ਜਦੋਂ ਕਾਂ ਕੂੰਜ ਘੇਰਦੇ ਨੇ............ ਲੇਖ / ਬੇਅੰਤ ਗਿੱਲ ਮੋਗਾ


ਕਹਿੰਦੇ ਹਨ ਕਿ ਹਰ ਥਾਂ ਤਕੜੇ ਦਾ ਜੋਰ ਚਲਦਾ ਹੈ ਤੇ ਮਾੜਾ ਵਿਚਾਰਾ ਦਬਕੇ ਰਹਿ ਜਾਂਦਾ ਹੈ ਤੇ ਬੇਵੱਸ ਹੋਇਆ ਸਭ ਕੁਝ ਜਰਦਾ ਰਹਿੰਦਾ ਹੈ । ਅਮੀਰ ਬੰਦਾ ਗਰੀਬ ਤੇ ਰੋਹਬ ਪਾਉਂਦਾ ਹੈ ,ਉੱਚ ਅਫਸਰ ਛੋਟੇ ਅਫਸਰ ਉੱਤੇ ਤੇ ਪੁਲਿਸ ਜਨਤਾ ਉੱਪਰ ਤੇ ਮਰਦ ਤੀਵੀਂ ਉੱਪਰ । ਇਹ ਗੱਲ ਵਾਰ ਵਾਰ ਸੁਣਨ ਨੂੰ ਮਿਲਦੀ ਹੈ ਕਿ ਔਰਤਾਂ ਨੂੰ ਮਰਦਾਂ ਦੇ ਪੈਰ ਦੀ ਜੁੱਤੀ ਨਹੀਂ ਸਮਝਿਆਂ ਜਾਂਦਾ । ਹੁਣ ਉਹ ਵੀ ਮਰਦਾਂ ਵਾਂਗ ਹਰ ਕੰਮ ਬਰਾਬਰ ਕਰ ਸਕਦੀਆਂ ਹਨ ਤੇ ਕਰ ਵੀ ਰਹੀਆਂ ਹਨ । ਮਰਦਾਂ ਵਾਂਗ ਸਿੱਖਿਅਕ ਹਨ ਤੇ ਹਰ ਸਮਾਜਿਕ ,ਆਰਥਿਕ ਕੰਮ ਵਿੱਚ ਵਧ ਚੜ੍ਹਕੇ ਹਿੱਸਾ ਪਾਉਂਦੀਆਂ ਹਨ । ਪਰ ਦੂਸਰੇ ਪਾਸੇ ਕਿਸੇ ਸੰਸਥਾ ਦਾ ਮੁਖੀ ਇਹ ਕਹਿੰਦਾ ਸੁਣਦਾ ਹੈ ਕਿ ਔਰਤਾਂ ਦੇ ਹੱਕ ਮਰਦਾਂ ਦੇ ਬਰਾਬਰ ਚਾਹੀਦੇ ਹਨ । ਇਸਦਾ ਮਤਲਬ ਇਹੀ ਹੋਇਆ ਕਿ ਅੱਜ ਵੀ ਔਰਤ ਨੂੰ ਮਰਦ ਨਾਲੋਂ ਨੀਵੀਂ ਸਮਝਿਆਂ ਜਾਂਦਾ ਹੈ । ਏਸੇ ਲਈ ਉਸਦੇ ਹੱਕਾਂ ਦੀ ਗੱਲ ਕੀਤੀ ਜਾਂਦੀ ਹੈ । ਜੇਕਰ ਔਰਤ ਮਰਦ ਦੇ ਬਰਾਬਰ ਸਮਝੀ ਜਾਂਦੀ ਤਾਂ ਸਟੇਜਾਂ ਉੱਤੇ ਕੀਤੀ ਜਾਣ ਵਾਲੀ ਉਸਦੇ ਹੱਕਾਂ ਦੀ ਗੱਲ ਕਦੋਂ ਦੀ ਖਤਮ ਹੋ ਜਾਣੀ ਸੀ ।



ਮਰਦ ਨੇ ਕਦੇ ਔਰਤ ਨੂੰ ਆਪਣੇ ਬਰਾਬਰ ਸਮਾਜ ਚਲਾਉਣ ਵਾਲੀ ਸਮਝਿਆ ਹੀ ਨਹੀਂ । ਉਸਨੇ ਤਾਂ ਬਸ ਔਰਤ ਨੂੰ ਆਪਣਾ ਵੰਸ਼ ਵਧਾਉਣ ਤੇ ਹਵਸ ਮਿਟਾਉਣ ਵਾਲੀ ਵਸਤੂ ਸਮਝਕੇ ਰੱਖਿਆ ਹੈ । ਜਦੋਂ ਕਦੇ ਵੀ ਘਰੋਂ ਬਾਹਰ ਨਿਕਲਕੇ ਸੜਕੇ ਆਉਂਦੇ ਹਾਂ ਤਾਂ ਅਨੇਕਾਂ ਅਜਿਹੀਆਂ ਗੱਲਾਂ ਦੇਖਣ ਸੁਣਨ ਨੂੰ ਮਿਲਦੀਆਂ ਹਨ ਜਿੰਨ੍ਹਾਂ ਤੋਂ ਇਹ ਗੱਲ ਸਾਬਤ ਹੋ ਜਾਂਦੀ ਹੈ ਕਿ ਮਰਦ ਨੇ ਸੱਚਮੁੱਚ ਔਰਤ ਹਵਸ ਮਿਟਾਉਣ ਵਾਲੀ ਵਸਤੂ  ਸਮਝਿਆ ਹੈ । ਜਦੋਂ ਵੀ ਕੋਈ  ਕੁੜੀ ਪੈਦਲ ਜਾਂ ਕਿਸੇ ਵਾਹਣ ਤੇ ਘਰੋਂ ਬਾਹਰ ਨਿਕਲਦੀ ਹੈ ਤਾਂ ਜਵਾਨ ਤਾਂ ਕੀ ਵੱਡੀ ਉਮਰ ਦੇ ਬੰਦਿਆਂ ਦੀਆਂ ਅੱਖਾਂ ਵੀ ਉਸਨੂੰ ਹਵਸ ਭਰੀਆਂ ਨਜਰਾਂ ਨਾਲ ਦੇਖਦੀਆਂ ਹਨ । ਲੋਫਰ ਕਿਸਮ ਦੇ ਆਵਾਰਾ ਮੁੰਡੇ ਸਾਰਾ ਦਿਨ ਤੇਲ ਫੂਕਦੇ ਕੁੜੀਆਂ ਦੇ ਪਿਛੇ ਗੇੜੇ ਕੱਢਦੇ ਰਹਿੰਦੇ ਹਨ ਤੇ ਲੋਕਾਂ ਦੀਆਂ ਧੀਆਂ ਭੈਣਾਂ ਦੀ ਇੱਜਤ ਨਾਲ ਖਿਲਵਾੜ ਕਰਨ ਦੀ ਸੋਚਦੇ ਹਨ । ਜੇਕਰ ਅਜਿਹਾ ਹੁੰਦਿਆਂ ਦੇਖਕੇ ਕੋਈ ਕੁੜੀ ਬੋਲਦੀ ਹੈ ਤਾਂ ਲੋਕ ਕਹਿ ਦਿੰਦੇ ਹਨ ਕਿ ਇਹ ਐਹੋ ਜਿਹੀ ਹੀ ਹੋਵੇਗੀ ਜੇ ਚੰਗੇ ਘਰ ਦੀ ਹੁੰਦੀ ਤਾਂ ਚੁੱਪ ਰਹਿੰਦੀ ਤੇ ਜੇਕਰ ਉਹ ਨਾ ਬੋਲੇ ਤਾਂ ਫਿਰ ਵੀ ਗੱਲ ਉਲਟ ਪਾਸੇ ਹੀ ਪਾ ਦਿੰਦੇ ਹਨ । ਏਸੇ ਕਰਕੇ ਕੁੜੀਆਂ ਵਿਚਾਰੀਆਂ ਚੁੱਪ ਚਾਪ ਸਭ ਕੁਝ ਬਰਦਾਸ਼ਤ ਕਰ ਜਾਂਦੀਆਂ ਹਨ ।

ਕਿਹਾ ਜਾਂਦਾ ਹੈ ਕਿ ਪੰਜਾਬ ਦੇ ਲੋਕ ਇੱਜਤਾਂ ਦੇ ਰਾਖੇ ਹਨ ਤੇ ਅਣਖਾਂ ਵਾਲੇ ਹਨ । ਪਰ ਅੱਜ ਦੇ ਹਾਲਾਤ ਦੇਖਕੇ ਲੱਗਦਾ ਹੈ ਕਿ ਇਹ ਗੱਲ ਕੋਰੀ ਝੂਠ ਹੈ ਕਿਉਂਕਿ ਹੁਣ ਜੇਕਰ ਕੋਈ ਪੰਜਾਬੀ ਗੀਤ ਸੁਣਦੇ ਹਾਂ ਤਾਂ ਵੀਡੀਉ ਵਿੱਚ ਦੇਖਣ ਨੂੰ ਮਿਲਦਾ ਹੈ ਕਿ ਕੁਝ ਗੁੰਡੇ ਕਿਸੇ ਕੁੜੀ ਦੀ ਇੱਜ਼ਤ ਲੁੱਟਣ ਦੀ ਕੋਸ਼ਿਸ਼ ਕਰਦੇ ਹਨ ਤੇ ਫਿਰ ਇਕ ਹੀਰੋ ਉਸਦੀ ਇੱਜ਼ਤ ਬਚਾਉਂਦਾ ਹੈ ਤੇ ਦੂਸਰੇ ਪਾਸੇ  ਇਹੀ ਹਾਲ ਫਿਲਮਾਂ ਦਾ ਹੋਇਆ । ਹਰ ਫਿਲਮ ਵਿੱਚ ਕਿਸੇ ਨਾ ਕਿਸੇ ਕੁੜੀ ਦੀ ਇੱਜ਼ਤ ਤੇ ਹੱਥ ਜਰੂਰ ਪਾਇਆ ਜਾਂਦਾ ਹੈ । ਬੇਸ਼ੱਕ ਉਸਦੀ ਇੱਜ਼ਤ ਦਾ ਰਾਖਾ ਵੀ ਜ਼ਰੂਰ ਹੁੰਦਾ ਹੈ ਪਰ ਇਹ ਸਭ ਦੇਖਕੇ ਇਕ ਗੱਲ ਤਾਂ ਜ਼ਰੂਰ ਸਾਬਤ ਹੋ ਜਾਂਦੀ ਹੈ ਹੁਣ ਇੱਜ਼ਤਾਂ ਬਚਾਉਣ ਵਾਲੇ ਘੱਟ ਤੇ ਲੁੱਟਣ ਵਾਲੇ ਜਿਆਦਾ ਹਨ । ਜੇਕਰ ਕੋਈ ਇੰਗਲਿਸ਼ ਫਿਲਮ ਦੀ ਗੱਲ ਕਰੀਏ ਤਾਂ ਸੌ ਵਿੱਚੋਂ ਕਿਸੇ ਇੱਕ ਫਿਲਮ ਵਿੱਚ ਹੀ ਜਿਹਾ ਹੁੰਦਾ ਹੈ ਕਿਉੰਕਿ ਉਹਨਾਂ ਲੋਕਾਂ ਮਨਾਂ ਵਿੱਚ ਇਹ ਹਵਸ ਨਾਲ ਭਰੀਆਂ ਗੱਲਾਂ ਘਰ ਕਰਕੇ ਨਹੀਂ ਬੈਠੀਆਂ ਹਨ ਪਰ ਪੰਜਾਬ ਦੇ ਬਹੁਤੇ ਨੌਜਵਾਨਾਂ ਦੇ ਮਨਾਂ ਵਿੱਚ ਜਾਂ ਤਾਂ ਕੁੜੀਆਂ ਪੱਟਣ ਤੇ ਜਾਂ ਫਿਰ ਨਸ਼ੇ ਕਰਨ ਦਾ ਭੂਤ ਸਵਾਰ ਹੋਇਆ ਹੈ । ਕਿਸੇ ਮੋੜ ਤੇ ਬੈਠੇ ਦਸ ਗੱਭਰੂਆਂ ਵਿਚੋਂ ਕਿਸੇ ਇਕ ਦੇ ਮੂੰਹੋਂ ਹੀ ਚੰਗੇ ਵਿਚਾਰ ਸੁਣਨ ਨੂੰ ਮਿਲਦੇ ਹਨ । ਜਿਸ ਕਰਕੇ ਸਾਡੀ ਪਹਿਚਾਣ ਦੁਨੀਆਂ ਭਰ ਵਿੱਚ ਪ੍ਰਸਿੱਧ ਸੀ, ਹੁਣ ਅਸੀਂ ਉਹਨਾਂ ਗੱਲਾਂ ਤੋਂ ਕੋਹਾਂ ਦੂਰ ਜਾ ਬੈਠੇ ਹਾਂ । 

ਹੁਣ ਜਦੋਂ ਵੀ ਕੋਈ ਅਖਬਾਰ ਪੜਨ ਲਈ ਚੁੱਕੀਦਾ ਹੈ ਤਾਂ ਉਸ ਵਿੱਚ ਔਰਤ ਜਾਂ ਕਿਸੇ ਨਾਬਾਲਗ ਨਾਲ ਬਲਾਤਕਾਰ ਕਰਨ ਦੀ ਖ਼ਬਰ ਜ਼ਰੂਰ ਮਿਲਦੀ ਹੈ । ਇੱਥੋਂ ਤੱਕ ਕੇ ਪਿਉ ਆਪਣੀਆਂ ਧੀਆਂ ਨਾਲ ਬਲਾਤਕਾਰ ਕਰ ਰਹੇ ਹਨ । ਕਿਹੋ  ਜਿਹਾਂ ਜ਼ਮਾਨਾ ਆ ਗਿਆ ਹੈ ਇੱਜ਼ਤਾਂ ਦੇ ਰਾਖੇ ਆਪਣਿਆਂ ਦੀਆਂ ਹੀ ਇੱਜ਼ਤਾਂ ਲੁੱਟ ਰਹੇ ਹਨ । ਕਹਿੰਦੇ ਹਨ ਕਿ "ਜਦੋਂ ਵਾੜ ਖੇਤ ਨੂੰ ਖਾਣ ਲੱਗ ਪਵੇ ਤਾਂ ਜੱਟ ਵਿਚਾਰਾ ਕੀ ਕਰੇ" ? ਧਰਤੀ ਪਲਟਣ ਵਾਲੀ ਗੱਲ ਹੋਈ ਪਈ ਹੈ ਕਿ ਆਪਣੀ ਹੀ ਜੰਮੀ ਧੀ ਨਾਲ ਬਲਾਤਕਾਰ ਕੀਤਾ ਜਾ ਰਿਹਾ ਹੈ । ਜਦ ਅੱਜ ਦੇ ਲੋਕ ਆਪਣੀ ਹੀ ਧੀ ਨਹੀਂ ਬਖਸ਼ ਰਹੇ ਤਾਂ ਕਿਸੇ ਹੋਰ ਦੀ ਧੀ ਦੀ ਇੱਜ਼ਤ ਕਿਵੇ ਬਚਾ ਸਕਦੇ ਹਨ । ਪੁਰਾਣੇ ਜ਼ਮਾਨੇ ਵਿੱਚ ਤਾਂ ਕਿਹਾ ਜਾਂਦਾ ਸੀ ਕਿ ਸਾਡੇ ਪਿੰਡ ਦੀ ਧੀ ਹੈ ਇਹਦੇ ਵੱਲ ਕੋਈ ਅੱਖ ਚੁੱਕ ਕੇ ਨਹੀਂ ਦੇਖ ਸਕਦਾ । ਇਹ ਸਾਡੇ ਪਿੰਡ ਦੀ ਇੱਜ਼ਤ ਦਾ ਸਵਾਲ ਹੈ ਪਰ ਹੁਣ ਤਾਂ ਉਹ ਵੇਲਾ ਆ ਗਿਆ ਹੈ ਕਿ ਕੋਈ ਮਾਂ ਆਪਣੀ ਧੀ ਨੂੰ ਪਿਉ ਦੇ ਹੁੰਦਿਆਂ ਘਰ ਵਿੱਚ ਛੱਡਕੇ ਜਾਣ ਲੱਗੀ ਵੀ ਸੋਚਦੀ ਹੈ ਤੇ ਫਿਕਰ ਕਰਦੀ ਰਹਿੰਦੀ ਹੈ ।ਜੇਕਰ ਅਸੀਂ ਪਹਿਲਾਂ ਜਿਹੇ ਪੰਜਾਬੀ ਹੁੰਦੇ ਤਾਂ ਹੁਣ ਕੋਈ ਕੁੜੀ ਘਰੋਂ ਨਿਕਲਣ ਲੱਗੇ ਝਿਜਕ ਮਹਿਸੂਸ ਨਾ ਕਰਦੀ । ਉਸਨੂੰ ਸਾਰੇ ਇੱਜ਼ਤ ਦੇ ਰਾਖੇ ਦਿਖਾਈ ਦਿੰਦੇ ਨਾ ਕਿ ਹਵਸ ਦੇ ਅੰਨ੍ਹੇ । ਹੁਣ ਸਾਨੂੰ ਆਪਣੀ ਇੱਜ਼ਤ ਰੱਖਣ ਲਈ ਬਦਲਣਾ ਪਵੇਗਾ ਨਹੀਂ ਤਾਂ ਇੱਕ ਦਿਨ ਅਜਿਹਾ ਆਵੇਗਾ ਕਿ ਹੋਰ ਕੌਮਾਂ ਦੇ ਲੋਕ  ਸਾਡਾ  ਨਾਂ ਸੁਣਕੇ ਥੁੱਕਣਗੇ ਸਾਡੇ ਉੱਪਰ ਤੇ ਅਸੀਂ ਆਪਣੇ ਪੰਜਾਬੀ ਹੋਣ ਤੇ ਸ਼ਰਮ ਮਹਿਸੂਸ ਕਰਾਂਗੇ ।

ਇਜ਼ਤਾਂ ਦੇ ਰਾਖੇ ਸੀ ਜੋ ਇੱਜ਼ਤਾਂ ਦੇ ਚੋਰ ਹੋਏ 
ਪਹਿਲਾਂ ਸੀ ਪੰਜਾਬੀ ਅਸੀਂ ਪਰ ਹੁਣ ਹੋਰ ਹੋਏ
ਦੁੱਧ ਘਿਉ ਪੀਣ ਵਾਲੇ ਕਿਹੜੇ ਪਾਸੇ ਤੁਰਪੇ
ਆਪਣੀ ਹੀ ਜੰਮੀ ਮਾਰ ਆਦਮ ਹਾਂ ਖੋਰ ਹੋਏ 
ਤਕੜੇ ਦਿਲਾਂ ਦੇ ਸਾਥੋਂ ਵੈਰੀ ਸੀਗੇ ਡਰਦੇ  
ਪਰ ਹੁਣ ਵਿਚੋ ਵਿੱਚ ਡਾਢੇ ਕਮਜੋ਼ਰ ਹੋਏ
ਆਖਦਾ "ਬੇਅੰਤ" ਘਬਰਾਉਂਦੇ ਹੁਣ ਮਰਦਾਂ ਤੋਂ 
ਧੀਆਂ ਮਰਜਾਣੀਆਂ ਦੇ ਉੱਤੇ ਸਾਡੇ ਜੋ਼ਰ ਹੋਏ 

****

No comments: