ਜੱਟ ਬਣ ਗਏ ਬਾਣੀਏ ਜੀ,
ਬਿਜ਼ਨੈੱਸ ਖੋਲੇ ਹੱਟੀਆਂ ਪਾਈਆਂ।
ਖਹਿੜਾ ਛੱਡਤਾ ਚਾਦਰੇ ਦਾ,
ਪਾਉਂਦੇ ਪੈਂਟਾਂ ਲਾਉਂਦੇ ਟਾਈਆਂ।
ਭੁੱਲਗੇ ਗ੍ਹਾਲਾਂ ਕੱਢਣੀਆਂ,
ਹੁਣ ਨਾ ਲੈਂਦੇ ਮੁੱਲ ਲੜਾਈਆਂ।
ਹਾਂਜੀ ਹਾਂਜੀ ਕਹਿੰਦੇ ਨੇ,
ਮਾਖਿਓ ਮਿੱਠੀ ਬੋਲੀ ਬੋਲਣ।
ਭਾਅ ਪਤਾ ਲਗ ਗਿਆ ਲੌਂਗਾ ਦਾ,
ਬੈਠੇ ਸੌਦਾ-ਪੱਤਾ ਤੋਲਣ।
ਨਾਲੇ ਐਸ਼ਾਂ ਕਰਦੇ ਨੇ,
ਨਾਲੇ ਕਰਦੇ ਖੂਬ ਕਮਾਈਆਂ।
ਜੱਟ ਬਣ ਗਏ……………।
ਨਾ ਕੋਈ ਬਲਦ ਜੋੜਦਾ ਏ,
ਨਾ ਕੋਈ ਭੱਤਾ ਲੈ ਕੇ ਜਾਂਦੀ।
ਹੁਣ ਤਾਂ ਜੱਟ ਦੇ ਮੋਬਾਇਲ ਤੇ,
ਜੱਟੀ ਘਰੋਂ ਹੀ ਫੋਨ ਮਿਲਾਂਦੀ।
ਘਰੇ ਆ ਕੇ ਖਾ ਲਓ ਜੀ,
ਰੋਟੀਆਂ ਗਰਮਾ-ਗਰਮ ਪਕਾਈਆਂ।
ਜੱਟ ਬਣ ਗਏ…………………।
ਨਾ ਡੱਟ ਖੁੱਲਦੇ ਬੋਤਲਾਂ ਦੇ,
ਨਾ ਹੁਣ ਖੜਕਣ ਰੋਜ਼ ਗੰਡਾਸੇ।
ਨਾਂ ਸੁਣ ਕੇ ਠਾਣੇ ਦਾ,
ਹੁਣ ਜੱਟ ਹੋ ਜਾਣ ਆਸੇ-ਪਾਸੇ।
ਨਾ ਹੁਣ ਵਿੱਚ ਕਚਹਿਰੀ ਦੇ,
ਜਾਂਦੇ ਝੂਠੀਆਂ ਦੇਣ ਗਵਾਹੀਆਂ।
ਜੱਟ ਬਣ ਗਏ……………..।
ਦਿਨ ਫਿਰ ਗਏ ਜੱਟਾਂ ਦੇ,
ਚਾਰੇ ਪਾਸੇ ਮੌਜ਼ ਬਹਾਰਾਂ।
ਹੁਣ ਤਾਂ ਘਰ-ਘਰ ਜੱਟਾਂ ਦੇ,
ਮੋਟਰਸਾਇਕਲ ਜੀਪਾਂ ਕਾਰਾਂ।
‘ਪੁਰੇਵਾਲ’ ਉਤਰ ਸੁਹਾਗੇ ਤੋਂ,
ਕਰਦੇ ਵਿੱਚ ਵਿਦੇਸ਼ ਕਮਾਈਆਂ।
ਜੱਟ ਬਣ ਗਏ……………।
****
No comments:
Post a Comment