ਇਟਲੀ ਵਿਖੇ ਬੱਚਿਆਂ ਦੇ ਕਰਵਾਏ ਗਏ ਗੁਰਬਾਣੀ ਕੰਠ ਮੁਕਾਬਲੇ..........ਬਲਵਿੰਦਰ ਸਿੰਘ ਚਾਹਲ ਮਾਧੋ ਝੰਡਾ


ਇਟਲੀ : ਗੁਰਦਵਾਰਾ ਸੰਗਤ ਸਭਾ ਤੈਰਾਨੋਵਾ ਆਰੇਸੋ ਵਿਖੇ ਹਰ ਸਾਲ ਦੀ ਤਰਾਂ ਇਸ ਸਾਲ ਵੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਵਸ ਨੂੰ ਸਮਰਪਿਤ  ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ ਕਰਵਾਏ ਗਏ । ਦਿਨ ਸ਼ਨੀਵਾਰ ਨੂੰ ਭਾਈ ਸਤਨਾਮ ਸਿੰਘ ਜੀ ਮੋਦਨੇ ਵਾਲਿਆਂ ਨੇ ਆਪਣੇ ਜਥੇ ਸਮੇਤ ਸਭ ਬੱਚਿਆਂ ਦੇ ਟੈਸਟ ਲਏ । ਜਿਸ ਵਿੱਚ ਬੱਚਿਆਂ ਦੇ ਉਮਰ ਮੁਤਾਬਿਕ ਚਾਰ ਵਰਗ ਬਣਾਏ ਗਏ ਸਨ । ਇਨਾਂ ਸਾਰੇ ਬੱਚਿਆਂ ਦੇ ਟੈਸਟ ਲੈਣ ਤੋਂ ਬਾਅਦ ਅੰਕਾਂ ਦੇ ਆਧਾਰ ਤੇ ਨਤੀਜੇ ਤਿਆਰ ਕੀਤੇ ਗਏ ।


ਦਿਨ ਐਤਵਾਰ ਨੂੰ  ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਕਥਾ ਕੀਰਤਨ ਦਾ ਪ੍ਰਵਾਹ ਚੱਲਿਆ । ਪਹਿਲਾਂ ਗੁਰਵਿੰਦਰ ਸਿੰਘ ਨੇ ਕੀਰਤਨ ਦੀ ਹਾਜ਼ਰੀ ਲਗਵਾਈ ਅਤੇ ਉਸਤੋਂ ਬਾਅਦ ਭਾਈ ਸਤਨਾਮ ਸਿੰਘ ਜੀ ਮੋਦਨੇ ਵਾਲਿਆਂ ਨੇ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ।  ਬਾਅਦ ਵਿੱਚ ਭਾਈ ਸਤਨਾਮ ਸਿੰਘ ਜੀ ਨੇ ਬੱਚਿਆਂ ਦੇ ਨਾਂ ਸੰਗਤਾਂ ਸਾਹਮਣੇ ਰੱਖੇ । ਜਿਸ ਵਿੱਚ 0 ਤੋਂ 4 ਸਾਲ ਦੇ ਬੱਚਿਆਂ ਵਿੱਚ   ਅਗੰਮਜੋਤ ਕੌਰ ਨੇ ਪਹਿਲਾ, ਏਕਮਜੋਤ ਸਿੰਘ ਨੇ ਦੂਜਾ ਅਤੇ ਕਰਨਵੀਰ ਸਿੰਘ ਨੇ ਤੀਸਰਾ ਸਥਾਨ ਹਾਸਲ ਕੀਤਾ । 4 ਤੋਂ 8 ਸਾਲ ਦੇ ਵਰਗ ਵਿੱਚ ਜਸਮੀਨ ਕੌਰ ਪਹਿਲਾ, ਤਰਨਜੋਤ ਸਿੰਘ ਦੂਜਾ ਅਤੇ ਅਰਮਾਨ ਸਿੰਘ ਢਿੱਲੋਂ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ ।  9 ਤੋਂ 13 ਸਾਲ ਦੇ ਵਰਗ ਵਿੱਚ ਜਪਨੂਰ ਸਿੰਘ ਨੇ ਪਹਿਲਾ, ਸਿਮਰਨ ਕੌਰ ਧਾਲੀਵਾਲ ਨੇ ਦੂਜਾ ਅਤੇ ਸੁਖਵਿੰਦਰ ਸਿੰਘ ਨੇ ਤੀਸਰਾ ਸਥਾਨ ਹਾਸਲ ਕੀਤਾ । 14 ਤੋਂ 18 ਸਾਲ ਦੇ ਵਰਗ ਵਿੱਚ ਸਿਰਫ਼ ਇੱਕੋ ਹੀ ਬੱਚੀ ਹਰਜੀਤ ਕੌਰ ਨੇ ਭਾਗ ਲਿਆ ਜਿਸ ਨੇ 100 ਵਿੱਚੋਂ 72 ਅੰਕ ਹਾਸਲ ਕੀਤੇ ।

ਗੁਰੂ ਘਰ ਦੇ  ਪ੍ਰਧਾਨ ਭਾਈ ਸੁਰਿੰਦਰ ਸਿੰਘ ਜੀ ਨੇ ਸਮੂਹ ਸੰਗਤਾਂ, ਭਾਗ ਲੈਣ ਵਾਲੇ ਬੱਚਿਆਂ ਅਤੇ ਭਾਈ ਸਤਨਾਮ ਸਿੰਘ ਜੀ ਦੇ ਜਥੇ ਦਾ ਤਹਿ ਦਿਲੋਂ ਧੰਨਵਾਦ ਕਰਦੇ ਹੋਏ ਕਿਹਾ ਕਿ ਅਸੀਂ ਆਪ ਸਭ ਦੇ ਸ਼ੁਕਰਗੁਜ਼ਾਰ ਹਾਂ ਜੋ ਆਪ ਜੀ ਨੇ ਇਸ ਸ਼ੁਭ ਅਵਸਰ ਤੇ ਸਾਨੂੰ ਹਰ ਤਰਾਂ ਦਾ ਸਹਿਯੋਗ ਦਿੱਤਾ ਹੈ । ਉਨਾਂ ਨੇ ਸਭ ਭਾਗ ਲੈਣ ਵਾਲੇ ਬੱਚਿਆਂ ਦੇ ਮਾਤਾ ਪਿਤਾ ਦਾ ਵੀ ੳੇਚੇਚੇ ਤੌਰ ਤੇ ਧੰਨਵਾਦ ਕੀਤਾ । ਭਾਈ ਸਤਨਾਮ ਸਿੰਘ ਜੀ ਨੇ ਵੀ ਪ੍ਰਬੰਧਕ ਕਮੇਟੀ ਅਤੇ ਬੱਚਿਆਂ ਦੇ ਮਾਤਾ ਪਿਤਾ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਆਪ ਜੀ ਵਧਾਈ ਦੇ ਪਾਤਰ ਹੋ ਜੋ ਐਸੇ ਸ਼ੁਭ ਕਾਰਜ ਕਰਵਾਉਂਦੇ ਹੋ ਅਤੇ ਮਾਤਾ ਪਿਤਾ ਵੀ ਧੰਨਤਾ ਦੇ ਯੋਗ ਹੋ ਜੋ ਆਪਣੇ ਬੱਚਿਆਂ ਨੂੰ ਸਿੱਖੀ ਨਾਲ ਜੋੜ ਰਹੇ ਹੋ । ਫਿਰ ਭਾਈ ਸੁਰਿੰਦਰ ਸਿੰਘ ਜੀ ਧਾਲੀਵਾਲ ਅਤੇ ਰਾਮ ਸਿੰਘ ਮੋਧਨਾ ਨੇ ਮਿਲ ਕੇ ਬੱਚਿਆਂ ਨੂੰ ਇਨਾਮ ਤਕਸੀਮ ਕੀਤੇ । ਇਸ ਸਮੇਂ  ਗੁਰੂ ਘਰ ਦੇ ਗਰੰਥੀ ਸਿੰਘ ਭਾਈ ਬਲਵਿੰਦਰ ਸਿੰਘ ਜੀ, ਭਾਈ ਬਿਕਰਮ ਸਿੰਘ ਜੀ ਅਤੇ ਕੀਰਤਨ ਕਰਨ ਵਾਲੇ ਬੱਚੇ ਗੁਰਵਿੰਦਰ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ।ਭਾਈ ਬਲਵਿੰਦਰ ਸਿੰਘ ਜੀ ਨੇ ਇਲਾਕੇ ਦੀਆਂ ਬਹੁਤ ਸਾਰੀਆਂ ਸੰਗਤਾਂ ਨੂੰ ਗੁਰਬਾਣੀ ਦੀ ਸੰਥਿਆ ਕਰਵਾਈ ਹੈ। ਪਹਿਲਾਂ ਇਸ ਗੁਰਦਵਾਰਾ ਸਾਹਿਬ ਲਈ ਪਾਠ ਕਰਨ ਵਾਸਤੇ ਪਾਠੀ ਸਿੰਘ ਬਾਹਰੋਂ ਮੰਗਵਾਉਣੇ ਪੈਂਦੇ ਸਨ ਪਰ ਹੁਣ ਭਾਈ ਬਲਵਿੰਦਰ ਸਿੰਘ ਜੀ ਦੁਆਰਾ ਕੀਤੀ ਮਿਹਨਤ ਸਦਕਾ ਸੰਗਤਾਂ ਆਪ ਹੀ ਆਖੰਡ ਪਾਠ ਸਾਹਿਬ ਸੰਪੂਰਨ ਕਰ ਲੈਂਦੀਆਂ ਹਨ ।  ਇਹ ਗੁਰਬਾਣੀ ਦੇ ਸਲਾਨਾ  ਮੁਕਾਬਲੇ ਇਟਲੀ ਦੇ ਉੱਘੇ ਕੀਰਤਨੀ ਜਥੇ ਭਾਈ ਸਤਨਾਮ ਸਿੰਘ ਮੋਦਨੇ ਵਾਲਿਆਂ ਦੇ ਸਹਿਯੋਗ ਨਾਲ ਕਰਵਾਏ ਜਾਂਦੇ ਹਨ । ਭਾਈ ਸਤਨਾਮ ਸਿੰਘ ਜੀ ਆਪਣੇ ਜਥੇ ਸਮੇਤ ਇਨਾਂ ਮੁਕਾਬਲਿਆਂ ਵਿੱਚ ੳਚੇਚੇ ਤੌਰ ਤੇ ਆਪਣਾ ਯੋਗਦਾਨ ਪਾਉਂਦੇ ਆ ਰਹੇ ਹਨ ।

****

No comments: