ਗਲੋਬਲ ਵਾਰਮਿੰਗ ਅਰਥਾਤ ਗਰਮੀ ਸਭ ਪਾਸੇ ਹੋ ਰਹੀ ਹੈ । ਮੌਸਮ ਬਦਲ ਰਿਹਾ ਹੈ । ਇਸ ਦਾ ਕਾਰਣ ਹੈ, ਪ੍ਰਦੂਸ਼ਣ । ਵਾਤਾਵਰਣ ਪ੍ਰਦੂਸਿ਼ਤ ਹੋ ਰਿਹਾ ਹੈ। ਅਸੀਂ ਜਿਸ ਤੇਜ਼ ਰਫਤਾਰ ਨਾਲ ਰੁੱਖ ਕਟ ਰਹੇ ਹਾਂ, ਹੋਰ ਰੁੱਖ ਉਸ ਰਫਤਾਰ ਨਾਲ ਨਹੀ ਲਗ ਰਹੇ । ਕੁਦਰਤ ਵਲੋਂ ਬਖਸਿ਼ਸ ਕੀਤੀ ਨਿਆਮਤ ਨੂੰ ਖਤਮ ਕਰਨ ਵਲ ਵਧ ਰਹੇ ਹਾਂ। ਜੇ ਕਰ ਅਸੀਂ ਇਸ ਵਲ ਧਿਆਨ ਨਾ ਦਿੱਤਾ ਤਾਂ ਸਾਨੂੰ ਇਸ ਦੀ ਕੀਮਤ ‘ਤਾਰਨੀ ਪਵੇਗੀ ਅਤੇ ਅਸੀਂ ਉਨ੍ਹਾਂ ਹਾਲਤਾਂ ਵਿਚ ਫਸ ਜਾਵਾਂਗੇ ਜਿਥੋਂ ਨਿਕਲਣਾ ਮੁਸ਼ਕਿਲ ਹੀ ਨਹੀਂ ਅਸੰਭਵ ਹੋ ਜਾਵੇਗਾ। ਗੁਰਬਾਣੀ ਵਿਚ ਦਰਜ ਹੈ...
“ਪਹਿਲਾ ਪਾਣੀ ਜੀਓ ਹੈ ਜਿਤ ਹਰਿਆ ਸਭ ਕੋਇ ।”
ਸੰਸਾਰ ਦੇ ਇਤਿਹਾਸ ਵਿਚ ਨਜ਼ਰ ਘੁਮਾਈ ਜਾਵੇ ਤਾਂ ਪਤਾ ਲੱਗਦਾ ਹੈ ਕਿ ਵਸੋਂ ਸਭ ਤੋਂ ਪਹਿਲਾਂ ਸਮੁੰਦਰਾਂ, ਦਰਿਆਵਾਂ, ਨਦੀਆਂ ਅਤੇ ਨਾਲਿਆਂ ਦੇ ਕੰਢਿਆਂ ਤੇ ਹੋਈ ਸੀ । ਕਿਉਂ ਜੋ ਪਾਣੀ ਮਨੁੱਖ ਦੀ ਪਹਿਲੀ ਲੋੜ ਹੈ ਅਤੇ ਪਾਣੀ ਦੀ ਉਪਲੱਭਤਾ ਹੀ ਮਨੁੱਖ ਦੀ ਵਸੋਂ ਦਾ ਕਾਰਨ ਬਣੀ। ਪਾਣੀ ਤੋਂ ਬਿਨਾਂ ਜੀਵਨ ਸੰਭਵ ਨਹੀਂ ਸੀ ਅਤੇ ਨਾ ਹੀ ਹੁਣ ਹੈ । ਭਾਵੇਂ ਇਹ ਇਨਸਾਨ ਹੈ, ਪਸ਼ੂ ਪੰਛੀ ਹਨ ਜਾਂ ਬਨਸਪਤੀ । ਸਭ ਲਈ ਪਾਣੀ ਉਤਨਾ ਹੀ ਜ਼ਰੂਰੀ ਹੈ । ਰੁੱਖ ਅਤੇ ਮਨੁੱਖ ਦੀ ਸਾਂਝ ਜਨਮ ਤੋਂ ਮੌਤ ਤਕ ਹੈ, ਇਸ ਲਈ ਬਜ਼ੁਰਗ ਆਖਦੇ ਹਨ ਕਿ ਹਰ ਮਨੁੱਖ ਨੂੰ ਘਟੋ ਘਟ ਦੋ ਰੁੱਖ ਲਾਉਣੇ ਹੀ ਚਾਹੀਦੇ ਹਨ । ਇਕ ਰੁੱਖ ਘਰ ਵਿਚ ਛਾਂ ਲਈ ਅਤੇ ਦੂਸਰਾ ਰੁੱਖ ਮਰਨ ਉਪਰੰਤ ਦਾਹ ਸੰਸਕਾਰ ਲਈ । ਜੋ ਕਿਸੇ ਸੜਕ ਜਾਂ ਨਹਿਰ ਦੇ ਕਿਨਾਰੇ ਲਗਾਉਣਾ ਚਾਹੀਦਾ ਹੈ ।
ਇਕ ਮਨੁੱਖ ਘਰ ਵਿਚ ਅੰਬਾਂ ਦਾ ਪੌਦਾ ਲਗਾ ਰਿਹਾ ਸੀ ਤਾਂ ਉਸ ਦੇ ਪੋਤਰੇ ਨੇ ਪੁੱਛਿਆ, “ਬਾਬਾ ਜੀ ਕੀ ਕਰ ਰਹੇ ਹੋ ?”
“ਅੰਬ ਦਾ ਰੁੱਖ ਲਾ ਰਿਹਾ ਹਾਂ, ਫਲ ਦੇਵੇਗਾ, ਅਨੰਦ ਨਾਲ ਖਾਇਆ ਕਰਾਂਗੇ।” ਉੱਤਰ ਮਿਲਿਆ ।
ਪੋਤਰਾ ਪੁਛਣ ਲੱਗਾ “ਤੁਸੀਂ ਤਾਂ ਫਲਾਂ ਦੇ ਆਉਣ ਤਕ ਇਸ ਦੁਨੀਆਂ ਤੇ ਨਹੀਂ ਰਹੋਗੇ ।”
“ਸਾਡੇ ਵੱਡੇ ਵਡੇਰਿਆਂ ਨੇ ਰੁੱਖ ਲਾਏ, ਅਸੀਂ ਫਲ ਖਾਧੇ । ਹੁਣ ਮੈਂ ਲਾ ਰਿਹਾ ਹਾਂ ਤੇ ਤੁਸੀਂ ਅਨੰਦ ਮਾਣੋਗੇ।” ਬਾਬੇ ਨੇ ਜੁਆਬ ਦਿੱਤਾ ।
ਬੱਚਾ ਨਿਰੁੱਤਰ ਹੋ ਗਿਆ ਤੇ ਉਹ ਉਸ ਪੌਦੇ ਨੂੰ ਪਿਆਰ ਕਰਨ ਲਗਾ। ਸਵੇਰ ਅਤੇ ਸ਼ਾਮ ਦੋਵੇਂ ਵਕਤ ਪਾਣੀ ਦੇਣ ਲਗਾ । ਰੁੱਖ ਵੀ ਖੁਸ਼ ਰਹਿੰਦਾ ਅਤੇ ਨਵੇਂ ਪੱਤੇ ਕੱਢਣ ਲਗਾ।
ਸਮਾਂ ਆਪਣੀ ਰਫਤਾਰ ਚਲਦਾ ਰਿਹਾ। ਬੱਚਾ ਅਤੇ ਰੁੱਖ ਉਸਰਨ ਲਗੇ। ਰੁੱਖ ਬੱਚੇ ਨੂੰ ਪਿਆਰ ਕਰਨ ਲੱਗ ਪਿਆ। ਜਦੋ ਵੀ ਬੱਚਾ ਨੇੜੇ ਆਉਂਦਾ ਰੁੱਖ ਆਪਣੀਆਂ ਟਾਹਣੀਆਂ ਨੀਵੀਆਂ ਕਰ ਲੈਂਦਾ । ਬੱਚਾ ਉਹਨਾਂ ਵਿਚ ਲੁਕਣ ਮੀਟੀ ਖੇਡਦਾ। ਟਾਹਣੀਆਂ ਨਾਲ ਲਮਕ ਕੇ ਝੂਟਿਆਂ ਦਾ ਆਨੰਦ ਲੈਣ ਲਗਾ ਤੇ ਆਪਣੇ ਬਾਬਾ ਜੀ ਨਾਲ ਰੁੱਖਾਂ ਦੇ ਸੁੱਖਾਂ ਬਾਰੇ ਗੱਲਾਂ ਕਰਦਾ ਰਹਿੰਦਾ।
ਬਾਬਾ ਦੱਸਦਾ ਕਿ “ਇਕ ਰੁੱਖ ਸੌ ਸੁੱਖ” ਪਰਮਾਣਿਤ ਸਚਾਈ ਹੈ । ਜਿਹੜੇ ਦੇਸ਼ ਇਸ ਸਚਾਈ ਨਾਲ ਸਹਿਮਤ ਹਨ, ਉਹ ਦੇਸ਼ ਕਾਫੀ ਹੱਦ ਤਕ ਪਰਦੂਸ਼ਣ ਤੋਂ ਮੁਕਤ ਹਨ । ਰੁੱਖ ਸਾਡੀ ਧਰਤੀ ਦਾ ਸਿ਼ੰਗਾਰ ਹਨ । ਗਰਮੀ ਨੂੰ ਘਟਾਉਦੇ ਹਨ । ਰੁੱਖਾਂ ਵਿਚ ਜਾਨ ਹੁੰਦੀ ਹੈ । ਭਾਵੇਂ ਇਹ ਬੋਲ ਨਹੀਂ ਸਕਦੇ ਪਰ ਇਹ ਸਾਡੇ ਸੁੱਖਾਂ-ਦੁੱਖਾਂ ਵਿਚ ਸ਼ਾਮਲ ਹੁੰਦੇ ਹਨ । ਰੁੱਖ ਮਨੁੱਖ ਦੇ ਚੰਗੇ ਮਿੱਤਰ ਹਨ । ਇਨ੍ਹਾਂ ਨਾਲ ਚੰਗਾ ਵਰਤਾਅ ਕਰਨਾ ਚਾਹੀਦਾ ਹੈ ਅਤੇ ਜੇਕਰ ਲੋੜ ਪੈਣ ਤੇ ਕੱਟੇ ਜਾਣ ਤਾਂ ਹੋਰ ਰੁੱਖ ਲਗਾਉਣੇ ਚਾਹੀਦੇ ਹਨ। ਰੁੱਖ ਠੰਡੀ ਹਵਾ ਦਿੰਦੇ ਹਨ। ਵਾਤਾਵਰਣ ਨੂੰ ਸਾਫ ਰੱਖਦੇ ਹਨ। ਰੁੱਖ ਸੂਰਜ ਦੀ ਰੋਸ਼ਨੀ ਵਿੱਚ ਮਨੁੱਖਾਂ ਅਤੇ ਹੋਰ ਜੰਤੂਆਂ ਰਾਹੀਂ ਛੱਡੀ ਕਾਰਬਨ ਡਾਈਅਕਸਾਈਡ ਨੂੰ ਆਕਸੀਜ਼ਨ ਵਿਚ ਤਬਦੀਲ ਕਰਦੇ ਹਨ ਅਤੇ ਕੁਦਰਤ ਦੇ ਉਹ ਕਾਰਖਾਨੇ ਹਨ ਜੋ ਵਾਤਾਵਰਣ ਨੂੰ ਸ਼ੁਧ ਰੱਖਦੇ ਹਨ।
ਸਮੇਂ ਨਾਲ ਬੱਚੇ ਦਾ ਰੁੱਖ ਨਾਲ ਪਿਆਰ ਵਧਦਾ ਗਿਆ । ਬੱਚਾ ਅਤੇ ਰੁੱਖ ਵੱਡੇ ਹੋ ਗਏ। ਹੁਣ ਬੱਚਾ ਰੁੱਖ ਉਪਰ ਚੜ ਜਾਂਦਾ । ਟਾਹਣੀਆਂ ਤੇ ਨੱਚਦਾ ਟੱਪਦਾ । ਰੁੱਖ ਨੂੰ ਇਹ ਮਹਿਸੂਸ ਕਰ ਕੇ ਖੁਸ਼ੀ ਮਿਲਦੀ। ਹਰ ਰੋਜ਼ ਬੱਚਾ ਦਰੱਖਤ ਕੋਲ ਆਉਦਾ । ਉਸ ਨਾਲ ਗੱਲਾਂ ਕਰਦਾ । ਪੱਤੇ ਇਕੱਠੇ ਕਰਦਾ ਅਤੇ ਉਹਨਾਂ ਨਾਲ ਨਵੀਆਂ ਨਵੀਆਂ ਖੇਡਾਂ ਖੇਡਦਾ, ਖੁਸ਼ ਹੁੰਦਾ ਅਤੇ ਵੱਡਾ ਹੁੰਦਾ ਗਿਆ। ਰੁੱਖ ਵੀ ਵਡੇਰਾ ਹੋ ਰਿਹਾ ਸੀ। ਬੱਚਾ ਸਕੂਲ ਜਾਂਦਾ ਤੇ ਘਰ ਆ ਕੇ ਸਕੂ਼ਲ ਦਾ ਕੰਮ ਦਰਖਤ ਥੱਲੇ ਹੀ ਕਰਦਾ ਸੀ। ਰੁੱਖ ਨੂੰ ਚੰਗਾ ਲਗਦਾ ਕਿ ਉਸ ਦੀ ਛਾਂ ਉਸ ਦਾ ਦੋਸਤ ਮਾਣ ਰਿਹਾ ਹੈ ਅਤੇ ਵਧੇਰੇ ਜਿ਼ੰਮੇਵਾਰੀ ਵਲ ਵਧ ਰਿਹਾ ਹੈ।
ਰੁੱਖ ਨੂੰ ਫਲ ਲਗੇ। ਰੁੱਖ ਨੇ ਬੱਚੇ ਨੂੰ ਫਲ ਦਿੱਤੇ। ਬੱਚੇ ਨੇ ਅਨੰਦ ਮਾਣਿਆ ਅਤੇ ਬਾਬੇ ਦੀ ਆਖੀ ਗੱਲ ਯਾਦ ਕੀਤੀ। ਬੱਚਾ ਵੱਡੀਆਂ ਜਮਾਤਾਂ ਵਿਚ ਹੋ ਗਿਆ। ਉਸ ਨੂੂੰ ਵਧੇਰੇ ਘਰ ਦਾ ਕੰਮ ਮਿਲਦਾ ਅਤੇ ਇਹ ਕੰਮ ਕਰਨ ਲਈ ਉਸ ਨੂੰ ਦੋਸਤਾਂ ਦੇ ਘਰ ਵੀ ਜਾਣਾ ਪੈਂਦਾ। ਰੁੱਖ ਕੋਲ ਬਿਤਾਉਣ ਲਈ ਉਸ ਕੋਲ ਥੋੜਾ ਸਮਾਂ ਬਚਦਾ। ਰੁੱਖ ਉਸ ਥੋੜੇ ਸਮੇਂ ਵਿਚ ਬੱਚੇ ਨੂੰ ਫਲ ਦਿੰਦਾ ਅਤੇ ਉਸ ਦੇ ਕੋਲ ਹੋਣ ਤੇ ਖੁਸ਼ ਹੁੰਦਾ। ਬੱਚੇ ਨੂੰ ਪੜ੍ਹਾਈ ਲਈ ਬਾਹਰ ਜਾਣਾ ਪਿਆ। ਜਦੋਂ ਜਿ਼ਆਦਾ ਸਮੇਂ ਲਈ ਰੁੱਖ ਬੱਚੇ ਨੂੰ ਨਾ ਮਿਲਿਆ। ਰੁੱਖ ਉਦਾਸ ਹੋ ਗਿਆ । ਜਦੋਂ ਵੀ ਬੱਚਾ ਛੁੱਟੀਆਂ ਬਿਤਾਉਣ ਲਈ ਘਰ ਆਉਂਦਾ, ਰੁੱਖ ਕੋਲ ਜਾਂਦਾ । ਰੁੱਖ ਦੇ ਫਲਾਂ ਦਾ ਆਨੰਦ ਮਾਣਦਾ ।
ਸਮਾਂ ਆਪਣੀ ਚਾਲ ਚਲਦਾ ਰਿਹਾ। ਹੁਣ ਬੱਚੇ ਨੂੰ ਰੁੱਖ ਨੂੰ ਮਿਲਣ ਦਾ ਸਮਾਂ ਨਾ ਲਗਦਾ । ਜਿਆਦਾ ਸਮਾਂ ਇਕ ਦੂਜੇ ਤੋਂ ਵੱਖਰੇ ਰਹਿਣ ਲਗੇ। ਰੁੱਖ ਉਦਾਸ ਹੋ ਜਾਂਦਾ । ਫਿਰ ਇਕ ਦਿਨ ਲੰਬੇ ਸਮੇਂ ਪਿਛੋਂ ਬੱਚਾ ਦਰਖਤ ਕੋਲ ਆਇਆ ਤਾਂ ਦਰਖਤ ਬੱਚੇ ਦੀ ਹਾਜ਼ਰੀ ਤੇ ਬੋਲਿਆ...
“ਆਓ ! ਆਓ !! ਮੇਰੇ ਤਣੇ ਉਪਰ ਚੜ੍ਹ ਜਾਉ, ਮੇਰੀਆਂ ਟਾਹਣੀਆਂ ਨਾਲ ਖੇਡੋ, ਫਲ ਖਾਉ ਅਤੇ ਮੇਰੀ ਸੰਘਣੀ ਛਾਂ ਮਾਣੋ।
ਪਰੰਤੂ ਬੱਚੇ ਨੇ ਕਿਹਾ “ਹੁਣ ਮੈਂ ਵੱਡਾ ਹੋ ਗਿਆ ਹਾਂ ਤੇ ਮੈਂ ਰੁੱਖ ਉਪਰ ਨਹੀਂ ਚੜ੍ਹ ਸਕਦਾ । ਮੈਨੂੰ ਪੈਸੇ ਚਾਹੀਦੇ ਹਨ। ਮੈਂ ਆਪਣੀਆਂ ਹੋਰ ਲੋੜਾਂ ਪੂਰੀਆਂ ਕਰਨੀਆਂ ਹਨ। ਕੀ ਤੂੰ ਮੈਂਨੂੰ ਪੈਸੇ ਦੇ ਸਕਦਾ ਹੈਂ ?”
ਰੁੱਖ ਨੇ ਉਤਰ ਦਿਤਾ “ਮੈਨੂੰ ਅਫਸੋਸ ਹੈ ਕਿ ਮੇਰੇ ਕੋਲ ਪੈਸੇ ਨਹੀਂ ਹਨ, ਜੇ ਹੁੰਦੇ ਤਾਂ ਮੈਂ ਆਪਣੇ ਦੋਸਤ ਦੀ ਮਦਦ ਜ਼ਰੂਰ ਕਰਦਾ । ਮੇਰਾ ਸੁਝਾਅ ਹੈ ਕਿ ਤੂੰ ਮੇਰੇ ਸਾਰੇ ਅੰਬ ਲੈ ਜਾ । ਵੇਚ ਕੇ ਪੈਸੇ ਪ੍ਰਾਪਤ ਕਰ ਤੇ ਆਪਣੀਆਂ ਲੋੜਾਂ ਪੂਰੀਆਂ ਕਰ । ਤੇਰੀ ਮਦਦ ਕਰ ਕੇ ਮੈਨੂੰ ਖੁਸ਼ੀ ਹੋਵੇਗੀ ਅਤੇ ਆਪਣੀਆਂ ਲੋੜਾਂ ਪੂਰੀਆਂ ਕਰਕੇ ਤੈਂਨੂੰ ਵੀ ਖੁਸ਼ੀ ਮਿਲੇਗੀ ।”
ਲੜਕੇ ਨੇ ਸੁਝਾਅ ਮਨ ਲਿਆ । ਸਾਰੇ ਅੰਬ ਲੈ ਲਏ ਅਤੇ ਵੇਚਣ ਲਈ ਬਾਜ਼ਾਰ ਗਿਆ। ਰਕਮ ਪ੍ਰਾਪਤ ਕੀਤੀ ਤੇ ਆਪਣੀਆਂ ਲੋੜਾਂ ਪੂਰੀਆਂ ਕੀਤੀਆਂ। ਸਮੇਂ ਦੀ ਖੂਬਸੂਰਤੀ ਇਸ ਵਿਚ ਹੈ ਕਿ ਇਹ ਚਲਦਾ ਰਹਿੰਦਾ ਹੈ, ਰੁਕਦਾ ਨਹੀਂ । ਭਾਈ ਵੀਰ ਸਿੰਘ ਨੇ ਲਿਖਿਆ ਹੈ...
ਰਹੀ ਵਾਸਤੇ ਘੱਤ ਸਮੇਂ ਨੇ ਇਕ ਨਾ ਮੰਨੀ,
ਫੜ ਫੜ ਰਹੀ ਧਰੀਕ, ਸਮੇਂ ਖਿਸਕਾਈ ਕੰਨੀ,
ਤ੍ਰਿਖੇ ਆਪਨੇ ਵੇਗ ਗਿਆ, ਟੱਪ ਬੰਨੇ ਬੰਨੀ,
ਉੱਠ ਸੰਭਲ, ਸੰਭਾਲ ਇਸ ਸਮੇਂ ਨੂੰ,
ਕਰ ਸਫਲ ਉਡੰਦਾ ਜਾਂਵਦਾ,
ਇਹ ਠਹਿਰਨ ਜਾਚ ਨਾ ਜਾਣਦਾ,
ਲੰਘ ਗਿਆ ਨਾ ਮੁੜ ਕੇ ਆਂਵਦਾ ।
ਮੁੜ ਲੰਬਾ ਸਮਾਂ ਆਪਣੇ ਕੰਮ ‘ਚ ਮਸਤ ਹੋ ਜਾਣ ਕਾਰਨ ਲੜਕਾ ਰੁੱਖ ਤੋਂ ਦੂਰ ਰਹਿੰਦਾ ਤੇ ਦੂਰ ਰਹਿਣ ਕਾਰਨ ਰੁੱਖ ਉਦਾਸ ਹੋ ਜਾਂਦਾ । ਫਿਰ ਜਦ ਇਕ ਦਿਨ ਲੜਕਾ ਆਇਆ ਤਾਂ ਰੁੱਖ ਖੁਸ਼ ਹੋ ਗਿਆ ਅਤੇ ਉਸ ਕਿਹਾ...
“ਆ ਜਾ ! ਆ ਜਾ !! ਮੇਰੀਆਂ ਟਾਹਣੀਆਂ ਨਾਲ ਝੂਟ ਲੈ । ਖੁਸ਼ੀ ਮਿਲੇਗੀ ।”
ਪਰ ਲੜਕੇ ਨੇ ਕਿਹਾ “ਮੈਂ ਹੁਣ ਕੰਮਾਂ ਵਿਚ ਰੁਝਾ ਹੋਇਆ ਹਾਂ। ਮੇਰੇ ਕੋਲ ਸਮਾਂ ਨਹੀਂ ਕਿ ਤੇਰੇ ਨਾਲ ਮਸਤੀ ਕਰ ਸਕਾਂ ।ਮੈਨੂੰ ਹੁਣ ਘਰ ਦੀ ਲੋੜ ਹੈ। ਮੈਂ ਵਿਆਹ ਕਰਵਾਉਣਾ ਹੈ। ਮੇਰੇ ਬੱਚੇ ਹੋਣਗੇ । ਪਰਿਵਾਰ ਵਿਚ ਵਾਧਾ ਹੋਵੇਗਾ, ਇਸ ਲਈ ਘਰ ਦੀ ਲੋੜ ਹੈ।”
ਰੁੱਖ ਬੋਲਿਆ, “ਉਦਾਸ ਨਾ ਹੋ । ਮੇਰੇ ਟਾਹਣ ਵੱਢ ਲੈ, ਇਸ ਤਰ੍ਹਾਂ ਤੈਨੂੰ ਘਰ ਲਈ ਲੱਕੜ ਮਿਲ ਜਾਵੇਗੀ। ਜਾਉ, ਘਰ ਬਣਾਉ ਅਤੇ ਖੁਸ਼ੀ ਖੁਸ਼ੀ ਰਹੋ। ਮੈਨੂੰ ਵੀ ਖੁਸ਼ੀ ਮਿਲੇਗੀ।”
ਲੜਕੇ ਨੇ ਟਾਹਣ ਕੱਟ ਲਏ। ਲੱਕੜ ਦੀ ਘਰ ਬਣਾਉਣ ਲਈ ਵਰਤੋਂ ਕੀਤੀ। ਘਰ ਬਣਾ ਕੇ ਬੱਚਿਆਂ ਨਾਲ ਖੁਸ਼ੀ ਖੁਸ਼ੀ ਰਹਿਣ ਲੱਗਾ।
ਸਮਾਂ ਬੀਤਦਾ ਗਿਆ । ਲੜਕਾ ਬੁਢਾਪੇ ਵੱਲ ਚੱਲ ਪਿਆ ਤੇ ਦਰਖਤ ਕਾਫੀ ਵੱਡਾ ਹੋ ਚੁਕਾ ਸੀ। ਲੰਬੇ ਸਮੇਂ ਬਾਅਦ ਉਹ ਜਦ ਦਰਖਤ ਕੋਲ ਆਇਆ ਤਾਂ ਦਰਖਤ ਨੇ ਮੁੜ ਉਸਨੂੰ ਜੀ ਆਇਆ ਕਿਹਾ ਅਤੇ ਖੇਡਣ ਲਈ ਆਖਿਆ। ਪਰ ਉਸਨੇ ਬੁਢਾਪੇ ਦੀ ਮਜ਼ਬੂਰੀ ਦੱਸੀ ਤੇ ਕਿਹਾ ਕਿ ਮੈਨੂੰ ਤਾਂ ਕਿਸ਼ਤੀ ਬਨਾਉਣ ਲਈ ਲੱਕੜ ਦੀ ਲੋੜ ਹੈ। ਕੀ ਤੂੰ ਦੇ ਸਕਦਾ ਹੈਂ ? ਰੁੱਖ ਬੋਲਿਆ ਕਿ ਮੇਰੇ ਕੋਲ ਤਣਾ ਬਾਕੀ ਹੈ । ਤੂੰ ਕੱਟ ਲੈ, ਆਨੰਦ ਮਾਣ ਲੈ। ਤੈਨੂੰ ਖੁਸ਼ੀ ਮਿਲੇਗੀ ਤਾਂ ਮੈਂ ਵੀ ਖੁਸ਼ ਹੋ ਜਾਵਾਂਗਾ। ਉਸ ਨੇ ਇੰਝ ਹੀ ਕੀਤਾ।
ਦਰਖਤ ਖੁਸ਼ ਹੋ ਗਿਆ ਪਰ ਸਚਮੁੱਚ ਨਹੀਂ ਕਿਉ ਜੋ ਉਹ ਇਨਸਾਨ ਸਭ ਕੁਝ ਲੈ ਚੁੱਕਾ ਸੀ ਅਤੇ ਬਾਬੇ ਦੀ ਰੁੱਖ ਲਗਾਉਣ ਵਾਲੀ ਗੱਲ ਭੁਲ ਚੁੱਕਾ ਸੀ। ਜ਼ਰੂਰੀ ਹੈ ਕਿ ਜੇਕਰ ਲੋੜਾਂ ਲਈ ਰੁੱਖ ਕਟਣੇ ਪੈ ਜਾਣ ਤਾਂ ਹੋਰ ਰੁੱਖ ਵੀ ਲਾਏ ਜਾਣ ਅਤੇ ਧਿਆਨ ਵੀ ਦਿੱਤਾ ਜਾਵੇ।
****
No comments:
Post a Comment