ਉਹ ਆਉਂਦੀ, ਲੰਘ ਜਾਂਦੀ,
ਦੁੱਧ ਦੀ ਕੈਨੀ ਭਰਕੇ।
ਦਰ ਦਰ ਤੇ ਦਸਤਕ ਦਿੰਦੀ,
ਡੋਕੇ ਚੋਂਦੀ, ਧਾਰਾਂ ਕੱਢਦੀ,
ਲਵੇਰੀਆਂ ਦੇ ਥਣ ਫੜਕੇ।
ਮਰਦਾਂ ਵਰਗਾ ਉਸ ਦਾ ਜਿਗਰਾ,
ਫੌਲਾਦਾਂ ਵਰਗਾ ਜੁੱਸਾ,
ਸੀਨੇ ਵਿਚ ਲਕੋਈ ਫਿਰਦੀ,
ਜੋਬਨ ਉਸ ਦਾ ਧੜ੍ਹਕੇ।
ਗੱਭਰੂ ਵੇਖ ਕੇ ਹਉਕੇ ਭਰਦੇ,
ਪਰ ਨਾ ਸਾਹਵੇਂ ਆਉਂਦੇ,
ਨਾ ਜੁਅਰਤ ਦਿਖਾਉਂਦੇ,
ਲੁੱਕ ਕੇ ਵਿਹੰਦੇ, ਉਹਲੇ ਖੜ੍ਹਕੇ।
ਉੱਚੀ ਵੀਹੀ ਵਾਲੇ ਰਹਿਬਰ
ਮੁੱਛ ਮਰੋੜਨ, ਅੱਖ ਨੀਵੀਂ ਕਰਕੇ।
ਸਿਰ ‘ਤੇ ਟਿਕਾ ਕੇ ਵੱਡੀ ਗਾਗਰ,
ਢਾਕੇ ਲਾ ਕੇ ਦੁੱਧ ਦੀ ਕੈਨੀ,
ਲੱਕ ਮਟਕਾਉਂਦੀ, ਨਾ ਸ਼ਰਮਾਉਂਦੀ,
ਲੰਘ ਜਾਂਦੀ, ਉਹ ਮਲਕੇ ਮਲਕੇ।
ਪੈ ਜਾਂਦੀ, ਉਹ ਆਪਣੀ ਸੜਕੇ।
****
No comments:
Post a Comment