ਸਾਡੇ ਪਿੰਡ ਦੀ ਗੱਲ ਐ, ਕੋਈ ਵੇਖ ਲਾ ਬਈ ਦੋ-ਵੀਹਾਂ ਤੇ ਸੱਤ ਵ੍ਹਰਿਆਂ ਦੀ । ਉਦੋਂ ਤਾਏ ਬਿਸ਼ਨੇ ਕੀ ਮੱਝ ਨੇ ਕੱਟੀ ਦਿੱਤੀ ਸੀ, ਬਲਾ ਸੋਹਣੀ । ਉਹਨਾਂ ਨੇ ਗੁੜ ਵੰਡਿਆ ਸੀ । ਮੇਰਾ ਤਾਇਆ ਸੀ ‘ਸਰਪੈਂਚ’ ਤੇ ਪੁਲਸ ਆਲੇ ਕਿਸੇ ਹੋਰ ਪਿੰਡ ਦਾ ਕੇਸ ਭੁਗਤਣ ਆਏ ਵੀ ਸਾਡੇ ਘਰੇ ਹੀ ਆ ਜਾਂਦੇ ਸੀ । ਆਉਂਦੇ ਵੀ ਕਿਉਂ ਨਾ ? ਆਉਂਦਿਆਂ ਨੂੰ ਦੁੱਧ, ਖਾਣ ਨੂੰ ਕੁੱਕੜ ਦੀ ਦਾਲ ਨਾਲ਼ “ਮਹਾਰਾਜਾ ਧੀਰਾਜ” ਆਲੀ ਰੱਤੀ-ਸੰਤਰਾ ਮਾਰਕਾ ਦਾਰੂ । ਗੱਲ ਮੁਕਾ, ਜੇ ਕਿਤੇ ਆਉਂਦੇ ਜਾਂਦਿਆਂ ਨੇ ਰੁਕਣਾ ਤਾਂ ਤਾਇਆ ਜੀ ਨੇ ਸੁਲਹਾ ਮਾਰਨੀ “ਰੋਟੀ-ਪਾਣੀ” ਦੀ ਦਿਉ ਗੱਲ । ਪੁਲਸ ਆਲੇ ਭਾਵੇਂ ਦੁਜੇ ਪਿੰਡੋਂ ਐਨ ‘ਕੇਰਾਂ ਕੁੱਖਾਂ’ ਕੱਢਕੇ ਆਏ ਹੁੰਦੇ ਤਾਂ ਵੀ ਕਹਿਣਾ “ਰੋਟੀ ਤਾਂ ਬ੍ਹੋਘ ਸਿਆਂ ਖਾ ਕੇ ਆਏ ਹਾਂ । ਮੁੰਡਿਆਂ ਨੂੰ ਆਖ ਦੋ ਕੁੱਕੜ ਬਣਾ ਲੈਣ । ਚੱਲ ਤੇਰਾ ਮਾਣ ਰਹਿ ਜੂ । ਐਂ ਨਾ ਆਖੀਂ, ਬਈ ਮੇਰੇ ਘਰੋਂ ਕੁਸ਼ ਖਾਧਾ ਪੀਤਾ ਨੀਂ ।
ਇੱਕ ਵਾਰੀ ਆਪਣੇ ਕੁਲਵਿੰਦਰ ਖ੍ਹੈਰੇ ਵਰਗੇ ਨੂੰ ਫੜ ਕੇ ਲਿਆਏ । ਉਸ ‘ਤੇ ਕਿਸੇ ਨੇ ਡਾਇਰੀ (ਪੁਲਸ ਵਾਲਿਆਂ ਨੂੰ ਸੂਹ ਦੇਣੀ) ਦਿੱਤੀ ਸੀ, ਬਈ ਉਹ ਦਾਰੂ ਕੱਢਦਾ ਐ । ਚੇਤ ਵਿਸਾਖ ਦਾ ਮਹੀਨਾ ਸੀ । ਸਾਡੀਆਂ ਟਾਹਲੀਆਂ ਹੇਠ ਆ ਬੈਠੇ । ਚਾਹ ਪਾਣੀ ਪੀਣ ਪਿੱਛੋਂ ਠਾਣੇਦਾਰ ਉਸਨੂੰ ਕਹਿੰਦਾ “ਹਾਂ ਬਈ ਦੱਸ ‘ਫੇ ਜ੍ਹਿੜੇ ਤੂੰ ਦਾਰੂ ਦੇ ਘੜੇ ਪਾਏ ਐ, ਉਹ ਕਿੱਥੇ ਐ ? ਜੇ ਤਾਂ ਸਿੱਧੀ ਤਰਾਂ ਦੱਸ ਦਏਂਗਾ ਤੇਰਾ ਛੇਤੀ ਖ੍ਹੈੜਾ ਛੁੱਟ ਜੂ । ਨਹੀਂ ‘ਫੇ ਤੈਨੂੰ ਪਤਾ ਈ ਐ । ਸਾਡੇ ਮ੍ਹੂਹਰੇ ਤਾਂ ਯਮਰਾਜ਼ ਵੀ ਕੱਥਕ ਕਰਨ ਲੱਗ ਜਾਂਦਾ ਐ ।”
“ਨਹੀਂ ਹਜ਼ੂਰ ! ਮੈਂ ਕੋਈ ਘੜੇ-ਘੁੜੇ ਨੀਂ ਪਾਏ । ਇਹ ਤਾਂ ਬੱਚਿਆਂ ਆਲਿਓ, ਸਾਡੇ ਪਿੰਡ ਆਲਾ ਜਿਹੜਾ ਸ਼ਰਾਬ ਦੇ ਠੇਕੇ ਆਲਾ ਐ, ਕੁਲਜੀਤ ਮਾਨ, ਉਸੇ ਨੇ ਮੈਨੂੰ ‘ਹਨੱਕਾ’ ਫਸਾਇਆ ਐ ਜੀ ।”
ਠਾਣੇਦਾਰ ਸਿਪਾਹੀਆਂ ਨੂੰ ਕਹਿੰਦਾ “ ਪਾਉ ਏਸਨੂੰ ਲੰਮਾਂ ਤੇ ਲਾਉ ਤੌਣੀ ।”
“ਖੜ੍ਹ ਜੋ ਮਾਪਿਓ ! ਮੈਨੂੰ ਆਵਦਾ ਝੱਗਾ ਲਾਹ ਲੈਣ ਦਿਉ ।”
“ਕਿਉਂ ਮਾਂ ਚੋ.........ਤੈਨੂੰ ਝੱਗਾ ਤੇਰੇ ਪਿੰਡੇ ਨਾਲੋਂ ਜਿਆਦਾ ਲੋੜੀਂਦਾ ਐ ?”
“ਮਾਪਿਉ ਕੁੱਟਣਾ ਤਾਂ ਤੁਸੀਂ ਹੈਗਾ ਈ ਐ । ਮੇਰਾ ਝੱਗਾ ਥੋਡੀ ਕੁੱਟ ਨੇ ਪਾੜ ਦੇਣਾ ਐ । ਮੁੜ ਕੇ ਜੁੜਨਾ ਨੀਂ । ਦੋ ਦਿਹਾੜੀਆਂ ਤਾਂ ‘ਡਾਕਦਾਰ’ ਵਰਿਆਮ ਸੰਧੂ ਹੋਰਾਂ ਦੇ ਤੇ ਇੱਕ ਦਿਹਾੜੀ ਅੰਕਾਰ ਸਿਉਂ ਕੇ ਲਾਅਗੀ ਸੀ, ਤਾਂ ਜਾ ਕੇ ਜੁੜਿਆ ਗਰੀਬ ਨੂੰ ।”
ਤਾਇਆ ਜੀ ਠਾਣੇਦਾਰ ਨੂੰ ਕਹਿੰਦੇ “ਸ਼ਰਮਾ ਸਾਹਿਬ ! ਛੱਡੋ ਪਰ੍ਹਾਂ । ਇਹ ਦਾਰੂ ਕੱਢਦਾ ਹੁੰਦਾ ਤਾਂ ਸਹੁਰੇ ਨੇ ਆਹ ਕਮੀਜ਼ ਲਾਹੁਣ ਵਾਲੀ ਗੱਲ ਨੀਂ ਸੀ ਕਰਨੀ ।”
“ਬ੍ਹੋਘ ਸਿਆਂ ਕਢ੍ਹਾ ਤਾਂ ਅਸੀਂ ਲੈਣੀ ਸੀ ਪਰ ਜੇ ਤੁਸੀਂ ਕਹਿਨੇ ਓਂ ਤਾਂ ਚੱਲ ਕੁਸ਼ ਨੀਂ ਕਹਿੰਦੇ ।”
ਤਾਇਆ ਜੀ ਕੁਲਵਿੰਦਰ ਨੂੰ ਕਹਿੰਦੇ “ਜਾਹ ਭੱਜ ਜਾਹ ਓਏ ! ਅੰਦਰੋਂ ਜਾ ਕੇ ਦੋ ਰੋਟੀਆਂ ਖਾਅ ਜਾਅ ਤੇ ਚਾਹ ਦੀ ਘੁੱਟ ਵੀ ਪੀ ਲਈਂ ।”
“ਬੱਚਿਆਂ ਆਲਿਓ ! ਰੱਬ ‘ਸੋਡੀ’ ਵੱਡੀ ਉਮਰਾ ਕਰੇ, ਜਿਹੜਾ ਗਰੀਬ ਦੀ ਜਾਨ ਐਹਨਾਂ ਜਮਾਂ ਤੋਂ ਬਚਾਤੀ ।”
ਉਸਦੀ ਗੱਲ ਸੁਣਕੇ ਠਾਣੇਦਾਰ ਬੋਲਿਆ “ ਕੀ ਭੌਂਕਦਾ ਐਂ ਓਏ ?”
“ਨਹੀਂ ਹਜ਼ੂਰ ! ਮੈਂ ਤਾਂ ਆਵਦੇ ਮਨ ਨਾਲ ਈ ਗੱਲਾਂ ਕਰਦਾਂ । ‘ਸੋਨੂੰ’ ਤਾਂ ਮੈਂ ਕੁਸ਼ ਨੀ ਆਖਿਆ ।”
“ਚੰਗਾ ਜਾਹ ਪਹਿਲਾਂ ਚਾਹ ਚੂਹ ਪੀ ਲਾ । ‘ਫੇ ਸਾਡੀ ਜੀਪ ਧੋਈਂ ।”
“ਸੱਤ ਬਚਨ ਮਾਈ-ਬਾਪ ।”
****
1 comment:
Wakil Sahib rooh khush ho gaee ji tuhaadi likhat parh ke
Post a Comment