ਗ਼ਦਰ......... ਕਹਾਣੀ / ਲਾਲ ਸਿੰਘ ਦਸੂਹਾ


ਇਸ ਵਾਰ ਪੱਕਾ ਮਨ ਬਣਾ ਕੇ ਤੁਰਿਆ ਸੀ ਕਿ ਊਦ੍ਹੋ ਮਾਮੇ ਨੂੰ ਬਰ – ਜ਼ਰੂਰ ਮਿਲਣਾ । ਆਲਸ ਨਹੀਂ ਪਾਉਣੀ । ਤਿੰਨ ਵਾਰ ਪਹਿਲੋਂ ਕੀਤੀ ਗ਼ਲਤੀ ਇਸ ਵਾਰ ਬਿਲਕੁਲ ਨਹੀਂ ਕਰਨੀ । ਘਿਉ ਦਾ ਘੜਾ ਰੁੜ੍ਹ ਜਾਏ , ਐਧਰਲੀ ਓਧਰ ਹੋ ਜਾਏ ਜਾਂ ਹੇਠਲੀ ਉੱਤੇ । ਪਹਿਲੀ ਵਾਰ ਚਾਣਚੱਕ ਆਉਣਾ ਪਿਆ ਸੀ ਇੰਡੀਆ । ਪਿੰਡੋਂ ਆਏ ਤੇਜ਼ ਗਤੀ ਲਿਫਾਫੇ ਤੇ ਨਾ ਭੇਜਣ ਵਾਲੇ ਦਾ ਨਾ ਸੀ , ਨਾ ਥਹੁ-ਪਤਾ । ਇਸ ਅੰਦਰੋਂ ਨਿਕਲਿਆ ਕਾਲਾ-ਹਾਸ਼ੀਆ ਕਾਰਡ ਹੋਰ ਵੀ ਵਿਸਫੋਕਟ । ਮੈਂ ਦੇਖਦਾ-ਪੜ੍ਹਦਾ ਜਿਵੇਂ ਸੁੰਨ ਹੋ ਗਿਆ ਸੀ  - ਸਾਡੇ ਪੂਜਨੀਕ ਪਿਤਾ ਲੰਬੜਦਾਰ ਹਰਬੰਸ ਸਿੰਘ ਘੁੰਮਣ , ਸਾਬਕਾ ਸਰਪੰਚ ,ਇਸ ਮਹੀਨੇ ਦੀ ਸੰਗਰਾਂਦ ਵਾਲੇ ਦਿਨ ਅੰਮ੍ਰਿਤ ਵੇਲੇ ਗੁਰਪੁਰੀ ਸਿਧਾਰ ਗਏ  । ਉਹਨਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਸਹਿਜ ਪਾਠ ਦਾ ਭੋਗ .... । ਅੱਗੇ ਨਾ ਮੈਥੋਂ ਭੋਗ ਦੀ ਮਿਤੀ ਪੜ੍ਹੀ ਗਈ , ਨਾ ਦਿਨ । ਮੇਰੀ ਨਿਗਾਹ ਸਿੱਧੀ ਦੁਖੀ ਹਿਰਦਿਆਂ ਵਲ੍ਹ ਨੂੰ ਤਿਲਕ ਗਈ । ਇਹ ਸਨ –ਗੁਲਬਾਗ਼ ਸਿੰਘ ਘੁੰਮਣ ( ਪੁੱਤਰ ), ਗਗਨਦੀਪ ਸਿੰਘ ਘੁੰਮਣ ( ਪੋਤਰਾ ) , ਕਿਰਨਦੀਪ ਸਿੰਘ ਘੁੰਮਣ ( ਪੋਤਰਾ ) ।
ਇਸ, ਹੇਠਲੇ ਇੰਦਰਾਜ ਨੇ ਮੈਨੂੰ ਸੁੰਨ ਵੀ ਕਰ ਦਿੱਤਾ ਸੀ ਤੇ ਬੇ-ਚੈਨ ਵੀ । ਬੇ-ਚੈਨ ਛੱਡ ਕੇ ਮੇਰਾ ਅੰਦਰ – ਬਾਹਰ ਇਕਦਮ ਸੜ-ਭਖ਼ ਪਿਆ । ਮੇਰਾ ਸਾਰੇ ਦਾ ਸਾਰਾ ਵਜੂਦ ਇਕ ਤਰ੍ਹਾਂ ਦੇ ਲਾਂਬੂ ਚ ਘਿਰ ਗਿਆ । ਮੈਂ ਗੁਲਬਾਗ਼ ਸਿੰਘ ਘੁੰਮਣ ਦਾ ਛੋਟਾ ਭਰਾ , ਹਰਬੰਸ ਸਿੰਘ ਘੁੰਮਣ ਦੂਜਾ ਪੁੱਤਰ ਬਲਕਾਰ ਸਿੰਘ ਘੁੰਮਣ ਕਾਰਡ ਚੋਂ ਅਸਲੋਂ ਗਾਇਬ ਸੀ ।
ਪਲ ਦੀ ਪਲ ,ਇਹ ਕਲ-ਮੂੰਹਾਂ ਕਾਰਡ ਮੈਨੂੰ ਝੂਠੀ-ਮੂਠੀ ਦਾ ਲੱਗਾ । ਕਿਸੇ ਸ਼ਰੀਕ ਦੀ ਸ਼ਰਾਰਤ । ਅਜੇ ਦੋ ਕੁ ਮਹੀਨੇ ਪਹਿਲਾਂ ਤਾਂ ਮੈਂ ਉਹਨੂੰ ਸਹੀ-ਸਲਾਮਤ ਛੱਡ ਕੇ ਆਇਆ ਸੀ । ਬਿਲਕੁਲ ਨੌਂ-ਬਰ-ਨੌਂ । ਕਿਸੇ ਕਿਸਮ ਦੀ ਕੋਈ  ਇਲਾਮਤ ਨਹੀਂ-ਨਾ ਸ਼ੂਗਰ , ਨਾ  ਬੀ. ਪੀ.., ਨਾ ਦਿਲ ਦਾ ਕੋਈ ਰੋਗ । ਕੰਮ-ਕਾਰ ਚ ਪੂਰੀ ਚੁਸਤੀ । ਉਸਦੇ ਨਿੱਗਰ-ਸੁਡੌਲ ਅੰਗਾਂ –ਪੈਰਾਂ ਤੇ ਉਸਦੀ ਉਮਰ-ਵਰ੍ਹਿਆਂ ਦੇ ਨਿਸ਼ਾਨ ਕਿਧਰੇ ਦੇਖਣ ਨੂੰ ਨਹੀਂ ਸੀ ਲੱਭਦੇ । ਛੇ ਕੁ ਵਰ੍ਹੇ ਪਹਿਲਾਂ ਮੈਂ ਉਸ ਦੀ ਫ਼ਰਮਾਇਸ ਤੇ ਬੋਰ ਕਰਵਾ ਦਿੱਤਾ ਸੀ ਵੱਡਾ । ਡੂੰਘਾ ਸਬਮਰਸੀਬਲ । ਮੁਰੱਬੇ ਦੇ ਐਨ ਵਿਚਕਾਰ ਕਰਕੇ । ਅਗਲੀ ਵੇਰਾਂ ਆਏ ਨੂੰ ਫਿਰ ਉਸਨੇ ਉਸੇ ਤਰ੍ਹਾਂ ਦੀ ਮੰਗ ਰੱਖ ਦਿੱਤੀ , ‘’ ਬੱਲੀ ਪੁੱਤਰ , ਬਿਜਲੀ ਹੱਥੋਂ ਬੜੇ ਦੁਖੀ ਹਾਂ । ਵਾਹ਼ਲੀ ਈ ਤੰਗੀ ਆ । ਅੱਵਲ ਆਉਂਦੀ ਈ ਨਹੀਂ , ਜੇ ਆਏ ਈ ਆਏ ਤਾਂ ਵੀਹ ਵੇਰਾਂ ਗੁਲ ਹੁੰਦੀ ਆ । ਫ਼ਸਲ-ਬਾੜੀ ਰੱਜਦੀ ਨਈਂ ਪੂਰੀ ਤਰ੍ਹਾਂ । ਪੈਰੋਂ ਉੱਖੜੀ-ਉੱਖੜੀ ਰਹਿੰਦੀ ਆ ....। ‘’ ਮੈਂ ਉਸਦੀ ਰਮਜ਼ ਫੱਟ ਤਾੜ ਗਿਆ । ਅਗਲੇ ਹੀ ਦਿਨ ਜੈਨਰੇਟਰ ਲਿਆ ਖੜ੍ਹਾ ਕੀਤਾ ਸੀ ਵੱਡਾ । ਉਸਨੂੰ ਦੇਖਦੇ ਸਾਰ ਚਾਅ ਚੜ੍ਹ ਗਿਆ ।ਉਸਨੇ ਆਪਣਾ ਬੋਰੀ-ਬਿਸਤਰਾ ਚੁੱਕਿਆ , ਬੰਬੀ ਵਾਲੇ ਕੋਠੇ ਚ ਜਾ ਮੰਜੀ ਡਾਹੀ ਸੀ , ਬੋਰ ਲਾਗੇ ਉਸੇ ਦਿਨ ।
ਉਸਦੀ ਫ਼ਸਲ-ਬਾੜੀ ਫਿਰ ਤੋਂ ਜੜਾਂ ਫੜਨ ਲੱਗ ਪਈ ।
ਵੱਡਾ ਤੌਖ਼ਲਾ ਵੀ ਇਹੋ ਸੀ ਮੈਨੂੰ – ਘਰ ਦੀ ਮੂਲ-ਜੜ੍ਹ ਉੱਖੜ ਗਈ ਹੋਵੇ ! ਮੇਰਾ ਤੇ ਗੁਲਬਾਗ਼ ਦਾ ਬਰਾਬਰ ਦਾ ਬਾਪੂ ਪੂਰਾ ਹੋ ਗਿਆ ਹੋਵੇ ।ਤੇ ਮੈਨੂੰ ... ਮੈਨੂੰ ਨਾ ਫੋਨ , ਨਾ ਸੁਨੇਹਾ , ਨਾ ਭੋਗ ਦੇ ਕਾਰਡ ਤੇ ਮੇਰਾ ਨਾਂਮ ... !! ਇਸ ਸੋਚ ਲੜੀ ਚ ਉਲਝੇ ਨੇ ਮੈਂ ਕਾਲਾ ਹਾਸ਼ੀਆ ਕਾਰਡ ਮੁੜ ਤੋਂ ਪੜ੍ਹਿਆ । ਉਲੱਦ-ਪੁਲੱਦ ਤਾਂ ਕੀ ਕਰਨੀ ਸੀ ਇਸਦੀ , ਪੱਚਾ ਕੁ ਤਾਂ ਪਰਚੀ ਸੀ ਇਹ ।
ਇਸ ਪਰਚੀ ਦਾ ਕੱਚ-ਸੱਚ ਜਾਨਣ ਲਈ ਮੈਂ ਉਸੇ ਵੇਲੇ ਪਿੰਡ ਨੂੰ ਰਿੰਗ ਕੀਤੀ । ਆਪਣੇ ਨਹੀਂ ਸਰਵਣ ਚਾਚੇ ਦੇ ਘਰ । ਬਾਪੂ ਦੇ ਸਭ ਤੋਂ ਨੇੜਲੇ ਰਾਜ਼ਦਾਨ ਸਰਵਣ ਸਿੰਘ ਵਿਰਕ ਦੇ ਘਰ । ਉਸਨੇ ਮੇਰੀ ਰੋਣ – ਹਾਕੀ ਆਵਾਜ਼ ਝੱਟ ਪਛਾਣ ਲਈ । ਝੱਟ ਹੀ ਉਸਨੇ ਅਗਲਾ ਤੌਖਲਾ ਵੀ ਨਾਲ ਹੀ ਪ੍ਰਗਟ ਕਰ ਦਿੱਤਾ- ‘’ ਮਾਮਲਾ ਸ਼ੱਕੀ ਆ ਬੱਲਿਆ , ਤੇਰੇ ਆਏ ਤੇ ਨਿੱਤਰਨੀ ਆ ਵਿਚਲੀ ਗੱਲ। ਹਾਅ ਕਾਰਡ ਵੀ ਤੈਨੂੰ ਮੈਂ ਈ ਭੇਜਿਆ , ਤਿੱਖੀ ਡਾਕੇਬਾਗੇ ਹੋਣੀ ਤਾਂ ਦਾਗ਼ ਵੀ ਚੁੱਪ-ਚੁਪੀਤੇ ਈ ਦੇ ਚੱਲੇ ਸੀ । ਏਹ ਤਾਂ ਮੈਂ ਈ ਰੌਲਾ-ਰੱਪਾ ਪਾ ਕੇ ਕੱਠੇ ਕੀਤੇ ਚਾਰ ਬੰਦੇ ਪਿੰਡੋਂ । ਫੇਅਰ ਕਿਧਰੇ ਜਾ ਕੇ ਰਪਟ ਲਿਖੀ ਗਈ ...। ‘’
ਚੁੱਪ-ਚੁਪੀਤੇ ਦਾਗ਼ ... ਚਾਰ ਬੰਦੇ ਪਿੰਡੋਂ ...ਰਪਟ ... ਮੇਰੇ ਅੰਦਰ ਉੱਗਰਿਆ ਸ਼ੱਕ-ਬੀਜ ਮੇਰੇ ਪਿੰਡ ਪੁੱਜਦੇ –ਕਰਦੇ ਨੂੰ ਪੂਰੀ ਵੱਡੀ ਥੋਹਰ ਬਣ ਗਿਆ । ਕੰਡਿਆਲਾ ਝਾੜ-ਥੂਝ । ਜਿਸ ਨੂੰ ਹੱਥ ਲਾਇਆ ਵੀ ਜਲੂਣ ਹੁੰਦੀ ਸੀ , ਲਾਗੋਂ ਲੰਘਦਿਆਂ ਵੀ ਭੈਅ ਆਉਂਦਾ ਸੀ । ....ਬਾਪੂ ਕੁਦਰਤੀ ਮੌਤ ਨਹੀਂ ਸੀ ਮਰਿਆ । ਮਾਰਿਆ ਸੀ ਕਿਸੇ ਨੇ । ਗੰਡਾਸੀ ਵੱਜੀ ਸੀ ਸਿਰ ਚ , ਪੁੜਪੁੜੀ ਲਾਗੇ  । ਬੰਬੀ ਨੇੜੇ ਸੁੱਤੇ ਪਏ  ਦੇ, ਖੌ-ਪੀਏ । ਅਗਲੀ ਸਵੇਰ ਤਕ ਵੀ ਕਿਸੇ ਨੂੰ ਬਿੜਕ ਨਾ ਲੱਗੀ । ਨਾ ਦਾਤਣ-ਕੁਰਲਾ ਕਰਨ ਦੀ ਆਵਾਜ਼ ਸੁਣੀ ਕਿਸੇ ਨੇ ,ਨਾ ਪੰਜਾਂ ਪੌੜੀਆਂ  ਦੇ ਰੱਟਾ ਲੱਗੇ ਪਾਠ ਦੀ ।
ਫਿਕਰਮੰਦ ਦਿਸਦੇ ਗੁਲਬਾਗ਼ ਨੇ  ਅੱਗਲਵ੍ਹਾਂਢੀ ਹੋ ਕੇ ਆਪ ਪਤਾ ਕੀਤਾ । ਬਾਪੂ ਖ਼ਤਮ ਸੀ । ਬੋਰ ਲਾਗਿਉਂ ਜੈਨਰੇਟਰ ਕਿੰਨਾ ਸਾਰਾ ਖਿਸਕਿਆ ਪਿਆ ਸੀ ਰਾਹ ਵਾਲੇ ਪਾਸੇ ਨੂੰ ।
ਬਾਗੋ ਦੀ ਰੋਣ ਆਵਾਜ਼ , ਪਹਿਲਾਂ ਸਰਵਣ ਚਾਚੇ ਨੂੰ ਸੁਣੀ ਸੀ । ਹੋਰ ਤਾਂ ਡੇਰਾ ਹੈ ਕੋਈ ਨੀਂ ਸੀ ਨੇੜੇ-ਤੇੜੇ ।
ਦਿਨ ਚੜ੍ਹਦੇ ਕਰਦੇ ਨੂੰ ਸ਼ਹਿਰ ਵੱਲ ਨੂੰ ਜਾਂਦੀ ਪੱਕੀ ਸੜਕ ਵੀ ਰੁਕ-ਰੁਕ ਕੇ ਤੁਰਨ ਲੱਗੀ ਸੀ । ਬਹੁਤ-ਬਹੁਤ ਇਸ ਨੂੰ ਚੋਰਾਂ – ਉੱਚਕਿਆਂ ,ਪੂਰਬੀਏ-ਭਈਆਂ  ਦੀ ਕਾਰਵਾਈ ਗ਼ਰਦਾਨਦੇ ਆਪੋ ਆਪਣੇ ਕੰਮੀਂ-ਕਾਰੀਂ ਤੁਰਦੇ ਬਣੇ ਸਨ , ਥੋੜ੍ਹੇ ਕੁ ਸਰਪੰਚੀ ਵੇਲੇ ਦੀ ਰੜਕ ਦੱਸ ਕੇ । ਵੈਣੀਆਂ ਤੋਂ ਹਥਿਆਏ  ਛੇ ਖੇਤਾਂ ਦੀ ਦੱਬੀ-ਘੁੱਟੀ ਸੁਰ ਵੀ ਇਕ ਵੰਨੀਉਂ ਉੱਭਰ ਕੇ ਛੇਤੀ ਹੀ ਦੱਬ ਗਈ । ਸਰਵਣ ਚਾਚਾ ਸਭ ਦੀ ਹਾਂ   ਹਾਂ ਮਿਲਾਉਂਦਾ ਰਿਹਾ ਸੀ ਸਹਿਜ-ਮਤੇ ਜਿਹੇ । ਪਰ,ਭੋਗ ਪਿਛੋਂ ਪੁੱਜੇ ਤਫ਼ਤੀਸ਼ੀ ਅਫ਼ਸਰ ਸਾਹਮਣੇ ਉਸਦੇ ਬੋਲ ਪੂਰੇ ਗੜਕ ਕੇ ਉੱਭਰੇ ਸਨ – ‘’ ਹੱਦ ਹੋ ਗਈ ਠਾਣੇਦਾਰ ਸਾਬ੍ਹ । ਸ਼ੇਰ ਜਿੱਡੇ ਬੰਦੇ ਦੇ ਸਿਰ ਚ ਗੰਡਾਸੀ ਵੱਜੀ ਹੋਵੇ  । ਸੁੱਤੇ –ਜਾਗਦੇ ਦੇ ਮੂੰਹੋਂ ਕੋਈ ਚੀਕ ,ਕੋਈ ਲੇਅਰ , ਹਾਏ ਮਾਂ ਤਕ ਵੀ ਨਾ ਸੁਣੇ ਕਿਸੇ ਨੂੰ । ਚੌਂਹ ਕਰਮਾਂ ਤੇ ਘਰ ਆ ਉਦ੍ਹਾ । ਏਤ੍ਹੋਂ ਵੱਡੀ ਨਮੋਸ਼ੀ ਹੋਰ ਕੀ ਹੋਣੀ ਆ ਸਾਡੇ-ਤਾਡ੍ਹੇ ਲਈ .....।‘’
ਤਫ਼ਤੀਸ਼ੀ ਅਫ਼ਸਰ ਦੇ ਘਰ ਦੇ ਜੀਆਂ ਵੱਲ ਥੋੜ੍ਹਾ ਕੁ ਹਿਲਦੀ ਸੂਈ , ਕਿੰਨਾ ਸਾਰਾ ਹੋਰ ਘੁੰਮ ਗਈ । ਉਸਨੇ ਕਈਆਂ  ਦਿਨਾਂ ਤੋਂ ਸੁੰਨ-ਵੱਟਾ ਬਣੇ ਵੱਡੇ ਭਾਈ ਗੁਲਬਾਗ਼ ਨੂੰ ਨਾਲ ਤੋਰ ਲਿਆ । ਬਾਗੋ ਨੇ ਇਕ ਰਾਤ ਤਾਂ ਔਖੇ –ਸੌਖੇ ਨੇ ਨ੍ਹੇਰ-ਕੋਠੜੀ ਦੀ ਪੁੱਛ ਪੜਤਾਲ ਸਹਿ-ਸਹਾਰ ਲਈ । ਪਰ ਦੂਜੀ ਰਾਤ ਉਸਨੇ ਹੱਥ ਖੜ੍ਹੇ ਕਰ ਦਿੱਤੇ । ਮਾਲ ਮਹਿਕਮੇਂ ਦਾ ਕਾਗਜ਼ ਪੱਤਰ ਹੋਰ ਵੀ ਨਿੱਗਰ ਸਬੂਤ ਸੀ ,ਮਿਸਲ ਨਾਲ ਜੋੜ ਲਈ ।
ਬਾਪੂ ਦੀ ਕੁੱਲ ਜਾਇਦਾਦ ਪੁੱਤਰਾਂ ਦੀ ਥਾਂ ਦੋਨਾਂ ਪੋਤਿਆਂ ਦੇ ਨਾਂ ਚੜ੍ਹੀ ਪਈ ਸੀ ।
ਕਿਸੇ ਲੁਕਵੇਂ ਜਿਹੇ ਛਲ-ਫ਼ਰੇਬ ਦਾ ਡੰਗਿਆ ਬਾਪੂ ਹਰਬੰਸ ਸੂੰਹ ,ਬਾਗੋ ਨੂੰ ਅਵਾ-ਤਵਾ ਬੋਲਣੋਂ ਨਹੀਂ ਸੀ ਰੁਕਦਾ ,ਨਾ ਘਰ ਨਾ ਬਾਹਰ ।
ਬਾਗੇ ਨੇ ਹੀ ਸੁਪਾਰੀ ਦਿੱਤੀ ਸੀ, ਬਾਪੂ ਨੂੰ ਬੋਲਣੋਂ ਹਟਦਾ ਕਰਨ ਲਈ ।
ਉਸ  ਵਾਰ , ਤਿੰਨ ਕੁ ਹਫ਼ਤੇ ਪਿੰਡ ਰਿਹਾ ਮੈਂ ਊਦ੍ਹੋਂ ਮਾਮੇ ਨੂੰ ਨਹੀਂ ਸੀ ਮਿਲ ਸਕਿਆ ।
ਅਦਾਲਤੀ ਗੇੜਾਂ ਚ ਫ਼ਸਿਆ ਰਿਹਾ ਸੀ ।
ਉਸ ਤੋਂ ਅਗਲੀ ਗੇੜੀ ਘਿਉ ਦਾ ਘੜਾ ਤਾਂ ਭਾਵੇਂ ਨਹੀਂ ਸੀ ਰੁੜ੍ਹਿਆ , ਪਰ ਇਸ ਤੋਂ ਘੱਟ ਵੀ ਨਹੀਂ ਸੀ ਹੋਈ-ਵਾਪਰੀ ।
ਮੈਂ ਜਿੰਨੀ ਵਾਰ ਵੀ ਇੰਡੀਆ ਆਇਆ ਸੀ, ਓਨੀ ਵਾਰ ਹੀ ਰੂ-ਬ-ਰੂ ਕਰਵਾਏ ਸਨ , ਰੀਲੀਜ਼ ਸਮਾਰੋਹ ਕਰਵਾਏ ਸਨ , ਸਾਹਿਤ ਸਭਾਵਾਂ ਚ , ਸਕੂਲਾਂ –ਕਾਲਿਜਾਂ ਚ । ਅਕਾਦਮੀਆਂ –ਯੂਨੀਵਰਸਿਟੀਆਂ ਨੇ ਸੈਮੀਨਾਰ ਆਯੋਜਤ ਕੀਤੇ ਸਨ , ਗੋਸ਼ਟੀਆਂ ਕਰਵਾਈਆਂ ਸਨ ਮੇਰੇ ਨਵੀਨਤਮ ਨਾਵਲਾਂ ਤੇ । ਹਰ ਵਾਰ ਹਰ ਥਾਂ ਮੇਰੀ ਨਵੀਂ ਕਿਰਤ ਦੀ ਭਰਵੀਂ ਸ਼ਲਾਘਾ ਹੋਈ ਸੀ , ਰੱਜ ਕੇ ਵਾਹ-ਵਾਹ ਹੋਈ ਸੀ ਮੇਰੀ ਵੀ ਨਾਲ ਦੀ ਨਾਲ । ਹਰ ਵਾਰ ਨਵੇਂ ਨਾਵਲ ਨੂੰ ਉੱਤਮ ਦਰਜੇ ਦੀ ਕਿਰਤ ਗ਼ਰਦਾਨ ਕੇ ਸਲੇਬਸੀ-ਕੋਰਸਾਂ ਚ ਸ਼ਾਮਲ ਕਰਨ ਦੇ ਪੱਕੇ ਵਾਅਦੇ ਵੀ ਕੀਤੇ ਸਨ , ਕੁਝ ਵਿਸ਼ੇਸ਼ ਵਿਅਕਤੀਆਂ ਨੇ । ਕੇਵਲ ਤੇ ਕੇਵਲ ਮੈਰਿਟ ਦੇ ਆਧਾਰ ਤੇ । ਉਂਝ ਕਈਆਂ ਹੋਰਨਾਂ ਕਈ ਕੁਝ ਹੋਰ ਵੀ ਕਿਹਾ ਸੀ ਮੈਨੂੰ ਇਸ਼ਾਰਤਨ, ਪਰ ਮੇਰੀ ਸਾਹਿਤਕ ਬਚਨ-ਬੱਧਤਾ ਨੇ ਹਾਮੀ ਨਹੀਂ ਸੀ ਭਰੀ । ਮੈਂ ਬੜੇ ਇਤਮੀਨਾਨ ਨਾਲ ਮੁੜਦਾ ਰਿਹਾ ਸੀ ਵਾਪਸ । ਮੇਰੇ ਸਹਿਕਰਮੀ ਟੈਕਸੀ-ਚਾਲਕ , ਮੈਨੂੰ ਮੁੜ-ਘੜੀ ਰਟੀ-ਰਟਾਈ ਪੁੱਛ ਪੁੱਛਦੇ ਵੀ ਰਹੇ – ‘’ ਕਿਉਂ ਸ੍ਹੈਤਕਾਰਾ , ਬਣਿਆ ਕੁਛ ਤੇਰਾ ਕਿ ਮੁੜ ਆਇਆ ਬਰੰਗ ਈ ਇਸ ਵਾਰ ਵੀ ? ‘’ ਉਹਨਾਂ ਚੋਂ ਬਹੁਤੇ ਜਣੇ ਮਾਸਟਰੀਆਂ –ਪ੍ਰੋਫੈਸਰੀਆਂ ਛੱਡ ਕੇ ਗਏ ਸਨ ਮੇਰੇ ਵਾਂਗ । ਕੋਰਸਾਂ-ਸਲੇਬਸਾਂ   ਸ਼ਾਮਲ ਹੋਏ ਪਰਵਾਸੀ ਸਾਹਿਤ ਬਾਰੇ ਬਹੁਤ ਕੁਝ ਪਤਾ ਸੀ ਉਹਨਾਂ ਨੂੰ । ਪਰਵਾਸੀ ਨਾਵਲਕਾਰ ਵਜੋਂ ਮੇਰੀ ਮਾਨਤਾ ਵੀ ਸਵੀਕਾਰੀ ਹੋਈ ਸੀ ਉਹਨਾਂ । ਪਰ ,ਹਰ ਸਾਲ ਸਲੇਬਸ ਸੂਚੀ ਚੋਂ ਬਾਹਰ ਹੋਇਆ ਦੇਖ ਕੇ ਉਹ ਅਕਸਰ ਭਾਂਤ-ਸੁਭਾਂਤ ਦੀਆਂ ਟਾਂਚਾਂ ਕਰਿਆ ਕਰਦੇ ਸਨ ਮੈਨੂੰ । ਛਿੱਥਾ ਜਿਹਾ ਪਏ ਨੂੰ ਮੈਨੂੰ ਮੈਰਿਟ ਤੇ , ਮੈਰਿਟ ਦੀ ਘਸੀ ਪੁਰਾਣੀ ਰਟ ਫਿਰ ਤੋਂ ਲਾਉਣੀ ਪੈਂਦੀ ਕੋਈ  ਗੱਲ ਨਈਂ , ਇਸ ਵਾਰ ਨਈਂ ਤਾਂ ਅਗਲੇ ਸਾਲ ਲੱਗ ਜਾਊ । ਸ਼ਾਹਕਾਰ ਕਿਰਤ ਐ ਮੇਰੀ । ਹੋਰ ਉਹਨਾਂ ਗੰਦ-ਮੰਦ ਦੀ ਭਰਤੀ ਥੋੜ੍ਹਾ ਪਾਉਣੀ ਆ । ‘’
ਮੇਰੀ ਇਸ ਖਾਮ-ਖਿਆਲੀ , ਖੁਸ਼-ਫ਼ਹਿਮੀ ਤੇ ਉਹ ਕਦੀ ਮਿੰਨ੍ਹਾ-ਮਿੰਨ੍ਹਾ ਮੁਸਕਰਾ ਛੱਡਦੇ , ਕਦੀ ਖੁੱਲ੍ਹ ਕੇ ਹੱਸ ਲੈਂਦੇ ।
‘’ ਇੱਥੋਂ ਦੀ , ਪਰਵਾਸ ਦੀ ਸਿਆਸੀ –ਸਮਾਜੀ ਰਹਿਤਲ ਦੇ ਵਿਸੰਗਤ ਹੋਏ  ਪ੍ਰਵਚਨ ਨੂੰ ਜਿੰਨੀ ਬਾਰੀਕੀ ਨਾਲ ਮੈਂ ਫੜਿਆ ,ਹੋਰ ਕੌਣ ਫੜ ਸਕਦਾ । ਭਿੜੇ ਤਾਂ ਕੋਈ ਮੇਰੇ ਨਾਲ ਸਿੱਧਾ ਹੋ ਕੇ , ‘’ ਮੇਰੇ ਇਸ ਬ੍ਰਹਮ ਅਸਤਰ ਨੇ ਵੀ ਉਹਨਾਂ ਦੇ ਹਾਸੇ –ਠੱਠੇ ਤੇ ਹੁਣ ਕਦੀ ਝਰੀਟ ਨਹੀਂ ਸੀ ਉੱਕਰੀ ।
ਬਾਪੂ ਜੀ ਕੇ ਕਤਲ ਕੇਸ ਕਾਰਨ ਮੇਰੀ ਅਗਲੀ ਇੰਡੀਆ ਗੇੜੀ ਜ਼ਰਾ ਛੇਤੀ ਵੱਜ ਗਈ । ਸਾਲ ਵੀ ਪੂਰਾ ਨਹੀਂ ਸੀ ਹੋਇਆ । ਮੇਰੇ ਵਕੀਲ ਦੀ ਈ.ਮੇਲ ਗਈ – ‘’ ਅਗਲਿਆਂ ਪੁਲੀਸ , ਹੇਠੋਂ  ਉੱਪਰ ਤਕ ਗੰਢ ਲਈ ਐ  । ਅੱਗੋਂ ਜੱਜ ਨੂੰ ਗੰਢਣ ਨੂੰ ਫਿਰਦੇ , ਛੇਤੀ ਪਹੁੰਚ । ‘’ ਮੈਂ ਸਾਰੀ ਉਲਝਣ ਆਪਣੇ ਡਿਸਪੈਚਰ ਨੂੰ ਜਾ ਦੱਸੀ । ਉਹਦੀ ਸਿਫਾਰਸ਼ ਤੇ ਕੰਪਨੀ ਨੇ ਤਿੰਨ ਹਫਤੇ ਦੀ ਥਾਂ ਚਾਰ ਹਫ਼ਤੇ ਲਈ ਵਿਹਲਾ ਕਰ ਦਿੱਤਾ । ਊਂ ਵੀ ਕੰਮ-ਮਾਰ ਮੰਦਾ ਸੀ , ਮੌਸਮ ਕਰਕੇ ।
ਮੈਨੂੰ ਤੁਰਨ ਲੱਗੇ ਨੂੰ ਦਰਸ਼ਨ ਨੇ ਫਿਰ ਆਰ ਲਾਈ , ਪ੍ਰੋਫੈਸਰ ਦਰਸ਼ਨ ਨੇ , ‘’ ਬਲਕਾਰ ਸਿਆਂ , ਖੇਤ ਤਾਂ ਤੇਰੇ ਹੱਥੋਂ ਹੁਣ ਗਏ ਕਿ ਗਏ । ਤੂੰ ਆਪਣੀ ਸਿਧਾਂਤਕਾਰੀ ਸਿਰ ਤੇ ਚੁੱਕੀ ਫਿਰਦੇ ਨੈ ਦਰਜਨ ਭਰ ਨਾਵਲ ਵੀ ਗੁਆ ਬੈਠਣੇਂ । ਐਮੇਂ ਈ ਰੁਲ੍ਹ ਜਾਣੇ  ਆ ਧੂੜ-ਘੱਟੇ ਚ । ਮੇਰੇ ਭਾਈ , ਬੀ ਪਰੈਗਮੈਟਿਸਟ ... । ਮੌਕਾਪ੍ਰਸਤੀ , ਅਵਸਰਵਾਦ ਤਾਂ ਮੰਨਿਆ ਬੁਰੇ ਈ ਬੁਰੇ ਆ ,ਪਰ ਮੌਕਾ ਹੱਥੋਂ ਗੁਆਉਣਾ ਤਾਂ ਸਰਾ-ਸਰ ਨਲਾਇਕੀ ਆ ਨਾ । ‘’
ਮੈਂ ਉਹਦੀ ਨਸੀਅਤ ਤੇ ਅਮਲ ਕਰਦੇ ਨੇ ਦਿੱਲੀਉਂ ਉੱਤਰਦੇ  ਨੇ ਆਪਣੀ ਜੇਬ ਦੇ ਹਾਣ ਦੀਆਂ ਨੌ ਬੋਤਲਾਂ ਖ਼ਰੀਦ ਲਈਆਂ । ਵਿਦੇਸ਼ੀ ਬਰਾਂਡ ਡਿਊਟੀ ਫਰੀ । ਹਰ ਬਰਾਂਡ ਦੀ ਇਕ ਇਕ ਲੀਟਰ । ਇਹਨਾਂ ਚੋਂ ਵੋਦਕਾ ਮੈਂ ਚੰਗੀ ਤਰ੍ਹਾਂ ਲੁਕੋ-ਲਪੇਟ ਕੇ ਆਪਣੇ ਬੈਗ ਚ ਤੁੰਨ ਲਈ । ਉਦ੍ਹੋ ਮਾਮੇ ਤਕ ਪੁੱਜਦੀ ਕਰਨ ਲਈ । ਉਹ ਵਾਹਵਾ ਸ਼ੁਕੀਨ ਰਿਹਾ ਸੀ ਇਸ ਦਾ । ਰੂਸ ਅੰਦਰਲੀ ਠਹਿਰ ਸਮੇਂ । ਬਾਕੀ ਦੀਆਂ ਅੱਠ , ਦਰਸ਼ਨ ਦੀ ਨੇਕ ਸਲਾਹ ਤੇ ਅਮਲ ਕਰਨ ਲਈ ਟੈਕਸੀ ਚ ਰੱਖ ਲਈਆਂ । ਟੈਕਸੀ ਮੈਂ ਹਵਾਈ ਅੱਡਿਉਂ ਨਿਕਲਦੇ ਨੇ ਬੁੱਕ ਕਰ ਲਈ ਪੂਰੇ ਮਹੀਨੇ ਲਈ ।ਨੱਠ-ਭੱਜ  ਤਾਂ ਕਰਨੀ ਹੀ ਪੈਣੀ ਸੀ । ਕਚਹਿਰੀਆਂ ਚ ਵੱਖ, ਯੂਨੀਵਰਸਿਟੀਆਂ ਚ ਵੱਖ ।
ਟੈਕਸੀ ਚ ਪਏ ਖੋਤੇ-ਲੱਦ ਭਾਰ ਤੋਂ ਖਹਿੜਾ ਛੁੜਾਉਣ ਲਈ ਸਭ ਤੋਂ ਪਹਿਲਾਂ ਮੈਂ ਆਪਣੀ ਯੂਨੀਵਰਸਿਟੀ ਚ ਜਾ  ਪੁੱਜਾ । ਏਥੋਂ ਹੀ ਐੱਮ.ਏ. ਕੀਤੀ ਸੀ ।ਇੱਥੋਂ ਹੀ ਐੱਮ .ਫਿਲ । ਸਾਰਾ ਕੰਪਲੈਕਸ , ਸਾਰਾ ਵਿਭਾਗ ਸਭ ਜਾਣਿਆ –ਪਛਾਣਿਆ ਸੀ ਮੇਰਾ । ਪਰ , ਵਿਭਾਗੀ ਅਮਲਾ ਬਿਲਕੁਲ ਹੀ ਅਦਲ-ਬਦਲ ਹੋਇਆ ਲੱਭਾ । ਤਾਂ ਵੀ ,ਸੇਵਾ ਮੁਕਤੀ ਲਾਗੇ –ਚਾਗੇ ਪੁੱਜੇ ਇਕ ਦਫ਼ਤਰ ਸੁਪਰਡੈਂਟ ਤੋਂ ਚੋਣਕਾਰ ਕਮੇਟੀ ਮੈਂਬਰਾਂ ਦੀ ਜਾਣਕਾਰੀ ਪ੍ਰਾਪਤ ਹੋ ਗਈ । ਅਗਲੀ ਮੁਸ਼ਕਲ ਇਹਨਾਂ ਦੇ ਵੱਖ-ਵੱਖ ਸ਼ਹਿਰਾਂ ਚ ਖਿੱਲਰੇ ਹੋਣ ਦੀ ਸੀ । ਉਹਨਾਂ ਤਕ ਅੱਪੜਦਾ ਹੋਣ ਦੀ ਤਰਕੀਬ ਮੈਂ ਅਜੇ ਘੜ ਹੀ ਰਿਹਾ ਸੀ ਕਿ ਬਾਹਰ ਬਰਾਂਡੇ ਚੋਂ ਲੰਘਦੇ ਇਕ ਜਾਣਕਾਰ ਚਿਹਰੇ ਦਾ ਮੈਨੂੰ ਝਾਉਲਾ ਪਿਆ । ਦਫ਼ਤਰੋਂ ਝੱਟ ਦੇਣੀ ਬਾਹਰ ਆ ਕੇ ਮੈਂ ਉਸ ਸਾਹਿਬ ਦੀ ਪੈੜ ਨੱਪ ਲਈ । ਤਿੰਨ ਕੁ ਦਰਵਾਜ਼ੇ ਛੱਡ ਕੇ ਅਗਲਾ ਕਮਰਾ ਉਸ ਦਾ ਸੀ । ਉਹ ਬਿਨਾਂ ਰੁਕੇ ਅੰਦਰ ਲੰਘ ਗਿਆ । ਮੈਂ ਵੀ ਪਿੱਛੇ ਪਿੱਛੇ । ਉਹਨੇ ਬੜੇ ਸਹਿਜ-ਧੀਰਜ ਨਾਲ ਬਗਲੇ ਦਿੱਤੀਆਂ ਪੁਸਤਕਾਂ ਮੇਜ਼ ਤੇ ਰੱਖ ਦਿੱਤੀਆਂ । ਸ਼ੀਸ਼ੇ ਤੇ ਪਈ ਡਾਕ ਤੇ ਸਰਸਰੀ ਜਿਹੀ ਨਿਗਾਹ ਮਾਰੀ । ਕੁਰਸੀ ਤੇ ਬੈਠਣ ਲੱਗਿਆਂ , ਉਸਦਾ ਚਿਹਰਾ ਮੇਰੀ ਵੱਲ ਨੂੰ ਘੁੰਮ ਗਿਆ । ਮੇਰੀ ਪ੍ਰਸੰਨਤਾ ਜਿਵੇਂ ਉੱਛਲ ਕੇ ਬਾਹਰ ਆ ਗਈ । ਇਹ ਡਾਕਟਰ ਐੱਨ.ਐਸ. ਪੁਰੇਵਾਲ ਸੀ । ਨਾਮਵਰ ਵਿਦਵਾਨ , ਗ਼ਲਪ ਲੇਖਣੀ ਦੀ ਧੁਰ ਆਤਮਾ ਤਕ ਲਹਿ ਜਾਣ ਵਾਲੀ ਆਲੋਚਨਾ ਹਸਤੀ , ਕੱਦਵਾਰ ਸਾਹਿਤ ਕਰਮੀ,ਬੇ-ਜੋੜ ਸਮਾਲੋਚਕ , ਇਹੋ ਜਿਹੇ ਹੋਰ ਵੀ ਕਿੰਨੇ ਸਾਰੇ ਵਿਸ਼ੇਸ਼ਣ ਵਰਤੇ ਸੀ ਮੈਂ ਉਸ ਦਾ ਤੁਆਰਫ਼ ਕਰਵਾਉਂਦਿਆਂ , ਕਨੇਡਾ ਚ ਇਕ ਵੱਡੀ ਸਾਹਿਤਕ ਕਾਨਫਰੰਸ ਦੇ ਗਲਪ ਸ਼ੈਸ਼ਨ ਦੀ ਸਟੇਜ ਸਕੱਤਰੀ ਕਰਦਿਆਂ ।
ਚਾਣਚੱਕ ਮੈਨੂੰ ਸਾਹਮਣੇ ਖੜ੍ਹਾ ਦੇਖ ਕੇ ਪੁਰੇਵਾਲ ਡਾਕਟਰ ਜਿਵੇਂ ਇਕ-ਦਮ ਖਿੜ ਗਿਆ ਹੋਵੇ । ਉਸਨੇ ਮੈਨੂੰ ਕਦੋਂ ਆਏ, ਕਦ ਆਏ , ਕਿਵੇਂ ਆਉਣਾ ਹੋਇਆ ਵਰਗੀ ਕੋਈ ਵਿੰਗ-ਤੜਿੰਗੀ ਪੁੱਛ ਨਾ ਪੁੱਛੀ । ਬੱਸ ਇਕੋ-ਇਕ ਸਿੱਧਾ –ਸਿੱਧਾ ਸਵਾਲ ਰੋੜ੍ਹ ਦਿੱਤਾ ਮੇਰੀ ਵੱਲ ਨੂੰ –ਏਥੇ ਈ ਓ ਨਾ ਅੱਜ ...?  ਮੇਰੇ  ਹਾਂ ਕਹਿਣ ਤੇ ਉਸਨੇ , ਉਸ ਵੇਲੇ ਇਕ ਨੰਬਰ ਮਿਲਾਇਆ । ਕਿਸੇ ਨਾਲ ਸੰਖੇਪ ਜਿਹੀ ਬਾਤ-ਚੀਤ ਕੀਤੀ ਅਗਲੇ ਹੀ ਪਲ ਪਰਵਾਸੀ ਨਾਵਲਕਾਰ ਬਲਕਾਰ ਸਿੰਘ ਘੁੰਮਣ ਲਈ ਇਕ ਸ਼ਾਨਦਾਰ ਏ .ਸੀ . ਕਮਰਾ ਬੁੱਕ ਸੀ , ਯੂਨੀਵਰਸਿਟੀ ਗੈਸਟ ਹਾਊਸ ਚ ।
ਮੇਰੀ ਕਿੰਨੀ ਸਾਰੀ ਚਿੰਤਾ ਪਲਾਂ ਛਿਨਾਂ ਚ ਕਿਧਰੇ ਉੱਡ-ਪੁੱਡ ਗਈ ।
ਚਾਹ ਪਾਣੀ ਪੀਂਦਿਆਂ , ਐਧਰ ਓਧਰ ਦੀਆਂ , ਦੇਸ-ਪਰਦੇਸ ਦੀਆਂ ਕਈ ਸਾਰੀਆਂ ਗੱਲਾਂ-ਗੜੱਪਾਂ ਮਾਰਦਿਆਂ , ਮੈਂ ਆਪਣੇ ਅੰਦਰਲੀ ਗੱਲ ਦਿਨ ਵੇਲੇ ਤਾਂ ਪੂਰੇ ਜ਼ਬਤ ਨਾਲ ਛੁਪਾਈ ਹੀ ਰੱਖੀ ਪੁਰੇਵਾਲ ਡਾਕਟਰ ਤੋਂ, ਪਰ ਸ਼ਾਮੀ ਪਹਿਲੇ ਪੈੱਗ ਤੇ ਇਹ ਝੱਟ ਅੰਦਰੋਂ ਉੱਛਲ ਕੇ ਬਾਹਰ ਆ ਗਈ । ਹੰਢਿਆ-ਵਰਤਿਆ ਡਾਕਟਰ ਪਹਿਲੋਂ ਹੀ ਜਾਣਦਾ ਲੱਗਾ ਸਭ ਕੁਝ । ਉਸ  ਨੇ ਜਿਵੇਂ ਦਿਨ ਵੇਲੇ ਹੀ ਪੜ੍ਹ ਲਈ ਸੀ ਮੇਰੇ ਚਿਹਰੇ ਤੇ ਲਿਖੀਂ ਹੋਈ ਇਬਾਰਤ । ਮੈਨੂੰ ਲੱਗਾ ਉਸਦਾ ਤਾਂ ਇਹ ਨਿੱਤ ਦਿਨ ਦਾ ਆਮ ਜਿਹਾ ਅਭਿਆਸ ਸੀ । ਉਸ ਨੇ ਬਿਨਾਂ ਕਿਸੇ ਉਚੇਚ ਦੇ ਆਪਣਾ ਜੇਬੀ ਫੂਨ ਕੱਢਿਆ । ਬੇ-ਹੱਦ ਸਹਿਜ – ਭਾਅ ਤਿੰਨ-ਚਾਰ ਨੰਬਰ ਮਿਲਾਏ । ਵਾਰੀ ਵਾਰੀ ਹਰ ਕਿਸੇ ਨੂੰ ਰਟਿਆ-ਰਟਾਇਆ ਵਾਕ ਅੱਪੜਦਾ ਕਰ ਦਿੱਤਾ , ਉਲ੍ਹਾਮੇ ਵਰਗਾ , ‘’ ਕਿਹਾ ਸੀ ਥੁਆਨੂੰ ਲਾਸ਼ ਨਾਵਲ ਨੂੰ ਅਣਗੌਲਿਆਂ ਨਾ ਕਰੋ । ਆਓ ਹੁਣ ਦਿਓ ਜੁਆਬ । ਆਇਆ ਬੈਠਾ ਘੁੰਮਣ ,ਗੈਸਟ ਹਾਊਸ । ‘’
ਮੈਨੂੰ ਲੱਗਾ ਕਿ ਉਹ ਸੱਚ-ਮੁੱਚ ਹੀ ਮੇਰੇ ਲਈ ਫਿਕਰਮੰਦ ਰਿਹਾ ਹੈ । ਸੱਚ-ਮੁੱਚ ਹੀ ਚੋਣ-ਬੋਰਡ ਮੈਂਬਰਾਂ ਨੂੰ ਸੱਚ-ਮੁੱਚ ਦਾ ਉਲ੍ਹਾਮਾ ਦਿੱਤਾ ਹੈ । ਮੇਰੇ ਅੰਦਰ ਪਰੇਵਾਲ ਡਾਕਟਰ ਲਈ ਕਿੰਨੀ ਸਾਰੀ ਇੱਜ਼ਤ ਹੋਰ ਵਧ ਗਈ । ਹੋਰ ਅੱਧੇ ਘੰਟੇ ਨੂੰ ਚਾਰ ਜਣੇ ਹੋਰ ਅੱਪੜਦੇ ਹੋ ਗਏ ਕਮਰੇ ਚ । ਚਾਰੇ ਬੇ-ਪਛਾਣ । ਉਹ ਡਾਕਟਰ ਸਨ ਕਿ ਮਰੀਜ਼ ਇਸ ਦਾ ਨਿਰਣਾ ਮੈਥੋਂ ਹੋ  ਨਾ ਸਕਿਆ । ਉਂਝ ਉਹਨਾਂ ਗੱਲਾਂ ਖੂਸ਼ ਕੀਤੀਆਂ । ਫੱਕੜ ਮਾਰੇ ਰੱਜ ਕੇ । ਸਰਕਾਰਾਂ , ਯੂਨੀਵਰਸਿਟੀਆਂ , ਵਿਭਾਗਾਂ ਨੂੰ ਲੱਗੇ ਸਿਆਸੀ ਲੋਹੇ ਨੂੰ  ਵੀ ਲੰਮੇਂ ਹੱਥੀਂ ਲਿਆ । ਵਿਚ-ਵਿਚਾਲੇ ਮੇਰੇ ਨਾਵਲ ਲਾਸ਼ ਦਾ ਵੀ ਜ਼ਿਕਰ ਆਉਂਦਾ ਰਿਹਾ । ਮੈਨੂੰ ਟੋਕਵੀਂ-ਟੋਕਵੀਂ ਜਿਹੀ ਤਸੱਲੀ ਵੀ ਮਿਲਦੀ ਗਈ । ਉਝ ਵੀ ਹੁਣ ਅਸੀਂ – ਤੁਸੀਂ-ਤੁਸੀਂ ਵਾਲੀ ਜੁਗਲਬੰਦੀ ਛੱਡ ਕੇ ਤੂੰ-ਤੂੰ ਵਾਲੀ ਨੇੜਤਾ ਤੇ  ਉੱਤਰ ਆਏ ਸੀ ।
ਇਸ ਲੱਗ-ਲਬੇੜ ਚ ਦਿੱਲੀਉਂ , ਹਵਾਈ ਅੱਡੇ ਤੋਂ ਖ਼ਰੀਦੇ ਪੌਣੇ ਕੁ ਤਿੰਨ ਪੈਕ ਸਰਫ਼ ਹੋ ਗਏ । ਟੇਬਲ ਦਾ ਮੁਰਗ-ਮੁਸੱਲਮ ਇਸ ਤੋਂ ਵਾਫ਼ਰ ।
ਇਹ ਸਲੇਬਸ ਚੋਣ ਪ੍ਰਕਿਰਿਆ ਦਾ ਪਹਿਲਾ ਗੇੜ ਸੀ ।
ਉੱਠਣ ਲੱਗਿਆਂ ਪੁਰੇਵਾਲ ਨੇ ਉਹਨਾਂ ਚੌਹਾਂ ਚ ਇਕ ਨੂੰ ਫਿਰ ਜਿਵੇਂ ਤਾੜਨਾ ਕੀਤੀ ਹੋਵੇ – ਵੇਖ ਵਾਲੀਆ, ਏਹ ਤੇਰਾ ਜੁੰਮਾਂ ਆਂ ਬਾਕੀਆਂ ਨੂੰ ਅਪਰੋਚ ਕਰਨਾ । ਉਹਨਾਂ ਤੋਂ ਯੈੱਸ ਕਰਵਾਉਣਾ । ਕੇ ਕੋਈ ਕਸਰ-ਮਸਰ ਰਹਿ ਗਈ , ਤਾਂ ਹੁਣ ਦੱਸ ਲਾਅ ...।‘’
‘’ ਤੂੰ ...ਤੂੰ ਜਮਾਂ ਈ ਚਿੰਤਾ ਨਾ ਕਰ ਛੋਟੇ ਭਾਈ । ਤੇਰਾ ਯਾਅਰ ਅੱਜ ਤੋਂ ਸਾਡਾ ਯਾਰ । ਇਹ ਕੰਮ ਹੋਇਆ ਲੈਅ । ‘’ ਥੋੜ੍ਹਾ ਕੁ ਜਿੰਨਾ ਰੁਕ ਕੇ ਉਹ ਫਿਰ ਪੁਰੇਵਾਲ ਡਾਕਟਰ ਨੂੰ ਥੋੜ੍ਹਾ ਕੁ ਉਚੇਚ  ਨਾਲ ਮੁਖਾਤਿਬ ਹੋਇਆ –ਤੂੰ...ਤੂੰ ਬਾਈ ਇਕ ਕੰਮ ਹੋਰ ਕਰੀਂ । ਆਹ ...ਓਆ ਆਬਦੇ ਸ਼ਹਿਰ ਆਲੀਆਂ ਜੂਠਾਂ ਨੂੰ ਤੂੰ ...ਆਪੇ ਨਿਪਟ ਲਈਂ ਦੋਨਾਂ ਨੂੰ । ਉਹਨਾਂ ਦੀ ਤੇਰੇ ਗੈਲ ਬਓਤੀ ਆ । ਬਾਕੀ ਦੇ ਬਾਹਰਲਿਆਂ ਦਾ ਜੁੰਮਾ ਜਮਾਂ ਈ ਮੇਰਾ ਰਿਹਾ
ਮੈਂ ਹੈਰਾਨ ਸੀ ਅਧੀਆ-ਅਧੀਆ ਚਾੜ੍ਹ ਕੇ ਉਹਨਾਂ ਚੋਂ ਕਿਸੇ ਇਕ ਦੇ ਪੈਰ ਵੀ ਨਹੀਂ ਸੀ ਉੱਖੜੇ , ਕਦਮ ਨਹੀਂ ਸੀ ਲੜਖੜਾਏ , ਨਾ ਜੀਭ-ਆਵਾਜ਼ ਹੀ ਥੱਥਲਾਈ ਸੀ ਰਤੀ ਭਰ ਵੀ । ਮੈਨੂੰ ਲੱਗਾ ਸਾਹਿਤਕ-ਸਭਿਆਚਾਰਕ ਮੁਹਾਰਤ ਤੋਂ ਕਿਤੇ ਵੱਧ ਕੇ ਉਹ ਇਸ ਪਿੜ ਦੇ ਵਧਿਆ ਘੁਲਾਟੀਏ  ਹਨ, ਰੁਮਾਲੀ-ਜਿੱਤ ਪਹਿਲਵਾਨ ।
ਉਹਨਾਂ ਦੇ ਚਲੇ ਜਾਣ ਪਿੱਛੋਂ ਮੈਂ ਸ਼੍ਰਿਸ਼ਟਾਚਾਰ ਵਜੋਂ ਪੁਰੇਵਾਲ ਡਾਕਟਰ ਦੇ ਨਾਲ ਨਾਲ ਚਾਰ-ਛੇ ਕਦਮ ਬਾਹਰ ਵੱਲ ਨੂੰ ਤੁਰਿਆ ਹੀ ਸੀ ਕਿ ਦਰਵਾਜ਼ੇ ਲਾਗੇ ਪਹੁੰਚ ਕੇ ਉਹ ਫਿਰ ਖੜੋ ਗਿਆ । ਉਸਦਾ ਜਿਵੇਂ ਕੁਝ ਪਿੱਛੇ ਰਿਹਾ ਗਿਆ ਹੋਵੇ । ਪੈਂਟ ਕਮੀਜ਼ ਦੀਆਂ ਜੇਬਾਂ ਚ ਹੱਥ ਮਾਰਦੇ ਨੇ ਪਹਿਲਾਂ ਉਸਨੇ ਗੱਡੀ ਦੀ ਚਾਬੀ ਕੱਢ ਕੇ ਹੱਥ ਚ ਫੜ ਲਈ , ਫਿਰ ਬਿਨਾਂ ਕਿਸੇ ਸੰਗ-ਝਿਜਕ ਦੇ ,ਬਿਨਾਂ ਕਿਸੇ ਲੱਗ –ਲਬੇੜ ਦੇ ਥੋੜ੍ਹੀ ਕੁ ਦਾਰੂ ਹੋਰ ਮੰਗ ਲਈ – ਬੁਰਾ ਨਾ ਮਨਾਈਂ ਯਾਰ ਘੁੰਮਣ , ਆਹ ਬਚਦਾ ਪਾਈਆ ਕੁ ਫੜਾ ਈ ਦੇ ਮੈਨੂੰ । ਸਵੇਰੇ ਉੱਠਣਾ ਸੌਖਾ ਹੋ ਜਾਊ । ‘’ ਮੈਨੂੰ ਇਕ-ਦਮ ਝਟਕਾ ਜਿਹਾ ਲੱਗਾ , ਤਾਂ ਵੀ ਮੈਂ ਉਸਨੂੰ ਇਨਕਾਰ ਨਾ ਕਰ ਸਕਿਆ । ਬਚਦੀ ਚੌਥਾ ਕੁ ਹਿੱਸਾ ਜਓਨੀ-ਵਾਕਰ ਭੂਰੇ ਰੰਗੇ ਬੈਗ ਚ ਰਖਦੇ –ਸਾਂਭਦੇ ਦੇ ਉਹਦੇ ਮੂੰਹ-ਚਿਹਰੇ ਤੇ ਕਿਸੇ ਕਿਸਮ ਦਾ ਕੋਈ ਸ਼ਿਕਨ , ਕਿਸੇ ਤਰ੍ਹਾਂ ਦੀ ਕੋਈ ਸ਼ਰਮਿੰਦਗੀ ਵਰਗਾ ਹਾਵ-ਭਾਵ ਬਿਲਕੁਲ ਮੌਜੂਦ ਨਹੀਂ ਸੀ ਉਹ ਮੋਢੇ ਲਮਕਾਈ ਮਸਤ ਹਾਥੀ ਵਾਂਗ ਝੂਲਦਾ ,ਥੋੜ੍ਹਾ ਕੁ ਹਟਵੀਂ ਖੜ੍ਹੀ ਗੱਡੀ ਵੱਲ ਨੂੰ ਨਿਕਲ ਤੁਰਿਆ ਤੇ ਮੈਂ ...ਮੈਂ ਨਾ ਉਸ ਨਾਲ ਦੋ-ਚਾਰ ਕਦਮ ਹੋਰ ਤੁਰਨ ਜੋਗਾ ਰਿਹਾ , ਨਾ ,ਖੜ੍ਹਾ ਰਹਿਣ ਜੋਗਾ । ਉਹਨੀਂ ਪੈਰੀਂ ਪਰਤ ਕੇ ਮੈਂ ਕਮਰੇ ਅੰਦਰ ਡਿੱਠੇ ਡਬਲ –ਬੈੱਡ ਤੇ ਮੂੰਹਦੜੇ-ਮੂੰਹ ਆ ਡਿੱਗਾ । ਮਾਣਾਂ-ਮੂੰਹੀਂ ਨਮੋਸ਼ੀ , ਢੇਰ ਸਾਰੀ ਹੀਣ-ਭਾਵਨਾ,ਨੇ ਨੱਪ ਲਿਆ ਸੀ ਮੇਰੇ ਸਾਰੇ ਵਜੂਦ ਨੂੰ । ਇਵੇਂ ਦੀ ਹੀਣ-ਭਾਵਨਾ , ਇਵੇਂ ਦੀ ਨਮੋਸ਼ੀ ਪੁਟਆਰਖਾਨਿਆਂ , ਪੁਲਿਸ ਅੱਡਿਆਂ ਜਾਂ ਅਦਾਲਤੀ ਕਮਰਿਆਂ ਦੇ ਗੇੜੇ ਕੱਢਦਿਆਂ ਬਿਲਕੁਲ ਨਹੀਂ ਸੀ ਹਾਵੀ ਹੋਈ ਪਿਛਲੇ ਗੇੜੇ । ਉਹਨਾਂ ਦੀ ਕਾਰਗੁਜ਼ਾਰੀ ਪਹਿਲੋਂ ਹੀ ਜੱਗ-ਜ਼ਾਹਰ ਸੀ ਮੈਨੂੰ । ਬਦਨਾਮ ਸਨ ਸਿਰੇ ਦੇ ਰਿਸ਼ਵਤ-ਖੋਰੀ ਚ । ਪਰ, ਹੁਣ... ਮੇਰੀ ਆਪਣੀ ਯੂਨੀਵਰਸਿਟੀ , ਸੂਰਜਾਂ ਵਰਗਾ ਚਾਨਣ ਵੰਡਣ ਵਾਲਾ ਮੇਰਾ ਆਪਣਾ ਵਿਭਾਗ, ਮੇਰਾ ਕੰਪਲੈਕਸ ...ਓਸੇ ਕੰਪਲੈਕਸ ਚ ਪ੍ਰੋਫੈਸਰ ਦਰਸ਼ਨ ਦੇ ਆਰ ਲਾਉਣ ਤੇ ਆ ਫਸਿਆ ਸੀ ਮੈਂ ....।
ਇਹ ਸ਼ਰਮ-ਭਾਵਨਾ , ਹੀਣ-ਭਾਵਨਾ ਦਾ ਅਸਰ ਸੀ ਜਾਂ ਵੱਧ-ਘੱਟ ਪੀਤੀ-ਪਲਾਈ ਦਾ ਮਾੜਾ ਚੰਗਾ ਪ੍ਰਭਾਵ ਕਿ ਮੇਰੇ ਅੰਦਰੋਂ ਇਕ ਬੇ-ਮੁਹਾਰਾ ਉਛਾਲ ਉੱਠ ਕੇ ਮੇਰੇ ਸੰਘ ਚ ਆ ਫਸਿਆ । ਪੂਰੀ ਤਰ੍ਹਾਂ ਘਿੱਗੀ ਬੱਝ ਗਈ ਮੇਰੀ । ਰੋਣ-ਹਾਕਾ ਹੋਏ  ਦੀਆਂ ਅੱਧ-ਮੀਟੀਆਂ, ਅੱਧ-ਖੁੱਲੀਆਂ ਅੱਖਾਂ, ਖਾਰੇ ਸੰਘਣੇ ਹੰਝੂਆਂ ਨਾਲ ਤਰ ਹੋ ਗਈਆਂ ...ਇਵੇਂ ਦੇ ਗਲੇਡੂ ਮੈਂ ਊਦ੍ਹੋਂ ਮਾਮੇ ਦੀਆਂ ਅੱਖਾਂ ਚ ਵੀ ਤਰਦੇ ਦੇਖੇ ਸਨ ਇਕ-ਦੋ ਵਾਰ । ਉਂਝ ਤਾਂ ਉਸਨੇ ਜੀਵਨ –ਪੰਧ ਦੇ ਕਿਸੇ ਵੀ ਪੜਾਅ ਤੇ ਹਿੰਮਤ –ਹੌਸਲੇ ਦਾ ਸਾਥ ਨਹੀਂ ਛੱਡਿਆ । ਤਾਂ ਵੀ ਔਖੇ-ਭਾਰੇ ਹਾਲਾਤ ਦੀ ਸਿਮਰਤੀ ਉਸ ਅੰਦਰਲੀ ਭਾਵੁਕਤਾ ਨੂੰ ਵਿੱਚ-ਵਾਰ ਉਸਦੀਆਂ ਅੱਖਾਂ ਅੰਦਰ ਤਰਦਾ ਕਰ ਹੀ ਦਿੰਦੀ ਸੀ । ਇਕ ਵਾਰ ਤਾਂ ਇਹ ਜਵਾਰਭਾਟੇ ਵਾਂਗ ਉੱਛਲੀ ਰੁਕਣ ਚ ਹੀ ਨਹੀਂ ਸੀ ਆਉਂਦੀ । ਉਸਦੀ ਭਰਵੀਂ ਚਿੱਟੀ ਦਾੜ੍ਹੀ ਵੀ ਜਿਵੇਂ ਤ੍ਰੇਲ-ਮੋਤੀਆਂ ਨਾਲ ਗੜੁੱਚ ਹੋ ਗਈ ਸੀ । ਉਸ ਵਾਰ ਮੈਂ ਇੰਡੀਆ ਆਇਆ ਸਿੱਧਾ ਨਾਨਕੇ ਪਿੰਡ ਪੁੱਜਾ ਸੀ ਪਹਿਲਾਂ । ਮਾਮੇ ਦੀ ਫ਼ਰਮਾਇਸ਼ ਪੂਰੀ ਕਰਨ । ਉਸਨੇ ਆਪਣੀ ਵੈਨਕੂਵਰ ਲਾਗੇ ਦੇ ਵਰਨਨ ਸ਼ਹਿਰ ਦੀ ਪਹਿਲੀ ਠਹਿਰ-ਗਾਹ ਦੀ ਫੋਟੋ ਮੰਗਵਾਈ ਸੀ ਮੇਰੇ ਤੋਂ । ਪੂਰੀ ਨੀਝ ਨਾਲ ਰੰਗਦਾਰ ਤਸਵੀਰ ਦੇਖ ਕੇ ਵੀ ਉਸਨੂੰ ਆਪਣੇ ਵੇਲੇ ਦਾ ਕੁਝ ਨਹੀਂ ਸੀ ਲੱਭਾ । ਨਾ ਉਵੇਂ ਦੇ ਆਰੇ , ਨਾ ਟੀਨ ਦੀਆਂ ਰਿਹਾਇਸ਼ੀ ਸ਼ੈੱਡਾਂ , ਨਾ ਚਾਹ –ਰੋਟੀ ਦਾ ਢਾਬਾ । ਤਾਂ ਵੀ ਝੀਲ-ਕੰਢਾ ,ਹਰੇ –ਭਰੇ ਪਹਾੜ, ਪਹਾੜਾਂ ਕੁੱਛੜ ਸਿਰ ਚੁੱਕੀ ਖੜ੍ਹੇ ਉੱਚੇ –ਭਾਰੇ ਰੁੱਖਾਂ ਨੂੰ ਵੇਖਦਿਆਂ –ਵਾਚਦਿਆਂ ਉਸਦਾ ਕਿੰਨਾ ਸਾਰਾ ਅਤੀਤ ਫੈਲਦਾ ਗਿਆ ਸੀ ਉਸ ਦੇ ਸਾਹਮਣੇ । ਇਸ ਅਤੀਤ ਚ ਪੈਰ੍ਹਾ-ਪੈਰ੍ਹਾ ਕਰਕੇ ਲਿਖ ਹੁੰਦੀ ਰਹੀ ਉਸਦੀ ਲੰਮੀ-ਚੌੜੀ ਜੀਵਨ-ਗਾਥਾ ਵੀ ਚੇਤੇ ਆਉਂਦੀ ਗਈ ਸੀ ਉਸਨੂੰ । ਜਿਸ ਦਾ ਇਕ ਇਕ ਵਾਕ,ਇਕ ਇਕ ਸ਼ਬਦ ,ਉਸਦੇ ਲਹੂ-ਪਸੀਨੇ ਚੋਂ ਡੋਬਾ ਲੈ ਕੇ ਉਸਦੀ ਆਰਸੀ ਚ ਦਰਜ ਹੋਇਆ , ਪੁੱਜਦਾ ਰਿਹਾ ਸੀ ਮੇਰੇ ਤਕ । ‘’ ....ਕਨੇਡਾ , ਅਮਰੀਕਾ ਸਮੇਤ ਯੂਰਪੀ ਦੇਸ਼ਾਂ ਚ ਖਿੰਡੇ-ਖਿਲਰੇ ਸਾਰੇ ਗ਼ਦਰੀਆਂ ਰੂਸ ਤੋਂ ਇਨਕਲਾਬੀ ਸਿੱਖਿਆ ਲੈ ਕੇ ਦੇਸ਼ ਪਰਤਣ ਦਾ ਫੈਸਲਾ ਕਰ ਲਿਆ । ਸੁਰੱਖਿਅਤ ਲਾਂਘਾ ਅਫ਼ਗਾਨਿਸਤਾਨ ਸੀ ਸਿਰਫ਼ । ਉਹ ਵੀ ਉਲਝ –ਬਿਖਰ ਗਿਆ ਸਾਡੇ ਆਉਂਦਿਆ –ਕਰਦਿਆ । ਅਸੀਂ ਥੋੜ੍ਹੇ ਜਣੇ ਰੂਸੀ-ਅਫ਼ਗਾਨ ਸਰਹੱਦ ਤੇ ਅੱਪੜਦੇ ਹੀ ਫੜੇ ਗਏ । ਪਹਿਲ੍ਹਾਂ ਕਈ ਦਿਨ ਸਰਹੱਦੀ ਚੌਕੀ ਚ ਤਾੜੀ ਰੱਖਿਆ ਸਾਨੂੰ , ਫਿਰ ਪੈਦਲ ਤੋਰ ਕੇ ਕਾਬਲ ਲੈ ਜਾ ਕੇ ਜੇਲ੍ਹੀਂ ਬੰਦ ਕਰ ਦਿੱਤਾ ।
ਸਾਡੀ ਫੜ-ਫੜਾਈ ਅਮਾਨਉੱਲਾ ਬਾਦਸ਼ਾਹ ਨੇ ਨਹੀਂ ਸੀ ਕੀਤੀ । ਇਹ ਸਾਮਰਾਜੀ ਹੱਥ-ਠੋਕੇ ਨਾਦਰਸ਼ਾਹੀ ਨੇ ਕੀਤੀ ਸੀ । ਨਾਦਰਸ਼ਾਹ ਨੇ ਵੀ ਕੀ , ਆਪ ਕੀਤੀ ਸੀ ਅੰਗਰੇਜ਼ੀ ਸੂਹੀਆਂ । ਆਪ ਨਿਗਰਾਨੀ  ਕਰਦੇ ਸਨ ਉਹ ਹੱਦ-ਸਰਹੱਦ ਦੀ ਬੜੀ ਚੌਕਸੀ ਨਾਲ । ਉਹਨਾਂ ਤੋਂ ਨਾ ਅਮਾਨਉੱਲਾ-ਰੂਸੀ ਦੋਸਤੀ ਬਰਦਾਸ਼ਤ ਹੋਈ ਸੀ ,ਨਾ ਹਿੰਦੋਸਤਾਨੀ ਗ਼ਦਰੀਆਂ ਨਾਲ ਉਸ ਦੀ ਹਮਦਰਦੀ । ਉਹਨਾਂ ਕਈ ਸਾਰੇ ਹਰਵੇ ਵਰਤ ਕੇ ਉਸਨੂੰ ਊਈਂ ਚਲਦਾ ਕਰ ਦਿੱਤਾ । ਪਹਿਲਾਂ ਉਸ ਵਿਰੁੱਧ ਕਈ ਸਾਰੇ ਫ਼ਤਵੇ ਦੁਆਏ ਮੁੱਲਾਂ-ਮੁਲਾਣਿਆਂ ਤੋਂ , ਫਿਰ ਫੌਜੀ ਬਗ਼ਾਵਤ ਕਰਵਾ ਦਿੱਤੀ ।
ਲਗਦੇ ਹੱਥ ਹੀ ਉਹਨਾਂ ਆਪਣੀ ਖ਼ਾਸ-ਉਲ-ਖ਼ਾਸ ਕੱਠ-ਪੁਤਲੀ ਨਾਦਰ ਸ਼ਾਹ ਨੂੰ ਬਾਦਸ਼ਾਹ ਨਾਮਜ਼ਦ ਕਰ ਦਿੱਤਾ ।
ਉਸ ਨੇ ਆਉਂਦੇ ਨੇ ਕਾਬਲ ਅੰਦਰਲੀ ਸਾਡੀ ਵੱਡੀ ਠਾਹਰ ਬੰਦ ਕਰਵਾ ਦਿੱਤੀ । ਇਹ ਸਾਰਾ ਘਟਨਾ-ਕਰਮ ਸਾਨੂੰ ਕਾਬਲ ਜੇਲ੍ਹ ਅੰਦਰ ਪੁੱਜਿਆ ਨੂੰ ਪਤਾ ਲੱਗਾ ਸੀ।‘’
ਇੱਥੋਂ ਤਕ ਦੀ ਵਾਰਤਾ ਦੱਸਦੇ ਮਾਮੇ ਦੀ ਨਾ ਬੋਲ –ਸੁਰ ਢਿੱਲੀ ਪਈ ਸੀ , ਨਾ ਰਵਾਨੀ ਚ ਕੋਈ ਅੰਤਰ ਆਇਆ । ਪਰ, ਅਗਲਾ ਵਿਸਥਾਰ ਦੱਸਣ ਲੱਗੇ ਦੀ ਉਸਦੀ ਗੜ੍ਹਕਵੀਂ ਆਵਾਜ਼ ਪਹਿਲਾਂ ਥੋੜ੍ਹੀ ਕੁ ਜਿੰਨੀ ਭਾਰੀ ਹੋ ਗਈ , ਫਿਰ ਜਿਵੇਂ ਇਹ ਜਿੱਲ੍ਹਣ ਚ ਫਸ ਗਈ ਹੋਵੇ । ਦੂਰ ਪਿਛਾਂਹ ਰਹਿ ਗਏ ਕਿਸੇ ਮਾੜੇ-ਚੰਗੇ ਮੰਜ਼ਰ ਤ ਅਟਕਿਆਂ , ਉਹ ਕਿਸੇ ਡੂੰਘੇ ਖੂਹ ਚ ਡਿੱਗਿਆ ਹੋਣ ਵਾਂਗ ਬੋਲਦਾ ਗਿਆ  - ਨਾਦਰ ਸਰਕਾਰ ਕਿਸੇ ਵੀ ਕੈਦੀ ਨੂੰ ਰੋਟੀ-ਕੱਪੜਾ ਨਹੀਂ ਸੀ ਦਿੰਦੀ ....ਕੈਦੀ ਜਾਂ ਤਾਂ ਘਰੋਂ ਮੰਗਵਾ ਕੇ ਖਾਂਦੇ ਸਨ...ਜਾਂ ਫਿਰ ਬੇੜੀਆਂ ਚ ਜਗੜ ਹੋਏ ਗਲੀਆਂ-ਬਾਜ਼ਾਰਾਂ ਚੋਂ ਮੰਗ ਕੇ ...।
ਉਸਦੇ ਟੁੱਟਵੇਂ-ਟੋਕਵੇਂ ਬੋਲ ਉਸ ਦੇ ਬੇ-ਤਹਾਸ਼ਾ ਉਮੱਡ ਆਏ ਅੱਥਰੂਆਂ ਨੇ ਹੋਰ ਵੀ ਟੋਕਵੇ ਕਰ ਦਿੱਤੇ ਸਨ – “ ਬਲਕਾਰ ਸਿਆਂ , ਬੱਲਿਆਂ .... ਅਖ਼ਲਾਕੀ ਕੈਦੀ ਤਾਂ .... ਭਲਾ ਲਾਗੜ ਸੀ ਇਸ ਕੰਮ ਦੇ ... ਪਰ, ਅਸੀਂ ਸਿਆਸੀ ਕੈਦੀਤਾਂ ਜਿਮੇਂ ਧਰਤੀ ਗ਼ਰਕ ਹੋਣ ਵਰਗੇ  ਹੋ ਗਏ ਸੀ ... ਰੋਟੀ ਕੱਪੜੇ ਲਈ ਹੱਥ ਅੱਡੀ...ਥਾਂ ਕੁ ਥਾਂ ਘੁੰਮਦੇ ...ਨਾ ਅਸੀਂ ਜੀਂਦਿਆ ਚ ਰਹੇ ਸੀ...ਨਾ ਮੋਇਆ ਚ । ... ਬਹੁਤ ਬੁਰੀ ਤਰ੍ਹਾਂ ਜ਼ਲੀਲ ਹੋਏ ਸੀ ...ਅਸੀਂ ....ਬਲਕਾਰ ਸਿਆਂ ।
...ਊਦ੍ਹੋ ਮਾਮੇ ਨਾਲ ਹੋਈ – ਵਾਪਰੀ ਦਾ ਚੇਤਾ ਆਉਂਦਿਆ ਮੇਰੇ ਬੇ-ਹਿਸ ਹੋਏ ਬਦਨ ਨੂੰ ਇੱਕ ਜ਼ੋਰਦਾਰ ਝਟਕਾ ਲੱਗਾ । ਕਮਰੇ ਅੰਦਰਲੇ ਡਬਲ ਬੈੱਡ ਤੇ ਨਿਢਾਲ ਹੋਇਆ ਡਿੱਗਾ ਮੈਂ ਝੱਟ ਉੱਠ ਕੇ ਬੈਠ ਗਿਆ । ਘੋਰ-ਡੂੰਘੇ ਪਛਤਾਵੇ ਦੀ ਇਕ ਮੋਟੀ ਪਰਤ ਮੇਰੇ ਦੁਆਲੇ ਸੰਘਣੀ ਤਰਾਂ ਲਿਪਟ ਗਈ । - ਇਹ ਕੀ ਕਰ ਬੈਠਾ ਸੀ ਮੈਂ । ਊਦ੍ਹੋ ਮਾਮੇ ਨੂੰ ਤਾਂ ਮਜਬੂਰੀ ਵੱਸ ਹੱਥ ਅੱਡਣੇ ਪਏ ਰੋਟੀ –ਕੱਪੜੇ ਲਈ । ਪਰ ਮੈਂ...ਮੈਂ ਜ਼ਲਾਲਤ ਆਪ ਸਹੇੜੀ ਸੀ । ਆਪ ਡਿੱਗਿਆ ਸੀ ਮੈਂ ਨੀਵੇਂ ਥਾਂ । ਬੁਰਕੀ-ਬੁਰਕੀ ਹਮਾਇਤ ਮੰਗਣ ਲਈ ਨਿਕਲ ਤੁਰਿਆ ਸੀ ਚੋਣ ਬੋਰਡ ਮੈਂਬਰਾਂ ਤੋਂ , ਹਵਾਈ ਅੱਡਿਉਂ ਲੈਸ ਹੋ ਕੇ ।
ਮੈਂ ਆਪਣੇ ਆਪ ਨੂੰ ਜ਼ੋਰਦਾਰ ਫਿੱਟ-ਲਾਅਨਤ ਪਾਈ । ਅੱਖਾਂ   ਭਰ ਆਏ ਅੱਥਰੂ , ਪੈੱਟੋਂ ਬਾਹਰ ਨਿਕਲੀ ਕਮੀਜ਼ ਦੀ ਕੰਨੀ ਨਾਲ ਸਾਫ਼ ਕਰਕੇ ਮੈਂ ਸਿਰ ਚੜ੍ਹੀ ਨਮੋਸ਼ੀ ਇਕ ਦਮ ਵਗਾਹ ਮਾਰੀ । ਹੁਣ ਤਕ ਦੀ ਕੀਤੀ ਕਰਾਈ ਤੇ ਕਾਟਾ ਮਾਰ ਕੇ ਮੈਂ ਇਸ ਕਾਂਡ ਨੂੰ ਇੱਥੇ ਹੀ ਸਮਾਪਤ ਕਰਨ ਦਾ ਫੈਸਲਾ ਕਰ ਲਿਆ । ਹੁਣ ,ਮੈਂ ਹੋਰ ਕਿਸੇ ਯੜੀ-ਯਨੀਵਰਸਿਟੀ ਨਹੀਂ ਸੀ ਜਾਣਾ । ਨਾ ਹੀ ਇੱਥੋਂ ਦੀ ਹਾਂ-ਨਾਂਹ ਦੀ ਉਡੀਕ ਕਰਨੀ ਸੀ । ਸਿੱਧਾ ਪਿੰਡ ਪੁੱਜਣਾ ਸੀ ਅਗਲੇ ਦਿਨ । ਖੁੱਸ ਚੁੱਕੇ ਖੇਤਾਂ ਦੀ ਪੈਰਵੀ ਕਰਨੀ ਸੀ ਬੱਸ...ਬੱਸ ।
ਇਸੇ ਹੀ ਉਧੇੜ –ਬੁਣ ਚ ਉਲਝੇ ਨੂੰ ਪਤਾ ਨਹੀਂ ਕਦ ਨੀਂਦ ਆ ਗਈ ਸੀ ਮੈਨੂੰ ।
ਸਵੇਰੇ ਉੱਠਿਆ ਤਾਂ ਅੱਛਾ-ਖਾਸਾ ਦਿਨ ਚੜ੍ਹ ਚੁੱਕਾ ਸੀ । ਰਾਤ ਲਏ ਫੈਸਲੇ ਅਨੁਸਾਰ ਮੈਂ ਛੇਤੀ ਨਿਕਲ ਤੁਰਨ ਦੇ ਇਰਾਦੇ ਨਾਲ ਝੱਟ-ਪੱਟ ਨਹਾਂ-ਧੋਅ ਲਿਆ । ਹਲਕਾ ਜਿਹਾ ਨਾਸ਼ਤਾ ਕਰਕੇ ਮੈਂ ਬੈਗ-ਬੋਰੀਆਂ ਸਮੇਟ ਹੀ ਰਿਹਾ ਸੀ ਕਿ ਕਮਰੇ ਚ ਪਏ ਟੈਲੀਫੋਨ ਦੀ ਘੰਟੀ ਵੱਜੀ । ਇਹ ਪੁਰੇਵਾਲ ਸੀ । ਉਹ ਦੱਸ ਰਿਹਾ ਸੀ – ਘੁੰਮਣ ਭਾਈ , ਵਾਲੀਏ ਨੇ ਪੀਤੇ ਪੈੱਗਾਂ ਦੀ ਲਾਜ ਰੱਖ ਲਈ ਆ । ਉਹਨੇ ਰਾਜਧਾਨੀ ਆਲੇ ਦੋਨੋਂ ਮੈਂਬਰ ਰਾਤੋ-ਰਾਤ ਗੰਢ ਲਏ । ਅੱਜ ਉਹ ਸ਼ਾਮੀਂ ਪੁੱਜਣਗੇ ਯੂਨੀਵਰਸਿਟੀ ਸਹਿਮਤੀ ਤੇ ਦਸਖਤ ਕਰਨ । ਐਥੇ ਆਲੇ ਤਿੰਨੋ ਮੇਰੇ ਹੱਥਾਂ ਚ ਆ । ਤੂੰ ਫਿਕਰ ਬਿਲਕੁਲ ਨਈਂ ਕਰਨਾ । ਚੰਗਾ , ਮਿਲਦੇ ਆਂ ਫਿਰ ਸ਼ਾਮੀ ਗੈਸਟ ਹਾਊਸ । ਏਨਾ ਕੁ ਆਖ ਉਹਨੇ ਝੱਟ ਫੂਨ ਬੰਦ ਕਰ ਦਿੱਤਾ ।
ਮੇਰੀ ਹਾਂ-ਨਾਂਹ ਉਹਨੇ ਬਿਲਕੁਲ ਨਾ ਸੁਣੀ । ਮੈਂ ਸਭ ਕੁਝ ਛੱਡ-ਛੜਾ ਕੇ ਤਿਆਰ ਹੋਇਆ ਬੈਠਾ ਸੀ , ਉਹ ਸ਼ਾਮੀਂ ਗੈਸਟ-ਹਾਊਸ ਆਉਣ ਲਈ ਕਹਿ ਰਿਹਾ ਸੀ ।
ਮੈਂ ਫਿਰ ਕਸੂਤੀ ਦੁਬਿਧਾ ਚ ਘਿਰ ਗਿਆ । ਮੇਰੇ ਪਾਸ ਨਾ ਉਸਦਾ ਫੋਨ ਨੰਬਰ ਸੀ , ਨਾ ਘਰ ਦਾ ਥਹੁ-ਪਤਾ ।
ਉਸਨੂੰ ਦੱਸੇ ਬਗੈਰ ਚਲੇ ਜਾਣਾ ਬੁਰਾ ਲੱਗ ਰਿਹਾ ਸੀ ਮੈਨੂੰ , ਤੇ ... ਤੇ ਰੁਕੇ ਰਹਿਣਾ ਹੋਰ ਵੀ ਬੁਰਾ । ਮੈਂ ਤਿਆਰ ਕੀਤਾ ਬੈਗ ਕਦੀ ਮੋਢੇ ਤੇ ਲਟਕਦਾ ਕਰ ਲੈਂਦਾ , ਕਦੀਂ ਮੁੜ ਬੈੱਡ ਤੇ ਰੱਖ ਲੈਂਦਾ ਜਾਂ ਕਰਸੀ ਤੇ ।
ਇਕ ਪਾਸੇ ਊਦ੍ਹੋ ਮਾਮੇ ਦੇ ਪੈਰ-ਚਿੰਨ ਖਿੱਚ ਰਹੇ ਸਨ , ਦੂਜੇ ਪਾਸੇ ਨਾਵਲ ਲੇਖਕ ਬਿਰਤੀ । ਇਕ ਪਾਸੇ ਜੇਲ੍ਹਾਂ ਮਫ਼ਰੂਰੀਆਂ , ਜੂਹ-ਬੰਦੀਆਂ ਦੀ ਮਾਰ ਹੇਠ ਆਇਆ ਉਦੇਸ਼-ਪੂਰਨ ਅਤੀਤ ਦਿਸ ਰਿਹਾ ਸੀ ਮੈਨੂੰ , ਦੂਜੇ ਪਾਸੇ ਡਾਲਰਾਂ ਦੀ ਡਾਰ ਨਾਲ ਰੰਗ ਹੋਇਆ ਨਾਵਲੀ ਵਰਤਮਾਨ ।
ਇਸ ਕਸ਼ਮਕਸ਼ ਚ ਉਲਝੇ ਨੇ ਮੈਂ ਕਿੰਨਾ ਸਾਰਾ ਸਮਾਂ ਹੋਰ ਜ਼ਾਇਆ ਕਰ ਦਿੱਤਾ ।
ਕਲ੍ਹ ਦੁਪਹਿਰੋਂ ਬਾਅਦ ਸ਼ਾਂਤ ਹੋਏ ਕੰਪਲੈਕਸ ਚ ਚਹਿਲ-ਪਹਿਲ ਵਧਣ ਲੱਗ ਪਈ । ਵਿਭਾਗ, ਦਫ਼ਤਰ,ਕਲਾਸ ਕਮਰੇ , ਗਰਾਊਡਾਂ ਆਪੋ-ਆਪਣੇ ਧੰਦੇ ਪਿੱਟਣ ਲੱਗ ਪਈਆਂ । ਮੈਂ ਗੈਸਟ ਹਾਊਸ ਦੀ ਵਲਗਣ ਚ ਘਿਰਿਆ ਅਜੇ ਕਿਸੇ ਸਿਰੇ ਨਹੀਂ ਸੀ ਲੱਗਾ ਕਿ ਕੋਈ ਜਣਾ ਮੈਨੂੰ ਪੁਰੇਵਾਲ ਦਾ ਸੁਨੇਹਾ ਪੁੱਜਦਾ ਕਰ ਗਿਆ – ਡਾਕਟ ਸਾਬ੍ਹ ਯਾਦ ਕਰਦੇ ਤੁਆਨੂੰ ਦਫ਼ਤਰ
ਮਜਬੂਰਨ ਜਾਣਾ ਪਿਆ ।
ਉਸ ਨੇ ਕੁਝ ਕਾਗ਼ਜ਼ ਪੱਤਰ ਮੇਰੇ ਅੱਗੇ ਰੱਖ ਦਿੱਤੇ ਇਹ ਉਹੀ ਸੂਚੀ ਸੀ ਨਾਵਾਂ ਦੀ । ਜਿਹਨਾਂ ਅੱਗੇ ਹੱਥ ਅੱਡਣੇ ਸਨ ਮੈਂ । ਭੀਖ ਮੰਗਣੀ ਸੀ ਨਾਵਲ ਲਈ । ਨਾਵਲ ਨੂੰ ਕੋਰਸ ਚ ਲਗਦਾ ਕਰਨ ਲਈ ।
ਆਪਣੇ ਮੇਜ਼-ਦਰਾਜ ਦੀ ਫਰੋਲਾ-ਫਰਾਲੀ ਕਰਦਾ ਪੁਰੇਵਾਲ ਕਾਫੀ ਕਾਹਲ ਚ ਲਗਦਾ ਸੀ । ਚੰਗਾ ਮਿਲਦੇ ਆਂ ਆਖ ਉਹ ਉਸੇ ਵੇਲੇ ਕਮਰਿਉਂ ਬਾਹਰ ਨਿਕਲ ਗਿਆ ਮੇਰੀ ਹਾਂ-ਨਾਂਹ ਫਿਰ ਵਿਚਕਾਰ ਲਟਕਦੀ ਰਹਿ ਗਈ । ਮੈਂ ਕਾਗਜ਼-ਪੱਤਰ ਥਾਏਂ ਛੱਡ ਕੇ ਮੁੜ ਗੈਸਟ-ਹਾਊਸ ਪਰਤ ਆਇਆ
ਸ਼ਾਮ ਪਈ ਤੇ ਮੇਰੇ ਕਮਰੇ ਚ ਸੱਤ ਚਿਹਰੇ ਹਾਜ਼ਰ ਸਨ । ਪਵਿੱਤਰ ਸਿੰਘ ਵਾਲੀਆ,ਨੀਰਜ ਸਿੰਘ ਪੁਰੇਵਾਲ ਤੋਂ ਮੈਂ ਕੱਲ ਦਾ ਜਾਣੂ ਸੀ । ਬਾਕੀ ਦਿਆਂ ਆਪਣਾ ਆਪਣਾ ਤੁਆਰਫ਼ ਆਪ ਕਰਵਾ ਦਿੱਤਾ ।
ਚਲਦੇ ਦੌਰ ਚ ਕਿਹਨੇ ਕੀ ਗੱਲ ਕੀਤੀ । ਇਸ ਵੱਲ ਤਾਂ ਮੈਂ ਕੋਈ ਧਿਆਨ ਨਹੀਂ ਸੀ ਦਿੱਤਾ , ਉਂਝ ਸਾਰੇ ਮੈਂਬਰ ਮੇਰੇ ਨਾਵਲ ਤੇ ਸਹਿਮਤ ਸਨ । ਸਿਰਫ਼  ਇਕ ਸਰਦਲ ਲੰਘਣੀ ਬਾਕੀ ਸੀ ਅਜੇ । ਵਿਭਾਗੀ ਮੁਖੀ ਦੀ । ਉਸ ਦਾ ਜੁੰਮਾ ਲੈਣ ਤੋਂ ਸਾਰੇ ਭਾਜੂ ਸਨ । ਆਖਰ ਸਰਵ-ਸਹਿਮਤੀ ਮੇਰੇ ਨਾਂ ਤੇ ਹੋ ਗਈ । ਹਾਸੇ ਹਾਸੇ ਚ ਵਾਲੀਏ ਨੇ ਵਿਚਲੀ ਗੱਲ ਵੀ ਖੋਲ੍ਹ ਦਿੱਤੀ – ਊਂਅ ਤਾਂ ਤੇ ਰੇ ਚ ਵੀ ਕੋਈ ਕਮੀ ਨਈਂ ਹੈਗੀ , ਘੁੰਮਣ ਬਾਈ , ਪਰ ਜੇ ਤੂੰ ਸੱਚੀਂ ਸੁੱਚੀਂ ਦੀ ਬੀਬੀ ਹੁੰਦਾ ਤਾਂ ਕੋਈ  ਲੋੜੇਈ ਨਈਂ ਸੀ ਪੈਣੀ , ਹੁਣ ... ਹੁਣ ਤੂੰ ਐਂ ਕਰੀ ਤੋਹਫਾ ਕੋਈ  ਨਾ ਕੋਈ  ਜ਼ਰੂਰ ਜੋੜ ਲਈਂ ਲਾਸ਼ ਆਪਣੀ ਨਾਲ ।
ਸਾਰੇ ਉਸਦੀ ਗੁੱਝੀ ਗੱਲ ਤੇ ਖੁੱਲ੍ਹ ਕੇ ਹੱਸੇ ਸਨ , ਪਰ ਮੇਰੇ ਅੰਦਰੋਂ ਹੋਰ ਵੀ ਕਿੰਨਾ ਕੁਝ ਜਿਵੇਂ ਟੁੱਟ-ਭੁਰ ਗਿਆ । ... ਕਸੂਰਵਾਰ ਆਪ ਬਣਿਆ ਸੀ ਮੈਂ । ਤਲਬ ਮੈਨੂੰ ਜਾਗੀ ਸੀ ਕੋਰਸ ਚ ਲਗਦਾ ਹੋਣ ਦੀ । ਪਹਿਲੋਂ ਵੀ ਤਾਂ ਲਿਖੇ-ਛਪੇ ਸੀ ਮੇਰੇ ਛੇ-ਸੱਤ ਨਾਵਲ । ਪਹਿਲੇ ਵੀ ਤਾਂ ਚਰਚਾ ਹੁੰਦੀ ਸੀ ਮੇਰੀ ਵਿਦੇਸ਼ੀ ਲੇਖਕਾਂ ਚ । ਤੇ ਹੁਣ ... ਹੁਣ ਕੀ ਸੁਰਖਾਬ ਦੇ ਖੰਭ ਲੱਗ ਜਾਣੇ ਸਨ ਮੈਨੂੰ
ਮੈਂ ਆਪਣੇ ਸਾਹਮਣੇ ਆਪ ਹੀਣਾ ਹੋਇਆ ਸੀ ,ਨਵੇਂ ਪੰਗੇ ਚ ਪੈ ਕੇ  । ਤਾਂ ਵੀ ਆਲਾ ਦੁਆਲਾ ਮੈਨੂੰ ਘੱਟ ਦੋਸ਼ੀ ਨਹੀਂ ਸੀ ਲੱਗਦਾ, ਮੈਂ ਹੈਰਾਨ ਸੀ ,ਇਹ ਹੋ ਕੀ ਰਿਹਾ ਸੀ , ਮੇਰੇ ਆਸੇ-ਪਾਸੇ । ਕਿਹੋ ਜਿਹਾ ਗੰਦ-ਗ਼ਦਰ ਫੈਲ –ਖਿੱਲਰ ਗਿਆ ਸੀ ਮੇਰੇ ਮੁਲਕ ਚ । ਮੇਰੀ ਯੂਨੀਵਰਸਿਟੀ ,ਮੇਰੇ ਵਿਭਾਗ ਚ ,ਵਿਭਾਗੀ ਦਫ਼ਤਰ ਚ । ਇਹ ਦਫ਼ਤਰ ਸੀ ਜਾਂ ਕਿਸੇ ਰੱਜੇ-ਫਿੱਟੇ ਸਾਧ ਦਾ ਸਾਧਖਾਨਾ , ਮਾਈਆਂ –ਬੀਬੀਆਂ , ਕੁਆਰ-ਕੰਜਰਾਂ ਨੂੰ ਮਾਨਣ –ਭੋਗਣ ਵਾਲਾ ਕੋਈ  ਭੋਰਾ-ਡੇਰਾ ..!!
ਰਾਤ ਸਾਰੀ ਇਵੇਂ ਹੀ ਲੰਘ ਗਈ , ਉੱਸਲਵੱਟੇ ਲੈਂਦਿਆਂ । ਘੜੀ-ਦੋ-ਘੜੀਆਂ ਅੱਖ ਲਗਦੀ ਫਿਰ ਉਹੀ ਤਲਖੀ, ਉਹੀ ਤੜਪ । ਕਦੀ ਕਿਸੇ ਨੁੰ ਗਾਲੀ –ਗਲੋਚ , ਕਦੀ ਕਿਸੇ ਨੂੰ ਚੋਣ ਬੋਰਡ ਮੈਂਬਰਾਂ ਨੂੰ , ਮੁਖੀ ਨੂੰ । ਕਦੀ ਗੁਲਬਾਗ ਦੀ ਵਾਰੀ ਆ ਲਗਦੀ , ਕਦੀ ਤਫ਼ਤੀਸ਼ੀ ਅਫ਼ਸਰ ਦੀ । ਬਾਪੂ ਕਤਲ ਕੇਸ ਦੇ ਪੜਤਾਲ ਅਧਿਕਾਰੀ ਦੀ । ... ਉਸਨੇ ਪੈਂਦੀ ਸੱਟੇ ਰੱਜ ਕੇ ਸਖ਼ਤੀ ਕੀਤੀ । ਝੱਟ-ਪਟ ਉਸਨੇ ਕਾਤਲ ਦਾ ਖੁਰਾ-ਖੋਜ ਲੱਭ ਵੀ ਲਿਆ । ਉਦੋਂ , ਉਹ ਬਹੁਤ ਇਮਾਨਦਾਰ ਅਫ਼ਸਰ ਲੱਗਾ ਮੈਨੂੰ । ਇਮਾਨਦਾਰ ਤੇ ਫ਼ਰਜ਼-ਸ਼ਨਾਸ । ਪਰ , ਵਿਚੋਂ ਗੱਲ ਹੋਰ ਈ ਨਿਕਲੀ ਸੀ । ਇਹ ਸਖ਼ਤੀ-ਚੁਸਤੀ ਮੂੰਹ-ਜ਼ੁਬਾਨੀ ਦੀ ਸੀ ਉਸਦੀ । ਸਿਰਫ਼ ਰੇਟ ਵਧਦਾ ਕਰਨ ਲਈ । ਪੰਜ ਦੀ ਥਾਂ ਦਸ ਲੱਖ ਤੇ ਸੌਦਾ ਹੋ ਨਿਬੜਿਆ । ਅੱਗੋਂ ਉਹਨਾਂ ਜੱਜ ਜੰਢਣਾ ਸੀ ਰਲ ਕੇ । ਇਹ ਸਾਰਾ ਕੁਝ ਮੇਰੇ ਵਕੀਲ ਨੇ ਪੁੱਜਦਾ ਕੀਤਾ ਸੀ ਮੇਰੇ ਤਾਈਂ ਕਨੇਡਾ । ਮੇਰੇ ਮੁਖ਼ਤਾਰ ਆਮ ਨੇ । ਮੈਂ ਤਲਮਲਾ ਗਿਆ  ਇਹ ਕੁਝ ਸੁਣਦਾ । ਬੇ-ਚੈਨ ਹੋਏ ਨੇ , ਕਲਪਦੇ ਨੇ ਮੈਂ ਉਸ ਵੇਲੇ ਵੀ ਗਾਲ੍ਹ ਵਾਹੀ ਸੀ ਰੱਜ ਕੇ –ਗੁਲਬਾਗ਼ ਨੂੰ , ਜਾਂਚ ਅਫ਼ਸਰ ਨੂੰ , ਵਕੀਲਾਂ ਨੂੰ , ਜੱਜਾਂ ਨੂੰ ।
ਯਨੀਵਰਸਿਟੀ ਗੈਸਟ-ਹਾਊਸ ਦੇ ਏ.ਸੀ. ਕਮਰੇ ਚ ਘਿਰੇ ਦਾ ਮੇਰਾ ਆਪਣਾ ਤਾਪਮਾਨ ਸਮਤਲ ਨਹੀਂ ਸੀ ਰਿਹਾ । ਨੀਂਦ ਆਈ ਤੇ ਚਿੱਤ ਟਿਕਾਣੇ ਰਹਿੰਦਾ । ਜਾਗ ਖੁੱਲੀ ਤੇ ਫਿਰ ਉਹੀ ਖਿਝ , ਉਹੀ ਤੜਪ , ਉਹੀ ਤਲਖੀ ।
ਅਗਲੀ ਸਵੇਰ , ਨਾ ਮੇਰੇ ਹੱਡ-ਗੋਡੇ ਕੰਮ ਕਰਨ , ਨਾ ਕਮਰ –ਪਿੱਠ ਹਿਲਦੀ ਹੋਵੇ । ਮੈਨੂੰ ਜਿਵੇਂ ਕਿਸੇ ਨੇ ਮਾਰ –ਕੁੱਟ ਕੇ ਸੁੱਟ ਰੱਖਿਆ ਸੀ । ਮੈਂ ਕਾਲ-ਬੈੱਲ ਕਰਕੇ ਬਹਿਰੇ  ਤੋਂ ਉੱਪਰੋਂ –ਥਲੀ ਦੋ ਮੱਘ ਬਲੈਕ-ਕਾਫੀ ਮੰਗਾ ਕੇ ਪੀਤੀ । ਫਿਰ ਕਿਧਰੇ ਟਾਇਲੈਟ ਗਿਆ । ਮੂੰਹ-ਅੱਖਾਂ ਤੇ ਛਿੱਟੇ ਮਾਰੇ । ਬੁਰਸ਼-ਕੁਰਲੀ ਕਰਕੇ ਫਿਰ ਸਪਾਟ ਲੰਮਾ ਪੈ ਗਿਆ । ਲੇਟੇ ਲੇਟੇ ਦੀਆਂ ਜਗਦੀਆਂ –ਬੁਝਦੀਆਂ ਅੱਖਾਂ ਸਾਹਮਣੇ ਫਿਰ ਉਹੀ ਸੀਨ ਸਨ –ਪਿੰਡ ਸੀ, ਠਾਣਾ –ਕਚਹਿਰੀ ਸੀ , ਯੂਨੀਵਰਸਿਟੀ ਸੀ , ਖਾਸ ਕਰ ਗੈਸਟ –ਹਾਊਸ ਸੀ । ਪਹਿਲੀ ਸ਼ਾਮ ਤਿੰਨ, ਦੂਜੀ ਨੂੰ ਚਾਰ ਡੱਬੇ ਖਾਲੀ ਹੋਏ ਸਨ । ਸਿਰਫ਼ ਇਕ ਲੀਟਰ ਬਚਦਾ ਸੀ , ਟੀਚਰਜ਼ ਸਕਾਚ ਦਾ । ਵੋਦਕਾ ਮੈਂ ਢਕ-ਲਪੇਟ ਕੇ ਪਹਿਲੋਂ ਹੀ ਕਰ ਰੱਖੀ ਸੀ ਇਕ ਪਾਸੇ । ਊਦ੍ਹੋ ਮਾਮੇ ਲਈ । ਉਹ ਇਸ ਗਿਣਤੀ ਵਿਚ ਨਹੀਂ ਸੀ ਆਉਂਦੀ । ਰਾਤ ਲਏ ਫੈਸਲੇ ਮੁਤਾਬਿਕ ਮੈਂ ਨਿਕਲ ਜਾਣਾ ਸੀ , ਇੱਥੋਂ ਬਿਨਾਂ ਕਿਸੇ ਨੂੰ ਮਿਲੇ-ਦੱਸੇ । ਹੋਰ ਕਿਸੇ ਯੂਨੀਵਰਸਿਟੀ ਜਾਣ ਦਾ ਹੁਣ ਸਵਾਲ ਹੀ ਨਹੀਂ ਸੀ ਪੈਦਾ ਹੁੰਦਾ ।
ਥੋੜ੍ਹਾ ਕੁ ਚਿਰ ਹੋਰ ਲੇਟੇ ਰਹਿਣ ਪਿੱਛੋਂ , ਮੈਂ ਫਿਰ ਹਿੰਮਤ ਫੜ ਲਈ ਖਿੱਲਰੇ –ਥੱਕੇ ਅੰਗ-ਪੈਰ ਧੂੰਹਦਾ-ਘਸੀਟਦਾ ਤਿਆਰ ਹੋ ਗਿਆ । ਟੈਕਸੀ ਨੇ ਮੈਨੂੰ ਪਿੰਡ ਛੱਡ ਕੇ ਚਲੇ ਜਾਣਾ ਸੀ ਵਾਪਸ ਆਪਣੇ ਅੱਡੇ । ਮੈਂ ਉਸਨੂੰ ਮਨਾ ਲਿਆ ਸੀ , ਥੋੜ੍ਹੇ ਕੁ ਵਾਧੂ ਪੈਸੇ ਦੇ ਕੇ । ਉਂਝ ਵੀ ਹੁਣ ਬਹੁਤਾ ਭਾਰ ਹਲਕਾ ਕਰ ਦਿੱਤਾ ਸੀ ਮੇਰਾ , ਚੋਣ ਬੋਰਡ ਮੈਂਬਰਾਂ ਨੇ । ਸਿਰਫ ਇਕ ਨਗ ਬਾਕੀ ਸੀ । ਉਹ ਮੈਂ ਵੋਦਕਾ ਵਾਂਗ ਸਾਂਭਣ ਦੀ ਸੋਚ ਰਿਹਾ ਸੀ ਕਿ ਮੇਰੇ ਮਨ ਚ ਆਈ –ਟੀਚਰਜ਼ ਸਕਾਚ ਨਾਲੋਂ ਵਧੀਆ ਤੋਹਫਾ ਹੋਰ ਕੀ ਹੋ ਜਊ, ਟੀਚਿੰਗ ਮੁਖੀ ਲਈ । ਕੰਮ ਹੁੰਦਾ ਹੋਵੇ , ਨਾ ਹੋਵੇ ਨਾ ਸਹੀ । ਮੈਂ ਝੂਠਾ ਤਾਂ ਨਾ ਪਊ । ਅਗਲੇ ਇਹ ਤਾਂ ਨਹੀਂ ਕਹਿਣਗੇ , ਸਾਡੀ ਕੀਤੀ  ਕਰਾਈ ਐਮੇਂ ਖੇਹ ਕਰ ਛੱਡੀ ਐਨੀ ਕੁ ਪਿੱਛੇ । ਮਾਰਾਂ ਮੱਥੇ ਪਰਾਂਹ ਇਹ ਵੀ ਜਾਂਦਾ ਜਾਂਦਾ
ਦਫ਼ਤਰ ਪੁੱਜੇ ਹੋਣ ਦਾ ਸਮਾਂ ਵਿਚਾਰ ਕੇ ਮੈਂ ਜਾ ਫਤਿਹ ਬੁਲਾਈ ਬੜੇ ਅਦਬ ਨਾਲ । ਢੋਅਦਾਰ ਕੁਰਸੀ ਚ ਬੈਠੇ ਮੁੱਖੀ ਜੀ ਕਿਸੇ ਗਹਿਰ-ਗੰਭੀਰ ਚਿੰਤਨ ਚ ਵਿਅਸਤ ਸਨ ਪੂਰੇ । ਰੋਹਬ-ਦਾਅਬ ਦਰਸ਼ਣੀ ਚਿਹਰਾ , ਸਾਹਮਣੇ ਟੇਬਲ ਤੇ ਪਈਆਂ ਗ੍ਰੰਥ-ਮਾਰਕਾ ਪੁਸਤਕਾਂ ਤੇ ਝਕਿਆ ਪਿਆ ਸੀ । ਕੈਂਚੀ ਮੋਚਨੇ ਨਾਲ ਤਹਿ ਸਿਰ ਕੀਤੀ ਦਾੜ੍ਹੀ ਹੋਰ ਵੀ ਦਿਲ-ਖਿੱਚਵੀਂ ਜਾਪ ਰਹੀ ਸੀ । ਇਹ ਕਦੀ ਇਕ ਪੁਸਤਕ ਵੱਲ ਨੂੰ ਘੁੰਮ ਜਾਂਦੀ , ਕਦੀ ਦੂਜੀ –ਤੀਜੀ ਵੱਲ ਨੂੰ । ਸਾਹਮਣੀ ਕੰਧ ਨਾਲ ਪਏ ਸੋਫੇ ਤੇ ਬੈਠਣ ਲਈ ਮੈਨੂੰ ਹੱਥ ਦਾ ਇਸ਼ਾਰਾ ਕਰਕੇ ਉਹ ਮੁੜ ਅਪਣੇ ਲੱਗ ਗਏ । ਮੈਂ ਇਸ ਵਿਹਲ ਦਾ ਲਾਹਾ ਲਿਆ । ਸਾਰੀਆਂ ਦੀਵਾਰਾਂ ਨਾਲ ਲਟਕਦੀਆਂ ਸ਼ੀਸ਼ੇ ਜੜੀਆਂ ਫੋਟੋਆਂ ਨੂੰ ਬੜੇ ਧਿਆਨ ਨਾਲ ਵਾਚਦਾ ਰਿਹਾ । ਇਹ ਫ਼ਰੀਦ ਬਾਬੇ ਤੋਂ ਲੈ ਕੇ , ਆਧੁਨਿਕ ਜੁਗ ਤਕ ਦੇ ਕਰੀਬ ਸਾਰੇ ਹੀ ਕਲਮਕਾਰ ਸਨ । ਇਹ ਸਾਰੇ ਕੋਰਸਾਂ-ਸਲੇਬਸਾਂ ਦਾ ਹਿੱਸਾ ਬਣਦੇ ਆਏ ਸਨ ,ਅੰਦਾਜ਼ਨ । ਆਪਣੀ ਵੱਲੋਂ ਤਾਂ ਮੈਂ ਅਟਕਲ ਜਿਹੀ ਹੀ ਮਾਰੀ ਸੀ ,ਉਂਝ  ਲੱਗੀ ਇਹ ਮੈਨੂੰ ਸੱਚੀਂ-ਮੁੱਚੀ ਦਾ ਸੱਚ ।
ਤਸਵੀਰਾਂ ਵੱਲੋਂ ਹਟ ਕੇ ਮੇਰਾ ਧਿਆਨ ਦਫ਼ਤਰ ਅੰਦਰ ਦੀ ਖ਼ਸਤਾ ਜਿਹੀ ਹਾਲਤ ਵੱਲ ਘੁੰਮ ਗਿਆ – ਡੱਬੂ ਹੋਇਆ ਰੰਗ-ਰੋਗਨ , ਮੈਲਾ-ਕੁਚੈਲਾ ਕਾਲੀਨ , ਆਸ ਪਾਸ ਪਈਆਂ ਕੁਰਸੀਆਂ –ਸੋਫੇ ਜਿਵੇਂ ਕੁਆੜ ਦਾ ਮਾਲ ਹੋਵੇ । ਬੱਸ ਦੋ ਵਸਤਾਂ ਸਨ ਵਿਭਾਗੀ ਰੁਤਬੇ ਦੇ ਪੱਧਰ ਦੀਆਂ । ਇਕ ਸਾਬ੍ਹ ਦੀ ਕੁਰਸੀ ਦੂਜਾ ਟੇਬਲ
ਆਪਣਾ ਖੋਜ-ਕਾਰਜ ਜ਼ਰਾ ਕੁ ਰੋਕ ਕੇ ਉਹਨਾਂ ਮੈਨੂੰ ਨੇੜੇ ਆਉਣ ਲਈ ਇਸ਼ਾਰਾ ਮਾਰਿਆ । ਬੈਠਣ ਤੋਂ ਪਹਿਲਾਂ ਮੈਂ ਇਕ ਵਾਰ ਫਿਰ ਦੋਨੋਂ ਹੱਥ ਜੋੜੇ । ਆਪਣਾ ਤੁਆਰਫ਼ ਕਰਾਇਆ – ਮੈਂ...ਮੈਨੂੰ....ਮੇਰਾ....।
ਅੱਛਾਂ...ਅੱਛਾਂ.. , ਹਾਂ...ਹਾਂਅ , ਜੀ...ਈ ....ਮੈਨੂੰ ਪਤਾ ਤੁਸੀਂ ਚੰਗੇ ਨਾਵਲਕਾਰ ਓ । ਚੰਗਾ ਉੱਘੜਵਾਂ ਨਾਂ ਏ ਘੁੰਮਣ ਹੋਣਾਂ ਦਾ ਪਰਵਾਸੀ ਲੇਖਕਾਂ ਚ ।
ਮੇਰੀ ਸੰਖੇਪ ਪਰ ਭਰਵੀਂ ਜਿਹੀ ਉਸਤੱਤ ਕਰਕੇ ਉਹ ਫਿਰ ਚੁੱਪ ਹੋ ਗਏ । ਉਹ ਜਿਵੇਂ ਪੁੱਛ ਰਹੇ ਸਨ – ਅੱਜ ਕਿਮੇਂ ਆਉਣਾ ਹੋਇਆ ....?
ਮੈਂ ਮੌਕਾ ਸਾਂਭਦੇ ਨੇ ਲਾਸ਼ ਨਾਵਲ ਦੀਆਂ ਦੋ ਕਾਪੀਆਂ ਮੁਖੀ ਜੀ ਨੂੰ ਭੇਂਟ ਕਰਨ ਵਾਂਗ ਪਕੜਾ ਦਿੱਤੀਆਂ । ਉਹਨਾਂ ਇਕ ਦੀ ਉਲਦ-ਪਲਦ ਕਰਦਿਆਂ , ਪੈਂਦਿਆਂ ਹੀ ਛਾਪਕ ਤੇ ਸੂਈ  ਰੱਖ ਦਿੱਤੀ ਤੁਸੀ ਵੀ ਓਥੋਂ ਛਪਾਇਆ ਨਾਵਲ , ਉਸੇ ਈ ਠੱਗ ਤੋਂ । ਊਂ ਤਾਂ , ਉਹ ਕਿਸੇ ਦਾ ਵੀ ਲਿਹਾਜ਼ ਨਈਂ ਕਰਦਾ , ਪਰ ਪਰਵਾਸੀ ਲੇਖਕਾਂ ਦੀ ਵਾਹਲੀ ਈ ਛਿੱਲ ਲਹਿੰਦੀ ਆ । ਕਲ੍ਹ ਅਜੇ ਬੈਗ ਚੁੱਕੀ ਦਰ-ਦਰ ਘੁੰਮਦਾ ਸੀ ,ਕਿਤਾਬਾਂ ਨਈਂ ਜਿਮੇਂ ਛੋਲੇ-ਭਟੂਰੇ ਵੇਚਦਾ ਹੋਵੇ । ਅੱਜ ...ਅੱਜ ਉਹ ਲੱਖਾਂ ਚ ਨਈਂ ਕਰੋੜਾਂ ਚ ਖੇਲ੍ਹਦਾ । ਪੂਰਾ ਸਮਰਾਟ ਬਣਿਆ ਪਿਆ ਸਮਰਾਟ-ਪਬਲੇਸ਼ਰ । ਪਿਛਲੇ ਦੋ ਦਿਨਾਂ ਤੋਂ ਗੰਢ ਹੋ ਰਹੀ ਨੇੜਤਾਕਾਰਨ ਮੈਂ ਵਿਚਲੀ ਗੱਲ ਫੱਟ ਤਾੜ ਲਈ । ਪਬਲਿਸ਼ਰ ਨੇ ਕੋਂਈ ਵਾਅਦਾ-ਖ਼ਲਾਫੀ ਕੀਤੀ ਲਗਦੀ ਸੀ ਮੁਖੀ ਹੋਰਾਂ ਨਾਲ , ਹਿੱਸੇ –ਪੱਤੀ ਚ ।
ਲੀਹੋਂ ਲੱਥੀ ਬਾਤ-ਚੀਤ , ਲੀਹ ਸਿਰ ਕਰਨ ਲਈ ਮੈਂ ਸੋਫੇ ਦੀ ਗੱਲ ਛੇੜ ਲਈ – ਸਰ ਤੁਹਾਡੇ ਉੱਚ-ਦਮਾਲੜੇ ਦਫਤਰ ਦਾ ਫ਼ਰਨੀਚਰ ਏਦ੍ਹੇ ਹਾਣ ਦਾ ਨਈ  ਹੈਗਾ । ਉਹ ਸੋਫਾ ਤਾਂ ਵਾਅਲਾ ਈ ...।ਬੈਠਦਿਆਂ ਸਾਰ ਇਸ ਦੇ ਹੇਠਲੇ ਫੱਟੇ ਤੇ  ਜਾ ਵੱਜਾ ਸੀ ਮੈਂ ।
ਕੋਈ  ਗੱਲ ਨਈਂ , ਤੁਸੀਂ ਆ ਗਏ ਓ ,ਧੰਨਭਾਗ । ਹੁਣ ਸੋਫਾ ਵੀ ਆ ਜਊ ...।ਮੁੱਖੀ ਜੀ ਦੀ ਸਿੱਧੀ –ਸਪਾਟ ਮੰਗ ਮੈਨੂੰ ਬਹੁਤੀ ਓਪਰੀ ਨਾ ਲੱਗੀ । ਇਵੇਂ ਹੀ ਆਖਿਆ ਸੀ ਵਾਲੀਏ ਨੇ ।
ਮੇਰੀ ਰਹਿੰਦੀ –ਬਚਦੀ ਝਿਜਕ ਵੀ ਪਰ ਲਾ ਕੇ ਉੱਡ ਗਈ । ਮੈਂ ਸਾਹਮਣਉਂ ਉੱਠ ਕੇ ਮੁਖੀ ਜੀ ਦੀ ਕੁਰਸੀ ਲਾਗੇ ਪਏ ਸਟੂਲ ਤੇ ਬੈਠ ਗਿਆ । ਛੋਟੇ ਬੈਗ ਦੀ ਜ਼ਿੱਪ ਖੋਲ੍ਹ ਕੇ ਮੈਂ ਚਿੱਟਾ ਚਮਕਦਾਰ ਲਿਫਾਫਾ ਮੁਖੀ ਜੀ ਦੇ ਪੈਰਾਂ ਲਾਗੇ ਰੱਖ ਦਿੱਤਾ ।
ਆਪਣੇ ਪੈਰੀਂ ਖੜ੍ਹੀ ਟੀਚਰਜ਼ –ਸਕਾਚ ਮੁਖੀ ਜੀ ਫੱਟ ਤਾੜ ਲਈ ।
ਓ ...ਹੋਅ... ਕੀ ਲੋੜ ਸੀ ਏਦ੍ਹੀ ਘੁੰਮਣ ਜੀ , ਤੁਸੀਂ ਦਫ਼ਤਰ ਪਧਾਰੇ ਮੇਰੇ ਲਈ ਇਹੀ ਵੱਡਾ ਮਾਣ ਐ ....। ਆਖਦਿਆਂ ਉਹਨਾਂ ਹੇਠਲੇ ਦਰਾਜ਼ ਦਾ ਪੱਲਾ ਖੋਲ੍ਹਿਆ । ਝੱਟ ਬੋਤਲ ਅੰਦਰ ਸਰਕਾ ਲਈ ।
ਇਕ-ਅੱਧ ਹੋਰ ਐਧਰ-ਓਧਰ ਦੀ ਮਾਰ ਕੇ ਮੈਂ ਜਾਣ ਦੀ ਆਗਿਆ ਮੰਗੀ । ਇਸ ਵਾਰ ਉਹਨਾਂ , ਨਾ ਇਸ਼ਾਰੇ ਨਾਲ ਨਾ ਮੂੰਹ-ਜ਼ੁਬਾਨੀ ਸਗੋਂ ਕੁਰਸੀ ਤੋਂ ਉੱਠ ਕੇ ਮੇਰੇ ਨਾਲ ਦੋਨੋਂ ਹੱਥ ਜੋੜ ਕੇ ਮਿਲਾਏ , ਖਿੜੇ ਮੱਥੇ – ਹੋਰ ਕੋਈ ਸੇਵਾ ਮੇਰੇ ਲੈਕ ਹੋਵੇ ਜ਼ਰੂਰ ਦੱਸਣਾ ।ਆਹ ਨਾਵਲ ਸਮਝੋ ਹੁਣ ਤੁਆਡਾ ਨਈਂ ਮੇਰਾ ਐ , ਮੇਰਾ ਆਪਣਾ ...।
ਮੈਂ ਭੁਕਾਨੇ ਵਾਂਗ ਫੁੱਲਿਆ , ਝੋਲੇ ਮਾਰਦਾ ਪਹਿਲਾਂ ਗੈਸਟ-ਹਾਊਸ ਪੁੱਜਾ , ਓਥੋਂ ਸਿੱਧਾ ਪਿੰਡ ।
ਦਸੀਂ ਕੁ ਦਿਨੀਂ , ਪੁਰੇਵਾਲ ਡਾਕਟਰ ਦਾ ਫੋਨ ਸੀ –ਘੁੰਮਣ ਜੀ ਮੁਖੀ ਜੀ ਯਾਦ ਕਰਦੇ ਆ ...ਕੰਮ ਤੁਆਡਾ ਅਜੇ ਹੋਇਆ ਨਈਂ ...ਤੁਸੀਂ ਕੋਈ ਸੋਫੇ ਦੀ ਗੱਲ ਵੀ ਤੋਰੀ ਸੀ , ਦਫ਼ਤਰ ਲਈ ....?
ਮੈਂ ਤੁਰੰਤ ਫੋਨ ਬੰਦ ਕਰ ਦਿੱਤਾਇਕ ਵਾਰ ਫਿਰ ਮੇਰਾ ਅੰਦਰ ਸੜ-ਬਲ ਉੱਠਿਆ । ਇਸ ਵਾਰ ਮੈਂ ਕਿਸੇ ਨੂੰ ਕੋਈ ਗਾਲ੍ਹ ਨਾ ਕੱਢੀ । ਕੱਢੀ ਵੀ ਨਹੀਂ ਸੀ ਜਾ ਸਕਦੀ । ਵਿਰਕ ਚਾਚੇ ਦਾ ਘਰ ਸੀ , ਘਰ ਦੇ ਜੀ ਸਨ ਆਸ –ਪਾਸ । ਫਿਕਰਮੰਦ ਸਨ ਸਾਰੇ ਕੋਰਟ-ਕਚਹਿਰੀ ਮਸਲੇ ਕਰਕੇ । ਕਿੰਨੀ ਉਲਟ-ਪੁਲਟ ਗਈ ਸੀ ਸੇਹੀ ਦਿਸ਼ਾ ਵੱਲ ਨੂੰ ਚਲਦੀ ਤਫ਼ਤੀਸ਼ । ਮਿਸਲ ਤਕ ਬਦਲੀ ਗਈ ਸੀ ਰੀਡਰਾਂ-ਬਾਬੂਆਂ ਨਾਲ ਮਿੱਲ –ਮਿਲਾ ਕੇ । ਹੁਣ ਨਾ ਮੈਨੂੰ ਬਾਪੂ ਜੀ ਦੀ ਜਾਇਦਾਦ ਚੋਂ ਮੇਰਾ ਅੱਧ ਮਿਲਣ ਦੀ ਆਸ-ਉਮੀਦ ਬਚੀ ਸੀ, ਨਾ ਨਾਵਲ ਦੇ ਕਿਸੇ ਕੋਰਸ ਚ ਲਗਦਾ ਹੋਣ ਦੀ
ਮੈਨੂੰ ਢੇਰੀ ਢਾਹੀ ਬੈਠੇ ਨੂੰ ਵਿਰਕ ਚਾਚਾ ਹੌਂਸਲਾ ਦਿੰਦਾ ਰਿਹਾ ,ਪਰ ਅੰਦਰੋਂ ਉਹ ਵੀ ਟੁੱਟ ਚੁੱਕਾ ਸੀ , ਪੂਰੀ ਤਰ੍ਹਾਂ । ਕਈ ਸਾਰੇ ਯਤਨ ਕਰਕੇ ਦੇਖ ਲਏ ਉਸਨੇ । ਬਾਗੋਂ ਦੀ ਧੌਂਸ ਤੋਂ ਡਰਦਾ ਕੋਈ ਗਵਾਹ ਨਹੀਂ ਸੀ ਬਣਿਆ । ਬਾਪੂ ਜੀ ਦੇ ਜੀਊਂਦੇ –ਜੀਅ ਇਉਂ ਕਦੀ ਨਹੀਂ ਸੀ ਹੋਇਆ । ਅੱਧਿਉਂ ਵੱਧ ਪਿੰਡ ਬਾਪੂ ਜੀ ਦੀ ਪਿੱਠ ਪਿੱਛੇ ਖੜ੍ਹਦਾ ਸੀ । ਬਾਪੂ-ਚਾਚੇ ਦੀ ਜੋਟੀ ਪਿੱਛੇ । ਦੋਨੋਂ ਇਕੱਠੇ ਚਲਦੇ ਸਨ । ਔਖੇ-ਭਾਰੇ ਸਮੇਂ ਵੀ , ਭਲੇ ਦਿਨਾਂ ਵਿਚ ਵੀ । ਉਹਨਾਂ ਕਦੀ ਨਾ ਚੜ੍ਹਦੇ ਸੂਰਜ ਨੂੰ ਸਲਾਮ ਕੀਤੀ ਸੀ ,ਨਾ ਹਰ ਘੜੀ ਧੜਾ ਬਦਲੀ । ਉਹਨਾਂ ਦੋਨਾਂ ਦਾ ਆਪਣਾ ਰਾਹ ਹੁੰਦਾ ,ਵੱਖਰਾ ਤੇ ਨਿਵੇਕਲਾ ।
ਉਸ ਵੱਖਰੇ-ਨਿਵੇਕਲੇ ਰਾਹੇ ਤੁਰੇ ਵਿਰਕ ਚਾਚੇ ਦੀ ਹੁਣ ਕੋਈ ਪੇਸ਼ ਨਹੀਂ ਸੀ ਗਈ । ਇਕੱਲਾ ਰਹਿ ਗਿਆ ਸੀ ਉਹ । ਉਸਦੀ ਇਕੱਲੇ ਦੀ ਗਵਾਹੀ ਨੇ ਕੋਈ ਕਾਟ ਨਹੀਂ ਸੀ ਕਰਨੀ । ਹਾਰਿਆ-ਹੰਭਿਆ ਉਹ ਪਿੰਡੋਂ ਬਾਹਰ-ਬਾਹਰ ਆਪਣੇ ਡੇਰੇ ਨਿਢਾਲ ਹੋਇਆ ਪਿਆ ਰਹਿੰਦਾ ।
ਪੋਤੇ –ਪੋਤਿਆਂ ,ਦੋਹਤੇ –ਦੋਹਤੀਆਂ ਦਾ ਵੱਡਾ ਘਰ-ਪਰਿਵਾਰ ਛੱਡ ਕੇ ਉਹ ਜਾਂਦਾ ਵੀ ਕਿੱਥੇ । ਮੇਰਾ ਵੀ ਹੋਰ ਕੋਈ ਟਿਕਾਣਾ ਨਹੀਂ ਸੀ ਉਸ ਤੋਂ ਬਿਨਾਂ । ਮੈਂ ਉਸਨੂੰ ਸੰਭਾਲਦਾ ਰਿਹਾ ਉਹ ਮੈਨੂੰ । ਇਸ ਸਾਂਭ-ਸੰਭਾਲ ਚ ਮੇਰੀ ਰਹਿੰਦੀ –ਬਚਦੀ ਛੁੱਟੀ ਵੀ ਮੁੱਕ ਗਈ ।
ਦੂਜੇ ਚੌਥੇ ਚੁਸਕੀ ਮਾਰਦਿਆਂ ਅਸੀਂ ਵੋਦਕਾ ਦੀ  ਬੋਤਲ ਵੀ ਖਾਲੀ ਕਰ ਮਾਰੀ ।
ਉਸ  ਵਾਰ ਊਦ੍ਹੋਂ ਮਾਮੇ ਨੂੰ ਫਿਰ ਨਹੀਂ ਸੀ ਮਿਲਣ ਜਾ ਹੋਇਆ ਨਾਨਕੇ ਪਿੰਡ । ਅਗਲੀ ਵਾਰ ਵੀ ਇਵੇਂ ਹੋਇਆ ।
ਉਸ ਵਾਰ ਨਾ ਤਾਂ ਮੈਨੂੰ ਕਿਸੇ ਨੇ ਸੱਦ ਭੇਜਿਆ ਸੀ ਪਿੱਛੋਂ , ਨਾ ਹੀ ਮੈਂ ਕਿਸੇ ਨੜੇ-ਨਾਵਲ ਲਈ ਖ਼ਰਾਇਤ ਮੰਗਣੀ ਸੀ ਕਿਸੇ ਮੜੇ-ਮੁਖੀ ਤੋਂ , ਕਿਸੇ ਯੜੀ-ਯੂਨੀਵਰਸਿਟੀ ਤੋਂ । ਮੈਨੂੰ ...ਮੈਨੂੰ ਊਈਂ ਬੱਸ ਅੱਚੋਆਈ ਜਿਹੀ ਲੱਗੀ ਰਹੀ ਸੀ ਵਾਪਸ ਗਏ ਨੂੰ । ਜੀਅ ਜਿਹਾ ਨਹੀ ਸੀ ਟਿਕਦਾ ਕਨੇਡਾ । ਮੈਂ ਰੋ –ਪਿੱਟ ਕੇ ਮਸਾਂ ਦਸ ਕੁ ਮਹੀਨੇ ਕੱਢੇ , ਫਿਰ ਛੁੱਟੀ ਮੰਗ ਲਈ । ਕੰਮ ਦਾ ਜ਼ੋਰ ਸੀ ਉਸ ਵਾਰ । ਛੇਆਂ ਦੀ ਥਾਂ ਚਾਰ ਹਫਤੇ ਦੀ ਫਾਰਗੀ ਮਿਲੀ । ਉਸ ਵਾਰ ਮੈਨੂੰ ਕੋਈ ਖਾਸ ਕੰਮ ਵੀ ਨਹੀਂ ਸੀ ਇੰਡੀਆ । ਪਰ ,ਪੈ ਜ਼ਰੂਰ ਗਿਆ ਏਥੇ ਆਏ ਨੂੰ । ਇੱਥੇ ਨਾ ਕੋਈ ਅੱਡਾ-ਟਿਕਾਣਾ ਸੀ ਮੇਰਾ , ਨਾ ਰਹਿਣ-ਸੌਣ ਦੀ ਥਾਂ । ਵਿਰਕ ਚਾਚੇ ਨੂੰ ਵੀ ਕਿੰਨੀ ਕੁ ਖੇਚਲ ਦਿੰਦਾ । ਹੱਕ-ਮਾਲਕੀ ਕੇਸ ਕੋਈ ਚਾਰ-ਛੇ ਮਹੀਨਿਆਂ ਚ ਤਾਂ ਮੁੱਕਣ ਵਾਲਾ ਨਹੀਂ ਸੀ ਹੈਗਾ । ਇੱਥੇ ਤਾਂ ਵਰ੍ਹੇ ਲੱਗਣੇ ਸਨ ਅੱਠ-ਦਸ-ਪੰਦਰਾਂ-ਵੀਹ-ਪੰਝੀਲੋਅਰ ਕੋਰਟ, ਸੈਸ਼ਨ ਕੋਰਟ ਹਾਈ ਕੋਰਟ ,ਫਿਰ ਆਖ਼ਰੀ ਟੀਸੀ –ਸੁਪਰੀਮ ਕੋਰਟ । ਕਈ ਵਾਰ ਤਾਂ ਪੀੜ੍ਹੀਆਂ ਮੁੱਕ ਜਾਂਦੀਆਂ ,ਕੇਸ ਨਹੀਂ ਸੀ ਮੁੱਕਦੇ । ਭਾਰਤੀ ਕਾਨੂੰਨ-ਵਿਵਸਥਾ ਸੀ ਇਹ । ਦਿਨਾਂ-ਹਫ਼ਤਿਆਂ   ਨਿਬੇੜਾ ਕਰਨ ਵਾਲੀ ਕਨੇਡੀ-ਅਮਰੀਕੀ ਨਿਆਂ –ਪ੍ਰਣਾਲੀ ਨਹੀਂ । ਅਖ਼ਤਿਆਰ ਤਾਂ ਭਾਵੇਂ ਦੇ ਰੱਖੇ ਸੀ ਮੈਂ ਬੀ.ਏ. ਤਕ ਦੇ ਹਮਜਮਾਤੀ ਜਗਵਿੰਦਰ ਵਕੀਲ ਨੂੰ , ਤਾਂ ਵੀ ਗੇੜਾ-ਵੇੜਾ ਰੱਖਣਾ ਹੀ ਪੈਦਾ ਸੀ ਪਿੰਡ ਦਾ , ਪਿੱਛੇ ਦਾ । ਪਿੱਛੇ ਪਿੰਡ ਕੋਈ ਖਾਸ ਜਾਣ-ਪਛਾਣ ਵੀ ਹੈ ਨਹੀਂ ਸੀ ਮੇਰੀ । ਖਾਸ-ਆਮ ਤਾਂ ਕੀ , ਹੈ ਹੀ ਨਹੀਂ ਸੀ ਕਰੀਬ ਕਰੀਬ । ਤੀਹ-ਪੈਂਤੀ ਸਾਲ ਤਾਂ ਹੋ ਗਏ ਸਨ ਪਿੰਡੋਂ ਨਿਕਲਿਆਂ । ਪਹਿਲਾਂ ਡੇਰੇ ਰਿਹਾ ,ਫਿਰ ਬਾਹਰਲੇ ਸ਼ਹਿਰੀ ਹੋਸਟਲਾਂ-ਯੂਨੀਵਰਸਿਟੀਆਂ ਚ । ਫਿਰ ਕਨੇਡਾ ਜਾ ਪੁੱਜਾ , ਉਹ ਹੋਰ ਵੀ ਦੂਰ ਬਾਹਰ । ਉਂਝ ਵੀ ਪਿੰਡ   ਖੋਲੇ ਹੋਇਆ ਪੁਰਾਣਾ ਘਰ ਮੁੜ ਸੁਆਰਨ –ਬਨਾਉਣ ਕੀ ਕੋਈ ਤੁਕ ਨਈਂ ਸੀ ਬਣਦੀ । ਇੱਥੋਂ ਕਿਹੜਾ ਨਾਲ ਤੁਰਨਾ ਸੀ ਮੇਰੇ ਕਿਸੇ ਨੇ ।ਵਿਰਕ ਚਾਚਾ ਕਿਨ੍ਹੇ ਬਣਨਾ ਸੀ ਭਲਾ । ਐਸੇ ਕੁਬਿਧੀ ਚ ਫਸੇ ਨੇ ਮੈਂ ਇਕ ਛੋਟੀ ਜਿਹੀ ਠਾਹਰ ਗੰਢ ਲਈ । ਛੋਟੀ ਵੀ ਕਿਉਂ ਚੰਗੀ ਬਣਦੀ –ਫ਼ਬਦੀ । ਮਾਡਲ ਗਿਣ ਹੁੰਦੇ ਇਕ ਵੱਡੇ ਸ਼ਹਿਰ   । ਇਹ ਸ਼ਹਿਰ ਹੈ ਵੀ ਸੀ ਉਪਰਲੇ –ਹੇਠਲੇ ਅਦਾਲਤੀ ਅੱਡਿਆਂ ਦੇ ਵਿਚਕਾਰ ਜਿਹੇ । ਇਕ ਵਕੀਲ ਨੇ ਦੱਸ ਪਾਈ ਇਹਦੀ । ਉਹ ਵਕਾਲਤ ਵੀ ਕਰਦਾ ਸੀ ਕਿਧਰੇ ਤੇ ਪ੍ਰਾਪਰਟੀ – ਡੀਲਿੰਗ ਵੀ । ਕੋਠੀ ਤਾਂ ਖੈਰ ਠੀਕ-ਠਾਕ ਹੀ ਸੀ , ਪਰ ਖਾਲੀ ਨਹੀਂ ਸੀ ਅਜੇ । ਇਲੈਕਸ਼ਨ ਦਫ਼ਤਰ ਸੀ ਇਕ ਸਿਆਸੀ ਨੇਤਾ ਦਾ । ਦਲਾਲੀ ਕਰਦੇ ਵਕੀਲ ਨੇ ਪੱਕ ਕਿਹਾ ਸੀ ਮੈਨੂੰ – ਚੋਣ ਮੁੱਕੀ ਤੇ ਵਿਹਲੀ ਹੋਈ ਲਓ ਨੇਤਾ ਜੀ ਨੇ ਚਲੇ ਜਾਣਾ ਰਾਜਧਾਨੀ  । ਬਸ ਹਫ਼ਤਾ-ਖੰਡ ਕੱਟੇ ਐਧਰ-ਓਧਰ ।‘’ ਮੈਂ ਹਫ਼ਤਾ ਖੰਡ ਐਧਰ ਓਧਰ ਕੱਟਣ ਲਈ ਇਕ ਦਰਮਿਆਨੇ ਜਿਹੇ ਹੋਟਲ ਚ ਟਿਕ ਗਿਆ ਨੇੜੇ ਜਿਹੇ । ਦੂਜੇ ਤੀਜੇ ਗੇੜਾ ਵੀ ਰੱਖਣ ਲੱਗ ਪਿਆ ਆਪਣੀ ਕੋਠੀ । ਪਰ ,ਇੱਥੋਂ ਦਾ ਹਾਲ-ਹਵਾਲ ਮੈਨੂੰ ਸ਼ੱਕੀ ਜਿਹਾ ਲੱਗਾ । ਕੋਈ ਚੋਣ-ਸਰਗਰਮੀ ਦਿਸੀ ਨਾ ਤਿੱਖੀ ਤਰ੍ਹਾਂ ਦੀ ।ਨਾ ਇੱਥੇ ਝੰਡੇ-ਝੰਡੀਆਂ , ਨਾ ਜੀਪਾਂ-ਕਾਰਾਂ , ਨਾ ਪੋਸਟਰ-ਬੈਨਰ , ਨਾ ਸਪੀਕਰੀ –ਸ਼ੋਰ । ਬਸ ਇਕ ਬੋਰਡ ਜੜਿਆ ਪਿਆ ਸੀ , ਬਾਹਰਲੇ ਗੇਟ ਦੇ ਮੱਥੇ ਤੇ ਵੱਡਾ ਸਾਰਾ –ਚੋਣ ਦਫ਼ਤਰ ਆਜ਼ਾਦ ਉਮੀਦਵਾਰ ਸ੍ਰੀਮਾਨ ਫਿੱਡਾ ਜੀ ।ਹੇਠਾਂ ਬਰੈਕਟਾਂ ਚ ਫਿੱਡਾ ਜੀ ਦਾ ਪੂਰਾ ਨਾਮ-ਸ੍ਰੀ ਹਰਿ ਭਗਵਾਨ ਫਿੱਡਾ, ਬਰੀਕ ਜਿਹੇ ਅੱਖਰਾਂ ਚ ।  ਅੰਦਰਲੇ ਕਮਰਿਆਂ ਚ ਥੋੜ੍ਹੇ ਕੁ ਨੌਕਰ – ਚਾਕਰ ਵੀ ਸਨ , ਬਾਬੂ ਲੋਕ ਵੀ । ਉਹ ਵੀ ਕਿਸੇ ਤਰ੍ਹਾਂ ਦੀ ਕਾਹਲ ਚ ਨਹੀਂ ਸੀ ਜਾਪੇ , ਇਕ ਦਿਨ ਪਿਛਲੇ ਅੰਦਰੀਂ ਗਏ ਨੂੰ । ਉਹ ਬੇ-ਹੱਦ ਸਹਿਜ ਮਤੇ ਉਲੱਦ-ਪੁਲੱਦ ਕਰ ਰਹੇ ਸਨ ਕਾਗਜ਼ਾਂ –ਪੱਤਰਾਂ ਦੀ । ਉਹਨਾਂ ਚੋਂ ਸਿਆਣੇ ਦਿਸਦੇ ਇਕ ਬਾਬੂ ਨੂੰ ਮੈਂ ਆਪਣਾ ਤਆਰਫ਼ ਵੀ ਜਾ ਕਰਵਾਇਆ ਉਸ ਦਿਨ । ਪਿੰਡ, ਤਹਿਸੀਲ , ਜ਼ਿਲ੍ਹੇ ਦੱਸਦੇ ਨੇ ਦੇਣ ਗੋਚਰੀ ਸੂਚਨਾ ਵੀ ਨਾਲ ਜੋੜ ਦਿੱਤੀ – ਮੈਂ ਬਲਕਾਰ ਸਿੰਘ ਘੁੰਮਣ ,ਐੱਨ . ਆਰ . ਆਈ ...। ਇਹ ਕੋਠੀ ਹੁਣ ਮੇਰੀ ਹੋ ਗਈ ਐ ਹਫ਼ਤੇ ਕੁ ਤੋਂ ....। ਉਸ ਬਾਬੂ ਨੇ ਪਹਿਲੋਂ ਤਾਂ ਕੋਈ ਤਵੱਜੋ ਹੀ ਨਾ ਦਿੱਤੀ । ਜੇ ਦਿੱਤੀ ਹੀ ਦਿੱਤੀ ਤਾਂ ਮੇਰੇ ਵੱਲ ਨੂੰ ਹੋਰ ਈ ਤਰ੍ਹਾਂ ਦੇਖਦੇ ਨੇ ਹਲਕਾ ਜਿਹਾ ਮੁਸਕਰਾ ਛੱਡਿਆ । ਮੈਨੂੰ ਉਸਦੀ ਮੁਸਕਰਾਹਟ ਵੀ ਐਵੇਂ ਕਿਮੇਂ ਦੀ ਲੱਗੀ ਬਨਾਉਟੀ ਜਿਹੀ । ਮੈਂ ਥੋੜ੍ਹਾ ਕੁ ਹੋਰ ਖੁਲਦੇ ਨੇ ਉਸਨੂੰ ਫਿਰ ਪੁੱਛ ਲਿਆ – ਚੋਣ ਮੁੱਕੀ ਤੋਂ ਬਾਅਦ ਕਿੰਨੇ ਕੁ ਦਿਨ ...? ਮੇਰੀ ਗੱਲ ਵਿਚਕਾਰੋਂ ਟੋਕਦੇ ਦਾ ਉੱਤਰ ਸੀ – ਫਿੱਡਾ ਜੀ ਨੂੰ ਪਤਾਅ ... । ਨੂੰ ਥੋੜ੍ਹਾ ਕੁ ਮੋੜਾ ਦਿੰਦੇ ਨੇ ਮੈਂ ਉਸਨੂੰ ਜਿਵੇਂ ਅਣਮੰਗੀ ਜਿਹੀ ਰਾਏ ਦੇ ਦਿੱਤੀ ਹੋਵੇ – ਚੋਣਾਂ ਤਾਂ ਐਨ ਸਿਰ ਤੇ ਐ, ਤੁਹਾਡੀ ਮੁਹਿੰਮ ਜ਼ਰਾ ਢਿੱਲ .... ਤੁਰੰਤ ਉਸਦਾ ਫਿਰ ਉਹੀ ਉੱਤਰ ਸੀ – ਫਿੱਡਾ ਜੀ ਨੂੰ ਪਤਾ ...ਮੈਂ ਕਾਫੀ ਸਾਰਾ ਝੇਂਪ ਤਾਂ ਗਿਆ , ਤਾਂ ਵੀ ਇਕ ਪੁੱਛ-ਵਾਕ ਹੋਰ ਬੋਲਿਆ ਗਿਆ ਮੇਰੇ ਤੋਂ – ਮੁੱਖ ਮੁਕਾਬਲਾ ਕੇੜ੍ਹੀਆਂ ਪਾ ... ?ਇਸ ਵਾਰ ਉਸਦਾ ਰਟਿਆ ਰਟਾਇਆ ਉੱਤਰ ਮੇਰੀ ਵੱਲ ਨੂੰ ਫਿਰ ਉੱਲਰ ਕੇ ਪਿਆ । ਮੈਂ ਹੋਰ ਕੋਈ ਬਾਤ-ਚੀਤ ਕਰਨੀ ਮੁਨਾਸਬ ਨਾ ਸਮਝੀ । ਨਿੰਮੋਝਾਣ ਹੋਇਆ ਪਰਤ ਤੁਰਿਆ ਸਾਂ ਆਪਣੇ ਅੱਡੇ ਵੱਲ ਨੂੰ ।
ਆਉਂਦਿਆ –ਮੁੜਦਿਆ ਮੇਰੇ ਅੰਦਰੋਂ ਜਿਵੇਂ ਕੁਝ ਕੁਝ ਭੁਰਨ ਲੱਗ ਪਿਆ ਸੀ । ਕਿਸੇ ਸ਼ੱਕ-ਸ਼ੁਬ੍ਹਾ , ਕਿਸੇ ਵਹਿਮ-ਭਰਮ ਵਰਗੀ ਕੋਈ ਰੋੜ੍ਹ-ਰੌਅ ਮੇਰੇ ਅੰਦਰੋਂ ਉਛਾਲੀ ਮਾਰ ਕੇ ਬਾਹਰ ਆਉਣ ਨੂੰ ਕਰਦੀ ਸੀ । ਇਸ ਉਛਾਲ ਨੇ ਮੈਨੂੰ ਸਾਰਾ ਦਿਨ ਅੱਚੋਆਈ ਲਾਈ ਰੱਖੀ । ਸ਼ਾਮੀ ਮੈਂ ਫਿਰ ਜਾ ਪੁੱਜਾ ਆਪਣੀ ਕੋਠੀ ਇਸ ਸਮੇਂ ਢੇਰ ਸਾਰੀ ਹਿੱਲ-ਜੁੱਲ ਹੁੰਦੀ ਦਿਸੀ ਮੈਨੂੰ ਐਧਰ-ਓਧਰ । ਬਾਹਰ ਕਾਰਾਂ-ਜੀਪਾਂ ਖੜ੍ਹੀਆਂ ਸਨ ਰੰਗ ਬਰੰਗੀਆਂ ਪੰਜ-ਛੇ । ਅੰਦਰ ਪੰਦਰਾਂ-ਵੀਹ ਸਰੀਰ ਬੈਠੇ ਸਨ ਕੁਰਸੀਆਂ ਮੱਲੀ , ਵਿਹੜੇ ਚ । ਥੋੜ੍ਹੇ ਕੁ ਵਰਧੀਧਾਰੀ , ਬਹੁਤੇ ਚੌਗੇ-ਧਾਰੀ । ਉਂਝ ਗੰਨਾਂ-ਰਫ਼ਲਾਂ-ਅਸਾਲਟਾਂ ਸਭ ਦੇ ਮੋਢੀਂ । ਮੈਂ ਉਹਨਾਂ ਤੋਂ ਪਾਸਾ ਵੱਟ ਕੇ ਸਿੱਧਾ ਲੌਬੀ ਤਕ ਜਾ ਪੁੱਜਾ ਅੰਦਰ । ਹਾਲ ਕਮਰੇ ਲਾਗੇ ਦਰਬਾਨ ਜਿਹਾ ਬਣੇ ਖੜ੍ਹੇ ਇਕ ਅਗੜਦੂਤ ਜਿਹੇ ਬੰਦੇ ਨੇ ਪਹਿਲਾਂ ਮੈਨੂੰ ਉਪਰੋਂ ਹੇਠਾਂ ਤਕ ਚੰਗੀ ਤਰ੍ਹਾਂ ਨਿਹਾਰਿਆ , ਫਿਰ ਰੁੱਖੇ-ਉੱਚੇ ਬੋਲ ਮੇਰੀ ਵੱਲ ਨੂੰ ਵਗਾਹ ਮਾਰੇ – ਕ੍ਹੇਨੂੰ ਮਿਲਣਾ ਭਾਊ ....?
ਫਿੱਡਾ ਜੀ ਨੂੰ ...ਮਿਲਣਾ ...।ਮੈਂ ਸਵੇਰ ਵੇਲੇ ਦਾ ਸਮਝਿਆ –ਸੁਣਿਆ ਇਹੀ ਸੰਬੋਧਨ ਵਰਤਣਾ ਲਾਭਕਾਰੀ ਸਮਝਿਆ ।
ਬੈਠ ਅੰਦਰ , ਬਸ ਆਉਣ ਵਾਲੇ ਵਾ   ਇਸ ਵਾਰ ਉਸਦਾ ਵਤੀਰਾ ਥੋੜ੍ਹਾ ਕੁ ਨਰਮ ਸੀ । ਉਸਨੂੰ ਸ਼ਾਇਦ ਮੇਰੀ ਹਲੀਮੀ ਚੰਗੀ ਲੱਗੀ ਹੋਵੇ ।
ਹਾਲ ਕਮਰੇ ਅੰਦਰ ਅੱਠ-ਦਸ ਜਾਣੇ ਹੋਰ ਸਜੇ ਬੈਠੇ ਸਨ । ਸ਼ਕਲੋਂ-ਸੂਰਤੋਂ ਉਹ ਵੀ ਉਹੋ ਜਿਹੇ ਸਨ ਬਾਹਲਿਆਂ ਵਰਗੇ , ਪਰ ਮੋਢੇ ਖਾਲੀ ਸਨ ਉਹਨਾਂ ਦੇ । ਉਝ ਵੱਖੀਆਂ ਉੱਭਰੀਆਂ-ਉੱਭਰੀਆਂ ਸਨ ਸਭ ਦੀਆਂ । ਜਿਵੇਂ ਹਰ ਇਕ ਕਲੀਦਾਰ ਕੁਰਤੇ ਹੇਠ ਕੋਈ  ਕੁਲੱਛੀ ਸ਼ੈਅ-ਵਸਤ ਲੁਕੀ ਹੋਵੇ । ਮੈਂ ਉਹਨਾਂ ਸਭ ਲਈ ਓਪਰਾ ਸੀ , ਉਹ ਮੇਰੇ ਲਈ । ਉਹਨਾਂ ਚੋਂ ਦੋਂਹ-ਚੌਂਹ ਨੇ ਮੇਰੀ ਵੱਲ ਨੂੰ ਚਲਾਵੀਂ ਜਿਹੀ ਨਜ਼ਰ ਸੁੱਟੀ , ਪਰ ਬਾਤ-ਚੀਤ ਕੋਈ ਨਾ ਕੀਤੀ ਕਿਸੇ ਨੇ । ਨਾ ਮੇਰੇ ਨਾਲ , ਨਾ ਆਪੋ ਵਿਚ ਦੀ । ਅਸੀਂ ਸਾਰੇ ਜਿਵੇਂ ਸੁੰਨ-ਇਕਾਂਤ ਚ ਘਿਰੇ ਬੈਠੇ ਸੀ ।
ਚਾਣਚੱਕ ਬਾਹਰ ਲੌਬੀ ਚ ਕਿੰਨੇ ਸਾਰੇ ਪੈਰਾਂ ਦੀ ਖੜਕਵੀਂ ਪੈੜ-ਚਾਲ ਸੁਣਾਈ ਦਿੱਤੀ । ਜ਼ਾਹਰ ਸੀ ਇਹ ਫਿੱਡਾ ਜੀ ਹੀ ਸਨ । ਭਾਰਤੀ ਚੋਣ ਅਖਾੜੇ  ਦੇ ਆਜ਼ਾਦ ਉਮੀਦਵਾਰ ਸ੍ਰੀ ਹਰਿਭਗਵਾਨ ਫਿੱਡਾ । ਮੇਰਾ ਸ਼ਬਦ-ਗਿਆਨ ਦੋਨਾਂ ਨਾਵਾਂ ਦੇ ਅਰਥ –ਸੰਚਾਰ ਵੱਲ ਨੂੰ ਤੁਰਨ ਹੀ ਲੱਗਾ ਸੀ ਕਿ ਲੌਬੀ ਚ ਹੋਈ ਹਿਲ-ਜੁਲ ਕਮਰੇ ਅੰਦਰ ਸਰਕ ਆਈ । ਅੱਗੇ ਅੱਗੇ ਸੂਰ ਵਾਂਗ ਘੁਰਕਦਾ ਇਕ ਅਨਘੜਤ ਜਿਹਾ , ਗਿੱਠ-ਮੁਠੀਆ ਜਿਹਾ ਆਕਾਰ । ਜਿੰਨਾ ਕੁ ਲੰਮਾ-ਉੱਚਾ , ਓਨਾ ਕੁ ਹੀ ਚੌੜਾ । ਉਸਦਾ ਸਿਰ-ਮੱਥਾ ਇਕ ਦੂਜੇ ਵਿਚ ਫਸੇ , ਚੌੜੇ ਲਿਸ਼ਕਵੇਂ ਤਿਲਕ ਹੇਠ ਦੱਬੇ ਪਏ ਸਨ । ਮੋਟੀ ਭਾਰੀ ਧੌਣ ਕਰੀਬ ਸਾਰੀ ਦੀ ਸਾਰੀ ਗਿੱਚੀ ਚ ਖੁਭੀ ਪਈ ਸੀ । ਨੱਕ ਦੀ ਘਿੰਡੀ ਜਿਵੇਂ ਕਿਸੇ ਨੇ ਫੇਂਹ ਕੇ ਅੰਦਰ ਨੂੰ ਧੱਸ ਦਿੱਤੀ ਹੋਵੇ । ਲੱਤਾਂ-ਬਾਹਾਂ ਜਿਵੇਂ ਕਿਸੇ ਲੱਕੜ ਮਿਸਤਰੀ ਨੇ ਓਪਰੀਆਂ ਜੜੀਆਂ ਹੋਣ , ਕਿਸੇ ਅਣਛਿੱਲੇ ਮੋਛੇ ਤੇ । ਸਰਕਸੀ ਜੋਕਰ ਵਰਗੀ ਤੇਜ਼ ਤੁਰਿਆ ਉਹ ਆਪਣੀ ਕੁਰਸੀ ਤੇ ਜਾ ਟਿਕਿਆ । ਬਾਕੀ ਦੀ ਵਹੀਰ ਥੋੜ੍ਹੀ ਕੁ ਬੈਠ ਗਈ , ਬਹੁਤੀ ਖੜ੍ਹੀ ਰਹੀ , ਆਸ ਪਾਸ ਆਪਣੀ ਗੱਦੇਦਾਰ ਸੀਟ ਚ ਬੈਠਾ ਉਹ ਨਾ ਖੜ੍ਹਾ ਜਾਪਦਾ ਸੀ , ਨਾ ਬੈਠਾ । ਪੈਂਦੀ ਸੱਟੇ ਉਸਦੇ ਜੱਤਲ ਭਾਰੇ ਭਰਵੱਟੇ ਮੇਰੀ ਵੱਲ ਨੂੰ ਤਣ ਗਏ । ਉਹ ਜਿਵੇਂ ਪੁੱਛ ਰਹੇ ਸਨ – ਤੂੰ ਕੌਣ ਬਈ ...?ਮੈਂ ਝਟ-ਪਟ ਉਸਨੂੰ ਆਪਣੀ ਜਾਣ-ਪਛਾਣ ਦੱਸ ਦਿੱਤੀ । ਨਾਲ ਹੀ ਕੋਠੀ –ਮਾਲਕੀ ਦਾ ਵੇਰਵਾ । ਉਹ ਨਾ ਹਿੱਲਿਆ , ਨਾ ਬੋਲਿਆ , ਨਾ ਮੇਰੀ ਵੱਲਾਂ ਹੋਰ ਈ ਤਰ੍ਹਾਂ ਦੀ ਤਿਰਛੀ ਜਿਹੀ ਨਿਗਾਹ ਘੁਮਾਈ , ਜਿਵੇਂ ਉਸਦੇ ਬਾਬੂ ਨੇ ਘੁਮਾਈ ਸੀ । ਮੇਰੇ ਕੁਝ ਹੱਥ ਪੱਲੇ ਨਾ ਪਿਆ । ਥੋੜ੍ਹਾ ਕੁ ਚਿਰ ਹੋਰ ਖੜ੍ਹਾ ਰਹਿਣ ਪਿੱਛੋਂ ਮੈ ਉਸਦੇ ਸਾਹਮਣੇ ਪਈ ਕੁਰਸੀ ਤੇ ਬੈਠਣ ਹੀ ਲੱਗਾ ਸੀ ਕਿ ਉਸਦੇ ਕਾਲੇ-ਧੁਆਖ  ਬੁੱਲ੍ਹ ਜਿਵੇਂ ਭਾੜੇ ਤੇ ਹਿੱਲੇ ਹੋਣ – ਬਾਊ ਨੂੰ ਮਿਲ , ਰਾਮ ਸਰਨ ਨੂੰ ...।
ਏਨਾ ਆਖਦੇ ਨੇ ਉਸਨੇ ਆਪਣੀ ਖੁਰਦਬੀਨੀ ਨਿਗਾਹ ਹੋਰਨਾਂ ਬੈਠਿਆਂ ਖੜ੍ਹਿਆਂ ਵਲ੍ਹ ਨੂੰ ਘੁਮਾ ਲਈ । ਮੈਂ ਨਿੰਮੋਝਾਣ ਹੋਇਆ ਕਮਰਿਉਂ ਬਾਹਰ ਆ ਗਿਆ । ਰਾਮ ਸਰਨ ਬਾਬੂ ਉਹੀ ਸੀ , ਜਿਸ ਨੂੰ ਮੈਂ ਮਿਲ ਚੁੱਕ ਸੀ ਸਵੇਰੇ ਵੇਲੇ । ਉਸਦਾ ਉੱਤਰ ਫਿਰ ਉਹੀ ਸੀ –ਫਿੱਡਾ ਜੀ ਨੂੰ ਪਤਆ ...ਉਹੀ ਦੱਸ ਸਕਦੇ ਆ ....
ਮੈਨੂੰ ਸਮਝ ਨਹੀਂ ਸੀ ਆਉਂਦੀ ਇਹ ਹੋ ਕੀ ਰਿਹਾ ਸੀ ਮੇਰੇ ਨਾਲ । ਚੋਣ ਦਫਤਰ ਅਮਲਾ ਕਿਉਂ ਹੱਥ ਪੱਲੇ ਨਹ਼ ਸੀ ਪਾਉਂਦਾ ਕੁਝ ਵੀ । ਕਿਰਾਏਦਾਰੀ ਕਿਹੜਾ ਅਲੋਕਾਰ ਮਾਮਲਾ ਸੀ । ਅੱਧਿਉਂ ਵੱਧ ਲੋਕੀਂ ਇਵੇਂ ਹੀ ਡੰਗ-ਬੁੱਤਾ ਸਾਰਦੇ ਐ । ਇੱਥੇ ਵੀ ਬਾਹਰਲੇ ਮੁਲਕੀਂ ਵੀ ਆਪ ਵੀ ਮੈਂ ਪੰਦਰਾਂ-ਸੋਲਾਂ ਵਰ੍ਹੇ ਰਿਹਾ ਸੀ ਕਿਰਾਇਆ ਦੇ ਕੇ । ਕਦੀ ਕਿਸੇ ਨਾਲ ਵੱਧ-ਘੱਟ ਨਹੀਂ ਸੀ ਕੀਤੀ । ਕਦੀ ਉੱਚਾ ਨਹੀਂ ਸੀ ਬੋਲੇ ਇਕ-ਦੂਜੇ ਨੂੰ । ਜਦ ਕੋਈ ਲੈਂਡ-ਲਾਰਡ ਚਾਹੁੰਦਾ ਮਕਾਨ ਖਾਲੀ ਹੋ ਜਾਂਦਾ । ਜਦ ਆਪਣਾ ਜੀਆ ਕਰਦਾ ,ਕੋਈ ਢੁਕਵੀਂ ਥਾਂ ਲੱਭ ਜਾਂਦੀ , ਮੈਂ ਆਪ ਬਦਲ ਲੈਂਦਾ ਸੀ ਫ਼ਲੈਟ । ਪਰ , ਏਥੇ ਦਾਲ ਚ ਕੁਝ ਕਾਲਾ ਕਾਲਾ ਲੱਗਾ ।
ਇਸੇ ਘੁੰਮਣ-ਘੇਰੀ ਚ ਘਿਰਿਆ ਮੈਂ ਰਿਹਇਸ਼ੀ ਹੋਟਲ ਵਲ੍ਹ ਨੂੰ ਨਿਕਲ ਤੁਰਿਆ ਪੈਦਲ  । ਮੂੰਹ ਸਿਰ ਲਟਕਾਈ । ਹੰਭਿਆ-ਥੱਕਿਆ ਜਿਹਾ । ਨਾ ਮੇਰੀ ਚਾਲ ਚ ਕੋਈ ਦਮ ਸੀ  , ਨਾ ਸੋਚ –ਲੜੀ ਚ ਟਿਕਾਅ । ਵਿਚ-ਵਾਰ ਬੁੱਲ੍ਹ ਵੀ ਫ਼ਰਕਦੇ ਸਨ ਮੇਰੇ । ਨਿਸਚੇ ਹੀ ਗਾਲ੍ਹਾਂ ਕੱਢ ਰਹੇ ਸਨ ਦੱਬੀ-ਘੁੱਟੀ ਸੁਰ ਚ ਕਿਸੇ ਨੂੰ । ਇਹ ਫਿੱਡੇ ਨੂੰ ਅਰਸਾਲ ਹੋ ਰਹੀਆਂ  ਸਨ , ਰਾਮ ਸਰਨ ਬਾਬੂ ਨੂੰ , ਜਾਂ ਫਿਰ ਦਲਾਲੀ ਲੈ ਚੁੱਕੇ ਵਕੀਲ ਨੂੰ । ਮੈਨੂੰ ਕੋਈ ਪੱਕਾ ਪਤਾ ਨਹੀਂ ਸੀ ਲੱਗਦਾ । ਉਂਝ ਪੈ ਜ਼ਰੂਰ ਰਹੀਆਂ ਸਨ ਕਿਸੇ ਨਾ ਕਿਸੇ ਦੇ ਖਾਤੇ ਚ । ਕਦੀ ਧੀਮੀਂ-ਹਲਕੀ ਸੁਰ ਚ । ਵਿਚ –ਵਾਰ ਚੰਗੀ ਉੱਚੀ ਆਵਾਜ਼ ਚ ਵੀ । ਇਹਨਾਂ ਵਿਚਲੀ ਉੱਚ-ਆਵਾਜ਼ੀ ਸੁਰ ਸ਼ਾਇਦ ਸੁਣ ਵੀ ਲਈ ਇਕ ਭਲੇ ਪੁਰਸ਼ ਨੇ । ਦੋ ਕੁ ਖਾਲੀ ਪਲਾਟ ਛੱਡ ਕੇ ਉੱਸਰੀ ਵਾਹਵਾ ਸ਼ਾਨਦਾਰ ਕੋਠੀ ਦੇ ਗੇਟ ਲਾਗੇ ਖੜ੍ਹੇ ਸਨ ਉਹ । ਦੁੱਧ-ਚਿੱਟਾ ਕੁੜਤਾ-ਪਜਾਮਾ । ਸਿਰ ਤੇ ਪੋਚ –ਸੁਆਰ ਕੇ ਬੰਨ੍ਹਿਆਂ ਗੂੜਾ ਕੇਸਰੀ ਸਾਫਾ । ਉਹਨਾਂ ਦੇ ਲਾਗਿਉਂ ਦੀ ਲੰਘਣ ਲੱਗੇ ਨੇ ਮੈਂ ਆਪਣਾ ਆਪ ਸੰਭਾਲ ਤਾਂ ਲਿਆ , ਪਰ ਉਹਨਾਂ ਮੇਰੀ ਉੱਖੜੀ-ਉੱਖੜੀ ਹਾਲਤ ਸ਼ਾਇਦ ਪਹਿਲੋਂ ਹੀ ਭਾਂਪ ਲਈ ਸੀ ।
ਕੀ ਗੱਲ ਬੱਲਿਆ , ਕੋਈ ਲੜਾਈ –ਝਗੜਾ ਕਰਕੇ ਨਿਕਲਿਆਂ ਅੰਦਰੋਂ ।ਉਹਨਾਂ ਦੇ ਮਿੱਠੇ-ਪਿਆਰੇ ਬੋਲ ਮੇਰੇ ਅੰਦਰ ਧਸ ਗਏ । ਬੱਲਿਆ ਦਾ ਸੰਬੋਧਨ ਮੇਰੀ ਖਿਝੀ –ਤੜਪੀ ਰੂਹ ਨੂੰ ਸਰਸ਼ਾਰ ਕਰ ਗਿਆ । ਬਾਪੂ ਅਕਸਰ ਮੈਨੂੰ ਇਸੇ ਨਾਮ ਨਾਲ ਬੁਲਾਉਂਦਾ ਸੀ । ਕਦੀ ਬੱਲਿਆ , ਕਦੀ ਬੱਲੀ । ਮੈਥੋਂ ਵੱਡੇ ਨੂੰ ਬਾਗ਼ । ਉਂਝ ਬਾਗ਼ ਅਸੀਂ ਦੋਨੋਂ ਹੀ ਸਾਂ ਉਸਦੇ । ਵੱਡਾ ਗੁਲਬਾਗ , ਮੈਂ ਬਲਕਾਰ । ਸਾਡਾ ਪੂਰਾ ਨਾ ਬਾਪੂ ਨੇ ਕਦੀ ਨਹੀਂ ਸੀ ਲਿਆ । ਪੂਰੇ ਵੱਡੇ ਨਾਮ ਉਸਦੇ ਮੂੰਹ ਤੇ ਨਹੀਂ ਸੀ ਚੜ੍ਹੇ ਵਿਰਕ ਚਾਚੇ ਸਰਵਣ ਨੂੰ ਵੀ ਉਹ ਵਿਰਕਾ ਕਹਿ ਕੇ ਵਾਜ਼ ਮਾਰਦਾ , ਤੇ ਊਦਮ ਸਿੰਘ ਮਾਮੇ ਨੂੰ ਊਦ੍ਹੋ ।
ਵਰ੍ਹਿਆਂ ਪਿੱਛੋਂ ਸੁਣੇ ਬੱਲਿਆ ਸ਼ਬਦ ਨੇ ਮੇਰੇ ਪੈਰਾਂ ਨੂੰ ਜ਼ੰਜੀਰ ਮਾਰ ਲਈ । ਡੋਲਦੀ-ਥਿੜਕਦੀ ਚਾਲ ਥਾਏਂ ਰੁਕ ਗਈ । ਬੇ-ਤਰਤੀਬੇ ਲਮਕਦੇ ਹੱਥ ਫਤਿਹ ਬੁਲਾਉਣ ਲਈ ਤਰਤੀਬ ਸਿਰ ਹੋ ਜੁੜੇ । ਸ਼ਰਧਾ ਵੱਸ ਇਹ ਬਾਪੂ ਜੀ ਦੇ ਗੋਢੀਂ ਹੱਥ ਲਾਉਣ ਲਈ ਵੀ ਤਤਪਰ ਸਨ । ਦੋ ਕਦਮ ਉਹਨਾਂ ਵੱਲ ਨੂੰ ਤੁਰਿਆ ਮੈਂ ਅਜੇ ਝੁਕਣ ਹੀ ਲੱਗਾ ਸੀ ਕਿ ਉਹਨਾਂ ਝੱਟ ਮੈਨੂੰ ਆਪਣੀ ਵਗਲ ਚ ਲੈ ਲਿਆ –  ਅੰਦਰ ਬੈਠ ਕੇ ਦੱਸ ਕੀ ਸਮੱਸਿਆ ...?
ਉਹਨਾਂ ਦੀ ਨਿੱਘੀ-ਪਿਆਰੀ ਛੋਹ ਮੈਨੂੰ ਪੈਰੀਂ ਖੜ੍ਹਾ ਕਰ ਗਈ ਸੀ ।
ਮੈਂ ਜਿੰਨੀ ਕੁ ਹੋਈ ਵਾਪਰੀ ਸੀ ਦੱਸ ਦਿੱਤੀ ।
ਉਹਨਾਂ ਦਾ ਉੱਤਰ –ਵਿਸਥਾਰ ਸੁਣ ਕੇ ਮੇਰੇ ਰਹਿੰਦੇ-ਬਚਦੇ ਸਾਹ ਵੀ ਸੂਤੇ ਗਏ ਸਨ ।
-ਕੋਠੀ ਉਹ ਪਹਿਲਾਂ ਵੀ ਵਿਕ ਚੁੱਕੀ ਸੀ ਦੋ ਵਾਰ ,ਖਾਲੀ ਨਾ ਹੋਣ ਦੁੱਖੋਂ ਆਇਆ –ਰਿਹਾ ਕੋਈ ਨਾ ।
-ਹਰਿ ਭਗਵਾਨ ਗੁੰਡਾ ਸੀ ਪਰਲੇ ਦਰਜੇ ਦਾ , ਗੁੰਡਾ ਵੀ ਤੇ ਵੱਡੇ ਜੁੱਟ ਦਾ ਸਮਗਲਰ ਵੀ ।
-ਉਹਨੇ ਆਪ ਚੋਣ ਕਦੇ ਨਹੀਂ ਸੀ ਲੜੀ । ਸਿਰਫ਼ ਸੌਦੇ ਕਰਦਾ ਰਿਹਾ ਸੀ ਹਰਾਉਣ-ਜਤਾਉਣ ਦੇ  , ਆਜ਼ਾਦ ਖੜ੍ਹਾ ਹੋ ਕੇ ।
-ਰੰਗ –ਬਰੰਗੇ ਸਿਆਸੀ ਲੋਕ , ਛੋਟੇ-ਵੱਡੇ ਨੌਕਰਸ਼ਾਹ , ਉਹਦੀ ਵਾਅ ਵੱਲ ਵੀ ਨਹੀਂ ਸੀ ਤੱਕਦੇ । ਸਭ ਕਾਣੇ ਕੀਤੇ ਪਏ  ਸੀ ਉਸਨੇ ।
-ਇਕ ਡੇਰਾ ਵੀ ਸੀ ਉਸਦੇ ਪੁਰਖਿਆਂ ਦਾ, ਸਾਧਕੀ ਡੇਰਾ । ਉਸੇ ਸ਼ਹਿਰ ਦੇ ਬਾਹਰ-ਬਾਹਰ । ਕਲਿਆਣਪੁਰੀ ਆਸ਼ਰਮ । ਪਰਦਾ-ਪੋਸ਼ੀ ਹੋਈ ਜਾਂਦੀ ਸੀ ਸਭ ਕਾਸੇ ਤੇ ।
-ਹੁਣਾ ਤਕ ਤਰਵੰਜਾ ਕੇਸ ਦਰਜ ਹੋ ਚੁੱਕੇ  ਸਨ ਉਸਦੇ ਖਿਲਾਫ਼ । ਚੋਰੀ –ਬਦਕਾਰੀ-ਤਸਕਰੀ ਦੇ , ਕਤਲ –ਧੋਖਾਧੜੀ-ਸਾੜ ਫੂਕ ਦੇ । ਕਿਸੇ ਇਕ ਚ ਵੀ ਸਜ਼ਾ ਨਹੀਂ ਸੀ ਦਿੱਤੀ ਗਈ ਇਹਨੂੰ  । ਦਬਾਅ ਈ ਏਨਾ ਰਿਹਾ ਸੀ ਉਪਰੋਂ ।
ਅਗਲੇ ਪਲ , ਫਿੱਡੇ ਦੀ ਖਸਲਤ ਉਭਾਰਦੇ ਸਹਿਜ-ਟਿਕਵੇਂ ਬੋਲ ਇਕ ਭਾਰੇ –ਡੂੰਘੇ ਹਉਕੇ ਚ ਤਬਦੀਲ ਹੋ ਗਏ । ਮੇਰੀ ਨੀਵੇਂ ਡਿੱਗੀ ਨਿਗਾਹ ਝੱਟ ਉੱਪਰ ਨੂੰ ਉੱਠ ਗਈ । ਸਾਹਮਣੇ ਬੈਠਾ ਪੀਰਸ਼ਾਹੀ ਜੁੱਸਾ ਇਕ –ਦਮ ਨਿਢਾਲ ਹੋਇਆ ਦਿਸਿਆ । ਅੱਖਾਂ ਨਮ ਸਨ । ਵਗਲ਼-ਜੇਬ ਚੋਂ  ਰੁਮਾਲ ਕੱਢ ਕੇ ,ਉਹਨਾਂ ਕੋਏ ਸਾਫ਼ ਕਰਨ ਵਰਗੀ ਕਿਰਿਆ ਵੀ ਕੀਤੀ । ਮੈਥੋਂ ਉਹਨਾਂ ਦੀ ਅਜੀਬ ਬਣੀ ਹਾਲਤ ਸਹਾਰੀ ਨਾ ਗਈ । ਝੱਟ ਮੇਰੇ ਅੰਦਰਲਾ ਵਹਿਣ ਮੇਰੇ ਬੋਲਾਂ ਰਾਹੀਂ ਬਾਹਰ ਤਿਲਕ ਆਇਆ – ਬਾਪੂ ਜੀ , ਤੁਸੀਂ ...ਤੁਸੀਂ ਤਾਂ ....ਕੀ ਗੱਲ ਹੋਈ ....?
ਹੋਣਾ ਕੀ ਸੀ ...! ਹੋਇਆ ਉਹ ਜੋ  ਨਈਂ ਸੀ ਹੋਣਾ ਚਾਹੀਦਾ ਹਾਰ-ਹੰਭ ਕੇ ਅਸਤੀਫਾ ਦੇ ਦਿੱਤਾ ਮੈਂ ਉੱਚੇ ਪੁਲਿਸ-ਅਫ਼ਸਰੀ ਅਹੁਦੇ ਤੋਂ ....। ਆਖ਼ਰ ਕਿੰਨਾ ਚਿਰ ਜ਼ਮੀਰ ਨੂੰ ਮਾਰੀ –ਦੱਬੀ ਜਾਏ ਮੁਲਾਜ਼ਮ ਬੰਦਾ...।  ਇਕ ਵਾਰ ਫਿਰ ਉਹਨਾਂ ਪਹਿਲਾਂ ਹਉਕੇ ਵਰਗਾ ਡੂੰਘਾ ਸਾਹ ਲਿਆ ।
ਅਟਵਾਲ ਵਿੱਲਾ ਦੀ ਹਰੀ –ਭਰੀ ਲਾਅਨ ਚ ਆਰਾਮ-ਦੇਹ ਕੁਰਸੀ ਤੇ ਬੈਠਾ ਮੈਂ ਹੱਦੋਂ ਵੱਧ ਬੇ-ਚੈਨ ਹੋ ਉੱਠਿਆ । ਸਾਫ਼ ਜ਼ਾਹਰ ਸੀ , ਮੈਂ ਫਿਰ ਠੱਗਿਆ ਗਿਆ ਹਾਂਪਹਿਲੀ ਵਾਰ ਵੱਡੇ ਭਰਾ ਗੁਲਬਾਗ਼ ਸਿੰਘ ਹੱਥੋਂ , ਇਸ ਵਾਰ ਇਕ ਜਾਣੇ ਪਛਾਣੇ ਐਡਵੋਕੇਟ ਹੱਥੋਂ । ਕਿੰਨੀ ਹਵਸ-ਹੋੜ ਵਧ ਗਈ ਸੀ । ਸੱਜੀਆਂ-ਖੱਬੀਆਂ ਬਾਹਵਾਂ ਬਣਨ ਵਾਲੇ ਸਕਿਆਂ ਅੰਦਰ ਵੀ । ਹੱਕ-ਸੱਚ ਲਈ ਧਿਰ ਬਣਨ ਵਾਲੀ ਸਮਝ –ਸੂਝ ਅੰਦਰ ਵੀ । ਚੰਗਾ ਭਲਾ ਪਤਾ ਸੀ ਉਸਨੂੰ ਕਿ ਮੈਂ ਤਾਂ ਪਹਿਲੋਂ ਹੀ ਫਸਿਆ  ਪਿਆਂ । ਉਹ ਤਾਂ ਭਲਾ ਦੀਵਾਨੀ ਕੇਸ ਸੀ । ਕਿਸੇ ਨੂੰ ਵੀ ਬਣਾਇਆ ਜਾ ਸਕਦਾ ਸੀ ਮੁਖਤਾਰ ਆਮ ਜਾਂ ਖਾਸ । ਪਰ , ਇੱਥੇ ! ਜ਼ੋਰ –ਜਬਰੀ ਮੱਲ ਹੋਈ ਕੋਠੀ ਲਈ ਚਾਰਾਜੋਈ ਕਰਨਾ । ਸਿੱਧਾ ਫੌਜਦਾਰੀ ਪੰਗਾ । ਉਹ ਵੀ ਸਿਰੇ ਦੇ ਗੁੰਡੇ-ਲਫੰਗੇ ਨਾਲ । ਬਦਕਾਰ ਕਿਸਮ ਦੀ ਸਿਆਸਤ ਨਾਲ !! ਇਕ-ਦਮ ਤਪੀ ਭੁੱਬਲ ਤੇ ਤੁਰਨ ਵਰਗੀ ਕਾਰਵਾਈ ਸੀ ਇਹ ਮੇਰੇ ਲਈ ।
ਆਪ –ਮੁਹਾਰੇ ਮੇਰੇ ਦੋਨੋਂ ਹੱਥ ਮੇਰੇ ਕੰਨਾਂ ਤਕ ਅੱਪੜ ਗਏ । ਹੁਣ ਮੈਂ ਇਕ ਹੋਰ ਸੂਲੀ ਤੇ ਟੰਗ ਹੋਣੋਂ ਬਿਲਕੁਲ ਨਾਬਰ ਸੀ । ਹੁਣ ....ਹੁਣ ਤਾਂ ਮੈਂ ਇਸ ਸ਼ਹਿਰ ਚ , ਇਸ ਮੁਲਕ ਚ ਮੁੜ ਪੈਰ ਨਾ ਧਰਨ ਤੋਂ ਵੀ ਤੋਬਾ ਕਰ ਲਈ ਸੀ ਜਿਵੇਂ ।
ਤਰਲੋ-ਮੱਛੀ ਹੋਇਆ , ਮੈਂ ਅਟਵਾਲ ਜੀ ਤੋਂ ਆਗਿਆ ਲੈਣ ਲਈ ਉੱਠ ਖੜੋਇਆ । ਝੱਟ ਹੀ ਉਹਨਾਂ ਦੇ ਹੁਣੇ ਹੁਣੇ ਮੰਦ ਪਏ ਬੋਲ ਫਿਰ ਪਹਿਲੋਂ ਵਾਲੀ ਰੌਅ  ਚ ਉੱਭਰੇ – ਡਰਨਾ – ਘਾਬਰਨਾ ਨਹੀਂ ਬੱਲੇ । ਆਹ ਚੋਣ-ਝੰਜਟ ਮੁੱਕਣ ਦੇ ,ਕਰਦੇ ਆਂ ਕੋਈ ਹੀਲਾ –ਵਸੀਲਾ । ਕੱਢਦੇ ਆਂ ਇਸ ਗੰਦ-ਗ਼ਦਰ ਨੂੰ ਗਲੀ-ਗੁਆਂਢ ਚੋਂ ਬਾਹਰ । ਅੱਗੇ ਤਾਂ ਭਲਾ ਹੱਥ ਬੱਝਿਓ ਸੀ , ਪਰ ਹੁਣ ...ਹੁਣ...”. ਕੁਰਸੀ ਤੇ ਬੈਠਿਆਂ ਉਹਨਾਂ ਆਪਣੀਆਂ ਨਿੱਗਰ-ਸੁਡੌਲ ਦੋਨੋਂ ਬਾਹਾ , ਪੂਰੀਆਂ ਖੋਲ੍ਹ ਦਿੱਤੀਆਂ , ਆਸੇ –ਪਾਸੇ ਨੂੰ ।
ਆਸ ਪਾਸ ਨੂੰ ਖੁੱਲੀਆਂ ਇਹ ਜਿਵੇਂ ਬਦਲਵੀਂ ਦਿਸ਼ਾ ਵੱਲ ਨੂੰ ਉਡਾਨ ਭਰਨ ਲਈ ਪਰ ਤੋਲ ਰਹੀਆਂ ਹੋਣ ।
ਮੈ ਨੀਵੇਂ-ਨਿਮਾਣ ਡਿੱਗਾ ,ਥੋੜ੍ਹਾ ਕੁ ਫਿਰ ਪੈਰੀਂ ਹੋ ਗਿਆ । ਮੇਰੇ ਜੀਅ ਚ ਆਈ , ਉਹਨਾਂ ਸਾਹਮਣੇ ਫਿਰ ਤੋਂ ਬੈਠ ਜਾਵਾਂ । ਆਪਣੇ ਆਪ ਬਾਰੇ , ਆਪਣੀ ਹੋਣੀ ਬਾਰੇ ਸਾਰਾ ਕੁਝ ਦੱਸ ਦਿਆਂ ਹੁਣ ਤਕ ਢਕ-ਲਪੇਟ ਰੱਖੀ ਸਾਰੀ ਪਟਾਰੀ ਖੋਲ੍ਹ ਦਿਆਂ ।
ਪਰ ਮੇਰੇ ਤੋਂ ਇਹ ਵੀ ਨਾ ਹੋ ਸਕਿਆ । ਇਹ ਉਹਨਾਂ ਦੀ ਬਜ਼ੁਰਗੀ ਦਾ ਆਲਮ ਸੀ ਜਾਂ ਰੁਤਬੇ ਦੀ ਕਦਰਦਾਨੀ ਜਾਂ ਮੇਰੇ ਅੰਦਰ ਦਾ ਹੀ ਕੋਈ  ਸਹਿਮ-ਭਰਮ । ਮੈਂ ਅਜਿਹਾ ਕਰ ਨਾਂ ਸਕਿਆ । ਮੈਂ ਆਪਣੀ ਨਮੋਸ਼ੀ ਅੰਦਰੋਂ ਅੰਦਰ ਬੰਨ ਕੇ ਕੋਠਿਉਂ ਬਾਹਰ ਆ ਗਿਆ ।
ਇਕ ਵਾਰ ਫਿਰ ਮੈਂ ਖੁੱਲ੍ਹੀ-ਚੌੜੀ ਸੜਕ ਤੇ ਸਾਂ । ਮੇਰੇ ਡੋਲਦੇ –ਡੁਲਕਦੇ ਕਦਮ ਸ਼ਾਇਦ ਹੋਟਲੀ-ਠਹਿਰਗਾਹ ਵੱਲ ਨੂੰ ਨਿਕਲ ਤੁਰੇ ਸਨ । ਮੇਰੇ ਖੱਬੇ –ਸੱਜੇ ਪਾਸੇ ਉੱਸਰੇ ਬੰਗਲੇ ਆਪਣੇ ਆਪਣੇ ਅੰਦਰੀਂ ਸਿਮਟੇ ਪਏ ਸਨ। ਨਾ ਕਿਸੇ ਦਾ ਵੱਡਾ ਗੇਟ ਖੁੱਲ੍ਹਾ ਸੀ ਨਾ ਛੋਟਾ । ਹਾਂ ਸਭਨਾਂ ਅੰਦਰੀਂ ਸ਼ੋਰ-ਨੁਮਾ ਗੀਤ-ਸੰਗੀਤ ਜਿਵੇਂ ਚੀਕ-ਚਿਹਾੜਾ ਪਾ ਰਿਹਾ ਸੀ । ਪਹਿਲਾਂ ਮੋੜ ਮੁੜ ਕੇ ਇਹ ਚੀਕ-ਚਿਹਾੜਾ ਕੰਨ-ਪਾਟਵੀਂ ਸੁਰ ਧਾਰਨ ਕਰ ਗਿਆ । ਇੱਥੇ , ਇਕ ਪਾਸੇ ਬੁਰਜ ਸੀ , ਦੂਜੇ ਪਾਸੇ  ਕਲਸ । ਦੋਨਾਂ ਉੱਪਰ ਬੀੜੇ ਉੱਚ ਆਵਾਜ਼ੀ ਧੂਤੇ ਆਪਣੀ ਸੰਧਿਆ ਸਮੱਗਰੀ ਦੂਰ ਤਕ ਅੱਪੜਦਾ ਕਰ ਰਹੇ ਸਨ । ਦੋਨੋਂ ਆਪੋ ਵਿਚ ਜਿਵੇਂ ਗੁੱਥਮ-ਗੁੱਥਾ ਹੋਏ ਪਏ ਸਨ । ਕੌਣ ਕੀ ਬੋਲ ਰਿਹਾ ਸੀ , ਮੇਰੇ ਕੁਝ ਪਿੜ ਪੱਲੇ ਨਾ ਪਿਆ । ਮੈਂ ਆਪਣੀ ਤੋਰੇ ਤੁਰਿਆ , ਘਰ ਕੋਠੀ ਤੇ ਹੋਏ ਜ਼ਬਰੀ ਕਬਜ਼ੇ ਦੇ ਭਾਰ ਹੇਠ ਦੱਬ ਹੋਇਆ ਰਿਹਾ ।
ਸੜਕੀ ਖੰਭਿਆਂ ਡਿੱਗਦੀ ਤੋਂ ਰੌਸ਼ਨੀ ਹੁਣ ਤਕ ਦੂਧੀਆ ਧੁੰਦ ਵਾਂਗ ਪਸਰ ਗਈ ਸੀ । ਲੱਤਾਂ –ਪੈਰ ਘਸੀਟਦਾ ਮੈਂ ਠਹਿਰਗਾਅ ਪੁੱਜ ਕੇ ਮੂੰਹਦੜੇ ਮੂੰਹ ਆ ਡਿੱਗਾ ।
ਮੇਰੇ ਸਾਹਮਣੇ  ਹੁਣ ਦੋ ਹੀ ਵਿਕਲਪ ਸਨ – ਜਾਂ ਤਾਂ ਸਭ ਕੁਝ ਛੱਡ-ਛੜਾ ਕੇ ਵਾਪਸ ਚਲਾ ਜਾਵਾਂ, ਜਾਂ ਫਿਰ ਫਿੱਡਾ ਨਾਮ ਦੇ ਧਾੜਵੀ ਨੂੰ ਸਿੱਧਾ ਹੋ ਕੇ ਟੱਕਰਾਂ । ਊਦ੍ਹੋ ਮਾਮੇ ਵਾਂਗ , ਵਿਰਕ ਚਾਚੇ ਵਾਂਗ । ਉਹ ਵੀ ਟੱਕਰੇ ਹੀ ਸੀ ਇਕ ਜਾਬਰ ਕਿਸਮ ਦੀ ਹਕੂਮਤ ਨਾਲ । ਮੁਲਕ ਮੱਲੀ ਬੈਠੀ ਗੋਰੀ ਨਸਲ ਨਾਲ । ਨਸਲ ਵੀ ਉਹ ਜਿਹਦੇ ਰਾਜ ਚ ਸੁਣਿਆ ਕਦੀ ਸੂਰਜ ਨਹੀਂ ਸੀ ਡੁੱਬਦਾ । ਫਿੱਡਾ ਤਾਂ ਪਾਸਕੂ ਵੀ ਨਹੀਂ ਸੀ ਉਸ ਨਸਲ ਦੇ ਫਿਰ ਅਗਲੇ ਹੀ ਛਿਨ ਮੈਂ ਪਹਿਲੇ ਰੁਖ ਹੋ ਤੁਰਿਆ –ਉਹ ਛੜੇ-ਛਟਾਂਗ ਸਨ , ਸਮਾਂ ਖੁੱਲ੍ਹਾ ਸੀ , ਮਾਲ-ਪਾਣੀ ਕੋਲ ਸੀ , ਪਿੱਛਾ ਚਲਦਾ ਸੀ ਏਥੇ । ਤੇ ਮੈਂ ...ਮੈਂ ਸਭ ਪਾਸਿਉਂ ਕੰਗਾਲ । ਪੂਰੇ ਦਾ ਪੂਰਾ ਨੰਗ । ਹੁਣ ਨਾ ਮੇਰੇ ਪਾਸ ਡਾਲਰ ਬਚੇ ਸਨ , ਨਾ ਸਮਾਂ ਖੁੱਲ੍ਹਾ  ਸੀ  ਬਾਲ-ਬੱਚੇ ਵੱਖ ਫਿਰਕਮੰਦ ਸਨ ਪਿੱਛੇ ।
ਮੈਂ  ਅੱਗਾ ਦੇਖਿਆ ਨਾ ਪਿੱਛਾ । ਸਭ ਕੁਝ ਜਗਵਿੰਦਰ ਵਕੀਲ ਨੂੰ ਦੱਸ –ਦਸਾ ਕੇ ਅਗਲੇ ਦਿਨ ਹੀ ਪਰਤ ਆਇਆ ਵਾਪਸ । ਇਕ ਹਫ਼ਤਾ ਪਹਿਲਾਂਸਮਾਂ ਹੋਣ ਦੇ ਬਾਵਜੂਦ ਮੈਂ ਉਸ ਵਾਰ ਫਿਰ ਨਹੀਂ ਸੀ ਮਿਲਿਆ ਊਦ੍ਹੋ ਮਾਮੇ ਨੂੰ । ਕਿਹੜਾ ਮੂੰਹ ਲੈ ਕੇ ਜਾਂਦਾ ਉਹਦੇ ਪਾਸ । ਉਹਨੇ ਆਖ ਦੇਣਾ ਸੀ ਸਿੱਧਾ ਸਪਾਟ । ਮੂੰਹ ਤੇ ਮਾਰਨੀ ਸੀ ਮੇਰੇ -ਤੁਸੀਂ ਕਲਮਘਸੀਟ ਹੈ ਈ ਕਾਸੇ ਜੋਗੇ ਨਈਂ । ਬਸ ਖੁਰਲੀ ਤੇ  ਸੱਠਾਂ ਦੇ ਓ । ਸਿਆੜ ਤੁਸੀਂ ਇਕ ਨਈਂ ਕੱਢ ਸਕਦੇ । ਨਾ ਹੇਠਾਂ ਜੁੜ ਕੇ , ਨਾ ਉੱਪਰ । ਫੜ੍ਹਾਂ ਮਾਰਦੇ ਸਾਹ ਨਈਂ ਲੈਂਦੇ ।
ਅਗਲੇ ਦੋ ਸਾਲਾ ਮੈਂ ਸੱਚ-ਮੁੱਚ ਸਾਹ ਨਹੀਂ ਸੀ ਲਿਆ । ਫੜ੍ਹਾਂ ਵੀ ਰੱਜ ਕੇ ਮਾਰੀਆਂ । ਨਾਵਲ ਇਕ ਹੋਰ ਲਿਖ ਮਾਰਿਆ ਤੇ ਕੰਮ ਵੀ ਖੂਬ ਕੀਤਾ ਖੁਭ ਕੇ । ਖਾਲੀ ਹੋਇਆ ਜਮ੍ਹਾਂ-ਖਾਤਾ ਫਿਰ ਤੋਂ ਭਰਿਆ ਗਿਆ । ਪਿੱਛੇ ਦੀ ਡੱਕਾ ਚਿੰਤਾ ਨਾ ਰੱਖੀ । ਖੇਤ ਮਿਲਦੇ ਮਿਲਣ, ਨਹੀਂ ਪੈਣ ਢੱਠੇ ਖੂਹ ਚ । ਅੱਗੇ ਕਿਹੜਾ ਇਹਨਾਂ   ਉੱਗਦੇ ਦਾਣੇ ਖਾਂਦਾ ਸੀ  ਮੈਂ ।ਮੇਰੇ ਮਿਲ ਵੀ ਜਾਂਦੇ , ਸਾਂਭ ਸੰਭਾਲ ਫਿਰ ਵੀ ਪਿੱਛੇ ਵਾਲਿਆਂ ਹੀ ਕਰਨੀ ਸੀ । ਜਿਵੇਂ ਬਾਪੂ-ਬਾਗੋ ਕਰਦੇ ਰਹੇ , ਉਵੇਂ ਮੁੰਡਿਆਂ ਕਰਨੀ ਸੀ ਅਗਾਂਹ । ਮੈਂ ਕਿਹੜਾ ਹਿਸਾਬ-ਕਿਤਾਬ ਮੰਗਿਆ , ਠੇਕਾ-ਹਿੱਸਾ ਲਿਆ ਸੀ ਕਦੀ । ਜੇ ਓਦੋਂ ਨਹੀਂ ਸੀ ਲਿਆ ,ਤਾਂ ਹੁਣ ਕਿਉਂ ਪੰਗੇ   ਫਸਿਆਂ । ਇਵੇਂ ਦੀ ਸਿਆਣਪ ਮੈਨੂੰ ਚੰਗੀ –ਚੋਖੀ ਚੋਭ ਜਿਹੀ ਮਾਰਦੀ ਰਹੀ । ਮੇਰੇ ਅੰਦਰਲੀ ਕਬਾਇਲੀ ਰੂਹ ਨੇ ਵੀ ਇਸ ਵਾਰ ਬਹੁਤੀ ਸਿਰੀ ਨਹੀਂ  ਸੀ ਚੁੱਕੀ । ਜਿਵੇਂ ਪਹਿਲਾਂ ਚੁੱਕਿਆ ਕਰਦੀ ਸੀ । ਉੱਲਰ –ਉੱਲਰ ਪੈਂਦੀ ਸੀ ਹਰ ਇਕ ਨੂੰ । ਸਾਹਨੇ ਵਾਂਗ ਆਕੜੀ ਕਿਹਾ ਕਰਦਾ ਸੀ –ਐਂ ਧੱਕਾ ਹੋਣ ਦਿੰਨਾਂ ਮੈਂ । ਇਕ ਬਾਪੂ ਨੂੰ ਮੁਰਆਇਆ ਉਨ੍ਹਾਂ  , ਉੱਪਰੋਂ ਚੁਸਤੀ-ਚਲਾਕੀ । ਅਖੇ ਜੈਨਰੇਟਰ ਚੁੱਕਣ ਆਏ  ਲੁਟੇਰੇ ਮਾਰ ਗਏ । ਹੈਂਅ...ਨਾਲੇ ਚੋਰ ਨਾਲੇ ਚਤਰ ! ਫਿਰ ਵਿੰਗੀ ਟੇਢੀ ਗਾਲ੍ਹ ਤੇ ਗਾਲ੍ਹ । ਚੱਲ ਸੋ ਚੱਲ । ਪਤਾ ਨਈਂ ਕਿਸ ਕਿਸ ਨੂੰ ...।
ਇਸ ਵਾਰ ਮੇਰੇ ਅੰਦਰਲਾ ਕਬਾਇਲੀ ਜੱਟ ਵੀ ਮੇਰੇ ਕਾਬੂ ਚ ਹੀ ਰਿਹਾ  ਤੇ ਸ਼ਹਿਰ ਵਾਲੀ ਕੋਠੀ ਤਾਂ ਇਕ ਤਰ੍ਹਾਂ ਨਾਲ ਮੈਂ ਮੁੱਢੋਂ-ਸੁੱਢੋਂ ਹੀ ਭੁੱਲ-ਭੁੱਲਾ ਛੱਡੀ ।
ਊਂ...ਊਂ  ਵੀ ਹੁਣ ਮੈਂ ਇਕ ਦਰਜਾ ਉੱਪਰ ਸੀ ਪਹਿਲੇ ਨਾਲੋਂ । ਕੰਪਨੀ ਬਦਲ ਲਈ ਸੀ , ਡਰਾਇਵਰ ਦੀ ਥਾਂ ਡਿਸਪੈਚਰ ਸਾਂ । ਜਾਨ ਸੌਖੀ ਹੋ ਗਈ ਸੀ , ਡਾਲਰ ਵੱਧ ਜੁੜਨ ਲੱਗ ਪਏ ਸਨ ।
ਫਿਰ ਦੋ ਕੁ ਸਾਲਾਂ ਪਿੱਛੋ ਮੈਨੂੰ ਜਿਵੇਂ ਕੋਈ ਝੱਲ ਜਿਹਾ ਚੜ੍ਹ ਗਿਆ ਹੋਵੇ । ਮੈਂ ਜਗਵਿੰਦਰ ਨਾਲ ਲੰਮੀ ਗੱਲ-ਬਾਤ ਕੀਤੀ ਫੋਨ ਤੇ । ਉਹਨੇ ਦੱਸਿਆ ਕੇਸ ਜਿੱਥੇ ਸੀ ,ਉੱਥੇ ਹੀ ਸੀ ਅਜੇ । ਕੋਈ ਖਾਸ ਅੱਗੇ ਨਹੀ ਸੀ ਤੁਰਿਆ । ਤਿੰਨੀ –ਚੌਂਹ ਮਹੀਨੀਂ ਤਾਰੀਖ਼ ਪੈਂਦੀ ਆ । ਜੱਜ ਤਕ ਅਜੇ ਪਹੁੰਚ ਨਹੀਂ ਬਣੀ ਉਹਨਾਂ ਦੀ । ਬੰਦਾ ਉਹ ਕੁਝ ਕਰੜਾ ਜਾਪਦਾ । ਥੋੜ੍ਹਾ ਕੁ ਰੁਕ ਕੇ ਨਾਲ ਹੀ ਉਸਨੇ ਦੋ-ਤਿੰਨ ਛੋਟੇ-ਛੋਟੇ ਵਾਕ ਹੋਰ ਜੋੜ ਦਿੱਤੇ –ਸਰਕਾਰ ਬਦਲ ਗਈ ਐ । ਫਿੱਡਾ ਫੜਿਆ ਗਿਆ । ਉਮੀਦ ਐ ਕੋਠੀ ਖਾਲੀ ਹੋ ਜਊ । ਅਟਵਾਲ ਅੰਕਲ ਲੱਗਿਓ ਆ ਮਗ਼ਰ ...।
ਉਹਦੇ ਲਈ , ਮੇਰੇ ਹਮਜਮਾਤੀ ਜਗਵਿੰਦਰ ਲਈ ਇਹ ਛੋਟੀ ਜਿਹੀ ਗੱਲ ਸੀ , ਪਰ ਮੇਰੇ ਲਈ ਵੱਡੀ ਖ਼ਬਰ ਸੀ ਇਹ । ਖ਼ਬਰ ਨਹੀਂ ਖੁਸ਼ਖਬਰੀ । ਅਚੰਭਾ ਸੀ ਇਕ ਤਰ੍ਹਾਂ ਦਾ ।ਮੈਂ ਹੈਰਾਨ ਸੀ – ਏਹ ਹੋ ਕਿਮੇਂ ਗਿਆ । ਪੰਜ ਸਾਲਾਂ ਤੋਂ ਸ਼ਰ੍ਹੇਆਮ ਬਾਹਰ ਘੁੰਮਦਾ ਖੂਨੀ-ਗੁੰਡਾ, ਇਕ ਨੰਬਰ ਦਾ ਡਕੈਟ ਅੰਦਰ ਕਿਵੇਂ ਹੋ ਗਿਆ !! ਹੈਰਾਨ –ਪ੍ਰੇਸ਼ਾਨ ਹੋਏ ਨੇ ਮੈਂ ਉਸਨੂੰ ਅਗਲੇ ਦਿਨ ਫਿਰ ਰਿੰਗ ਕੀਤੀ । ਖ਼ਬਰ ਸੱਚ-ਮੁੱਚ ਸੱਚੀ ਸੀ । ਮੈਨੂੰ ਢੇਰ ਸਾਰਾ ਚਾਅ  ਚੜ੍ਹ ਗਿਆ । ਮੈਂ ਦੋ ਮਹੀਨੇ ਦੀ ਛੁੱਟੀ ਮੰਗੀ । ਇਸ ਵਾਰ ਸਾਰੀ ਮਿਲ ਗਈ ।
ਇਸ ਵਾਰ ਮੈਂ ਪੱਕੀ ਕਸਮ ਖਾ ਕੇ ਤੁਰਿਆ ਸੀ ਕਨੇਡਿਉਂ । ਪੱਕੀ ਛੱਡ ਕੇ ਇੱਟ ਵਰਗੀ ਪੱਕੀ ਕਿ ਮੈਨੂੰ ਕੁਝ ਮਿਲਦਾ ਨਾ ਮਿਲੇ । ਮੇਰਾ ਕੁਝ ਬਚਦਾ ਬਚੇ ਨਹੀਂ ਬਚਦਾ ਨਾ ਬਚੇ , ਮੈਂ ਊਦ੍ਹੇਂ ਮਾਮੇ ਨੂੰ ਮਿਲੇ ਬਿਨਾਂ ਵਾਪਸ ਨਹੀਂ ਸੀ ਮੁੜਨਾ ।
ਤੇ ਸੱਚ-ਮੁੱਚ ਹੋਇਆ ਵੀ ਇਵੇਂ  । ਮੈਂ ਨੱਬੇਵਿਆਂ ਨੂੰ ਢੁੱਕੇ ਵਿਰਕ ਚਾਚੇ ਪਾਸ ਦੋ-ਚਾਰ ਦਿਨ ਰਿਹਾ । ਕੇਸ ਦੀ ਖ਼ਬਰ-ਸਾਰ ਲਈ –ਨਵੇਂ ਜੱਜ ਤੱਕ ਪਹੁੰਚ ਕਰ ਲਈ ਸੀ ਅਗਲਿਆਂ । ਰੇਟ ਵੱਧ ਸੀ ਉਹਦਾ । ਇਸੇ ਲਈ ਤਿੰਨ-ਪੰਜ ਕਰਦਾ ਰਿਹਾਉਹਨੇ ਤਿੰਨ ਕੁ ਸਾਲ ਰੁਕਣਾ ਸੀ ਏਥੇ । ਏਨਾ ਕੁ ਚਿਰ ਲਮਕਦਾ ਰੱਖਣਾ ਸੀ ਫੈਸਲਾ , ਸ਼ੱਕ-ਸ਼ੁਬ੍ਹਾਂ ਤੋਂ ਬਚਣ ਲਈ । ਜਾਣ ਲੱਗਿਆਂ ਚਿੱਤ ਕਰ ਦੇਣਾ ਸੀ ਮੈਨੂੰ ।
ਮੈਨੂੰ ਇਹ ਕੁਝ ਜਾਣ ਕੇ ਰਤੀ ਭਰ ਵੀ ਹੈਰਾਨੀ ਨਾ ਹੋਈ । ਇਹੋ ਕੁਝ ਲੱਭਣਾ ਸੀ ਏਥੋਂ ਦੇ ਰਿਸ਼ਵਤ-ਤੰਤਰ ਚੋਂ । ਤੇ ...ਤੇ ਇਹੋ ਕੁਝ , ਅੱਵਲ ਇਹੋ ਕੁਝ ਨਾਲੋਂ ਵੀ ਬਹੁਤ ਹੀ ਉੱਪਰਲੇ , ਬਹੁਤ ਹੀ ਮਿਸਾਲੀ ਦਰਜੇ ਦੀ ਲੱਭਤ ਲੱਭੀ ਮੈਨੂੰ ਏਥੋਂ ਦੇ ਸਿਆਸੀ ਤੰਤਰ ਚੋਂ- ਫਿੱਡਾ ਮੁੜ ਬਾਹਰ ਆ ਗਿਆ ਸੀ ਅੰਦਰੋਂ । ਹੱਥ ਰਲਦਾ ਹੋ ਗਿਆ ਸੀ ਉਸਦਾ , ਦੂਜੀ ਰਾਜਕਰਨੀ ਪਰਟੀ ਨਾਲ । ਦੂਜੀ ਲਈ ਵੀ ਉਹਨੇ ਉਹੀ ਕੁਝ ਕਰਨਾ ਸੀ ਪੰਜ ਸਾਲ , ਜੋ ਪਹਿਲੀ ਲਈ ਕਰਦਾ ਰਿਹਾ । ਕੋਠੀ ਖਾਲੀ ਹੋਣ ਦਾ ਹੁਣ ਸਵਾਲ ਹੀ ਪੈਦਾ ਨਹੀ ਸੀ ਹੁੰਦਾ ।
ਮੈਂ ਚੁੱਪ-ਚਾਪ ਕੰਨ ਵਲ੍ਹੇਟੇ , ਬੈਗ-ਬੋਰੀਆਂ ਚੁੱਕੀਆਂ , ਊਦ੍ਹੋਂ ਮਾਮੇ ਪਾਸ ਜਾ ਪੁੱਜਾ ਨਾਨਕੇ ਪਿੰਡ ।
ਮਾਮਾ ਘਰ ਨਹੀਂ ਸੀ ਰਹਿੰਦਾ , ਬਾਹਰ ਚਲਾ ਗਿਆ ਸੀ ਖੂਹ ਤੇ । ਇਕ ਛੋਟੇ ਜਿਹੇ ਕਮਰੇ ਉਂਝ ਬੰਬੀ ਲੱਗ ਗਈ ਸੀ ਖੇਤਾਂ ਚ , ਕਹਿਣ ਨੂੰ ਅਜੇ ਵੀ ਖੂਹ ਹੀ ਵੱਜਦੀ ਸੀ ਇਹ ਥਾਂ ।
ਮੈਨੂੰ ਦੇਖਦਿਆਂ ਸਾਰ ਉਸਦੀਆਂ ਅੱਖਾਂ ਛਲਕ ਪਈਆਂ । ਪਏ  ਪਏ ਨੇ ਉੱਠਣ ਦਾ ਯਤਨ ਕੀਤਾ , ਪਰ ਉੱਠਿਆ ਨਾ ਗਿਆ । ਮੈਂ ਆਸਰਾ ਦੇ ਕੇ ਬੈਠਦਾ ਕੀਤਾ ਤਾਂ ਉਸਨੂੰ ਜ਼ੋਰਦਾਰ ਖੰਘ ਛਿੜ ਪਈ । ਉਸਦਾ ਹੇਠਲਾ ਸਾਹ ਹੇਠਾਂ ,ਉੱਪਰਲਾ ਸਾਹ ਉੱਪਰ । ਨੱਕ-ਮੂੰਹ ਚੋਂ ਪਾਣੀ ,ਅੰਗਾਂ –ਪੈਰਾਂ ਨੂੰ ਕਾਂਬਾ । ਮੈਥੋਂ ਉਸਦੀ ਹਾਲਤ ਦੇਖੀ-ਸਹਾਰੀ ਨਾ ਗਈ ਮੈਂ ਝੱਟ ਉਸਨੂੰ ਕਿਸੇ ਡਾਕਟਰ ਪਾਸ ਲੈ ਕੇ ਜਾਣ ਲਈ ਕਾਹਲਾ ਪੈ ਗਿਆ । ਪਰ ਜਾਇਆ ਕਿਵੇਂ ਜਾਂਦਾ । ਘਰ ਨਾ ਗਿਆਨ ਸੀ ,ਨਾ ਸੰਤ । ਮਾਮੀ ਸੀ ਇਕੱਲੀ । ਉਹ ਵੀ ਨਾ ਹੋਇਆ ਨਾਲ ਦੀ । ਨਾ ਊਸਨੂੰ ਅੱਖੋਂ ਅੱਖੋਂ ਦਿਸਦਾ ਸੀ ਠੀਕ ਤਰਾਂ , ਨਾ ਕੰਨੋਂ ਸੁਣਦਾ ਸੀ । ਉਸਦੀ ਜਥ੍ਹੇਦਾਰ ਦੇਹ ਹਾਰ ਗਈ ਸੀ ਪੂਰੀ ਤਰ੍ਹਾਂ ਹੁਣ । ਜਵਾਬ ਦੇ ਗਈ ਸੀ ਉਸਦੇ ਹੱਠ ਨੂੰ । ਇਸ ਹੱਠ ਆਸਰੇ ਹੀ ਪਾਲੇ ਸਨ ਉਸਨੇ ਦੋਨੋਂ ਪੁੱਤਰ । ਨਹੀਂ , ਊਦ੍ਹੋਂ ਮਾਮਾ ਕਨੇਡੇ ਗਿਆ ਕਿਧਰੇ ਗਾਇਬ ਹੋ ਗਿਆ ਤੇ ਵੱਡਾ ਮਾਮਾ ਹਰੀਆ , ਕਿਸੇ ਟਰੱਕ ਤੇ ਚੜ੍ਹੇ ਨੂੰ ਉਸਨੂੰ ਸਾਰੇ ਦਾ ਸਾਰਾ ਨਿਗ਼ਲ ਲਿਆ ਸੀ , ਇਸ ਮੁਲਕ ਦੇ ਇਕ ਸਿਰੇ ਤੋਂ ਦੂਜੇ ਸਿਰੇ ਤਕ ਵਿਛੇ ਸੋਨਾ-ਗਾਚੀ ਬਾਜ਼ਾਰ ਦੇ ਗੰਦ-ਗ਼ਦਰ ਨੇ ।
ਉਸਦੇ ਅੰਤਲੇ ਵੇਲੇ ਵਰਗੀ ਖੰਘ , ਊਦ੍ਹੋਂ ਮਾਮੇ ਦੇ ਸਾਹ ਵੀ ਸੂਤਣ ਨੂੰ ਫਿਰਦੀ ਸੀ । ਮੈਂ ਉਸਨੂੰ ਜਿਵੇਂ ਬੈਠਦਾ ਕੀਤਾ ਸੀ ,ਉਵੇਂ ਲੇਟਦਾ ਕਰ ਦਿੱਤਾ । ਢਿਲਕੀ ਜਿਹੀ ਮੰਜੀ ਤੇ । ਮੈਨੂੰ ਹੱਥਾਂ ਪੈਰਾਂ ਦੀ ਪੈ ਗਈ । ਝੱਟ ਕਮਰਿਉਂ ਬਾਹਰ ਆ ਕੇ ਮੈਂ ਆਸੇ-ਪਾਸੇ ਦੇਖਿਆ । ਬਾਹਰ ਕਿਸੇ ਵੀ ਖੇਤ-ਪੈਲੀ ਚ ਘੁੰਮਦਾ –ਫਿਰਦਾ , ਨੱਕਾ-ਬੰਨਾ ਬੰਨ੍ਹਦਾ ਕੋਈ ਜੀਆ ਨਾ ਦਿਸਿਆ । ਲੋਕੀਂ ਸ਼ਾਇਦ ਘਰਾਂ ਨੂੰ ਮੁੜ ਗਏ ਸਨ , ਦੁਪਹਿਰ ਹੋਣ ਕਰਕੇ। ਨਿੰਮੋਝਾਣ ਹੋਇਆ ਮੈਂ ਪਿੰਡ ਵੱਲ ਨੂੰ ਦੌੜਨ ਵਾਂਗ ਅਜੇ ਤੁਰਿਆ ਹੀ ਸੀ ਕਿ ਪਿਛਲੇ ਪਾਸਿਉਂ ਆਉਂਦੀ ਇਕ ਵਿੜਕ ਸੁਣਾਈ ਦਿੱਤੀ । ਕੋਈ ਸਾਇਕਲ ਸਵਾਰ ਸੀ ਇਹ । ਅੱਧੋ-ਰਾਣਾ  ਕੁੜਤਾ ਅੱਧੀਆਂ ਬਾਹਾਂ ਵਾਲਾ , ਤੇੜ ਕੱਛਾ ,ਲੱਤਾਂ ਨੰਗੀਆਂ । ਪੈਰ ਮਿੱਟੀ ਗਾਰੇ ਨਾਲ ਲਿਬੜੇ , ਨੰਗੇ । ਸਿਰ ਤੇ ਵਲ੍ਹੇਟਿਆ ਮੈਲਾ-ਕੁਚੈਲਾ ਪਰਨਾ , ਅੱਧੀਆਂ ਜਟੂਰੀਆਂ ਬਾਹਰ । ਉਸ ਵਰਗਾ ਹੀ ਉਸਦਾ ਸਾਇਕਲ । ਪਰ ਉਸਦੇ ਕੈਰੀਅਰ ਤੋਂ ਉੱਤਰਿਆ ਛੋਹਰ ਕਾਫੀ ਸਾਰਾ ਸਾਫ਼-ਸੁਥਰਾ,ਸਜਿਆ –ਫ਼ਬਿਆ  ਉਹ ਦੋਨੋਂ ਖੂਹ ਵੱਲ ਨੂੰ ਮੁੜਕੇ ਕਮਰੇ ਅੰਦਰ ਆ ਵੜੇ ।
ਉਹਨਾਂ ਪਿੱਛੇ ਮੈਂ ।
ਖੜ੍ਹੇ-ਖੜੋਤੇ ਛੋਹਰ ਨੇ ਆਪਣੇ ਬਗ਼ਲ-ਬੈਗ ਚੋਂ ਟੀਕਾ-ਸਰਿੰਜ ਕੱਢੀ-ਭਰੀ ,ਝੱਟ ਮਾਮੇ ਦੇ ਪੁੜੇ ਚ ਖੋਭ ਦਿੱਤੀ । ਉਸਦਾ ਜਿਵੇਂ ਪੁਰਾਣਾ ਅਭਿਆਸ ਸੀ ਇਹ । ਪਹਿਲੋਂ ਤੋਂ ਕਰਦਾ ਰਿਹਾ ਸੀ , ਇਵੇਂ ਦੀ ਕਾਰਵਾਈ । ਘੜੀ ਕੁ ਪਿੱਛੋਂ ਮਾਮੇ ਦਾ ਘੜਕਦਾ ਸਾਹ ਥੋੜ੍ਹਾ ਕੁ ਠੀਕ ਸੀ । ਅੰਗਾਂ ਪੈਰਾਂ ਦੀ ਤੜਪਾਹਟ ਕਾਫੀ ਸਾਰੀ ਘੱਟ ।
ਉਸਨੂੰ ਟਿਕਿਆ ਸਮਝ ਕੇ ਅਸੀਂ ਤਿੰਨੋਂ ਜਣੇ ਬਾਹਰ ਆ ਗਏ । ਉਹ ਦੋਨੋਂ ਮੇਰੇ ਲਈ ਅਜਨਬੀ ਸਨ , ਮੈਂ ਉਹਨਾਂ ਲਈ । ਮੁੰਡਾ ਤਾਂ ਖੈਰ ਆਪਣਾ ਕੰਮ ਭੁਗਤਾ ਕੇ ਚਲਾ ਗਿਆ , ਮੈਂ ਸਾਹਮਣੇ ਖੜ੍ਹੇ ਆਕਾਰ ਦੇ ਰਹਿੰਦੇ-ਬਚਦੇ ਪਛਾਣ-ਚਿੰਨ੍ਹ ਜੋੜਦਾ ਰਿਹਾ , ਇਹ ਗਿਆਨਾ ਸੀ , ਹਰੀਏ  ਮਾਮੇ ਦਾ ਛੋਟਾ ਮੁੰਡਾ । ਕਰੀਬ ਕਰੀਬ ਮੇਰਾ ਹਾਣੀ । ਹੁਣ ਵੀਹ ਵਰ੍ਹੇ ਵੱਡਾ ਦਿਸਦਾ ਸੀ ਮੇਰੇ ਤੋਂ , ਦਾੜ੍ਹੀ ਸਾਰੀ ਪੂਰੀ ਚਿੱਟੀ । ਚਿੱਟੀ ਨਹੀ ਬੱਗੀ । ਅੰਦਰ ਵੱਲ ਨੂੰ ਧੱਸ ਗਈਆਂ ਅੱਖਾਂ । ਟੋਏ  ਬਣੀਆਂ ਖਾਖਾਂ । ਉਸਨੂੰ ਪੂਰਾ ਪਛਾਣ ਕੇ ਮੇਰੀ ਜਿਵੇਂ ਲੇਅਰ ਹੀ ਨਿਕਲ ਗਈ । ਮੈਂ ਉਸਨੂੰ ਧਾਅ ਗਲਵੱਕੜੀ  ਪਾ ਲਈ । ਪਰ , ਉਹ ਅਡੋਲ ਦਾ ਅਡੋਲ ਖੜ੍ਹਾ ਸੀ । ਉਸ ਲਈ ਇਸ ਦਾ ਜਿਵੇਂ ਕੋਈ ਅਰਥ ਨਾ ਹੋਵੇ । ਨਾ ਉਸਨੇ ਬਾਹਾਂ ਮੇਰੇ ਦੁਆਲੇ ਵਗਲੀਆਂ , ਨਾ ਸਿਰ ਮੇਰੇ ਮੋਢੇ ਤੇ ਰੱਖਿਆ । ਇਹ ਉਸ ਦਾ ਰੋਸਾ-ਗੁੱਸਾ ਸੀ ਮੇਰੇ ਤੇ – ਪੈਰ ਪੈਰ ਤੇ ਨਾਨਕੇ ਘਰ ਦੀ ਖ਼ਬਰਸਾਰ ਲੈਣ ਵਾਲਾ ਮੈਂ , ਕਈ ਕਈ ਦਿਨ ਊਦ੍ਹੋ ਮਾਮੇ ਨਾਲ ਗੱਲੀਂ ਲੱਗਾ ਰਹਿਣ ਵਾਲਾ ਬਲਕਾਰ , ਹੁਣ ਕਿਧਰੋਂ ਆ ਧਮਕਿਆ ਸੀ ਐਨੇ ਚਿਰੀਂ !
ਏਨੇ ਕੁ ਨਾਲ ਵੀ ਉਸਦਾ ਅੰਦਰ ਹਲਕਾ ਨਹੀਂ ਸੀ ਹੋਇਆ । ਅਗਲੇ ਹੀ ਸਾਹ ਉਸਦਾ ਜਿਵੇਂ ਕੜ ਪਾਟ ਗਿਆ ਹੋਵੇ – ਉੱਚੀ ਉੱਚੀ ਰੋਣ-ਧੋਣ, ਵਿਚ –ਵਾਰ ਹਉਕੇ-ਹਟਕੋਰੇ , ਬੇ ਰੋਕ-ਟੋਕ ਅੱਥਰੂ । ਉਸ ਅੰਦਰ ਇਹ ਜਿਵੇਂ ਚਿਰਾਂ ਤੋਂ ਰੁਕੇ ਪਏ ਸਨ । ਮੈਂ ਉਸਨੂੰ ਇਉਂ ਕਰਦੇ ਨੂੰ ਰੋਕਿਆ ਨਾ ।ਮੇਰੀਆਂ ਬਾਹਾਂ ਚੋਂ ਨਿਕਲ , ਉਹ ਖੂਹ ਦੀ ਉੱਖੜੀ-ਢੱਠੀ ਮੌਣ ਤੇ ਬੈਠ ਗਿਆ ਸੀ । ਉਸ ਅੰਦਰਲਾ ਗੁੱਭ-ਗੁਭਾਰ ਉਸਦੇ ਗਲੇ ਚੋਂ ਮਸਾਂ ਨਿਕਲਦੇ ਬੋਲ ਵੀ ਕੱਢਦ ਗਏ – ਬੱਲੀ ਭਾਅ...ਹਾਰ ਗਿਆਂ ਮੈਂ ....ਹਓਂਕ ...ਨਈਂ ਸਾਂਭੀ ਗਈ ਮੇਰੇ ਕੱਲੇ ਤੋਂ ...ਹਓਅਕ ...।ਸੰਤ ਸੌਹਰੀਂ ਜਾ ਵੜਿਆ ...ਹਓਂਅ ...। ਉਹ ਕਦੀਈ ਆਉਂਦਾ ...ਉਹ ਵੀ ਹਿੱਸਾ ਮੰਗਣ ...ਹਓਅ...।ਮੈਂ...ਮੈਂ....ਹੳਅ ...ਕੁੜੀਆਂ ਉਮਰੋਂ ਟੱਪ ਚੱਲੀਆਂ  ਦੋਨੋਂ ...ਹਉਂਅ । ਬੱਲੀ ਭਾਅ....ਲੋਕੀਂ ....।
ਇਕ ਵਾਰ ਫਿਰ ਉਸਦੀ ਚੀਕਵੀਂ ਤਿੱਖੀ ਲੇਅਰ ਨਿਕਲ ਗਈ । ਤਿੱਖੀ ਵੀ ਤੇ ਕਈ ਗੁਣਾਂ ਦਰਦੀਲੀ ਵੀ । ਫਿਰ ਝੱਟ ਉਸਨੇ ਆਪਣਾ  ਆਪ ਸਾਂਭ ਲਿਆ । ਸ਼ਾਇਦ ਉਸਨੂੰ ਲੱਗਾ ਹੋਵੇ ਕਿ ਕੁੜੀਆਂ ਦੀ ਗੱਲ ਕਰਦਾ ਉਹ ਵਾਧੂ ਦਾ ਬੋਲ ਗਿਆ ਹੈ । ਉਸਨੇ ਜਿਵੇਂ ਕਿਸੇ ਅੱਗੇ ਹੱਥ ਅੱਡ ਦਿੱਤਾ ਹੋਵੇ । ਅਗਲੇ ਹੀ ਪਲ ਉਸਨੇ ਮੈਲੇ –ਕੁਚੈਲੇ ਕੁਰਤੇ ਨਾਲ ਅੱਖਾਂ ਪੂੰਝ ਲਈਆਂ । ਘਰੋੜਵਾਂ ਖੰਗੂਰਾ ਮਾਰਕੇ ਗਲ੍ਹਾ ਸਾਫ਼ ਕਰ ਲਿਆ ਹੁਣ ਤਕ ਚੱਲੀ-ਚਲਾਈ  ਬਾਤ-ਚੀਤ ਮੁੱਢੋਂ ਬਦਲ ਦਿੱਤੀ – ਹਾਅ ਮੰਗਲ ਦਾ ਮੁੰਡਾ ਸੀ , ਫੌਜੀ ਮੰਗਲ ਦਾ ...। ਉਹ ਕਰ ਲੈਂਦਾ ਮਾੜਾ-ਪਤਲਾ ਓਹੜ –ਪੋੜ੍ਹ । ਜਿੱਦਣ ਚਾਚਾ ਵਾਹਲਾ ਈ ਤੰਗ ਹੋਵੇ ...ਲੈ ਆਇਦਾ ਉਹਨੂੰ ...।
ਪਰ ਮੈਂ ...ਮੈਨੂੰ ਉਸਦੀ ਆਖੀ ਨਾ ਪੂਰੀ ਤਰ੍ਹਾਂ ਸੁਣੀ , ਨਾ ਸਮਝ ਆਈ । ਉਸਦੇ ਵਹਿਣ ਚ ਰੁੜ੍ਹਿਆ  ਮੈਂ ਉਸ ਵਾਂਗ ਹੀ ਬੇ-ਹਿਸ ਹੋਇਆ ਪਿਆ ਸੀ । ਊਦ੍ਹੋ ਮਾਮੇ ਨਾਲੋਂ ਵੱਧ ਮੈਂ ਉਸ ਦੇ ਅਤੀਤ ਨਾਲ , ਉਸਦੇ ਵਰਤਮਾਨ ਨਾਲ ਜੁੜਿਆ ਪਿਆ ਸੀ – ਕਿੱਥੇ ਡਿੱਗੀ-ਢੱਠੀ ਮੌਣ ਤੇ , ਸਾਹਮਣੇ ਬੈਠਾ ਉਧੜਿਆ-ਉਧੜਿਆ ਗਿਆਨ , ਕਿੱਥੇ ਭਰ-ਜੁਆਨ ਮੁੱਸ-ਫੁੱਟ ਜਾਫੀ । ਗੱਠੇ-ਤਰਾਸ਼ੇ ਅੰਗ –ਪੈਰ ।ਫੁਰਤੀਲੀ ਸੁਡੌਲ ਦੇਹ । ਜਿਸਦਾ ਨਾਂ ਸੁਣਦਿਆਂ ਅਗਲੀ ਟੀਮ ਊਈਂ ਸਹਿਮ ਜਾਂਦੀ ਸੀ , ਕਬੱਡੀ ਮੈਚ ਖੇਲਣ ਲੱਗਿਆਂ । ਪਰ ਹੁਣ ....ਹੁਣ ਕੀ ਹੋ ਗਿਆ ਸੀ ਉਸਨੂੰ ! ਕਿਨ੍ਹੇ ਕੀਤੀ ਸੀ ਉਸਦੀ ਇਹ ਖੋਹ-ਖਿੰਝ ? ਆਪ ਨੂੰ ਤਾਂ ਉਸਨੂੰ ਨਾ ਕੋਈ  ਵੈਲ ਸੀ ,ਨਾ ਐਬ । ਬਚਿਆ ਰਿਹਾ ਸੀ ਮੁੱਢ ਸ਼ੁਰੂ ਤੋਂ । ਹਾਲੀਂ ਸੰਤ ਮਾਰ ਲੈਂਦਾ ਸੀ ਮੂੰਹ ਸਭ ਕਾਸੇ ਨੂੰ । ਪਰ ਗਿਆਨ , ਉਹ ਤਾਂ ਵੈਲੀਆਂ-ਨਿਸ਼ੇੜੀਆਂ  ਦੇ ਕਦੀ ਲਾਗਿਉਂ ਦੀ ਵੀ ਨਹੀਂ ਸੀ ਲੰਘਿਆ । ਫਿਰ ...ਫਿਰ ਉਸਦੀ ਇਵੇਂ ਦੀ ਬਣੀ ਵਿਗੜੀ ਦਸ਼ਾ ਦਾ ਕੌਣ ਸੀ ਜੁੰਮੇਂਦਾਰ ।
ਮੇਰੇ ਨਾਵਲੀ ਗਿਆਨ ਨੇ ਵੀ ਮੈਨੂੰ ਇਹ ਉਲਝਣ ਚੋਂ ਬਾਹਰ ਨਾ ਕੱਢਿਆ । ਮੈਨੂੰ ਇਹ ਲਿਖਤ-ਸੂਝ ਕੋਰੀ ਨਹੀਂ ਤਾਂ ਕੱਚੀ ਜ਼ਰੂਰ ਲੱਗਣ ਲੱਗ ਪਈ । ਉਦ੍ਹੋ ਮਾਮੇ ਤੋਂ ਐਨੇ ਵਰ੍ਹੇ  ਕੱਟੇ ਰਹਿਣ ਦਾ ਪਛਤਾਵਾ ,ਮੇਰੇ ਦਿਲ-ਦਿਮਾਗ ਨੂੰ ਜਿਵੇਂ ਜ਼ਖਮੀ ਕਰਨ ਲੱਗ ਪਿਆ । ਕਦੀ ਖੇਤ , ਕਦੀ ਯੂਨੀਵਰਸਿਟੀ , ਕਦੀ ਕੋਠੀ ਇਕ ਤਰ੍ਹਾਂ ਦਾ ਜਕੜ-ਜੰਜਾਲ ਬਣ ਕੇ ਰੋਕਦੇ ਰਹੇ ਸੀ ਮੈਨੂੰ , ਊਦੋਂ ਮਾਮੇ ਵੱਲ ਨੂੰ ਤੁਰਨ ਲੱਗੇ ਨੂੰ । ਹੁਣ ...ਇਸ ਵਾਰ ਆਇਆ ਹੀ ਆਇਆ , ਤਾਂ ਮਾਮੇ ਦੀ ਹਾਲਤ...ਇਸ ਹੱਦ...।
ਇਕ-ਦਮ ਮੈਂ ਸਭ ਕੁਝ ਸੋਚਣਾ ਬੰਦ ਕਰ ਦਿੱਤਾ ।ਨੀਵੀਂ ਪਾਈ ਬੈਠੇ ਗਿਆਨ ਨੂੰ ਹਲੂਣਿਆਂ- ਉੱਠ ਜਾਹ , ਕਿਸੇ ਕਾਰ-ਮੋਟਰ ਦਾ ਪ੍ਰਬੰਧ ਕਰ । ਜੇ ਪਿੰਡ ਹੈਗੀ ਕਿਸੇ ਦੀ ਤਾਂ ਖਰੀ ਵਾਹਵਾ ,ਭਾੜੇ ਤੇ ਕਰ ਲਿਆ । ਨਹੀਂ ਤਾਂ ਚਲਦੇ ਆਂ ਦੋ-ਸੜਕੇ ਨੂੰ । ਮੈਂ ਵੀ ਚੱਲਦਾਂ ਤੇਰੇ ਨਾਲ । ਮਾਮੇ ਨੂੰ ਖੜੀਏ  ਕਿਧਰੇ ....।
ਗਿਆਨ ਨੇ ਬਿਨਾਂ ਕਿਸੇ ਉੱਤਰ-ਹੰਗਾਰੇ ਦੇ ਸਾਈਕਲ ਲਿਆ । ਤੇਜ਼ ਤੇਜ਼ ਪੈਡਲ ਮਾਰਦਾ ਪਿੰਡ ਵੱਲ ਹੋ ਤੁਰਿਆ ।
ਅੱਧੇ-ਪੌਣੇ ਘੰਟੇ ਚ ਅਸੀ ਸ਼ਹਿਰ ਸਰਕਾਰੀ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਸਾਂ । ਛਿੰਦੇ ਭੈਂਗੇ ਦੀ ਕਾਰ –ਟੈਕਸੀ ਚ । ਉਸਦੀ ਪਿੰਡ ਕਰਿਆਨੇ ਦੀ ਦੁਕਾਨ ਸੀ ,ਨਾਲ ਨਾਲ ਟੈਕਸੀ ਕਾਰੋਬਾਰ ।
ਉਦ੍ਹੋ ਮਾਮੇ ਨੇ ਅਜੇ ਤਕ ਸੁਰਤ ਨਹੀਂ ਸੀ ਕੀਤੀ । ਪਤਾ ਨਹੀਂ ਕਿਹੋ ਜਿਹਾ ਇਲਾਜ ਕੀਤਾ ਸੀ , ਮੰਗਲ ਫੌਜੀ ਦੇ ਝੋਲਾ –ਛਾਪ ਡਾਕਟਰ ਨੇ ।
ਉਹ ਝੋਲਾ-ਛਾਪ ਤਾਂ ਖੈਰ ਲੱਭ ਹੀ ਗਿਆ ਸੀ ਆਪਣੇ ਕਲੀਨਿਕ ਤੇ । ਉਹ  ਤਾਂ ਤੁਰ ਵੀ ਪਿਆ ਸੀ ਗਿਆਨ ਨਾਲ ਉਸੇ ਵੇਲੇ । ਪਰ,ਐਥੇ ਵੱਡੇ ਸ਼ਹਿਰ ਦੇ ਵੱਡੇ ਸਰਕਾਰੀ ਹਸਪਤਾਲ ਚ ਜਿਵੇਂ ਉਜਾੜ ਪਈ ਹੋਵੇ ਦੁਪਹਿਰੇ ਦਿਨ ਦੇ । ਨਾ ਕੋਈ ਇੰਦਾ , ਨਾ ਪਰਿੰਦਾ । ਕਿਧਰੇ ਕੋਈ ਟਾਵੀਂ ਟਾਵੀਂ ਨਰਸ ਜ਼ਰੂਰ ਫਿਰਦੀ-ਘੁੰਮਦੀ ਦਿਸੀ ਐਧਰ-ਓਧਰ । ਪੁੱਛਣ ਤੇ ਪਤਾ ਲੱਗਾ, ਦੋ ਵੱਜ ਚੁੱਕੇ ਸਨ, ਡਾਕਟਰ ਜਾ ਚੁੱਕੇ ਸਨ ਘਰਾਂ ਨੂੰ ।
ਪਰ ਇਹ ਤਾਂ ਐਮਰੇਜੈਂਸੀ ...ਈ...ਈ....ਏਥੇ ਤਾਂ ਕਿਸੇ ਨਾ ਕਿਸੇ ਦੀ ਡਿਊਟੀ ....”, ਮੇਰੀ ਤਲਖੀ , ਵਾਰਡ ਚੋਂ ਨਿਕਲ ਕੇ ਕਾਉਂਟਰ ਵੱਲ ਨੂੰ ਆਉਂਦੀ ਸਟਾਫ਼ ਨਰਸ ਵੱਲ ਨੂੰ ਉਭਾਸਰੀ । ਉਸ ਦਾ ਖਿਝੀ-ਖਪੀ ਦਾ ਉੱਤਰ ਸੀ – ਤੁਸੀਂ ਆਪਣਾ ਮਰੀਜ਼ ਦਾਖਲ ਕਰੋ , ਹੋਰ ਗੱਲਾਂ ਰਹਿਣ ਦਿਓ ...।
ਮੈਂ , ਉਸ ਵੱਲੋਂ ਦਿੱਤਾ ਫਾਰਮ ਭਰ ਕੇ ਉਸ ਨੂੰ ਫੜਾਇਆ । ਉਸਨੇ ਦੋ ਸੌ ਵੀਹ ਰੁਪਏ  ਮੰਗ ਲਏ ।
ਬੀਬੀ ਦੋ ਸੌ ਕਾਦ੍ਹਾ? ਵੀਹ ਤਾਂ ਮੰਨਿਆ ਫੀਸ ਹੋਣੀ ਆ , ਦਾਖਲਾ –ਫੀਸ ....ਗਿਆਨ ਨੂੰ ਸ਼ਾਇਦ ਦਾਖ਼ਲਾ ਫੀਸ ਦਾ ਥੋੜ੍ਹਾ ਕੁ ਇਲਮ ਹੈਗਾ ਸੀ ।
ਏਹ ਡਾਕਟਰ ਤੋਂ ਪੁਛਿਓ , ਉਹ ਸਾਨੂੰ ਏਨੇ ਈ ਆਖ ਕੇ ਗਏ ਆ ....।ਮੈਂ ਜੱਕ-ਤੱਕ ਨਾ ਕੀਤੀ , ਝੱਟ ਉਸਨੂੰ ਮੰਗੇ ਫੜਾ ਦਿੱਤੇ ।
ਇਸ ਵਾਰ ਉਹ ਬੋਲੀ ਕੁਝ ਨਾ । ਉਂਝ ਸੱਜੇ ਹੱਥ ਦੀ ਪਹਿਲੀ ਉਂਗਲੀ ਸਿੱਧੀ ਕਰਕੇ ਐਂਮਰੇਜੈਂਸੀ ਰੂਮ ਦੇ ਅੰਦਰ ਵੱਲ ਨੂੰ ਘੁੰਮਦੀ ਕਰ ਦਿੱਤੀ । ਉਸ ਨੇ ਇਹ ਕਿਹਾ ਸੀ – ਮਰੀਜ਼ ਨੂੰ ਉਸ ਬੈੱਡ ਤੇ ਲੇਟਦਾ ਕਰ ਦਿਓ ।
ਅਸੀਂ ਉਵੇਂ ਕਰ ਦਿੱਤਾ ।
ਸਟਰੇਚਰ ਤੋਂ ਬੈੱਡ ਤੇ ਪਰਤ ਹੁੰਦੇ ਊਦ੍ਹੋ ਮਾਮੇ ਅੰਦਰੋਂ ਇਕ ਜ਼ੋਰਦਾਰ ਚੀਸ ਨਿਕਲੀ-ਹਆ...ਏ...ਏ...।
ਸੁਣਦਿਆਂ ਸਾਰ ਮੇਰੇ ਪੈਰਾਂ ਹੇਠਲੀ ਧਰਤੀ ਖਿਸਕ ਗਈ , ਹਾਏ ਤਾਂ ਉਸਨੇ ਹੁਣ ਤਕ ਕੱਢੀ ਹੀ ਨਹੀਂ ਸੀ ਮੂਹੋਂ । ਨਾ ਟੀਕਾ ਲਗਦੇ ਸਮੇਂ , ਨਾ ਮੰਜੀ ਤੇ ਪਏ  ਤੜਫਦੇ ਨੇ , ਖੂਹ ਤੇ ।
ਫਿਰ ਇਵੇਂ ਦੀ ਲਾਚਾਰਗੀ , ਉਹ ਵੀ ਮਾਮੇ ਵੰਨੀਓਂ , ਕੈਦਾਂ , ਕਾਲ-ਕੋਠੜੀਆਂ , ਮੁਸ਼ੱਕਤਾਂ , ਮਾਰਾਂ-ਕੁੱਟਾਂ ਨੂੰ ਟਿੱਚ ਜਾਨਣ ਵਾਲੇ ਊਦਮ ਸਿੰਘ ਗ਼ਦਰੀ ਮੂੰਹੋ ...? ਮੈਂ ਸਾਰੇ ਦਾ ਸਾਰਾ ਮਿੱਟੀ ਹੋ ਗਿਆ । ਆਪ-ਮੁਹਾਰੇ ਮੇਰੇ ਦੋਨੋਂ ਹੱਥ ਅਰਦਾਸ ਕਰਨ ਵਾਂਗ ਜੁੜ ਗਏ । ਕਾਹਦੀ ਅਰਦਾਸ , ਕਿਹੋ ਜਿਹੀ ਬੇਨਤੀ । ਕਿਸ ਦੀ ਖਾਤਰ , ਕਿਹਦੇ ਅੱਗੇ ? ਆਪਣੇ ਆਪ ਨੂੰ ਸੰਭਾਲਦਾ ਰੱਖਣ ਲਈ ਜਾਂ ਊਦ੍ਹੋ ਮਾਮੇ ਦੀ ਪੀੜ ਮੁਕਤੀ ਲਈ ? ਕਿਸੇ ਗੱਲ ਦੀ ਵੀ ਮੈਨੂੰ ਸਮਝ ਨਾ ਲੱਗੀ , ਊਦ੍ਹੋ ਮਾਮੇਂ ਨੇ ਤਾਂ ਇਵੇਂ ਕਦੀ ਵੀ ਨਹੀਂ ਸੀ ਕੀਤਾ  ਕਦੀ ਵੀ ਡੋਲਿਆ –ਘਬਰਾਇਆ ਨਹੀਂ ਸੀ ਉਹ । ਅਟਕ ਜੇਲ੍ਹ   ਬੰਦ ਹੋਇਆ ਵੀ ਉਹ ਅਡੋਲ ਰਿਹਾ ਸੀ ਇਕ-ਦਮ ...।ਅਫ਼ਗਾਨੀ ਕੈਦ ਚੋਂ ਚਕਮਾ ਦੇ ਕੇ ਭੱਜਿਆ , ਲੁਕ-ਛਿਪ ਕੇ ਦੇਸ਼ ਮੁੜਦਾ ਮਾਮਾ ਦੋ ਗ਼ਦਰੀਆਂ ਸਮੇਤ ਫੜ ਹੋ ਕੇ ਅਟਕ ਜੇਲ੍ਹ ਚ ਪੁੱਜ ਗਿਆ , ਤੇ ਪੁੱਜਦਿਆਂ ਸਾਰ ਹੀ ਵਹਿਸ਼ੀ ਕਿਸਮ ਦੇ ਜ੍ਹੇਲਰ ਚੰਦਰਭਾਨ ਨਾਲ ਉਲਝ ਪਿਆ ਸੀ, ਪਰੇਡ ਮਸਲੇ ਤੇ ।
ਆਪਣੇ ਮੁਕਤੀ –ਪੰਧ ਦਾ ਵੇਰਵਾ ਦੱਸਦੇ ਊਦ੍ਹੋ ਮਾਮੇ ਨੇ ਇਕ ਵਾਰ ਦੱਸਿਆ ਸੀ ਮੈਨੂੰ ਕਿ , ਉਸ ਤੋ ਪਹਿਲਾਂ ਅਟਕ ਜੇਲ੍ਹ ਚ ਪੁੱਜੇ ਕਰੀਬ ਸਾਰੇ ਕੈਦੀ ਰਾਜਸੀ ਸਨ । ਫੜ ਤਾਂ ਉਹ ਨਾ –ਮਿਲਵਰਤਨ ਅੰਦੋਲਨ ਕਾਰਨ ਹੋਏ ਸਨ , ਪਰ ਉਹਨਾਂ ਚ ਦਿੱਖ ਵਜੋਂ ਬਹੁਤੇ ਅਕਾਲੀ ਸਨ । ਥੋੜ੍ਹੇ ਕੁ ਕਾਂਗਰਸੀ , ਆਰੀਆ ਸਮਾਜੀ , ਲੀਗੀ ਵੀ ਸਨ । ਉਹਨਾਂ ਵਿਚ ਇਕ ਆਜ਼ਾਦ ਟੋਲਾ ਵੀ ਸੀ ਸਹਿੰਸਰੇ ਹੋਣਾਂ ਦਾ । ਇਹ ਟੋਲਾ ਉਸ ਵਾਂਗ ਰਵਾਇਤੀ ਕਿਸਮ ਦੇ ਪਾਠ-ਪਠਨ ਵਿਚ ਕੋਈ ਯਕੀਨ ਨਹੀਂ ਸੀ ਰੱਖਦਾ । ਨਾ ਰੱਬ ਦੀ ਹੋਂਦ ,ਨਾ-ਹੋਂਦ ਤੇ ਕੋਈ ਇਤਰਾਜ਼ ਸੀ ਇਸ ਨੂੰ । ਉਂਝ ਇਹ ਸਾਰੇ ਹੀ ਹੱਦੋਂ ਵੱਧ ਤੰਗ ਸਨ ਚੰਦਰਭਾਨ ਤੋਂ । ਉਸਦੀ ਜ਼ਾਲਮਾਨਾਂ ਕਿਸਮ ਦੀ ਪਰੇਡ ਤੋਂ । ਰੋਟੀ ਵੇਲੇ, ਨਹਾਉਣ ਵੇਲੇ , ਜੰਗਲਪਾਨੀ ਜਾਣ ਵੇਲੇ , ਸੌਣ ਵੇਲੇ , ਜਾਗਣ ਵੇਲੇ , ਗੱਲ ਕੀ ਪੈਰ-ਪੈਰ ਤੇ ਪਰੇਡ ,ਪੈਰ ਪੈਰ ਤੇ ਗਿਣਤੀ , ਉਹ ਵੀ ਲਾਈਨ ਹਾਜ਼ਰ ਕਰਕੇ । ਆਖ਼ਰ ਸਾਰੇ ਹੀ ਬਾਗੀ ਹੋ ਗਏ । ਪਰੇਡ-ਅਦੁਲੀ ਸ਼ੁਰੂ , ਖਾਣਾ –ਪੀਣਾ ਬੰਦ । ਜੇਲ੍ਹ-ਹਾਕਮਾਂ ਨੂੰ ਚੜ ਗੁੱਸਾ ਗਿਆ , ਉਹਨਾਂ ਹੋਰ ਵੀ ਸਖ਼ਤੀ ਕਰ ਦਿੱਤੀ । ਕਈ ਸਾਰੇ ਹਰਬੇ ਵਰਤ ਕੇ ਆਖ਼ਰ ਉਸ ਮਾਰ-ਕੁੱਟ ਕੇ ਉੱਤਰ ਆਏ । ਵਾਰੀ ਲਾ ਕੇ । ਇਹ ਕੁੱਟਾਂ –ਮਾਰਾਂ ਕਾਂਗਰਸੀ , ਆਰੀਆ ਸਮਾਜੀ ਤਾਂ ਸਹਿ –ਸਹਾਰ ਗਏ  ਔਖੇ –ਸੌਖੇ । ਪਰ ਤੀਜੇ ਕੁ ਦਿਨ ਅਕਾਲੀ ਟੋਲੇ ਚੋਂ ਭਗਵਾਨ ਸਿੰਘ ਢੰਡ- ਕਸੇਲ ਨੇ ਉਸ ਵੱਲ ਨੂੰ ਪੈਰ ਪੁੱਟਣ ਲੱਗੇ ਜੇਲ੍ਹ-ਗਾਰਡਾਂ , ਗੁੰਡੇ-ਲੰਬੜਦਾਰਾਂ ਨੂੰ ਜ਼ੋਰਦਾਰ ਭਬਕ ਮਾਰੀ – ਖ਼ਬਰਦਾਰ ਜੇ ਹੱਥ ਚੁੱਕਿਆ ਮੇਰੇ ਤੇ । ਖੂਨ ਪੀ ਜਾਊਂ ਮੈਂ ਤਾੜ੍ਹਾ ਖੂਨ । ਲੋਹਾ ਘੋਲ ਕੇ ਪੀਤਾ ਵਾ ਮੈਂ , ਲੋਹਾ । ਉਸਨੇ ਪੈਂਦੀ ਸੱਟੇ ਤਿੰਨਾਂ ਕੁ ਨੂੰ ਖਿੱਚਵੀਂ ਭੂਆਂਟਣੀ ਦੇ ਮਾਰੀ । ਤਿੰਨੇ ਮੂੰਹਦੜੇ-ਮੂੰਹ ਚਿੱਤ । ਉਹਨਾਂ ਚੋਂ ਡੋਲਦੇ-ਡਿੱਗਦੇ ਦਾ ਇਕ ਦਾ ਸਿਰ ਚੰਦਰਭਾਨ ਦੇ ਚੱਡਿਆਂ ਤੇ ਜਾ ਵੱਜਾ । ਚੰਦਰਭਾਨ ਦਾ ਕੁੱਲਾ –ਪੱਗ ਕਿਧਰੇ ,ਰੂਲ-ਸੋਟਾ ਕਿਧਰੇ , ਆਪ ਉਹ ਕਿਧਰੇ । ਲਾਲ-ਪੀਲਾ ਹੋਏ ਨੂੰ ਉਸ ਨੂੰ ਜਾਣੋ ਅੱਗ ਹੀ ਲੱਗ ਗਈ। ਉਸਨੇ ਇਕੋ-ਵਾਰਗੀ ਹੱਲਾ ਬੋਲ ਦਿੱਤਾ ਭਗਵਾਨ ਸਿੰਘ ਤੇ । ਕਈ ਜਣੇ ਹੋਰ ਵੀ ਟੁੱਟ ਕੇ ਪੈ ਗਏ ਉਸਨੂੰ । ਘੱਟ ਤਾਂ ਉਹਨੇ ਵੀ ਨਾ ਕੀਤੀ ਅੱਗੋਂ ਪਰ ਪੰਦਰਾਂ –ਵੀਹਾਂ ਸਾਹਮਣੇ ਉਸਦੀ ਪੇਸ਼ ਨਾ ਗਈ ਇਕੱਲੇ ਦੀ । ਡਾਂਗਾਂ-ਸੋਟੇ , ਠੁੱਡੇ-ਹੁੱਜਾਂ ਉਸਨੂੰ , ਉਹਨਾਂ ਹਲਾਲ ਹੀ ਕਰ ਸੁੱਟਿਆ । ਆਪਣੀ ਬੈਰਕ ਲਾਗੇ ਖੜ੍ਹੇ ਊਦ੍ਹੋ ਮਾਮੇ ਤੋਂ ਉਸਦੀ ਮਾਰ-ਕੁੱਟ ਸਹਾਰੀ ਨਾ ਗਈ । ਤੇਜ਼ ਦੁੜਕੀ ਦੌੜ ਕੇ , ਉਹ ਉਸ ਉੱਪਰ ਜਾ ਵਿਛਿਆ । ਕਸੇਲ ਉੱਪਰ ਵਰ੍ਹਨ ਵਾਲੀ ਡਾਂਗ ਮਾਮੇ ਨੂੰ ਸੇਕਾ ਲਾਉਣ ਲੱਗੀ । ਉਸਦਾ ਪਿੱਠ-ਪਿੰਡਾ , ਲੱਤਾਂ –ਬਾਹਾਂ ਸਿਰ-ਮੂੰਹ ਸਭ ਝੰਬੇ ਗਏ । ਉਸਦੇ ਮੂੰਹੋਂ ਹਰ ਸਾਹ ਨਿਕਲਦੇ ਬੋਲ , ਗੁਰ-ਫਤੇਹ ਦਾ ਜੈਕਾਰਾ ਸਨ ਜਾਂ ਇਨਕਲਾਬ ਜ਼ਿੰਦਾਬਾਦ ਦਾ ਨਾਅਰਾ  । ਉਸਨੇ ਇਕ ਵਾਰ ਵੀ ਕਿਧਰੇ ਹਾਏ ਨਹੀਂ ਸੀ ਆਖੀ, ਬੇ-ਹੋਸ਼ ਹੋ ਜਾਣ ਤਕ ਵੀ ਨਹੀਂ ।
ਹਸਪਤਾਲ ਦੇ ਐਮਰਜੈਂਸੀ ਬੈੱਡ ਤੇ ਪਾਉਣ ਲੱਗੇ ਮਾਮੇ ਦੇ ਮੂੰਹੋਂ ਨਿਕਲੀ ਹਾਅਏ ਨੇ  ਮੇਰੀ ਜਾਨ ਹੀ ਕੱਢ ਲਈ । ਸਾਫ਼ ਜ਼ਾਹਰ ਸੀ ,ਉਸਨੂੰ ਝੱਲਣਾ ਪੈ ਰਿਹਾ ਦੁੱਖ , ਚੰਦਰਭਾਨੀ ਮਾਰ ਨਾਲੋਂ ਕਈ ਗੁਣਾਂ ਵੱਧ ਸੀ । ਵੱਧ ਵੀ ਤੇ ਰੂਹ-ਚੀਰਵਾਂ ਵੀ । ਮੈਥੋਂ ਆਪਣਾ ਆਪ ਸੰਭਾਲਿਆ ਨਾ ਗਿਆ । ਮਾਮੇ ਅੰਦਰ ਦੀ ਪੀੜ –ਚੀਸ ਜਿਵੇਂ ਮੇਰੇ ਅੰਦਰ ਪ੍ਰਵੇਸ਼ ਕਰ ਗਈ । ਲੁੜ੍ਹਕਦੇ –ਡੋਲਦੇ ਕਮਰਿਉਂ ਬਾਹਰ ਨਿਕਲਦੇ ਦਾ ਮੇਰਾ ਤਲਖਂ ਆਪਾ ਹੋਰ ਵੀ ਪ੍ਰਚੰਡ ਹੋ ਗਿਆ – ਨਰਸ, ਓਹ ਨਰਸ ...ਕਦ ਆਊ ਤੇਰਾ ਡਾਕਟਰ ? ਲਿਆ ਦੇਅ ਮੈਨੂੰ ਉਦ੍ਹਾ ਫੋਨ ਨੰਬਰ ...ਮੈਂ ਕਰਦਾਂ ਉਸ ਮਾਦਰ...ਨਾ ਗੱਲ । ਮਰੀਜ਼ ਦੀ ਜਾਨ ਤੇ ਬਣੀ ਪਈ ਆ , ਉਹ ਭੈਣ ...ਪਤਾ ਨਈਂ ਕਿੱਧਰ ਤੁਰਿਆ ਫਿਰਦਾ ....।
ਮੇਰੇ ਅੰਦਰਲਾ ਕਬਾਇਲੀ ਜੱਟ ਇਕ-ਦਮ ਉਭਾਸਰ ਪਿਆ ।
ਪਰ,ਝੱਟ ਹੀ ਇਹ ਟਰੇਅ-ਚੁੱਕੀ ਆਉਂਦੀ ਇਕ ਬਲੂਰ ਜਿਹੀ ਨਰਸ ਸਾਹਮਣੇ ਛਿੱਥਾ ਪੈ ਗਿਆ । ਉਸਦੀ ਤਾੜਵੀਂ ਨਿਗਾਹ ਜਿਵੇਂ ਮੈਨੂੰ ਲਆਨਤ ਪਾ ਰਹੀ ਸੀ –ਅਕਲ ਕਰ ਕੁਸ਼ ਅਕਲ ...ਧੀਆਂ ਭੈਣਾਂ ਸਾਹਮਣੇ ਗਾਲ੍ਹਾਂ ...।
ਉਸਦੇ ਸਹਿਜ –ਟਿਕਵੇ ਹੱਥ ਮਾਮੇ ਦੀ ਮੁੱਢਲੀ –ਸਹਾਇਤਾ ਕਰਦੇ ਨਾਲ ਦੀ ਨਾਲ ਉਸ ਨਾਲ ਬਾਤ-ਚੀਤ ਵੀ ਕਰਨ ਲੱਗ ਪਏ –ਦਰਦ ਕਿੱਥੇ ਹੁੰਦੀ ...ਖੰਘ ਕਿੰਨੇ ਚਿਰਾਂ ਦੀ ਆਂ ....ਸਾਹ ਕਦੋਂ ਤੋਂ ਰੁਕਦਾ ....?
ਮਾਮਾ ਨਰਸ ਨਾਲ ਗੱਲਾਂ –ਬਾਤਾਂ ਕਰਕੇ ਫਿਰ ਸੌ ਗਿਆ । ਸ਼ਾਮ ਦੇ ਸੱਤ ਕੁ ਵਜੇ ਕੋਈ  ਜਣਾ ਝੱਖੜ ਵਰਗੀ ਤੇਜ਼ੀ ਨਾਲ ਵਾਰਡ ਅੰਦਰ ਦਾਖ਼ਲ ਹੋਇਆ । ਮਧਰਾ ਕੱਦ , ਮੂੰਹ-ਸਿਰ ਦੀ ਘੋਟਵੀਂ ਹਜ਼ਾਮਤ, ਭੜਕੀਲੇ ਰੰਗੀ ਪੈਂਟ-ਕਮੀਜ਼ , ਪੈਰੀਂ ਚਿੱਟੇ ਐਕਸ਼ਨੀ ਬੂਟ । ਦੇਖਣ –ਚਾਖਣ ਨੂੰ ਨਿਰਾਪੁਰਾ ਆਰਕੈਸਟਰਾ ਬਾਜਦਾਰ । ਪਰ ਉਸਦੇ ਇਕ ਹੱਥ ਲਮਕਦੀ ਸਾਹ-ਟੋਹਣੀ ਉਸ ਦੇ ਡਾਕਟਰ ਹੋਣ ਦਾ ਪ੍ਰਮਾਣ ਬਣਦੀ ਸੀ । ਉਸਨੇ ਆਪਣੀ ਚਾਲ ਵਰਗੀ ਤੇਜ਼ੀ ਨਾਲ ਮਾਮੇ ਦੀ ਛਾਤੀ-ਪਿੱਠ ਟੋਹੀ । ਬੰਦ ਹੋਈਆਂ ਅੱਖਾਂ ਪੁੱਟ ਕੇ ਦੇਖਿਆ । ਫਿਰ, ਝੱਟ ਦੇਣੀ ਰਿਪੋਰਟ-ਕਾਰਡ ਤੇ ਕਿੰਨੀ ਸਾਰੀ ਇਬਾਰਤ ਲਿਖ ਕੇ ਕਮਰਿਉਂ ਬਾਹਰ ਨਿਕਲ ਤੁਰਿਆ । ਬੀਮਾਰੀ ਦਾ ਨਾਂ-ਥਹੁ ਜਾਨਣ ਲਈ , ਮੈਂ ਥੋੜ੍ਹੇ ਕੁ ਕਦਮ ਉਸ ਪਿੱਛੇ ਤੁਰਿਆ ਵੀ , ਪਰ ਉਹ ਮੈਥੋਂ ਕਿੰਨੀ ਸਾਰੀ ਵਿੱਥ ਬਣਾ ਕੇ ਸਾਹਮਣੇ ਖੜ੍ਹੀ ਕਾਰ ਚ ਚਲਦਾ ਬਣਿਆ ।
ਮੂੰਹ –ਸਿਰ ਲਮਕਾਈ ਮੁੜਿਆ , ਮੈਂ ਫਿਰ ਐਮਰਜ਼ੈਂਸੀ ਰੂਮ ਚ ਸਾਂ । ਮੇਰੇ ਹੱਥ ਚ ਹੁਣ ਬਲੱਡ-ਟੈਸਟ ,ਸਟੂਲ-ਟੈਸਟ , ਸਪਿੱਟ-ਟੈਸਟ ,ਐਕਸ-ਰੇ-ਸਕੈਨ ਵਰਗੇ ਕਈ ਸਾਰੇ ਟੈਸਟਾਂ ਦੀ ਲੰਮੀ ਸੂਚੀ ਸੀ । ਮੈਂ ਘੜੀ ਦੇਖੀ , ਸਾਢੇ ਸੱਤ ਵੱਜ ਚੁੱਕੇ ਸਨ। ਸੂਰਜ  ਛਿਪਣ ਕੰਢੇ ਸੀ । ਬਾਜ਼ਾਰ ਬੰਦ ਹੋ ਜਾਣ ਦਾ ਵੇਲਾ । ਹਸਪਤਾਲ ਦੀ ਟੈਸਟ-ਲੈਬ ਖੁੱਲ੍ਹੇ ਹੋਣ ਦਾ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ ਇਸ ਵੇਲੇ । ਹੁਣ ਕੀ ਕੀਤਾ ਜਾਏ ?ਪ੍ਰਸ਼ਨ ਦੇ ਰੂ-ਬ-ਰੂ ਮੈਂ ਅਜੇ ਕਿਸੇ ਸਿਰੇ ਨਹੀਂ ਸੀ ਲੱਗਾ ਕਿ ਚਾਰ –ਪੰਜਾ ਜੀਨਧਾਰੀ ਬੇਹੱਦ ਸ਼ਾਇਸਤਗੀ ਨਾਲ ਮੇਰੇ ਆਸ-ਪਾਸ ਆ ਖੜੋਏ । ਉਹਨਾਂ ਚੋ ਪਹਿਲ ਕਿਸ ਨੇ ਕੀਤੀ , ਇਹ ਤਾਂ ਮੈਨੂੰ ਪਤਾ ਨਾ ਲੱਗਾ , ਉਂਝ ਸਾਰੇ ਹੀ ਜਿਵੇਂ ਮੇਰੀ ਬਾਂਹ ਫੜਨ ਲਈ ਆਏ ਹੋਣ – ਤੁਸੀ ਫਿਕਰ ਨਾ ਕਰੋ ਜੀ ,ਸਾਡੇ ਲੈਬ ਸਾਰੀ ਰਾਤ ਖੁਲ੍ਹੇ ਰਹਿੰਦੇ । ਚਾਹੋ ਤਾਂ ਦੋ ਘੰਟਿਆ ਨੂੰ ਅੱਪੜਦੀਆਂ ਕਰ ਦਿਆਂਗੇ ਰੀਪਰੋਟਾਂ । ਨਹੀਂ ਸਵੇਰੇ ਡਾਕਟਰ ਦੇ ਆਉਣ ਤਕ ਸਾਰੀ ਫਾਇਲ ਤਿਆਰ ਸਮਝੋ
ਇਹੀ ਤਾਂ ਫ਼ਰਕ ਆ ਸਾਡੇ ਚ ਤੇ ਸਰਕਾਰੀ ਕਰਮਚਾਰੀਆਂ  ਚ , ਉਹਨਾਂ ਤੁਹਾਡਾ ਕਲ੍ਹ ਦਾ ਸਾਰਾ ਦਿਨ ਪੂਰਾ ਖ਼ਰਾਬ ਕਰਕੇ ਵੀ ਤੁਹਾਡੇ ਹੱਥ ਪੱਲੇ ਕੁਸ਼ ਨਹੀਂ ਪਾਉਣਾ । ਰੁਪੱਈਏ ਵੀ ਛੇਆਂ –ਦਸਾਂ ਦੀ ਥਾਂ ਸੱਠ-ਸੌ ਝਾੜਨੇ ਆ । ਅਸਲ ਫੀਸ ਦੇ ਸੱਜੇ ਵੰਨੇ ਸਿਫਰਾਂ ਜੋੜ ਕੇ ।ਇਹ ਆਵਾਜ਼ ਪਹਿਲੀ ਨਾਲੋਂ ਬਦਲਵੀਂ ਸੀ ।
ਮੈਂ ਹੈਰਾਨ ਸਾਂ ਇਹ ਇੱਲ੍ਹਾਂ ਕਿੱਧਰੋਂ ਆ ਝਪਟੀਆਂ ਸਨ ਮੇਰੇ ਤੇ ਇਹਨਾਂ ਨੂੰ ਪਤਾ ਕੀਹਨੇ ਦਿੱਤਾ ਸੀ ਮੇਰਾ , ਮਾਮੇ ਦੇ ਐਥੇ ਪੁੱਜਣ ਦਾ । ਫਿਰ ਝੱਟ ਹੀ ਮੈਨੂੰ ਇਸ ਤੰਤਰ ਦੀ ਭਿਣਕ ਵੀ ਪੈ ਗਈ । ਇਹ ਸਭ ਇੱਥੋ ਦੇ ਡਾਕਟਰੀ ਅਮਲੇ ਦੀ ਕਾਰਾਗਰੀ ਸੀ । ਇਹਨਾਂ ਨਾਲ ਚੱਲਦੇ ਹਿੱਸੇ-ਪੱਤੀਆਂ ਦੀ ਕਰਾਮਾਤ ।
ਮੈਂ ਅਜੇ ਇਹਨਾਂ ਅਣ-ਸੁੱਦੇ ਪ੍ਰਾਹਣਿਆਂ ਨੂੰ ਕੋਈ ਹਾਂ-ਨਾਂਹ ਨਹੀਂ ਸੀ ਕੀਤੀ ਕਿ ਬੈੱਡ ਤੇ ਪਿਆ , ਊਦ੍ਹੋ ਮਾਮਾ ਪਹਿਲਾ ਥੋੜ੍ਹਾ ਕੁ ਹਿੱਲਿਆ , ਫਿਰ ਤੜਫਨ ਲੱਗ ਪਿਆ , ਬੇ-ਤਹਾਸ਼ਾ । ਸੱਜਿਉਂ ਖੱਬੇ , ਖੱਬਿਉਂ ਸੱਜੇ । ਸਹਿਜ ਪਸਰੀਆਂ ਲੱਤਾਂ ਕਦੀ ਗੋਡਿਆਂ ਤਕ ਕੱਠਿਆਂ ਹੋ ਜਾਂਦੀਆਂ, ਕਦੀ ਢਿੱਡ ਨੂੰ ਆ ਲਗਦੀਆਂ । ਇਵੇਂ ਹੀ ਬਾਹਾਂ । ਇਕ ਬਾਂਹ ਤੇ ਲੱਗਾ ਗੁਲੂਕੋਸ ਪਹਿਲਾਂ ਖਿੱਚ ਹੋ ਕੇ ਪਾਸੇ ਲੁੜਕ ਗਿਆ , ਫਿਰ ਲੱਥ ਕੇ ਹੇਠਾਂ ਜਾ ਡਿੱਗਾ ਸਟੈਂਡ ਸਮੇਤ । ਉੱਪਰ –ਹੇਠਾਂ ਹੁੰਦੀ ਛਾਤੀ ਅਜੀਬ ਤਰ੍ਹਾਂ ਨਾਲ ਘੜਕਣ ਲੱਗ ਪਈ । ਨਾ ਮਾਮੇ ਨੂੰ ਹੁੱਥੂ ਆਉਂਦਾ ਸੀ ,ਨਾ ਖੰਘ ਪੱਟ ਹੁੰਦੀ ਸੀ ਉਸਦੀ ।
ਉਸ ਦੀ ਇਵੇਂ ਦੀ ਬਣੀ ਹਾਲਤ ਦੇਖ ਕੇ ਥੋੜ੍ਹਾ ਕੁ ਹਟਵੀਂ ਖੜ੍ਹੀ ਨਰਸ , ਝੱਟ ਉਸਦੇ ਲਾਗੇ ਨੂੰ ਸਰਕ ਆਈ । ਫਿਕਰਮੰਤ ਤਾਂ ਨਹੀਂ ਥੋੜ੍ਹੀ ਕੁ ਚਿੰਤਾਵਾਨ ਜ਼ਰੂਰ ਹੋਈ ਜਾਪੀ ਉਹ । ਉਸਨੇ ਜੇਬੀ ਫੂਨ ਕੱਢ ਕੇ ਕਿਧਰੇ ਗੱਲ-ਬਾਤ ਕੀਤੀ । ਨਾਲ ਹੀ ਉਸਨੇ ਆਪਣਾ ਲਕਾ-ਤੁਕਾ ਲਪੇਟਦੀ ਨੇ ਸਾਡੇ ਲਈ ਅਗਲਾ ਹੁਕਮ ਜਾਰੀ ਕਰ ਦਿੱਤਾ- ਡਾਕਟਰ ਸਾਬ੍ਹ ਕਹਿੰਦੇ ਆ , ਇਸ ਨੂੰ ਕਿਧਰੇ ਹੋਰਥੇ ਸ਼ਿਫਟ ਕਰਨਾ ਪੈਣਾ , ਕਿਸੇ ਵੱਡੇ ਹਸਪਤਾਲ । ਸਾਡੇ ਪਾਸ ਪ੍ਰਬੰਧ ਨਈਂ । ਏਨ੍ਹਾਂ ਦੇ ਫੇਫੜੇ ਚ ਪਾਣੀ ਭਰ ਗਿਆ । ਮਾਮੇ ਲਾਗੇ ਮਿੱਟੀ ਹੋਏ  ਖੜ੍ਹੇ ਦੇ ਮੇਰੇ ਸਾਹ ਰਹਿੰਦੇ ਵੀ ਸੂਤੇ ਗਏ । ਤਾਂ ਵੀ ਥੋੜ੍ਹਾ ਕੁ ਸੰਭਲਦੇ ਨੇ ਮੈਂ ਬਾਹਰ ਬੈਠੇ ਗਿਆਨ ਤਕ ਸੂਚਨਾ ਅੱਪੜਦੀ ਕੀਤੀ । ਫਿਰ ਉਸੇ ਨਰਸ ਤੋਂ ਸ਼ਿਫਟਿੰਗ-ਪ੍ਰਬੰਧ ਬਾਰੇ ਜਾਣਕਾਰੀ ਲਈ ।
ਐਂਬਲੈਂਸ ਹਸਪਤਾਲ ਕੋਲ੍ਹ ਹੈਗੀ ਸੀ , ਸਿਰਫ਼ ਤੇਲ ਦਾ ਖ਼ਰਚਾ – ਪਾਣੀ ਹੋਣਾ ਸੀ ਸਾਡਾ । ਹੋਰ ਕਰ ਵੀ ਕੀ ਸਕਦੇ ਸੀ ਅਸੀਂ । ਜਿਹੋ ਜਿਹੇ ਪਿੰਡੋਂ ਤੁਰੇ ਸੀ ਖੂਹ ਤੋਂ  ,ਉਸੇ ਤਰ੍ਹਾਂ ਅੱਗੇ ਨੂੰ ਹੋ ਤੁਰੇ । ਹੋਰ ਵੱਡੇ ਸ਼ਹਿਰ ਦੇ ਹੋਰ ਵੱਡੇ ਹਸਪਤਾਲ ਨੂੰ ।
ਤੜਫ਼ਦਾ –ਘੜਕਦਾ ਮਾਮਾ ਕਦੀ ਅਸਲੋਂ ਬੇ-ਹੋਸ਼ ਹੋ ਜਾਂਦਾ , ਕਦੀ ਥੋੜ੍ਹੀ ਕੁ ਸੁਰਤ ਕਰਕੇ ਸਾਡੇ ਦੋਨਾਂ ਵੱਲ ਨੂੰ ਦੇਖ ਲੈਂਦਾ । ਸਾਨੂੰ ਅੰਦਰਲੀ ਪੀੜ ਦੱਸਣ ਸਮਝਾਉਣ ਲਈ ਉਸਦੀ ਛਾਤੀ, ਉਸਦੇ ਬੋਲ ਜਿਵੇਂ ਪੂਰੀ ਤਰ੍ਹਾਂ ਜਵਾਬ ਦੇ ਗਏ ਹੋਣ ।
ਦਿਨ ਵੇਲੇ ਦਾ ਦੋ ਘੰਟੇ ਦਾ ਸਫ਼ਰ , ਰਾਤ ਸਮੇਂ ਢਾਈ-ਪੌਣੇ ਤਿੰਨ ਘੰਟਿਆਂ ਚ ਮੁਕਦਾ ਹੋਣਾ ਸੀ ਕਿਧਰੇ ।
ਗਿਆਨ ਨੀਵੀਂ ਪਾਈ ਗੁੰਮ-ਸੁੰਮ ਹੋਇਆ ਬੈਠਾ ਸੀ ਤੇ ਮੈਂ ...ਮੈਨੂੰ ਗੰਭੀਰ ਕਿਸਮ ਦੀ ਅੱਚੋਆਈ ਨੇ ਤੜਪ ਚਾੜ੍ਹ ਰੱਖੀ ਸੀ । ਮੈਂ ਕਦੀ ਰਿਹਾਇਸ਼ੀ ਮੁਲਕ ਚਲਿਆ ਜਾਂਦਾ, ਕਦੀ ਇੱਥੇ ਆ ਪੁੱਜਦਾ ਆਪਣੇ ਦੇਸ਼ ਚ। ਇੱਥੋਂ ਦੇ ਡਾਕਟਰੀ ਅਮਲੇ ਨੇ ਇਕ ਤਰ੍ਹਾਂ ਨਾਲ ਧੱਕੇ ਮਾਰੇ ਸਨ, ਹਸਪਤਾਲ ਆਏ ਮਰੀਜ਼ ਮਾਮੇ ਨੂੰ । ਓਥੇਂ ਦਾ ਚਕਿੱਸਤਾ ਪ੍ਰਬੰਧ ਆਪ ਜੁੰਮੇਵਾਰ ਸੀ ਮਰੀਜ਼ ਨੂੰ ਘਰ ਤੋਂ ਮੁੜ ਘਰ ਤਕ ਪੁੱਜਦਾ ਕਰਨ ਦਾ ।
ਸਾਨੂੰ ਬੇ-ਹਵਾਸ ਹੋਏ ਦੇਖਕੇ ਐਂਬੂਲੈਂਸ ਚਾਲਕ ਨੇ ਸ਼ਾਇਦ ਸਹਿਵਨ ਪੁੱਛਿਆ ਹੋਵੇ –ਕਦ ਕੁ ਦੇ ਆ ਐਨੇ ਢਿੱਲੇ ਬਾਪੂ ਜੀ ....?
ਇਸ ਦਾ ਉੱਤਰ ਮੇਰੇ  ਪਾਸ ਹੈ ਕੋਈ ਨਹੀਂ ਸੀ , ਗਿਆਨ ਤੋਂ ਦਿੱਤਾ ਨਾ ਗਿਆ।
ਸਾਡੀ ਚੁੱਪ ਦੀ ਮਜਬੂਰੀ ਜਿਵੇਂ ਉਸ ਨੇ ਤਾੜ ਲਈ ਹੋਵੇ । ਉਸਨੇ ਬਾਤ-ਚੀਤ ਦਾ ਪਾਸਾ ਹੀ ਬਦਲ ਲਿਆ- ਸਾਡੇ ਏਸ ਮੁਲਕ ਦਾ ਰੱਬ ਈ ਰਾਖਾ ਆ ,ਵੀਰਿਓ । ਹਨੇਰਗ਼ਰਦੀ ਮੱਚੀ ਪਈ ਆ , ਨ੍ਹੇਰਗ਼ਰਦੀ ਹਰ ਪਾਸੇ । ਕੋਈ ਸਾਲਾ ਡੱਕਾ ਦੂਹਰਾ ਕਰਕੇ ਰਾਜ਼ੀ ਨਈਂ । ਸਭ ਸਾਲੇ ਮੁਫ਼ਤੋ-ਮੁਫ਼ਤ ਕਮਿਸ਼ਨਾਂ ਮਾਂਜਦੇ ਆ ...।
ਨਿਸਚੇ ਹੀ ਉਸਦੀ ਉਂਗਲੀ ਹਸਪਤਾਲੀ ਅਮਲੇ ਵੱਲ ਨੂੰ ਸੀਇਸ ਵਾਰ ਮੇਰੀ ਦੁਖਦੀ ਰਗ ਛੇੜ ਲਈ ਉਸਨੇ।
ਮੈਂ ਪੈਂਦੀ ਸੱਟੇ ਉਸ ਲੰਡੂ ਜਿਹੇ ਡਿਊਟੀ ਡਾਕਟਰ ਨੂੰ ਧਰ ਲਿਆ । ਕਿੰਨੀ ਲਾ-ਪਰਵਾਹੀ ਵਰਤੀ ਸੀ ਉਸਨੇ , ਊਦ੍ਹੋ ਮਾਮੇ ਦੀ ਜਾਂਚ –ਪਰਖ ਕਰਦਿਆਂ।
ਮੈਥੋਂ ਕਿੰਨੇ ਸਾਰੇ ਅਪ-ਸ਼ਬਦ ਵੀ ਬੋਲੇ ਗਏ ।
ਲਗਦੇ ਹੱਥ , ਮੇਰੀ ਆਰੰਭੀ ਗਾਲ੍ਹ ਲੜ੍ਹੀ ਗੱਡੀ ਚਾਲਕ ਨੇ ਅੱਗੇ ਤੋਰ ਲਈ । ਉਸੇ ਸੁਰ ਚ – ਕੁੱਤੇ ਸਾਲੇ ਥੱਬਾ-ਥੱਬਾ ਤਨ਼ਖਾਹਾਂ ਝਾੜਦੇ ਆ, ਕੰਮ ਧੇਲੇ ਦਾ ਨਈਂ ਕਰਦੇ ਭੈਣ ਆਪਣੀ ...।ਸਭ ਕੁਸ਼ ਹੁੰਦਿਆਂ-ਸੁੰਦਿਆਂ ਆਖੀ ਜਾਣਗੇ , ਪ੍ਰਬੰਧ ਹੈਨੀ । ਹੈਅ ਕਿਉਂ ਨਈਂ , ਸੱਭੋਂ ਕੁਝ ਹੈਗਾ । ਕਮੇਟੀ ਪ੍ਰਧਾਨ ਮਾਂ ...ਦਾ ਖੂਨ ਕਿੱਦਾਂ ਬਦਲ ਹੋ ਜਾਂਦਾ ਹਫ਼ਤੇ ਚ ਦੋ ਵੇਰਾਂ । ਓਦੋਂ ਪ੍ਰਬੰਧ ਕਿੱਥੋਂ ਨਿਕਲ ਆਉਂਦਾ । ਜੁੱਤੀ ਦੇ ਯਾਰ ਆ ਸਾਲੇ । ਏਥੇ ਕੰਮ ਕਰਨਾ ਪੈਂਦਾ ,ਮਰੀਜ਼ ਅੱਗੇ ਭੇਜ ਕੇ ਗੱਫਾ ਲੱਭਦਾ ਮੋਟਾ । ਲੁੱਟ ਪਾਈ ਵੀ ਆ ਕੁੜੀ ਦੇ ....! ਮੈਂ ਤਾਂ ਬਥੇਰਾ ਵਿਲਕਦਾਂ , ਅਖ਼ਬਾਰਾਂ ਆਲਿਆਂ ਨੂੰ , ਵਿਜੀਲੈਂਸ ਆਲਿਆਂ ਨੂੰ , ਪਈ ਆਓ ਮੈਂ ਦੱਸਦਾਂ ਸਾਰਾ ਕੁਸ਼ । ਪਰ ਕੋਈ ਸਾਲਾ ਆਵੇ ਵੀ । ਕੋਈ ਨਈਂ ਆਉਦਾ । ਸਭ ਕਾਣੇ ਕੀਤੇ ਵੇ ਇਹਨਾਂ...।ਮੇਰੇ ਹਮਪੇਸ਼ਾ-ਹਮਜ਼ਾਦ ਐਬੂਲੈਂਸ ਚਾਲਕ ਨੇ ਮੇਰੀ ਖਿੰਡੀ –ਖਿਲਰੀ ਬਿਰਤੀ ਇਕੱਠੀ ਕਰਕੇ ਆਪਣੇ ਨਾਲ ਜੋੜ ਲਈ ਦੋ ਮੁਲਕਾਂ ਵਿਚਕਾਰ ਭਟਕਦੇ ਨੂੰ ਮੈਨੂੰ ਇਕ ਥਾਂ ਟਿਕਦਾ ਕਰ ਲਿਆ । ਹੁਣ ਮੈਂ ਏਧਰ ਸਾਂ ਆਪਣੇ ਮੁਲਕ ਚ , ਆਪਣੀ ਜੱਦੀ-ਪੁਸ਼ਤੀ ਜਨਮਗਾਹ ਚ ।  ਸਭ ਕੁਝ ਇਸ ਮੁਲਕ ਦੇ ਲੇਖੇ ਲਾਉਣ ਵਾਲੇ ਆਪਣੇ ਹੀ ਰਹਿਨੁਮਾ ਲਾਗੇ ਬੈਠਾ ਸਾਂ , ਊਦ੍ਹੋ ਮਾਮੇ ਲਾਗੇ । ਐਂਬੂਲੈਂਸ ਗੱਡੀ
ਅੱਧਾ ਕੁ ਪੈਡਾ ਮੁਕਦਿਆਂ ਕਰਦਿਆਂ ਮਾਮੇ ਦੀ ਹਾਲਤ ਅਸਲੋਂ ਵਿਗੜ ਗਈ । ਰੁਕ ਰੁਕ ਕੇ ਚਲਦਾ ਸਾਹ , ਡੂੰਘੀ ਤਰ੍ਹਾਂ ਘੜਕਣ ਲੱਗ ਪਿਆ । ਪਹਿਲਾਂ ਉਹ ਥੋੜ੍ਹਾ ਕੁ ਕੰਬਿਆ , ਫਿਰ ਇਕਦਮ ਤੜਫਣ ਲੱਗਾ ਪਿਆ । ਸੱਜਿਉਂ ਖੱਬੇ , ਖੱਬਿਉਂ ਸੱਜੇ । ਲੱਤਾਂ ਬਾਹਾਂ ਦੀ ਹਰਕਤ ਬਿਲਕੁਲ ਉਵੇਂ ਜਿਵੇਂ ਐਮਰਜੈਂਸੀ ਬੈੱਡ ਤੇ ਹੋਈ ਸੀ। ਇਸ ਵਾਰ ਮੈਥੋਂ ਉਸਦੀ ਹਾਲਤ ਦੇਖੀ ਸਹਾਈ ਨਾ ਗਈ । ਇਸ ਵਾਰ ਮੇਰੇ ਅੰਦਰ ਕਿਧਰੇ ਦੱਬੇ-ਘੁੱਟੇ ਰਹੇ ਅੱਥਰੂ , ਇਕਦਮ ਫੁਟ ਨਿਕਲੇ ।
ਗਿਆਨ ਅਜੇ ਵੀ ਉਵੇਂ ਹੀ ਬੈਠਾ ਸੀ, ਬਿਨਾਂ ਹਿੱਲੇ-ਬੋਲੇ ।
ਘੜੀ-ਦੋ ਘੜੀਆਂ ਪਿੱਛੋਂ ਲਗਾਤਾਰ ਤੜਫ਼ਦਾ-ਹੁੰਗਾਰਦਾ ,ਊਦ੍ਹੋ ਮਾਮਾ ਇਕ ਲੰਮਾ-ਸੁਖਾਵਾਂ ਸਾਹ ਲੈ ਕੇ ਬਿਲਕੁਲ ਸ਼ਾਂਤ ਹੋ ਗਿਆ । ਹੁਣ ਨਾ ਉਸਦੀਆਂ ਲੱਤਾਂ-ਬਾਹਾਂ ਕਿਸੇ ਤਰ੍ਹਾਂ ਦੀ ਹਰਕਤ ਚ ਸਨ । ਨਾ ਉਸਨੂੰ ਸਾਹ-ਛਾਤੀ ਦੀ ਕੋਈ ਤਕਲੀਫ਼ ।
ਪੱਥਰ ਬਣੇ ਅਸੀ ਦੋਨੋਂ , ਇਕ ਦੂਜੇ ਵੱਲ ਦੇਖੀ ਗਏ ...ਦੇਖੀ ਗਏ । ਨਾ ਅਸੀਂ ਮਾਮੇ ਨੂੰ ਹਿਲਾਉਣ –ਬੁਲਾਉਣ ਜੋਗੇ ਰਹੇ ਸੀ , ਨਾ ਇਕ ਦੂਜੇ ਦੇ ਗਲੇ ਲੱਗ ਕੇ ਰੋਣ ਜੋਗੇ ।
ਸਾਡੀ ਹੋਣੀ ਨੂੰ ਭਾਂਪਦਿਆ ਸੂਝਵਾਨ ਚਾਲਕ ਨੇ ਐਮਬੂਲੈਂਸ ਗੱਡੀ ਪੱਕੀਉਂ ਕੱਚੇ ਲਾਹ ਕੇ ਰੋਕ ਦਿੱਤੀ । ਸਟੇਰਿੰਗ ਤੇ ਸਿਰ ਸੁੱਟੀ ਉਹ ਵੀ ਜਿਵੇਂ ਸਾਡੇ ਮੂਕ ਵਿਰਲਾਪ ਵਿਚ ਸ਼ਾਮਲ ਹੋ ਗਿਆ ਸੀ ।
ਮਾਮੇ ਦੀਆਂ ਖੁੱਲੀਆਂ ਰਹਿ ਗਈਆਂ ਅੱਖਾਂ ਨੂੰ ਉਂਗਲਾਂ –ਪੋਟਿਆਂ  ਨਾਲ ਬੰਦ ਕਰਦੇ ਮੈਂ ਗਿਆਨ ਵੱਲ੍ਹ ਨੂੰ ਨਿਗਾਹ ਘੁਮਾਈ । ਉਹ ਅਜੇ ਵੀ ਉਵੇਂ ਹੀ ਬੈਠਾ ਸੀ , ਸਿਰ ਸੁੱਟੀ । ਫਿਰ...ਫਿਰ ਉਸਦੇ ਅੰਦਰੋਂ ਇਕ ਜ਼ੋਰਦਾਰ ਉਬਾਲ ਉੱਠਿਆ । ਸਿਰ ਤੇ ਲਿਪਟਿਆਂ ਡੱਬੀਦਾਰ ਪਰਨਾ ਲਾਹ-ਖੋਲ੍ਹ ਕੇ ਮਾਮੇ ਤੇ ਪਾਉਂਦੇ ਦੀ ਉਸਦੀ ਰੂਹ-ਚੀਰਵੀਂ ਲੇਅਰ ਨਿਕਲ ਗਈ । ਇਸ ਵਾਰ ਦਾ ਉਸਦਾ ਵਿਲਕ-ਵਿਰਲਾਪ ਮੌਣ ਉੱਤਲੇ ਰੋਣ-ਧੌਣ ਨਾਲੋਂ ਵੀ ਉੱਚਾ ਸੀ । ਇਸ ਵਾਰ ਵੀ ਮੈਂ ਉਸਨੂੰ ਨਾ ਰੋਕਿਆ , ਨਾ ਦਿਲਾਸਾ ਦਿੱਤਾ । ਰੋਣ ਦਿੱਤਾ ਉਸਨੂੰ । ਉਹ ਰੋਂਦਾ ਰਿਹਾ ਉੱਚੀ-ਉੱਚੀ , ਆਪਣੀ ਹੋਣੀ ਤੇ ਆਪਣੀ ਬੇ-ਬੱਸੀ ਤੇ । ਤੇ...ਤੇ  ਉਸਨੂੰ ਸਾਹਮਣੇ ਬੈਠਾ ਮੈਂ ....ਮੈਂ  ਉਸ ਤੋਂ ਵੀ ਉੱਚੀ ਮੂਕ –ਸੁਰ ਬਲਹਾਰੇ ਜਾਦਾਂ ਰਿਹਾ । ਇਸ ਮੁਲਕ...ਮੁਲਕ ਦੇ ਕਿਰਦਾਰੀ ਅਮਲ ਤੇ
ਤੇ ਫਿਰ...ਫਿਰ ਮੇਰੇ ਅੰਦਰ ਗੂੰਜਦੀ ਮੂਕ ਆਵਾਜ਼ ਮੈਥੋਂ ਸਾਂਭੀ ਨਾ ਗਈ । ਸਾਹਮਣੇ ਵਿੱਛੇ ਊਦ੍ਹੋ ਮਾਮੇ ਵੱਲ ਨੂੰ ਦੇਖਦੀ ਇਹ ...ਇਹ ਆਪ-ਮੁਹਾਰੇ ਗੂੰਜ ਉੱਠੀ- ਮਾਮਾ ਜੀ , ਮਾਮਾ ਜੀ , ਗ਼ਦਰੀ ਤੁਸੀਂ ਨਈਂ ...ਤੁਸੀਂ ਨਈਂ ,ਆਹ ਹੁਣ ਦਾ ਅਮਲਾ ਫੈਲਾ ...ਹੁਣ ਦਾ ਲਾਣਾ ਐ ਪੂਰਾ ਗੰਦ-ਗ਼ਦਰੀ । ਅਸੀਂ ...ਅਸੀਂ ਪਤਆ ਨਈਂ ਕਿਦ੍ਹੀ ਰੀਸੇ ਤੁਆਨੂੰ ਮੁਕਤੀ ਕਾਮਿਆਂ ਨੂੰ , ਬੇ-ਦਾਗ –ਬੇਲਾਗ਼ ਯੋਧਿਆਂ –ਸੂਰਬੀਰਾਂ ਨੂੰ ਗਦ਼ਰੀ ਆਖਦੇ ਰਹੇ ਐਨਾ ਚਿਰ ! ਹੁਣ ਤਕ ਆਖੀ ਜਾਨੇ ਆਂ...! ਹੱਦ ਹੋਈ ਪਈ ਆ ...ਸਾਡੇ ਆਲੀ...??
****

No comments: