ਮੈਂ ਜੁੱਤੀ ਹਾਂ……… ਕਾਵਿ ਵਿਅੰਗ / ਜਰਨੈਲ ਘੁਮਾਣ

ਮੈਂ ਜੁੱਤੀ ਹਾਂ, ਪੈਰਾਂ ਵਿੱਚ ਪਾਉਣ ਵਾਲੀ,
ਪੈਰੀਂ ਪਾ ਪਾ ਚਾਹੇ ਘਸਾ ਲਿਆ ਕਰ ।

ਕੰਡੇ, ਰੋੜੀਆਂ, ਤਪਦਿਆਂ ਰੇਤਿਆਂ ਤੋਂ,
ਪੈਰੀਂ ਚੁਭਨ ਤੇ ਸੜਨ ਤੋਂ ਪਾ ਲਿਆ ਕਰ ।

ਜੇਬਕਤਰਿਆਂ, ਭੂਤਰਿਆਂ ਆਸ਼ਕਾਂ ਲਈ,
ਲੋੜ ਪੈਣ ਤੇ ਪੈਰਾਂ ਚੋਂ ਲਾਹ ਲਿਆ ਕਰ ।

ਠੁੱਕ ਮਾਰ ਤੂੰ ਬਿਗੜਿਆਂ ਅਫ਼ਸਰਾਂ ਦੇ,
ਰਿਸ਼ਵਤਖੋਰਾਂ ਲਈ ਸੇਵਾ ਕਰਵਾ ਲਿਆ ਕਰ ।

ਦਾਜ ਮੰਗਦੀਆਂ, ਭਰੂਣਾਂ ਦੀਆਂ ਕਾਤਲਾਂ ਜੋ,
ਨੂੰਹਾਂ ਸੱਸਾਂ ਤੇ ਭਾਵੇਂ ਵਰਸਾ ਲਿਆ ਕਰ ।

ਗੈਰਤਮੰਦ ਹਾਂ, ਮੇਰੀ ਵੀ ਹੈ ਇੱਜ਼ਤ,
ਕੁਝ ਤਰਸ ਖਾ ਮਨ ਸਮਝਾ ਲਿਆ ਕਰ ।

ਨੇਤਾ ਲੋਕਾਂ ਵੱਲ ਮਾਰਦੈ ਸ਼ਰਮ ਆਵੇ,
ਸੜੇ ਆਂਡੇ, ਟਮਾਟਰ ਮੰਗਵਾ ਲਿਆ ਕਰ ।

ਗਾਰੇ ਚਿੱਕੜ ਵਿੱਚ ਮਿੱਧ ਲੈ ਬੋਲਦੀ ਨਾ,
ਚਿੱਕੜ ਸਿਆਸਤ ਦੇ ਵੱਲੋਂ ਬਚਾ ਲਿਆ ਕਰ ।

‘ਜੁੱਤੀ ਜਾਤ’ ਨੂੰ ਬੰਦਿਆ ਸ਼ਰਮ ਆਵੇ,
ਸ਼ਰਮ ਤੂੰ ਵੀ ‘ਘੁਮਾਣ’ ਕੁਝ ਖਾ ਲਿਆ ਕਰ ।
         
****

No comments: