ਕਿਰਚੀ ਕਿਰਚੀ ਖਿਲਰ ਗਿਆ.......... ਗ਼ਜ਼ਲ / ਰਾਜਿੰਦਰ ਜਿੰਦ,ਨਿਊਯਾਰਕ


ਕਿਰਚੀ ਕਿਰਚੀ ਖਿਲਰ ਗਿਆ ਤੇ ਲੋਕੀ ਲੱਭਣ ਆਏ ਨੇ।
ਧੁੱਪ ਦੇ ਨਾਲ ਹੀ ਡਰ ਕੇ ਰਲ ਗਏ ਮੇਰੇ ਅਪਣੇ ਸਾਏ ਨੇ।

ਵਖਰੀ ਗੱਲ ਹੈ ਤੇਰੇ ਵਰਗਾ ਇਕ ਵੀ ਮੈਥੋਂ ਬਣਿਆ ਨਾ,
ਅਖੀਆਂ ਮੀਚ ਇਕੱਲਿਆਂ ਬਹਿ ਮੈਂ ਕਿੰਨੇ ਨਕਸ਼ ਬਣਾਏ ਨੇ।

ਫਸਲ ਵਫਾ ਦੀ ਬੀਜੀ, ਉਥੇ ਧੋਖੇ ਦੇ ਫੁੱਲ ਉੱਗੇ ਨੇ,
ਇਸ ਮਿੱਟੀ ਵਿਚ ਮਿੱਤਰਾਂ ਖੌਰੇ ਕਿਹੜੇ ਪਾਣੀ ਪਾਏ ਨੇ।



ਇਹ ਕਿੱਦਾਂ ਦੀ ਧਰਤ ਨਿਰਾਲੀ ਕਿੱਦਾਂ ਦੇ ਰਖਵਾਲੇ ਨੈ,
ਏਸ ਚਮਨ ਦੇ ਸੱਜਰੇ ਫੁੱਲ ਵੀ ਰੁੱਤਾਂ ਵਿਚ ਕੁਮਲਾਏ ਨੇ।

ਤੇਨੂੰ ਬੇਸ਼ਕ ਮੇਰੇ ਬਾਗ ਦੇ ਫੁੱਲਾਂ ਨਾਲ ਵੀ ਨਫਰਤ ਹੈ,
ਮੈਂ ਤਾਂ ਫਿਰ ਵੀ ਤੇਰੀ ਜਿੱਤ ਦੇ ਨਿੱਤ ਹੀ ਜਸ਼ਨ ਮਨਾਏ ਨੇ।

ਮਿਲਣਾ ਹੈ ਤਾਂ ਅਪਣੇ ਦਿਲ ‘ਚੋਂ ਕੱਢੀਆਂ ਕੰਧਾਂ ਢ੍ਹਾ ਆਵੀਂ,
ਹਾਲੇ ਵੀ ਮੈਂ ਇਸ ਰਿਸ਼ਤੇ ਲਈ ਕਿੰਨੇ ਸ਼ਬਦ ਬਚਾਏ ਨੇ।
****

No comments: