ਜਿ਼ੰਦਗੀ ਦਾ ਸਫਰ ਤੈਅ ਕਰਦਿਆਂ ਇਨਸਾਨ ਸੁਖ ਵੀ ਹੰਢਾਉਂਦਾ ਹੈ ਅਤੇ ਬਹੁਤ ਹੀ ਔਕੜਾਂ ਭਰੇ ਮੋੜਾਂ ਨੂੰ ਵੀ ਪਾਰ ਕਰਦਾ ਹੈ। ਇਸ ਤੋਂ ਬਾਅਦ ਵੀ ਹਰ ਕੋਈ ਦਾਅਵਾ ਨਹੀਂ ਕਰ ਸਕਦਾ ਕਿ ਉਸਨੇ ਉਹ ਕੁੱਝ ਪ੍ਰਾਪਤ ਕਰ ਲਿਆ ਹੈ ਜੋ ਉਸਨੇ ਚਿਤਵਿਆ ਸੀ, ਚਾਹਿਆ ਸੀ ਜਾਂ ਜਿਸ ਨੂੰ ਉਹ ਜੀਵਨ ਦੀ ਵੱਡੀ ਪ੍ਰਾਪਤੀ ਗਿਣ ਸਕੇ। ਮਿਹਨਤ ਤਾਂ ਸਾਰੇ ਹੀ ਲੋਕ ਕਰਦੇ ਹਨ ਪਰ ਕੀ ਸਾਰਿਆਂ ਦੀ ਮਿਹਨਤ ਨੂੰ ਫਲ ਪੈਂਦਾ ਹੈ? ਜਾਂ ਕਿਉਂ ਨਹੀਂ ਪੈਂਦਾ? ਇਹ ਸਵਾਲ ਸਦੀਆਂ ਤੋਂ ਤੁਰੇ ਆ ਰਹੇ ਹਨ ਤੇ ਅਜੇ ਵੀ ਕਾਇਮ ਹਨ।
ਅੱਜ ਦੇ ਯੁੱਗ ਅੰਦਰਲੇ ਭੰਬਲਭੂਸੇ ਮਨੁੱਖ ਨੂੰ ਆਪਣੇ ਆਪ ਅਤੇ ਸਮਾਜ ਨਾਲ ਜੋੜਨ ਨਾਲੋਂ ਤੋੜਨ ਵਾਸਤੇ ਵੱਧ ਜਤਨਸ਼ੀਲ ਰਹਿੰਦੇ ਹਨ। ਇਨ੍ਹਾਂ ਭੰਬਲਭੂਸਿਆਂ ਦੇ ਪਰਦੇ ਪਿੱਛੇ ਲੁਕੇ (ਅਣਦਿਸਦੇ) ਕਾਰਜਸ਼ੀਲ ਹੱਥ/ ਵਿਚਾਰ ਜਾਂ ਸਿਧਾਂਤ ਆਪਣਾ ਕਾਰਜ ਕਰਦਿਆਂ ਬੜੀ ਸਰਗਰਮੀ ਤੇ ਸਾਵਧਾਨੀ ਨਾਲ ਪ੍ਰਚਾਰ ਸਾਧਨਾਂ ਨੂੰ ਆਪਣੀ ਰਖੇਲ ਸਮਝ ਕੇ ਵਰਤਦਿਆਂ ਉਸ ਸਿਧਾਂਤ, ਗੱਲ ਤੇ ਰੁਝਾਨ ਦਾ ਜਿ਼ਕਰ ਵਾਰ ਵਾਰ ਕਰਦੇ ਹਨ, ਜਿਹੜਾ ਉਨ੍ਹਾਂ ਵਲੋਂ ਆਪਣੇ ਮੁਫਾਦ ਖਾਤਰ ਘੜਿਆ/ ਜਨਮਾਇਆ ਗਿਆ ਹੁੰਦਾ ਹੈ ਅਤੇ ਉਨ੍ਹਾਂ ਨੂੰ ਹਰ ਥਾਵੇਂ ਸੂਤ ਬੈਠਦਾ ਹੈ। ਪਰ ਆਪਣੇ ਝੂਠ ਨੂੰ ਲੁਕਾਉਂਦਿਆਂ ਜ਼ਾਹਿਰ ਉਹ ਇਹ ਕਰਦੇ ਹਨ ਜਿਵੇਂ ਇਹ ਕੁੱਝ ਉਨ੍ਹਾਂ ਦੀ ਮੁਨਾਫੇਖੋਰ (ਲੋਟੂ) ਰੂਹ ਜਾਂ ਬਿਰਤੀ ਦੀ ਪੂਰਤੀ ਖਾਤਰ ਕੀਤੇ ਜਾ ਰਹੇ ਪੁੱਠੇ/ਸਿੱਧੇ ਪਰ ਤਾਬੜਤੋੜ ਜਤਨਾਂ ਦਾ ਸਿੱਟਾ ਨਹੀਂ ਸਗੋਂ ਇਹ ਸਭ ਕੁੱਝ ਕਿਸੇ ਕੁਦਰਤੀ ਵਰਤਾਰੇ ਵਜੋਂ ਹੀ ਵਾਪਰ ਰਿਹਾ ਹੈ। ਪਰ ਅਸਲ ਤੱਕ ਪਹੁੰਚਦਿਆਂ ਉਨ੍ਹਾਂ ਦੀ ਖਾਹਿਸ਼ ਦੀ ਅਸਲੀਅਤ ਨੰਗੀ ਜਾਂ ਉਜਾਗਰ ਹੋ ਹੀ ਜਾਂਦੀ ਹੈ। ਜਿਸ ਦਾ ਧੁਰਾ ਗੰਦੇ-ਮੰਦੇ ‘ਕੰਮਾਂ’ ਰਾਹੀਂ ਇਕੱਠਾਂ ਕੀਤਾ ਜਾਣ ਵਾਲਾ ਮੁਨਾਫਾ ਬਣਦਾ ਹੈ। ਫੇਰ ਉਹ ਇਸ ਨੂੰ ਆਪਣੀ ਪਰਾਪਤੀ ਸਮਝਦੇ ਹਨ।
ਲੁਕੇ ਹੋਏ ਕੋਝ੍ਹੇ ‘ਹੱਥ’ ਨਵੀਆਂ ਇਨਸਾਨੀ ਕਦਰਾਂ-ਕੀਮਤਾਂ ਅਤੇ ਨਵੇਂ ਯੁੱਗ ਵਲ ਵਧਣ ਦਾ ਝੂਠਾ ਢੋਲ ਪਿੱਟਦੇ ਹਨ। ਫੇਰ ਇਸ ਪਿੱਟ-ਪਿਟਾਈ ਵਿਚਲੇ ਰੌਲੇ-ਰੱਪੇ ਵਾਲੇ ਪ੍ਰਚਾਰ ਦੇ ਅਸਰ ਨਾਲ ਆਮ ਮਨੁੱਖ ਨੂੰ ਠਗਿਆ ਜਾਂਦਾ ਹੈ (ਪਰਚਾਰ ਦਾ ਯੁੱਗ ਜੁ ਹੋਇਆ) ਇਹ ਠੱਗੀ ਮਾਰਨ ਵਾਲੇ ਨਕਾਬਪੋਸ਼ ਸ਼ਰਮ-ਹਯਾ ਦੇ ਸਾਰੇ ਹੱਦਾਂ ਬੰਨੇ ਟੱਪ ਜਾਂਦੇ ਹਨ। ਬੇਸ਼ਰਮੀ, ਸੱਭਿਅਕ ਹੋਣ ਦੀ ਘੱਗਰੀ ਪਾ ਕੇ ਚਾਰੇ ਪਾਸੇ ਬੇਖੌਫ਼ ਨੱਚਦੀ ਹੈ। ਇਹ ਕਮੀਨੇ ਇੰਨੇ ‘ਵਧੀਆ ਕਿਰਦਾਰ’ ਦੇ ਮਾਲਕ ਹਨ ਕਿ ਨਮੋਸ਼ੀ ਵੀ ਉਨ੍ਹਾ ਦੇ ਨੇੜਿਉਂ ਲੰਘਣਾ ਸ਼ਰਮ ਦੀ ਗੱਲ ਸਮਝਦੀ ਹੈ। ਇਹ ਉਹ ਹਨ ਜੋ ਅਚੇਤ ਨਹੀਂ ਸੁਚੇਤ ਤੌਰ ਤੇ ਝੂਠ ਨੂੰ ਸੱਚ ਬਨਾਉਣਾ ਲੋਚਦੇ ਹਨ। ਇਹ ਲੋਚਾ (ਲੋਭ) ਜਿਸ ਦਾ ਕੋਈ ਅੰਤ ਨਹੀਂ। ਇਸ ਉੱਤੇ ਇਖਲਾਕ, ਸਦਾਚਾਰ, ਧਰਮ ਜਾਂ ਸਮਾਜ ਦੇ ਚੰਗੇ ਪੱਖ ਦਾ ਵੀ ਕੋਈ ਪ੍ਰਭਾਵ ਨਹੀਂ ਪੈਂਦਾ ਜਾਂ ਉਹ ਅਜਿਹਾ ਪ੍ਰਭਾਵ ਕਬੂਲ ਹੀ ਨਹੀਂ ਕਰਦੇ। ਉਂਜ ਅਜਿਹਿਆਂ ਵਿਚ ਬਹੁਤੇ ਉਹ ਹਨ ਜੋ ਲੋਕਾਂ ਨੂੰ ਭੰਬਲਭੂਸਿਆਂ ਵਿਚ ਪਾਈ ਰੱਖਣ ਵਾਸਤੇ ‘ਦਾਨੀ ਪੁਰਸ਼’, ‘ਸਮਾਜ ਸੇਵਕ’ ਆਦਿ ਕਈ ਤਰ੍ਹਾਂ ਦੇ ਝੂਠੇ ਲੇਬਲ ਆਪਣੀ ਹਿੱਕ ਤੇ ਲਟਕਾਈ ਰਖਦੇ ਹਨ। ਆਪਣੇ ਆਪ ਨੂੰ ਸਮਾਜ ਦੀ ਅਗਵਾਈ ਕਰਨ ਵਾਲੇ ਹੋਣ ਦਾ ਢੰਡੋਰਾ ਪਿੱਟਦੇ, ਪਿਟਵਾਉਂਦੇ ਰਹਿੰਦੇ ਹਨ।
ਭੈੜੇ ਮਨੁੱਖੀ ਕਿਰਦਾਰ ਨੇ ਸੰਸਥਾਵਾਂ ਦੀ ਰੂਹ ਵਿਚੋਂ ਉਹ ਸਮਾਜੀ, ਧਾਰਮਕ ਹੋਣ ਜਾਂ ਰਾਜਸੀ ਸਭ ਦੇ ਅੰਦਰੋਂ ਆਮ ਕਰਕੇ ਸੱਚ, ਇਖਲਾਕ ਤੇ ਸਦਾਚਾਰ ਨੂੰ ਕੱਢ ਦਿੱਤਾ ਹੋਇਆ ਹੈ। ਖਾਸ ਕਰਕੇ ਜੀਵਨ ਅਤੇ ਸਿਆਸਤ ਉੱਤੇ ਧਰਮ ਦਾ ਕੁੰਡਾ ਲਾਉਣ ਦਾ ਪ੍ਰਚਾਰ ਕਰਨ ਵਾਲੇ ਖੁਦ ਅੰਦਰੋਂ ਕਿੰਨੇ ਖੋਖਲੇ ਅਤੇ ਅਧਰਮੀ ਹੁੰਦੇ ਹਨ? ਦੁਨੀਆਂ ਅੰਦਰ ਇਹ ਸੱਚ ਪਰਦੇ ਪਾੜ ਕੇ ਨੰਗਾ ਖੜ੍ਹਾ ਹੈ। ਉਨ੍ਹਾਂ ਦਾ ਦੋਹਰਾ (ਜਾਂ ਬਹੁਪਰਤੀ) ਕਿਰਦਾਰ ਇਸ ਦਾ ਸਬੂਤ ਹੈ। ਉਹ ਫੇਰ ਵੀ ਹੀਜੜਿਆਂ ਵਾਲਾ ਹਾਸਾ ਹੱਸ ਕੇ ਸਾਰ ਦਿੰਦੇ ਹਨ। ਕਿਸੇ ਦੀ ਸਮਾਜਕਤਾ, ਕਿਸੇ ਦੀ ਧਾਰਮਕਤਾ ਅਤੇ ਕਿਸੇ ਦੀ ਰਾਜਨੀਤੀ ਇਹ ਸਭ ਰਲ਼-ਮਿਲ਼ ਕਰੰਗੜੀਆਂ ਪਾ ਕੇ ਆਮ ਮਨੁੱਖ ਦਾ ਬਹੁਤ ਸਾਰੇ ਤਰੀਕਿਆਂ ਨਾਲ ਸੋਸ਼ਣ (ਲੁੱਟ) ਕਰਦੇ ਹਨ। ਸਮਾਜ ਅੰਦਰ ਵਿਚਰਦੇ ਸੂਝਵਾਨ/ਬੁੱਧੀਜੀਵੀ ਜੀਊੜੇ ਜਿਹੜੇ ਉਨ੍ਹਾਂ ਲੋਟੂਆਂ ਦੀਆਂ ਕਸੂਤੀਆਂ ਚਾਲਾਂ ਤੋਂ ਬੇਖਬਰ ਨਹੀਂ ਹੁੰਦੇ, ਪਰ ਉਹ ਬਗਲਾ ਬਿਰਤੀ ਅਪਣਾਉਂਦਿਆਂ ਆਪਣੇ ਫ਼ਰਜ਼ ਵੱਲ ਪਿੱਠ ਕਰਕੇ ਬੁਤਾ ਸਾਰ ਲੈਂਦੇ ਹਨ। ਇਸ ਤਰ੍ਹਾਂ ਉਹ ਆਪਣੀ ਜਿੰਦ ਸੌਖੀ ਰੱਖਣ ਵਾਸਤੇ ਕਰਦੇ ਹਨ। ਜੇ ਉਹ ਵੀ ਲੋਕਾਂ ਨੂੰ ਭੰਬਲਭੂਸਿਆਂ ਤੋਂ ਬਚਣ ਦਾ ਸਹੀ ਰਸਤਾ ਦੱਸਣ ਤੇ ਸੁਚੇਤ ਕਰਨ ਤਾਂ ਲੋਕ ਬਹੁਤ ਸਾਰੀਆਂ ਮੁਸ਼ਕਲਾਂ ਤੋਂ ਬਚ ਸਕਦੇ ਹਨ, ਸੌਖੇ ਹੋ ਸਕਦੇ ਹਨ। ਪਰ ਇਹ ਬੁੱਧੀਜੀਵੀਏ ਲੋਕਾਂ ਵਾਸਤੇ ਕੁੱਝ ਵੀ ਚੰਗਾ ਕਰਨ ਨਾਲੋਂ ਬਸ! ਦੇਖਿਆ ਹੀ ਚਾਹੁੰਦੇ ਹਨ। ਦਰਅਸਲ ਇਹ ਜੀਊਣ ਤੋਂ ਕਿਨਾਰਾ ਕਰ ਰਹੇ ਹਨ। ਆਪਣੀ ਰਜ਼ਾ ਵਿਚ ਮਸਤ ਹੋਏ ਇਹ ‘ਸਿਆਣੇ ਲੋਕ’ ਆਪਣੇ ਆਪ ਨਾਲ ਹੀ ਧੋਖਾ ਕਰੀ ਜਾ ਰਹੇ ਹਨ। ਇਨ੍ਹਾਂ ਵਿਚੋਂ ਬਹੁਤ ਹੀ ਨਿਗੂਣੀ ਜਹੀ ਗਿਣਤੀ ਹੈ ਜੋ ਆਪਣੇ ਲੋਕਾਂ ਵਾਸਤੇ ਹਿੱਕ ਡਾਹ ਕੇ ਉਨ੍ਹਾਂ ਵਲੋਂ ਜਿ਼ੰਦਗੀ ਲਈ ਲੜੇ ਜਾਂਦੇ ਘੋਲਾਂ ਵਿਚ ਸ਼ਾਮਲ ਹੁੰਦੇ ਹਨ। ਇਸ ਕਰਕੇ ਹੀ ਸਮਾਜ ਦਾ ਹਰ ਹਿੱਸਾ ਤਰ੍ਹਾਂ ਤਰ੍ਹਾਂ ਦੇ ਨਿਘਾਰਾਂ ਵਿਚ ਨਿੱਘਰਦਾ ਹੀ ਜਾ ਰਿਹਾ ਹੈ। ਜਿਸ ਦੇ ਸਿੱਟੇ ਵਜੋਂ ਆਮ ਆਦਮੀ ਆਸਮੰਦ ਹੋਣ ਦੀ ਥਾਵੇਂ ਨਿਰਾਸ਼ਾ ਵਲ ਵਧ ਜਾਂਦਾ ਹੈ। ਇਸ ਦੀ ਕੁੱਝ ਜੁੰਮੇਵਾਰੀ ਸਮਾਜ ਅੰਦਰਲੇ ਇਨ੍ਹਾਂ ਸੁਚੇਤ ਕਹੇ ਜਾਂਦੇ ਲੋਕਾਂ ਦੇ ਸਿਰ ਵੀ ਹੈ। ਲੋਕਾਂ ਦੀ ਚੇਤਨਾ ਨੂੰ ਟੁੰਬਣਾਂ ਅਤੇ ਉਹਦੇ ਵਿਕਾਸ ਲਈ ਜਤਨ ਕਰਨੇ ਬੁੱਧੀਜੀਵੀਆਂ ਦਾ ਹੀ ਕਾਰਜ ਹੁੰਦਾ ਹੈ। ਇਹੋ ਚੇਤਨਾ ਜਦੋਂ ਜਥੇਬੰਦਕ ਤੌਰ ’ਤੇ ਸਰਗਰਮੀ ਕਰਦੀ ਹੈ ਤਾਂ ਯੁੱਗ ਬਦਲਦੇ ਹਨ।
ਅੱਜ ਦੀ ਸਮਾਜਕ ਉਧੇੜ-ਬੁਣ ਦੀ ਚਾਲਕ ਸ਼ਕਤੀ ਸਰਮਾਇਆ ਹੈ। ਉਹ ਇਨ੍ਹਾਂ ਦੀ ਸੇਧ ਮਿੱਥਣ ਤੇ ਨਿਸ਼ਾਨੇ ਪ੍ਰਾਪਤ ਕਰਨ ਲਈ ਰਾਹ ਦਿਸੇਰਾ ਬਣਦਾ ਹੈ। ਉਹ ਨਿਸ਼ਾਨੇ ਜਿਹੜੇ ਮੁਨਾਫੇ ਵਾਲੀ ਬਿਰਤੀ ਵਿਚੋਂ ਜਨਮਦੇ ਹਨ ਜਾਂ ਪ੍ਰਾਪਤ ਕੀਤੇ ਜਾਂਦੇ ਹਨ। ਇਹ ਮਨੁੱਖ ਨੂੰ ਜਿ਼ੰਦਗੀ ਦੇ ਅਸਲ ਅਰਥਾਂ ਤੱਕ ਪਹੁੰਚਣ ਤੋਂ ਰੋਕਣ ਦਾ ਸਬੱਬ ਬਣਦੇ ਹਨ। ਇਸ ਤਰ੍ਹਾਂ ਬੇਸਮਝੀ (ਜਾਂ ਸੂਝ ਦੀ ਘਾਟ ਕਰਕੇ) ਆਮ ਮਨੁੱਖ ਹੌਲ਼ੀ-ਹੌਲ਼ੀ ਉਸ ਦੌੜ ਵਿਚ ਸ਼ਾਮਲ ਹੋਣ ਲਗਦਾ ਹੈ ਜਿਸ ਨਾਲ ਲੋਭ, ਲਾਲਚ ਤੇ ਭਰਾ ਮਾਰੂ ਰੁਝਾਨ ਪੈਦਾ ਹੁੰਦਾ ਹੈ। ਪੋਜ਼ੀਸ਼ਨਾਂ, ਰੁਤਬੇ, ਉੱਚੇ ਅਹੁਦੇ ਤੇ ਮਹਿਲ ਨੁਮਾ ਕੋਠੀਆਂ ਹੀ ਸਭ ਕੁੱਝ ਹੋ ਜਾਂਦੇ ਹਨ, ਕਈ ਵਾਰ ਤਾਂ ਮਨੁੱਖ ਦੀ ਪਹਿਚਾਣ ਬਣ ਜਾਂਦੇ ਹਨ। ਸਰਮਾਏ ਦਾ ਗੁੱਝਾ ਕਾਰਜ ਉਜਾਗਰ ਹੋਣ ਲਗਦਾ ਹੈ ਤੇ ਸਮਾਜ ਅੰਦਰਲੇ ਬਹੁ ਗਿਣਤੀ ਲੋਕਾਂ ਨੂੰ ਆਪਣੇ ਨੜਿਨਵੇਂ ਦੇ ਗੇੜ ਜਾਂ ਤੰਦੂਆ ਜਾਲ ਵਿਚ ਲਪੇਟ ਲੈਂਦਾ ਹੈ। ਜਿਸ ਨਾਲ ਸਮਾਜ ਦੀ ਅੱਗੇ ਵਧਦੀ ਤੋਰ ਮੱਠੀ ਹੀ ਨਹੀਂ ਪੈਂਦੀ ਕਈ ਵਾਰ ਰੁਕ ਜਾਂਦੀ ਹੈ। ਰੁਕਣਾ ਤਾਂ ਮੌਤ ਦੀ ਨਿਸ਼ਾਨੀ ਵਰਗਾ ਹੀ ਗਿਣਿਆਂ ਜਾਂਦਾ ਹੈ।
ਇਸ ਨੁਕਤੇ ਦੇ ਚੌਰਾਹੇ ਤੋਂ ਰਾਹ ਚੰਗੇ ਪਾਸੇ ਵੀ ਜਾਂਦੇ ਹਨ ਤੇ ਮੰਦੇ ਪਾਸੇ ਵੀ। ਹੁਣ ਸੋਚਣ ਦਾ ਸਬੱਬ ਬਣਦਾ ਹੈ ਕਿ ਅਸੀਂ ਜਿ਼ੰਦਗੀ ਨੁੰ ਅਰਥਾਂ ਨਾਲ ਭਰਨਾ ਹੈ ਜਾਂ ਬੇਅਰਥ ਕਰਨ ਵਾਲਾ ਰਾਹ ਫੜਨਾ ਹੈ। ਸਰਮਾਏ ਦੇ ਪ੍ਰਭੂ ਨਾਂਹ ਪੱਖੀ ਰੁਝਾਨ ਵਾਲੇ ਪਾਸੇ ਜੋ਼ਰ ਦਿੰਦੇ ਹਨ ਇਸ ਨਾਲ ਉਨ੍ਹਾਂ ਦੇ ਮੁਨਾਫਿਆਂ ਵਿਚ ਵਾਧਾ ਹੁੰਦਾ ਹੈ। ਇਸ ਭੰਬਲ਼ਭੂਸੇ ਚੋਂ ਨਿਕਲਣ ਦੀ ਦੁਆ ਜਾਂ ਦਵਾ ਨਾ ਕਿਸੇ ਸਾਧ-ਸੰਤ ਕੋਲ ਹੈ ਤੇ ਨਾ ਹੀ ਕਿਸੇ ਅਣਦਿਸਦੀ ਸ਼ਕਤੀ ਦੇ ਹੱਥ। ਇਸ ਦਾ ਇਲਾਜ ਬਹੁ ਪੱਖੀ ਚੇਤਨਾ ਭਰਪੂਰ ਲੋਕ ਸ਼ਕਤੀ ਹੈ। ਵਿਰੋਧ ਤੇ ਵਿਕਾਸ ਵਾਲੇ ਫਲਸਫੇ ਨੂੰ ਸਮਝਣ ਅੰਦਰ ਹੈ। ਸੂਝ ਨੂੰ ਤਿੱਖਿਆਂ ਤੇ ਸਮੇਂ ਦੀ ਹਾਣ ਵਾਲੀ ਕਰਨ ਵਿਚ ਹੈ। ਬੁੱਧਮੱਤ/ਸਿਆਣਪ ਨਾਲ ਸਰਬੱਤ ਦੇ ਭਲੇ ਵਾਲੇ ਭਰੱਪਣ ਦੇ ਅਰਥ ਸਮਝ ਕੇ ਅੱਗੇ ਵਧਣ ਲਈ ਤੇ ਜਿ਼ੰਦਗੀ ਨੂੰ ਬੇਰੰਗ ਅਤੇ ਸੁੱਕੇ ਰੁੱਖ ਵਰਗੀ ਹੋਣ ਤੋਂ ਬਚਾਉਣ ਵਾਸਤੇ ਜਿੰਦਗੀ ਦੇ ਸੁੱਚੇ ਅਰਥਾਂ ਵਿਚ ਰੰਗ ਭਰਨਾ ਹੀ ਹੋ ਸਕਦਾ ਹੈ। ਜਿਸ ਨਾਲ ਜਿੰਦਗੀ ਜੀਊਣਯੋਗ ਤੇ ਹੋਰ ਵੀ ਪਿਆਰੀ ਲੱਗਣ ਲੱਗ ਪੈਂਦੀ ਹੈ। ਫੇਰ ਰੰਗਾਂ ਭਰਪੂਰ ਜਿ਼ੰਦਗੀ ਨੂੰ ਪੂਰੀ ਰੂਹ ਨਾਲ ਜੀਊਣ ਤੋਂ ਮੁੱਖ ਕਿਉਂ ਮੋੜਿਆ ਜਾਵੇ?
****
No comments:
Post a Comment