ਜਦ ਆਉਂਦੀ ਯਾਦ ਗਰਾਂਵਾਂ ਦੀ,
ਪਿੱਪਲਾਂ ਦੀਆਂ ਠੰਢੀਆਂ ਛਾਵਾਂ ਦੀ,
ਦੇਹਲੀ ਤੇ ਉਡੀਕਦੀਆਂ ਮਾਵਾਂ ਦੀ,
ਬਾਂਹਾਂ ਅੱਡੀ ਖੜ੍ਹੇ ਭਰਾਵਾਂ ਦੀ,
ਭੈਣਾਂ ਦੀ ਰੱਖੜੀ ਚਾਵਾਂ ਦੀ,
ਚੂੜੇ ਭਰੀਆਂ ਬਾਂਹਾਂ ਦੀ,
ਘੁਰਕੀ ਆੜ੍ਹਤੀ ਸ਼ਾਹਾਂ ਦੀ।
ਬਾਪੂ ਦੇ ਟੁੱਟਦੇ ਸਾਹਾਂ ਦੀ,
ਹਵਾਈ ਟਿਕਟ ਕਟਾਉਣ ਨੂੰ ਜੀ ਕਰਦੈ,
ਪਿੰਡ ਗੇੜਾ ਲਗਾਉਣ ਨੂੰ ਜੀ ਕਰਦੈ।
ਰੋਹੀ ਤੇ ਪੰਜ ਦਰਿਆਵਾਂ ਦੀ,
ਖੁੰਘ ਤੇ ਜੁੜੀਆਂ ਸਭਾਵਾਂ ਦੀ,
ਮਿਰਜ਼ਾ ਸਾਹਿਬਾਂ ਗਾਥਾਵਾਂ ਦੀ,
ਸੁਹਣੀ ਮਹੀਂਵਾਲ ਝਨਾਵਾਂ ਦੀ।
ਮਿੱਠੀ ਯਾਦ ਦਿਲਗੀਰਾਂ ਦੀ,
ਤ੍ਰਿੰਜਣ ਪੀਂਘਾਂ ਪੂੜੇ ਖੀਰਾਂ ਦੀ,
ਮਲ਼ਿਆਂ ਅਤੇ ਕਰੀਰਾਂ ਦੀ,
ਰਾਂਝਿਆ ਅਤੇ ਹੀਰਾਂ ਦੀ,
ਤਖ਼ਤਪੋਸ਼ ਤੇ ਗਾਉਣ ਨੂੰ ਜੀ ਕਰਦਾ।
ਦੁੱਖ ਦਰਦ ਵੰਡਾਉਣ ਨੂੰ ਜੀ ਕਰਦਾ।
ਬੋ ਕਾਟੋ ਉੱਡਦੀ ਗੁੱਡੀ ਦੀ,
ਪਿੜਾਂ ‘ਚ ਪੈਂਦੀ ਲੁੱਡੀ ਦੀ।
ਛਿੰਝਾਂ ਤੀਆਂ ਸਾਵਿਆਂ ਦੀ,
ਚਿਮਟੇ ਖਿੰਘਰ ਝਾਵਿਆਂ ਦੀ।
ਖੁਮਾਰੀ ਹੱਥੀਂ ਦਾਰੂ ਕੱਢੀ ਦੀ,
ਅਖਾੜੇ ਘੋਲ ਕਬੱਡੀ ਦੀ,
ਫਿਰ ਕਬੱਡੀ ਪਾਉਣ ਨੂੰ ਜੀ ਕਰਦੈ।
ਗੋਡੇ ਰਗੜਾਉਣ ਨੂੰ ਜੀ ਕਰਦੈ।
ਦਹੀਂ ਛਿੱਡੀ ਲੱਸੀ ਕੁੜ ਮਧਾਣੀ ਦੀ,
ਇੱਲ ਕੋਕੋ ਖ਼ਸਮਾਂ ਖਾਣੀ ਦੀ।
ਗੁੱਝਾਂ ਚਰਖੇ ਤੰਦ ਪੂਣੀਆਂ ਦੀ,
ਛਿੱਕੂ ਜੋਟੇ ਗਿਣਤੀ ਦੂਣੀਆਂ ਦੀ।
ਹੁੰਡੂ ਹੁੰਡੂ ਲੋਹੜੀ ਹਾਣੀਆਂ ਦੀ।
ਸਖੀਆਂ ਸੰਗ ਮੌਜਾਂ ਮਾਣੀਆਂ ਦੀ।
ਮੱਖਣ ਪੇੜਾ ਮੱਕੀ ਰੋਟੀ ਦੀ,
ਹਰਵਰ੍ਹਿਆਈ ਕੁੰਢੀ ਝੋਟੀ ਦੀ।
ਪਲਾਕੀ ਮਾਰ ਝੋਟੇ ਤੇ ਚੜ੍ਹ ਜਾਵਾਂ,
ਅੱਡੀ ਲਾ ਟੋਭੇ ਵਿਚ ਵਤ ਜਾਵਾਂ।
ਛੱਪੜ ‘ਚ ਨਹਾਉਣ ਨੂੰ ਜੀ ਕਰਦੈ,
ਜੋਕਾਂ ਲੜਾਉਣ ਨੂੰ ਜੀ ਕਰਦੈ।
ਚਿਤ ਮਣੀ ਬੇਰਾਂ ਡੁੱਲ੍ਹਿਆਂ ਦੀ,
ਭੱਠੀ ਤੇ ਭੁੱਜਦੇ ਫੁੱਲਿਆਂ ਦੀ।
ਆਭੂ ਮੁਰਮੁਰੇ ਸੱਤੂਆਂ ਹੋਲ਼ਾਂ ਦੀ,
ਬੇਰ ਜਾਮਨ ਸ਼ਹਿਤੂਤੀ ਗੋਹਲਾਂ ਦੀ।
ਕਮਾਦ ‘ਚ ਵਿਆਂਕਦੇ ਗਿੱਦੜਾਂ ਦੀ,
ਖ਼ਰਬੂਜ਼ੇ ਤੇ ਖਟਮਿੱਠੇ ਚਿੱਬੜਾਂ ਦੀ।
ਸਾਗ ਗੰਦਲ ਗੰਨੇ ਪੋਨੇ ਦੀ,
ਬਾਸਮਤੀ ਤੇ ਨਿੱਸਰੇ ਝੋਨੇ ਦੀ।
ਸੂਤਰ ਕੱਤਦੀ ਦੋਗਲੀ ਮੱਕੀ ਦੀ,
ਹੱਥੀਂ ਆਟਾ ਪੀਂਹਦੀ ਚੱਕੀ ਦੀ।
ਚੋਭੇ ਲੰਬੀ ਚੁੱਭੀ ਲਾਉਂਦੇ ਦੀ,
ਖੂਹ ਚੋਂ ਚੀਜ਼ਾਂ ਕੱਢ ਲਿਆਉਂਦੇ ਦੀ।
ਬਾਜ਼ੀਗਰ ਬਾਜੀ ਪਾਉਂਦੇ ਦੀ,
ਮਰਾਸੀ ਹੇਕਾਂ ਲਗਾਉਂਦੇ ਦੀ।
ਹਲਟੀ ਅਤੇ ਖ਼ਰਾਸਾਂ ਦੀ,
ਸੱਥ ‘ਚ ਪੈਂਦੀਆਂ ਰਾਸਾਂ ਦੀ।
ਮਜਮੇ ਡੁਗਡੁਗੀ ਮਦਾਰੀ ਦੀ,
ਝੁਰਲੂ ਵਾਲੀ ਖਾਰੀ ਦੀ,
ਸੱਪਾਂ ਭਰੀ ਪਟਾਰੀ ਦੀ,
ਚਿੱਠੀ ਰਾਮ ਪਿਆਰੀ ਦੀ,
ਬਾਰ ਬਾਰ ਦੁਹਰਾਉਣ ਨੂੰ ਜੀ ਕਰਦੈ।
ਪਿੰਡ ਜਾ ਮੁੜ ਆਉਣ ਨੂੰ ਜੀ ਕਰਦੈ।
ਟੀਂਡੇ ਖਿੜੇ ਨਰਮੇ ਕਪਾਹਾਂ ਦੀ,
ਕਣਕ ਛੋਲੇ ਮਸਰਾਂ ਮਾਂਹਾਂ ਦੀ।
ਮਣਿਆ ਅਤੇ ਗ਼ੁਲੇਲਾਂ ਦੀ,
ਖਲਵਾੜੇ ਫਲ਼੍ਹਿਆਂ ਬੇਲਾਂ ਦੀ,
ਹੱਲ ਪੰਜਾਲੀ ਖੋਪੇ ਹਮੇਲਾਂ ਦੀ।
ਚੁੰਭੇ ਕੜਾਹ ਵੇਲਣੇ ਗੰਡ ਦੀ,
ਗੁੜ ਸ਼ੱਕਰ ਮਹਿਕਾਂ ਵੰਡਦੀ।
ਰੋਹੀ ਨਖ਼ਾਸੂ ਤੇ ਆੜਾਂ ਦੀ,
ਰੋਝਾਂ ਦੀਆਂ ਫਿਰਦੀਆਂ ਧਾੜਾਂ ਦੀ।
ਖੱਟੀਆਂ ਮਿੱਠੀਆਂ ਅੰਬੀਆਂ ਦੀ,
ਦਾਤੀਆਂ ਕਹੀਆਂ ਰੰਬੀਆਂ ਦੀ।
ਕੰਮੀਆਂ ਕਾਮੇ ਲਾਗੀਆਂ ਦੀ,
ਸੀਰੀਆਂ ਚਰਾਂਦਾਂ ਵਾਗੀਆਂ ਦੀ।
ਟੈਂ ਟੱਕ ਚੁਵੱਕਲੀ ਕੁੱਤੇ ਦੀ,
ਗਾੜ੍ਹੀ ਤੇ ਅਮਲੀ ਸੁੱਤੇ ਦੀ।
ਦੁਹਾਟੇ ਖੂਹ ਦੀਆਂ ਨਿਸ਼ਾਰਾਂ ਦੀ,
ਚੁਬੱਚੇ ‘ਚ ਪੈਂਦੀਆਂ ਧਾਰਾਂ ਦੀ,
ਘੜੇ ਗਾਗਰਾਂ ਭਰਦੀਆਂ ਨਾਰਾਂ ਦੀ,
ਖੂਹਾਂ ਦੀ ਮੌਜ ਬਹਾਰਾਂ ਦੀ,
ਚਲ੍ਹੇ ‘ਚ ਮਸਤਾਉਣ ਨੂੰ ਜੀ ਕਰਦੈ,
ਯਾਦਾਂ ਪਿੰਡ ਦੀਆਂ ਛੋਹਣ ਨੂੰ ਜੀ ਕਰਦੈ।
ਗਹਿਣੇ ਪਏ ਸਿਆੜਾਂ ਦੀ,
ਖੇਤਾਂ ਨੂੰ ਖਾਂਦੀਆਂ ਵਾੜਾਂ ਦੀ।
ਖ਼ੁਦਕੁਸ਼ੀ ਕਰਦੇ ਕਿਰਸਾਨਾ ਦੀ,
ਨਸ਼ਿਆਂ ‘ਚ ਡੁੱਬੇ ਜੁਆਨਾਂ ਦੀ।
ਕਾਨੇ ਦੇ ਛੰਨਾਂ ਢਾਰਿਆਂ ਦੀ,
ਗਲੀਆਂ ਦੇ ਚਿੱਕੜ ਗਾਰਿਆਂ ਦੀ।
ਸਿਆਸਤ ਕਰਦੇ ਭਲਵਾਨਾਂ ਦੀ,
ਜਨਤਾ ਨੂੰ ਲੁੱਟਦੇ ਸ਼ੈਤਾਨਾਂ ਦੀ,
ਪੁਲਸ ਕੁੱਟ ਮਨ ਮਾਨਾਂ ਦੀ,
ਬੇਕਦਰੀ ਕੀਮਤੀ ਜਾਨਾਂ ਦੀ।
ਅਜੰਟਾਂ ਪਿੱਛੇ ਫਿਰਦੇ ਜਵਾਨਾ ਦੀ,
ਧੋਖੇਬਾਜ਼ ਲਾੜੇ ਨੀਂਗਰ ਹੈਵਾਨਾਂ ਦੀ,
ਆਪਣਾ ਦਰਦ ਸੁਣਾਉਣ ਨੂੰ ਜੀ ਕਰਦੈ,
ਪਾਟਾ ਦਾਮਨ ਦਿਖਾਉਣ ਨੂੰ ਜੀ ਕਰਦੈ,
ਉਨ੍ਹਾਂ ਨੂੰ ਸਮਝਾਉਣ ਨੂੰ ਜੀ ਕਰਦੈ।
ਕੁੜੀਆਂ ਚਿੜੀਆਂ ਕੂੰਜਾਂ ਦੀਆਂ ਡਾਰਾ ਦੀ,
ਬਚਪਨ ਦੀਆਂ ਮੌਜ ਬਹਾਰਾਂ ਦੀ,
ਮੁਨਸ਼ੀ ਦੀਆਂ ਖਾਧੀਆਂ ਮਾਰਾਂ ਦੀ,
ਲਾਰੇ ਲਾਉਂਦੀਆਂ ਹੁਸਨ ਸਰਕਾਰਾਂ ਦੀ,
ਫਿਰ ਉਹਲੇ ਬੈਠ ਕੇ ਰੋਣ ਨੂੰ ਜੀ ਕਰਦੈ,
ਕੀਤੇ ਤੇ ਪਛਤਾਉਣ ਨੂੰ ਜੀ ਕਰਦੈ।
ਯਾਦਾਂ ਪਿੰਡ ਦੀਆਂ ਛੋਹਣ ਨੂੰ ਜੀ ਕਰਦੈ।
ਸੱਜਣਾਂ ਨੂੰ ਸੁਣਾਉਣ ਨੂੰ ਜੀ ਕਰਦੈ।
****
No comments:
Post a Comment