ਗੀਤ ਲਿਖੋ ਨਾ ਨਸ਼ੇ ,ਕਾਲਜਾਂ ਤੇ ਹਥਿਆਰਾਂ ਦੇ।
ਸੱਭਿਆਚਾਰ ਨੂੰ ਪੱਛਮ ਦੀ ਪੁੱਠ ਚਾੜ੍ਹੀ ਜਾਂਦੇ ਨੇ,
ਦੁਨੀਆਂ ਵਿੱਚ ਪੰਜਾਬ ਦੀ ਦਿੱਖ ਵਿਗਾੜੀ ਜਾਂਦੇ ਨੇ,
ਕਿਹੜੇ ਕੰਮੀਂ ਲਾ ਦਿੱਤੇ ਨੇ ਪੁੱਤ ਸਰਦਾਰਾਂ ਦੇ,
ਗੀਤ ਲਿਖੋ ਨਾ ਨਸ਼ੇ, ਕਾਲਜਾਂ ਤੇ ਹਥਿਆਰਾਂ ਦੇ।
ਰਫਲਾਂ ਤੇ ਪਿਸਤੌਲਾਂ ਨੇ ਕਦ ਭਲੀ ਗੁਜ਼ਾਰੀ ਏ,
ਇਹਨਾਂ ਕਰਕੇ ਕਈਆਂ ਪੱਲੇ ਪਈ ਖੁਆਰੀ ਏ,
ਦੁਖੜੇ ਸੁਣਕੇ ਦੇਖੋ ਉਹਨਾਂ ਦੇ ਪਰਿਵਾਰਾਂ ਦੇ,
ਗੀਤ ਲਿਖੋ ਨਾ ਨਸ਼ੇ, ਕਾਲਜਾਂ ਤੇ ਹਥਿਆਰਾਂ ਦੇ।
ਕੁਲ ਦੁਨੀਆਂ ਦੇ ਉੱਚੇ ਰੁਤਬੇ ਅੰਦਰ ਵਿੱਦਿਆ ਦੇ,
ਇਸ਼ਕ-ਮੁਸ਼ਕ ਦੀ ਚੀਜ਼ ਬਣਾ ਤੇ ਮੰਦਰ ਵਿੱਦਿਆ ਦੇ,
ਫਿਕਰ ਕਿਸੇ ਨੂੰ ਹੈ ਨਹੀਂ ਬੱਚਿਆਂ ਦੇ ਕਿਰਦਾਰਾਂ ਦੇ,
ਗੀਤ ਲਿਖੋ ਨਾ ਨਸ਼ੇ, ਕਾਲਜਾਂ ਤੇ ਹਥਿਆਰਾਂ ਦੇ।
ਮਸਲੇ ਕਈ ਗੰਭੀਰ ਲਿਖਣ ਲਈ ਅੱਜ ਜ਼ਮਾਨੇ ਤੇ,
ਕਾਲਜ ਪੜ੍ਹਦੀਆਂ ਕੁੜੀਆਂ ਥੋਡੇ ਰਹਿਣ ਨਿਸ਼ਾਨੇ ਤੇ,
ਮਾਪੇ ਸੋਚੀਂ ਪੈ ਗਏ ਨੇ ਧੀਆਂ ਮੁਟਿਆਰਾਂ ਦੇ,
ਗੀਤ ਲਿਖੋ ਨਾ ਨਸ਼ੇ, ਕਾਲਜਾਂ ਤੇ ਹਥਿਆਰਾਂ ਦੇ।
ਚਿੜੀਆਂ ਵਾਲੇ ਚੰਬੇ ਪਿੱਛੇ ਕਲਮਾਂ ਪੈ ਗਈਆਂ,
ਸ਼ਰਮ ਹਯਾ ਦੀਆਂ ਗੱਲਾਂ ਤਾਂ ਹੁਣ ਕਿਥੇ ਰਹਿ ਗਈਆਂ,
ਹੁਣ ਗੀਤਾਂ ਵਿੱਚ ਰੜਕਣ ਘਾਟੇ ਨੇਕ ਵਿਚਾਰਾਂ ਦੇ,
ਗੀਤ ਲਿਖੋ ਨਾ ਨਸ਼ੇ, ਕਾਲਜਾਂ ਤੇ ਹਥਿਆਰਾਂ ਦੇ।
ਮਾਨ ਮਰਾੜਾਂ ਵਾਲਾ ਲਿਖਦਾ ਗੀਤ ਸਲੀਕੇ ਦੇ,
ਕਲੀਆਂ ਕਿੱਸੇ ਕੌਣ ਭੁਲਾਊ ਦੇਵ ਥਰੀਕੇ ਦੇ,
ਸਦਕੇ ‘ਮੋਹੀ’ ਮਾਂ-ਬੋਲੀ ਦੇ ਅਸਲ ਸ਼ਿੰਗਾਰਾਂ ਦੇ,
ਗੀਤ ਲਿਖੋ ਨਾ ਨਸ਼ੇ, ਕਾਲਜਾਂ ਤੇ ਹਥਿਆਰਾਂ ਦੇ।
ਕਰੋ ਸਿਰਜਣਾ ਵਾਂਗ ਲੇਖਕਾਂ ਜ਼ਿੰਮੇਵਾਰਾਂ ਦੇ,
ਗੀਤ ਲਿਖੋ ਨਾ ਨਸ਼ੇ, ਕਾਲਜਾਂ ਤੇ ਹਥਿਆਰਾਂ ਦੇ।
****
1 comment:
ਬਲਵਿੰਦਰ ਸਿੰਘ ਮੋਹੀ ਸਾਹਿਬ ਨੇ ਬਹੁੱਤ ਹੀ ਪਿਆਰਾਂ ਅਤੇ ਸਮੇਂ ਦੀ ਲੋੜ ਅਨੁਸਾਰ ਗੀਤ ਲਿਖਿਆ ਹੈ, ਪਰ ਮੈਂ ਮੁਖੜੇ ਦੀ ਦੂਜੀ ਸਤਰ ਨਾਲ ਸਹਿਮਤ ਨਹੀਂ, ਜਿਸ ਵਿੱਚ ਕਿਹਾ ਗਿਆ ਹੈ,
"ਗੀਤ ਲਿਖੋ ਨਾ ਨਸ਼ੇ ,ਕਾਲਜਾਂ ਤੇ ਹਥਿਆਰਾਂ ਦੇ।"
ਇਸਨੂੰ ਧਿਆਨ ਨਾਲ ਦੇਖੀਏ ਤਾਂ ਨਸ਼ਿਆਂ, ਕਾਲਜਾਂ ਜਾਂ ਹਥਿਆਰਾਂ 'ਤੇ ਗੀਤ ਲਿਖਣਾ ਮਾੜਾ ਨਹੀਂ ਬਸ਼ਰਤੇ ਕਿ ਉਹ ਉਸਾਰੂ ਹੋਵੇ ਅਤੇ ਮਾੜੇ ਪੱਖਾਂ ਨੂੰ ਉਜਾਗਰ ਕਰਕੇ ਵਿਰੋਧ ਕਰਦਾ ਹੋਵੇ । ਜਿਵੇਂ ਕਿ ਮੋਹੀ ਸਾਹਿਬ ਨੇ ਇਹ ਗੀਤ ਵੀ ਇਹਨਾਂ ਵਿਸ਼ਿਆਂ 'ਤੇ ਹੀ ਲਿਖਿਆ ਹੈ । ਵਧੀਆ ਹੋਵੇਗਾ ਜੇ ਇਸ ਸਤਰ ਨੂੰ ਬਦਲ ਲਿਆ ਜਾਵੇ, ਜਿਵੇਂ ਕਿ,
"ਗੀਤ ਲਿਖੋ ਨਾ ਭੈੜੇ ਨਸ਼ਿਆਂ 'ਤੇ ਹਥਿਆਰਾਂ ਦੇ।"
ਵੈਸੇ ਮੋਹੀ ਸਾਹਿਬ ਵਧਾਈ ਦੇ ਪਾਤਰ ਹਨ ਜਿਨਾਂ ਨੇ ਸਭਿਆਚਾਰ ਦੇ ਹੋ ਰਹੇ ਪ੍ਰਦੂਸ਼ਨ ਦੇ ਖ਼ਿਲਾਫ਼ ਖੂਬਸੂਰਤ ਗੀਤ ਲਿਖਿਆ ਹੈ ।
Post a Comment