਤਾਰ ਕੇਵਲ ਧਾਰਮਿਕ ਚਿੰਨ੍ਹ ਹੀ ਨਹੀਂ ਸਿੱਖ ਦੇ ਪਹਿਰਾਵੇ ਦਾ ਹਿੱਸਾ ਹੈ। 
ਕਿਸੇ ਕਵੀ ਨੇ ਠੀਕ ਹੀ ਲਿਖਿਆ ਹੈ.....

ਜੇ ਅਜੇ ਦੂਰ ਹੈ ਸਵੇਰਾ 
ਤਾਂ ਇਸ ਵਿਚ ਕਸੂਰ ਹੈ ਮੇਰਾ 
ਕਿਓਂ ਕੋਸੀਏ ਰਾਤਾਂ ਨੂੰ.....


ਫ਼ਾਰਸੀ ਵਿਚ ਇਕ ਕਹਾਵਤ ਹੈ ਕਿ ਕਿਸੇ  ਪੁਰਖ ਦੀ ਪਹਿਚਾਨ ਰਫਤਾਰ, ਦਸਤਾਰ ਅਤੇ  ਗੁਫਤਾਰ ਤੋਂ ਕੀਤੀ ਜਾਂਦੀ ਹੈ । ਰਫਤਾਰ ਤੋਂ ਅਰਥ ਹੈ, ਚਾਲ । ਜੇ ਕਰ ਚਾਲ ਠੀਕ ਨਹੀ ਤਾਂ ਪੁਰਖ  ਠੀਕ ਨਹੀਂ ਹੈ ਅਤੇ ਉਸ ਨੂੰ ਕੋਈ ਸਮੱਸਿਆ ਹੈ। ।ਇਸ ਤਰਾਂ ਦਸਤਾਰ ਤੋਂ ਅਰਥ ਹੈ ਪਗੜੀ ਜੇ ਕਰ ਸਿਰ ਤੇ ਪਗੜੀ ਹੈ ਅਤੇ ਸੁੰਦਰ ਹੈ ਤਾਂ ਪੁਰਖ ਚੰਗੇ ਚਜ ਆਚਾਰ ਦਾ ਮਾਲਕ ਹੈ ਵਰਨਾ ਉਸ ਵਿਚ ਖੋਟ ਹੈ । ਇਸ ਤਰਾਂ ਗੁਫਤਾਰ ਦਾ ਅਰਥ ਹੈ ਗੁਫਤ ਗੂ ਅਥਵਾ ਗੱਲਬਾਤ ਕਰਨ ਦਾ ਢੰਗ ।

ਸਿੱਖ ਧਰਮ ਵਿਚ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਹੀ ਸਿਰ ਤੇ ਪੱਗ ਬਨਣ ਦੀ ਪ੍ਰਥਾ ਸੀ ਅਤੇ ਗੁਰਿਆਈ ਦੇਣ ਸਮੇਂ ਪੱਗ ਬਨਾਈ ਜਾਂਦੀ ਸੀ । ਇਸ ਲਈ ਪਹਿਲੀ ਪਾਤਸ਼ਾਹੀ ਵਲੋਂ ਭਾਈ ਲਹਿਣੇ ਨੂੰ ਦਸਤਾਰ ਸਜਾ ਕੇ ਗੁਰੂ ਅੰਗਦ ਦੇਵ ਬਣਾ ਦਿਤਾ ਸੀ ਅਤੇ  ਸ੍ਰੀ ਗੁਰੂ ਅੰਗਦ ਦੇਵ ਜੀ ਨੇ ਸ੍ਰੀ ਗੁਰੂ ਅਮਰਦਾਸ ਜੀ ਦੇ ਸਿਰ ਉੱਪਰ ਪਗੜੀ (ਸਿਰੋਪਾ ) ਸਜਾ ਕੇ ਉਨ੍ਹਾਂ ਨੂੰ ਗੁਰਿਆਈ ਦਿੱਤੀ । ਇਸ ਤਰਾਂ ਪ੍ਰਥਾ ਅੱਗੇ ਚਲਦੀ ਰਹੀ । ਪੁਰਾਣੇ ਸਮੇਂ ਵਿਚ ਕੇਵਲ ਉੱਚੀਆਂ ਜਾਤਾਂ ਵਾਲੇ ਹੀ ਸਿਰ ਉੱਪਰ ਪਗੜੀ ਸਜਾ ਸਕਦੇ ਸਨ । ਆਮ ਜਨਤਾ ਨੂੰ ਨੰਗੇ ਸਿਰ ਹੀ ਜੀਵਨ ਬਿਤਾਉਣਾ ਪੈਂਦਾ ਸੀ । ਇਕ ਵਾਰੀ ਇਕ ਆਦਮੀ ਨਹਾ ਕੇ ਪੱਗ ਖੂਹ ‘ਤੇ ਹੀ ਭੁੱਲ ਗਿਆ ਤੇ ਨੰਗੇ ਸਿਰ ਘਰ ਜਾ ਪੁੱਜਾ । ਜਦੋਂ ਘਰ ਦੀਆਂ ਸੁਆਣੀਆਂ ਨੇ ਨੰਗੇ ਸਿਰ ਡਿੱਠਾ ਤਾਂ ਉਹ ਰੋਣ ਕੁਰਲਾਣ ਲਗ ਪਈਆਂ ਕਿਉਂਕਿ  ਨੰਗੇ ਸਿਰ ਤੋਂ ਭਾਵ ਕਿਸੇ ਰਿਸ਼ਤੇਦਾਰ ਦਾ ਇਸ ਦੁਨਿਆਂ ਤੋਂ ਰੁਖ਼ਸਤ ਹੋ ਜਾਣਾ ਮੰਨਿਆ ਜਾਂਦਾ ਸੀ ।

ਜਦੋਂ ਦੋ ਦੋਸਤ ਇੱਕ ਦੂਜੇ ਲਈ ਦੁੱਖ ਸੁੱਖ ਸਾਂਝੇ ਕਰਦੇ ਹਨ ਅਤੇ ਲੰਬਾ ਸਮਾਂ ਸਾਥ ਨਿਭਾਉਣ ਦਾ ਫੈਸਲਾ ਕਰ ਲੈਂਦੇ ਹਨ ਤਾਂ ਉਹ ਪੱਗਾਂ ਵਟਾ ਲੈਂਦੇ ਹਨ ਅਤੇ ਪੱਗ-ਵੱਟ ਭਰਾ ਬਣ ਜਾਂਦੇ ਹਨ । 

ਭਾਰਤ ਵਿਚ ਬਾਪੂ ਦੇ ਪੂਰਾ ਹੋ ਜਾਣ ਤੇ ਵੱਡੇ ਪੁੱਤਰ ਨੂੰ ਜ਼ਿੰਮੇਵਾਰੀ ਦੀ ਪੱਗ ਬੰਨਣ ਦਾ ਰਿਵਾਜ ਹਾਲੇ ਵੀ ਪ੍ਰਚੱਲਤ ਹੈ । ਸ੍ਰੀ ਗੁਰੂ ਰਾਮ ਦਾਸ ਜੀ ਦੇ ਜੋਤੀ ਜੋਤਿ ਸਮਾਉਣ ਤੋਂ ਬਾਅਦ “ਮਰਨੇ ਦੀ ਪੱਗ ਪ੍ਰਿਥੀਏ ਬੱਧੀ, ਗੁਰਿਆਈ ਦੀ ਪੱਗ ਅਰਜਨ ਲਧੀ” ਕਿਉਂਕਿ ਪ੍ਰਿਥੀ ਸਿੰਘ ਚੌਥੇ ਪਾਤਸ਼ਾਹ ਦਾ ਵੱਡਾ ਪੁੱਤਰ ਸੀ, ਪ੍ਰੰਤੂ ਗੁਰਿਆਈ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਬਖਸ਼ੀ ਗਈ ਸੀ । 
ਇਸ ਲਈ ਇਕ ਹੋਰ ਕਾਰਣ  ਇਹ ਵੀ ਦਸਿਆ ਜਾਂਦਾ ਹੈ ਕਿ ਜਦੋਂ ਨੌਂਵੇ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦੁਰ ਜੀ ਨੂੰ ਦਿੱਲੀ ਵਿਖੇ ਕਤਲ ਕੀਤਾ ਗਿਆ ਤਾਂ ਉਥੇ ਹਾਜ਼ਰ ਲੋਕਾਂ ਨੇ ਸਿਖ ਹੋਣ ਤੋਂ ਇਨਕਾਰ ਕਰ ਦਿਤਾ ਸੀ । ਦਸਮ ਪਾਤਸ਼ਾਹ ਨੇ ਐਸਾ ਸਿਖ ਸਾਜਣ ਦੀ ਸੋਚ ਸੋਚੀ ਕਿ ਮੇਰਾ ਸਿਖ ਹਜ਼ਾਰਾਂ ਵਿਚੋਂ ਪਛਾਣਿਆ ਜਾ ਸਕਦਾ ਹੋਵੇ । ਇਸ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਸਿਖਾਂ ਲਈ ਪਗੜੀ ਦੀ ਵਿਵਸਥਾ ਕੀਤੀ ਸੀ । ਉਨ੍ਹਾਂ ਨੇ ਅਕਾਲ ਪੁਰਖ ਦੇ ਹੁਕਮ ਅਨੁਸਾਰ ੩੦ ਮਾਰਚ ੧੬੯੯ ਨੂੰ ਵਿਸਾਖੀ ਵਾਲੇ ਦਿਨ ਆਨੰਦਪੁਰ ਸਾਹਿਬ ਵਿਖੇ  ਖਾਲਸੇ ਦੀ ਸਿਰਜਨਾ ਕੀਤੀ ਸੀ । ਇਸ ਦਿਨ ਪੰਜ ਪਿਆਰੇ ਸਜੇ ਗਏ ।

੧ ਦਯਾ ਰਾਮ  ਵਾਸੀ ਲਾਹੌਰ ਜੋ ਅੰਮ੍ਰਿਤ ਛਕ ਕੇ ਭਾਈ  ਦਯਾ ਸਿੰਘ ਜੀ ਬਣੇ ।
੨ ਧਰਮ ਦਾਸ ਵਾਸੀ  ਹਸਤਿਨਾਪੁਰ ਜਾਤ ਜਟ ਜੋ ਅੰਮ੍ਰਿਤ  ਛਕ ਕੇ ਭਾਈ ਧਰਮ ਸਿੰਘ ਜੀ ਬਣੇ ।
੩ ਮੋਹਕਮ ਚੰਦ  ਵਾਸੀ ਦਵਾਰਕਾ ਜਾਤ  ਛੀਂਬਾ ਜੋ ਅੰਮ੍ਰਿਤ  ਛਕ ਕੇ ਭਾਈ ਮੋਹਕਮ ਸਿੰਘ ਜੀ ਬਣੇ ।
੪ ਸਾਹਿਬ ਚੰਦ ਵਾਸੀ ਬਿਦਰ  ਜਾਤ ਨਾਈ   ਜੋ ਅੰਮ੍ਰਿਤ  ਛਕ ਕੇ ਭਾਈ ਸਾਹਿਬ ਸਿੰਘ  ਜੀ ਬਣੇ ।
੫ ਹਿਮਤ ਰਾਇ  ਵਾਸੀ ਜਗਨ ਨਾਥ ਜਾਤ ਕੁਹਾਰ  ਜੋ ਅੰਮ੍ਰਿਤ  ਛਕ ਕੇ ਭਾਈ ਹਿਮਤ ਸਿੰਘ  ਜੀ ਬਣੇ ।

ਸਿਖਾਂ ਨੂੰ ਪੰਜ ਕਕਾਰ ਵੀ ਬਖਸ਼ੇ ਗਏ, ਜੋ ਇਸ ਤਰ੍ਹਾਂ ਹਨ : ਕੱਛਾ, ਕੜਾ, ਕਿਰਪਾਨ, ਕੰਘਾ ਅਤੇ ਕੇਸ । ਕੇਸਾਂ ਦੀ ਸੰਭਾਲ ਲਾਏ ਦਸਤਾਰ ਸਜਾਉਣੀ ਜ਼ਰੂਰੀ ਕੀਤੀ ਗਈ ।

ਅਮਰੀਕਾ ਵਿਚ ੯/੧੧ ਵਾਲਾ  ਕਾਂਡ ਵਾਪਰ ਜਾਣ ਉਪਰੰਤ ਪੱਗ ਦੀ  ਜਾਣਕਾਰੀ ਦੀ ਘਾਟ ਹੋਣ ਕਰਨ ਸਿਖਾਂ ਨੂੰ ਓਸਾਮਾ /ਮੁਸਲਮਾਨ ਸਮਝਿਆ ਜਾਣ ਲੱਗ ਪਿਆ ਅਤੇ ਗਲਤੀ ਨਾਲ ਸਿਖ ਦੁਸ਼ਮਣੀ ਦਾ ਸ਼ਿਕਾਰ ਹੋਏ ਅਤੇ ਸਿਖਾਂ ਨੂੰ ਗੋਲੀ ਨਾਲ ਮਾਰ ਦਿਤਾ ਗਿਆ । ਇਸ ਲਈ ਜ਼ਰੂਰੀ ਹੈ ਕਿ ਸਿਖਾਂ ਨੂੰ ਆਪਣੀ  ਪਛਾਣ ਬਣਾਈ ਰੱਖਣ ਲਈ ਸਮੁੱਚੀ ਕੌਮ ਨੂੰ ਜਾਗ੍ਰਿਤ ਕਰਨਾ ਪਵੇਗਾ  ਅਤੇ ਜਿਸ  ਦੇਸ਼ ਵਿਚ ਹੋ, ਓਥੋਂ ਦੇ ਵਾਸੀਆਂ ਨੂੰ ਵੀ ਦਸਤਾਰ ਦੇ ਸੰਬੰਧ ਵਿਚ ਪੂਰੀ ਜਾਣਕਾਰੀ  ਦਿਤੀ ਜਾਵੇ । 
 ****

No comments: