ਪ੍ਰੇਮ ਓਏ ! ਆਵਾਜ਼ ਦੇ ਮੇਰੇ ਵੀਰ !!!........... ਰਿਸ਼ੀ ਗੁਲਾਟੀ, ਐਡੀਲੇਡ (ਆਸਟ੍ਰੇਲੀਆ)




ਚੰਦਰੀ ਮਿਤੀ : 27 ਫਰਵਰੀ 2011
ਚੰਦਰਾ ਦਿਨ : ਐਤਵਾਰ
ਚੰਦਰਾ ਸਮਾਂ : ਸ਼ਾਮ ਦੇ ਕਰੀਬ 6 ਵਜੇ (ਭਾਰਤ ‘ਚ 1 ਵਜੇ)
ਆਪਣੇ ਘਰ ਬੈਠਾ ਲੇਖਕਾਂ ਦੀਆਂ ਆਈਆਂ ਰਚਨਾਵਾਂ “ਸ਼ਬਦ ਸਾਂਝ” ‘ਤੇ ਛਾਪ ਰਿਹਾ ਸੀ । ਅਚਾਨਕ ਮੇਰੇ ਮੋਬਾਇਲ ‘ਤੇ ਘੰਟੀ ਵੱਜੀ । ਮੋਬਾਇਲ ‘ਤੇ ਨੰਬਰ ਨਾ ਆਉਣ ਕਰਕੇ ਪਤਾ ਨਹੀਂ ਲੱਗਾ ਕਿ ਕਿਸਦਾ ਫੋਨ ਹੈ । ਫੋਨ ਚੁੱਕਿਆ ਤਾਂ ਅੱਗੋਂ ਪੰਜਾਬ ਤੋਂ ਮੇਰੇ ਮਿੱਤਰ ਸੁਰਿੰਦਰ ਭਾਰਤੀ ਤਿਵਾੜੀ ਬੋਲ ਰਹੇ ਸਨ । 
“ਰਿਸ਼ੀ ! ਪ੍ਰੇਮ ਬਾਰੇ ਕੁਝ ਪਤਾ ਚੱਲਿਆ ?”
“ਨਹੀਂ ਭਾ ਜੀ, ਕੀ ਹੋ ਗਿਆ ।”
“ਪ੍ਰੇਮ ਦੀ ਡੈੱਥ ਹੋ ਗਈ ।”

“ਕੀ ਗੱਲ ਕਰ ਰਹੇ ਹੋ ? ਕਦੋਂ ? ਕਿਵੇਂ ?” ਮੈਂ ਇੱਕੋ ਸਾਹੇ ਕਈ ਸਵਾਲ ਦਾਗ਼ ਦਿੱਤੇ । ਭਾ ਜੀ ਦੇ ਸ਼ਬਦ ਬੰਬ ਬਣਕੇ ਮੇਰੇ ਉੱਤੇ ਡਿੱਗੇ ਸਨ । ਫੋਨ ਤੇ ਪਿੱਛੋਂ ਚੀਕ ਚਿਹਾੜੇ ਦੀਆਂ ਆਵਾਜ਼ਾਂ ਆ ਰਹੀਆਂ ਸਨ । ਇੱਕ ਦਮ ਸੁੰਨ ਹੋ ਗਿਆ । ਵੱਡੀ ਬੇਟੀ ਤਨੀਸ਼ਾ ਤੇ ਮੈਂ ਹੀ ਘਰ ਸਾਂ । ਉਹ ਮੇਰੀ ਹਾਲਤ ਦੇਖ ਅੱਡ ਘਬਰਾ ਗਈ । ਪੂਜਾ ਜੌਬ ‘ਤੇ ਗਈ ਹੋਈ ਸੀ । ਉਸਨੂੰ ਫੋਨ ਕੀਤਾ ਤਾਂ ਉਸਦੀ ਵੀ ਹਾਲਤ ਖਰਾਬ ਹੋ ਗਈ । ਐਤਵਾਰ ਹੋਣ ਕਾਰਨ ਸਾਰੀ ਮਾਰਕਿਟ ਸ਼ਾਮ ਪੰਜ ਵਜੇ ਹੀ ਬੰਦ ਹੋ ਚੁੱਕੀ ਸੀ । ਪੰਜਾਬ ਜਾਣ ਲਈ ਏਅਰ ਟਿਕਟ ਲੈਣ ਲਈ ਸੋਮਵਾਰ ਤੱਕ ਉਡੀਕ ਨਹੀਂ ਕਰ ਸਕਦਾ ਸੀ । ਸੋਚਿਆ ਕਿ ਕਿਉਂ ਨਾ ਇੰਟਰਨੈੱਟ ‘ਤੇ ਹੀ ਟਰਾਈ ਕੀਤੀ ਜਾਏ । ਅੱਧਾ ਕੁ ਘੰਟਾ ਇੰਟਰਨੈੱਟ ‘ਤੇ ਲਗਾ ਕੇ ਸਿੰਘਾਪੁਰ ਏਅਰਲਾਈਨਜ਼ ਦੁਆਰਾ ਦਿੱਲੀ ਦੀ ਟਿਕਟ ਸੋਮਵਾਰ ਦੀ ਹੀ ਮਿਲ ਗਈ । ਅੱਗੇ ਦਿੱਲੀ ਤੋਂ ਲੁਧਿਆਣਾ ਦੀ ਟ੍ਰੇਨ ਦਾ ਸਮਾਂ ਆਦਿ ਦੇਖਕੇ ਦਿੱਲੀ ਆਪਣੇ ਦੋਸਤ ਰਾਜ ਧਵਨ ਨੂੰ ਫੋਨ ਕੀਤਾ ਕਿ ਉਹ ਮੇਰੀ ਟਿਕਟ ਬੁੱਕ ਕਰਵਾ ਦੇਵੇ ਕਿਉਂ ਜੋ ਭਾਰਤੀ ਰੇਲਵੇ ਦੀ ਟਿਕਟ ਲਈ ਭਾਰਤੀ ਬੈਂਕ ਦਾ ਡੈਬਿਟ ਕਾਰਡ ਚਾਹੀਦਾ ਸੀ । ਟਿਕਟ ਦਾ ਪ੍ਰਿੰਟ ਕੱਢ ਕੇ ਘਰ ਫੋਨ ਕੀਤਾ ਕਿ ਮੈਂ ਕੱਲ ਨੂੰ ਹੀ ਆ ਰਿਹਾ ਹਾਂ । ਘਰ ਵਾਲਿਆਂ ਦੱਸਿਆ ਕਿ ਲਾਸ਼ ਮੰਗਲਵਾਰ ਤੱਕ ਰੱਖਣਾ ਸੰਭਵ ਨਹੀਂ, ਕਿਉਂ ਜੋ ਸਾਰੇ ਰਿਸ਼ਤੇਦਾਰ ਆਏ ਹੋਏ ਸਨ ਤੇ ਉਹ ਮੰਗਲਵਾਰ ਤੱਕ ਨਹੀਂ ਰੁਕ ਸਕਦੇ ਸਨ । ਸਭ ਅਨੁਸਾਰ ਜਦ ਮੈਂ ਪ੍ਰੇਮ ਨੂੰ ਆਖਰੀ ਵਾਰ ਦੇਖ ਹੀ ਨਹੀਂ ਸਕਦਾ ਸੀ ਤਾਂ ਪੰਜਾਬ ਜਾ ਕੇ ਵੀ ਕਰਨਾ ਸੀ । ਮੈਂ ਇਸੇ ਗੱਲ ਦੀਆਂ ਦੁਹਾਈਆਂ ਪਾਈਆਂ ਕਿ ਜੇਕਰ ਉਸਨੂੰ ਮੈਂ ਮਿਲ ਨਹੀਂ ਸਕਦਾ ਤਾਂ ਘੱਟੋ ਘੱਟ ਹੱਥੀਂ ਵਿਦਾ ਤਾਂ ਕਰ ਹੀ ਸਕਦਾ ਹਾਂ । ਮੁੜ ਪਤਾ ਨਹੀਂ ਕਦ ਘਰ ਜਾਣਾ ਹੈ । ਜਦ ਤੱਕ ਪਰਿਵਾਰ ਨੂੰ ਨਹੀਂ ਮਿਲ ਲਵਾਂਗਾ, ਇੱਥੇ ਪ੍ਰਦੇਸਾਂ ‘ਚ ਬੈਠਾ ਕਰਮਾਂ ਨੂੰ ਰੋਂਦਾ ਰਹਾਂਗਾ । ਸਾਰੀ ਉਮਰ ਲਈ ਇੱਕ ਹੋਰ ਦਰਦ ਹੰਢਾਵਾਂਗਾ ਕਿ ਘੱਟੋ ਘੱਟ ਭਰਾ ਨੂੰ ਵਿਦਾ ਤਾਂ ਕਰ ਆਉਂਦਾ । ਟਿਕਟਾਂ ਆਦਿ ਬੁੱਕ ਕਰਵਾ ਕੇ ਪੂਜਾ ਦੀ ਜੌਬ ਵਾਲੀ ਜਗ੍ਹਾ ਚਲਾ ਗਿਆ । ਇਸੇ ਦੌਰਾਨ ਉਸਨੇ ਛੁੱਟੀ ਲਈ ਪੁੱਛਿਆ ਸੀ ਪਰ ਨਾਂਹ ਹੋ ਗਈ । ਦੋਹਾਂ ਲਈ ਕਹਿਰ ਵਰਗੀ ਰਾਤ ਸੀ ।
ਰਾਤ ਦੇ ਗਿਆਰਾਂ ਕੁ ਵਜੇ ਅੰਞਾਣੀ ਗਰਿਮਾ ਨੇ ਕਿਹਾ “ਮੰਮੀ ਭੁੱਖੀ ਲੱਗੀ ਹੈ ।” ਤਾਂ ਯਾਦ ਆਇਆ ਕਿ ਆਪਣੇ ਦੁੱਖ ‘ਚ ਉਲਝ ਕੇ ਬੱਚਿਆਂ ਨੂੰ ਰੋਟੀ ਵੀ ਨਹੀਂ ਬਣਾ ਕੇ ਦਿੱਤੀ । ਨਿਆਣਿਆਂ ਨੂੰ ਬਰੈੱਡਾਂ ਖੁਆ ਕੇ ਸੁਆ ਦਿੱਤਾ ਤੇ ਸਾਰੀ ਰਾਤ ਜਾਗ ਕੇ ਕੱਟੀ । ਘੰਟੇ ਘੰਟੇ ਬਾਅਦ ਘਰ ਫੋਨ ਕਰਦਾ ਰਿਹਾ ਪਰ ਪ੍ਰੇਮ ਦੀ ਆਵਾਜ਼ ਨਾ ਆ ਸਕਦੀ ਸੀ ਤੇ ਨਾ ਆਈ । ਗਰਿਮਾ ਕੇਵਲ ਢਾਈ ਕੁ ਸਾਲ ਦੀ ਸੀ ਜਦ ਅਸੀਂ ਦੋਹਾਂ ਬੇਟੀਆਂ ਨੂੰ ਪੰਜਾਬ ਛੱਡ ਆਸਟ੍ਰੇਲੀਆ ਆ ਗਏ ਸਾਂ । ਉਸਨੇ ਜਦ ਸੁਰਤ ਸੰਭਾਲੀ ਤਾਂ ਮੇਰੀ ਮਾਤਾ ਤੇ ਪ੍ਰੇਮ ਹੀ ਨਜ਼ਰ ਆਉਣ ਕਾਰਨ ਸਾਡੇ ਤੋਂ ਬਹੁਤ ਜਿ਼ਆਦਾ ਉਨ੍ਹਾਂ ਨਾਲ ਸਾਂਝ ਸੀ । ਲਾਡ ‘ਚ ਆ ਕੇ ਗਰਿਮਾ ਪ੍ਰੇਮ ਨੂੰ “ਛੋਟੇ ਪਾਪਾ” ਵੀ ਕਹਿ ਦਿੰਦੀ ਸੀ । ਪੰਜਾਬ ਰਹਿੰਦਿਆਂ ਉਹ ਸਾਡੇ ਨਾਲ਼ ਵੈੱਬਕੈਮ ‘ਤੇ ਮਿਲਣ ‘ਚ ਵੀ ਘੱਟ ਹੀ ਦਿਲਚਸਪੀ ਰੱਖਦੀ ਸੀ । ਫੋਨ ‘ਤੇ ਵੀ ਪ੍ਰੇਮ ਦੇ ਕਹਿਣ ‘ਤੇ ਹੀ ਸਾਡੇ ਨਾਲ ਗੱਲਬਾਤ ਕਰਦੀ ਸੀ । ਹੋਰ ਤਾਂ ਹੋਰ ਆਸਟ੍ਰੇਲੀਆ ਆ ਕੇ ਉਸਨੇ ਹਰ ਰੋਜ਼ ਸਵੇਰੇ ਸ਼ਾਮ ਆਪ ਹੀ ਦੰਦਾਂ ‘ਤੇ ਬੁਰਸ਼ ਕਰਨਾ ਸ਼ੁਰੂ ਕਰ ਦਿੱਤਾ ਤਾਂ ਸਾਡੀ ਹੈਰਾਨੀ ਦੀ ਕੋਈ ਹੱਦ ਨਾ ਰਹੀ, ਕਿਉਂ ਜੋ ਪਹਿਲਾਂ ਹਮੇਸ਼ਾ ਉਸਦੀ ਇਹੀ ਸਿ਼ਕਾਇਤ ਮਿਲਦੀ ਸੀ ਕਿ ਉਹ ਬੁਰਸ਼ ਕਰਨ ‘ਚ ਘੱਟ ਹੀ ਦਿਲਚਸਪੀ ਰੱਖਦੀ ਹੈ । ਜਦ ਉਸਨੂੰ ਰੋਜ਼ ਬੁਰਸ਼ ਕਰ ਬਾਰੇ ਪੁੱਛਿਆ ਤਾਂ ਉਸਨੇ ਜੁਆਬ ਦਿੱਤਾ ਕਿ “ਪ੍ਰੇਮ ਚਾਚੂ ਨੇ ਕਿਹਾ ਸੀ ਕਿ ਰੋਜ਼ ਦੋ ਵਾਰ ਬੁਰਸ਼ ਕਰਨਾ ਹੈ ।” ਹੁਣ ਜਦ ਕਿ ਪ੍ਰੇਮ ਸਾਨੂੰ ਛੱਡ ਗਿਆ ਸੀ ਤਾਂ ਗਰਿਮਾ ਦੇ ਸਾਹਮਣੇ ਉਸ ਦੇ “ਚਲੇ ਜਾਣ” ਬਾਰੇ ਗੱਲ ਕਰਨਾ ਤਾਂ ਗਰਿਮਾ ਲਈ ਖਤਰਾ ਸਹੇੜਨ ਵਾਲੀ ਗੱਲ ਸੀ । ਅੱਜ ਜਦ ਕਿ ਪ੍ਰੇਮ ਨੂੰ ਗਿਆਂ ਕਈ ਮਹੀਨਿਆਂ ਦਾ ਸਮਾਂ ਹੋ ਚੁੱਕਾ ਹੈ, ਗਰਿਮਾ ਉਸ ਬਾਰੇ ਕੁਝ ਨਹੀਂ ਜਾਣਦੀ । ਜਦ ਪਿਛਲੇ ਦਿਨੀਂ ਮੇਰੀ ਛੋਟੀ ਭੈਣ ਕੋਲ ਗਈ ਹੋਈ ਮਾਤਾ ਨਾਲ ਫੋਨ ਤੇ ਗੱਲ ਹੋ ਰਹੀ ਸੀ ਤਾਂ ਉਹ ਕਹਿ ਰਹੀ ਸੀ ।
“ਮੰਮਾਂ ! ਪ੍ਰੇਮ ਚਾਚੂ ਕਿੱਥੇ ਹਨ?”
“ਬੇਟਾ ! ਉਹ ਲੁਧਿਆਣੇ ਹਨ ।”
“ਅਸੀਂ ਜਲਦੀ ਹੀ ਤੁਹਾਡੀ ਤੇ ਚਾਚੂ ਦੀ ਟਿਕਟ ਭੇਜ ਦਿਆਂਗੇ, ਤੁਸੀਂ ਵੀ ਇੱਥੇ ਆ ਜਾਣਾ ।”
“......” ਇਸ ਗੱਲ ਦਾ ਮਾਤਾ ਛੱਡ, ਸਾਡੇ ਸਭ ਕੋਲ ਕੀ ਜੁਆਬ ਹੋ ਸਕਦਾ ਹੈ ? ਬੱਸ ਹਾਂ ਹੂੰ ਕਰ ਛੱਡਦੇ ਹਾਂ । ਉਹ ਆਪਣੀਆਂ ਗੱਲਾਂ ਕਹਿੰਦੀ ਰਹਿੰਦੀ ਹੈ ।
ਅਗਲੇ ਦਿਨ ਆਸਟ੍ਰੇਲੀਆ ਵਸਦੇ ਮਿੱਤਰਾਂ ਨੂੰ ਮੋਬਾਇਲ ‘ਤੇ ਪ੍ਰੇਮ ਦੇ ਤੁਰ ਜਾਣ ਬਾਰੇ ਸੁਨੇਹਾ ਲਾ ਦਿੱਤਾ ਤੇ ਦੁਪਹਿਰ ਦੀ ਆਪਣੀ ਫਲਾਈਟ ਬਾਰੇ ਵੀ ਦੱਸ ਦਿੱਤਾ । ਮਿੰਟੂ ਬਰਾੜ ਤੇ ਸ਼ਮੀ ਜਲੰਧਰੀ ਦਾ ਤੁਰੰਤ ਹੀ ਫੋਨ ਆ ਗਿਆ । ਸੁਪਰ ਮਾਰਕਿਟ ‘ਚੋਂ ਸਫ਼ਰ ਲਈ ਕੁਝ ਸਾਮਾਨ ਖਰੀਦ ਰਿਹਾ ਸੀ ਕਿ ਸੁਮੀਤ ਟੰਡਨ ਆ ਗਿਆ । ਹਰ ਕੋਈ ਇਸ ਮੌਕੇ ਬੱਸ ਹੌਸਲਾ ਹੀ ਦੇ ਸਕਦਾ ਹੈ । ਜਿਨ੍ਹਾਂ ਦੋਸਤਾਂ ਨੂੰ ਪਤਾ ਲੱਗਦਾ ਗਿਆ, ਸਭ ਹੱਕੇ-ਬੱਕੇ ਰਹਿ ਗਏ । ਅਜੇ ਸ਼ਨੀਵਾਰ ਦੀ ਸ਼ਾਮ ਹੀ ਤਾਂ ਪ੍ਰੇਮ ਨਾਲ਼ ਫੋਨ ‘ਤੇ ਕਾਫ਼ੀ ਲੰਬੀ ਗੱਲਬਾਤ ਹੋਈ ਸੀ । ਉਹ ਘਰ ‘ਚ ਨਿੱਕਾ ਜਿਹਾ ਧਾਰਮਿਕ ਸਮਾਗਮ ਰਚਾ ਰਿਹਾ ਸੀ । ਉਸ ਦੀਆਂ ਤਿਆਰੀਆਂ ਆਦਿ ਬਾਰੇ ਦੱਸਦਾ ਰਿਹਾ ਸੀ । ਇਹ ਚਰਚਾ ਤਾਂ ਕਰੀਬ ਹਰ ਗੱਲਬਾਤ ‘ਚ ਹੁੰਦੀ ਸੀ;
“ਤੂੰ ਫਿ਼ਕਰ ਨਾ ਕਰ ਪ੍ਰੇਮ ! ਬੱਸ ਜਾਪਦੈ, ਕੁਝ ਕੁ ਸਮਾਂ ਰਹਿ ਗਿਆ ਮੇਰੇ ਇੱਥੇ ਸੈੱਟ ਹੋਣ ‘ਚ ਮੁੜ ਸਭ ਦੁੱਖ ਕੱਟੇ ਜਾਣਗੇ ।” ਉਸਨੂੰ ਇਹ ਧਰਵਾਸ ਦਿੰਦਿਆਂ ਘੱਟੋ ਘੱਟ ਮੈਨੂੰ ਤਾਂ ਪਤਾ ਹੁੰਦਾ ਸੀ ਕਿ ਇਹ “ਕੁਝ ਕੁ” ਸਮਾਂ ਆਉਣ ‘ਚ ਵੀ ਪਤਾ ਨਹੀਂ ਕਿੰਨੇ ਕੁ ਵਰ੍ਹੇ ਲੱਗਣੇ ਨੇ । ਪਰ ਹੌਸਲਾ ਤਾਂ ਇਹੀ ਸੀ ਕਿ ਜੋ ਕੁਝ ਵੀ ਮੈਂ ਹਰ ਮਹੀਨੇ ਘਰ ਭੇਜਦਾ ਸੀ, ਉਸਨੂੰ ਕਦੇ 40 ਨਾਲ ਤੇ ਕਦੇ 44 ਨਾਲ ਗੁਣਾ ਹੋ ਜਾਂਦੀ ਸੀ । ਜੋ ਕਿ ਪਰਿਵਾਰ ਦੇ ਵਧੀਆ ਗੁਜ਼ਾਰੇ ਲਈ ਕਾਫ਼ੀ ਸੀ ।
ਪ੍ਰੇਮ ਆਪਣੇ ਕੁਝ ਵਰ੍ਹੇ ਪਹਿਲਾਂ ਹੋਏ ਐਕਸੀਡੈਂਟ ‘ਚ ਆਪਣੀ ਸੱਜੀ ਅੱਖ ਦੀ ਰੌਸ਼ਨੀ ਗੁਆ ਚੁੱਕਾ ਸੀ । ਇਲਾਜ ਦੌਰਾਨ ਡਾਕਟਰਾਂ ਵੱਲੋਂ ਦਿੱਤੇ ਗਏ ਸਟੀਰਾਈਡਜ਼ ਤੇ ਹੋਰ ਤੇਜ਼ ਦਵਾਈਆਂ ਕਰਕੇ ਉਸਦਾ ਵਜ਼ਨ ਕਾਫ਼ੀ ਵਧ ਗਿਆ ਸੀ । ਪਿਛਲੇ ਕਰੀਬ ਸੱਤ ਕੁ ਮਹੀਨਿਆਂ ਤੋਂ ਉਹ ਕੰਮ ਕਾਰ ਵੀ ਛੱਡੀ ਬੈਠਾ ਸੀ, ਕਿਉਂ ਜੋ ਉਸਦੀ ਪਤਨੀ ਡੀ.ਐਮ.ਸੀ. ਲੁਧਿਆਣਾ ‘ਚ ਦਾਖਲ ਰਹੀ ਸੀ । ਡੀ.ਐਮ.ਸੀ. ਦੇ ਵੀ ਜਾਪਦਾ ਹੈ, ਕੇਵਲ ਲਿਫਾਫੇ ਹੀ ਵੱਡੇ ਹਨ । ਸੱਤ ਮਹੀਨੇ ਪਹਿਲਾਂ ਕਿਸੇ ਟੈਸਟ ਲਈ ਉਸਦੇ ਜ਼ਰਾ ਜਿਹਾ ਕੱਟ ਲਗਾਉਣਾ ਸੀ । ਕੇਵਲ ਦੋ ਦਿਨ ਲਈ ਹਸਪਤਾਲ ‘ਚ ਦਾਖਲ ਕਰਵਾਇਆ ਸੀ । ਡਾਕਟਰ ਤੇ ਸਟਾਫ਼ ਨੇ ਇਹ ਕੰਮ ਇੰਨ੍ਹੀ ਕੁ “ਜਿੰਮੇਵਾਰੀ” ਨਾਲ਼ ਕੀਤਾ ਕਿ ਉਸਨੂੰ ਲਗਾਤਾਰ ਸੱਤ ਮਹੀਨੇ ਹਸਪਤਾਲ ਦੇ ਕਮਰੇ ‘ਚ ਗੁਜ਼ਾਰਨੇ ਪਏ । ਜਿੰਨਾ ਕੁ ਮੈਨੂੰ ਪ੍ਰੇਮ ਹੋਰਾਂ ਨੇ ਦੱਸਿਆ ਉਸ ਮੁਤਾਬਿਕ ਟੈਸਟ ਕਰਕੇ ਕੱਟ ਲਗਾਉਣ ਲਈ ਜਿਹੜੇ ਸੰਦ ਇਸਤੇਮਾਲ ਕੀਤੇ ਗਏ, ਉਹ “ਸਟੈਰੇਲਾਈਜ਼” ਨਹੀਂ ਕੀਤੇ ਗਏ ਸਨ ਭਾਵ ਪਹਿਲਾਂ ਕਿਸੇ ਹੋਰ ਮਰੀਜ਼ ‘ਤੇ ਵਰਤਣ ਤੋਂ ਬਾਅਦ “ਜੀਵਾਣੂ ਮੁਕਤ” ਨਹੀਂ ਕੀਤੇ ਗਏ ਸਨ । ਬੱਸ ! ਮੁੜ ਕੀ ਸੀ ? ਨਿੱਕਾ ਜਿਹਾ ਕੱਟ ਇੰਨਾ ਕੁ ਵੱਡਾ ਜ਼ਖ਼ਮ ਬਣ ਗਿਆ ਕਿ ਕਈ ਕਈ ਪੱਟੀਆਂ ਦਵਾਈ ਲਗਾ ਕੇ ਉਸ ‘ਚ ਪਾਈਆਂ ਜਾਂਦੀਆਂ ਰਹੀਆਂ । ਪ੍ਰੇਮ ਕਈ ਵਾਰ ਆਪਣੇ ਬੁੱਕ (ਹੱਥਾਂ) ‘ਚ ਉਸ ਨੂੰ ਉਲਟੀ ਕਰਵਾਉਂਦਾ ਰਿਹਾ । ਸੱਤ ਮਹੀਨੇ ਉਸਦੀ ਸੇਵਾ ਇਤਨੀ ਕੁ ਲਗਨ ਤੇ ਜਿੰਮੇਵਾਰੀ ਨਾਲ਼ ਕੀਤੀ ਕਿ ਸਟਾਫ਼ ਦੇ ਮੁਤਾਬਿਕ ਉਸਨੂੰ “ਅਗਲੇ ਘਰੋਂ” ਮੋੜ ਲਿਆਂਦਾ ਸੀ, ਨਹੀਂ ਤਾਂ ਉਸਦਾ ਬਚਣਾ ਮੁਸ਼ਕਿਲ ਸੀ । ਉਸਨੂੰ ਠੀਕ ਹੋਣ ਤੱਕ ਪਤਾ ਨਹੀਂ ਸੀ ਕਿ ਡਾਕਟਰਾਂ ਨੇ ਉਸਦੀ ਜਿੰਦਗੀ ਦੇ ਬਹੁਤ ਘੱਟ ਚਾਂਸ ਦੱਸੇ ਸਨ । ਇਹ ਤਾਂ ਠੀਕ ਹੋਣ ਤੋਂ ਬਾਅਦ ਜਦ ਸਟਾਫ਼ ਨੇ ਉਸਨੂੰ ਜੀਵਨ ਦਾਨ ਮਿਲਣ ਦੀਆਂ ਵਧਾਈਆਂ ਦਿੱਤੀਆਂ, ਤਾਂ ਪਤਾ ਲੱਗਾ ਸੀ । ਇਸ ਸਮੇਂ ਦੌਰਾਨ ਪ੍ਰੇਮ ਦਾ ਜਿਗਰ ਵੀ ਵਧ ਗਿਆ ਸੀ । ਕਿਹਾ ਜਾਂਦਾ ਹੈ ਕਿ ਮੌਤ ਤੋਂ ਬਾਅਦ ਸਵਰਗ ਨਰਕ ਸਭ ਕਹਿਣ ਦੀਆਂ ਗੱਲਾਂ ਹਨ, ਅਸਲ ਤਾਂ ਸਭ ਜਿਉਂਦੇ ਜੀਅ ਹੀ ਭੁਗਤ ਲਿਆ ਜਾਂਦਾ ਹੈ ਪਰ ਜੋ ਵਿਯੋਗ ਦੀ ਸਜ਼ਾ ਸਾਡੇ ਪਰਿਵਾਰ ਨੂੰ ਪ੍ਰੇਮ ਦੇ ਜਾਣ ‘ਤੇ ਮਿਲੀ ਹੈ, ਉਹ ਕਿਸ ਗਲਤੀ ਦਾ ਨਤੀਜਾ ਹੈ ? ਅਸੀਂ ਕੇਵਲ ਦੋ ਹੀ ਭਰਾ ਸੀ । ਪਾਪਾ ਵੀ ‘ਕੱਲੇ ਹੀ ਸਨ, ਉਨ੍ਹਾਂ ਨੂੰ ਦੁਨੀਆਂ ਤੋਂ ਗਿਆਂ ਕਰੀਬ 22 ਸਾਲ ਹੋ ਚੁੱਕੇ ਹਨ । ਅਸੀਂ ਦੋਹਾਂ ਭਰਾਵਾਂ ਨੇ ਕਦੇ ਕੋਈ ਅਜਿਹਾ ਪਾਪ ਜਾਂ ਗਲਤੀ ਨਹੀਂ ਕੀਤੀ ਕਿ ਸਾਨੂੰ ਅਜਿਹੀ ਸਜ਼ਾ ਮਿਲੇ । ਜੇਕਰ ਦੁਨਿਆਵੀ ਪਾਪਾਂ ਦੀ ਗੱਲ ਕਰੀਏ ਵੀ ਤਾਂ ਮੀਟ, ਆਂਡਾ ਅਸੀਂ ਨਹੀਂ ਖਾਂਦੇ, ਦਾਰੂ ਅਸੀਂ ਕਦੇ ਨਹੀਂ ਪੀਤੀ, ਬੀੜੀ-ਜ਼ਰਦੇ ਤੋਂ ਅਸੀਂ ਰੱਜ ਕੇ ਨਫ਼ਰਤ ਕਰਦੇ ਹਾਂ, ਕਿਸੇ ਦੇ ਦਸ ਪੈਸਿਆਂ ਦੇ ਅਸੀਂ “ਕਾਣੇ” ਨਹੀਂ । ਦੋਹਾਂ ਦਾ ਭਰੋਸਾ ਮਿਹਨਤ ਤੇ ਦਸਾਂ ਨੌਹਆਂ ਦੀ ਕਿਰਤ ‘ਚ ਹੈ । ਚਾਹੇ ਜਿੰਦਗੀ ਜਿੰਨੀ ਵੀ ਔਖੀ ਕੱਟੀ ਪਰ ਸਬਰ ਹੈ, ਸੰਤੋਖ ਹੈ । ਕਿਸੇ ਦਾ ਦਿਲ ਦੁਖਾਉਣ ਦਾ ਤਾਂ ਮਤਲਬ ਹੀ ਨਹੀਂ । ਜੇਕਰ ਇੱਕ ਚੰਗੇ ਇਨਸਾਨ ‘ਚ ਇਹੀ ਕੁਝ ਹੋਣਾ ਚਾਹੀਦਾ ਹੈ ਤਾਂ ਯਕੀਨਨ ਅਸੀਂ ਚੰਗੇ ਇਨਸਾਨ ਹਾਂ, ਪਰ ਫਿਰ ਵੀ ਮੇਰੀ ਮਾਂ ਨੂੰ ਪੁੱਤ ਦੇ ਵਿਛੋੜੇ ਦੀ, ਸਾਨੂੰ ਆਪਣੇ ਭਰਾ ਦੇ ਵਿਛੋੜੇ ਦੀ ਇਹ ਸਜ਼ਾ ਕਿਉਂ ??? ਤੀਹਾਂ ਸਾਲਾਂ ਦਾ ਗੱਭਰੂ ਪੁੱਤ ਤੋਰਨਾ !!! ਹਾਏ ਓਏ ਰੱਬਾ ! ਕੀ ਤੈਨੂੰ ਭੋਰਾ ਤਰਸ ਨਾ ਆਇਆ ?
ਡੀ.ਐਮ.ਸੀ. ਦੇ ਸਟਾਫ਼ ਦੇ ਕਸਾਈਪੁਣੇ ਦੇ ਕਿੱਸੇ ਵੀ ਇੱਥੋਂ ਤੱਕ ਹੀ ਸੀਮਿਤ ਨਹੀਂ ਹਨ । ਕੁਝ ਸਾਲ ਪਹਿਲਾਂ ਮੇਰੇ ਮਿੱਤਰ ਮਿੰਟੂ ਬਰਾੜ ਦੇ ਪਾਪਾ ਜੀ ਨੂੰ ਸੜਕ ਦੁਰਘਟਨਾ ਦਾ ਸਿ਼ਕਾਰ ਹੋਣ ਮਗਰੋਂ ਮਾਲਵਾ ਖੇਤਰ ਦੇ ਇਸ ਮਸ਼ਹੂਰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ । ਮਿੰਟੂ ਨੇ ਦੱਸਿਆ ਕਿ ਉਹ ਅੰਕਲ (ਮਿੰਟੂ ਦੇ ਪਾਪਾ) ਕੋਲ ਬੈਠਾ ਪਾਠ ਕਰ ਰਿਹਾ ਸੀ । ਐਮਰਜੰਸੀ ਵਿਭਾਗ ਦੀਆਂ ਨਰਸਾਂ ਆਦਤਨ “ਕਿੱਕਲੀ ਪਾਉਂਦੀਆਂ” ਖਿੜ-ਖਿੜ ਕਰਦੀਆਂ, ਗੁਆਚਿਆ ਹੋਇਆ ਸਿਰਹਾਣਾ ਲੱਭ ਰਹੀਆਂ ਸਨ । ਜਦ ਨਾ ਲੱਭਾ ਤਾਂ ਉਨ੍ਹਾਂ ਆਪਣੀ ਹੈੱਡ ਨਰਸ ਨੂੰ ਸੂਚਿਤ ਕੀਤਾ ।  ਹੈੱਡ ਸਾਹਿਬਾ ਉਨ੍ਹਾਂ ਤੋਂ ਵੀ ਚੜ੍ਹਦੀ ਚੰਦ ਨਿੱਕਲੀ । ਹਰੇਕ ਬੈੱਡ ਤੇ ਜਾ ਕੇ ਉਨ੍ਹਾਂ ਸਿਰਹਾਣਾ ਲੱਭਣਾ ਸ਼ੁਰੂ ਕਰ ਦਿੱਤਾ । ਉਹ ਸਿਰਹਾਣਾ ਅੰਕਲ ਦੇ ਸਿਰ ਥੱਲੇ ਦਿੱਤਾ ਹੋਇਆ ਸੀ, ਜੋ ਕਈ ਦਿਨਾਂ ਤੋਂ ਬੇਹੋਸ਼ ਪਏ ਸਨ । ਹਾਏ ਓਏ ਰੱਬਾ ! ਏਸ ਬੇਅਕਲ ਜ਼ਨਾਨੀ ਨੇ ਅੰਕਲ ਦਾ ਸਿਰ ਜੂੜਿਓਂ ਫੜ ਕੇ ‘ਤਾਂਹ ਚੁੱਕਿਆ ਤੇ ਸਿਰਹਾਣਾ ਕੱਢ ਕੇ ਨਰਸਾਂ ਨੂੰ ਬੋਲੀ “ਆਹ ਕੀ ਪਿਆ ਤੇਰਾ ਕੁਛ ਲੱਗਦਾ !!!” ਅੰਕਲ, ਜਿਨ੍ਹਾਂ ਦਾ ਸਾਰਾ ਮੂੰਹ, ਨੱਕ ਪਾਈਪਾਂ ਨਾਲ਼ ਭਰਿਆ ਪਿਆ ਸੀ, ਬੇਹੋਸ਼ੀ ‘ਚ ਹੋਣ ਦੇ ਬਾਵਜੂਦ ਦਰਦ ਨਾਲ਼ ਤੜਪੇ । ਮਿੰਟੂ ਨੇ ਦੱਸਿਆ ਕਿ ਬਾਪ ਦੇ ਜ਼ਖ਼ਮਾਂ ਦੀ ਤਾਬ ਤਾਂ ਉਨ੍ਹਾਂ ਦੇ ਠੀਕ ਹੋਣ ਦੀ ਆਸ ਦੇ ਆਸਰੇ, ਉਹ ਆਪਣੇ ਸੀਨੇ ‘ਤੇ ਝੱਲ ਰਿਹਾ ਸੀ ਪਰ ਆਹ ਸੀਨ ਦੇਖ ਕੇ ਤਾਂ ਉਸਦੇ ਭਾਣੇ ਆਸਮਾਨ ਫਟ ਗਿਆ...
ਐਡੀਲੇਡ ਤੋਂ ਜਹਾਜ਼ ਉੱਡਣ ਦਾ ਸਮਾਂ ਦੁਪਹਿਰ ਦੇ ਕਰੀਬ ਇੱਕ ਵਜੇ ਦਾ ਸੀ ਪਰ ਮੈਂ ਦਸ ਵਜੇ ਹੀ ਏਅਰਪੋਰਟ ਜਾ ਪੁੱਜਾ । ਵਿਦਾ ਕਰਨ ਨੂੰ ਪੂਜਾ ਤੇ ਦੋਹੇਂ ਬੱਚੇ ਵੀ ਏਅਰਪੋਰਟ ਤੱਕ ਨਾਲ ਹੀ ਗਏ ਸਨ । ਇੱਕ ਇੱਕ ਪਲ ਭਾਰੀ ਪੈ ਰਿਹਾ ਸੀ, ਪਰ ਘਰ ਪੁੱਜਣ ‘ਚ ਅਜੇ ਕਰੀਬ 24 ਘੰਟੇ ਬਾਕੀ ਸਨ । ਸਾਡੇ ਕੋਲ ਕਰਨ ਲਈ ਗੱਲਬਾਤ ਵੀ ਕੀ ਸੀ ? ਮੇਰੇ ਭਾਣੇ ਤਾਂ ਸਾਰਾ ਜਹਾਨ ਹੀ ਸੁੰਞਾ ਹੋ ਗਿਆ ਸੀ । ਏਅਰਪੋਰਟ ‘ਤੇ ਕਰੀਬ ਹਰ ਚਿਹਰਾ ਖਿੜਖੜਾਉਂਦਾ ਹੋਇਆ ਸੀ, ਬੱਸ ਤਿੰਨ ਚਿਹਰੇ ਧੁਆਂਖੇ ਸਨ । ਮੈਂ, ਪੂਜਾ ਤੇ ਵੱਡੀ ਬੇਟੀ ਤਨੀਸ਼ਾ । ਛੋਟੀ ਗਰਿਮਾ ਨੂੰ ਤਾਂ ਕੇਵਲ ਇਹੀ ਪਤਾ ਸੀ ਕਿ ਪਾਪਾ ਜੌਬ ਲਈ ਪਲੇਨ ‘ਚ ਜਾ ਰਹੇ ਨੇ । ਉਹ ਏਅਰਪੋਰਟ ‘ਤੇ ਬਣੇ “ਕਿਡਜ਼ ਕਾਰਨਰ” ‘ਚ ਆਪਣੇ ਹਾਣ ਦੇ ਬੱਚਿਆਂ ਨਾਲ਼ ਮਸਤ ਸੀ । ਹਾਲਾਂਕਿ ਉਸਨੂੰ ਅੰਗ੍ਰੇਜ਼ੀ ਨਾ ਤਾਂ ਬੋਲਣੀ ਆਉਂਦੀ ਹੈ ਤੇ ਨਾ ਹੀ ਸਮਝ ਪਰ ਪ੍ਰਮਾਤਮਾ ਜਾਣੇ ਕਿ ਇਹ ਨਾਦਾਨ ਉਮਰ ਦੇ ਨਿਆਣੇ ਆਪੋ ‘ਚ ਕਿਸ ਭਾਸ਼ਾ ‘ਚ ਗੱਲ ਕਰਦੇ ਹਨ ਕਿ ਸਭ ਰਲਮਿਲ ਖੇਡਦੇ ਹਨ । ਕੀ ਪ੍ਰਮਾਤਮਾ ਨੇ ਅਜਿਹੀ ਕੋਈ ਭਾਸ਼ਾ “ਸਾਡੇ ਸਿਆਣੇ ਬੰਦਿਆਂ” ਲਈ ਨਹੀਂ ਬਣਾਈ ਜੋ ਦੁਨੀਆਂ ‘ਤੇ ਅਮਨ ਕਾਇਮ ਹੋ ਸਕੇ ? “ਚੈੱਕ ਇੰਨ” ਦਾ ਸਮਾਂ ਹੋਇਆ । ਜੋ ਕੁਝ ਘੰਟਿਆਂ ਤੋਂ ਮੂਕ ਬਣੇ ਬੈਠੇ ਸਾਂ, ਚਾਰ ਅੱਖਾਂ ਦੇ ਹੰਝੂਆਂ ਨੇ ਚੁੱਪ ਚਾਪ ਵਗ ਕੇ ਆਪੋ ‘ਚ ਸ਼ਾਇਦ ਬੇਬਸੀ ਤੇ ਵਿਦਾਇਗੀ ਦਾ ਰੋਣਾ ਰੋਇਆ ਹੋਵੇਗਾ । ਕਿਸੇ ਵੀ ਏਅਰਪੋਰਟ ‘ਤੇ “ਚੈੱਕ ਇੰਨ” ਤੋਂ ਅੱਗੇ ਯਾਤਰੀ ਤੋਂ ਬਿਨਾਂ ਕੋਈ ਹੋਰ ਅੰਦਰ ਨਹੀਂ ਜਾ ਸਕਦਾ । ਮੇਰੇ ਪਾਸਪੋਰਟ ‘ਤੇ ਇੰਮੀਗ੍ਰੇਸ਼ਨ ਅਫ਼ਸਰ ਦੁਆਰਾ “ਡਿਪਾਰਚਰ” ਦਾ ਠੱਪਾ ਲਗਾਉਣ ਦੀ ਮਾਮੂਲੀ ਆਵਾਜ਼ ਨੇ ਮੰਨੋ ਮੇਰਾ ਕਾਲਜਾ ਕੱਢ ਲਿਆ । ਕੱਲ ਤੋਂ ਹੁਣ ਤੱਕ ਤਾਂ ਕੇਵਲ ਭਰਾ ਦੇ ਵਿਛੋੜੇ ਦਾ ਵਿਯੋਗ ਹੀ ਮੇਰਾ ਕਾਲਜਾ ਪੱਛੀ ਜਾਂਦਾ ਸੀ । ਇਸ ਠੱਪੇ ਦੀ ਆਵਾਜ਼ ਨੇ ਪਹਿਲਾਂ ਸੁਣੀਆਂ ਸੁਣਾਈਆਂ ਗੱਲਾਂ ਮਿਲੀ ਸਕਿੰਟਾਂ ‘ਚ ਮੇਰੇ ਜ਼ਹਿਨ ‘ਚ ਤਾਜ਼ਾ ਕਰ ਦਿੱਤੀਆਂ ।
“ਭਾਰਤ ਤੋਂ ਵਾਪਸ ਆਉਣ ‘ਚ ਬਹੁਤ ਦਿੱਕਤ ਆਉਂਦੀ ਹੈ ।”
“ਏਅਰਪੋਰਟ ਤੋਂ ਵਾਪਸ ਮੋੜ ਦਿੰਦੇ ਹਨ ।”
“ਇੰਮੀਗ੍ਰੇਸ਼ਨ ਵਾਲੇ ਬਹੁਤ ਤੰਗ ਕਰਦੇ ਹਨ ।”
ਅਜੇ ਪੰਦਰਾਂ ਕੁ ਦਿਨ ਪਹਿਲਾਂ ਐਡੀਲੇਡ ਵਸਦੇ ਇੱਕ ਦੋਸਤ ਦੇ ਦੋ ਬੇਟਿਆਂ ਨੂੰ ਦਿੱਲੀ ਏਅਰਪੋਰਟ ਤੋਂ ਵਾਪਸ ਕਰ ਦਿੱਤਾ ਸੀ, ਜੋ ਕਿ ਆਪਣੀ ਨਾਨੀ ਨਾਲ਼ ਆਸਟ੍ਰੇਲੀਆ ਆ ਰਹੇ ਸਨ । ਉਨ੍ਹਾਂ ਦਾ ਤਾਂ ਸਾਮਾਨ ਆਦਿ ਵੀ ਜਮ੍ਹਾਂ ਹੋ ਗਿਆ ਸੀ ਤੇ ਜਹਾਜ਼ ‘ਚ ਸਵਾਰ ਹੋਣ ਦਾ ਕੇਵਲ ਆਖਰੀ ਪੜਾਅ ਹੀ ਬਾਕੀ ਸੀ ਕਿ ਕਿਸੇ ਕਾਰਨ ਉਨ੍ਹਾਂ ਨੂੰ ਰੋਕ ਦਿੱਤਾ ਗਿਆ । ਹੁਣ ਪਤਾ ਨਹੀਂ ਨਿਆਣੇ ਕਦ ਇੱਥੇ ਆਉਣਗੇ ।
“ਓ ਮੇਰਿਆ ਰੱਬਾ ! ਮਿਹਰ ਕਰੀਂ, ਨਿੱਕੇ ਨਿੱਕੇ ਬੋਟ ਤੇਰੇ ਆਸਰੇ ਛੱਡ ਕੇ ਚੱਲਿਆ ਹਾਂ । ਦੋਬਾਰਾ ਮੇਲ ਕਰਵਾਈਂ ।” ਦਿਲ ‘ਚੋਂ ਪਤਾ ਨਹੀਂ ਦੁਹਾਈ ਦੀ ਆਵਾਜ਼ ਆਈ ਸੀ ਜਾਂ ਅਰਦਾਸ ਦੀ ।
ਸਹੀ ਸਮੇਂ ਤੇ ਜਹਾਜ਼ ਆਪਣੇ ਰਸਤੇ ਪੈ ਗਿਆ । ਮੇਰੇ ਨਾਲ ਦੀ ਸੀਟ ‘ਤੇ ਬੰਗਲਾ ਦੇਸ਼ੀ ਵਿਦਿਆਰਥੀ ਬੈਠਾ ਸੀ । ਜਦ ਜਹਾਜ਼ ਨੇ ਰਨ ਲੈਣਾ ਸ਼ੁਰੂ ਕੀਤਾ ਤਾਂ ਉਸ ਆਪਣੀ ਭਾਸ਼ਾ ‘ਚ ਆਪਣਾ ਧਾਰਮਿਕ ਜਾਪ ਸ਼ੁਰੂ ਕਰ ਦਿੱਤਾ । ਮੈਂ ਕਿਸ ਗੱਲ ਦਾ ਸ਼ੁਕਰ ਕਰਦਾ ਕਿ ਪਰਿਵਾਰ ਕੋਲ ਚੱਲਾ ਹਾਂ । ਮੇਰੇ ਭਾਣੇ ਕੁਝ ਵੀ ਵਾਪਰਦਾ, ਮੇਰੀ ਦੁਨੀਆਂ ਤਾਂ ਲੁੱਟ ਚੁੱਕੀ ਸੀ । ਮੇਰੇ ਹੌਕਿਆਂ ਨੂੰ ਸੁਣ ਕੇ ਉਸਨੂੰ ਮੇਰੀ ਹਾਲਤ ਦਾ ਅੰਦਾਜ਼ਾ ਤਾਂ ਨਾ ਹੋਇਆ, ਉਸ ਇਹ ਸਮਝਿਆ ਕਿ ਹਵਾਈ ਸਫ਼ਰ ਕਾਰਨ ਮੈਂ ਸਿਹਤ ਦੇ ਤੌਰ ‘ਤੇ ਠੀਕ ਮਹਿਸੂਸ ਨਹੀਂ ਕਰ ਰਿਹਾ । ਉਸ ਗੱਲਾਂ ਕਰਨੀਆਂ ਚਾਹੀਆਂ ਪਰ ਪ੍ਰੇਮ ਦੀ ਯਾਦ ਸਾਹਮਣੇ ਉਸਦੀਆਂ ਉਤਸ਼ਾਹ ਭਰੀਆਂ ਗੱਲਾਂ ਮੈਨੂੰ ਜ਼ਹਿਰ ਲੱਗ ਰਹੀਆਂ ਸਨ ।
ਇਹ ਨਾਨ-ਸਟਾਪ ਫਲਾਈਟ ਸੀ । ਸਿੰਘਾਪੁਰ ਕੇਵਲ ਚਾਲੀ ਮਿੰਟ ਜਹਾਜ਼ ਬਦਲੀ ਕਰਨ ਲਈ ਹੀ ਰੁਕਣਾ ਸੀ । ਮੌਸਮ ਦੀ ਖਰਾਬੀ ਕਾਰਨ ਫਲਾਈਟ ਆਪਣੇ ਸਮੇਂ ਤੋਂ ਦਸ-ਪੰਦਰਾਂ ਮਿੰਟ ਲੇਟ ਪੁੱਜੀ । ਅਗਲੇ ਟਰਮੀਨਲ ਤੇ ਜਾਣ ਦਾ ਰਸਤਾ ਹੀ ਕਰੀਬ 20 ਮਿੰਟ ਦਾ ਸੀ । ਪਲ ਪਲ ਗੁਜ਼ਾਰਨਾ ਔਖਾ ਸੀ । ਬੇਗਾਨੀ ਧਰਤੀ, ਬੇਗਾਨੇ ਲੋਕ । ਕੋਈ ਅਜਿਹਾ ਨਹੀਂ ਸੀ, ਜਿਸ ਕੋਲ ਦਸ ਮਿੰਟ ਗੱਲ ਕਰਕੇ ਆਪਣੇ ਦਿਲ ਦੀ ਹਾਲਤ ਬਿਆਨ ਕਰ ਸਕਦਾ । ਜੇਕਰ ਕੁਝ ਗਿਣਤੀ ਦੇ ਚਿਹਰੇ ਆਵਦੇ ਵਰਗੇ ਜਾਪਦੇ ਸਨ ਤਾਂ ਵੀ ਉਨ੍ਹਾਂ ਨੂੰ ਨਾ ਬੁਲਾ ਸਕਿਆ । ਸਭ ਚਿਹਰੇ ਟਹਿਕਦੇ ਹੋਏ ਜਾਪਦੇ ਸਨ, ਆਪਣਿਆਂ ਨੂੰ ਮਿਲਣ ਦੀ ਖੁਸ਼ੀ ‘ਚ । ਬੱਸ ! ਇੱਕ ਮੈਂ ਹੀ ਹਰੇ ਭਰੇ ਬਾਗ਼ ‘ਚ ਸੁੱਕੇ ਹੋਏ ਬੂਟੇ ਦੀ ਤਰ੍ਹਾਂ ਸਾਂ । ਆਪਣੇ ਦਰਦ ਪਿੱਛੇ ਕਿਸੇ ਦੀ ਖੁਸ਼ੀ ਨੂੰ ਘੱਟ ਕਰਨਾ ਮੈਨੂੰ ਠੀਕ ਨਾ ਜਾਪਿਆ ਤੇ ਸੁੱਕੇ ਘੁੱਟ ਹਲਕ ਤੋਂ ਹੇਠਾਂ ਉਤਾਰਦਾ ਰਿਹਾ... ਉਤਾਰਦਾ ਰਿਹਾ... ।
ਸਵਾ ਦਸ ਵਜੇ ਦੇ ਕਰੀਬ ਦਿੱਲੀ ਏਅਰਪੋਰਟ ‘ਤੇ ਕਦਮ ਧਰਿਆ । ਮੇਰਾ ਦਰਦ ਮੇਰਾ ਆਪਣਾ ਸੀ, ਪਰ ਹਰ ਹਾਲਾਤ ‘ਚ ਸਾਡੀ ਜਗ੍ਹਾ ਮਾਂ ਦੇ ਚਰਨਾਂ ‘ਚ ਹੀ ਹੁੰਦੀ ਹੈ । ਸੋ, ਸਭ ਤੋਂ ਪਹਿਲਾਂ ਜਨਮਭੂਮੀ ਨੂੰ ਸਿਜਦਾ ਕੀਤਾ । ਜਿੱਥੇ ਐਡੀਲੇਡ ਇੰਮੀਗ੍ਰੇਸ਼ਨ ਅਫ਼ਸਰ ਨੇ ਮੇਰੀ ਹਾਲਤ ਦੇਖ ਬਿਨਾਂ ਕੋਈ ਫਾਲਤੂ ਸਵਾਲ ਕੀਤੇ, ਮੇਰੀ ਐਂਟਰੀ ਕਲੀਅਰ ਕਰ ਦਿੱਤੀ ਸੀ, ਉੱਥੇ ਹਮਵਤਨਾਂ ਨੇ ਬੇ ਬੁਨਿਆਦ ਸਵਾਲਾਂ ਦੀ ਝੜੀ ਲਗਾ ਦਿੱਤੀ । ਦਿੱਲੀ ਇੰਮੀਗ੍ਰੇਸ਼ਨ ਕਾਊਂਟਰ ਵਾਲੇ ਇੰਝ ਤੱਕਦੇ / ਵਿਵਹਾਰ ਕਰਦੇ ਹਨ, ਜਿਵੇਂ ਕੋਈ ਗੁਨਾਹਗਾਰ ਸਾਹਮਣੇ ਖੜਾ ਹੋਵੇ । ਨਾ ਹੀ ਕਰੰਸੀ ਬਦਲਣ ਵਾਲੇ ਕਲਰਕ ਤੇ ਨਾ ਹੀ ਇੰਮੀਗ੍ਰੇਸ਼ਨ ਅਫ਼ਸਰ ਨੇ ਮੇਰੀ “ਗੁੱਡ ਈਵਨਿੰਗ” ਦਾ ਜੁਆਬ ਦੇਣਾ ਮੁਨਾਸਬ ਸਮਝਿਆ । ਮੇਰੇ ਕੋਲ ਕੋਈ ਸਮਾਨ ਤਾਂ ਸੀ ਨਹੀਂ, ਕੇਵਲ ਮੋਢੇ ਟੰਗਿਆ ਇੱਕ ਪਿੱਠੂ ਬੈਗ ਸੀ, ਜਿਸ ‘ਚ ਚਾਰ ਕੱਪੜੇ ਸਨ । ਬਾਹਰ ਨਿੱਕਲ ਪਹਿਲਾਂ ਘਰ ਫੋਨ ਕੀਤਾ । ਕਿਹੜਾ ਕੋਈ ਹੁਲਾਸ ਭਰੀ ਆਵਾਜ਼ ਸੁਣਨ ਨੂੰ ਮਿਲਣੀ ਸੀ ? ਹੌਕੇ ਹੀ ਸੁਣਨ ਨੂੰ ਮਿਲੇ  । ਟੈਕਸੀ ਫੜ ਰੇਲਵੇ ਸਟੇਸ਼ਨ ਚਲਾ ਗਿਆ । ਦਿੱਲੀ ਰਹਿੰਦੇ ਮਿੱਤਰ ਰਾਜ ਧਵਨ ਨੇ ਪਹਿਲਾਂ ਹੀ ਟਿਕਟ ਬੁੱਕ ਕਰਵਾ ਕੇ ਈ-ਮੇਲ ਕਰ ਦਿੱਤੀ ਸੀ । ਦਿੱਲੀ ਰੇਲਵੇ ਸਟੇਸ਼ਨ ‘ਤੇ ਕੁਝ ਕੁ ਬਦਲਾਵ ਦੇ ਨਾਲ਼ ਨਾਲ਼ ਬਹੁਤ ਕੁਝ ਉਹੀ ਹੈ, ਜਿਹਾ ਢਾਈ ਸਾਲ ਪਹਿਲਾਂ ਤੱਕ ਦੇਖਿਆ ਸੀ । ਸਟੇਸ਼ਨ ਦੇ ਬਾਹਰ ਤੇ ਅੰਦਰ ਕੂੜਾ-ਕਰਕਟ, ਸਿਗਰਟਾਂ ਦੇ ਟੋਟੇ, ਫਰਸ਼ ਤੇ ਪਾਣੀ, ਕੋਨਿਆਂ ‘ਚ ਪਾਨ ਦੀ ਪੀਕ... ਸਭ ਓਪਰਾ ਜਿਹਾ ਜਾਪਿਆ ਕਿਉਂ ਜੋ ਕਾਫ਼ੀ ਸਮੇਂ ਬਾਅਦ ਦੇਖਿਆ ਸੀ ।
ਹੁਣ ਸੋਚਦਾ ਹਾਂ ਕਿ ਜੋ ਵਿਦੇਸ਼ੀ ਸੈਲਾਨੀ ਸਾਡੇ ਵਤਨੀਂ ਆਉਂਦੇ ਹਨ, ਉਨ੍ਹਾਂ ‘ਤੇ ਕੀ ਪ੍ਰਭਾਵ ਪੈਂਦਾ ਹੋਵੇਗਾ । ਪਿੱਛੇ ਜਿਹੇ ਐਡੀਲੇਡ ਦੀ ਇੱਕ ਗੋਰੀ ਬੀਬੀ, ਜੋ ਕਿ ਜਾਣੂ ਹੈ, ਨੇ ਵਾਜ ਮਾਰੀ....
“ਰਿਸ਼ੀ... ਯੂ ਨੋ, ਵੂਈ ਵਰ ਇਨ ਇੰਡੀਆ ਫਾਰ ਟੂ ਵੀਕਸ...”
“ਓ ਰੀਅਲੀ !, ਦੈਟਸ ਗਰੇਟ...”
“ਯੇ... ਸੀ ਅਵਰ ਪਿਕਸ..”, ਉਹ ਆਪਣੀ ਸਹੇਲੀ ਨੂੰ ਭਾਰਤ ‘ਚ ਖਿੱਚੀਆਂ ਹੋਈਆਂ ਤਸਵੀਰਾਂ ਦਿਖਾ ਰਹੀ ਸੀ । ਮੈਨੂੰ ਵੀ ਤਸਵੀਰਾਂ ਦੇਖਣ ਲਈ ਕਿਹਾ । ਉਸ ਸਮੇਂ ਉਹ ਤਾਜ ਦੀਆਂ ਫੋਟੋ ਦੇਖ ਰਹੀਆਂ ਸਨ । ਤਸਵੀਰਾਂ ‘ਚ ਤਾਜ, ਲਾਲ ਕਿਲਾ, ਸੁੰਦਰ ਪਾਰਕ, ਪੰਜ ਸਿਤਾਰਾ ਹੋਟਲ... ਅਜੀਬ ਜਿਹੀ ਖੁਸ਼ੀ ਹੋਈ । ਜਦ ਅਖੀਰਲੀਆਂ ਦੋ ਤਸਵੀਰਾਂ ਦੇਖੀਆਂ... ਆਹ ਕੀ !!! ਗੰਦਗੀ ‘ਚ ਮੂੰਹ ਮਾਰ ਰਿਹਾ ਸੂਰ, ਕਬਾੜ ਤੇ ਨਾਲ਼ੀਆਂ ‘ਚੋਂ ਬਾਹਰ ਆ ਕੇ ਵਗ ਰਹੇ ਪਾਣੀ ਨਾਲ ਵੱਜਿਆ ਚਿੱਕੜ । ਇਸ ਤੋਂ ਪਹਿਲਾਂ ਕਿ ਇਨ੍ਹਾਂ ਤਸਵੀਰਾਂ ‘ਤੇ ਕੋਈ ਤਪਸਰਾ ਹੁੰਦਾ, ਮੈਂ ਅੱਖ ਬਚਾ ਕੇ ਉਨ੍ਹਾਂ ਕੋਲੋਂ ਖਿਸਕ ਗਿਆ ।
ਦਿੱਲੀ ਰੇਲਵੇ ਸਟੇਸ਼ਨ ‘ਤੇ ਜਗ੍ਹਾ ਜਗ੍ਹਾ ਪੁਲਿਸ ਫੋਰਸ ਦੀਆਂ ਟੁਕੜੀਆਂ ਨਜ਼ਰ ਆਈਆਂ । ਐਂਟਰੀ ਗੇਟ ‘ਤੇ ਸਮਾਨ ਦੀ ਚੈਕਿੰਗ ਕਰਨ ਲਈ ਹਵਾਈ ਅੱਡੇ ਦੀ ਤਰ੍ਹਾਂ “ਸਕੈਨਰ” ਲੱਗ ਚੁੱਕਾ ਹੈ । ਮੈਂ ਸਕੈਨਰ ਕੋਲ ਜਾ ਕੇ ਖੜ੍ਹ ਗਿਆ ਕਿ ਕੋਈ ਕਰਮਚਾਰੀ ਸਕੈਨਰ ‘ਤੇ ਆਵੇ ਤੇ ਮੈਂ ਆਪਣਾ ਬੈਗ ਸਕੈਨ ਕਰਵਾ ਸਕਾਂ । ਮੇਰੇ ਕੋਲੋਂ ਕਰੀਬ ਚਾਰ-ਪੰਜ ਫੁੱਟ ਦੂਰ ਖੜੇ ਪੁਲਿਸ ਵਾਲੇ ਗੱਲਾਂ ਮਾਰ ਰਹੇ ਬੀੜੀਆਂ ਫੂਕ ਰਹੇ ਸਨ ।
“ਏ !!! ਵਹਾਂ ਪਰ ਰੱਖਦੇ ।” ਇੱਕ ਨੇ ਜਦ ਮੈਨੂੰ ਖੜਿਆਂ ਦੇਖਿਆ ਤਾਂ ਆਪਣੇ ਹੱਥ ਫੜੀ ਡਾਂਗ ਮੇਰੇ ਵੱਲ ਸਿੱਧੀ ਕਰ ਦਿੱਤੀ, ਜੋ ਕਰੀਬ ਕਰੀਬ ਮੇਰੇ ਚਿਹਰੇ ਕੋਲ ਆ ਗਈ, ਇਹ ਬੈਗ ਨੂੰ ਸਕੈਨਰ ‘ਤੇ ਰੱਖਣ ਦਾ ਇਸ਼ਾਰਾ ਸੀ । ਬੈਗ ਸਕੈਨ ਤਾਂ ਹੋ ਗਿਆ ਪਰ ਉਸ ‘ਚ ਕੀ ਸਵਾਹ ਖੇਹ ਪਾਈ ਹੋਈ ਸੀ, ਇਹ ਦੇਖਣ ਲਈ ਕੰਪਿਊਟਰ ਸਕਰੀਨ ‘ਤੇ ਕੋਈ ਭੱਦਰ ਪੁਰਸ਼ ਮੌਜੂਦ ਨਹੀਂ ਸੀ । ਰੇਲਗੱਡੀ ਹਮੇਸ਼ਾ ਦੀ ਤਰ੍ਹਾਂ ਕੁਝ ਘੰਟੇ ਲੇਟ ਸੀ । ਜਿੱਥੇ ਮੇਰੇ ਲਈ ਹਰ ਪਲ ਕੱਟਣਾ ਔਖਾ ਸੀ, ਉੱਥੇ ਇਸ ਸਮੇਂ ‘ਚ ਕੁਝ ਘੰਟੇ ਹੋਰ ਜੁੜ ਗਏ । ਸਮਾਂ ਕੱਟਣ ਲਈ “ਉੱਚ ਸ਼੍ਰੇਣੀ ਮੁਸਾਫ਼ਰਖਾਨੇ” ‘ਚ ਚਲਾ ਗਿਆ । ਜਿੱਥੇ ਕਿ ਕੁਰਸੀ ‘ਤੇ ਬੈਠੀ ਇੱਕ ਸਫ਼ਾਈ ਸੇਵਿਕਾ ਨੇ ਮੂੰਹ ‘ਤਾਂਹ ਚੁੱਕ ਕੇ ਮਸਾਂ ਹੀ “ਟਿਕਟ” ਕਿਹਾ । ਉਸਦਾ ਮੂੰਹ ਤੜਕੇ ਡੇਢ-ਦੋ ਵਜੇ ਹੀ ਪਾਨ ਦੀ ਪੀਕ ਨਾਲ਼ ਭਰਿਆ ਹੋਇਆ ਸੀ । ਉਹ ਮੇਰੀ ਟਿਕਟ ਦੇਖ ਕੇ ਤਸੱਲੀ ਕਰਨਾ ਚਾਹੁੰਦੀ ਸੀ ਕਿ ਮੇਰੇ ਕੋਲ ਏ.ਸੀ. ਡੱਬੇ ਦਾ ਟਿਕਟ ਹੈ ਜਾਂ ਨਹੀਂ ? ਕਮਰਾ ਸਵਾਰੀਆਂ ਨਾਲ਼ ਖਚਾਖਚ ਭਰਿਆ ਹੋਇਆ ਸੀ । ਫ਼ਰਸ਼ ‘ਤੇ ਵੀ ਸਵਾਰੀਆਂ ਨੇ ਆਪਣੇ ਆਸਣ ਲਗਾਏ ਹੋਏ ਸਨ । ਬੈਂਚਾਂ ‘ਤੇ ਵੀ ਕਾਫ਼ੀ ਲੋਕ ਲੇਟੇ ਹੋਏ ਸਨ । ਕਿਸੇ ਹੋਰ ਦੇ ਬੈਠਣ ਦੀ ਚਿੰਤਾ ਕਿਸੇ ਨੂੰ ਨਹੀਂ ਸੀ । ਬੈਠਣ ਦੀ ਜਗ੍ਹਾ ਲੱਭਣ ਲਈ ਸਾਰਾ ਕਮਰਾ ਗਾਹ ਲਿਆ । ਕਮਰਾ ਬੀੜੀ, ਸਿਗਰਟ, ਗੁਟਕੇ ਤੇ ਪਾਨ ਆਦਿ ਦੇ ਰਲਵੇਂ ਮਿਲਵੇਂ ਅਜੀਬ ਜਿਹੇ ਮੁਸ਼ਕ ਨਾਲ਼ ਭਰਿਆ ਹੋਇਆ ਸੀ । ਕਮਰੇ ‘ਚ ਹੀਟਰ ਚੱਲ ਰਿਹਾ ਸੀ ਤੇ ਕੁੱਲ ਮਿਲਾ ਕੇ ਸਾਹ ਲੈਣਾ ਮੁਸ਼ਕਿਲ ਹੋ ਰਿਹਾ ਸੀ । ਇੱਕ ਸੱਜਣ ਨੇ ਬੈਂਚ ‘ਤੇ ਨਾਲ਼ ਵਾਲੀ ਸੀਟ ‘ਤੇ ਬੈਗ ਰੱਖਿਆ ਹੋਇਆ ਸੀ । ਪੁੱਛਣ ‘ਤੇ ਜਵਾਬ ਮਿਲਿਆ ਕਿ ਕੋਈ ਆ ਰਿਹਾ ਹੈ, ਜਦ ਕਿ ਉਸਦੇ ਨਾਲ਼ ਕੋਈ ਨਹੀਂ ਸੀ । ਇਹ ਸੱਜਣ ਸਿਆਣੀ ਉਮਰ ਦਾ ਪੜ੍ਹਿਆ ਲਿਖਿਆ ਬਾਊ ਲੱਗ ਰਿਹਾ ਸੀ । ਕਿਸੇ ਨਾਲ਼ ਅਜਿਹਾ ਵਿਵਹਾਰ ਕਰਕੇ ਜਾਂ ਸਹਿਯੋਗ ਨਾ ਦੇ ਕੇ ਹਾਸਿਲ ਤਾਂ ਕੀ ਹੋਣਾ ਹੁੰਦਾ ਹੈ, ਸ਼ਾਇਦ ਇਹ ਸਿਰਫ਼ ਸੌੜੀ ਮਾਨਸਿਕਤਾ ਦੀ ਹੀ ਨਿਸ਼ਾਨੀ ਹੈ । ਜਾਂ ਵੱਧ ਤੋਂ ਵੱਧ ਅਜਿਹੇ ਸੱਜਣ ਆਪਣੀ ਹਿਊਮੈ ਨੂੰ ਪੱਠੇ ਹੀ ਪਾ ਰਹੇ ਹੁੰਦੇ ਹਨ । ਸਮਾਂ ਬਿਤਾਉਣ ਲਈ ਸਟੇਸ਼ਨ ‘ਤੇ ਭਟਕਦਾ ਰਿਹਾ । ਕੁੱਲ ਮਿਲਾ ਕੇ ਸਫ਼ਾਈ ਤੇ ਸਿਸਟਮ ਪੱਖੋਂ ਹਾਲ ਮੰਦਾ ਹੀ ਨਜ਼ਰ ਆਇਆ । ਚਾਹ ਵਾਲੇ ਬੀੜੀ ਮੂੰਹ ‘ਚ ਅੜਾ ਕੇ ਚਾਹ ਬਣਾ ਰਹੇ ਸਨ ਜਦ ਕਿ ਭਾਰਤ ‘ਚ ਵੀ ਜਨਤਕ ਸਥਾਨਾਂ ‘ਤੇ ਬੀੜੀ ਸਿਗਰਟ ਦੀ ਵਰਤੋਂ ਗ਼ੈਰਕਾਨੂੰਨੀ ਹੈ ।
ਰੇਲਗੱਡੀ ਕੁਝ ਕੁ ਘੰਟੇ ਤਾਂ ਉਂਝ ਹੀ ਲੇਟ ਸੀ ਤੇ ਰਹਿੰਦੀ ਖੂੰਹਦੀ ਰਾਹ ‘ਚ ਹੋਰ ਗੱਡੀਆਂ ਨੂੰ ਲੇਟ ਹੋਰ ਤੋਂ ਰੋਕਣ ਲਈ ਰਸਤਾ ਦੇਣ ਦੇ ਚੱਕਰ ‘ਚ ਹੋਰ ਤੇ ਹੋਰ ਲੇਟ ਹੁੰਦੀ ਗਈ । ਕਰੀਬ ਬਾਰਾਂ ਕੁ ਵਜੇ ਘਰ ਜਾ ਪੁੱਜਾ । ਕਰੀਬੀ ਰਿਸ਼ਤੇਦਾਰਾਂ ਵੱਲੋਂ ਰਾਹ ‘ਚ ਹੀ ਆਪਣੇ ਆਪ ਤੇ ਕੰਟਰੌਲ ਰੱਖਣ ਦੀਆਂ ਹਿਦਾਇਤਾਂ ਦੁਹਰਾਈਆਂ ਗਈਆਂ, ਜੋ ਕਿ ਆਸਟ੍ਰੇਲੀਆ ‘ਚ ਚੱਲਣ ਤੋਂ ਪਹਿਲਾਂ ਤੇ ਦਿੱਲੀ ਸਟੇਸ਼ਨ ਤੇ ਮਿਲੀਆਂ ਸਨ,  ਤਾਂ ਜੋ ਬਾਕੀ ਪਰਿਵਾਰ ਨੂੰ ਸੰਭਾਲ ਸਕਾਂ । ਮਣ ਮਣ ਦੇ ਕਦਮ ਲੈ ਕੇ ਘਰ ਗਿਆ । ਘਰ ਤਾਂ ਪਹੁੰਚ ਗਿਆ ਪਰ ਪ੍ਰੇਮ ਕਿੱਥੇ ਸੀ ? ਆਖਰੀ ਵਕਤ ਉਸਦਾ ਚਿਹਰਾ ਵੀ ਨਾ ਤੱਕ ਸਕਿਆ । ਉਸਦਾ ਸਸਕਾਰ ਮੇਰੇ ਪੁੱਜਣ ਤੋਂ ਪਹਿਲਾਂ ਕਰ ਦਿੱਤਾ ਗਿਆ ਸੀ । ਕੀ ਕਰ ਸਕਦਾ ਸੀ ? ਕਿਵੇਂ ਉਸਨੂੰ ਗਲਮੇਂ ਤੋਂ ਫੜ ਕੇ ਪੁੱਛਦਾ ਕਿ ਮੈਨੂੰ ਧੋਖਾ ਕਿਉਂ ਦੇ ਗਿਆ ? ਮੈਨੂੰ ਯਾਦ ਹੈ, ਬਚਪਨ ‘ਚ ਇੱਕ ਵਾਰ ਦਿਵਾਲੀ ਮੌਕੇ ਉਸਨੇ ਪਟਾਕਿਆਂ ਦਾ ਬਾਰੂਦ ਕੱਢ ਕੇ, ਕਾਗ਼ਜ਼ ‘ਤੇ ਪਾ ਕੇ ਅੱਗ ਲਾ ਦਿੱਤੀ ਸੀ ਤਾਂ ਦੋਵੇਂ ਹੱਥ ਸੜਾ ਲਏ ਸਨ । ਉਸਦੇ ਦੋਵੇਂ ਹੱਥਾਂ ਤੇ ਪੱਟੀਆਂ ਕੀਤੀਆਂ ਹੋਈਆਂ ਸਨ । ਉਸਨੂੰ ਆਪਣੇ ਹੱਥੀਂ ਰੋਟੀ ਵੀ ਖਵਾ ਰਿਹਾ ਸਾਂ ਤੇ ਨਾਲ਼ ਨਾਲ਼ ਝਿੜਕ ਵੀ ਰਿਹਾ ਸਾਂ । ਮੇਰੇ ਆਉਣ ਤੋਂ ਪਹਿਲਾਂ ਉਹ ਸਾਰੇ ਦਾ ਸਾਰਾ ਅੱਗ ਦੀ ਚਿਤਾ ‘ਚ ਪਿਆ ਜਲ ਗਿਆ ਸੀ, ਮੇਰਾ ਵੀਰ... ਮੇਰਾ ਪ੍ਰੇਮ... ਕਰੀਬ ਛੇ ਫੁੱਟਾ... ਕੜੀ ਵਰਗਾ ਜੁਆਨ... ਨੱਬੇ ਕਿਲੋ ਭਾਰ... ਤਿੰਨ ਬੰਦਿਆਂ ਤੋਂ ਕੱਲਾ ਨਾ ਸੰਭਾਲਿਆ ਜਾਵੇ... ਅੱਜ ਕਿਵੇਂ ਉਸਨੂੰ ਝਿੜਕਾਂ ? ਇੱਕੋ ਇੱਕ ਭਰਾ ਸੀ ਮੇਰਾ, ਅੱਜ ਉਹ ਮੈਨੂੰ ਕੱਲਿਆਂ ਛੱਡ ਗਿਆ । ਇਸ ਦੁਨੀਆਂ ‘ਚ ਮੈਂ ‘ਕੱਲਾ ਹੀ ਰਹਿ ਗਿਆ । ਜਾਣਾ ਸਭ ਨੇ ਹੈ, ਪਰ ਜਾਣ ਦੀ ਇੱਕ ਉਮਰ ਹੁੰਦੀ ਹੈ । ਉਸਤੋਂ ਵੱਡੇ ਤਾਂ ਅਸੀਂ ਬੈਠੇ ਸੀ ।
ਸਿਵਿਆਂ ‘ਚ ਗਿਆ । ਉੱਥੇ ਕੀ ਲੱਭਣਾ ਸੀ ? ਉਸਦੀ ਰਾਖ ‘ਚ ਹੱਥ ਫੇਰਿਆ । ਪਤਾ ਨਹੀਂ ਉਸ ਮੇਰਾ ਦਰਦ, ਮੇਰਾ ਨਿੱਘ ਮਹਿਸੂਸ ਕੀਤਾ ਜਾਂ ਨਹੀਂ । ਪਤਾ ਲੱਗਾ ਕਿ ਖਾਲੀ ਹੱਥ ਹੋਣਾ ਕੀ ਹੁੰਦਾ ਹੈ । ਸਭ ਦਾ ਬੁਰਾ ਹਾਲ ਸੀ, ਪਰ ਮੇਰੀ ਜਿੰਮੇਵਾਰੀ ਸੀ ਉਨ੍ਹਾਂ ਨੂੰ ਸੰਭਾਲਣ ਦੀ । 22 ਸਾਲ ਪਹਿਲਾਂ ਪਾਪਾ ਦੁਨੀਆਂ ਤੋਂ ਤੁਰ ਗਏ ਸਨ ਤਾਂ ਸਭ ਨੇ ਕਿਹਾ ਪਰਿਵਾਰ ਦੀ ਜਿੰਮੇਵਾਰੀ ਤੇਰੇ ਸਿਰ ਹੈ, ਸਭ ਨੂੰ ਸੰਭਾਲਣਾ ਹੈ । ਮੁੜ ਭੈਣਾਂ ਦੇ ਵਿਆਹਾਂ ਦੀ ਜਿੰਮੇਵਾਰੀ, ਕਬੀਲਦਾਰੀ ਦੀ ਜਿੰਮੇਵਾਰੀ, ਏਧਰ ਦੀ ਜਿੰਮੇਵਾਰੀ, ਓਧਰ ਦੀ ਜਿੰਮੇਵਾਰੀ, ਜਿੰਮੇਵਾਰੀ, ਜਿੰਮੇਵਾਰੀ... ਬੱਸ ਮੇਰੇ ਪੱਲੇ ਰਹੀ ਸਦਾ ਹੀ ਜਿੰਮੇਵਾਰੀ । ਅੱਜ ਭਰਾ ਦੇ ਤੁਰ ਜਾਣ ‘ਤੇ ਸਭ ਨੂੰ ਸੰਭਾਲਣ ਦੀ ਜਿੰਮੇਵਾਰੀ ਵੀ ਮੇਰੇ ਹੀ ਪੱਲੇ ਪਈ । ਕਹਿੰਦੇ ਨੇ ਕਿ ਦੁੱਖ ਵੰਡਾਉਣ ਨਾਲ਼ ਅੱਧਾ ਰਹਿ ਜਾਂਦਾ ਹੈ ਪਰ ਦੇਖੋ ਮੇਰੀ ਤਕਦੀਰ, ਮੈਂ ਆਪਣਾ ਦਰਦ ਕਿਸੇ ਨਾਲ਼ ਸਾਂਝਾ ਨਹੀਂ ਕਰ ਸਕਿਆ, ਦੁੱਖ ਕਿਸੇ ਨਾਲ਼ ਵੰਡਾ ਕੇ ਹਲਕਾ ਨਹੀਂ ਕਰ ਸਕਿਆ । ਅੱਜ ਤੱਕ ਆਪਣਾ ਦਰਦ ‘ਕੱਲਾ ਹੀ ਹੰਢਾ ਰਿਹਾ ਹਾਂ ।
ਦੋ ਤਿੰਨ ਦੋਸਤਾਂ ਨੂੰ ਫੋਨ ‘ਤੇ ਪ੍ਰੇਮ ਦੇ ਤੁਰ ਜਾਣ ਬਾਰੇ ਦੱਸਿਆ । ਫਗਵਾੜਾ ਤੋਂ ਮੇਰਾ ਮਿੱਤਰ ਡਾਕਟਰ ਸੰਜੇ ਛਾਬੜਾ ਕੁਝ ਸਮੇਂ ‘ਚ ਹੀ ਲੁਧਿਆਣੇ ਆ ਪੁੱਜਾ । ਮੈਨੂੰ ਵੀ ਕਿਸੇ ਅਜਿਹੇ ਮੋਢੇ ਹੀ ਦੀ ਲੋੜ ਮਹਿਸੂਸ ਹੋ ਰਹੀ ਸੀ । ਮੇਰੀ ਕਿਸਮਤ ਪਤਾ ਨਹੀਂ ਕਿਹੀ ਹੈ ਕਿ ਬਹੁਤ ਸਾਰੇ ਲੋਕਾਂ ਨੂੰ ਮੇਰੇ ਬਾਰੇ ਭਰਮ ਭੁਲੇਖੇ ਸਨ ਤੇ ਹਨ । ਆਸਟ੍ਰੇਲੀਆ ਆਉਣ ਤੋਂ ਬਾਅਦ ਵੀ ਬਹੁਤ ਸਾਰੇ ਲੋਕ ਮੈਨੂੰ ਭੰਗੀਆਂ ਵਾਲੀ ਤੋਪ ਸਮਝਦੇ ਹਨ । ਤੋਪ ਤਾਂ ਨਹੀਂ, ਮਾੜਾ ਮੋਟਾ ਪਸਤੌਲ ਹੋਣ ਦਾ ਤਾਂ ਮੈਨੂੰ ਵੀ ਭੁਲੇਖਾ ਸੀ ਪਰ ਪ੍ਰੇਮ ਦੇ ਜਾਣ ਬਾਅਦ ਸੰਜੇ ਤੋਂ ਛੁੱਟ ਜਿੰਨਾ ਕੁ ਸਹਾਰਾ ਦੋਸਤਾਂ ਦਾ ਮੈਨੂੰ ਮਿਲਿਆ, ਉਸਤੋਂ ਪਤਾ ਲੱਗਾ ਕਿ ਮੇਰੀ ਔਕਾਤ ਤਾਂ ਸਬਜ਼ੀ ਕੱਟਣ ਵਾਲੇ ਚਾਕੂ ਜਿੰਨੀ ਵੀ ਨਹੀਂ । ਬੱਸ ! ਕੱਲਾ ਸਾਂ ਤੇ ਕੱਲਾ ਹਾਂ । ਇਸ ਦੌਰਾਨ ਅਮਰੀਕਾ ਤੋਂ ਗੁਰਜਤਿੰਦਰ ਰੰਧਾਵਾ, ਇੰਗਲੈਂਡ ਤੋਂ ਸਿ਼ਵਚਰਨ ਜੱਗੀ ਕੁੱਸਾ, ਮਨਦੀਪ ਖੁਰਮੀ, ਆਸਟ੍ਰੇਲੀਆ ਤੋਂ ਅਮਨਦੀਪ ਸਿੱਧੂ, ਮਿੰਟੂ ਬਰਾੜ, ਸ਼ਮੀ ਜਲੰਧਰੀ, ਅਮਨ ਧਾਲੀਵਾਲ, ਭੋਲਾ ਸਿੰਘ, ਕੈਨੇਡਾ ਤੋਂ ਵਕੀਲ ਕਲੇਰ, ਜਰਮਨੀ ਤੋਂ ਚਰਨਜੀਤ, ਬਠਿੰਡਾ ਤੋਂ ਸੁਖਨੈਬ ਸਿੱਧੂ, ਕੁਰੂਕਸ਼ੇਤਰ ਤੋਂ ਨਿਸ਼ਾਨ ਸਿੰਘ ਤੇ ਗਾਇਕ ਸੁਨੀਲ ਡੋਗਰਾ ਹੋਰਾਂ ਦੇ ਫੋਨ ਆਏ ਤੇ ਕਈ ਫੇਸਬੁੱਕ ਮਿੱਤਰ ਵੀ ਮੇਰੇ ਗ਼ਮ ‘ਚ ਸ਼ਰੀਕ ਹੋਏ ।
ਪ੍ਰੇਮ ਦੀ ਸੇਵਾ ਭਾਵਨਾ ਬਾਰੇ ਬੇਗਾਨੇ ਸ਼ਹਿਰ ਦੇ ਲੋਕਾਂ ਤੋਂ ਜਾਣ ਕੇ ਬਹੁਤ ਹੈਰਾਨੀ ਹੋਈ । ਡੀ.ਐਮ.ਸੀ. ਦੇ ਬਹੁਤੇ ਲੋਕਾਂ ਨੂੰ ਇਹ ਗੱਲ ਪਤਾ ਸੀ ਕਿ ਜੇਕਰ ਖੂਨ ਦਾ ਇੰਤਜ਼ਾਮ ਨਹੀਂ ਹੋ ਰਿਹਾ ਤਾਂ ਪ੍ਰੇਮ ਨੂੰ ਕਹਿ ਦੇਵੋ, ਕਿਤੋਂ ਨਾ ਕਿਤੋਂ ਖੂਨ ਦਾ ਇੰਤਜ਼ਾਮ ਹੋ ਜਾਏਗਾ । ਉਸਨੇ ਖੁਦ ਵੀ ਐਮਰਜੰਸੀ ‘ਚ ਕਈ ਵਾਰ ਸਮੇਂ ਤੋਂ ਪਹਿਲਾਂ ਖੂਨ ਦਿੱਤਾ ਸੀ । ਦਲੇਰ ਵੀ ਬੜਾ ਸੀ । ਕਈ ਸਾਲ ਪਹਿਲਾਂ ਮੁੰਡਿਆਂ ਦੀ ਤੂੰ ਤੂੰ ਮੈਂ ਮੈਂ ‘ਚ ਇੱਕ ਲੜਕਾ ਮੋਟਰਸਾਈਕਲ ਦੀ ਫੇਟ ਨਾਲ਼ ਗੰਭੀਰ ਰੂਪ ‘ਚ ਫੱਟੜ ਹੋ ਗਿਆ । ਤੂੰ ਤੂੰ ਮੈਂ ਮੈਂ ਕਰਨ ਵਾਲੇ ਤਾਂ ਸਾਰੇ ਤਾਂ ਨੱਠ ਗਏ, ਪਰ ਉਨ੍ਹਾਂ ਨੂੰ ਛੁਡਾਉਣ ਵਾਲਾ ਇਹ ਕੱਲਾ ਹੀ ਉਸਨੂੰ ਕਿਸੇ ਦੀ ਜੀਪ ‘ਚ ਪਾ ਕੇ ਹਸਪਤਾਲ ਲੈ ਗਿਆ ਸੀ । ਇਹ ਗੱਲ ਵੱਖਰੀ ਹੈ ਕਿ ਬਾਅਦ ‘ਚ ਉਸ ਲੜਕੇ ਦੇ ਘਰ ਦਿਆਂ ਨੇ ਤੂੰ ਤੂੰ ਮੈਂ ਮੈਂ ਕਰਨ ਵਾਲਿਆਂ ਦੇ ਨਾਲ਼ ਨਾਲ਼ ਪ੍ਰੇਮ ਦੀ ਰੇਲ ਬਨਾਉਣ ‘ਚ ਵੀ ਆਪਣੇ ਵੱਲੋਂ ਕੋਈ ਕਸਰ ਬਾਕੀ ਨਹੀਂ ਛੱਡੀ ਸੀ, ਪਰ ਸੱਚ ਹਮੇਸ਼ਾ ਸੱਚ ਹੀ ਰਹਿੰਦਾ ਹੈ ਤੇ ਉਸਦੀ ਸੇਵਾ ਭਾਵਨਾ ‘ਚ ਵੀ ਕੋਈ ਕਮੀ ਨਹੀਂ ਸੀ ਆਈ ।
ਗੁਆਂਢ ਦੇ ਗੁਰਦੁਆਰਾ ਸਾਹਿਬ ‘ਚ ਪ੍ਰ੍ਰੇਮ ਦੀ ਅੰਤਿਮ ਅਰਦਾਸ ਸੀ । ਭੋਗ ਪੈ ਗਿਆ । ਸਭ ਆਪਣੇ ਆਪਣੇ ਘਰਾਂ ਨੂੰ ਤੁਰ ਗਏ । ਸਾਡੇ ਘਰ ‘ਚ ਕਿਸੇ ਸਮੇਂ ਨੌਂ ਜੀਅ ਹੁੰਦੇ ਸਨ । ਦਾਦਾ ਦਾਦੀ, ਪਾਪਾ ਮੰਮੀ ਤੇ ਅਸੀਂ ਪੰਜ ਭੈਣਾਂ ਭਰਾ । ਅੱਜ ਮੈਂ ਤੇ ਮੇਰੀ ਮਾਤਾ... ਅਸੀਂ ਕੇਵਲ ਦੋ ਜੀਅ ਸਾਂ ਘਰ ‘ਚ । ਘਰ ਵੱਢ ਖਾਣ ਨੂੰ ਕਰਦਾ ਸੀ । ਲੋਕਾਂ ਦੀਆਂ ਗੱਲਾਂ ਨੇ ਸੀਨੇ ਪੱਛ ਲਾਉਣ ‘ਚ ਕੋਈ ਕਸਰ ਬਾਕੀ ਨਹੀਂ ਸੀ ਛੱਡੀ ।
“ਕੋਈ ਨਿਆਣਾ ਹੁੰਦਾ ਤਾਂ ਨਾਮ ਰਹਿ ਜਾਂਦਾ...”
“ਸਾਰੇ ਆਪਣੇ ਕੰਮਾਂ ਕਾਰਾਂ ‘ਚ ਰੁਝ ਜਾਣਗੇ, ਉਹਨੂੰ ਤਾਂ ਕਿਸੇ ਨੇ ਯਾਦ ਵੀ ਨਹੀਂ ਕਰਨਾ...”
“ਉਹੀ ਤੁਰ ਗਿਆ, ਭੈਣਾਂ ਭਰਾ ਤਾਂ ਆਪਣੀਆਂ ਕਬੀਲਦਾਰੀਆਂ ‘ਚ ਭੁੱਲ ਜਾਣਗੇ...”
ਕੋਈ ਕਹੇ ਜੁਆਨ ਮੌਤ ਹੈ, ਹਰਿਦੁਆਰ ਜਾਓ... ਕੋਈ ਕਹੇ ਪਿਹੋਵਾ ਜਾਓ... ਕੋਈ ਕਹੇ ਕੁਝ ਕਰੋ... ਕੋਈ ਕਹੇ ਕੁਝ ਕਰੋ... । ਮੈਂ ਆਪਣਾ ਦਰਦ ਕਿਸ ਨਾਲ਼ ਵੰਡਾਉਂਦਾ ? ਜਿਵੇਂ ਜਿਵੇਂ ਹਿਦਾਇਤਾਂ ਮਿਲੀ ਗਈਆਂ, ਨਿਭਾੳਂੁਦਾ ਗਿਆ । ਮੈਂ ਇੰਨ੍ਹਾਂ ਗੱਲਾਂ ‘ਚ ਯਕੀਨ ਨਹੀਂ ਰੱਖਦਾ ਪਰ ਅਹਿਸਾਸ ਹੋਇਆ ਕਿ ਜਿੰਦਗੀ ਦੇ ਕੁਝ ਪਲ ਅਜਿਹੇ ਹੁੰਦੇ ਨੇ ਜਦ ਕਿ ਆਪਣੀ ਸੋਚ, ਆਪਣੇ ਵਿਚਾਰਾਂ ਦਾ ਤਿਆਗ ਕਰਨਾ ਪੈਂਦਾ ਹੈ । ਪਿਹੋਵਾ ਗਿਆ, ਜਾਣਾ ਪਿਆ । ਇਤਿਹਾਸ/ਮਿਥਿਹਾਸ ਮੁਤਾਬਿਕ ਭਾਵੇਂ ਪਿਹੋਵਾ ਤੀਰਥ ਸਥਾਨ ਹੈ ਪਰ ਸਚਾਈ ਇਹ ਹੈ ਕਿ ਇਹ ਉਹ ਮੰਡੀ ਹੈ ਜਿੱਥੇ ਤੁਹਾਨੂੰ ਆਪਣੀਆਂ ਭਾਵਨਾਵਾਂ ਦਾ ਮੁੱਲ ‘ਤਾਰਨਾ ਪੈਂਦਾ ਹੈ । ਇੱਥੇ ਬੈਠੇ ਪੰਡਿਆਂ ਦਾ ਕੰਮ ਤੇ ਧਿਆਨ ਵੱਧ ਤੋਂ ਵੱਧ ਤੁਹਾਡੀ ਜੇਬ ਢਿੱਲੀ ਕਰਨ ਦਾ ਹੈ । ਕਿਸੇ ਨੂੰ ਤੁਹਾਡੀਆਂ ਭਾਵਨਾਵਾਂ ਨਾਲ਼ ਮਤਲਬ ਨਹੀਂ । ਜਦ ਵੀ ਤੁਸੀਂ ਉੱਥੇ ਪੁੱਜਦੇ ਹੋ ਤਾਂ ਪੰਡੇ ਤੁਹਾਨੂੰ ਘੇਰ ਲੈਣਗੇ ਤੇ ਸੁਆਲ ਹੁੰਦਾ ਹੈ, “ਕਹਾਂ ਸੇ ਆਏ ਹੋ, ਕਿਆ ਗੋਤਰ ਹੈ ?” ਹੁਣ ਜੇਕਰ ਮੇਰੇ ਵਰਗਾ ਕੋਈ ਇਨਸਾਨੀਅਤ ਨੂੰ ਮੰਨਣ ਵਾਲਾ ਚਲਾ ਜਾਵੇ ਤਾਂ ਉਸਦੀ ਕਿੰਨੀ ਕੁ ਦੁਰਗਤੀ ਹੋ ਸਕਦੀ ਹੈ, ਮੈਂ ਦੇਖ ਚੁੱਕਾ ਹਾਂ । ਮਿਲੀਆਂ ਹਿਦਾਇਤਾਂ ਅਨੁਸਾਰ ਉਹ ਪੰਡਾ ਸਾਨੂੰ ਲੱਭ ਗਿਆ, ਜੋ ਸਾਡੇ ਪਰਿਵਾਰ ਦਾ ਆੜ੍ਹਤੀਆ (ਪਰੋਹਿਤ) ਹੈ । ਉਨ੍ਹਾਂ ਨੇ ਵੱਡੀਆਂ-ਵੱਡੀਆਂ ਵਹੀਆਂ ਲਗਾ ਰੱਖੀਆਂ ਹਨ । ਜਿਨ੍ਹਾਂ ‘ਚ ਪੀੜ੍ਹੀਆਂ ਦਾ ਹਿਸਾਬ ਕਿਤਾਬ ਰੱਖਿਆ ਜਾਂਦਾ ਹੈ । ਸਾਡੇ ਪੰਡੇ ਪਵਨ ਕੁਮਾਰ ਸ਼ਰਮਾ ਨੇ ਆਪਣੀ ਵਹੀ ‘ਚ ਉਨ੍ਹਾਂ ਲੋਕਾਂ ਦੀ ਮੌਤ ਦਾ ਹਿਸਾਬ, ਸਮੇਤ ਦਸਤਖਤਾਂ ਦੇ ਦਿਖਾ ਦਿੱਤਾ, ਜਿੰਨਾਂ ਦੀ “ਗਤੀ” ਕਰਵਾਉਣ ਸਾਡੇ ਖਾਨਦਾਨ ਦੇ ਲੋਕ ਆਏ ਸਨ । ਉਸਨੇ 5 ਮਾਰਚ 1989 ਦੇ ਮੇਰੇ ਦਸਤਖਤ ਵੀ ਦਿਖਾ ਦਿੱਤੇ ਜਦ ਕਿ ਮੈਂ ਕੇਵਲ 17 ਸਾਲ ਦਾ ਸੀ ਤੇ ਆਪਣੇ ਪਾਪਾ ਦੀ ਮੌਤ ਦੇ ਸਬੰਧ ‘ਚ ਰਿਸ਼ਤੇਦਾਰਾਂ ਨਾਲ਼ ਇੱਥੇ ਆਇਆ ਸੀ । ਉਸਦੀ ਵਹੀ ਤੋਂ ਮੈਨੂੰ ਆਪਣੇ ਖਾਨਦਾਨ ਦੀਆਂ ਦਸ ਪੀੜ੍ਹੀਆਂ ਦੇ ਪੁਰਖਿਆਂ ਦੇ ਨਾਮ ਬਾਰੇ ਜਾਣਕਾਰੀ ਪ੍ਰਾਪਤ ਹੋਈ । ਇਨਸਾਨ ਪੇਟ ਪਾਲਣ ਲਈ ਕੀ ਕੀ ਕਿੱਤੇ ਅਪਣਾਈ ਬੈਠਾ ਹੈ ?
ਪੰਡਿਆਂ ਦੀ ਆਪਸ ‘ਚ ਚੰਗੀ ਸੀਟੀ ਰਲਦੀ ਹੈ । ਸਾਡੇ ਪੰਡੇ ਦਾ ਕੰਮ ਕੇਵਲ ਯਾਤਰੂਆਂ ਦੇ ਨਾਮ ਵਹੀ ‘ਚ ਲਿਖ ਕੇ ਦਸਤਖਤ ਕਰਵਾਉਣਾ ਸੀ । ਉਸਨੇ ਇੱਕ ਹੋਰ ਪੰਡੇ ਨਾਲ ਮਿਲਵਾਇਆ ਜੋ ਕਿ ਪਾਠ ਪੂਜਾ ਆਦਿ ਕਰਦਾ ਹੈ । ਇਸਦਾ ਦਾ ਕੰਮ ਸੀ, ਜਿੰਨਾ ਹੋ ਸਕੇ ਸਾਨੂੰ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਕਰਕੇ ਜੇਬ ਢਿੱਲੀ ਕਰਵਾਉਣਾ । ਜਦ ਪੰਡੇ ਨੂੰ ਮੇਰੇ ਆਸਟ੍ਰੇਲੀਆ ਤੋਂ ਆਉਣ ਬਾਰੇ ਪਤਾ ਲੱਗਾ ਤਾਂ ਉਸਦਾ ਮੇਰੇ ਤੇ ਕੀਤਾ ਜਾਣ ਵਾਲਾ ਮਾਨਸਿਕ ਅੱਤਿਆਚਾਰ ਹੋਰ ਵਧ ਗਿਆ । ਕਹਿਣ ਨੂੰ ਸਾਰਾ ਪਾਠ ਪੂਜਾ ਸਰੋਵਰ ਦੇ ਕਿਨਾਰੇ ‘ਤੇ ਹੁੰਦਾ ਹੈ । ਜਿੱਥੋਂ ਤੱਕ ਮੈਨੂੰ ਸਮਝ ਆਈ ਉਸਦੀ ਗੱਲਬਾਤ ‘ਚ ਇਸ ਸਰੋਵਰ ਦਾ ਕੋਈ ਪੁਰਾਤਨ ਮਹੱਤਵ ਸੀ ਪਰ ਸਰੋਵਰ ‘ਚ ਤਾਂ ਦੋ ਬਾਲਟੀਆਂ ਪਾਣੀ ਵੀ ਨਹੀਂ ਸੀ । ਪਹਿਲੇ ਪੰਡੇ ਨੇ ਦੂਜੇ ਨੂੰ ਦਿੱਤੀ ਜਾਣ ਵਾਲੀ ਦਾਨ ਦਕਸਿ਼ਣਾ ਦੀ ਰਾਸ਼ੀ ਤੈਅ ਕੀਤੀ ਤੇ ਦੂਜੇ ਨੇ ਪਹਿਲੇ ਦੀ । ਇਨ੍ਹਾਂ ਦੋਹਾਂ ਤੋਂ ਬਿਨਾਂ ਇੱਕ ਹੋਰ ਵੀ ਸੀ, ਜਿਸਨੂੰ “ਚਾਰਜ” ਕਿਹਾ ਜਾਂਦਾ ਹੈ । ਉਸ ਅਨੁਸਾਰ ਦੁਨੀਆਂ ਤੋਂ ਜਾਣ ਵਾਲੇ ਲਈ ਮੰਜਾ, ਬਿਸਤਰਾ, ਲਾਲਟੈਨ, ਛਤਰੀ, ਭਾਂਡੇ, ਜੁੱਤੀ, ਇੱਕ ਸਾਲ ਦਾ ਰਾਸ਼ਨ ਤੇ ਕੁਝ ਹੋਰ ਸਮਾਨ ਦਾਨ ਕਰਨਾ ਹੁੰਦਾ ਹੈ । ਸਵਾਲ ਪੈਦਾ  ਹੁੰਦਾ ਹੈ ਕਿ ਮੌਤਾਂ ਤਾਂ ਅਨੇਕਾਂ ਹੁੰਦੀਆਂ ਹਨ ਤਾਂ ਉਹ ਇਤਨੇ ਸਮਾਨ ਨੂੰ ਕੀ ਕਰੇਗਾ । ਇਸ ਦਾ ਉਨ੍ਹਾਂ ਨੇ ਹੱਲ ਇਹ ਕੱਢਿਆ ਹੋਇਆ ਹੈ ਕਿ ਉੱਥੇ ਵੱਸਦੇ ਸਾਰੇ ਪੰਡਿਆਂ ਨੇ ਸਮਾਨ ਸਾਂਝਾ ਖਰੀਦ ਕੇ ਮੰਜੇ ‘ਤੇ ਰੱਖਿਆ ਹੋਇਆ ਹੈ । ਬੱਸ ! ਉਸ ਮੰਜੇ ਦੀ ਪਰਿਕਰਮਾ ਕਰਵਾ ਕੇ ਦਾਨ ਦਾ ਸੰਕਲਪ ਲੈ ਲੈਂਦੇ ਹਨ । ਸਾਮਾਨ ਦੀ ਜਗ੍ਹਾ ਤੇ ਨਕਦੀ ਦੇਣੀ ਹੁੰਦੀ ਹੈ । ਮੁੜ ਉਮਰ ‘ਚ ਆਪਣੇ ਤੋਂ ਉਮਰ ‘ਚ ਪੰਜ-ਸੱਤ ਸਾਲ ਛੋਟੇ ਪੰਡੇ ਦੇ ਪੈਰੀਂ ਹੱਥ ਲਗਾਉਣ ਦੀਆਂ ਹਿਦਾਇਤਾਂ ਬਾਰੇ ਕੁਝ ਸਮਝ ਨਾ ਆਇਆ ਕਿ ਉਸ ਸਖ਼ਸ਼ ‘ਚ ਅਜਿਹੀ ਕੀ ਖਾਸੀਅਤ ਹੈ, ਜਿਸ ਕਰਕੇ ਮੈਂ ਉਸਦੇ ਪੈਰੀਂ ਪਵਾਂ ? ਸਚਾਈ ਤਾਂ ਇਹ ਹੈ ਕਿ ਮੈਂ ਜਾਣਦੇ ਬੁਝਦੇ ਹੋਏ ਵੀ ਬੇਵਕੂਫ਼ ਬਣ ਰਿਹਾ ਸੀ ਤੇ ਉਹ ਲੋਕ ਬਣਾ ਰਹੇ ਸਨ । ਜਦ 21ਵੀਂ ਸਦੀ ‘ਚ ਵਿਚਰਦੇ, ਮੇਰੇ ਵਰਗੇ ਇਨਸਾਨ ਦੀ ਅਜਿਹੀ ਦੁਰਗਤੀ ਹੋ ਰਹੀ ਸੀ, ਜੋ ਕਿ ਕਰਮ ਤੇ ਕਰਮ ਕਾਂਡ ਦੇ ਫ਼ਰਕ ਨੂੰ ਬਾਖੂਬੀ ਸਮਝਦਾ ਹੈ ਤਾਂ ਹਰਿਦੁਆਰ, ਪਿਹੋਵਾ, ਵਾਰਾਨਸੀ ਤੇ ਹੋਰ ਜਗ੍ਹਾ ਬੈਠੇ ਇਹ ਪੰਡੇ ਉਨ੍ਹਾਂ ਲੋਕਾਂ ਦੀ ਕੀ ਹਾਲਤ ਕਰਦੇ ਹੋਣਗੇ, ਜੋ ਕੁਝ ਸੋਚਣ ਸਮਝਣ ਦੇ ਕਾਬਿਲ ਨਹੀਂ ਹਨ । ਭਾਰਤ ‘ਚ ਅਨਪੜ੍ਹ ਲੋਕਾਂ ਦੀ ਕਮੀ ਨਹੀਂ ਹੈ । ਜ਼ਾਹਿਰ ਜਿਹਾ ਕਾਰਣ ਹੈ ਕਿ ਮੈਂ ਤੇ ਸਾਡਾ ਪਰਿਵਾਰ ਪ੍ਰੇਮ ਨੂੰ ਪਿਆਰ ਕਰਦਾ ਹੈ ਤੇ ਇਹ ਲੋਕ ਉਸੇ ਗੱਲ ਦਾ ਨਾਜਾਇਜ਼ ਫਾਇਦਾ ਉਠਾ ਰਹੇ ਸਨ । ਅਗਲੀ ਗੱਲ ਇਹ ਹੈ ਕਿ ਜਦ ਕਿ ਗੁਰਬਾਣੀ ਇਹ ਕਹਿੰਦੀ ਹੈ ਕਿ ਸਾਨੂੰ ਸਭ ਨੂੰ ਖਾਲੀ ਹੱਥ ਜਾਣਾ ਪਵੇਗਾ ਤਾਂ ਇਹ ਲੋਕ, ਜਾਣ ਵਾਲੇ ਨੂੰ ਮੰਜਾ ਬਿਸਤਰਾ ਤੇ ਹੋਰ ਸਮਾਨ ਕਿੱਥੇ ਪਹੁੰਚਾਉਣਗੇ ? ਇੱਕ ਸਾਲ ਦੇ ਰਾਸ਼ਨ ਦਾ ਤਾਂ ਇੰਤਜ਼ਾਮ ਹੋ ਗਿਆ ਪਰ ਉਸਤੋਂ ਬਾਅਦ ਕੀ ??? ਬਹੁਤ ਸਾਰੇ ਸੁਆਲ ਹਨ ਪਰ ਜੁਆਬ ਕੌਣ ਦਏ ? ਸਾਡੇ ਪੰਡੇ ਨੇ ਦੱਸਿਆ ਕਿ ਜੇਕਰ ਦੋ ਭਰਾ ਵੱਖ ਹੋ ਜਾਣ ਤਾਂ ਜਿਵੇਂ ਹੋਰ ਵਪਾਰ ਅੱਧੋ-ਅੱਧ ਵੰਡ ਲਏ ਜਾਂਦੇ ਹਨ, ਇਹ ਪੰਡੇ ਵੀ ਵਹੀਆਂ ਖੋਲ ਕੇ ਇੱਕ ਪੰਨਾ ਇੱਕ ਜਣਾ, ਦੂਜਾ ਪੰਨਾ ਦੂਜਾ ਜਣਾ, ਤੀਜਾ ਪੰਨਾ ਪਹਿਲਾ ਜਣਾ, ਚੌਥਾ ਪੰਨਾ ਦੂਜਾ ਜਣਾ... ਇੰਝ ਵੰਡ ਲੈਂਦੇ ਹਨ ਤੇ ਦੋਹਾਂ ਦੀ ਦੁਕਾਨਦਾਰੀ ਅਲੱਗ ਹੋ ਜਾਂਦੀ ਹੈ । ਉਸ ਸਪੱਸ਼ਟ ਕਿਹਾ ਕਿ “ਯੇ ਬਹੀਆਂ ਹਮਾਰੇ ਖੇਤ ਹੈਂ ਔਰ ਆਪ ਹਮਾਰੀ ਫਸਲ ਹੋ ।”
ਦੋ ਹਫ਼ਤਿਆਂ ਬਾਅਦ ਵਾਪਸੀ ਸੀ । ਜਿ਼ਆਦਾਤਰ ਸਮਾਂ ਮਾਤਾ ਨਾਲ਼ ਘਰ ਹੀ ਰਿਹਾ । ਮਾਤਾ ਨਾਲ਼ ਜੀ ਭਰ ਗੱਲਾਂ ਵੀ ਨਾ ਕਰ ਸਕਿਆ ਸੀ ਕਿ ਦੋ ਹਫ਼ਤੇ ਗੁਜ਼ਰ ਗਏ । ਢਾਈ ਵਰ੍ਹੇ ਪਹਿਲਾਂ ਜਦ ਆਸਟ੍ਰੇਲੀਆ ਆਇਆ ਸੀ ਤਾਂ ਪ੍ਰੇਮ ਏਅਰਪੋਰਟ ਤੱਕ ਛੱਡਣ ਆਇਆ ਸੀ । ਹੁਣ ਤਾਂ ਜਦ ਤੱਕ ਜਿੰਦਾ ਹਾਂ, ਨਾ ਉਸ ਏਅਰਪੋਰਟ ਕਦੀ ਲੈਣ ਆਉਣਾ ਤੇ ਨਾ ਛੱਡਣ ਆਉਣਾ ਹੈ । ਲੁਧਿਆਣੇ ਤੋਂ ਦਿੱਲੀ ਦੀ ਬੱਸ ਫੜ ਏਅਰਪੋਰਟ ਤੇ ਮੁੜ ਆਸਟ੍ਰੇਲੀਆ । ਐਡੀਲੇਡ ਪੁੱਜ ਕੇ ਡਰਾਈਵ ਕਰਦਿਆਂ ਬੜੇ ਹਾਰਨ ਪਏ । ਇੱਕ ਦੋ ਵਾਰ ਰੈੱਡ ਲਾਈਟ ਵੀ ਜੰਪ ਹੋ ਗਈ, ਪਰ ਬਚਾ ਹੋ ਗਿਆ । ਸੌ ਦੀ ਸਪੀਡ ‘ਤੇ ਚਲਦੀ ਕਾਰ ਦੂਜੀ ਲੇਨ ‘ਚ ਵੜ ਜਾਂਦੀ । ਹੋਰ ਕਾਰਾਂ ਵਾਲੇ ਬੁਰਾ ਭਲਾ ਵੀ ਕਹਿੰਦੇ ਪਰ ਕਿਸੇ ਨੂੰ ਕੀ ਕਹਾਂ ? ਕੀ ਦੱਸਾਂ ਕਿ ਮੇਰੇ ਦਿਲ ‘ਚ ਕੀ ਚੱਲ ਰਿਹਾ ਹੈ ਤੇ ਗੱਡੀ ਚਲਾਏ ਬਿਨਾਂ ਵਿਦੇਸ਼ੀ ਜਿੰਦਗੀ ‘ਚ ਸਰਦਾ ਨਹੀਂ । ਹੁਣ ਵੀ ਕਿਸੇ ਨੂੰ ਕੁਝ ਨਹੀਂ ਕਹਿੰਦਾ ਤੇ ਆਪਣੇ ਆਪ ਨੂੰ ਬੇਹੱਦ ਵਿਅਸਤ ਰੱਖਣ ਦੀ ਕੋਸਿ਼ਸ਼ ਕਰਦਾ ਹਾਂ । ਪਰ ਜਦ ਮੈਂ ਕੱਲਾ ਗੱਡੀ ਚਲਾ ਰਿਹਾ ਹੁੰਦਾ ਹਾਂ ਤਾਂ ਪ੍ਰੇਮ ਮੇਰੇ ਨਾਲ ਵਾਲੀ ਸੀਟ ‘ਤੇ ਆ ਬੈਠਦਾ ਹੈ । ਮੈਂ ਉਸਨੂੰ ਕਦੇ ਪਿਆਰ ਨਾਲ਼, ਕਦੇ ਗੁੱਸੇ ਨਾਲ਼, ਕਦੇ ਉਲਾਂਭੇ ਨਾਲ਼ ਪੁੱਛਦਾ ਹਾਂ ਕਿ ਮੈਨੂੰ ਧੋਖਾ ਕਿਉਂ ਦੇ ਗਿਆ ? ਪਰ ਉਹ ਜੁਆਬ ਨਹੀਂ ਦਿੰਦਾ ਤੇ ਹਲਕਾ ਹਲਕਾ ਮੁਸਕਰਾਉਂਦਾ ਰਹਿੰਦਾ ਹੈ । ਜੇਕਰ ਮੈਨੂੰ ‘ਕੱਲਿਆਂ ਛੱਡਣ ਦੇ ਗੁਨਾਹ ਦੀ ਸਜ਼ਾ ਦੇਣ ਦੀ ਕੋਸਿ਼ਸ਼ ਕਰਦਾ ਹਾਂ ਤਾਂ ਮੇਰੀ ਪਹੁੰਚ ‘ਚ ਨਹੀਂ ਹੁੰਦਾ । ਆਪਣੀਆਂ ਗਿੱਲੀਆਂ ਅੱਖਾਂ ਸਾਫ਼ ਕਰਕੇ ਦੇਖਦਾ ਹਾਂ ਤਾਂ ਮੁੜ ਮੁਸਰਾਉਂਦਾ ਹੋਇਆ ਮੇਰੇ ਨਾਲ਼ ਵਾਲੀ ਸੀਟ ਤੇ ਬੈਠਾ ਹੁੰਦਾ ਹੈ । ੳਹ ਹਮੇਸ਼ਾ ਹੀ ਮੁਸਕਰਾਉਂਦਾ ਮਿਲਦਾ ਹੈ ਪਰ ਮੈਂ... ਮੈਂ ਤਾਂ ਹਰ ਪਲ ਮਰ-ਮਰ ਕੇ ਜਿਉਂਦਾ ਹਾਂ । ਪ੍ਰੇਮ ਦਾ ਦਰਦ ਮੈਨੂੰ ਘੁਣ ਵਾਂਗ ਲੱਗ ਚੁੱਕਾ ਹੈ ਤੇ ਮੈਂ ਮਜ਼ਬੂਰ ਹਾਂ ਇਸ ਦਰਦ ਨੂੰ ‘ਕੱਲਾ ਹੀ ਬਰਦਾਸ਼ਤ ਕਰਨ ਲਈ । ਗੁਰਬਾਣੀ, ਕੀਰਤਨ, ਗੀਤ, ਕਹਾਣੀਆਂ, ਸ਼ਬਦ ਸਾਂਝ, ਰੇਡੀਓ.. ਸਭ ਬੇਅਸਰ ਹੈ, ਮੇਰੀ ਮਾਨਸਿਕ ਹਾਲਤ ਬਦਲਣ ਲਈ, ਪਰ ਆਪਣੇ ਆਪ ਨੂੰ ਭਰਮ ‘ਚ ਰੱਖਣ ਲਈ ਹਮੇਸ਼ਾ ਹੀ ਇੰਨ੍ਹਾਂ ‘ਚ ਉਲਝਾਈ ਰੱਖਦਾ ਹਾਂ । ਅਕਸਰ ਹੀ ਚਲਦੀ ਕਾਰ ‘ਚ ਹੀ ਝੜੀ ਲੱਗ ਜਾਂਦੀ ਹੈ, ਜਿਸ ਕਰਕੇ ਕਈ ਵਾਰ ਕਾਰ ਸੜਕ ਦੇ ਕਿਨਾਰੇ ਲਾਉਣੀ ਪੈ ਜਾਂਦੀ ਹੈ । ਇਹ ਝੜੀ ਹਰ ਹਾਲਤ ਮੇਰੀ ਮੰਜਿ਼ਲ ਤੱਕ ਪਹੁੰਚਣ ਤੱਕ ਰੁਕ ਜਾਂਦੀ ਹੈ, ਕਿਉਂ ਜੋ ਆਪਣੀਆਂ ਜਿੰਮੇਵਾਰੀਆਂ ਦਾ ਅਹਿਸਾਸ ਵੀ ਹੈ । ਪਰ ਜਦ ਵੀ ‘ਕੱਲਾ ਹੁੰਦਾ ਹਾਂ ਪ੍ਰੇਮ ਮੈਨੂੰ ਕਦੀ ‘ਕੱਲਾ ਨਹੀਂ ਰਹਿਣ ਦਿੰਦਾ । ਪਲ ਦੀ ਪਲ ਮੇਰੀਆਂ ਯਾਦਾਂ ‘ਚ ਆ ਡੇਰਾ ਲਾਉਂਦਾ ਹੈ । ਉਹ ਮੇਰੇ ਸਾਹਮਣੇ ਹੁੰਦਾ ਹੈ । ਉਸਨੂੰ ਮਹਿਸੂਸ ਕਰਦਾ ਹਾਂ, ਦੇਖਦਾ ਹਾਂ ਪਰ ਛੂਹ ਨਹੀਂ ਸਕਦਾ । ਉਸ ਨਾਲ਼ ਗੱਲਾਂ ਕਰਦਾ ਹਾਂ ਪਰ ਉਹ ਜੁਆਬ ਨਹੀਂ ਦਿੰਦਾ । ਉਹ ਮੇਰੇ ਤੋਂ ਉਮਰ ‘ਚ ਕਾਫ਼ੀ ਛੋਟਾ ਹੈ ਪਰ ਉਸਨੂੰ ਬੇਨਤੀਆਂ ਹੀ ਕਰਦਾ ਹਾਂ... ਜੋ ਕਿ ਉਹ ਨਹੀਂ ਮੰਨਦਾ... ਵਾਰ ਵਾਰ ਕਹਿੰਦਾ ਹਾਂ... ਪ੍ਰੇਮ ! ਇੱਕ ਵਾਰ ਤਾਂ ਬੋਲ ਯਾਰ... ਪ੍ਰੇਮ ਓਏ ! ਆਵਾਜ਼ ਦੇ ਮੇਰੇ ਵੀਰ....
****


4 comments:

Unknown said...

ਮੇਰੇ ਵੀਰ ਤੂੰ ਤਾਂ ਮੈਂਨੂੰ ਵੀ ਰਵਾਅ ਤਾ ਯਾਰ... ਬੜਾ ਦੁੱਖੀ ਹੋਇਆ ਮਨ ਪੜ੍ਹ ਕੇ....

Unknown said...

ਮੇਰੇ ਵੀਰ ਤੂੰ ਤਾਂ ਮੈਂਨੂੰ ਵੀ ਰਵਾਅ ਤਾ ਯਾਰ... ਬੜਾ ਦੁੱਖੀ ਹੋਇਆ ਮਨ ਪੜ੍ਹ ਕੇ....

Shammi Jalandhari said...

Gulati sahib ,, tuhade dard di gehrai da koi ant nahi hai ,,na hi koi is da hakim na hi ilaaz ,parmatma tuhanoo ih darad sehan di shakti deve,,,

Anonymous said...

ਰਿਸ਼ੀ ਜੀ,
ਤੁਹਾਡੀ ਜ਼ਿੰਦਗੀ ਦੇ ਏਸ ਚੰਦਰੇ ਦਿਨ ਬਾਰੇ 'ਦ ਪੰਜਾਬ' 'ਚ ਪੜਿਆ..ਪੜ੍ਹਦਿਆਂ ਪਤਾ ਨਹੀਂ ਕਿੰਨੇ ਵਾਰ ਅੱਖਾਂ ਸਿੱਲੀਆਂ ਹੀ ਨਹੀਂ ਹੋਈਆਂ...ਸਗੋਂ ਵਹਿ ਤੁਰੀਆਂ...।
ਓਥੋਂ ਹੀ 'ਸ਼ਬਦ ਸਾਂਝ' ਬਾਰੇ ਪਤਾ ਲੱਗਾ...ਤੇ ਤੁਹਾਡੇ ਦੁੱਖ 'ਚ ਸ਼ਰੀਕ ਹੋਣ ਲਈ ਆਪਣੇ ਆਪ ਨੂੰ ਰੋਕਿਆ ਨਹੀਂ ਗਿਆ।
ਕਈ ਵਾਰ ਜ਼ਿੰਦਗੀ ਬੰਦੇ ਨੂੰ ਕਿੰਨਾ ਮਜਬੂਰ ਬਣਾ ਦਿੰਦੀ ਹੈ...ਕਿੰਨਾ ਬੇਬਸ...ਕਿ ਕੋਈ ਆਵਦੇ ਨੂੰ ਹੱਥੀਂ ਵਿਦਾ ਵੀ ਨਹੀਂ ਕਰ ਸਕਦਾ....। ਪ੍ਰੇਮ...ਜਿਸ ਨੂੰ ਮੈਂ ਹੁਣ ਤੱਕ ਜਾਣਦੀ ਵੀ ਨਹੀਂ ਸੀ....ਓਸ ਦਾ ਜਾਣਾ ਪਤਾ ਨਹੀਂ ਕਿਓਂ ਐਨਾ ਦਰਦੀਲਾ ਲੱਗਾ...ਰੱਬ ਦਾ ਭਾਣਾ ਮੰਨਣ ਨੂੰ ਸਾਰੇ ਕਹਿੰਦੇ ਨੇ....ਮੰਨਣਾ ਬੜਾ ਔਖਾ ਹੁੰਦਾ.....
ਪਾਂਧੀ ਤੁਰ ਗਏ
ਅਣਦੱਸੀਂ ਥਾਵੇਂ
ਛੱਡ ਕੇ ਪੈੜਾਂ !

ਹਰਦੀਪ