ਐ ਮੇਰੇ ਪਿੰਡ ਦੇ ਲੋਕੋ ! ਹੁਣ ਤਸੀਂ ਸਾਰੇ ਚੁੱਪ ਚਾਪ ਪਾਸਾ ਵੱਟ ਕੇ ਮੇਰੋ ਕੋਲੋਂ ਲੰਘ ਜਾਂਦੇ ਹੋ ਤੇ ਮੈਂ ਤੁਹਾਨੂੰ ਆਪਣਾ ਦੁੱਖ ਦੱਸਣ ਲਈ, ਤੁਹਾਡੇ ਨਾਲ ਕੁਝ ਗਿਲਾ ਕਰਨਾ ਨੂੰ ਤਰਸਦਾ ਰਹਿੰਦਾ ਹਾਂ । ਕਿਸੇ ਪਾਸ ਸੁਣਨ ਲਈ ਵਿਹਲ ਨਹੀਂ, ਇਸ ਲਈ ਮੈਂ ਕੱਲਾ ਹੀ ਬੁੜਬੁੜਾਉਂਦਾ ਰਹਿੰਦਾ ਹਾਂ । ਕੋਈ ਸੁਣੇ ਜਾਂ ਨਾ ਸੁਣੇ, ਤੁਹਾਡੀ ਮਰਜ਼ੀ ਹੈ । ਮੇਰੇ ਵਾਂਗ ਪਿੰਡ ਦੇ ਕਈ ਹੋਰ ਬਜ਼ੁਰਗਾਂ ਦਾ ਹਾਲ ਵੀ ਇਵੇਂ ਹੀ ਹੋਵੇਗਾ ਪਰ ਅੱਜ ਮੈਂ ਆਪਣੇ ਮਨ ਦਾ ਗੁਬਾਰ ਕੱਢਦਾ, ਤੁਹਾਡੇ ਨਾਲ ਗਿਲਾ ਕਰ ਰਿਹਾ ਹਾਂ… ਸੁਣੋ !
ਖੌਰੇ ! ਤੁਹਾਨੂੰ ਪਤਾ ਨਹੀਂ ਜਦੋਂ ਇਸ ਪਿੰਡ ਦੇ ਲੋਕ ਕਈ ਮੀਲਾਂ ਤੋਂ ਛੱਪੜਾਂ, ਢਾਬਿਆਂ ਆਦਿ ਤੋਂ ਪਾਣੀ ਦੇ ਘੜੇ ਭਰ, ਸਿਰ ਤੇ ਚੱਕ ਕੇ ਪੀਣ ਲਈ ਲਿਆਇਆ ਕਰਦੇ ਸਨ । ਤੁਹਾਡੇ ਕਈ ਪਸ਼ੂ ਕਿੱਲਿਆਂ ਤੇ ਬੱਝੇ ਪਾਣੀ ਨੂੰ ਘੜੀਆਂ-ਬੱਧੀ ਤਰਸਦੇ ਰਹਿੰਦੇ ਸਨ । ਓਦੋਂ ਤੁਹਾਡੀ ਹਾਲਤ ਤੇ ਤਰਸ ਕਰਕੇ, ਕਿਸੇ ਪਰਉਪਕਾਰੀ ਪੁਰਸ਼ ਕਾਰਣ, ਮਾਲਕ ਦੀ ਮਿਹਰ ਸਦਕਾ ਮੇਰਾ ਜਨਮ ਹੋਇਆ ਤੇ ਮੇਰੀ ਹਿੱਕ ਵਿਚੋਂ ਨਿੱਕਲਿਆ ਠੰਡਾ-ਮਿੱਠਾ ਜਲ ਤੁਹਾਡੀ ਪਿਆਸ ਬੁਝਾਉਣ ਦਾ ਉਪਰਾਲਾ ਬਣਿਆ । ਜੇ ਯਕੀਨ ਨਹੀਂ ਆਉਂਦਾ ਤਾਂ ਮੇਰੀ ਵੱਖੀ ਵਿਚ ਲੱਗੀ ਸਿਲ ਤੇ ਉੱਕਰਿਆ ਉਸ ਪਰਉਪਕਾਰੀ ਪੁਰਸ਼ ਦਾ ਨਾਂ ਅਤੇ ਮੇਰੀ ਜਨਮ ਤਾਰੀਖ ਤੁਸੀਂ ਉਸ ਤੋਂ ਪੜ੍ਹ ਸਕਦੇ ਹੋ । ਮੈਂ ਲਗਭੱਗ ਚਾਰ ਪੀੜ੍ਹੀਆਂ ਤੱਕ ਮਾਂ ਵਾਂਗਰ ਆਪਣੀ ਹਿੱਕ ਵਿਚੋਂ ਠੰਡਾ ਠਾਰ ਪਾਣੀ ਪਿਆ ਕੇ ਤੁਹਾਡੀ ਪਿਆਸ ਬੁਝਾਉਂਦਾ ਰਿਹਾ । ਜਿਸ ਗੁਰੂ ਬਾਬੇ ਨੇ ਪਾਣੀ ਨੂੰ ਪਿਤਾ ਕਹਿ ਕੇ ਸਤਿਕਾਰਿਆ, ਉਸ ਨਾਲ ਮੈਂ ਪੂਰੀ ਵਾਹ ਲਾਕੇ ਤੁਹਾਡੇ ਨਾਲ ਸਾਂਝ ਪਾਉਣ ਦਾ ਪੂਰਾ ਯਤਨ ਕੀਤਾ ਤੇ ਤੁਸੀਂ ਵੀ । ਜਦੋਂ ਵੀ ਕੰਮਾਂ ਕਾਰਾਂ ਵਿਚ ਥੱਕੇ ਹੋਏ ਲੋਕ ਘਰ ਪਰਤਦੇ, ਮੇਰੇ ਠੰਡੇ ਜਲ ਨਾਲ ਉਨ੍ਹਾਂ ਪਿਆਸ ਤੇ ਥਕਾਵਟ ਦੂਰ ਹੁੰਦੀ ।
ਸਵੇਰੇ ਸ਼ਾਮ ਪਾਣੀ ਭਰਨ ਲਈ ਮੁਟਿਆਰਾਂ ਦੀ ਭੀੜ ਨਾਲ ਰੌਣਕ ਲੱਗੀ ਰਹਿੰਦੀ । ਘੜਿਆਂ ਨਾਲ ਘੜੇ ਖਹਿੰਦੇ ।ਪਾਣੀ ਭਰਨ ਲਈ ਮੇਰੇ ਅੰਦਰ ਆਉਂਦੀਆਂ ਜਾਂਦੀਆਂ ਬਾਲਟੀਆਂ ਖੜਕਦੀਆਂ ਦੀ ਅਤੇ ਕੁੜੀਆਂ ਮੁਟਿਆਰਾਂ ਦੇ ਹਾਸਿਆਂ ਦੀ ਛਣਕਾਰ ਵਿਚ ਮੈਂ ਬੜਾ ਖੁਸ਼ ਰਹਿੰਦਾ । ਮੇਰੀ ਹਿੱਕ ਤੇ ਘੜਿਆਂ ਦੀ ਘਾਸਰ ਦੇ ਨਿਸ਼ਾਨ ਅਜੇ ਵੀ ਤੁਸੀਂ ਵੇਖ ਸਕਦੇ ਹੋ । ਮੈਂ ਕਦੇ ਸੀ ਨਹੀਂ ਸੀ ਕੀਤੀ । ਹੁਣ ਤਾਂ ਸ਼ਾਇਦ ਕੋਈ ਹੀ ਏਨੀ ਵੱਡੀ ਉਮਰ ਦੇ ਲੋਕ ਹੋਣਗੇ, ਜਿਨ੍ਹ੍ਹਾਂ ਨੇ ਇਹ ਸਭ ਕੁਝ ਅੱਖੀਂ ਵੇਖਿਆ ਹੋਵੇਗਾ । ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਜਦੋਂ ਮੀਂਹ ਹਨੇਰੀਆ ਕਾਰਣ ਜਾਂ ਔੜ ਕਰਕੇ ਗਾਰ ਇੱਕਠੀ ਹੋ ਜਾਂਦੀ ਸੀ ਤਾਂ ਪਿੰਡ ਦੇ ਕੁਝ ਉੱਦਮੀ ਲੋਕ ਬੜੀ ਹਿੰਮਤ ਨਾਲ ਗਾਰ ਕੱਢ ਕੇ ਸਾਫ ਪਾਣੀ ਪ੍ਰਾਪਤ ਕਰਨ ਦਾ ਹੀਲਾ ਕਰਦੇ ਸਨ । ਮੇਰੀ ਸਾਂਝ ਤੁਹਾਡੇ ਨਾਲ ਸੀ ਤੇ ਤੁਹਾਡੀ ਮੇਰੇ ਨਾਲ । ਇੱਕ ਦੂਜੇ ਨਾਲ ਆਪਸੀ ਜੀਵਣ ਜੁੜਿਆ ਹੋਇਆ ਸੀ ।
ਕਦੇ ਸਮਾਂ ਸੀ ਜਦੋਂ ਮੇਰਾ ਜਲ ਲੈ ਕੇ ਤੁਸੀਂ ਮੰਦਰਾਂ ਵਿਚ ਪੂਜਾ ਆਰਤੀਆਂ ਉਤਾਰਦੇ । ਆਪਣੇ ਠਾਕੁਰ ਨੂੰ ਖੁਸ਼ ਕਰਕੇ ਅਸੀਸਾਂ ਲੈਂਦੇ ਸੀ ਅਤੇ ਲਗਭੱਗ ਮੇਰੇ ਹੀ ਹਾਣ ਦੇ ਮੇਰੇ ਨਾਲ ਲਗਾਏ ਪਿੱਪਲ ਹੇਠਾਂ ਗਰਮੀ ਦੇ ਦਿਨਾਂ ਵਿਚ ਮੰਜੇ ਡਾਹ ਕੇ ਹੱਸਦੇ, ਗੱਪਾਂ ਮਾਰਦੇ ਤੇ ਕਦੇ ਗੂੜ੍ਹੀ ਨੀਂਦੇ ਸੁੱਤੇ ਕਿੰਨੇ ਚੰਗੇ ਲਗਦੇ ਸਾਓ । ਪੰਛੀ ਵੀ ਉਸ ਵੱਡੇ ਪਿੱਪਲ ਤੇ ਕਲੋਲਾਂ ਕਰਦੇ । ਕਿੰਨੇ ਚੰਗੇ ਦਿਨ ਸਨ ਉਹ ? ਫਿਰ ਸਮੇਂ ਨੇ ਇੱਕ ਨਵੀਂ ਕਰਵਟ ਬਦਲੀ । ਤਰੱਕੀ ਦਾ ਦੌਰ ਸ਼ੁਰੂ ਹੋਇਆ । ਹੌਲੀ 2 ਘਰਾਂ ਵਿਚ ਨਲਕੇ ਲੱਗਣ ਕਰਕੇ ਦਿਨੋ ਦਿਨ ਮੇਰੀ ਕਦਰ ਘਟਣ ਲੱਗੀ । ਫਿਰ ਬਿਜਲੀ ਦੇ ਪ੍ਰਸਾਰ ਨੇ ਨਲਕਿਆਂ ‘ਤੇ ਮੋਟਰਾਂ ਲਾ ਕੇ ਤੇ ਮੋਟਰਾਂ ਦੀ ਥਾਂ ਸਮਰਸੀਬਲ ਪੰਪ ਲਾ ਕੇ ਮੈਨੂੰ ਹੋਰ ਅਣਗੌਲਿਆ ਕਰ ਦਿੱਤਾ । ਬੰਬੀਆਂ ਲੱਗ ਜਾਣੇ ਕਾਰਣ ਤੇ ਬੇਧਿਆਨੀ ਹੋਣ ਕਰਕੇ ਮੇਰੀ ਹਿੱਕ ਖੁਸ਼ਕ ਹੋ ਕੇ ਰਹਿ ਗਈ । ਮੇਰੇ ਆਲੇ ਦੁਆਲੇ ਦੀਆਂ ਰੌਣਕਾਂ ਵੇਖਦੇ ਹੀ ਵੇਖਦੇ ਅਲੋਪ ਹੋ ਗਈਆਂ । ਬੀਤੇ ਨੂੰ ਯਾਦ ਕਰਦਿਆਂ ਰੋਂਦੇ ਰਹਿਣ ਕਾਰਣ ਅੱਖਾਂ ਦਾ ਪਾਣੀ ਮੁੱਕ ਗਿਆ ਤੇ ਮੇਰੀਆਂ ਅੱਖਾਂ ਦੀ ਰੌਸ਼ਨੀ ਚਲੀ ਗਈ, ਜਿਸ ਕਰਕੇ ਸਾਰੇ ਮੈਨੂੰ ਹੁਣ ਅੰਨ੍ਹਾ ਖੂਹ ਕਹਿੰਦੇ ਹਨ । ਸਮੇਂ ਨੇ ਮੈਨੂੰ ਹੁਣ ਕਿਸੇ ਥਾਂ ਜੋਗਾ ਨਹੀਂ ਰਹਿਣ ਦਿੱਤਾ । ਇਸ ਤੋਂ ਭੈੜੀ ਹਾਲਤ ਤਾਂ ਮੇਰੀ ਉਮਰ ਦੇ ਬਿਰਧ ਪਿੱਪਲ ਨਾਲ ਹੋਈ, ਜਦੋਂ ਪਿੰਡ ਦੇ ਸਿਆਣੇ ਬਿਆਣੇ ਲੋਕਾਂ ਨੇ ਉਸ ਨੂੰ ਲੱਕੜ ਦੇ ਕਸਾਈ ਕਾਰੋਬਾਰੀਆਂ ਕੋਲ ਆਪਣੇ ਕਿਸੇ ਹੋਰ ਮੰਤਵ ਲਈ ਵੇਚ ਕੇ, ਬੇਲੋੜਾ ਸਮਝ ਕੇ ਦਿਨ ਦਿਹਾੜੇ ਕਤਲ ਕਰਵਾਇਆ । ਜਦੋਂ ਉਸ ਨਿਰਦੋਸ਼ ਦੇ ਜਿਸਮ ਦਾ ਅੰਗ ਅੰਗ ਆਰੀਆਂ ਕੁਹਾੜਿਆਂ ਨਾਲ ਕੱਟਿਆ ਜਾ ਰਿਹਾ ਸੀ, ਤਦ ਉਸ ਦੀਆਂ ਦਰਦ ਭਰੀਆਂ ਚੀਕਾਂ ਤੇ ਖੜਾਕ ਨੇ ਮੇਰਾ ਅੰਦਰ ਵੀ ਹਿਲਾ ਦਿੱਤਾ । ਲੋਕ ਤਾਂ ਹੁਣ ਉਸ ਵਿਚਾਰੇ ਦੀ ਯਾਦ ਵੀ ਹੁਣ ਭੁਲ ਗਏ ਹਨ ਪਰ ਮੇਰੇ ਨਾਲ ਜੋ ਹੁਣ ਹੋ ਰਹੀ ਹੈ, ਉਹ ਸ਼ਾਇਦ ਉਸ ਨਾਲੋਂ ਵੀ ਕਿਤੇ ਵੱਧ ਹੈ । ਮੇਰੀ ਹੋਂਦ ਨੂੰ ਮਿਟਾੳੇਣ ਦਾ ਲੋਕਾਂ ਨੇ ਹੁਣ ਬੜਾ ਭੱਦਾ ਤਰੀਕਾ ਲਭਿਆ ਹੈ । ਮੇਰੀ ਹਿੱਕ ਤੇ ਰੋਜ਼ ਵਿਹਲੜ ਮੰਡ੍ਹੀਰ ਦਾਰੂ ਨਸ਼ਿਆਂ ਨਾਲ ਹੋਸ਼ ਗੁਆ ਕੇ ਅੱਧੀ ਅੱਧੀ ਰਾਤ ਤੱਕ ਗੰਦ ਮੰਦ ਬੋਲਦੀ ਰਹਿੰਦੀ ਹੈ । ਜਿਸ ਕਰਕੇ ਪਿੰਡ ਦੀਆਂ ਧੀਆਂ ਭੈੇਣਾਂ ਨੂੰ ਇੱਥੋਂ ਆਉਣ ਜਾਣ ਤੋਂ ਸਦਾ ਝਿਜਕ ਆਉਂਦੀ ਹੈ । ਮੈਨੂੰ ਅੰਨ੍ਹੇ ਮੂਰੇ ਹੋਏ ਨੂੰ ਪੂਰ ਕੇ ਖਤਮ ਕਰਨ ਲਈ ਨਾਲ ਦੇ ਘਰ ਮੇਰੇ ਅੰਦਰ ਮਿੱਟੀ ਘੱਟਾ, ਕੂੜਾ ਕਰਕਟ, ਗੰਦ ਤੇ ਹੋਰ ਕਈ ਕੁਝ ਖੇਹ ਸੁਟ ਕੇ ਆਪਣਾ ਆਲਾ ਦੁਆਲਾ ਵੀ ਪ੍ਰਦੂਸ਼ਿਤ ਕਰ ਰਹੇ ਹਨ । ਰੀਸੋ ਰੀਸੀ ਇਸ ਕੰਮ ਵਿਚ ਸਾਰੇ ਹੀ ਇਕ ਦੂਜੇ ਤੋਂ ਅੱਗੇ ਹਨ । ਕੋਈ ਕਿਸੇ ਨੂੰ ਕਹਿਣ ਵਾਲਾ ਨਹੀਂ । ਮੈਂ ਬੇਵੱਸਾ ਜੇਹਾ ਹੋਕੇ ਸਭ ਕੁਝ ਜਰ ਰਿਹਾ ਹਾਂ । ਬੱਸ ! ਮੇਰੀ ਤਾਂ ਹੁਣ ਇਹੋ ਫਰਿਆਦ ਪਿੰਡ ਦੇ ਲੋਕਾਂ ਅੱਗੇ ਹੈ ਕਿ ਮੇਰੀ ਹੁਣ ਹੋਰ ਬੇਪਤੀ ਹੋਣ ਤੋਂ ਬਚਾਉਣ ਲਈ ਮੇਰਾ ਮੂੰਹ ਕਿਸੇ ਭਾਰੀ ਸਿਲ ਆਦਿ ਨਾਲ ਸਦਾ ਲਈ ਬੰਦ ਕਰ ਦਿੱਤਾ ਜਾਵੇ । ਨੇਤਰਹੀਣ ਤਾਂ ਮੈਂ ਪਹਿਲਾਂ ਹੀ ਹੋ ਚੁੱਕਾ ਹਾਂ, ਮੇਰਾ ਮੂੰਹ ਬੰਦ ਕਰਕੇ ਮੇਰੀ ਬੋਲਣ ਅਤੇ ਸੁਨਣ ਸ਼ਕਤੀ ਵੀ ਸਦਾ ਲਈ ਬੰਦ ਕਰ ਦਿਤੀ ਜਾਵੇ । ਮੈਂ ਤੁਹਾਡੇ ਤੇ ਔਖੇ ਵੇਲੇ ਕੀਤੇ ਗਏ ਕਿਸੇ ਉਪਕਾਰ ਬਦਲੇ ਹੋਰ ਕੁਝ ਨਹੀਂ ਮੰਗਦਾ ਹਾਂ ।
ਇਹ ਖੇਚਲ ਵੀ ਮੈਂ ਵੀ ਤੁਹਾਨੂੰ ਇਸ ਕਰਕੇ ਦੇ ਰਿਹਾਂ ਕਿਉਂਕਿ ਸਮੇਂ ਦਾ ਕੋਈ ਪਤਾ ਨਹੀਂ ਕਿ ਉਹ ਆਪਣੀ ਕਰਵਟ ਕਦੋਂ ਪਿੱਛੇ ਨੂੰ ਬਦਲੇ ਤੇ ਫਿਰ ਮੈਂ ਤੁਹਾਡੇ ਔਖੇ ਵੇਲੇ ਕਿਸੇ ਕੰਮ ਆ ਸਕਾਂ । ਤੁਹਾਡੇ ਨਾਲ ਮੈਂ ਇਹ ਗਿਲਾ ਆਪਣੇ ਸਮਝ ਕੇ ਹੀ ਕਰ ਰਿਹਾ ਹਾਂ ਕਿਉਂਕਿ ਗਿਲੇ ਤਾਂ ਆਖਿਰ ਆਪਣਿਆਂ ਨਾਲ ਹੀ ਹੁੰਦੇ ਹਨ ਨਾ । ਨਹੀਂ ਤਾਂ ਮੇਰੇ ਵਰਗੇ ਨੇਤਰਹੀਣ ਬੇਬਸ ਅੰਨ੍ਹੇ ਖੂਹ ਨੇ ਤਹਾਡਾ ਹੁਣ ਇਸ ਹਾਲ ਵਿਚ ਕੀ ਸੰਵਾਰਨਾ ਹੈ ?
*****
No comments:
Post a Comment