ਜੇ ਅੱਜ ਤੱਕ ਲੋਕਾਂ ਨੂੰ ਅਨੰਦਪੁਰ ਦਾ ਰਾਹ ਲੱਭ ਜਾਂਦਾ
ਕਿਤਿਓਂ ਤੱਤੀਆਂ ਹਵਾਵਾਂ ਨੇ ਜੁਅਰਤ ਨਹੀਂ ਸੀ ਕਰਨੀ
ਪੰਜ ਪਾਣੀਆਂ ਨੂੰ ਗੰਧਾਲਣ ਦੀ-
ਜੇ ਗੋਬਿੰਦ ਦੀ ਲਿਸ਼ਕਦੀ ਸ਼ਮਸ਼ੀਰ ਨਜ਼ਰੀਂ ਪੈ ਜਾਂਦੀ
ਤਾਂ ਜ਼ਹਾਨ 'ਚ ਥਾਂ 2 ਸੂਰਜ ਸਜ ਜਾਣੇ ਸੀ-
ਇਨਸਾਨੀਅਤ ਉੱਗ ਆਉਣੀ ਸੀ-ਖੇਤਾਂ, ਰਾਹਾਂ ਚ
ਘਰ ਦਰ ਭਰ ਜਾਣੇ ਸੀ ਸਿਤਾਰਿਆਂ ਨਾਲ-
ਜੇ ਜੇਬਾਂ ਚ ਜਰਾ ਜਿੰਨਾ ਵੀ ਦਰਦ ਜਾਗਦਾ
ਭਰਾਵਾਂ ਨੇ ਤੜਫ਼ 2 ਨਹੀਂ ਸੀ ਮਰਨਾ ਪਾਣੀ ਦੇ ਇੱਕ 2 ਘੁੱਟ ਤੋਂ
ਜੇ ਨਨਕਾਣੇ ਜਾਂਦੇ ਦੀ ਕੋਈ ਪੈੜ ਤੱਕ ਲੈਂਦਾ
ਰਾਗਾਂ ਨਾਲ ਤ੍ਰੰਗਿਤ ਹੋਣੀਆਂ ਸੀ ਪੌਣਾਂ- ਅੱਜ
ਦਰਿਆਵਾਂ ਦੀਆਂ ਲਹਿਰਾਂ ਤੇ ਕਹਿਰਾਂ ਦਾ ਹੁਸਨ ਹੋਣਾ ਸੀ-
ਬਾਹਾਂ ਚ ਗੱਲਵੱਕਵੀਆਂ ਜਨਮਦੀਆ
ਹਿੱਕਾਂ ਚ ਇੱਕ ਦੂਜੇ ਲਈ ਸੱਜਰੀਆਂ ਸੱਧਰਾਂ ਫੁੱਟਦੀਆਂ-
ਜੇ ਕਿਸੇ ਨੇ ਗੜ੍ਹੀ ਚ ਬਾਪੂ ਹੱਥੋਂ
ਸਜਦੇ ਪੁੱਤਰ ਦੇਖੇ ਹੁੰਦੇ
ਮੈਦਾਨ ਚ ਤੀਰਾਂ ਦਾ ਨਜ਼ਾਰਾ ਤੱਕਿਆ ਹੁੰਦਾ
ਤਾਂ ਹਰ ਪਾਸੇ ਮਾਵਾਂ ਪੁੱਤਾਂ ਨੂੰ ਸਜਾ ਕੇ ਲਈ ਖੜ੍ਹੀਆਂ ਹੁੰਦੀਆਂ
ਬਾਪ ਹੱਸ 2 ਜੰਗ ਲਈ ਟੋਰਦਾ ਹੀਰਿਆਂ ਨੂੰ-
ਜੇ ਜਦੇ ਕੋਈ ਗੋਬਿੰਦ ਦੇ ਸੱਜਰੇ ਬਾਟੇ ਚੋਂ ਘੁੱਟ ਗਟ 2 ਪੀ ਲੈਂਦਾ
ਤਾਂ ਕਦੇ ਸਰੂਰ ਨਹੀਂ ਸੀ ਮਰਨੇ
ਕਦੇ ਸੂਰਜ ਨਹੀਂ ਸੀ ਠਰਨੇ
ਲੰਬੇ ਯੁੱਧ ਨਹੀਂ ਸੀ ਕਿਸੇ ਕਰਨੇ
ਮਿੱਠਤ ਹੋਟਾਂ ਤੋਂ ਕਿਰਨੀ ਸੀ-
ਨਫ਼ਰਤ ਪਲਕਾਂ ਤੋਂ ਝੜਨੀ ਸੀ-
ਮੁੜ ਜੇ ਕੋਈ ਯਾਰੜੇ ਦੇ ਸੱਥਰਾਂ ਤੇ ਸੁੱਤਾ ਹੁੰਦਾ
ਕੰਡਿਆਂ ਨਾਲ ਸੁਹਲ ਪੱਬਾਂ ਤੇ ਬੂਟੀਆਂ ਪੁਆਈਆਂ ਹੁੰਦੀਆਂ
ਤੂਫ਼ਾਨਾਂ ਨੇ ਪੰਜਾਬ ਵੱਲ ਮੂੰਹ ਨਹੀ ਸੀ ਕਰਨਾ -
ਜੇ ਕਿਸੇ ਨੇ ਦੀਪ ਸਿੰਘ ਧੜ੍ਹ ਬਿਨ ਲੜ੍ਹਦਾ ਤੱਕਿਆ ਹੁੰਦਾ
ਤਾਂ ਪੁੱਤਾਂ ਸਿਰਹਾਣਿਓਂ ਮਾਵਾਂ ਦੇ ਪਰਛਾਵੇਂ ਨਹੀਂ ਸੀ ਮਰਨੇ-
ਜੇ ਕੋਈ ਸਰਹੰਦ ਦੀ ਕੰਧ ਸਿਤਾਰਿਆਂ ਦੁਆਲੇ ੳੁੱਸਰਦੀ ਤੱਕ ਲੈਂਦਾ
ਤਾਂ ਜ਼ਾਲਮ ਨੇ ਅੱਜਕਲ ਫਿਰ ਗਲੀਆਂ 'ਚ ਨਹੀਂ ਸੀ ਘੁੰਮਣਾ
ਜੇ ਕੋਈ ਦਿੱਲੀ ਸੀਸ ਗੰਜ਼ ਦੇ ਕੋਲ ਦੀ ਵੀ ਲੰਘਿਆ ਹੁੰਦਾ
ਤਾਂ ਤੇਗਾਂ ਨੂੰ ਸਿਰ ਮੰਗਣ ਦੀ ਅਰਜ਼ ਨਾ ਕਰਨੀ ਪੈਂਦੀ-
ਕੋਈ ਜੇ ਮੁੜ ਬਲਦੀਆਂ ਤਵੀਆਂ ਕੋਲ ਖੜ੍ਹਿਆ ਹੁੰਦਾ
ਤਪਦੀਆਂ ਰੇਤਾਂ ਚ ਨਾਹਤਾ ਹੁੰਦਾ
ਉੱਬਲਦੀਆਂ ਦੇਗਾਂ ਚ ਬੈਠਾ ਹੁੰਦਾ
ਤਾਂ ਲੋਕਾਈ ਠਰੀ ਰਹਿਣੀ ਸੀ-
ਕੋਈ ਮੀਜ਼ਾਇਲ ਦੁੱਧ ਚੁੰਘਦੇ ਬੱਚਿਆਂ ਨੂੰ ਮਾਵਾਂ ਕੋਲੋਂ ਨਾ ਖੋਹਦੀਂ
ਰਾਹਾਂ ਚੁਰਾਹਿਆਂ ਚ ਦੀਪਕ ਜਗਣੇ ਸਨ ਸ਼ਬਦ ਦੇ-
ਰਬਾਬ ਹੋਣੀ ਸੀ -ਹਰ ਡਾਲੀ ਨਾਲ ਲਟਕਦੀ
ਮਰਦਾਨੇ ਨੇ ਹਰ ਪਿੰਡ ਚ ਲੈ ਕੇ ਆਉਣਾ ਸੀ ਨਾਨਕ ਨੂੰੁ-
ਹਵਾਵਾਂ ਨੇ ਦੁੱਖ ਪੜ੍ਹਨੇ ਸੀ ਲੋਕਾਂ ਦੇ
ਰੁਮਕਦਿਆਂ ਬੁੱਲ੍ਹਿਆਂ ਨੇ ਤੇਰੇ ਉੱਧੜੇ ਸੁੱਖ ਸੀਣੇ ਸਨ
ਅਜੇ ਵੀ ਜੇ ਕੋਈ 'ਨੰਦਪੁਰ ਜਾਵੇ-
ਨਨਕਾਣੇ ਦਾ ਫੇਰਾ ਪਾਵੇ
ਸੌਣ ਲਈ ਸੱਥਰ ਵਿਛਾਵੇ
ਨਾਨਕ ਟੁੱਕ ਵੰਡ 2 ਖਾਵੇ
ਦੇਗਾਂ ਵਿਚ ਬੈਠ ਕੇ ਨਾਵੇ
ਤਾਂ ਨੇਕੀ ਨੇ ਘਰੀਂ ਦਰੀਂ ਆ ਖੜ੍ਹਨਾ ਹੈ-
ਵਿਹੜੇ 'ਚ ਰਬਾਬ ਤੇ ਰਾਗ ਨੇ ਆ ਵੜ੍ਹਨਾ ਹੈ-
ਅੰਮ੍ਰਿਤ ਹੜ੍ਹ ਨੇ ਛੱਤਾਂ ਤੇ ਆ ਚੜ੍ਹਨਾ ਹੈ-
****
No comments:
Post a Comment