"ਸਪਨੇ ਮੇਂ ਮਿਲਤੀ ਹੈ, ਓ ਕੁੜੀ ਮੇਰੀ ਸਪਨੇ ਮੇਂ ਮਿਲਤੀ ਹੈ" ਅੱਜ ਤੋਂ 12 -13 ਵਰ੍ਹੇ ਪਹਿਲਾਂ ਜਦੋਂ ਇਹ ਗੀਤ ਸੁਣਿਆ ਸੀ ਤਾਂ ਬਾਲੀਵੁੱਡ ਦੇ ਗੀਤਕਾਰਾਂ ਦੀ ਅਕਲ ਤੇ ਹਾਸਾ ਵੀ ਆਇਆ ਸੀ ਤੇ ਪੰਜਾਬੀ ਬੋਲੀ ਦੀ ਹਾਲਤ ਤੇ ਤਰਸ ਵੀ । ਭਾਵੇਂ ਇਹ ਗੀਤ ਇੱਕ ਪੰਜਾਬੀ ਭਾਵ ਗੁਲਜ਼ਾਰ ਸਾਹਿਬ ਨੇ ਲਿਖਿਆ ਸੀ ਪਰ ਉਹ ਕਿਉਂਕਿ ਬਹੁਤ ਸਮੇਂ ਤੋਂ ਪੰਜਾਬ ਤੋਂ ਦੂਰ ਰਹਿ ਰਹੇ ਹਨ ਅਤੇ ਜ਼ਿਆਦਾਤਰ ਹਿੰਦੀ ਜਾਂ ਉਰਦੂ ਵਿੱਚ ਲਿਖਦੇ/ਵਿਚਰਦੇ ਹਨ ਇਸ ਕਰਕੇ ਉਹਨਾਂ ਦੀ ਇਹ ਗਲਤੀ ਬਹੁਤੀ ਰੜਕੀ ਨਹੀਂ ਸੀ; ਪਰ ਬਹੁਤ ਸਾਰੇ ਪੰਜਾਬੀ ਪ੍ਰੇਮੀਆਂ ਨੂੰ ਇਸ ਗੱਲ ਦਾ ਗਿਲਾ ਜ਼ਰੂਰ ਸੀ । ਅਸਲ ਵਿੱਚ ਹਰੇਕ ਬੋਲੀ ਦਾ ਆਪਣਾ ਮੁਹਾਵਰਾ ਹੁੰਦਾ ਹੈ ਤੇ ਤਰਜਮਾ ਜਾਂ ਅਨੁਵਾਦ ਕਰਦੇ ਸਮੇਂ ਸ਼ਬਦ ਤੋਂ ਸ਼ਬਦ ਉਲੱਥਾ ਨਹੀਂ ਕੀਤਾ ਜਾਂਦਾ ਬਲਕਿ ਪੂਰੇ ਵਾਕ ਦਾ ਅਰਥ ਸਮਝ ਕੇ ਦੂਜੀ ਬੋਲੀ ਦੇ ਮੁਹਾਵਰੇ ਵਿੱਚ ਢਾਲ ਕੇ ਤਰਜਮਾ ਕੀਤਾ ਜਾਂਦਾ ਹੈ । ਉਕਤ ਗੀਤ ਦੇ ਬੋਲਾਂ ਦੀ ਜੇ ਗੱਲ ਕਰੀਏ ਤਾਂ ਇੱਥੇ ਕੁੜੀ ਸ਼ਬਦ ਦੀ ਵਰਤੋਂ ਪ੍ਰੇਮਿਕਾ ਜਾਂ ਮਾਸ਼ੂਕਾ ਲਈ ਕੀਤੀ ਗਈ ਹੈ, ਪ੍ਰੰਤੂ ਅਸੀਂ ਜਾਣਦੇ ਹਾਂ ਕਿ ਪੰਜਾਬੀ ਵਿੱਚ ਮੇਰੀ ਕੁੜੀ ਦਾ ਅਰਥ ਮੇਰੀ ਪ੍ਰੇਮਿਕਾ ਨਹੀਂ ਹੁੰਦਾ ਬਲਕਿ ਮੇਰੀ ਧੀ ਹੁੰਦਾ ਹੈ, ਜਦੋਂ ਕਿ ਅੰਗ੍ਰੇਜ਼ੀ ਵਿੱਚ ਮੇਰੀ ਬੇਟੀ ਲਿਖਣਾ ਹੋਵੇ ਤਾਂ 'My daughter' ਜਾਂ 'My kid' ਲਿਖਿਆ ਜਾਵੇਗਾ ਅਤੇ 'My girl' ਮੇਰੀ ਪ੍ਰੇਮਿਕਾ ਦੇ ਲਈ ਵਰਤਿਆ ਜਾਂਦਾ ਹੈ ।
ਮੁੰਬਈ ਸ਼ਹਿਰ ਤੇ ਖਾਸਕਰ ਫਿਲਮ ਜਗਤ ਵਿੱਚ ਅੰਗ੍ਰੇਜ਼ੀ ਤੇ ਹਿੰਦੀ ਦਾ ਬੋਲਬਾਲਾ ਹੈ ਪ੍ਰੰਤੂ ਪੰਜਾਬੀ ਸੰਗੀਤ ਤੇ ਸਭਿਆਚਾਰ ਹਿੰਦੀ ਫਿਲਮਾਂ ਦੀ ਸਫਲਤਾ ਦੇ ਫਾਰਮੂਲਿਆਂ ਵਿੱਚ ਸੁਪਰਹਿੱਟ ਹਨ, ਇਸ ਕਰਕੇ ਉਥੋਂ ਦੇ ਲੇਖਕ ਸੋਚਦੇ ਤਾਂ ਅੰਗ੍ਰੇਜ਼ੀ-ਹਿੰਦੀ ਵਿੱਚ ਹਨ ਤੇ ਲਿਖਦੇ ਹਨ ਹਿੰਦੀ-ਪੰਜਾਬੀ ਵਿੱਚ, ਇਸ ਲਈ ਅਕਸਰ ਇਹ ਹੋ ਜਾਂਦਾ ਹੈ ਕਿ ਲੇਖਕ/ਗੀਤਕਾਰ ਕਹਿਣਾ ਕੁਝ ਹੋਰ ਚਾਹੁੰਦਾ ਹੈ ਤੇ ਕਹਿ ਕੁਝ ਹੋਰ ਜਾਂਦਾ ਹੈ । ਇਹੀ ਘਪਲਾ ਸ਼ਾਇਦ ਇਸ ਗੀਤ ਨੂੰ ਲਿਖਣ ਵਿੱਚ ਹੋਇਆ । ਅੱਜ ਜਦੋਂ ਕਿ ਪੰਜਾਬੀ ਦੇ ਖਾਲਸ ਤੇ ਮੌਲਿਕ ਲੇਖਕ, ਗੀਤਕਾਰ ਤੇ ਪੰਜਾਬੀ ਮਾਂ ਬੋਲੀ ਦੇ ਖੈਰ-ਖਵਾਹ ਫੇਸਬੁੱਕ ਅਤੇ ਇੰਟਰਨੇਟ ਦੀ ਭਰਪੂਰ ਵਰਤੋਂ ਕਰ ਰਹੇ ਹਨ ਤਾਂ ਇਸ ਪਾਸੇ ਵੀ ਧਿਆਨ ਦੇਣ ਦੀ ਲੋੜ ਹੈ ਕਿ ਪੰਜਾਬੀ ਨੂੰ ਲਿਖਣ ਸਮੇਂ ਮੁਹਾਵਰੇ ਤੇ ਸ਼ਬਦ ਜੋੜਾਂ ਦਾ ਖਾਸ ਖਿਆਲ ਰਖਿਆ ਜਾਵੇ ।
ਅੱਜ ਮੈਂ ਇਸ ਵਿਸ਼ੇ ਤੇ ਲਿਖਣ ਦਾ ਮੂਡ ਤਾਂ ਬਣਾਇਆ ਹੈ ਕਿਉਂਕਿ ਬਹੁਤ ਸਾਰੇ ਮਿੱਤਰ ਫੇਸਬੁੱਕ, ਓਰਕੁਟ ਜਾਂ ਹੋਰ ਸੋਸ਼ਲ ਨੈੱਟਵਰਕਿੰਗ ਸਾਇਟਾਂ 'ਤੇ ਅਜਿਹੀਆਂ ਗਲਤੀਆਂ ਅਕਸਰ ਹੀ ਕਰਦੇ ਰਹਿੰਦੇ ਹਨ । ਇਸੇ ਤਰ੍ਹਾਂ ਪਿਛਲੇ ਦਿਨੀ ਪੰਜਾਬੀ ਦੇ ਇੱਕ ਨਾਮਵਰ ਅਤੇ ਸਤਿਕਾਰਿਤ ਲੇਖਕ ਅਤੇ ਨਾਟਕਕਾਰ ਦੀ ਬੇਟੀ ਦਾ ਜਨਮ ਸੀ। ਉਹਨਾਂ ਨੇ ਆਪਣੀ ਫੇਸਬੁੱਕ ਵਾਲ 'ਤੇ ਅੰਗ੍ਰੇਜ਼ੀ ਵਿੱਚ ਲਿਖਿਆ: 'It's 18th Birthday of my dear girl' ਸੋ ਇਸਨੂੰ ਪੜ੍ਹ ਕੇ ਮੈਨੂੰ 13 ਸਾਲ ਪੁਰਾਣੇ ਉਕਤ ਗੀਤ ਦੀ ਯਾਦ ਆ ਗਈ ਤੇ ਮੈਂ ਸੋਚਿਆ ਕਿ ਕਿਉਂ ਨਾਂ ਇਸ ਵਿਸ਼ੇ 'ਤੇ ਸਾਰੇ ਮਿੱਤਰ ਪਿਆਰਿਆਂ ਨਾਲ ਸਾਂਝ ਕੀਤੀ ਜਾਵੇ । ਸੋ ਦੋਸਤੋ ਬੇਨਤੀ ਹੈ ਕਿ ਆਪਾਂ ਸਾਰੇ ਇਸ ਗੱਲ ਵੱਲ ਥੋੜ੍ਹਾ ਜਿਹਾ ਧਿਆਨ ਦੇਈਏ ਅਤੇ ਪੰਜਾਬੀ ਬੋਲੀ ਦੀ ਸ਼ੁੱਧਤਾ ਨੂੰ ਬਰਕਰਾਰ ਰੱਖੀਏ ਤਾਂ ਕਿ ਇਸਦੀ ਸੁੰਦਰਤਾ ਬਣੀ ਰਹੇ ।
****
1 comment:
ਪਿਆਰੇ ਵੀਰ ਗੁਰਮੇਲ ਜੀ,
ਤੁਸੀ ਬਹੁਤ ਈ ਵਧੀਆ ਗੱਲ ਆਖੀ ਏ. ਕਾਸ਼ ਸਾਰੀ ਪੰਜਾਬੀ ਕੌਮ ਈ ਤੁਹਾਡੇ ਆਕਣ ਸੋਚਣ ਲੱਗ ਵੰਜੇ ਤੇ ਕਿਤਨਾ ਈ ਚੰਗਾ ਹੋਵੇ. ਬੋੱਲੀਵੁੱਡ ਆਲੇ ਪੰਜਾਬੀ ਬੋਲੀ ਦੀ ਮਿਠਾਸ ਤੇ ਪੰਜਾਬੀ ਰਹਿਤਲ (ਸੱਭਿਆਚਾਰ) ਦੀ ਅਮੀਰੀ ਦਾ ਲਾਹਾ ਚਆ (ਚੱਕ) ਕਿ ਆਪਣੀਆਂ ਫ਼ਿਲਮਾਂ’ਨ ਕਾਮਯਾਬ ਬਣਾਉਂਦੇ’ਨ ਇਹ ਪੰਜਾਬੀ ਬੋਲੀ ਦੇ ਮੁੱਕਣ, ਪੰਜਾਬੀ ਬੋਲੀ ਦਾ ਮੁਹਾਂਦਰਾ ਵਿਗੜਣ ਤੇ ਇਹਦੇ ਠੇਠਪੁਣੇ ਦੇ ਮੁੱਕਣ ਦਾ ਹੇੱਕ ਵੱਡਾ ਕਾਰਣ ਏ| ਜੇ ਪੰਜਾਬੀ ਲੋਕੀ ਠੇਠ ਪੰਜਾਬੀ ਬੋਲਣ ਤੇ ਵੱਤ ਹਿੰਦੀ/ਉਰਦੂ ਆਲੇਇਆ’ਨ ਉਹਦੀ ਨਿਰੀ ੫% ਈ ਸਮਝ ਆਵੇ ਯਾ ਇਹਦੇ ਤੋਂ ਵੀ ਘੱਟ
Post a Comment