ਐਡੀਲੇਡ ‘ਚ ਹੋਏ ਦਸਤਾਰ ਸਜਾਉਣ ਤੇ ਗੁਰਬਾਣੀ ਉਚਾਰਣ ਦੇ ਮੁਕਾਬਲੇ..........ਰਿਸ਼ੀ ਗੁਲਾਟੀ


ਐਡੀਲੇਡ : ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਥਾਪਨਾ ਦਿਵਸ ਦੇ ਸੰਬੰਧ ਵਿੱਚ ਐਡੀਲੇਡ ਦੇ ਗਲੈਨ ਓਸਮੰਡ ਗੁਰਦੁਆਰਾ ਸਾਹਿਬ ਵਿਖੇ ਗੁਰਬਾਣੀ ਅਤੇ ਦਸਤਾਰ ਸਜਾਉਣ ਦੇ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ । ਗੁਰਬਾਣੀ ਉਚਾਰਣ ਮੁਕਾਬਲਿਆਂ ‘ਚ ਜ਼ੀਰੋ ਤੋਂ ਪੰਜ ਸਾਲ, ਛੇ ਤੋਂ ਦਸ ਸਾਲ ਤੇ ਗਿਆਰਾਂ ਤੋਂ ਸੋਲਾਂ ਸਾਲ ਦੇ ਬੱਚਿਆਂ ਦੇ ਅਲੱਗ-ਅਲੱਗ ਗਰੁੱਪ ਬਣਾਏ ਗਏ, ਜਿਨ੍ਹਾਂ ‘ਚ ਕੁੱਲ 60 ਪ੍ਰਤੀਭਾਗੀਆਂ ਨੇ ਹਿੱਸਾ ਲਿਆ । ਦਸਤਾਰ ਸਜਾਉਣ ਦੇ ਮੁਕਾਬਲਿਆਂ ‘ਚ ਕੁੱਲ 30 ਪ੍ਰਤੀਭਾਗੀ ਸਨ । ਗੁਰਬਾਣੀ ਮੁਕਾਬਲਿਆਂ ‘ਚ ਜੱਜ ਦੀ ਭੂਮਿਕਾ ‘ਚ ਭਾਈ ਹਰਜੀਤ ਸਿੰਘ ਆਨੰਦਪੁਰ ਸਾਹਿਬ, ਗਿਆਨੀ ਕੁਲਦੀਪ ਸਿੰਘ ਤੇ ਸ੍ਰ. ਹਰਕੀਰਤ ਸਿੰਘ ਸਨ ਤੇ ਦਸਤਾਰ ਸਜਾਉਣ ਦੇ ਮੁਕਾਬਲਿਆਂ ‘ਚ ਜੱਜ ਵਜੋਂ ਰਾਜਿੰਦਰ ਸਿੰਘ, ਪਲਵਿੰਦਰ ਸਿੰਘ ਤੇ ਰਮਨਦੀਪ ਕੌਰ ਨੇ ਸੇਵਾ ਨਿਭਾਈ । ਸਟੇਜ ਦੀ ਸੇਵਾ ਨਿਭਾਉਂਦਿਆਂ ਹਰਪਾਲ ਸਿੰਘ ਨੇ ਦੱਸਿਆ ਕਿ ਦਸਤਾਰ ਸਜਾਉਣ ਦੇ ਮੁਕਾਬਲਿਆਂ ਦਾ ਮੁੱਖ ਉਦੇਸ਼ ਵਿਦੇਸ਼ੀਂ ਵੱਸਦੇ ਸਿੱਖ ਨੌਜਵਾਨਾਂ ਨੂੰ ਆਪਣੇ ਸਰੂਪ ਤੇ ਦਸਤਾਰ ਨਾਲ ਮੋਹ ਪੈਦਾ ਕਰਨਾ ਹੈ । ਉਨ੍ਹਾਂ ਕਿਹਾ ਗੁਰਬਾਣੀ ਸਾਡੇ ਜੀਵਨ ਦਾ ਅਨਿੱਖੜਵਾਂ ਅੰਗ ਹੈ । ਇਸ ਤੋਂ ਸਾਨੂੰ ਪਤਾ ਚੱਲਦਾ ਹੈ ਕਿ ਗ੍ਰਹਿਸਥੀ ਜੀਵਨ ਬਸਰ ਕਰਦਿਆਂ ਕਿਵੇਂ ਅਸੀਂ ਸਿੱਖੀ ਦੇ ਮੁੱਢਲੇ ਉਪਦੇਸ਼ਾਂ ਨਾਮ ਜਪੋ, ਵੰਡ ਛਕੋ ਤੇ ਕਿਰਤ ਕਰੋ ਨੂੰ ਆਪਣੇ ਜੀਵਨ ‘ਚ ਢਾਲ ਸਕਦੇ ਹਾਂ । ਇਸ ਮੌਕੇ ‘ਤੇ ਸਿੰਘ ਸਾਹਿਬ ਗਿਆਨੀ ਕੇਵਲ ਸਿੰਘ ਦੁਆਰਾ ਭੇਜਿਆ ਗਿਆ ਸੁਨੇਹਾ ਵੀ ਸੰਗਤਾਂ ਨੂੰ ਪੜ੍ਹ ਕੇ ਸੁਣਾਇਆ ਗਿਆ ।

ਦਸਤਾਰ ਸਜਾਉਣ ਦੇ ਮੁਕਾਬਲਿਆਂ ‘ਚ ਜ਼ੀਰੋ ਤੋਂ ਪੰਦਰਾਂ ਸਾਲ ਦੇ ਬੱਚਿਆਂ ‘ਚ ਹਰਮਨ ਸਿੰਘ ਨੇ ਪਹਿਲਾ, ਅਰਸ਼ਦੀਪ ਸਿੰਘ ਨੇ ਦੂਜਾ ਤੇ ਜੈਦੀਪ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ । ਪੰਦਰਾਂ ਸਾਲ ਤੋਂ ਉੱਪਰ ਦੇ ਪ੍ਰਤੀਭਾਗੀਆਂ ‘ਚ ਸੁਖਜਿੰਦਰ ਸਿੰਘ ਨੇ ਪਹਿਲਾ, ਇੰਦਰਪਾਲ ਸਿੰਘ ਨੇ ਦੂਜਾ ਤੇ ਦਲਵਾਰ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ । ਗੁਰਬਾਣੀ ਉਚਾਰਣ ਵਿੱਚ ਜ਼ੀਰੋ ਤੋਂ ਪੰਜ ਸਾਲ ਦੇ ਬੱਚਿਆਂ ਦੇ ਮੁਕਾਬਲੇ ‘ਚ ਤਸਲੀਨ ਕੌਰ ਨੇ ਪਹਿਲਾ ਤੇ ਸਮਰਬੀਰ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ । ਪੰਜ ਤੋਂ ਦਸ ਸਾਲ ਦੇ ਬੱਚਿਆਂ ‘ਚ ਜਸਮੀਨ ਕੌਰ ਨੇ ਪਹਿਲਾ ਸਥਾਨ ਅਤੇ ਚਿਕੁਤਾ ਬੜੈਚ ਤੇ ਗੁਨਕੀਰਤ ਕੌਰ ਨੇ ਸਾਂਝੇ ਤੌਰ ‘ਤੇ ਦੂਜਾ ਸਥਾਨ ਪ੍ਰਾਪਤ ਕੀਤਾ । ਦਸ ਤੋਂ ਸੋਲਾਂ ਸਾਲ ਦੇ ਬੱਚਿਆਂ ‘ਚ ਮਨਵੀਰ ਸਿੰਘ ਨੇ ਪਹਿਲਾ ਤੇ ਅਕਾਸ਼ਦੀਪ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ । ਜੇਤੂਆਂ ਨੂੰ ਯਾਦਗਾਰੀ ਚਿੰਨ੍ਹਾਂ ਤੋਂ ਇਲਾਵਾ ਧਾਰਮਿਕ ਪੁਸਤਕਾਂ ਵੀ ਭੇਂਟ ਕੀਤੀਆਂ ਗਈਆਂ ।

ਇਸ ਆਯੋਜਨ ਦੇ ਉਪਰਾਲਿਆਂ ਵਿੱਚ ਮੋਹਣ ਸਿੰਘ, ਚਿਤਰਪਾਲ ਸਿੰਘ, ਉਪਵਿੰਦਰ ਸਿੰਘ, ਬਲਰਾਜ ਸਿੰਘ ਤੇ ਹਰਪਾਲ ਸਿੰਘ, ਗਿਆਨੀ ਪੁਸ਼ਪਿੰਦਰ ਸਿੰਘ ਤੇ ਪਰਮਜੀਤ ਸਿੰਘ ਨੇ ਅਹਿਮ ਰੋਲ ਅਦਾ ਕੀਤਾ । ਵਿਸ਼ੇਸ਼ ਮਹਿਮਾਨ ਦੇ ਤੌਰ ‘ਤੇ ਭਾਈ ਹਰਜੀਤ ਸਿੰਘ ਤੇ ਆਸਟ੍ਰੇਲੀਅਨ ਚਿੱਤਰਕਾਰ ਡੇਨੀਅਲ ਕੋਨਲ ਹਾਜ਼ਰ ਸਨ । ਜਿ਼ਕਰਯੋਗ ਹੈ ਕਿ ਡੇਨੀਅਲ ਕੋਨਲ ਦੁਆਰਾ ਬਣਾਏ ਸਿੱਖੀ ਸਰੂਪ ਦੇ ਆਦਮਕੱਦ ਰੇਖਾ ਚਿੱਤਰ ਦੇਸ਼ ਵਿਦੇਸ਼ ‘ਚ ਚੰਗਾ ਨਾਮਣਾ ਖੱਟ ਚੁੱਕੇ ਹਨ । ਇਸ ਮੌਕੇ ‘ਤੇ ਆਸਟ੍ਰੇਲੀਆ ਦੌਰੇ ‘ਤੇ ਆਏ ਪੰਜਾਬੀ ਸਾਹਿਤਕਾਰ ਨਿੰਦਰ ਘੁਗਿਆਣਵੀ, ਮਿੰਟੂ ਬਰਾੜ, ਸੁਮਿਤ ਟੰਡਨ ਤੇ ਜੌਹਰ ਗਰਗ ਨੇ ਵੀ ਆਪਣੀ ਹਾਜ਼ਰੀ ਲਗਵਾਈ । 

No comments: