ਮੀਆਂ ਮੀਰ ਦੀ ਪੁਕਾਰ......... ਗੀਤ / ਮਲਕੀਅਤ ਸਿੰਘ "ਸੁਹਲ"

ਮੈਂ ਇੱਟ ਨਾਲ ਇੱਟ ਖੜਕਾ ਦਿਆਂ,
ਦਿੱਲੀ ਤੇ ਲਾਹੌਰ ਸ਼ਹਿਰ ਦੀ ।

ਵੇਖ ਕੇ ਜ਼ੁਲਮ ਮੈਥੋਂ ਜਾਂਦਾ ਨਹੀਂ ਸਹਾਰਿਆ।
ਜ਼ਾਲਮਾਂ ਨੇ ਕਹਿਰ ਕੈਸਾ ਤੁਸਾਂ 'ਤੇ ਗੁਜ਼ਾਰਿਆ।
ਫੂਕ ਮਾਰ ਕੇ ਮੈਂ ਪਲ 'ਚ ਬੁਝਾ ਦਿਆਂ,
ਮੱਚੀ ਹੈ ਜੋ ਅੱਗ ਕਹਿਰ ਦੀ,
ਮੈਂ ਇੱਟ ਨਾਲ ਇੱਟ ਖੜਕਾ ਦਿਆਂ........

ਤੱਤੀ ਰੇਤ ਸੀਸ ਪੈਂਦੀ, ਵੇਖੀ ਨਹੀਉਂ ਜਾਂਵਦੀ।
ਤਸੀਹੇ ਵੇਖ-ਵੇਖ ਮੇਰੀ ਰੂਹ ਹੈ ਕੁਰਲਾਂਵਦੀ।
ਹੈ, ਵੇਖੋ ਪਾਪ ਦਾ ਤੂਫ਼ਾਨ ਅੱਜ ਝੁੱਲਿਆ,
ਹਨੇਰੀ ਜ਼ਬਰਾਂ ਦੇ ਜ਼ਹਿਰ ਦੀ,
ਮੈਂ ਇੱਟ ਨਾਲ ਇੱਟ ਖੜਕਾ ਦਿਆਂ........

ਦਿਉ ਮੈਨੂੰ ਆਗਿਆ ਮੈਂ ਧਰਤੀ ਹਿਲਾ ਦਿਆਂ।
ਜ਼ਬਰ ਦੇ ਜ਼ਾਲਮਾਂ ਨੂੰ ਸਬਕ ਸਿਖਾ ਦਿਆਂ ।
ਅੱਗ ਪਈ ਵਰ੍ਹੇ ਉਤੋਂ ਜੇਠ ਦਾ ਮਹੀਨਾ,
ਧੁੱਪ ਤਿੱਖੀ ਹੈ ਦੁਪਹਿਰ ਦੀ,
ਮੈਂ ਇੱਟ ਨਾਲ ਇੱਟ ਖੜਕਾ ਦਿਆਂ........

"ਸੁਹਲ" ਸਦਾ ਰੱਬ ਦੀ ਹੀ ਰਜ਼ਾ ਵਿਚ ਰਹਿਣਾ ਹੈ।
ਮੀਆਂ ਮੀਰ ਭਾਣਾ ਉਹਦਾ ਮੰਨਣਾ ਹੀ ਪੈਣਾ ਹੈ।
ਹਾਂਡੀ ਕਹਿਰ ਦੀ, ਇਹ ਜ਼ੁਲਮ ਦੀ ਅੱਗ ਤੇ,
ਇੱਕ ਪਲ ਵੀ ਨਹੀਂ ਠਹਿਰਦੀ,
ਮੈਂ ਇੱਟ ਨਾਲ ਇੱਟ ਖੜਕਾ ਦਿਆਂ........

****

No comments: