ਚੁੱਪ ਦੇ ਬੋਲ.......... ਲੇਖ / ਕੇਹਰ ਸ਼ਰੀਫ਼

ਬੇਗਾਨੇ ਵੀ ਇਨਸਾਨ ਹੁੰਦੇ ਹਨ। ਕੁੱਝ ਲੋਕ ਸਿਰਫ ਆਪਣੀ ਖੁਸ਼ੀ ਲਈ ਹੀ ਬੇਗਾਨਿਆਂ ਨੂੰ ਆਪਣਾ ਆਖ ਦਿੰਦੇ ਹਨ, ਤੇ ਆਪਣੇ ਹੰਝੂ ਉਸ ਬੇਗਾਨੇ ਦੀ ਝੋਲ਼ੀ ਪਾ ਦਿੰਦੇ ਹਨ। ਬਦਲੇ ਚ ਉਸ ਤੋਂ ਉਸ ਦੇ ਹਾਸੇ ਖੋਹ ਲੈਂਦੇ ਹਨ। ਉਦੋਂ ਚੁਫੇਰੇ ਚੁੱਪ ਪਸਰ ਜਾਂਦੀ ਹੈ। ਜ਼ਖ਼ਮੀ ਹੋਏ ਹਾਸੇ ਤੜਪ ਜਾਂਦੇ ਹਨ। ਗੁਜ਼ਰ ਗਏ ਪਲ ਸੋਚ ਛੱਡ ਜਾਂਦੇ ਹਨ। ਮਨੁੱਖ ਆਪਣੇ ਹੀ ਹੰਝੂ ਪੀਣ ਲਈ ਮਜ਼ਬੂਰ ਹੋ ਜਾਂਦਾ ਹੈ। ਬੀਤ ਗਏ ਪਲ ਸਮੇਂ ਦੀ ਸਪਾਟ ਕੈਨਵਸ ਤੇ ਘਟਨਾਵਾਂ ਬਣ ਉੱਘੜ ਆਉਂਦੇ ਹਨ। ਉਨ੍ਹਾਂ ਚ ਰੰਗ ਭਰਨ ਵੇਲੇ ਹੋਈ ਜ਼ਰਾ ਜਿੰਨੀ ਗਲਤੀ ਉਦਾਸੀ ਦਾ ਰੂਪ ਧਾਰ ਲੈਂਦੀ ਹੈ।
ਕਿਸੇ ਦੂਜੇ ਨੂੰ ਅਪਮਾਨਤ ਕਰਨ ਤੋਂ ਪਹਿਲਾਂ ਇਹ ਜ਼ਰੂਰ ਸੋਚਣਾ ਚਾਹੀਦਾ ਹੈ ਕਿ ਤੁਹਾਡੇ ਇਸ ਗਲਤ ਰਵੱਈਏ ਕਾਰਨ ਦੂਜੇ ਦਾ ਦਿਲ ਤਾਂ ਨਹੀਂ ਦੁਖਦਾ? ਉਸਦੇ ਦਿਨ ਉਦਾਸ ਤੇ ਰਾਤਾਂ ਬੇਚੈਨ ਤਾਂ ਨਹੀਂ ਹੋ ਜਾਣਗੀਆਂ? ਇਸ ਦਾ ਖਿਆਲ ਰੱਖਿਆ ਜਾਣਾ ਚਾਹੀਦਾ ਹੈ ਕਿ ਉਸਦਾ ਹਰ ਪਲ ਹਾਦਸਾ ਨਾ ਬਣ ਜਾਵੇ। ਤੁਰੇ ਜਾ ਰਹੇ ਪਲਾਂ ਨਾਲ ਸਾਂਝ ਦਾ ਨਾਂ ਹੀ ਤਾਂ ਜਿ਼ੰਦਗੀ ਹੈ। ਉਹ ਕਿੰਨੇ ਦੁੱਖ ਭਰੇ ਪਲ ਹੁੰਦੇ ਹਨ ਜਦੋਂ ਮਨੁੱਖ ਆਪਣੇ ਹੀ ਪ੍ਰਛਾਵੇਂ ਦੇ ਗਲ ਲੱਗ ਕੇ ਰੋਣ ਲਈ ਮਜ਼ਬੂਰ ਹੋ ਜਾਂਦਾ ਹੈ। ਉਨ੍ਹਾਂ ਦੁਖਾਂਤਕ ਪਲਾਂ ਦੀ ਗਵਾਹੀ ਉੱਥੇ ਹਾਜ਼ਰ ਉਦਾਸ ਪੌਣ (ਹਵਾ) ਹੀ ਦੇ ਸਕਦੀ ਹੈ ਜਾਂ ਚੁੱਪ ਖੜ੍ਹੇ ਦਰੱਖਤ, ਛੋਟੇ ਬਾਗਾਂ ਦੀਆਂ ਪਗਡੰਡੀਆਂ,ਨੇਰ੍ਹੀਆਂ ਤੇ ਸੁੰਨੀਆਂ ਸੜਕਾਂ, ਖੁੱਲੇ ਖੇਤਾਂ ਦਾ ਕੁਦਰਤੀ ਚੁੱਪ ਨਾਲ ਭਰਿਆ ਮਹੌਲ।
ਇਹ ਵੀ ਸਮੇਂ ਦਾ ਹੀ ਹੇਰ-ਫੇਰ ਹੈ ਕਿ ਦੋਸਤੀ ਦੇ ਨਾਂ ਥੱਲੇ ਗੁਜ਼ਾਰੇ ਪਲ ਉਮਰ ਦੀ ਕਿਤਾਬ ਦੇ ਸਫੇ ਬਣ ਜਾਂਦੇ ਹਨ। ਇਨ੍ਹਾਂ ਪਲਾਂ ਦੀ ਸਾਂਝ ਦੇ ਬੋਲ ਵਕਤ ਦੇ ਕੋਰੇ ਸਫਿਆਂ ਤੇ ਉੱਕਰੇ ਜਾਂਦੇ ਹਨ ਅਤੇ ਸਦੀਵੀ ਯਾਦਾਂ ਬਣ ਜਾਂਦੇ ਹਨ। ਯਾਦਾਂ! ਜਿਨ੍ਹਾਂ ਨੂੰ ਲੱਖ ਯਤਨ ਕਰਕੇ ਵੀ ਭੁਲਾਇਆ ਨਹੀਂ ਜਾ ਸਕਦਾ। ਉਂਜ ਵੀ, ਯਾਦਾਂ ਨੂੰ ਜਿ਼ੰਦਗੀ ਚੋਂ ਕੱਢ ਦਿੱਤਾ ਜਾਵੇ ਤਾਂ ਉਹ ਕੋਰੇ ਸਫਿਆਂ ਵਾਲੀ ਕਿਤਾਬ ਹੀ ਰਹਿ ਜਾਂਦੀ ਹੈ। ਕਾਰਨ ਜੋ ਵੀ ਮਰਜ਼ੀ ਹੋਣ ਜੀਊਣ ਦੇ ਲਾਲਚ ਖਾਤਰ ਕਈ ਵਾਰ ਮਨੁੱਖ ਆਪਣੇ ਆਖੇ ਸੱਚ ਨੂੰ ਹੀ ਝੂਠ ਆਖ ਦਿੰਦਾ ਹੈ। ਕਦੇ ਮਨੁੱਖ ਉਸ ਸਥਿਤੀ ਚੋਂ ਗੁਜ਼ਰਦਾ ਹੈ ਜਦੋਂ ਸਮੇਂ ਦੀ ਮਾਰ ਕਾਰਨ ਤੇ ਮਨੁੱਖ ਦੀ ਬੇ-ਵਫਾਈ ਕਰਕੇ ਉਹ ਮੌਸਮ ਦੇ ਗਲ਼ ਲੱਗ ਕੇ ਰੋਂਦਾ ਹੈ, ਆਪਣੇ ਆਪ ਨੂੰ ਅਣਸੁਖਾਵੀਆਂ ਸਥਿਤੀਆਂ ਵਿਚ ਬੇਕਸੂਰੇ ਹੀ ਪੀੜ ਹੁੰਦਾ ਵੇਖਦਾ ਹੈ, ਤਿਪਕਾ ਤਿਪਕਾ ਹੋ ਕੇ ਆਪਣਾ ਆਪਾ ਕਿਰਦਾ ਵੇਖਦਾ ਹੈ। ਆਖਰ ਜਦੋਂ ਉਹ ਹੌਸਲਾ ਕਰਕੇ ਜੀਊਣ ਦਾ ਸਾਹਸ ਕਰਦਾ ਹੈ ਤਾਂ ਮੌਸਮ ਆਪ ਉਸ ਦੇ ਗਲ਼ ਲੱਗ ਕੇ ਧਾਹਾਂ ਮਾਰਦੇ ਹਨ, ਵੈਣ ਪਾਉਂਦੇ ਹਨ ਆਪਣੇ ਹੀ ਬੀਤੇ ਕੱਲ੍ਹ ਦਾ ਮਾਤਮ ਮਨਾਉਂਦੇ ਹਨ। ਗੁਜ਼ਰ ਰਹੇ ਪਲ ਉਸ ਲਈ ਹਾਦਸਿਆਂ ਦਾ ਹਜ਼ੂਮ ਬਣ ਜਾਂਦੇ ਹਨ, ਪਰ ਉਹ ਉਸ ਹਜ਼ੂਮ ਨੂੰ ਆਪਣੇ ਸੋਝੀ ਭਰੇ ਕਦਮਾਂ ਦੀ ਖਾਕ ਬਣਾ ਕੇ ਅੱਗੇ ਵਧਣਾ ਜਾਰੀ ਰਖਦਾ ਹੈ।
ਭਾਵਨਾਵਾਂ ਦੇ ਵਹਿਣ ਵਿਚ ਵਹਿ ਜਾਣਾ ਕਿਸੇ ਦੀ ਕਮਜ਼ੋਰੀ ਨਹੀਂ ਆਖੀ ਜਾ ਸਕਦੀ। ਸਾਡੇ ਵਿਚਾਰ ਹੀ ਭਾਵਨਾਵਾਂ ਵਿਚ ਲੁਪਤ ਹੁੰਦੇ ਹਨ। ਕੋਈ ਵੀ ਗੱਲ ਜਾਂ ਕੋਈ ਵੀ ਕਾਰਜ ਕਰਨ ਤੋਂ ਪਹਿਲਾਂ ਮਨੁੱਖ ਸੋਚਦਾ ਜ਼ਰੂਰ ਹੈ ਭਾਵੇਂ ਥੋੜੀ ਦੇਰ ਲਈ ਹੀ ਸਹੀ, ਬਿਨਾ ਸੋਚੇ ਸਮਝੇ ਕੋਈ ਕੁੱਝ ਵੀ ਨਹੀਂ ਕਰ ਸਕਦਾ। ਜੇ ਕੋਈ ਇੰਜ ਆਖੇ ਤਾਂ ਉਹ ਝੂਠ ਬੋਲ ਰਿਹਾ ਹੁੰਦਾ ਹੈ ਸੋਚਾਂ ਦੀ ਸੜ੍ਹਿਆਂਦ ਤੇ ਡਰ ਸਾਡੇ ਵਿਚਾਰਾਂ ਨੂੰ ਗੰਧਲਿਆਂ ਕਰ ਜਾਂਦੇ ਹਨ। ਸੰਕੀਰਣਤਾਂ ਚੋਂ ਉਪਜੀ ਸੋਚ ਮਨੁੱਖੀ ਸਾਂਝ ਅਤੇ ਮਨਾਂ ਚ ਤ੍ਰੇੜਾਂ ਪਾ ਸਕਦੀ ਹੈ ਅਤੇ ਉਸਦੇ ਵਿਕਾਸ ਵਿਚ ਰੋੜਾ ਬਣ ਸਕਦੀ ਹੈ। ਰੰਗ ਆਪਣੇ ਥਾਂ ਇਕ ਧੱਬਾ ਵੀ ਬਣ ਸਕਦਾ ਹੈ ਪਰ ਕਿਸੇ ਸਿਆਣੇ ਹੱਥਵਲੋਂ ਬੁਰਸ਼ ਨੂੰ ਮਾਧਿਅਮ ਬਣਾ ਕੇ ਵਾਹੀਆਂ ਲਕੀਰਾਂ (ਰੇਖਾਵਾਂ,ਚਿੱਤਰ) ਤੇ ਉਨ੍ਹਾਂ ਲਕੀਰਾਂ ਦੇ ਅੰਦਰ ਲੁਕਿਆ ਸੱਚ ਹੀ ਰੰਗ ਦਾ ਅਸਲ ਹੁੰਦਾ ਹੈ। ਲੁਕਿਆ ਸੱਚ ਰੰਗ ਦੀ ਚੁੱਪ ਹੈ। ਜੋ ਲਕੀਰਾਂ, ਤਸਵੀਰਾਂ ਰਾਹੀਂ ਜਦ ਬੋਲਦੀ ਹੈ ਤਾਂ ਇਸ ਨੂੰ ਸਮਝਿਆ ਤੇ ਸੁਣਿਆ ਜਾ ਸਕਦਾ ਹੈ।
ਰਿਸ਼ਤਿਆਂ ਦੇ ਬਣਨ ਤੇ ਬਿਗੜਨ ਦੀ ਆਪਣੀ ਕ੍ਰਿਆ ਹੈ। ਇਸ ਕ੍ਰਿਆ ਦੇ ਅਰਥ ਨੂੰ ਪ੍ਰਤੀਬਿੰਬਤ ਕਰਨ ਲਈ ਕਈ ਵਾਰ ਅਸੀਂ ਗਲਤੀ ਕਰ ਬੈਠਦੇ ਹਾਂ। ਫੇਰ ਵੀ ਹਰ ਰਿਸ਼ਤੇ ਦਾ ਆਪਣਾ ਸੱਚ ਹੈ ਅਤੇ ਹਰ ਸੱਚ ਦੀ ਆਪਣੀ ਸਮਰੱਥਾ ਤੇ ਸੀਮਾਂ ਹੈ। ਜਦੋਂ ਮਨੁੱਖ ਦਾ ਮਨੋਬਲ ਔਝੜਿਆ ਹੋਵੇ ਤਾਂ ਇਸਦਾ ਸਿੱਟਾ ਪ੍ਰੇਸ਼ਾਨੀਆਂ ਦੀ ਲੰਬੀ ਕਤਾਰ ਬਣ ਜਾਂਦਾ ਹੈ। ਪਰ ਇਹ ਪ੍ਰੇਸ਼ਾਨੀਆਂ ਕਦੇ ਵੀ ਸਥਾਈ ਨਹੀਂ ਹੁੰਦੀਆਂ, ਹੋ ਹੀ ਨਹੀਂ ਸਕਦੀਆਂ ਕਿਉਂਕਿ ਤਬਦੀਲੀ ਕੁਦਰਤ ਦਾ ਨਿਯਮ ਹੈ। ਮਨੁੱਖ ਗ਼ਮੀਆਂ ਤੇ ਖੁਸ਼ੀਆਂ ਵਿਚੋਂ ਸਦਾ ਹੀ ਅਗਲੇਰੇ ਪੜਾਵਾਂ ਵੱਲ ਤੁਰਦਾ ਰਿਹਾ ਹੈ ਤੇ ਤੁਰਦਾ ਰਹੇਗਾ। ਇਹ ਮਨੁੱਖ ਦੇ ਬੌਧਿਕ ਤੇ ਇਤਿਹਾਸਕ ਵਿਕਾਸ ਦਾ ਸਦੀਆਂ ਲੰਮਾਂ ਸੱਚ ਹੈ। ਜਦੋਂ ਕਿਸੇ ਦੇ ਹਾਸੇ ਚੋਰੀ ਹੋ ਜਾਣ ਤਾਂ ਉਸ ਕੋਲ ਬਚਦਾ ਹੀ ਕੀ ਹੈ? ਸਿਵਾਏ ਚੁੱਪ ਤੋਂ, ਉਹ ਵੀ ਸੱਨਾਟੇ ਵਰਗੀ। ਇਕ ਵਾਰ ਤਾਂ ਉਹ ਆਪਣਾ ਭਵਿੱਖ ਸਰਾਪਿਆ ਮਹਿਸੂਸਣ ਲਗਦਾ ਹੈ। ਪਰ ਉਸਦਾ ਦ੍ਰਿੜ ਨਿਸਚਾ/ਇਰਾਦਾ ਉਸਨੂੰ ਅੱਗੇ ਵੱਲ ਤੋਰੀ ਰੱਖਦਾ ਹੈ। ਕਿਸੇ ਲਈ ਉਦਾਸੀ ਇਕ ਰੋਗ ਬਣ ਜਾਂਦਾ ਹੈ ਤੇ ਕਿਸੇ ਵਾਸਤੇ ਦੂਜਿਆਂ ਤੋਂ ਬਚਣ ਦਾ ਬਹਾਨਾ। ਉਦਾਸੀ ਰੋਗ ਬਣ ਜਾਵੇ ਤਾਂ ਮਨ ਤੇ ਚੁੱਪ ਛਾ ਜਾਂਦੀ ਹੈ। ਦੂਜਿਆਂ ਤੋਂ ਅਤੇ ਆਪਣੇ ਆਪ ਤੋਂ ਬਚਣ ਲਈ ਬਹਾਨਿਆਂ ਦੀ ਬੁਕੱਲ ਮਾਰ ਲਈ ਜਾਂਦੀ ਹੈ ਤੇ ਇੰਜ ਵਿਚਰਨ ਲਈ ਚੁੱਪ ਦੀ ਦੋਸਤੀ ਜ਼ਰੂਰੀ ਹੋ ਜਾਂਦੀ ਹੈ।
ਸ਼ਬਦ ਦੂਜਿਆਂ ਦੀ ਵਡਿਆਈ ਕਰਨ ਲਈ ਵੀ ਵਰਤੇ ਜਾ ਸਕਦੇ ਹਨ ਤੇ ਕਿਸੇ ਨੂੰ ਅਪਮਾਨਤ ਕਰਨ ਲਈ ਵੀ। ਸ਼ਬਦ ਨਸੀਹਤ ਵਜੋਂ ਵੀ ਦਿੱਤੇ ਜਾ ਸਕਦੇ ਹਨ ਅਤੇ ਤੋਹਫਿਆਂ ਵਜੋਂ ਵੀ। ਖਾਲੀ ਹੱਥਾਂ ਤੇ ਸਾਫ ਦਿਲਾਂ ਵਾਲੇ ਲੋਕ ਅਕਸਰ ਸ਼ਬਦਾਂ/ਲਫ਼ਜ਼ਾਂ ਦੀ ਵਰਤੋਂ ਤੋਹਫਿਆਂ ਵਜੋਂ ਹੀ ਕਰਦੇ ਹਨ। ਤੋਹਫਿਆਂ ਦਾ ਭਾਵ ਸਾਂਝੇ ਪਲਾਂ ਦੀ ਯਾਦ ਤਾਜ਼ਾ ਰੱਖਣ ਦਾ ਯਤਨ ਹੀ ਆਖਿਆ ਜਾ ਸਕਦਾ ਹੈ ਅਤੇ ਸਾਂਝ ਨੂੰ ਹੋਰ ਡੂੰਘੀ ਤੇ ਗੂੜ੍ਹੀ ਕਰਨ ਦਾ ਉਪਰਾਲਾ ਵੀ। ਕਿਸੇ ਦੂਜੇ ਦੀ ਬੁਰਾਈ ਨੂੰ ਮੁਆਫ ਕਰਨਾ ਹੀ ਚੰਗੇ ਮਨੁੱਖ ਦੀ ਚੰਗਿਆਈ/ਨਿਸ਼ਾਨੀ ਹੁੰਦੀ ਹੈ ਅਤੇ ਉਸ ਦੇ ਦਿਲ ਅੰਦਰ ਮਨੁੱਖਤਾ ਪ੍ਰਤੀ ਮੋਹ ਦਾ ਸੰਕੇਤ ਵੀ। ਪਿਆਰ ਦਾ ਅੰਤ ਵੀ ਸਿਰਫ ਪਿਆਰ (ਨਫਰਤ ਨਹੀਂ) ਹੀ ਹੁੰਦਾ ਹੈ। ਜਿਸਦਾ ਅੰਤ ਨਫਰਤ ਹੋਵੇ ਉਹ ਪਿਆਰ ਹੁੰਦਾ ਹੀ ਨਹੀਂ ਉਹ ਸਿਰਫ ਝੂਠ ਹੁੰਦਾ ਹੈ। ਚੁੱਪ ਦੇ ਬੋਲਾਂ ਦੇ ਅਰਥ ਹਮੇਸ਼ਾ ਹੀ ਅਸਾਧਾਰਨ ਤੇ ਡੂੰਘੇ ਹੁੰਦੇ ਹਨ। ਜਿਨ੍ਹਾਂ ਦੀ ਡੂੰਘਾਈ ਤੇ ਵਿਸ਼ਾਲਤਾ ਸਿਰਫ ਚੁੱਪ ਦੀ ਭਾਸ਼ਾਸਮਝਣ ਵਾਲੇ ਹੀ ਜਾਣ ਸਕਦੇ ਹਨ। ਦਰਅਸਲ ਤਾਂ ਚੁੱਪ ਦੀ ਭਾਸ਼ਾ ਹੈ ਹੀ ਮਹਿਸੂਸਣ ਵਾਲੀ ਚੀਜ਼/ਭਾਵਨਾ ਜੋ ਅਨੁਭਵ ਤੇ ਅਭਿਆਸ ਦੀ ਸਾਧਨਾ ਮੰਗਦੀ ਹੈ। ਚੁੱਪ ਬੋਲਦੀ ਹੈ ਉਨ੍ਹਾਂ ਲਈ ਜੋ ਚੁੱਪ ਦੀ ਬੋਲੀ ਜਾਣਦੇ ਹਨ।
****

No comments: