ਅੰਗੂਰਾਂ ਦੇ ਪੱਤਿਆ ਦੀ ਸਾਂਝ........ ਅਭੁੱਲ ਯਾਦਾਂ / ਜੋਗਿੰਦਰ ਬਾਠ ਹੌਲੈਂਡ

ਅੱਜ ਮੇਰੇ ਘਰ ਦੇ ਨੇੜੇ ਰਹਿੰਦੀ ਕੁਰਦਿਸ਼ ਇਰਾਕੀ ਗਵਾਂਢਣ ਨੇ ਆਪਣੇ ਦੇਸ਼ ਦਾ ਸਭ ਤੋਂ ਵਧੀਆ ਤੇ ਬੇਹਤਰੀਨ ਲਜ਼ੀਜ਼ ਖਾਣਾ ਤਿਆਰ ਕਰਕੇ ਸਾਡੇ ਘਰ ਸਾਨੂੰ ਪਰੋਸਾ ਦਿੱਤਾ। ਉਸ ਕੋਲ ਦੋ ਪਤੀਲੇ  ਕੁਰਦਿਸ਼ ਖਾਣੇ ਦੇ ਵੱਖੋ  ਵੱਖ ਪਦਾਰਥਾਂ ਨਾਲ ਨੱਕੋ ਨੱਕ ਭਰੇ ਹੋਏ ਸਨ। ਇੱਕ ਪਤੀਲੇ ਵਿੱਚ ਭੇਡ ਦੇ ਕੀਮੇਂ ਅਤੇ ਚੌਲਾਂ ਨਾਲ ਭਰ ਕੇ ਭੁੰਨੇ ਹੋਏ ਬਤਾੳਂ, ਟਮਾਟਰ, ਸਿ਼ਮਲਾ ਮਿਰਚਾਂ, ਪਿਆਜ਼ ਅਤੇ ਹਰੀ ਸੈਲਰੀ ਦੀਆਂ ਟਾਹਣੀਆਂ ਸਨ ਅਤੇ ਦੂਸਰੇ ਵਿੱਚ ਅੰਗੂਰ ਦੇ ਪੱਤਿਆਂ ਵਿੱਚ ਵਲੇਟੇ ਚੌਲ ਅਤੇ ਅਰਬੀ ਮਸਾਲਿਆਂ ਯੁਕਤ ਕੀਮਾਂ ਭਰਿਆ ਹੋਇਆ ਸੀ। ਖਾਣੇ ਦੀ ਦਿੱਖ  ਅਤੇ ਖੁਸ਼ਬੂ ਤੋਂ ਪਤਾ ਲਗਦਾ ਸੀ ਕਿ ਇਸ ਤੇ ਕਿੰਨੀ ਮਿਹਨਤ ਹੋਈ ਹੈ। ਪਤਾ ਨਹੀਂ ਵਿਚਾਰੀ ਸਾਰਾ ਦਿਨ ਹੀ ਸਾਡੇ ਲਈ ਇਹ ਸਪੈਸ਼ਲ ਭੋਜਨ ਤਿਆਰ ਕਰਨ ਵਿੱਚ ਲੱਗੀ ਰਹੀ ਸੀ । ਇਸ ਖਾਣੇ ਦੇ ਏਵਜ਼ ਵਿੱਚ ਅਸੀਂ ਉਸ ਬੀਬੀ ਰਾਣੀ ਇਰਾਕੀ ਕੁਰਦਸ਼ ਬੇਵਾ ਔਰਤ ਲਈ ਕੀ ਕੀਤਾ ਸੀ ? ਕੀ ਅਸੀਂ ਉਸ ਦਾ ਵਿਗੜਿਆ ਕੋਈ ਕੰਮ ਸਵਾਰਿਆ ਸੀ ? ਨਹੀਂ, ਕੁਝ ਵੀ ਨਹੀਂ। ਮੇਰੇ ਘਰ ਦੇ ਪਿਛਵਾੜੇ ਬੱਸਾਂ ਦਾ ਅੱਡਾ ਹੈ। ਬੱਸ ਨੂੰ ਉਡੀਕਦਿਆਂ ਉਸ ਦਿਨ ਉਸ ਨੇ ਸਾਡੇ ਘਰ ਦੇ ਪਿਛਲੇ ਬਗ਼ੀਚੇ ਵਿੱਚ ਪਲਮਦੀਆਂ ਅੰਗੂਰਾਂ ਦੀਆ ਵੇਲਾਂ ਵੇਖ ਲਈਆਂ ਸਨ। ਇਹ ਵੇਲਾਂ ਤਕਰੀਬਨ ਦੋ ਮਰਲੇ ਥਾਂ ਵਿੱਚ ਪਲਾਸਟਿਕ ਦੀਆਂ ਪਾਰਦਰਸ਼ੀ ਸ਼ੀਟਾਂ ਨਾਲ ਪਾਈ ਆਰਜ਼ੀ  ਛੱਤ ਤੇ  ਬੇਪਰਵਾਹ ਫੈਲੀਆਂ ਹੋਈਆਂ ਹਨ। ਮੈਂ ਹਰ ਸਾਲ ਇਨ੍ਹਾਂ ਨੂੰ ਛਾਂਗਦਾ ਹਾਂ। ਜਿੰਨਾਂ ਮੈਂ ਇਨ੍ਹਾਂ ਨੂੰ ਛਾਂਗਦਾ ਹਾਂ, ਉਨ੍ਹਾਂ ਹੀ ਇਹ ਜਿ਼ਆਦਾ ਪਲਮਦੀਆਂ ਹਨ। ਮੇਰੀ ਘਰ ਵਾਲੀ ਨੇ ਬਹੁਤ ਵਾਰ ਕਿਹਾ ਹੈ ਕਿ  ਮੈਂ ਇਹ ਵੇਲਾਂ ਪੁੱਟ ਸੁੱਟਾਂ ਕਿੳਂਕਿ ਫਲ ਯਾਨਿ-ਕਿ ਅੰਗੂਰ ਕਿਸੇ ਕੰਮ ਦੇ ਨਹੀਂ ਹਨ । ਬੇ-ਸਵਾਦੇ ਅਤੇ ਖੱਟੇ ਹੁੰਦੇ ਹਨ, ੳੱਪਰੋਂ ਤਿੰਨਾਂ ਤਿੰਨਾਂ ਬੀਆਂ ਨਾਲ ਭਰੇ ਹੁੰਦੇ ਹਨ ਤੇ ਗੰਦ ਵੱਖਰਾ ਪੈਂਦਾ ਹੈ ਤੁਸੀਂ ਤਾਂ ਘਰ ਦੇ ਕੰਮ ਵਿੱਚ ਹੱਥ ਨਹੀਂ ਵਟਾਉਣਾ ਹੁੰਦਾ। ਇਹ ਉਸ ਦਾ ਹਿਰਖ਼ ਸੀ। ਪਰੰਤੂ ਪਤਾ ਨਹੀਂ ਕਿਉਂ ਮੈਂ ਇਨ੍ਹਾਂ ਵੇਲਾਂ ਤੋਂ ਦੁਖੀ ਹੋਣ ਦੇ ਬਾਵਜੂਦ ਵੀ ਮੈਂ ਕਦੇ ਇਨ੍ਹਾਂ ਵੇਲਾਂ ਨੂੰ ਪੁੱਟਣ ਦਾ ਹੀਆ ਹੀ ਨਹੀਂ ਕਰ ਸਕਿਆ ਸੀ। ਬਸ ਅੱਡੇ ਤੇ ਖੜੋਤਿਆਂ ਜਦੋਂ ਉਹ ਬੀਬੀ   ਲੱਕੜ ਦੀ ਵਾੜ  ਉੱਤੋਂ ਦੀ ਵੇਲਾਂ ਨੂੰ ਹਸਰਤ ਨਾਲ ਨਿਹਾਰ ਰਹੀ ਸੀ, ਕੁਦਰਤੀ ਉਸੇ ਹੀ ਵਕਤ ਮੇਰੀ ਘਰਵਾਲੀ ਕੰਮ ਤੇ ਜਾਣ ਲਈ ਆਪਣੇ ਸਾਇਕਲ ਸਮੇਤ ਘਰੋਂ ਬਾਹਰ ਨਿਕਲੀ। ਬਸ ਆਉਣ ਵਿੱਚ ਸ਼ਾਇਦ ਅਜੇ ਦੇਰ ਸੀ। ਉਸ ਨੇ ਮੇਰੀ ਘਰ ਵਾਲੀ ਵੱਲ ਅੱਗਲਵਾਂਡੀ ਹੋ ਕੇ ਇੱਕ ਹਿਸਾਬ ਨਾਲ ਧੱਕੇ ਨਾਲ ਜਾਣ ਪਹਿਚਾਣ ਕਰਨ ਦੀ ਕੋਸਿ਼ਸ਼ ਕੀਤੀ ਅਤੇ ਬਹੁਤੀ ਭੈਣ ਜੀ ਭੈਣ ਕਰਨ ਤੋਂ ਗੁਰੇਜ਼ ਕੀਤਿਆਂ ਸਿੱਧਾ ਇਹ ਸਵਾਲ ਕੀਤਾ।

"ਸੁੱਘੜ ਸਵਾਣੀ ਜੀ, ਇਹਨਾਂ ਅੰਗੂਰਾਂ ਦੀਆਂ ਵੇਲਾਂ ਦੇ ਪੱਤਿਆਂ ਦਾ ਤੁਸੀਂ ਕੀ ਕਰਦੇ ਹੋ"? 

 “ਕੁਸ਼ ਵੀ ਨਹੀਂ । ਮੇਰੀ ਘਰ ਵਾਲੀ ਬੋਲੀ
 "ਜੇ ਤੁਹਾਨੂੰ ਕੋਈ ਇਤਰਾਜ਼ ਨਹੀਂ ਤਾਂ ਮੈਂ ਇਹ ਪੱਤੇ ਤੋੜ ਲਵਾਂ ? ਜਾਂ ਤੁਸੀਂ ਮੈਨੂੰ ਤੋੜ ਦੇਵੋ । ਉਸ ਦੀਆਂ ਅੱਖਾਂ ਦੀ ਚਮਕ ਦੱਸ ਰਹੀ ਸੀ ਜਿਸ ਤਰ੍ਹਾਂ ਉਸ ਨੂੰ ਕਿਸੇ ਅਲੀ ਬਾਬੇ ਦਾ ਖਜ਼ਾਨਾ ਬਗੈਰ ਕਿਸੇ ਮਿਹਨਤ ਤੋਂ ਲੱਭ ਪਿਆ ਹੋਵੇ ।  ਮੇਰੀ ਘਰ ਵਾਲੀ ਨੂੰ ਇਹ ਇੱਕ ਸਸਤਾ ਜਿਹਾ ਤਰਲਾ ਲੱਗਾ ਕਿਉਂਕਿ ਇਹ ਪੱਤੇ ਸਾਡੇ ਕਿਸੇ ਵੀ ਕੰਮ ਦੇ ਨਹੀਂ ਸਨ। ਪੱਤੇ ਤਾਂ ਛੱਡੋ ਗੱਲ, ਸਾਡੇ ਤਾਂ ਇਹ ਮਣਾਂ ਦੇ ਹਿਸਾਬ ਨਾਲ ਹਰ ਸਾਲ ਲਗਦੇ ਅੰਗੂਰ ਵੀ ਕਿਸੇ ਕੰਮ ਦੇ ਨਹੀਂ ਸਨ। ਕਿੳਂਕਿ ਇਨ੍ਹਾਂ ਅੰਗੂਰਾਂ ਵਿੱਚ ਦੋ ਦੋ ਤਿੰਨ ਤਿੰਨ ਬੀਜ ਹੁੰਦੇ ਸਨ ਤੇ ਲੂੰਮੜੀ ਦੀ ਕਹਾਣੀ ਦੇ ਉਲਟ ਹੱਥਾਂ ਦੀ ਪਹੁੰਚ ਵਿੱਚ ਹੁੰਦਿਆਂ ਹੋਇਆ ਵੀ ਖੱਟੇ ਸਨ। ਹਰ ਸਾਲ ਮੈਨੂੰ ਇਹ ਪੱਤੇ ਅਤੇ ਅੰਗੂਰ ਤੋੜ ਕੇ ਗੰਦ ਵਾਲੇ ਭਾਂਡੇ ਵਿੱਚ ਸੁੱਟਣੇ ਪੈਂਦੇ ਸਨ। ਅਸੀਂ ਖੁਸ਼ ਸਾਂ ਕਿ ਸਾਡੀ ਮੁਸ਼ੀਬਤ ਕੁਝ ਘੱਟ ਹੋਈ। ਇੱਕ ਦਿਨ ਅਸੀਂ ਅੰਗੂਰਾਂ ਦੇ ਬਹੁਤ ਸਾਰੇ ਪੱਤੇ ਤੋੜ ਕੇ ਪਲਾਸਟਿਕ ਦਾ ਇੱਕ ਝੋਲਾ ਭਰ ਕੇ ਉਸ ਕੁਰਦਿਸ਼ ਗਵਾਂਢਣ ਦੇ ਘਰ ਦੇ ਦਰਵਾਜੇ਼ ਨਾਲ ਟੰਗ ਆਏ, ਕਿਉਂਕਿ ਉਸ ਦਿਨ ਉਹ ਆਪਣੇ ਘਰ ਨਹੀਂ ਸੀ। ਅਗਲੇ ਦਿਨ ਹੀ ਉਹ ਇਨ੍ਹਾਂ ਪੱਤਿਆਂ ਨਾਲ ਬਣਾਇਆ ਖਾਣਾ ਸਾਡੇ ਘਰ ਦੇਣ ਆਈ, ਪਰੰਤੂ ਉਸ ਦਿਨ ਅਸੀਂ ਘਰ ਨਹੀਂ ਸਾਂ। ਵਿਚਾਰੀ ਸਾਡੇ ਬੂਹੇ ਖੜਕਾ ਕੇ ਖਾਣਾ ਵਾਪਸ ਮੋੜ ਕੇ ਲੈ ਗਈ। ਫਿਰ ਉਹ ਅਚਾਨਕ ਇੱਕ ਦਿਨ ਮੇਰੀ ਘਰ ਵਾਲੀ ਨੂੰ  ਨੇੜੇ ਦੀ ਸੁਪਰ-ਮਾਰਕਿਟ ਵਿੱਚ ਸੌਦਾ ਪੱਤਾ ਖਰੀਦਦੀ ਮਿਲ ਪਈ ਤੇ ਉਸ ਨੇ ਸਾਡੇ ਲਈ ਪੱਤਿਆਂ ਨਾਲ ਬਣਾਏ ਖਾਣੇ ਬਾਰੇ ਸਿ਼ਕਵਾ ਕੀਤਾ ਕਿ ਉਸ ਨੇ ਮੇਰੇ ਪੂਰੇ ਚੌਂਹ ਬੰਦਿਆਂ ਦੇ ਟੱਬਰ ਲਈ ਉਚੇਚਾ ਖਾਣਾ ਤਿਆਰ ਕੀਤਾ ਸੀ । ਤੁਸੀਂ ਨਹੀਂ ਮਿਲੇ, ਮੈਨੂੰ ਤਿੰਨ ਦਿਨ ਖਾਣਾ ਪਿਆ। ਜਦੋਂ ਪਰਮਜੀਤ ਮੇਰੀ ਸਾਥਣ ਨੇ ਇਸ ਬਾਰੇ ਮੈਨੂੰ ਦੱਸਿਆ ਤਾਂ ਮੈਨੂੰ ਬਹੁਤ ਅਫ਼ਸੋਸ ਹੋਇਆ, ਕਿਉਂਕਿ ਮੈਂ ਹਰ ਕਿਸਮ ਦਾ ਖਾਣਾ ਜੋ ਇਸ ਧਰਤੀ ਤੇ ਮਨੁੱਖਾਂ ਵੱਲੋਂ ਬਣਾਇਆ ਅਤੇ ਖਾਧਾ ਜਾਂਦਾ ਹੈ, ਨੂੰ ਚੱਖਣ ਅਤੇ ਖਾਣ ਦਾ ਸ਼ੌਕੀ ਹਾਂ ਤੇ ਹੁਣ ਮੈਂ ਇਹ ਮੌਕਾ ਖੁੰਝਾਅ ਬੈਠਾ ਸਾਂ। 
ਅਗਲੀ ਵਾਰ ਮੈਂ ਫਿਰ ਇੱਕ ਹੋਰ ਵੱਡਾ ਝੋਲਾ ਅੰਗੂਰ ਦੇ ਪੱਤਿਆਂ ਦਾ ਭਰ ਕੇ ਫਿਰ ਉਸ ਦੇ ਘਰ ਦੇ ਦਰਵਾਜ਼ੇ ਦੇ ਕੁੰਡੇ ਨਾਲ ਟੰਗ ਆਇਆ। ਐਤਕੀਂ ਉਹ ਪਹਿਲਾਂ ਸਾਨੂੰ ਮਿਲਣ ਆਈ ਅਤੇ ਸਿੱਧੀ ਸਾਡੇ ਬਾਗ ਵਿੱਚ ਚਲੀ ਗਈ ਤੇ ਅੰਗੂਰਾਂ ਦੀਆਂ ਦੂਰ ਦੂਰ ਤੱਕ ਫੈ਼ਲੀਆਂ ਪੱਤਿਆਂ ਨਾਲ ਲਬਰੇਜ਼ ਵੇਲਾਂ ਨੂੰ ਪੂਰੀ ਹਸਰਤ ਨਾਲ ਵੇਖਣ ਲੱਗੀ। ਗੱਲਾਂ ਗੱਲਾਂ ਵਿੱਚ ਉਸ ਨੇ ਆਪਣੇ ਬਾਰੇ ਜਾਣਕਾਰੀ ਦਿੱਤੀ ਕਿ ਏਥੇ ਆਉਣ ਤੋਂ ਪਹਿਲਾ ਉਹ ਇਰਾਕ ਵਿੱਚ ਰਹਿੰਦੀ ਸੀ। ਅਮਰੀਕਾ ਅਤੇ ਇਰਾਕ ਦੀ ਲੜਾਈ ਵਿੱਚ ਉਸ ਦਾ ਘਰ ਤਬਾਹ ਹੋ ਗਿਆ, ਉਸ ਦੇ ਬਾਪ ਦੇ ਅੰਗੂਰਾਂ ਦੇ ਬਾਗ ਸਨ। ਕਿੱਲਿਆਂ ਦੇ ਕਿੱਲੇ ਅੰਗੂਰਾਂ ਦੇ ਖੇਤਾਂ ਵਿੱਚ ਅੰਗੂਰਾਂ ਦੀਆਂ ਵੇਲਾਂ ਨੇ ਸੁਰੰਗਾਂ ਬਣਾਈਆਂ ਹੋਈਆਂ ਸਨ। ਤਪਦੀਆਂ ਦੁਪਹਿਰਾਂ ਵਿੱਚ ਉਹ ਇਨ੍ਹਾਂ ਠੰਡੀਆਂ ਸੁਰੰਗਾਂ ਵਿੱਚ ਖੇਡਦੀ ਜਵਾਨ ਹੋਈ ਸੀ। ਅਚਾਨਕ ਇਨ੍ਹਾਂ ਵੇਲਾਂ ਉੱਪਰ ਦੀ ਜੰਗੀ ਜਹਾਜ਼ ਉੱਡਣ ਲੱਗੇ, ਬੰਬਾਂ ਦੇ ਗੜੇ ਵਰਨ੍ਹ ਲੱਗੇ ਤੇ ਇੱਕ ਦਿਨ ਸਭ ਕੁਸ਼ ਤਬਾਹ ਹੋ ਗਿਆ। ਅੰਗੂਰਾਂ ਦੇ ਖੇਤ ਬੰਬਾਂ ਦੀ ਬਰੂਦੀ ਅੱਗ ਨੇ ਝੁਲਸ ਕੇ ਰੱਖ ਦਿੱਤੇ। ਮੁੰਡਾ ੳਦੋਂ ਮਸਾਂ ਤੁਰਨ ਹੀ ਲੱਗਿਆ ਸੀ ਤੇ ਕੁੜੀ ਅਜੇ ਉਸ ਦੇ ਕੁੱਛੜ ਹੀ ਸੀ। ਵਿਆਹੀ ਨੂੰ ਅਜੇ ਮਸਾਂ ਤਿੰਨ ਸਾਲ ਹੀ ਹੋਏ ਸਨ। ਉਸ ਦੇ ਘਰ ਵਾਲਾ ਅਤੇ ਹੋਰ ਟੱਬਰ ਦੇ ਜੀਅ ਇਸ ਅਸਾਵੀਂ ਲੜਾਈ ਦੀ ਭੇਟ ਚੜ੍ਹ ਗਏ। ਇਹ ਗੱਲ ਉੱਨੀ ਸੌਅ ਇਕੱਨਵੇ ਦੀ ਹੈ। ਘਰ ਖੰਡਰ ਹੋ ਗਏ । ਅੰਗੂਰਾਂ ਦੇ ਬਾਗ ਉੱਜੜ ਗਏ। ਮਾਰੂਥਲ ਦੀ ਰੇਤਾ ਵੀ ਝੁਲਸ ਗਈ ਤੇ ਮੁਲਖ਼ ਦੀ ਦੌਲਤ ਤੇਲ ਬਿਗਾਨੇਂ ਹੱਥੀ ਚੜ੍ਹ ਗਈ। ਇਸ ਦੂਰੋਂ ਆਈ ਜੰਗ ਦੀ ਵਜ੍ਹਾ ਨਾਲ ਸਾਰਾ ਖਾਨਾਂ ਹੀ ਤਬਾਹ ਹੋ ਗਿਆ। ਉਹ ਆਪਣੇ ਰਿਸ਼ਤੇਦਾਰਾਂ ਦੀ ਮੱਦਦ ਨਾਲ ਇਰਾਕ ਵਿੱਚੋਂ ਆਪਣੇ ਦੋ ਸਾਲਾਂ ਦੇ ਪੁੱਤਰ ਤੇ ਛੇ ਮਹੀਨਿਆਂ ਦੀ ਧੀ ਨਾਲ ਹੋਲੈਂਡ ਆਉਣ ਵਿੱਚ ਕਾਮਯਾਬ ਹੋ ਗਈ ਸੀ ਤੇ ਹੁਣ ਦੂਰ ਦੇ ਰਿਸ਼ਤੇਦਾਰਾਂ ਤੋਂ ਬਗੈਰ ਇਰਾਕ ਵਿੱਚ ਉਸ ਦਾ ਕੁਸ਼ ਵੀ ਨਹੀਂ ਰਹਿ ਗਿਆ ਸੀ, ਬਗੈਰ ਚੰਦਰੀਆਂ ਯਾਦਾਂ ਦੇ। ਪੁੱਤ ਹੁਣ ਉਸ ਦਾ ਸੁੱਖ ਨਾਲ ਇੱਕੀ ਸਾਲਾਂ ਦਾ ਹੈ ਅਤੇ ਧੀ ਸਾਢੇ ਅਠਾਰਾਂ ਸਾਲਾਂ ਦੀ । ਦੋਵੇਂ ਬੱਚੇ ਹੁੰਦੜ ਹੇਲ ਹਨ, ਪੜ੍ਹਾਈ ਵਿੱਚ ਵੀ ਹੁਸਿ਼ਆਰ ਹਨ। 
"ਅੰਗੂਰ ਤਾਂ ਸਾਡੇ ਲਈ ਇੱਜ਼ਤ ਮਾਣ, ਸੱਭਿਆਚਾਰ ਤੇ ਸਭ ਕੁਸ਼ ਸਨ।" ਉਸ ਨੇ ਹੌਕਾ ਲਿਆ ਚਾਹ ਦਾ ਘੁੱਟ ਉਸ ਦੇ ਸੰਘ ਵਿੱਚ ਫਸ ਗਿਆ ਲੱਗਦਾ ਸੀ। ਫਿਰ ਉਸ ਨੇ ਝਟਕੇ ਨਾਲ ਚਾਹ ਦਾ ਕੱਪ ਖਾਲੀ ਕੀਤਾ ਜਿਵੇਂ ਕੋਈ ਆਦਮੀ ਕਿਸੇ ਬੁਰੇ ਖਿ਼ਆਲ ਤੋਂ ਖਹਿੜਾ ਛੁਡਾਉਣ ਦੀ ਅਸਫ਼ਲ ਕੋਸਿ਼ਸ਼ ਕਰਦਾ ਹੈ ਤੇ ਫਿਰ ਉਹ ਬੇ-ਤਕੱਲਫ਼ ਆਪਣੀ ਮਰਜ਼ੀ ਨਾਲ ਅੰਗੂਰਾਂ ਦੇ ਪੱਤੇ ਤੋੜਨ ਲੱਗ ਪਈ । ਮੈਂ ਵੇਖ ਰਿਹਾ ਸਾਂ, ਉਹ ਬਹੁਤ ਹੀ ਕੂਲੇ ਅਤੇ ਨਰਮ ਪੱਤੇ ਤੋੜ ਰਹੀ ਸੀ ਤੇ ਮੈਨੂੰ ਮੂਰਖ ਨੂੰ ਉਹ ਦੱਸ ਵੀ ਰਹੀ ਸੀ ਕਿ ਅਗਲੀ ਵਾਰ ਮੈਂ ਇਹੋ ਜਿਹੇ ਨਰਮ ਪੱਤੇ ਤੋੜਾਂ। ਜਿਵੇਂ ਉਹ ਕੋਈ ਸਾਡੀ ਇਸ਼ਤੇਦਾਰ ਹੋਵੇ । ਉਸ ਨੂੰ ਵੇਖ ਕੇ ਮੈਨੂੰ ਮੇਰੀ ਮਾਂ ਯਾਦ ਆ ਗਈ, ਜੋ ਮੇਰੀ ਛੋਟੀ ਉਮਰ ਵਿੱਚ ਵਿਆਹੀ ਭਰਜਾਈ ਨੂੰ ਗੰਦਲਾਂ ਦਾ ਸਾਗ ਤੋੜਨ ਦੀਆਂ ਜੁਗਤਾਂ ਸਿਖਾ ਰਹੀ ਹੋਵੇ। ਇਸ ਦੌਰਾਨ ਉਸ ਨੇ ਇਹ ਵੀ ਦੱਸਿਆ, ਇੱਥੇ ਇਹ ਪੱਤੇ ਬਹੁਤ ਮਹਿੰਗੇ ਹਨ। ਜੋ ਪੱਤੇ ਸੁਪਰ-ਮਾਰਕਿਟ ਵਿੱਚ ਪਾਣੀ ਵਿੱਚ ਪਏ ਮਰਤਬਾਨਾਂ ਵਿੱਚ ਮਿਲਦੇ ਹਨ, ਕਿਸੇ ਵੀ ਕੰਮ ਦੇ ਨਹੀਂ ਹਨ । ਅਸਲੋਂ ਬੋਦੇ, ਪਤਾ ਨਹੀਂ ਕਦੋਂ ਕੁ ਦੇ ਬਿਹੇ ਕੁ ਬਿਹੇ ਹੁੰਦੇ ਹਨ ਤੇ ਨਾਲੇ ਜਦੋਂ ਚੌਲ ਜਾਂ ਕੀਮਾਂ ਉਸ ਵਿੱਚ ਵਲ੍ਹੇਟੀਦਾ ਹੈ ਤਾਂ ਜਿ਼ਆਦਾ ਗਲੇ ਹੋਣ ਕਾਰਨ ਟੁੱਟ ਜਾਂਦੇ ਹਨ ਤਾਂ ਕੋਈ ਸਵਾਦ ਨਹੀਂ ਆੳਂਦਾ, ਡੋਲਮਾ ਤੇ ਯਾਪਰੱਥ ਬਨਾਉਣ ਦਾ। (ਡੋਲਮਾ ਅਤੇ ਯਾਪਰੱਥ ਉਸ ਸਪੈਸ਼ਲ ਖਾਣੇ ਦਾ ਨਾਂ ਹੈ, ਜੋ ਉਹ ਉਚੇਚਾ ਸਾਡੇ ਚੌਂਹ ਜੀਆਂ ਦੇ ਟੱਬਰ ਲਈ ਬਣਾ ਕੇ ਲਿਆਈ ਸੀ) 
ਪਿਛਲੀ ਵਾਰ ਉਸ ਨੇ ਡਾਕ ਰਾਹੀ ਇਹ ਪੱਤੇ ਇਰਾਕ ਤੋਂ  ਮੰਗਵਾਏ ਸਨ, ਜੋ ਉਸ ਨੂੰ ਬਹੁਤ ਹੀ ਮਹਿੰਗੇ ਭਾਅ ਪੈ ਗਏ ਸਨ ਤੇ ਤਾਜ਼ੇ ਵੀ ਨਹੀਂ ਸਨ ਰਹੇ। ਉਸ ਨੇ ਮੁਸਕਰਾ ਕੇ ਮੇਰੇ ਵੱਲ  ਤੱਕਦਿਆਂ ਇਹ ਦੱਸਿਆ ਕਿ ਹੁਣ ਉਸ ਨੇ ਆਪਣੀ ਦੂਰ ਦੀ ਫੈਮਿਲੀ ਨੂੰ ਪੱਤੇ ਭੇਜਣ ਦੀ ਸਮੱਸਿਆ ਤੋਂ ਮੁਕਤ ਕਰ ਦਿੱਤਾ ਹੈ। ਕਿਉਂਕਿ ਉਸ ਨੂੰ ਹੁਣ ਇੱਥੇ ਹੀ ਪੱਤਿਆਂ ਵਾਲਾ ਕਾਰੂੰ ਦਾ ਖਜ਼ਾਨਾ ਲੱਭ ਪਿਆ ਹੈ। ਉਹ ਇੱਕ ਵਾਰ ਖੁੱਲ੍ਹ ਕੇ ਹੱਸੀ । ਅੱਜ ਉਹ ਇੱਕ ਹੋਰ ਝੋਲਾ ਉਸ ਦੀ ਆਪਣੀ ਪਸੰਦ ਦੇ ਪੱਤਿਆਂ ਦਾ ਬਗੈਰ ਕਿਸੇ ਝਿਜਕ ਤੋਂ ਪੂਰੀ ਤਸੱਲੀ ਨਾਲ ਤੋੜ ਕੇ ਲੈ ਗਈ। ਉਸ ਦੇ ਚਿਹਰੇ ਦੀ ਲਾਲੀ ਦੱਸਦੀ ਸੀ ਕਿ ਹੁਣ ਉਹ ਇਸ ਖਜ਼ਾਨੇ ਨੂੰ ਲੱਭ ਕੇ ਕਿੰਨੀ ਖੁਸ਼ ਅਤੇ ਸਤੁੰਸ਼ਟ ਸੀ।        

****

1 comment:

Jass Brar said...

bahut wadiya lagiya veer ji pard ke ik dard shad gaya dil vich Iraq de Amrika jad ghar tutde ne te supniya te chaawaan naal bnaye mahal koi gair tod deve taaan dard asaih hunda