
ਸਮਾਂ ਆਪਣੀ ਰਫ਼ਤਾਰ ਚੱਲਦਾ ਗਿਆ। ਪਰ ਸਮੇਂ ਦੇ ਇਸ ਗੇੜ ਨਾਲ ਲਾਜੋ ਦੀ ਲਾਲਸਾ ਤੇ ਭੁੱਖ ਹੋਰ ਚਮਕਦੀ ਗਈ। ਪਲ-ਪਲ ਲਾਜੋ ਦੇ ਬਦਲਦੇ ਨਜ਼ਰੀਏ ਨੇ ਦਲੀਪੇ ਨੂੰ ਸ਼ਰਾਬੀ ਬਣਾ ਦਿੱਤਾ ਸੀ। ਉਹ ਅੰਦਰੋ-ਅੰਦਰੀ ਟੁੱਟ ਚੁੱਕਾ ਸੀ। ਘਰ ਵਾਲਿਆਂ ਨੇ ਉਸਨੂੰ ਲਾਜੋ ਦੇ ਚੱਕਰ ‘ਚੋਂ ਕੱਢਣ ਲਈ ਬਾਹਰ ਜਾਣ ਲਈ ਮਨਾ ਲਿਆ ਤੇ ਉਹ ਖੁੱਲ੍ਹੇ ਅੰਬਰਾਂ ‘ਚ, ਬੇਗਾਨੇ ਵਤਨ ਵੱਲ ਉਡਾਰੀਆਂ ਮਾਰ ਗਿਆ। ਹਵਾਈ ਅੱਡੇ ਦੀ ਹੱਦ ‘ਤੇ ਪਾਰਕਿੰਗ ਵਾਲੇ ਲੁਕਵੇਂ ਜਿਹੇ ਕੋਨੇ ‘ਚ, ਕੰਡਿਆਂ ਵਾਲੀਆਂ ਤਾਰਾਂ ਦੇ ਲਾਗੇ ਬੈਠੀ ਲਾਜੋ, ਹਾਲੇ ਵੀ ਹੰਝੂਆਂ ਲੱਦੀ ਬਿਰਹਾ ਮਾਰੀ ਸੰਤਾਪ ਦੇ ਹੌਕੇ ਲੈ ਰਹੀ ਸੀ। ਰਾਖੀ ਕਰਦੇ ਪੁਲਸੀਏ ਲਾਜੋ ਨੂੰ ਪਾਗਲ ਸਮਝ ਕੇ ਆਪਣੀ ਪੁਲਸੀਆ ਤਾਕਤ ਦਾ ਪ੍ਰਦਰਸ਼ਨ ਕਰਦੇ ਹੋਏ, ਉਸਨੂੰ ਮੂੰਹ ‘ਚ ਆਇਆ ਭਾਂਤ-ਭਾਂਤ ਬੋਲ ਕੁਬੋਲ ਬੋਲਦੇ ਰਹੇ। ਦਿਨ ਤੋਂ ਰਾਤ ਹੋ ਗਈ। ਠੰਢ ਕਾਰਣ ਉਸਦਾ ਸ਼ਰੀਰ ਆਕੜ ਗਿਆ ਸੀ। ਪਰ ਲਾਜੋ ਟੱਸ ਤੋਂ ਮੱਸ ਨਾ ਹੋਈ। ਲਾਜੋ ਨੂੰ ਭਜਾਉਣ ਲਈ ਇੱਕ ਪੁਲਸੀਏ ਨੇ ਬਾਂਸ ਵਾਲਾ ਡੰਡਾ ਉਸ ਵੱਲ ਘੁਮਾਇਆ। ਲਾਜੋ ਡਰ ਗਈ ‘ਤੇ ਇੱਕ ਦਮ ਪਿੱਛੇ ਨੂੰ ਪਲਟੀ। ਡੰਡਾ ਉਸਦੇ ਸਿਰ ਤੇ ਜਾ ਲੱਗਾ। ਅੱਧ ਬੇਸੁਰਤ ਹੋਈ, ਉਹ ਬੋਲਣ ਲੱਗੀ, "ਮਾਂ... ਮਾਂ... ਮੈਨੂੰ ਮਾਫ਼ ਕਰ ਦੇ... ਮੇਰੀ ਪਿਆਰੀ ਮਾਂ... ਕਾਸ਼਼ ਮੈਂ ਤੇਰਾ ਕਹਿਣਾ ਮੰਨ ਲੈਂਦੀ... ਮਾਂ... ਮੈਨੂੰ ਮਾਫ਼ ਕਰ ਦੇ... ਮੇਰੀ ਪਿਆਰੀ ਮਾਂ... ਮੈਨੂੰ ਆਪਣੀ ਗਲਤੀ ਸੁਧਾਰਨ ਦਾ ਇੱਕ ਮੌਕਾ ਤਾਂ ਦਿੰਦੀ... ਮਾਂ... ਮੇਰੀ ਪਿਆਰੀ ਮਾਂ...” ਬੋਲਦੀ-ਬੋਲਦੀ ਲਾਜੋ ਚੁੱਪ ਕਰ ਗਈ ਤੇ ਸੋਚਾਂ ‘ਚ ਖੁੱਭੀ ਉਹ, ਉਸ ਮੰਦਭਾਗੀ ਸ਼ਾਮ ਨੂੰ ਯਾਦ ਕਰਨ ਲੱਗੀ, ਜਦ ਉਹ ਦਲੀਪੇ ਨਾਲ ਮੋਟਰਸਾਈਕਲ ਦੇ ਪਿੱਛੇ ਗਲਵੱਕੜੀ ਪਾ ਕੇ ਬੈਠ ਆਪਣੇ ਘਰ ਆਈ ਸੀ। ਤਰਕਾਲਾਂ ਦੇ ਸੁਰਮਈ ਹਨੇਰੇ ਭਰੀ ਉਹ ਮੰਦਭਾਗੀ ਸ਼ਾਮ, ਜਦ ਕਾਲੀ ਜਹੀ ਚਾਦਰ ਤਾਣੇ ਹੋਏ ਪਿੰਡ ਦੀਆਂ ਗਲੀਆਂ ‘ਚ ਸੰਨਾਟਾ ਛਾਇਆ ਹੋਇਆ ਸੀ। ਸਰਦੀਆਂ ਦੇ ਦਿਨ ਸਨ। ਡੁੱਬਦੇ ਸੂਰਜ ਦੀ ਮੱਧਮ ਚਾਂਣੀ ਵਿੱਚ, ਧੁੰਦ ਨੂੰ ਚੀਰਦੀ ਹੋਈ ਮੋਟਰਸਾਈਕਲ ਦੀ ਤੇਜ਼ ਰੌਸ਼ਨੀ ਘਰ ਦੇ ਦਰਵਾਜੇ ਕੋਲ ਆ ਕੇ ਬੰਦ ਹੋਈ ਸੀ। ਮਾਂ ਸਾਨੂੰ ਛੱਤ ਤੇ ਖੜ੍ਹੀ ਵੇਖ ਰਹੀ ਸੀ। ਮੇਰੇ ਅੰਦਰ ਵੜਦਿਆ ਹੀ ਮਾਂ ਨੇ ਬਾਹਰਲੇ ਵਿਹੜੇ ਦੀ ਬੱਤੀ ਜਗਾ ਦਿੱਤੀ ਸੀ। ਕੋਲੇ ਆਉਂਦਿਆਂ ਹੀ ਗੁੱਸੇ ਵਿੱਚ ਲਾਲ ਸੁਰਖ਼ ਹੁੰਦੀ, ਉਹ ਬੋਲੀ…
-“ਧੀਏ ਕੁੜੀਆਂ ਲੀਰਾਂ ਦੀ ਖਿੱਦੋ ਵਾਂਗ ਹੁੰਦੀਆਂ ਨੇ। ਜਦ ਤੱਕ ਇਹ ਖਿੱਦੋ ਪੂਰੀ ਐ, ਘਰ ਦੀ ਇੱਜ਼ਤ ਘਰ ਵਿੱਚ ਐ। ਪਰ ਜੇ ਇਹ ਖਿੱਦੋ ਉਧੜ ਜਾਵੇ, ਤਾਂ ਆਬਰੂ ਖਿੱਦੋ ਦੀ ਤਰ੍ਹਾਂ ਲੀਰੋ-ਲੀਰ ਹੋ ਜਾਂਦੀ ਐ। ਬਸ.. ਬਚਦੀ ਹੈ ਤਾਂ ਸਿਰਫ਼ ਤੇ ਸਿਰਫ਼ ...ਸ਼ਰਮਿੰਦਗੀ। ਕਿਤੇ ਇੰਝ ਨਾ ਹੋ ਜੇ ਧੀਏ...? ਲੜਕੀ ਦੀ ਇੱਜ਼ਤ ਸ਼ੀਸ਼ੇ ਦੀ ਤਰ੍ਹਾਂ ਹੁੰਦੀ ਐ । ਜੇ ਗ਼ਲਤੀ ਨਾਲ ਵੀ ਇਸ ‘ਤੇ ਝਰੀਟ ਆ ਜਾਵੇ ਤਾਂ ਕੋਈ ਇਸ ਦਾਗ਼ੀ ਸ਼ੀਸ਼ੇ ਨੂੰ ਪਸੰਦ ਨਹੀਂ ਕਰਦਾ। ਧੀਏ ਕਿਉਂ ਜਿੰਦ ਰੋਲ ਰਹੀ ਐਂ ? ਸਿਆਣੀ ਬਣ... ਭੁੱਲ ਜਾ ਉਸਨੂੰ...।‘‘
-“ਮਾਂ ਤੂੰ ਗਲਤ ਸੋਚ ਰਹੀ ਐ । ਉਹ ਮੈਨੂੰ ਚਾਹੁੰਦੈ... ਪਰ ਮੈਂ ਨਹੀਂ....”
-“ਫਿਰ ਤੂੰ... ਉਸ ਨਾਲ... ਇੰਝ...”
-“ਮਾਂ, ਅੱਜ ਕੱਲ ਦਾ ਫੈਸ਼ਨ ਐ, ਜਮਾਨਾ ਮਾਡਰਨ ਬਣ ਚੁੱਕਾ ਐ ਤੇ ਤੁਸੀਂ ਪਿੱਛੇ ਰਹਿਣ ਦੀਆਂ ਗੱਲਾਂ ਕਰਦੇ ਓ। ਅੰਬ ਖਾਣ ਵਾਲੇ ਗਿੱਟਕਾਂ ਦੀ ਗਿਣਤੀ ਕਦੇ ਨਹੀਂ ਕਰਦੇ। ਤੈਨੂੰ ਵੰਨ-ਸੁਵੰਨੇ ਤੋਹਫੇ ਘਰ ਆਉਂਦੇ ਚੰਗੇ ਨੀ ਲੱਗਦੇ ?”
- “......”
- “ਭੋਲੀਏ ਮਾਏ, ਤੁਸੀਂ ਇਸ ਖਿੱਦੋ ਦੇ ਅੰਜਾਮ ਤੋਂ ਸੁਰਖਰੂ ਹੋ ਜਾਓ। ਹੁਣ ਸਾਇੰਸ ਨੇ ਬਹੁਤ ਤਰੱਕੀ ਕਰ ਲਈ ਐ। ਵਿਗਿਆਨਕ ਸੋਚ ਦਾ ਯੁੱਗ ਹੈ। ਲੀਰਾਂ ਦੀ ਖਿੱਦੋ ਹੁਣ ਇੰਝ ਨਹੀਂ ਉਧੜਦੀ।
ਬਦਲਦੇ ਹਾਲਾਤਾਂ ਵੱਲ ਵੇਖ, ਮਾਂ ਧੁਰ ਅੰਦਰੋਂ ਕੰਬ ਉੱਠੀ ਸੀ। ਦਿਲ ਚੀਰਵੇਂ ਭਾਂਤ-ਸੁਭਾਂਤੇ ਖਿਆਲ ਖੌਫ਼ ਬਣ ਕੇ ਮਾਂ ਦੇ ਤੜਫਦੇ ਹਿਰਦੇ ‘ਚ ਵਾਰ-ਵਾਰ ਉਡਾਰੀਆਂ ਲਗਾਉਣ ਲੱਗੇ ਸਨ। ਭਰੀ ਪੀਤੀ ਉਹ ਅੰਦਰੋ-ਅੰਦਰੀ ਕੁੜ੍ਹਣ ਲੱਗੀ ਸੀ। ਰੂਹ ਅੰਦਰੋ-ਅੰਦਰੀ ਬਿਲਕ ਰਹੀ ਸੀ। ਸਿਸਕੀਆਂ ਭਰਦੀ ਮਾਂ ਭੁੰਜੇ ਹੀ ਬੈਠ ਗਈ ਸੀ।
ਮੈਂ ਪਤਾ ਨਹੀਂ ਕਿਉਂ ਮਾਂ ਦੇ ਬੋਲਾਂ ਤੋਂ ਲਾਚੜ ਗਈ। ਕਮਰੇ ‘ਚ ਵੜਦਿਆਂ ਹੀ ਗੁੱਸੇ ‘ਚ ਦਰਵਾਜ਼ਾ ਪਟਾਕ ਦੇਣੇ ਬੰਦ ਕਰ ਲਿਆ ਤੇ ਟੈਲੀਵੀਜ਼ਨ ਔਨ ਕਰ ਕੇ ਗੀਤ ਸੁਣਨ ਲੱਗੀ। ਚੱਲ ਰਹੇ ਗੀਤ ਦੇ ਬੋਲ ਸਨ
-"ਤੇਰਾ ਯਾਰ ਕੁੜੇ ਚੌਰਾਹੇ ‘ਚ ਖੜ੍ਹਾ ਉਡੀਕਦਾ, ਨੀ ਅਣਭੋਲ ਅੱਲੜ੍ਹ ਕੁਵਾਰੀਏ।"
ਮਾਂ ਨੂੰ ਗੀਤ ਦੇ ਇਹ ਬੋਲ ਅਸ਼ਲੀਲ ਲੱਗ ਰਹੇ ਸਨ। ਪਤਾ ਨਹੀਂ ਕਿਉਂ....? ਕੰਡਿਆਂ ਵਾਲੀਆਂ ਤਾਰਾਂ ਵਾਂਗ ਚੁੱਭ ਰਹੇ ਸਨ। ਉਸਦੀ ਲਹੂ-ਲੁਹਾਣ ਹੁੰਦੀ ਕਾਇਆ ਪੀੜ ਨਾਲ ਬਿਲਕ ਰਹੀ ਸੀ। ਸੰਤਾਪ ਵਿੱਚ ਛਲਣੀ-ਛਲਣੀ ਹੋਇਆ ਵਜੂਦ ਤੜਫ ਰਿਹਾ ਸੀ। ਵਾਰ-ਵਾਰ ਉਹ ਮੈਨੂੰ ਟੈਲੀਵੀਜ਼ਨ ਬੰਦ ਕਰਨ ਲਈ ਕਹਿ ਰਹੀ ਸੀ। ਪਰ ਮੈਂ ਮੂਰਖ ਨੇ ਗੁੱਸੇ ‘ਚ ਉਸਦੀ ਇਕ ਨਾ ਸੁਣੀ। ਮਾਂ ਦੀ ਆਵਾਜ਼ ਵਿੱਚ ਇੱਕ ਦਰਦ ਸੀ। ਉਹ ਪੂਰਾ ਤਾਣ ਲਗਾ ਕੇ ਬੋਲ ਰਹੀ ਸੀ
- “ਸ਼ਰਮ ਕਰੋ ਅਣਖਾਂ ਵਾਲਿਓ... ਸ਼ਰਮ ਕਰੋ ਇੱਜ਼ਤਾਂ ਵਾਲਿਓ... ਲਿਖਾਰੀ ਤੇ ਗਵੱਈਓ... ! ਤੁਸੀਂ ਘਰ-ਘਰ ਦੀ ਇੱਜ਼ਤ ਬੋਲੀ ਤੇ ਲਗਾ ਦਿੱਤੀ ਐ। ਜੇ ਇੰਝ ਈ ਚਲਦਾ ਰਿਹਾ ਤਾਂ ਬਹੁਤ ਜਲਦ ਹਰ ਘਰ ਦੀ ਇੱਜ਼ਤ ਮੇਰੇ ਘਰ ਦੀ ਇੱਜ਼ਤ ਵਾਂਗ ਨਿਲਾਮ ਹੋਵੇਗੀ। ਬਚਦੇ ਅਣਖਾਂ ਵਾਲਿਓ ਤੁਸੀ ਵੀ ਨਹੀਂ । ਅਚਾਨਕ ਮਾਂ ਦੇ ਸੀਨੇ ਵਿੱਚ ਤੇਜ਼ ਪੀੜ ਉੱਠੀ। ਇੰਝ ਲੱਗਦਾ ਸੀ ਜਿਵੇਂ ਉਸਦੇ ਦਿਲ ‘ਤੇ ਕੋਈ ਪੂਰਾ ਤਾਣ ਲਗਾ ਕੇ ਦੁਰਮਟ ਨਾਲ ਵਾਰ ਕਰ ਰਿਹਾ ਹੋਵੇ। ਪੀੜ ਨਾਲ ਵੇਲਦੀ-ਵੇਲਦੀ ਮਾਂ ਭੁੰਜੇ ਹੀ ਲੇਟ ਗਈ। ਵਿਹੜੇ ‘ਚ ਲੇਟੀ ਮਾਂ ਦੇ ਦਿਲ ਦੀ ਧੜਕਣ ਦੀ ਅਵਾਜ਼ ਘੱਟ ਹੁੰਦੀ-ਹੁੰਦੀ ਰੁਕ ਚੁੱਕੀ ਸੀ। ਮਰਨ ਤੋਂ ਪਹਿਲਾਂ ਮਾਂ ਬਹੁਤ ਵਿਲਕੀ, ਟੁੱਟਦੇ ਹਫ਼ਦੇ ਸਾਹਾਂ ਦੇ ਅਖੀਰ ਤਕ....
****
No comments:
Post a Comment