ਗ਼ਮ ਦੀਆਂ ਰਾਤਾਂ ਕੱਟ ਕੇ ਤਾਂ ਵੀ ,
ਰੱਬ ਦਾ ਸ਼ੁਕਰ ਮਨਾਇਆ ਹੈ ।
ਸਿਜ਼ਦੇ ਕਰ ਕਰ ਮੈਂ ਨਾ ਥੱਕੀ ,
ਜਦ ਉਹ ਸੁਪਨੇ ਆਇਆ ਹੈ ।
ਰੰਗ ਉਹਦਾ ਸੀ ਮੌਸਮ ਵਰਗਾ ,
ਵਾਲ ਸੀ ਉਹਦੇ ਸਾਵਣ ਜਿਹੇ ।
ਸਮਝ ਕੋਈ ਨਾ ਗੱਲ ਦੀ ਆਵੇ ,
ਬੋਲ ਉਹਦੇ ਕੁਰਲਾਵਣ ਜਿਹੇ ।
ਘੁੱਪ ਹਨੇਰੇ ਡਰ ਜਿਹਾ ਆਵੇ ,
ਕੀ ਉਸ ਭੇਸ ਵਟਾਇਆ ਹੈ ।
ਸਿਜ਼ਦੇ ਕਰ ਕਰ …
ਕੱਚ ਦੀਆਂ ਸੀ ਕੰਨ 'ਚ ਮੁੰਦਰਾਂ,
'ਤੇ ਪਾਇਆ ਕੈਂਠਾ ਚਾਂਦੀ ਦਾ ।
ਸਾਹੋ - ਸਾਹੀ ਦਿਲ ਸੀ ਹੋਇਆ ,
ਜਾਨ ਮੇਰੀ ਘਬਰਾਂਦੀ ਦਾ ।
ਤੁਰ ਗਏ ਜੋ ਮੁੜ ਨਾ ਪਰਤਣ ,
ਗੀਤ ਓਸ ਇਹ ਗਾਇਆ ਹੈ ।
ਸਿਜ਼ਦੇ ਕਰ ਕਰ …
ਪੈਰਾਂ ਦੇ ਵਿਚ ਘੁੰਗਰੀਆਂ ਨੇ ,
ਛਣ - ਛਣ ਕਰਕੇ ਛਣਕਦੀਆਂ ।
ਜਿਉਂ ਗੋਰੀ ਦੇ ਪੈਰਾਂ ਦੇ ਵਿਚ ,
ਹੈਨ ਪੰਜੇਬਾਂ ਠਣਕਦੀਆਂ ।
ਕਾਲੇ ਰੰਗ ਦੀ ਬੁੱਕਲ ਦੇ ਵਿਚ ,
ਚੰਨ ਸੋਹਣਾ ਰੁਸ਼ਨਾਇਆ ਹੈ ।
ਸਿਜ਼ਦੇ ਕਰ ਕਰ …
ਘੁਤ- ਘੁਤਾਣੀਆਂ ਕਰਦਾ ਕਰਦਾ,
ਮੂੰਹ ਉਤੇ ਹੱਥ ਫੇਰ ਗਿਆ ।
ਉਹ ਜਾਂਦਾ ਜਾਂਦਾ ਨੈਣਾਂ 'ਚੋਂ ,
ਦੋ ਕੁ ਹੰਝੂ ਕੇਰ ਗਿਆ ।
ਬੁੱਲਾਂ ਵਿਚੋਂ ਬੋਲ ਨਾ ਹੋਇਆ ,
ਸਾਰਾ ਈ ਸੱਚ ਲੁਕਾਇਆ ਹੈ ।
ਸਿਜ਼ਦੇ ਕਰ ਕਰ …
"ਸੁਹਲ" ਜਿਹਾ ਹੱਥ ਫੜ ਕੇ ਉਹਦਾ,
ਗਲ ਵਿਚ ਬਾਹਾਂ ਪਾਉਂਦੀ ਰਹੀ ।
ਦੋ ਪੱਲ ਬਹਿ ਕੇ ਗੱਲਾਂ ਕਰੀਏ ,
ਪੈਰੀਂ ਹੱਥ ਲਗਾਉਂਦੀ ਰਹੀ ।
ਜਦ ਸੁਪਨੇ ਵਿਚ ਆਇਆ ਤਾਂ ,
ਮੈਂ ਬੂਹੇ ਤੇਲ ਚੁਆਇਆ ਹੈ ।
ਸਿਜ਼ਦੇ ਕਰ ਕਰ …
****
No comments:
Post a Comment