ਫਰੀਦਾ ਲੋੜੈ ਦਾਖ ਬਿਜੋਰੀਆਂ ਕਿਕਰਿ ਬੀਜੈ ਜਟੁ......... ਲੇਖ / ਅਜੀਤ ਸਿੰਘ (ਡਾ.), ਕੋਟਕਪੂਰਾ



ਇਤਿਹਾਸ ਦੇ ਵਰਕੇ ਫਰੋਲਣ ਨਾਲ ਬਹੁਤ ਸਾਰੇ ਪੱਖ ਨਜ਼ਰ ਆਉਂਦੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਧਾਰਨ ਕੇਵਲ ਦੋ ਸੌ ਸਾਲ ਪਹਿਲਾਂ ਫਰੀਦ ਜੀ ਹੋਏ ਸਨ । ਉਹਨਾਂ ਦੇ ਰਚਿਤ ਸਲੋਕ ਵੀ ਸ੍ਰੀ ਗੁਰੂ ਗਰੰਥ ਸਾਹਿਬ ਵਿਚ ਦਰਜ ਹਨ । ਹਰ ਸਿੱਖ ਜਾਂ ਨਾਨਕ ਨਾਮ ਲੇਵਾ ਜਦੋਂ ਵੀ ਸ੍ਰੀ ਗੁਰੂ ਗਰੰਥ ਸਾਹਿਬ ਜੀ ਨੂੰ ਸਿਜਦਾ ਕਰਦਾ ਹੈ ਤਾਂ ਉਹ ਬਾਬਾ ਫਰੀਦ ਜੀ ਦੀ ਬਾਣੀ ਦਾ ਵੀ ਉਨ੍ਹਾਂ ਹੀ ਸਤਿਕਾਰ ਕਰਦਾ ਹੈ, ਜਿਤਨਾ ਉਸ ਦੇ ਮਨ ਵਿਚ ਆਪਣੇ ਗੁਰੂ ਜੀ ਦਾ ਸਤਿਕਾਰ ਹੁੰਦਾ ਹੈ। ਬਾਬਾ ਫਰੀਦ ਜੀ ਦਾ ਪੂਰਾ ਨਾਮ ਫਰੀਦੁ-ਦੀਨ ਮਸੂਦ ਸੀ । ਉਹ ਹਿਜਰੀ 569 ਦੇ ਰਮਜ਼ਾਨ ਮਹੀਨੇ ਦੀ ਪਹਿਲੀ ਤਾਰੀਖ ਨੂੰ ਪੈਦਾ ਹੋਏ ਸੀ ਅਤੇ ਉਸ ਸਮੇਂ ਸੰਨ 1173 ਸੀ, ਕੁਝ ਇਤਿਹਾਸਕਾਰ 1175 ਮੰਨ ਰਹੇ ਹਨ ।


ਇਤਿਹਾਸ ਵਿਚ ਦਰਜ ਹੈ ਕਿ ਬਾਰਵੀਂ ਸਦੀ ਈਸਵੀ ਵਿਚ ਕਾਬੁਲ ਦਾ ਬਾਦਸ਼ਾਹ ਫਾਰੂਕ ਸ਼ਾਹ ਸੀ । ਗਜਨੀ ਅਤੇ ਹੋਰ ਨੇੜੇ ਦੇ ਇਲਾਕੇ ਦੇ ਬਾਦਸ਼ਾਹ ਇਸ ਦੀ ਈਨ ਮੰਨਦੇ ਸਨ। ਪ੍ਰੰਤੂ ਫਾਰੂਕ ਸ਼ਾਹ ਦਾ ਪੁਤਰ ਇਤਨਾ ਤੇਜ਼ ਤਰਾਰ ਯੋਧਾ ਅਤੇ ਕਾਬਲ ਨਹੀਂ ਸੀ।ਗਜ਼ਨੀ ਦੇ ਬਾਦਸ਼ਾਹ ਨੇ ਕਾਬੁਲ ਉਪਰ ਕਬਜ਼ਾ ਕਰ ਲਿਆ ਅਤੇ ਅਖੀਰ ਉਸ ਨੇ ਆਪਣੀ ਲੜਕੀ ਦੀ ਸ਼ਾਦੀ ਉਸ ਦੇ ਪੁਤਰ ਨਾਲ ਕਰਕੇ ਉਸ ਨੂੰ ਕਾਬੁਲ ਦੀ ਬਾਦਸ਼ਾਹੀ ਵਾਪਸ ਕਰ ਦਿਤੀ ਸੀ। ਇਸ ਲੜਾਈ ਝਗੜੇ ਦੇ ਸਮੇਂ ਗਜ਼ਨੀ ਦਾ ਇਕ ਭਰਾ ਸ਼ੇਖ ਸਾਈਬ (ਹਿਜਰੀ 519) ਈਸਵੀ 1125 ਵਿਚ ਆਪਣੇ ਪਰਿਵਾਰ ਸਮੇਤ ਵਤਨ ਛੱਡ ਕੇ ਕਸੂਰ ਵਿਚ ਜਾ ਵਸਿਆ। ਫਿਰ ਕਸੂਰ ਛੱਡ ਕੇ ਮੁਲਤਾਨ ਚਲੇ ਗਏ ਅਤੇ ਫਿਰ ਦੀਪਾਲਪੁਰ ਨੇੜੇ ਕੋਠੀਵਾਲ ਵਿਚ ਆ ਵਸੇ। ਸ਼ੇਖ ਸਈਬ ਦੇ ਪੁਤਰ ਦੀ ਸ਼ਾਦੀ ਬੀਬੀ ਮਰੀਅਮ ਨਾਲ ਕਰ ਦਿਤੀ ਗਈ।ਉਸ ਦੀ ਕੁਖ ਵਿਚੋ ਤਿੰਨ ਪੁਤਰ ਪੈਦਾ ਹੋਏ ਦੂਜੇ ਪੁਤਰ ਦਾ ਨਾਂ ਫਰੀਦੁ-ਦੀਨ ਮਸੂਦ ਸੀ।



16 ਸਾਲ ਦੀ ਉਮਰ ਵਿਚ ਫਰੀਦ ਜੀ ਆਪਣੇ ਮਾਪਿਆਂ ਨਾਲ ਹੱਜ ਕਰਨ ਲਈ ਮੱਕਾ ਸ਼ਰੀਫ ਗਏ। ਵਾਪਸ ਆ ਕੇ ਤਾਲੀਮ ਹਾਸਲ ਕਰਨ ਲਈ ਕਾਬੁਲ ਭੇਜਿਆ ਗਿਆ । ਤਾਲੀਮ ਪੂਰੀ ਕਰ ਕੇ ਜਦੋਂ ਮੁਲਤਾਨ ਵਾਪਸ ਆਏ ਤਾਂ ਇਹਨਾਂ ਨੂੰ ਦਿੱਲੀ ਵਾਲੇ ਖਵਾਜਾ ਕੁਤਬ ਦੀਨ ਬਖਤੀਆਰ ਉਸ਼ੀ ਦੇ ਦਰਸ਼ਨ ਹੋਏ ਤੇ ਉਹਨਾਂ ਦੇ ਮੁਰੀਦ ਬਣ ਗਏ । ਮੁਰਸ਼ਦ ਦੇ ਹੁਕਮ ਅਨੁਸਾਰ ਕੁਝ ਦੇਰ ਹਾਂਸੀ ਅਤੇ ਸਰਸਾ ਵਿਖੇ ਇਸਲਾਮੀ ਤਾਲੀਮ ਪ੍ਰਾਪਤ ਕਰਦੇ ਰਹੇ । ਜਦੋਂ ਖਵਾਜਾ ਜੀ ਚੜ੍ਹਾਈ ਕਰ ਗਏ ਤਾਂ ਫਰੀਦ ਜੀ ਅਜੋਧਨ ਆ ਗਏ, ਜਿਸ ਨੂੰ ਹੁਣ ਪਾਕਪਟਨ ਆਖਿਆ ਜਾਂਦਾ ਹੈ । ਇਸ ਸਮੇਂ ਤਕ ਫਰੀਦ ਜੀ ਦੀ ਸ਼ਾਦੀ ਹੋ ਚੁਕੀ ਸੀ ਅਤੇ ਆਪ ਜੀ ਦੇ ਛੇ ਲੜਕੇ ਅਤੇ ਦੋ ਲੜਕੀਆਂ ਸਨ । ਵੱਡੇ ਪੁੱਤਰ ਦਾ ਨਾਮ ਸ਼ੇਖ ਬਦਰੂ ਦੀਨ ਸੁਲੇਮਾਨ ਸੀ, ਜੋ ਬਾਅਦ ਵਿਚ ਇਨ੍ਹਾਂ ਦੀ ਗੱਦੀ ਉੱਪਰ ਬੈਠਾ ।

ਇਤਿਹਾਸ ਬੋਲਦਾ ਹੈ ਕਿ ਬਾਬਾ ਫਰੀਦ ਜੀ ਆਪਣੇ ਜੀਵਨ ਕਾਲ ਸਮੇਂ ਦਿੱਲੀ ਤੋਂ ਅਜੋਧਨ ਜਾਂਦੇ ਸਮੇਂ ਮੋਕਲਹਰ (ਹੁਣ ਦਾ ਨਾਮ ਫਰੀਦਕੋਟ) ਵਿਚੋਂ ਲੰਘੇ ਸਨ । ਉਸ ਸਮੇਂ ਕਿਲੇ ਦੀ ਉਸਾਰੀ ਚੱਲ ਰਹੀ ਸੀ । ਲੋਕਾਂ ਤੋਂ (ਵੰਗਾਰ) ਮਜ਼ਦੂਰੀ ਕਰਵਾਈ ਜਾ ਰਹੀ ਸੀ । ਫਰੀਦ ਜੀ ਨੂੰ ਵੀ ਫੜ ਲਿਆ ਗਿਆ । ਜਦੋਂ ਉਹ ਵੰਗਾਰ ਕਰ ਰਹੇ ਸੀ, ਤਾਂ ਦੇਖਿਆ ਗਿਆ ਕਿ ਟੋਕਰੀ ਉਨ੍ਹਾਂ ਦੇ ਸਿਰ ਤੋਂ ਉੱਪਰ ਸੀ । ਇਹ ਦੇਖ ਸਭ ਲੋਕ ਹੈਰਾਨ ਰਹਿ ਗਏ । ਜਦੋਂ ਰਾਜੇ ਨੂੰ ਖਬਰ ਮਿਲੀ ਤਾਂ ਰਾਜਾ ਖੁਦ ਦੇਖ ਕੇ ਹੈਰਾਨ ਹੋਇਆ ਕਿ ਇਹ ਤਾਂ ਕੋਈ ਮਹਾਂਪੁਰਖ ਹੈ । ਉਸ ਨੇ ਉਨ੍ਹਾਂ ਤੋਂ ਮੁਆਫ਼ੀ ਮੰਗੀ ਅਤੇ ਫਰੀਦ ਜੀ ਨੂੰ ਛੱਡ ਦਿਤਾ । ਫਰੀਦ ਜੀ ਨੇ ਜਿਸ ਰੁੱਖ ਨਾਲ ਗਾਰੇ ਵਾਲੇ ਹੱਥ ਸਾਫ ਕੀਤੇ, ਉਹ ਰੁੱਖ ਵੀ ਉੱਥੇ ਮੌਜੂਦ ਹੈ । ਉੱਥੇ ਇਸ ਵੇਲੇ ਉਨ੍ਹਾਂ ਦੀ ਯਾਦ ਵਿਚ ਗੁਰੂਦੁਆਰਾ ਸਾਹਿਬ ਬਣਿਆ ਹੋਇਆ ਹੈ ਅਤੇ ਹਰ ਵੀਰਵਾਰ ਮੇਲਾ ਲੱਗਦਾ ਹੈ । ਉਸ ਸ਼ਹਿਰ ਦਾ ਪਹਿਲਾ ਨਾਮ ਮੋਕਲਹਰ ਸੀ, ਜੋ ਕਿ ਮੋਕਲਹਰ ਰਾਜੇ ਦੇ ਨਾਮ ਤੇ ਸੀ । ਬਾਅਦ ਵਿਚ ਉਸ ਦਾ ਨਾਮ ਫਰੀਦਕੋਟ ਰੱਖ ਦਿਤਾ ਗਿਆ । ਹੁਣ ਇਸ ਨਗਰ ਵਿਚ ਉਨ੍ਹਾਂ ਦੇ ਨਾਮ ਉੱਪਰ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਬਣੀ ਹੋਈ ਹੈ ।

ਸ਼ੇਖ ਬ੍ਰਹਮ ਜਿਸ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਮਿਲੇ ਸਨ ਅਤੇ ਉਨ੍ਹਾਂ ਤੋਂ ਸ਼ੇਖ ਫਰੀਦ ਜੀ ਦੇ ਸ਼ਲੋਕ ਪ੍ਰਾਪਤ ਕੀਤੇ ਸਨ, ੳਹ ਫਰੀਦ ਜੀ ਦੀ ਗੱਦੀ ਉਪਰ ਗਿਆਰਵੇਂ ਸਥਾਨ ਉੱਪਰ ਸਨ। ਬਾਬਾ ਫਰੀਦ ਜੀ ਨੇ ਪੰਜਾਬੀ ਬੋਲੀ ਨੂੰ ਪ੍ਰਚਾਰ ਲਈ ਵਰਤਿਆ ਸੀ । ਇਸ ਵਿਚ ਲਹਿੰਦੀ ਪੰਜਾਬੀ ਦਾ ਅਸਰ ਵੀ ਮਿਲਦਾ ਹੈ।

ਬਾਬਾ ਫਰੀਦ ਜੀ ਦੇ ਸ਼ਲੋਕਾਂ ਵਿਚ ਸਾਧਾਰਨ ਲੋਕਾਂ ਦੀ ਬੋਲੀ ਅਤੇ ਆਮ ਜੀਵਨ ਵਿਚੋਂ ਲਈਆਂ ਉਦਾਹਰਨਾਂ ਆਮ ਮਨਾਂ ‘ਤੇ ਡੂੰਘਾ ਅਸਰ ਦਿੰਦੀਆਂ ਹਨ ।

ਫਰੀਦਾ ਲੋੜੇ ਦਾਖ ਬਿਜੋਰੀਆਂ ਕਿਕਰਿ ਬੀਜੈ ਜਟੁ।।
ਹੰਢੈ ਉਨ ਕਤਾਇਦਾਂ ਪੈਧਾ ਲੋੜੇ ਪਟੁ ।।23।। (ਪੰਨਾ 1379)

ਇਸ ਸ਼ਲੋਕ ਵਿਚ ਫਰੀਦ ਜੀ ਦੱਸਦੇ ਹਨ ਕਿ ਜੱਟ ਕਿਕਰੀਆਂ ਬੀਜ ਰਿਹਾ ਹੈ ਅਤੇ ਬਿਜੋਰ ਦੀਆਂ ਦਾਖਾਂ ਭਾਵ ਛੋਟੇ ਅੰਗੂਰਾਂ ਦੀ ਤਮੰਨਾ ਰੱਖਦਾ ਹੈ । ਇਸ ਤਰ੍ਹਾਂ ਹੀ ਸਾਰੀ ਉਮਰ ਉਨ ਕਤਾ ਰਿਹਾ ਹੈ ਅਤੇ ਇੱਛਾ ਪੱਟ ਅਰਥਾਤ ਰੇਸ਼ਮ ਦੀ ਰੱਖਦਾ ਹੈ।

ਜਾਂ

ਫਰੀਦਾ ਸ਼ਕਰ ਖੰਡੁ ਨਿਵਾਤ ਗੁੜੁ ਮਾਖਿਉ ਮਾਝਾ ਦੁਧੁ।।
ਸਭੇ ਵਸਤੂ ਮਿਠੀਆਂ ਰਬ ਨਾ ਪੁਜਨਿ ਤੁਧੁ ।।27।। (ਪੰਨਾ 1379)  

ਇਸ ਸ਼ਲੋਕ ਵਿਚ ਫਰੀਦ ਜੀ ਫੁਰਮਾਉਂਦੇ ਹਨ ਕਿ ਸ਼ੱਕਰ, ਖੰਡ, ਮਿਸਰੀ, ਗੁੜ, ਸ਼ਹਿਦ ਅਤੇ ਮੱਝ ਦਾ ਦੁੱਧ ਸਾਰੇ ਹੀ ਮਿੱਠੇ ਹਨ ਪ੍ਰੰਤੂ ਇਹ ਸਾਰੀਆਂ ਵਸਤਾਂ ਰੱਬ ਦੇ ਨਾਮ ਦਾ ਮੁਕਾਬਲਾ ਨਹੀ ਕਰ ਸਕਦੀਆਂ ਜੋ ਇਨ੍ਹਾਂ ਵਸਤੂਆਂ ਤੋਂ ਵੀ ਮਿੱਠਾ ਹੈ ।

               ਅਤੇ

ਫਰੀਦਾ ਇਕਨਾ ਆਟਾ ਅਗਲਾ ਇਕਨਾ ਨਾਹੀ ਲੋਣੁ।।
ਅਗੈ ਗਏ ਸਿੰਞਾਪਸਨਿ ਚੋਟਾਂ ਖਾਸੀ ਕਉਣੁ ॥44।।{ਪੰਨਾ 1380}

ਫਰੀਦ ਜੀ ਆਖਦੇ ਹਨ ਕਿ ਕਾਫੀ ਲੋਕਾਂ ਪਾਸ ਬਹੁਤ ਸਾਰਾ ਆਟਾ ਹੈ ਅਤੇ ਕੁਝ ਲੋਕਾਂ ਕੋਲ ਪਲੇਥਣ ਜੋਗਾ ਵੀ ਆਟਾ ਨਹੀ ਹੈ । ਅੱਗੇ ਜਾਣ ਉੱਪਰ ਹੀ ਪਤਾ ਲਗੇਗਾ ਕਿ ਦੁੱਖ ਕਿਸ ਨੂੰ ਮਿਲਦੇ ਹਨ ।

ਬਾਬਾ ਫਰੀਦ ਜੀ ਨੂੰ ਸ਼ਕਰਗੰਜ ਵੀ ਆਖਿਆ ਜਾਂਦਾ ਹੈ ਇਸ ਸੰਬੰਧ ਵਿਚ ਕਿਹਾ ਜਾਂਦਾ ਹੈ ਕਿ ਜਦੋ ਮਰੀਅਮ (ਮਾਤਾ ਸ਼ੇਖ ਫਰੀਦ) ਨੇ ਆਪਣੇ ਪੁੱਤਰ ਨੂੰ ਭਗਤੀ ਕਰਨ ਲਈ ਆਖਿਆ ਤਾਂ ਫਰੀਦ ਜੀ ਨੇ ਪੁੱਛਿਆ ਕਿ ਮੈਨੂੰ ਭਗਤੀ ਕਰ ਕੇ ਕੀ ਮਿਲੇਗਾ ? ਉਸ ਦੀ ਮਾਂ ਨੇ ਆਖਿਆ ਕਿ ਭਗਤੀ ਕਰਨ ਤੋ ਬਾਅਦ ਸੱ਼ਕਰ ਮਿਲੇਗੀ। ਫਰੀਦ ਜੀ ਭਗਤੀ ਕਰਨ ਲੱਗੇ ਤਾਂ ਉਸ ਦੀ ਮਾਂ ਚਾਦਰ ਹੇਠ ਇਕ ਮੁੱਠੀ ਸੱ਼ਕਰ ਰਖਣ ਲੱਗ ਪਈ । ਇਤਫਾਕਵਸ ਉਹ ਇਕ ਦਿਨ ਸ਼ੱਕਰ ਰੱਖਣੀ ਭੁੱਲ ਗਈ । ਜਦ ਫਰੀਦ ਜੀ ਭਗਤੀ ਕਰ ਕੇ ਉੱਠੇ ਤਾਂ ਰੋਜ਼ਾਨਾ ਦੀ ਤਰ੍ਹਾਂ ਚਾਦਰ ਥੱਲੇ ਦੇਖਿਆ ਤਾਂ ਉੱਥੇ ਸੱ਼ਕਰ ਪਈ ਸੀ । ਉਸ ਦੀ ਮਾਂ ਨੇ ਇਹ ਅਜੀਬ ਵਰਤਾਰਾ ਦੇਖਿਆ ਅਤੇ ਉਸ ਦਿਨ ਤੋਂ ਬਾਅਦ ਉਸ ਦਾ ਨਾਮ ਬਾਬਾ ਫਰੀਦ ਸੱ਼ਕਰ ਗੰਜ ਪੈ ਗਿਆ।

ਸ੍ਰੀ ਗੁਰੂ ਗਰੰਥ ਸਾਹਿਬ ਵਿਚ ਦਰਜ ਬਾਬਾ ਫਰੀਦ ਦੇ ਸ਼ਲੋਕਾਂ ਦੀ ਗਿਣਤੀ 112 ਹੈ । ਪ੍ਰੰਤੂ ਇਹਨਾਂ ਸ਼ਲੋਕਾਂ ਦੇ ਠੀਕ ਅਰਥ ਸਪੱਸ਼ਟ ਕਰਨ ਲਈ, ਤਾਂ ਜੋ ਕੋਈ ਅਨਜਾਣ ਗਲਤ ਨਾ ਸਮਝ ਲਵੇ, ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੁ ਅਮਰ ਦਾਸ ਜੀ, ਸ੍ਰੀ ਗੁਰੁ ਰਾਮ ਦਾਸ ਜੀ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ 18 ਸ਼ਲੋਕ ਵੀ ਇਨ੍ਹਾ ਸ਼ਲੋਕਾਂ ਦੇ ਨਾਲ ਦਰਜ ਹਨ । ਇਸ ਲਈ ਕੁਲ ਸ਼ਲੋਕਾਂ ਦੀ ਗਿਣਤੀ 130 ਹੈ । ਖਿਆਲਾਂ ਦੀ ਲੜੀ ਅਨੁਸਾਰ ਇਨ੍ਹਾ ਸ਼ਲੋਕਾਂ ਨੂੰ ਪੰਜ ਹਿੱਸਿਆਂ ਵਿਚ ਵੰਡ ਲਿਆ ਗਿਆ ਹੈ।
1 ਸ਼ਲੋਕ 1 ਤੋਂ 15 ਤਕ । ਇਸ ਵਿਚ ਸ਼ਲੋਕ 13 ਤੀਜੇ ਨਾਨਕ ਸ੍ਰੀ ਗੁਰੁ ਅਮਰ ਦਾਸ ਜੀ ਦਾ ਹੈ।

2 ਸ਼ਲੋਕ 16 ਤੋਂ 36 ਤਕ । ਇਸ ਵਿਚ ਸ਼ਲੋਕ 32 ਪਹਿਲੇ ਨਾਨਕ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਹੈ

3 ਸ਼ਲੋਕ 37 ਤੋਂ 65 ਤਕ । ਇਸ ਵਿਚ ਸ਼ਲੋਕ 52  ਤੀਜੇ ਨਾਨਕ ਸ੍ਰੀ ਗੁਰੂ ਅਮਰ ਦਾਸ ਜੀ ਦਾ ਹੈ।

4 ਸ਼ਲੋਕ 66 ਤੋਂ 92 ਤਕ । ਇਸ ਵਿਚ  ਸ਼ਲੋਕ 75, 82 ਅਤੇ 93 ਪੰਜਵੇਂ ਨਾਨਕ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਹਨ।

5 ਸ਼ਲੋਕ 93 ਤੋਂ 130 ਤਕ । ਇਸ ਵਿਚ ਪਹਿਲੇ ਨਾਨਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ 113, 120 ਅਤੇ 124 ਹਨ। ਤੀਜੇ ਨਾਨਕ ਸ੍ਰੀ ਗੁਰੂ ਅਮਰ ਦਾਸ ਜੀ ਦੇ 104, 122 ਅਤੇ 123 ਹਨ। ਚੌਥੇ ਨਾਨਕ ਸ੍ਰੀ ਗੁਰੂ ਰਾਮ ਦਾਸ ਜੀ ਦਾ ਇਕ ਸ਼ਲੋਕ 121 ਹੈ । ਪੰਜਵੇ ਨਾਨਕ ਸ੍ਰੀ ਗੁਰੂ ਅਰਜਨ ਦੇਵ ਜੀ ਦੇ 105, 108, 109, 110 ਅਤੇ 111 ਹਨ।

ਇਹਨਾ ਸ਼ਲੋਕਾਂ ਵਿਚੋ ਇਕ ਸੁਨੇਹਾ ਪ੍ਰਾਪਤ ਹੁੰਦਾ ਹੈ ਕਿ ਮਨੁੱਖ ਇਸ ਦੁਨੀਆਂ ਉੱਪਰ ਸੇਵਾ ਭਾਵ ਲਈ ਆਉਂਦਾ ਹੈ ਅਤੇ ਉਸ ਨੂੰ ਦਰਵੇਸ਼ ਦਾ ਜੀਵਨ ਜਿਉਣਾ ਚਾਹੀਦਾ ਹੈ । ਪ੍ਰੰਤੂ ਮਨੁੱਖ ਸੰਸਾਰ ਵਿਚ ਆ ਕੇ ਆਉਣ ਦਾ ਅਸਲ ਮੰਤਵ ਭੁੱਲ ਕੇ ਵਿਸ਼ ਗੰਦਲਾਂ, ਜੋ ਖੰਡ ਲਿਵਾੜ ਕੇ ਰੱਖੀਆਂ ਹਨ, ਦੇ ਪਿਛੇ ਲੱਗ ਜਾਂਦਾ ਹੈ ਅਤੇ ਕਾਲਿਆਂ ਤੋ ਧੌਲੇ ਕਰ ਬੈਠਦਾ ਹੈ । ਮਿੱਟੀ ਦੇ ਉੱਪਰ ਹੁੰਦਾ ਹੋਇਆ, ਮਿੱਟੀ ਦੇ ਥੱਲੇ ਵੱਲ ਜਾਂਦਾ ਹੈ । ਲੋੜ ਹੈ ਪ੍ਰਮਾਤਮਾ ਦਾ ਸਿਮਰਨ ਕੀਤਾ ਜਾਵੇ । ਜੰਗਲਾਂ ਵਿਚ ਭਟਕਣ ਦੀ ਥਾਂ ਗ੍ਰਹਿਸਤੀ ਜੀਵਨ ਬਿਤਾਇਆ ਜਾਵੇ ਅਤੇ ਉਸ ਅਕਾਲ ਪੁਰਖ ਨੂੰ ਸਿਮਰਿਆ ਜਾਵੇ।

ਬਾਬਾ ਫਰੀਦ ਜੀ ਨੇ ਈਸਵੀ 1266 ਅਤੇ ਹਿਜਰੀ 666 ਦੇ ਮੁਹਰਮ ਦੀ ਪੰਜ ਤਾਰੀਖ ਨੂੰ ਅਜੋਧਨ (ਪਾਕਪਟਨ) ਵਿਚ 93 ਸਾਲ ਦੀ ਉਮਰ ਵਿਚ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖੀ। ਉੱਥੇ ਵੀ ਇਨ੍ਹਾਂ ਦੀ ਯਾਦਗਾਰ ਉੱਪਰ ਲੋਕ ਸਿਜਦਾ ਕਰਨ ਜਾਂਦੇ ਹਨ।

****

No comments: