ਗੁਰਮਤਿ ਫਿਲਾਸਫੀ ਵਿੱਚ ਕਿਰਤ ਦਾ ਮਹੱਤਵ………. ਲੇਖ / ਤਰਲੋਚਨ ਸਿੰਘ ‘ਦੁਪਾਲ ਪੁਰ’

ਦਸ ਗੁਰੂ ਸਾਹਿਬਾਨ ਵਲੋਂ ਮਹਾਨ ਘਾਲਣਾਵਾਂ ਘਾਲ ਕੇ ਮਨੁੱਖਤਾ ਦੇ ਕਲਿਆਣ ਹਿੱਤ ਬਖਸ਼ਿਸ਼ ਕੀਤੀ ਗਈ ਜੀਵਨ ਜਾਚ ਵਿੱਚ ਕਿਰਤ ਦੇ ਮਹੱਤਵ ਦਾ ਉਲੇਖ ਕਰਨ ਤੋਂ ਪਹਿਲਾਂ ਕਿਰਤ ਦੇ ਭਾਵ-ਅਰਥਾਂ ਨੂੰ ਜਾਨਣਾਂ ਜ਼ਰੂਰੀ ਹੈ। ਗੁਰਮਤਿ ਦੇ ਮੁਢਲੇ ਤਿੰਨ ਨਿਯਮਾਂ –‘ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ’ ਵਿੱਚ ਕਿਰਤ ਨੂੰ ਪਹਿਲੇ ਸਥਾਨ ‘ਤੇ ਰੱਖਿਆ ਗਿਆ ਹੈ। ਸਪਸ਼ਟ ਅਰਥ ਹੋਇਆ ਕਿ ਕਿਰਤ ਕਰਕੇ ਹੀ ਨਾਮ ਜਪਣ ਅਤੇ ਵੰਡ ਛਕਣ ਦੇ ਕਾਰਜ ਹੋ ਸਕਦੇ ਹਨ। ਬਿਨਾਂ ਕਿਰਤ ਦੇ ਨਹੀਂ। ਗੁਰੂ ਸਾਹਿਬਾਨ ਦਾ ਫੁਰਮਾਨ “ਨਾਨਕ ਸੋ ਪ੍ਰਭ ਸਿਮਰੀਐ ਤਿਸੁ ਦੇਹੀ ਕੋ ਪਾਲਿ” ਇਸੇ ਨੁਕਤੇ ਵੱਲ ਇਸ਼ਾਰਾ ਕਰਦਾ ਹੈ ਕਿ ਦੇਹੀ ਨੂੰ ਪਾਲ਼ਦਿਆਂ ਹੋਇਆਂ ਪ੍ਰਭੂ ਦਾ ਸਿਮਰਨ ਕਰਨਾ ਹੈ। ਦੇਹੀ ਜਾਂ ਸਰੀਰ ਦੀ ਪਾਲਣਾ ਪੋਸ਼ਣਾ ਲਈ ਕੋਈ ਨਾ ਕੋਈ ਕਿਰਤ ਜ਼ਰੂਰੀ ਹੈ। ਕਿਰਤ ਕਰਨ ਦੀ ਜੁਗਤਿ ਐਸੀ ਹੋਵੇ ਕਿ ਇਹ ਸੁੱਚੀ ਕਿਰਤ ਭਾਵ ‘ਸੁਕ੍ਰਿਤ’ ਬਣ ਜਾਏ। ਸਰੀਰ ਜਾਂ ਸਰੀਰਾਂ ਦੇ ਸਮੂੰਹ ਕੁਟੰਬ ਪ੍ਰਵਾਰ ਦੀ ਪਾਲਣਾ ਹਿੱਤ ਕੀਤੀ ਜਾ ਰਹੀ ਕਿਰਤ ਜੇ ਸੁਕ੍ਰਿਤ ਨਹੀਂ ਤਾਂ ਵਿਕਾਰ ਪੈਦਾ ਹੋਣੇ ਕੁਦਰਤੀ ਹਨ।
 
ਜੀਵ ਜੰਤੂਆਂ ਦੀ ਦੁਨੀਆਂ ਵਿੱਚ ਦੋ ਜੀਵ ਬੜੇ ਹੀ ਉੱਦਮੀਂ ਮੰਨੇ ਗਏ ਹਨ – ਇੱਕ ਚੂਹਾ ਤੇ ਦੂਜੀ ਕੀੜੀ। ਦੋਵੇਂ ਰਾਤ ਦਿਨ ਆਪਣੀਂ ਕਿਰਤ ਵਿੱਚ ਗਤੀਸ਼ੀਲ਼ ਰਹਿੰਦੇ ਹਨ। ਪਰ ਕੀੜੀ ਦਾ ਉੱਦਮ ਸਫਲ ਹੈ ਕਿਉਂਕਿ ਉਹ ਇੱਧਰੋਂ ਉੱਧਰੋਂ ਖੁਰਾਕ ਲੱਭ ਕੇ ਖੁੱਡ ਵਿੱਚ ਜਮ੍ਹਾਂ ਕਰੀ ਜਾਂਦੀ ਹੈ। ਪਰ ਚੂਹੇ ਵੱਲੋਂ ਕੀਤੇ ਗਏ ਕੰਮ ਦਾ ਨਾ ਉਸ ਨੂੰ ਖੁਦ ਕੋਈ ਫਾਇਦਾ ਹੁੰਦਾ ਹੈ ਨਾ ਉਸਦੀ ਔਲਾਦ ਨੂੰ । ਚੰਗੇ ਭਲੇ ਕੱਪੜੇ ਕੁਤਰਨ ਜਾਂ ਪੜ੍ਹਨ ਯੋਗ ਕਿਤਾਬਾਂ ਟੁੱਕ ਟੁੱਕ ਕੇ ਬੇਕਾਰ ਕਰ ਦੇਣ ਦਾ ਕਿਸੇ ਨੂੰ ਕੋਈ ਲਾਭ ਹੁੰਦਾ ਸੁਣਿਆ ਹੈ? 
 

        ਜੈਸੇ ਕਾਗਦਿ ਕੇ ਭਾਰ ਮੂਸਾ ਟੂਕ ਗਵਾਵਤ
        ਕਾਮ ਨਹੀਂ ਗਵਾਰੀ ਰੇ ॥
 
ਕਿਰਤ ਅਤੇ ਸੁੱਚੀ ਕਿਰਤ ਦੇ ਫਰਕ ਨੂੰ ਉਘਾੜਨ ਵਾਲ਼ੀ, ਪੰਜਾਬ ਦੇ ਲੋਕ-ਯਾਨ ਵਿੱਚੋਂ ਇੱਕ ਨਿੱਕੀ ਜਿਹੀ ਕਹਾਣੀਂ ਕਹਿ ਕੇ ਅੱਗੇ ਚੱਲਦੇ ਹਾਂ। ਕੋਈ ਬਾਦਸ਼ਾਹ ਕਿਸੇ ਰਮਤੇ ਨੂੰ ਪ੍ਰਸ਼ਾਦਾ ਛਕਣ ਲਈ ਬਿਨੈ ਕਰਦਾ ਹੈ। ਰਮਤਾ ਸਾਧੂ ਇਸ ਸ਼ਰਤ ‘ਤੇ ਸੱਦਾ ਸਵੀਕਾਰ ਕਰ ਲੈਂਦਾ ਹੈ ਕਿ ਮੈਂ ਸੁੱਚੀ ਕਿਰਤ ਤੋਂ ਬਣਾਈ ਗਈ ਰੋਟੀ ਹੀ ਖਾਵਾਂਗਾ। ‘ਰਾਜ ਮਹਿਲਾਂ ਵਿੱਚ ਬਣਦਾ ਭੋਜਨ ਸੁੱਚੀ ਕਿਰਤ ਦਾ ਹੋ ਹੀ ਨਹੀਂ ਸਕਦਾ!’ ਇਹ ਵਿਚਾਰ ਕਰਕੇ ਬਾਦਸ਼ਾਹ ਆਪਣੇ ਨੌਕਰ ਚਾਕਰਾਂ ਨੂੰ ਸੁੱਚੀ ਕਿਰਤ ਦੀ ਰੋਟੀ ਲੱਭਣ ਲਈ ਰਾਜਧਾਨੀਂ ਵੱਲ ਭੇਜਦਾ ਹੈ। ਸਾਰੇ ਸ਼ਹਿਰ ਵਿੱਚ ਕੋਈ ਇਕ ਪ੍ਰਵਾਰ ਵੀ ਅਜਿਹਾ ਨਾ ਮਿਲਿਆ ਜੋ ਆਪਦੇ ਘਰੇ ਬਣੇ ਲੰਗਰ ਨੂੰ ਸੁੱਚੀ ਕਿਰਤ ਤੋਂ ਬਣਿਆ ਹੋਣ ਦਾ ਦਾਅਵਾ ਕਰਦਾ ਹੋਵੇ।
 
ਰਾਜੇ ਦਾ ਹੁਕਮ ਸੀ ਜੋ ਪੂਰਾ ਕਰਨਾ ਹੀ ਪੈਣਾ ਸੀ। ਸੋ ਸਾਰਾ ਸ਼ਹਿਰ ਘੁੰਮਦਿਆਂ ਘੁਮਾਉਂਦਿਆਂ ਅਹਿਲਕਾਰਾਂ ਨੂੰ ਇੱਕ ਗਰੀਬਣੀ ਜਿਹੀ ਮਾਈ ਮਿਲ਼ੀ। ਉਹ ਕਹਿਣ ਲੱਗੀ ਕਿ ਮੇਰੇ ਘਰ ਇੱਕ ਰੋਟੀ ਤਾਂ ਹੈ ਪਰ ਉਹਦੇ ਵਿੱਚੋਂ ਅੱਧੀ ਹੀ ਸੁੱਚੀ ਕਿਰਤ ਦੀ ਹੈ , ਸਾਰੀ ਨਹੀਂ। ਅੱਧੀ ਰੋਟੀ ਮੈਥੋਂ ਲੈ ਜਾਉ ਤੇ ਰਮਤੇ ਨੂੰ ਛਕਾ ਦਿਉ। ਐਸਾ ਹੀ ਹੋਇਆ। ਸਾਧੂ ਨੇ ਤਾਂ ਸਬਰ ਸ਼ੁਕਰ ਨਾਲ਼ ਰੋਟੀ ਖਾ ਲਈ ਤੇ ਤੁਰਦਾ ਬਣਿਆਂ। ਪਰ ਬਾਦਸ਼ਾਹ ਨੇ ਮਾਈ ਨੂੰ ਦਰਬਾਰ ਵਿੱਚ ਸੱਦ ਕੇ ਆਪਣੀਂ ਰੋਟੀ ਦਾ ‘ਗੁੱਝਾ ਭੇਦ’ ਦੱਸਣ ਲਈ ਆਖਿਆ। ਮਾਈ ਕਹਿਣ ਲੱਗੀ ਕਿ ਮੈਂ ਆਪਣੇ ਚਰਖੇ ਨਾਲ਼ ਰੂੰ ਕੱਤ ਕੇ ਗਲ਼ੋਟੇ ਸ਼ਹਿਰ ਵਿੱਚ ਵੇਚ ਆਉਂਦੀ ਹਾਂ। ਉਸਦੀ ਵੱਟਕ ਨਾਲ਼ ਮੈਂ ਆਟਾ ਦਾਣਾ ਖਰੀਦ ਲਿਆਉਂਦੀ ਹਾਂ। ਇੱਕ ਸ਼ਾਮ ਮੈਂ ਚਰਖਾ ਚੁੱਕਣ ਹੀ ਵਾਲ਼ੀ ਸਾਂ ਕਿ ਕਿਸੇ ਨਵਾਬ ਦੇ ਮਸ਼ਾਲਚੀ ਮਸ਼ਾਲਾਂ ਬਾਲ਼ ਕੇ ਸਾਡੀ ਗਲ਼ੀ ‘ਚ ਆ ਖੜ੍ਹੇ ਹੋਏ। ਸ਼ਾਇਦ ਉਸ ਵੇਲ਼ੇ ਕੋਈ ਸ਼ਾਹੀ ਅਸਵਾਰੀ ਲੰਘਣੀਂ ਸੀ। ਮਸ਼ਾਲਾਂ ਦੀ ਰੌਸ਼ਨੀਂ ਦੇ ਲਾਲਚ ਵਿੱਚ ਮੈਂ ਕੁਝ ਵਾਧੂ ਸਮਾਂ ਪੂਣੀਆਂ ਕੱਤ ਲਈਆਂ । ਬਿਗਾਨੇ ਤੇਲ ਨਾਲ਼ ਬਲ਼ਦੀਆਂ ਉਨ੍ਹਾਂ ਮਸ਼ਾਲਾਂ ਦੀ ਰੌਸ਼ਨੀਂ ਵਿੱਚ ਮੇਰਾ ਕੱਤਿਆ ਹੋਇਆ ਚਰਖਾ, ਸੁੱਚੀ ਕਿਰਤ ਨਹੀਂ ਕਿਹਾ ਜਾ ਸਕਦਾ । ਇਸੇ ਦਿਨ ਦੀ ਕਮਾਈ ਨਾਲ਼ ਮੈਂ ਉਹ ਰੋਟੀ ਤਿਆਰ ਕੀਤੀ ਸੀ। ਇੰਜ ਉਹ ਅੱਧੀ ਸੁੱਚੀ ਕਿਰਤ ਦੀ ਅਤੇ ਅੱਧੀ ਨਾ ਹੱਕੀ ਹੋਈ!
 
ਸਿੱਖ ਮਤਿ ਦੇ ਬਾਨੀਂ ਸਾਹਿਬ ਗੁਰੂ ਨਾਨਕ ਪਾਤਸ਼ਾਹ ਨੇ ਗਊੁਆਂ ਮੱਝੀਆਂ ਵੀ ਚਾਰੀਆਂ, ਮੋਦੀ ਖਾਨਾ ਵੀ ਚਲਾਇਆ ਅਤੇ ਹੱਥੀਂ ਕਿਰਸਾਣੀਂ ਵੀ ਕੀਤੀ। ਆਪ ਜੀ ਦੇ ਨਾਲ਼ ਜਦੋਂ ਭਾਈ ਲਹਿਣਾ ਜੀ ਦਾ ਪਹਿਲਾ ਮਿਲਾਪ ਹੋਇਆ , ਉਸ ਵੇਲੇ ਦਾ ਦ੍ਰਿਸ਼ , ਉਨ੍ਹਾਂ ਦੇ ਸਿਦਕਵਾਨ ਕਿਰਤੀ ਹੋਣ ਦਾ ਅਕੱਟ ਸਬੂਤ ਹੈ।
 
ਪਿੰਡ ਖੰਡੂਰ ਦੇ ਵਸਨੀਕ ਭਾਈ ਜੋਧ ਦੇ ਮੂੰਹੋਂ ਆਸਾ ਦੀ ਵਾਰ ਦੇ ਕੁੱਝ ਸਲੋਕ ਸਰਵਣ ਕਰ ਕੇ , ਭਾਈ ਲਹਿਣਾ ਜੀ ਨੇ ਗੁਰੂ ਨਾਨਕ ਜੀ ਦੇ ਦਰਸ਼ਣ ਕਰਨ ਦਾ ਫੈਸਲਾ ਕਰ ਲਿਆ। ਹਰੇਕ ਸਾਲ ਵਾਂਗ ਵੈਸ਼ਨੋਂ ਦੇਵੀ ਦੇ ਚਾਲੇ ਨੂੰ ਜਾ ਰਹੇ ਸੰਗ ਨਾਲ਼ੋਂ ਨਿੱਖੜ ਕੇ ਭਾਈ ਲਹਿਣਾ, ਸ੍ਰੀ ਕਰਤਾਰਪੁਰ ਵੱਲ ਨੂੰ ਚੱਲ ਪਏ। ਅਮੀਰ ਵਪਾਰੀ ਦੇ ਪੁੱਤਰ ਹੋਣ ਦੇ ਸਦਕਾ ਆਪ ਜੀ ਠਾਠ –ਬਾਠ ਨਾਲ਼ ਘੋੜੀ ‘ਤੇ ਚੜ੍ਹੇ ਜਾ ਰਹੇ ਸਨ। ਕਰਤਾਰ ਪੁਰ ਦੇ ਬਾਹਰਵਾਰ ਪਹੁੰਚ ਕੇ ਉਨ੍ਹਾਂ ਨੂੰ  ਇੱਕ ਜ਼ਿਮੀਂਦਾਰ ਮਿਲ਼ਿਆ , ਜੋ ਖੇਤਾਂ ਵਿੱਚੋਂ ਕੰਮ-ਕਾਰ ਮੁਕਾ ਕੇ ਪੱਠੇ-ਦੱਥੇ ਦੀ ਭਾਰੀ ਪੰਡ ਸਿਰ ‘ਤੇ ਚੁੱਕੀ ਰਾਹੇ ਰਾਹੇ ਤੁਰਿਆ ਜਾ ਰਿਹਾ ਸੀ। ਲਹਿਣਾ ਜੀ ਉਸ ਕਿਰਸਾਣ ਨੂੰ ਬਾਬਾ ਗੁਰੂੁ ਨਾਨਕ ਜੀ ਦੇ ਘਰ ਬਾਰੇ ਪੁੱਛਣ ਲੱਗੇ। ਉਸ ਸਾਦ ਮੁਰਾਦੇ ਪੇਂਡੂ ਨੇ ਭਾਈ ਲਹਿਣਾ ਜੀ ਨੂੰ ਆਪਣੇ ਪਿੱਛੇ ਪਿੱਛੇ ਤੁਰੇ ਆਉਣ ਦਾ ਇਸ਼ਾਰਾ ਕੀਤਾ।
 
ਪਿੰਡ ਵਿੱਚ ਵੜਦਿਆਂ ਇੱਕ ਦੋ ਮੋੜ ਮੁੜ ਕੇ ਇੱਕ ਘਰ ਦੇ ਖੁੱਲ੍ਹੇ ਸਾਰੇ ਵਿਹੜੇ ਦੀ ਇੱਕ ਨੁੱਕਰ ਵਿੱਚ ਪੰਡ ਸੁੱਟ ਕੇ ਉਹ ਕਿਰਸਾਣ ਮਿੱਟੀ ਘੱਟੇਨਾਲ਼ ਲਿਬੜੇ ਤਿਬੜੇ ਹੱਥ ਝਾੜਦਿਆਂ ਘੋੜੀ ਚੜ੍ਹੇ ਭਾਈ ਲਹਿਣੇ ਨੂੰ ਬੜੀ ਨਿਮਰਤਾ ਨਾਲ਼ ਕਹਿਣ ਲੱਗਾ –
 

“ਆਉ ਪੁਰਖਾ , ਜੀਉ ਆਇਆਂ ਨੂੰ ! ਲੋਕੀਂ  ਮੈਂਨੂੰ ਹੀ ਨਾਨਕ ਨਿਰੰਕਾਰੀ ਆਖਦੇ ਨੇ, ਦੱਸੋ ਆਪ ਦੀ ਕੀ ਖਿਦਮਤ ਕਰਾਂ ?”
 
ਇੰਨੀਂ ਸੁਣਦਿਆਂ ਹੀ ਭਾਈ ਲਹਿਣਾ ਜੀ ਛਿੱਥੇ ਜਿਹੇ ਪੈ ਕੇ ਘੋੜੀਉਂ ਥੱਲੇ ਉੱਤਰਦਿਆਂ , ਗੁਰੁ ਬਾਬਾ ਜੀ ਦੇ ਚਰਨਾਂ ‘ਤੇ ਢਹਿ ਪੈਂਦੇ ਹਨ। ਭਾਈ ਲਹਿਣਾ ਜੀ ਨੇ ਗੁਰੂੁ ਨਾਨਕ ਦੀ ਸ਼ਖਸ਼ੀਅਤ ਸ਼ਾਇਦ ਇੰਝ ਦੀ ਚਿਤਵੀ ਹੋਵੇਗੀ ?
 
‘ਸੰਗਮਰਮਰ ਨਾਲ਼ ਜੜਿਆ ਹੋਇਆ ਕੋਈ ਆਲੀਸ਼ਾਨ ਡੇਰਾ ਹੋਵੇਗਾ--- ਅਤਰ ਫੁਲੇਲ ਦੀਆਂ ਸੁਗੰਧੀਆਂ ਛੱਡ ਰਹੇ ਕਿਸੇ ਵੱਖਰੇ ਕਮਰੇ ਵਿੱਚ ਗੁਰੂ ਬਾਬਾ ਜੀ ਸਮਾਧੀ-ਲੀਨ ਬੈਠੇ ਹੋਣਗੇ--- ਉਨ੍ਹਾਂ ਦੇ ਦੁੱਧ ਚਿੱਟੇ ਚੋਲ਼ੇ ਉੱਪਰ ਸੁਨਹਿਰੀ ਤਾਰਾਂ ਝਿਲਮਿਲ , ਝਿਲਮਿਲ ਕਰ ਰਹੀਆਂ ਹੋਣੀਆਂ ਨੇ--- ਉਨ੍ਹਾਂ ਨੇ ਮੋਟੇ ਮੋਟੇ ਮਣਕਿਆਂ ਵਾਲ਼ੀ ਲੰਬੀ ਮਾਲ਼ਾ ਹੱਥ ਵਿੱਚ ਫੜੀ ਹੋਵੇਗੀ---ਅੱਧ –ਮੁੰਦੇ ਨੇਤਰਾਂ ਨਾਲ਼ ਉਹ ਆਪਣੇ ਚੇਲੇ –ਚਾਟੜਿਆਂ ਨੂੰ ਇਸ਼ਾਰਿਆਂ ਨਾਲ਼ ‘ਹੁਕਮ’ ਕਰ ਰਹੇ ਹੋਣਗੇ---ਦੋ ਚਾਰ ਚੇਲੇ ਬਾਲਕੇ ਲੱਤਾਂ ਪੈਰ ਘੁੱਟ ਰਹੇ ਹੋਣਗੇ----!”
 
ਇਲਾਹੀ ਜੋਤਿ, ਅਕਾਲ ਰੂਪ ਬਾਬਾ ਗੁਰੂ ਨਾਨਕ ਜੀ ਨੂੰ ਕਿਰਤੀ ਕਿਰਸਾਣ ਦੇ  ਰੂਪ ਵਿੱਚ ਤੱਕ ਕੇ ਭਾਈ ਲਹਿਣਾ ਜੀ ਨੇ ‘ਗੁਰਮਤਿ ਗਾਡੀ ਰਾਹ’ ਵਿੱਚ ‘ਸੁੱਚੀ ਕਿਰਤ’ ਦੇ ਮਹਾਤਮ ਦਾ ਅਨੁਭਵ ਜ਼ਰੂਰ ਕਰ ਲਿਆ ਹੋਵੇਗਾ!
 
ਬਟਾਲ਼ੇ ਵਿਖੇ ਸ਼ਿਵਰਾਤਰੀ ਦੇ ਮੇਲੇ ਮੌਕੇ ਜਦੋਂ  ਗੁਰੂੁ ਨਾਨਕ ਪਾਤਸ਼ਾਹ ਜੀ ਪਰਬਤਾਂ ਤੋਂ ਉੱਤਰ ਕੇ ਆਏ ਜੋਗੀਆਂ ਦੇ ਭਰਮ ਨਵਿਰਤ ਕਰਦੇ ਹੋਏ ਉਨ੍ਹਾਂ ਨੂੰ ਪੁਛਦੇ ਹਨ ਕਿ – ‘ਹੋਇ ਅਤੀਤ ਗ੍ਰਹਿਸਤ ਤਜ ਫਿਰ ਉਨਹੂ ਕੇ ਘਰ ਮੰਗਣ ਜਾਈ?’ ਤਾਂ ਇੱਥੇ ਗੁਰੂੁ ਜੀ ਉਨ੍ਹਾਂ ਗ੍ਰਹਿਸਤੀਆਂ ਨੂੰ ਵਡਿਆ ਰਹੇ ਹਨ , ਵਿਹਲੜ ਜਾਂ ਦੂਜਿਆਂ ਦੀ ਕਿਰਤ ਤੇ ਪਲਣ ਵਾਲ਼ਿਆਂ ਨੂੰ ਨਹੀਂ ।ਗੁਰੂ ਪਾਤਸ਼ਾਹ ਜੀ ਦੇ ਕਿਰਤੀਆਂ ਪ੍ਰਤਿ ਸਨੇਹ ਦੀ ਇਸ ਤੋਂ ਵੱਡੀ ਮਿਸਾਲ ਕੀ ਹੋ ਸਕਦੀ ਹੈ ਕਿ ਆਪਣੀ ਬਾਣੀਂ ਵਿੱਚ ਉਨ੍ਹਾਂ ਆਪਣੇ ਕਿਸੇ ਵੀ ਪ੍ਰਵਾਰਕ ਜੀਅ ਜਾਂ ਕਿਸੇ ਹੋਰ ਨਿਕਟਵਰਤੀ ਦਾ ਨਾਂ ਨਹੀਂ ਲਿਆ। ਪਰ ਆਪਣੇ ਕਿਰਤੀ ਸਿੱਖ ਭਾਈ ਲਾਲੋ ਨੂੰ ਤਿਲੰਗ ਰਾਗ ਵਿੱਚ ਉਚਾਰੇ ਗਏ ਇੱਕ ਸ਼ਬਦ ਵਿੱਚ ਸੱਤ ਵਾਰ ‘ਵੇ ਲਾਲੋ’ ਕਹਿ ਕੇ ਸਦਾ ਸਦਾ ਲਈ ਅਮਰ ਕਰ ਦਿੱਤਾ। ਦੂਸਰਿਆਂ ਦੀ ਕਮਾਈ ਨਾਲ਼ ਆਪਣਾ ਢਿੱਡ ਭਰਨ ਵਾਲ਼ੇ ਤਤਕਾਲੀ ਆਗੂਆਂ , ਕਾਜੀ , ਬ੍ਰਾਹਮਣ ਅਤੇ ਜੋਗੀ ਨੂੰ ‘ਓਜਾੜੇ ਕਾ ਬੰਧੁ’ ਕਹਿ ਕੇ ਨਕਾਰਿਆ।
 
ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਲਹਿਣੇ ਤੋਂ ‘ਅੰਗਦ’ ਬਣੇ ਦੂਜੇ ਪਾਤਸ਼ਾਹ ਜੀ ਨੇ ਆਪਣੇ ਸਪੁੱਤਰਾਂ ਨੂੰ ਗੁਰੂੁ ਕੇ ਲੰਗਰਾਂ ਵਿੱਚੋਂ ਪ੍ਰਸ਼ਾਦਾ ਛਕਣੋਂ ਇਹ ਕਹਿ ਕੇ ਵਰਜ ਦਿੱਤਾ ਸੀ ਕਿ ਪਹਿਲਾਂ ਕਿਰਤ ਵਿਰਤ ਕਰਕੇ ਦਸਵੰਧ ਗੁਰੁ-ਅਰਪਣ ਕਰੋ। ਗੁਰੂ ਅਮਰਦਾਸ ਜੀ ਵੱਲੋਂ ਚਲਾਏ ਜਾ ਰਹੇ ਲੰਗਰ ਦੇ ਨਾਂ ਜਗੀਰ ਲਾਉਣ ਦੀ ਬਾਦਸ਼ਾਹ ਅਕਬਰ ਦੀ ਪੇਸ਼ਕਸ਼ ਇਸੇ ਕਰਕੇ ਗੁਰੂ ਘਰ ਵੱਲੋਂ ਠੁਕਰਾਈ ਗਈ ਸੀ ਕਿ ਇਹ ਲੰਗਰ ਕਿਰਤੀ ਸਿੱਖਾਂ ਦੇ ਦਸਵੰਧ ਨਾਲ਼ ਹੀ ਚਲਣ ਦੀ ਪ੍ਰੰਪਰਾ ਬਣੀ ਰਹੇ । ਜਗੀਰਾਂ ਦੀ ਮਾਇਆ ਕਿਤੇ ਗੁਰੂ ਨਾਨਕ ਨਾਮ ਲੇਵਾ ਸਿੱਖਾਂ ਨੂੰ ‘ਨਿਖੱਟੂ’ ਨਾ ਬਣਾ ਦੇਵੇ । ਗੁਰੂੁ ਰਾਮਦਾਸ ਜੀ ਸਿਰ ਉੱਪਰ ਛਾਬੜੀ ਚੁੱਕ ਕੇ ਘੁੰਗਣੀਆਂ  ਵੇਚਣ ਦੀ ਕਿਰਤ ਕਰਦਿਆਂ ਆਪਣੀਂ ਤੇ ਆਪਣੀਂ ਨਾਨੀ ਜੀ ਦੀ ਪ੍ਰਤਿਪਾਲਣਾ ਕਰਦੇ ਰਹੇ। ਉਨ੍ਹਾਂ ਕਿਰਤ ਦੇ ਨਾਲ਼ ਨਾਲ਼ ਕੀਰਤ ਕਰਦਿਆਂ ਧਰਮ ਵੀ ਕਮਾਇਆ। ਗੱਲ ਕੀ ਹਰ ਗੁਰੂ ਸਾਹਿਬਾਨ ਦੀਆਂ ਜੀਵਨ ਝਾਕੀਆਂ ਵਿੱਚੋਂ ਕਿਰਤ ਦੀ ਮਹੱਤਤਾ ਦਰਸਾਉਂਦੀਆਂ ਅਨੇਕਾਂ ਇਤਿਹਾਸਕ ਮਿਸਾਲਾਂ ਲੱਭੀਆਂ ਜਾ ਸਕਦੀਆਂ ਹਨ।
 
ਕਹਿੰਦੇ ਨੇ ਭਾਈ ਬਹੋੜੇ ਨਾਂ ਦੇ ਇੱਕ ਸਿੱਖ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਪੁੱਛਿਆ ਕਿ ਪਾਤਸ਼ਾਹ ਜੀ ਮੈਂ ਕਿਹੜੀ ਕਿਰਤ ਕਰਾਂ ਜੋ ਆਪ ਨੂੰ ਭਾਵੇ? ਗੁਰੂ ਜੀ ਨੇ ਫੁਰਮਾਇਆ-“ ਭਾਈ ਸਿੱਖਾ, ਕਿਰਤ ਕੋਈ ਵੀ ਕਰੋ, ਜਿਸ ਨਾਲ਼ ਜੀਵਨ ਦਾ ਨਿਰਬਾਹ ਹੋ ਸਕੇ। ਰਿਜ਼ਕ –ਰੋਟੀ ਕਮਾਉ ਪਰ ਕਪਟ ਰਹਿਤ ਹੋ ਕੇ। ਕਿਸੇ ਦੂਸਰੇ ਦਾ ਹੱਕ ਨਹੀਂ ਮਾਰਨਾ। ਆਪਣੀ ਕਮਾਈ ਵਿੱਚੋਂ ਜੋ ਪ੍ਰਭੂ ਹਿੱਤ ਵੰਡ ਕੇ ਛਕੇਗਾ, ਉਸਦਾ ਮਨ ਨਿਰਮਲ ਰਹੇਗਾ। ਇਸ ਮੌਕੇ ਦੇ ਵਾਰਤਾਲਾਪ ਨੂੰ ਕਵੀ ਸੰਤੋਖ ਸਿੰਘ ਜੀ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਇਉਂ ਅੰਕਿਤ ਕਰਦੇ ਹਨ:-
 
        ਸੁਨ ਗੁਰ ਕਹਯੋ ਕਿਰਤ ਕਰ ਸੋਈ।
        ਧਰਮ ਸਮੇਤ ਨਿਬਾਹਹੁ ਸੋਈ ।
        ਕਪਟ ਬਿਹੀਨ ਜੀਵਕਾ ਕਰੈ।
        ਪਰ ਕੀ ਵਸਤ ਛੁਪਾਇ ਨ ਧਰੈ।
        ਤਿਸ ਮਹਿ ਬਾਂਟ ਪ੍ਰਭ ਹਿਤ ਖਾਵੇ।
        ਤਿਸ ਕੋ ਉਰ ਨਿਰਮਲ ਹੋਇ ਜਾਵੇ।
 
ਇਨ੍ਹਾਂ ਪੰਕਤੀਆਂ ਦੇ ਅਰਥਾਂ ਨਾਲ ਹੀ ਮਿਲ਼ਦਾ ਜੁਲ਼ਦਾ ‘ਰਹਿਤਨਾਮਾ’ ਭਾਈ ਦੇਸਾ ਸਿੰਘ ਵੀ ‘ਸੁਕਿਰਤ’ ਕਰਨ ਲਈ ਹੀ ਉਪਦੇਸ਼ ਕਰਦਾ ਹੈ:-
 
        ਖੇਤੀ ਵਣਜ ਵਾ ਸ਼ਿਲਪ ਬਨਾਵੇ।
        ਔਰ ਟਹਿਲ ਜੋ ਮਨ ਮੈ ਭਾਵੇ।
        ਦ੍ਰਿੜ ਹੋਇ ਸੋਈ ਕਾਰ ਕਮਾਵੇ।
        ਚੋਰੀ ਡਾਕੇ ਕਬਹੁ ਨਾ ਜਾਵੇ।
 
ਰਹਿਤਨਾਮਿਆਂ ਵਿੱਚ ਹੀ ਸਿੱਖਾਂ ਨੂੰ ਉਪਜੀਵਿਕਾ ਹਿਤ ਕਮਾਈ ਕਰਨ ਵਾਸਤੇ ਕੁਝ ਅਜਿਹੇ ਉਪਦੇਸ਼ ਵੀ ਮਿਲ਼ਦੇ ਹਨ-
 
‘ਗੁਰੂ ਕੇ ਸਿੱਖਾਂ ਨੂੰ ਕੋਈ ਕਿਰਤ ਕਰਨੀਂ ਮਨ੍ਹਾਂ ਨਹੀਂ ਹੈ। ਖੇਤੀ , ਵਪਾਰ, ਦਸਤਕਾਰੀ ਜਾਂ ਸੇਵਾ ਜੋ ਮਨ ਨੂੰ ਚੰਗੀ ਲੱਗੇ, ਦ੍ਰਿੜ੍ਹ ਹੋ ਕੇ ਕਰੇ। ਪਰ ਚੋਰੀ ਡਾਕਾ ਕਤੱਈ ਨਾ ਕਰੇ। ਜੇ ਕਿਤੇ ਨੌਕਰੀ ਵੀ ਕਰਨੀਂ ਪਵੇ ਤਾਂ ਬੇਪ੍ਰਵਾਹ ਹੋ ਕੇ ਅਣਖ ਨਾਲ਼ ਕਰੇ। ਤਨਖਾਹ ਵਿੱਚ ਹੀ ਗੁਜ਼ਾਰਾ ਕਰੇ । ਰਿਸ਼ਵਤ ਕਦਾਂਚ ਨਾ ਲਏ। ਜੇ ਸਿਪਾਹੀਗਿਰੀ ਕਰੇ ਤਾਂ ਲੜਾਈ ਵਿੱਚ ਲੋੜ ਪੈਣ ਤੇ ਸੂਰਬੀਰਤਾ ਦਿਖਾਵੇ।
 
ਅੰਗਰੇਜੀ ਰਾਜ ਦੌਰਾਨ ਸ੍ਰੀ ਦਰਬਾਰ ਸਾਹਬ ਅੰਮ੍ਰਿਤਸਰ ਵਿਖੇ ਲੰਮਾਂ ਅਰਸਾ ਹੈੱਡ ਗ੍ਰੰਥੀ ਰਹੇ ਗਿਆਨੀਂ ਕਰਤਾਰ ਸਿੰਘ ਕਲਾਸਵਾਲ਼ੀਆ ਜੀ ਨੇ ਆਪਣੇ ਲਿਖੇ ਪ੍ਰਸਿੱਧ ਗ੍ਰੰਥ ‘ਸ੍ਰੀ ਦਸਮੇਸ਼ ਪ੍ਰਕਾਸ਼’ ਵਿੱਚ ਦਸਵੇਂ ਗੁਰੁ ਜੀ ਦੇ ਦਰਬਾਰ ਵਿੱਚ ਵਾਪਰੀ ਇੱਕ ਘਟਨਾਂ ਦਾ ਬੜਾ ਕਮਾਲ ਦਾ ਨਕਸ਼ਾ ਖਿੱਚਿਆ ਹੈ । ਗਿਆਨੀਂ ਜੀ ਲਿਖਦੇ ਹਨ ਕਿ ਸ੍ਰੀ ਆਨੰਦਪੁਰ ਸਾਹਿਬ ਵਿਖੇ ਸਜੇ ਦਰਬਾਰ ਵਿੱਚ ਦਸਮੇਸ਼ ਪਿਤਾ ਜੀ ਨੇ ਜਲ ਛਕਣ ਦੀ ਇੱਛਾ ਜਤਾਈ। ਸਤਿਗੁਰਾਂ ਦਾ ਗੜਵ੍ਹਈ ਕਿਸੇ ਹੋਰ ਕੰਮ ਜਾ ਲੱਗਾ। ਕੋਈ ਓਪਰਾ ਨੌਜਵਾਨ ਪਾਣੀ ਦਾ ਕੌਲ ਭਰ ਕੇ ਗੁਰੂੁ ਜੀ ਅੱਗੇ ਜਾ ਖਲੋਇਆ ਅਤੇ ਸਤਿਕਾਰ ਸਹਿਤ ਜਲ ਛਕਣ ਲਈ ਪੇਸ਼ ਕੀਤਾ। ਪਹਿਰਾਵੇ ਤੋਂ ਕਾਫੀ ਅਮੀਰ ਦਿਸ ਰਹੇ ਇਸ ਗੱਭਰੂ ਦੇ ਬਹੁਤ ਹੀ ਸਾਫ ਤੇ ਸੋਹਲ ਜਿਹੇ ਹੱਥ ਦੇਖ ਕੇ ਗੁਰੂੁ ਸਾਹਿਬ ਨੇ ਉਸ ਨੂੰ ਪੁਛਿਆ ਕਿ ਕਾਕਾ ਤੇਰੇ ਹੱਥ ਬੜੇ ਨਰਮ ਤੇ ਕੋਮਲ ਜਿਹੇ ਜਾਪਦੇ ਨੇ , ਤੂੰ ਕਿਹੜੀ ਕਿਰਤ ਕਰਦਾ ਹੁੰਦਾ ਏਂ? ਅੱਗਿਉਂ ਲੜਕਾ ਮੁਸਕੁਰਾ ਕੇ ਕਹਿੰਦਾ ਕਿ ਸੱਚੇ ਪਾਤਸ਼ਾਹ ਮੈਂ ਬਹੁਤ ਅਮੀਰ ਮਾਂ-ਬਾਪ ਦਾ ਪੁੱਤਰ ਹਾਂ। ਧੰਨ-ਸੰਪਦਾ ਦੀ ਬਹੁਤਾਤ ਸਦਕਾ ਮੈਂਨੂੰ ਕੋਈ ਵੀ ਮੁਸ਼ੱਕਤ ਕਰਨ ਦੀ ਲੋੜ ਨਹੀਂ। ਨੌਕਰ ਚਾਕਰ ਬਥੇਰੇ ਨੇ। ਬੱਸ ਇਉਂ ਜਾਣੋਂ ਕਿ ਮੈਂ ਅੱਜ ਪਹਿਲੀ ਵਾਰੀ ਆਪ ਜੀ ਨੂੰ ਜਲ ਛਕਾਉਣ ਦਾ ਕੰਮ ਕਰ ਰਿਹਾ ਹਾਂ।“
 
ਉਸ ਵੇਲੇ ਸਤਿਗੁਰ ਜੀ ਨੇ ਜੋ ਬਚਨ ਕੀਤੇ , ਉਨ੍ਹਾਂ ਨੂੰ ਕਵੀ ਨੇ ਇੰਝ ਕਲਮ-ਬੰਦ ਕੀਤਾ ਏ-
        ‘ਪਾਣੀ ਡੋਲ੍ਹ ਦਿੱਤਾ ਸਤਿਗੁਰ ਜੀ ਨੇ, ਕਹਿਆ ਜੀਵਣਾ ਧ੍ਰਿਗ ਸੰਸਾਰ ਤੇਰਾ।
            ਦੇਹ ਪਾ ਮਨੁਖ ਦੀ ਖੋਈ ਐਵੇਂ , ਕਿਹੜੇ ਕੰਮ ਸਰੀਰ ਬੇਕਾਰ ਤੇਰਾ।
         ਸਿੱਖ ਸਾਧ ਦੀ ਸੇਵਾ ਤੋਂ ਬਿਨਾਂ ਭਾਈ , ਏਹ ਜਿਸਮ ਹੈ ਸਮਝ ਮੁਰਦਾਰ ਤੇਰਾ।
        ਸੇਵਾ ਭਗਤੀ ਤੋਂ ਬਿਨਾਂ ‘ਕਰਤਾਰ ਸਿੰਘਾ’ ਦੱਸ ਹੋਵੇਗਾ ਕਿਵੇਂ ਉਧਾਰ ਤੇਰਾ?’
 
ਪੰਜਾਬ ਦੀ ਧਰਤੀ ਨੂੰ ਗੁਰਾਂ ਦੇ ਨਾਂ ਤੇ ਜਿਊਂਦੀ-ਥੀਂਦੀ ਆਖਣ ਵਾਲ਼ੇ ਮਹਾਨ ਸ਼ਾਇਰ ਪ੍ਰੋ. ਪੂਰਨ ਸਿੰਘ ਦੇ ਕਿਰਤ ਬਾਰੇ ਲਿਖੇ ਹੋਏ ਵਿਚਾਰ, ਗੁਰਮਤਿ ਫਲਸਫੇ ਦੀ ਵਿਆਖਿਆ ਕਰ ਰਹੇ ਹੀ ਜਾਪਦੇ ਹਨ। ਆਪਣੀ ਪ੍ਰਸਿੱਧ ਕਿਤਾਬ ‘ਖੁੱਲ੍ਹੇ ਲੇਖ’ ਵਿੱਚ ‘ਕਿਰਤ’ ਦੇ ਸਿਰਲੇਖ ਹੇਠ ਆਪ ਲਿਖਦੇ ਹਨ:-
 
‘---ਸਿਆਣਿਆਂ ਜੋ ਇਹ ਕਿਹਾ ਹੈ ਕਿ ਨਿਕੰਮਾ ਮਨ ਸ਼ੈਤਾਨ ਦੀ ਆਪਣੀ ਟਕਸਾਲ ਹੋ ਜਾਂਦਾ ਹੈ, ਇਸ ਕਥਨ ਵਿੱਚ ਬੜਾ ਸੱਚ ਭਰਿਆ ਪਿਆ ਹੈ।---ਸੁੱਚੀ ਕਿਰਤ ਕਰਨ ਵਾਲ਼ੇ ਦੇ ਹੱਥ ਪੈਰ ਆਪ ਮੁਹਾਰੇ ਪਾਕ ਹੋ ਜਾਂਦੇ ਹਨ।---ਸੁੱਚੀ ਕਿਰਤ ਕਰਨ ਵਾਲ਼ੇ ਦਾ ਸਹਿਜ ਸੁਭਾ ਇਹ ਅਨੁਭਵ ਹੁੰਦਾ ਹੈ ਕਿ ਮੇਰਾ ਤਾਂ ਕੰਮ ਕਰਨਾ ਹੀ ਬਣਦਾ ਹੈ, ਫਲ਼ ਦੇਣ ਵਾਲਾ ਤਾਂ ਕੋਈ ਹੋਰ ਹੈ---ਉਨ੍ਹਾਂ (ਵਿਹਲੜ ਅਮੀਰਾਂ) ਨੂੰ ਉਹ ਸੁਖ ਕਦੀ ਨਹੀਂ ਆ ਸਕਦਾ , ਜਿਹੜਾ ਕਿਰਤੀ ਦੀ ਹੱਡੀ ਵਿੱਚ ਕਿਰਤ ਪੈਦਾ ਕਰਦੀ ਹੈ।
 
ਪ੍ਰੋ. ਸਾਹਿਬ ਤਾਂ ਕਿਰਤ ਤੋਂ ਕਿਨਾਰਾ ਕਰਕੇ ਖੁਦ ਨੂੰ ਚਿੰਤਕ ਅਖਵਾਉਂਦੇ ਉਨ੍ਹਾਂ ਤਥਾ-ਕਥਿਤ ‘ਫਿਲਾਸਫਰ ਟਾਈਪ’ ਵਿਅਕਤੀਆਂ ਦੇ ਚਿੰਤਨ ਨੂੰ ਮਨ ਮੈਲ਼ਾ ਕਰਨ ਦਾ ਸਾਧਨ ਹੀ ਮੰਨਦੇ ਨੇ-
 
‘ਮਾਨਸਿਕ ਚਿੰਤਨ ਕਿੰਨਾ ਹੀ ਉੱਚਾ ਕਿਉਂ ਨਾ ਹੋਵੇ, ਰੂਹ ਨੂੰ ਸਾਫ ਨਹੀਂ ਕਰਦਾ , ਮੈਲ਼ਾ ਕਰਦਾ ਹੈ। ਪਰ ਸਰੀਰ ਨਾਲ਼ ਕੀਤੀ ਕਿਰਤ ਆਪ-ਮੁਹਾਰੀ ਜਿਸ ਤਰ੍ਹਾਂ ਬਿਰਛਾਂ ਉੱਤੇ ਫਲ਼-ਫੁੱਲ ਆਣ ਲੱਗਦੇ ਹਨ, ਸਿਦਕ ਤੇ ਪਿਆਰ ਦੀ ਰੱਬਤਾ ਵਿੱਚ ਜੀਣ ਲੱਗਦੀ ਹੈ---।‘
 
ਸ਼ਾਡੇ ਇਸ਼ਟ ਸ੍ਰੀ ਗੁਰੂੁ ਗ੍ਰੰਥ ਸਾਹਿਬ ਵਿੱਚ ਕੱਪੜੇ ਸਿਊਣ, ਰੰਗਣ, ਕੱਪੜਾ ਬੁਣਨ, ਜੁੱਤੀਆਂ ਗੰਢਣ ਅਤੇ ਰਾਜ ਦਰਬਾਰ ਵਿੱਚ ਨੌਕਰੀ ਦੀ ਕਿਰਤ ਕਰਨ ਵਾਲ਼ੇ ਰੱਬੀ ਰੰਗ ਰੱਤੇ ਭਗਤਾਂ ਦੀ ਬਾਣੀ ਸ਼ਾਮਿਲ ਹੋਣਾ ਮਿਹਨਤ ਅਤੇ ਮੁਸ਼ੱਕਤਾਂ ਦੇ ਮਾਣ-ਸਨਮਾਨ ਦਾ ਹੀ ਲਖਾਇਕ ਹੈ।
 
ਭਾਈ ਗੁਰਦਾਸ ਜੀ, ਗੁਰਬਾਣੀ ਫੁਰਮਾਨ ‘ਉਦਮ ਕਰੇਂਦਿਆਂ ਜੀਉ ਤੂੰ---‘ ਦੀ ਵਿਆਖਿਆ ਕਰਦੇ ਹੋਏ ਆਖਦੇ ਨੇ:-
        ਘਾਲਿ ਖਾਇ ਸੁਕ੍ਰਿਤ ਕਰੈ ਵਡਾ ਹੋਇ ਨ ਆਪ ਗਵਾਇ॥
 
ਇਹ ਕਿਰਤ ਅਤੇ ਕੀਰਤੀ ਦੇ ਸੁਮੇਲ ਦਾ ਕ੍ਰਿਸ਼ਮਾ ਹੀ ਸੀ ਕਿ ਅਠਾਰ੍ਹਵੀਂ ਸਦੀ ਦਾ ਸਿੱਖ ਜਰਨੈਲ ਭਾਈ ਲਹਿਣਾ ਸਿੰਘ , ਜਾਬਰ ਅਹਿਮਦ ਸ਼ਾਹ ਅਬਦਾਲੀ ਵੱਲੋਂ ਤੋਹਫੇ ਦੇ ਤੌਰ ‘ਤੇ ਭੇਜੇ ਹੋਏ ਕਾਬਲ ਦੇ ਸੁੱਕੇ ਮੇਵਿਆਂ ਦੇ ਟੋਕਰੇ ਠੁਕਰਾਉਂਦਿਆਂ ਹੋਇਆਂ ਉਸ ਨੂੰ ਖਤ ਲਿਖਦਾ ਹੈ-
 
‘---ਕਾਜੂ ਪਿਸਤੇ ਬਦਾਮ ਬਾਦਸ਼ਾਹਾਂ ਦੀ ਖੂਰਾਕ ਹੈ, ਤੇ ਮੈਂ ਪੰਥ ਦਾ ਇੱਕ ਸਿਮਾਹੀ ਹਾਂ, ਜੋ ਭੁੱਜੇ ਛੋਲਿਆਂ ਤੇ ਗੁਜ਼ਾਰਾ ਕਰ ਸਕਦਾ ਹਾਂ---।‘
 
ਮੇਵਿਆਂ ਦੇ ਨਾਲ਼ ਭੇਜੀ ਗਈ ਲਾਹੌਰ ਦੀ ਸੂਬੇਦਾਰੀ ਦੀ ਪੇਸ਼ਕਸ਼ ਨੂੰ ਕਿਰਤੀ ਸਿੱਖ ਭਾਈ ਲਹਿਣਾ ਸਿੰਘ ਇਉਂ ਠੋਕਰ ਮਾਰਦਾ ਹੈ-
 
‘---ਬਾਕੀ ਰਹੀ ਗੱਲ ਸੂਬੇਦਾਰੀ ਦੀ , ਮੈਂ ਉਸ ਖਾਲਸਾ ਪੰਥ ਦਾ ਸਿਪਾਹੀ ਹਾਂ ਜੋ ਸਾਹਿਬ ਦਸਵੇਂ ਪਾਤਸ਼ਾਹ ਤੋਂ ਬਿਨਾਂ, ਹੋਰ ਕਿਸੇ ਦਾ ਬਖਸ਼ਿਆ ਹੋਇਆ ਤ੍ਰੈਲੋਕੀ ਦਾ ਰਾਜ ਵੀ ਲੈਣ ਨੂੰ ਤਿਆਰ ਨਹੀਂ।‘
 
ਪੰਜਾਂ ਦਰਿਆਵਾਂ ਦੇ ਜ਼ਰਖੇਜ਼ ਖਿੱਤੇ ਵਿੱਚ ਪੈਦਾ ਹੋਇਆ ਨਿਰਮਲ ਪੰਥ ਅੱਜ ਵਿਸ਼ਵ ਦੇ ਹਰ ਕੋਨੇ ਵਿੱਚ ਆਪਣੀ ਨਿਵੇਕਲ਼ੀ ਪਹਿਚਾਣ ਦਾ ਪਰਚਮ ਲਹਿਰਾ ਰਿਹਾ ਹੈ। ਬੇਸ਼ੱਕ ਸਵੈ-ਸਿਰਜੀਆਂ ਹੋਈਆਂ ਜਾਂ ਮੂੰਹ ਜ਼ੋਰ ਹਾਲਾਤਾਂ ਦੀਆਂ ਥੋਪੀਆਂ ‘ਆਰਥਿਕ ਮਜਬੂਰੀਆਂ’ ਨੇ  ਸਿੱਖ ਸਮਾਜ ਵਿੱਚ ਵੀ ਵੱਡੀ ਹਲ-ਚਲ ਮਚਾਈ ਹੋਈ ਹੈ, ਪ੍ਰੰਤੂ ਕੁੱਲ ਮਿਲਾ ਕੇ ਅੱਜ ਗੁਰੁ ਨਾਨਕ ਦੇ ਸਿੱਖ ਦਾ ਬਿੰਬ, ਮਿਹਨਤ ਮੁਸ਼ੱਕਤ ਕਰਨ ਵਾਲ਼ੇ ਇੱਕ ਕਿਰਤੀ ਵਾਲ਼ਾ ਹੀ ਬਣਿਆ ਹੋਇਆ ਹੈ। ਗੁਰੂੁ ਦੀ ਰਹਿਮਤ ਦੁਆਰਾ ਬਣੇ ਹੋਏ ਇਸ ਇਮੇਜ ਨੂੰ ਬਰਕਰਾਰ ਰੱਖਣ ਦੇ ਨਾਲ਼ ਨਾਲ਼ ਵੱਡੀ ਜ਼ਿੰਮੇਂਵਾਰੀ ਇਹ ਹੈ ਕਿ ਕਿਰਤ, ਸੁਕਿਰਤ ਅਤੇ ਕੀਰਤੀ ਦਾ ਸੁਮੇਲ ਸਾਡੇ ਅੰਗ ਸੰਗ ਰਹੇ! ਭਾਈ ਗੁਰਦਾਸ ਜੀ ਦੇ ਇਹ ਬਚਨ ਸਾਡਾ ਮਾਰਗ ਦਰਸ਼ਨ ਕਰਦੇ ਰਹਿਣ-
 
        ਕਿਰਤਿ ਵਿਰਤਿ ਕਰ ਧਰਮ ਦੀ
        ਖਟਿ ਖਵਾਲਣਿ ਕਾਰਿ ਕਰੇਹੀ॥
 
****

No comments: