ਐਡੀਲੇਡ : ਸਾਊਥ ਆਸਟ੍ਰੇਲੀਆ ਦੀ ਰਾਜਧਾਨੀ ਐਡੀਲੇਡ ਵਿੱਚ ਚਿਰਾਂ ਤੋਂ ਉਡੀਕਿਆ ਜਾ ਰਿਹਾ ਰੌਣਕ ਮੇਲਾ ਆਖਿਰ ਆਪਣੀਆਂ ਸੁਨਿਹਰੀ ਯਾਦਾਂ ਲੋਕਾ ਦੇ ਮਨਾਂ ‘ਚ ਛੱਡਦਾ ਹੋਇਆ ਆਪਣੇ ਮੁਕਾਮ ‘ਤੇ ਪਹੁੰਚਿਆ । ਐਡੀਲੇਡ ਦੇ ਇਤਿਹਾਸ ‘ਚ ਪਹਿਲੀ ਵਾਰ ਨੀਲੀ ਛਤਰੀ ਥੱਲੇ ਕੋਈ ਪੰਜਾਬੀ ਪ੍ਰੋਗਰਾਮ ਕਰਵਾਉਣ ਦਾ ਹੌਸਲਾ ਪੰਜਾਬੀ ਕਲਚਰਲ ਐਸੋਸੀਏਸ਼ਨ ਸਾਊਥ ਆਸਟ੍ਰੇਲੀਆ ਤੇ ਡਰੀਮ ਵਰਲਡ ਨੇ ਕੀਤਾ । ਭਾਵੇਂ ਮਹਿਕਮਾ ਏ ਮੌਸਮ ਇਸ ਦਿਨ ਵੀ ਬਾਰਿਸ਼ ਹੋਣ ਦੀਆਂ ਭਵਿੱਖਬਾਣੀਆਂ ਕਰ ਰਿਹਾ ਸੀ ਪਰ ਪੰਜਾਬੀਆਂ ਦੇ ਇਸ ਉਤਸ਼ਾਹ ਨੂੰ ਦੇਖਦਿਆਂ ਰੱਬ ਨੇ ਵੀ ਸਾਥ ਦਿੱਤਾ ਤੇ ਬਹੁਤ ਹੀ ਸੁਹਾਵਣੇ ਮੌਸਮ ‘ਚ ਲੋਕਾਂ ਨੇ “ਦੇਸੀ ਰਾਕ ਸਟਾਰਜ਼” ਦੀ ਕਲਾ ਦਾ ਆਨੰਦ ਮਾਣਿਆ । ਇਸ ਪ੍ਰੋਗਰਾਮ ‘ਚ ਗਾਇਕ ਗਿੱਪੀ ਗਰੇਵਾਲ, ਸ਼ੈਰੀ ਮਾਨ, ਗੀਤਾ ਜ਼ੈਲਦਾਰ, ਬੱਬਲ ਰਾਏ ਤੇ ਅਭਿਨੇਤਰੀ ਨੀਰੂ ਬਾਜਵਾ ਨੇ ਆਪਣੇ ਜਲਵੇ ਬਿਖੇਰੇ । ਇਸ ਤੋਂ ਇਲਾਵਾ ਪ੍ਰੋਗਰਾਮ ਨੂੰ ਪੰਜਾਬ ਦੇ ਮੇਲੇ ਜਿਹਾ ਮਾਹੌਲ ਦੇਣ ਲਈ ਪ੍ਰਬੰਧਕਾਂ ਵੱਲੋਂ ਖਾਣ ਪੀਣ ਦੇ ਸਟਾਲ ਲਗਾਏ ਗਏ ਸਨ । ਸਭ ਤੋਂ ਵੱਡੀ ਗੱਲ ਜੋ ਦੇਖਣ ‘ਚ ਆਈ, ਉਹ ਇਹ ਸੀ ਕਿ ਪੰਜਾਬੀਆਂ ਨੇ ਇਸ ਮੇਲੇ ‘ਚ ਲੜਾਈ ਝਗੜੇ ਦੀ ਥਾਂ ਮਨੋਰੰਜਨ ਨੂੰ ਪਹਿਲ ਦਿੱਤੀ ।
ਇਸ ਮੌਕੇ ‘ਤੇ ਸਾਊਥ ਆਸਟ੍ਰੇਲੀਆ ਦੀ ਮਲਟੀਕਲਚਰ ਮਨਿਸਟਰ ਮਾਣਯੋਗ ਗ੍ਰੇਸ ਪ੍ਰੋਟੋਲੇਸੀ, ਲੈਫਟੀਨੈਂਟ ਗਵਰਨਰ ਹੀਊ ਵੈਨ ਲੀ, ਮਾਣਯੋਗ ਜਿੰਗ ਲੀ ਐਮ. ਐਲ. ਸੀ., ਮੇਜਰ ਜਨਰਲ ਵਿਕਰਮ ਮਦਾਨ ਅਤੇ ਕਰਨਲ ਬਿੱਕਰ ਸਿੰਘ ਬਰਾੜ ਨੇ ਸਿ਼ਰਕਤ ਕਰਕੇ ਮੇਲੇ ਨੂੰ ਹੋਰ ਭਾਗ ਲਗਾ ਦਿੱਤੇ । ਇਸ ਮੌਕੇ ਆਏ ਪਤਵੰਤਿਆਂ ਦਾ ਸੁਆਗਤ ਕਰਦਿਆਂ ਐਸੋਸੀਏਸ਼ਨ ਦੇ ਪ੍ਰਧਾਨ ਮਿੰਟੂ ਬਰਾੜ ਨੇ ਪੰਜਾਬੀ ਸੱਭਿਆਚਾਰ ਤੇ ਵਿਰਸੇ ਨੂੰ ਪ੍ਰਫੁੱਲਤ ਕਰਨ ਲਈ ਦਿੱਤੇ ਜਾ ਰਹੇ ਸਹਿਯੋਗ ਲਈ ਮਲਟੀਕਲਚਰ ਮਨਿਸਟਰ ਦਾ ਧੰਨਵਾਦ ਕੀਤਾ । ਇਸ ਮੌਕੇ ‘ਤੇ ਬੋਲਦਿਆਂ ਮਲਟੀਕਲਚਰ ਮਨਿਸਟਰ ਨੇ ਆਪਣੇ ਪੰਜਾਬ ਦੌਰੇ ਦੌਰਾਨ ਜੁੜੀਆਂ ਯਾਦਾਂ ਦਰਸ਼ਕਾਂ ਨਾਲ਼ ਸਾਂਝੀਆਂ ਕੀਤੀਆਂ ਤੇ ਐਸੋਸੀਏਸ਼ਨ ਨੂੰ ਤਿੰਨ ਹਜ਼ਾਰ ਡਾਲਰ ਦੀ ਮਾਲੀ ਮੱਦਦ ਦੇਣ ਦਾ ਐਲਾਨ ਵੀ ਕੀਤਾ । ਇਸ ਮੇਲੇ ਨੂੰ ਕਾਮਯਾਬ ਕਰਨ ਲਈ ਸਿੱਪੀ ਗਰੇਵਾਲ, ਵਿੱਕੀ ਭੱਲਾ, ਬਖਸਿ਼ੰਦਰ ਸਿੰਘ, ਜੌਹਰ ਗਰਗ, ਸੁਮਿਤ ਟੰਡਨ, ਰਿਸ਼ੀ ਗੁਲਾਟੀ, ਜਗਤਾਰ ਨਾਗਰੀ, ਸੁਖਦੀਪ ਬਰਾੜ, ਮੋਹਨ ਸਿੰਘ ਮਿਲਹਾਂਸ, ਭੋਲਾ ਥਰਾਜ ਵਾਲਾ, ਰਵਿੰਦਰ ਸੋਨੀ, ਮੋਹਨ ਨਾਗਰਾ ਅਤੇ ਸੁਲੱਖਣ ਸਿੰਘ ਸਹੋਤਾ ਆਦਿ ਨੇ ਅਣਥੱਕ ਮਿਹਨਤ ਕੀਤੀ ।
No comments:
Post a Comment