ਜਰਨੈਲ ਫੈਕਟਰੀ ਤੋਂ ਲੇਟ ਡਿਊਟੀ ਭੁਗਤਾ ਕੇ ਪਰਤਿਆ ਹੈ। ਉਹਦੇ ਹੱਥ ਵਿੱਚ ਸ਼ਾਮ ਦਾ ਅਖਬਾਰ ਹੈ।
ਨਿਆਣੇ ਸੌਂ ਗਏ ਹਨ। ਨਸੀਬ ਕੌਰ ਅੱਧ ਸੁੱਤੀ ਪਈ ਹੈ। ਉਹ ਵੀ ਛੇ ਵਜੇ ਹੀ ਕੰਮ ਤੋਂ ਮੁੜੀ ਹੈ। ਇਹ ਵੀ ਪਹਿਲਾਂ ਇਸ ਕਰਕੇ ਕਿ ਅੱਜ ਕੋਈ ਓਵਰ ਟਾਈਮ ਨਹੀਂ ਸੀ। ਨਸੀਬ ਕੌਰ ਨੇ ਘਰ ਆ ਕੇ ਰੋਟੀ ਟੁੱਕ ਬਣਾਇਆ ਹੈ, ਬੱਚਿਆਂ ਨੇ ਖਾ ਲਿਆ ਹੈ। ਨਸੀਬ ਕੌਰ ਸੋਫੇ ’ਤੇ ਪਿੱਠ ਸਿੱਧੀ ਕਰ ਰਹੀ ਹੈ। ਉਹ ਥੱਕੀ ਪਈ ਹੈ। ਚਕਨਾਚੂਰ , ਆਦਮੀਆਂ ਦੇ ਬਰਾਬਰ ਦਾ ਫੈਕਟਰੀ ਦਾ ਕੰਮ ਤੇ ਫਿਰ ਘਰ ਦਾ ਕੰਮ। ਦਾਲਾਂ , ਸਬਜੀਆਂ, ਸਫਾਈ, ਸਿਲਾਈ, ਧੁਲਾਈ ਤੇ ਕੀ ਨਾ ਕੀ। ਉਹਨੂੰ ਜੋਰਾਂ ਦੀ ਨੀਂਦ ਆ ਰਹੀ ਹੈ ਪਰ ਜਰਨੈਲ ਨੇ ਅਜੇ ਰੋਟੀ ਖਾਣੀ ਹੈ।
ਨਿਆਣੇ ਸੌਂ ਗਏ ਹਨ। ਨਸੀਬ ਕੌਰ ਅੱਧ ਸੁੱਤੀ ਪਈ ਹੈ। ਉਹ ਵੀ ਛੇ ਵਜੇ ਹੀ ਕੰਮ ਤੋਂ ਮੁੜੀ ਹੈ। ਇਹ ਵੀ ਪਹਿਲਾਂ ਇਸ ਕਰਕੇ ਕਿ ਅੱਜ ਕੋਈ ਓਵਰ ਟਾਈਮ ਨਹੀਂ ਸੀ। ਨਸੀਬ ਕੌਰ ਨੇ ਘਰ ਆ ਕੇ ਰੋਟੀ ਟੁੱਕ ਬਣਾਇਆ ਹੈ, ਬੱਚਿਆਂ ਨੇ ਖਾ ਲਿਆ ਹੈ। ਨਸੀਬ ਕੌਰ ਸੋਫੇ ’ਤੇ ਪਿੱਠ ਸਿੱਧੀ ਕਰ ਰਹੀ ਹੈ। ਉਹ ਥੱਕੀ ਪਈ ਹੈ। ਚਕਨਾਚੂਰ , ਆਦਮੀਆਂ ਦੇ ਬਰਾਬਰ ਦਾ ਫੈਕਟਰੀ ਦਾ ਕੰਮ ਤੇ ਫਿਰ ਘਰ ਦਾ ਕੰਮ। ਦਾਲਾਂ , ਸਬਜੀਆਂ, ਸਫਾਈ, ਸਿਲਾਈ, ਧੁਲਾਈ ਤੇ ਕੀ ਨਾ ਕੀ। ਉਹਨੂੰ ਜੋਰਾਂ ਦੀ ਨੀਂਦ ਆ ਰਹੀ ਹੈ ਪਰ ਜਰਨੈਲ ਨੇ ਅਜੇ ਰੋਟੀ ਖਾਣੀ ਹੈ।
ਜਰਨੈਲ ਕਾਰ ਗੈਰਜ ਵਿੱਚ ਖੜ੍ਹੀ ਕਰ ਰਿਹਾ ਹੈ। ਨਸੀਬ ਕੌਰ ਨੂੰ ਬਿੜਕ ਆ ਗਈ ਹੈ। ਉਹਦੀ ਅੱਧ ਸੁੱਤੀ ਦੀ ਜਾਗ ਖੁੱਲ੍ਹ ਗਈ ਹੈ।
‘ਅੱਜ ਤਾਂ ਭੰਨਿਆਂ ਪਿਆ ਹਾਂ। ਘਰ ਨੂੰ ਚੱਲਣ ਲੱਗਾ ਤਾਂ ਫੋਰਮੈਨ ਆਖਦਾ ‘ਜਿੰਮ’ ਇਕ ਸਪੈਸ਼ਲ ਆਡਰ ਹੈ ਪੂਰਾ ਕਰ ਜਾਹ। ਦੋ ਜਣਿਆਂ ਨੇ ਮਸੀਂ ਪੂਰਾ ਕੀਤਾ। ਕਈ ਵਾਰ ਤੇ ਸਾਲਾ ਅੱਕ ਜਾਈਦਾ ਹੈ। ਟੰਗਾਂ ਵੀ ਦੁਖਣ ਲੱਗ ਜਾਂਦੀਆਂ ਨੇ। ‘ਚੰਗੇ ਵਲੈਤ ਆਏ ਹਾਂ। ਸਾਰਾ ਦਿਨ ਖੜ੍ਹੇ ਰਹੋ, ਜਿਵੇਂ ਸਾਲੀ ਕੋਈ ਸਜ਼ਾ ਕੱਟੀਦੀ ਹੈ’। ਜਰਨੈਲ ਅੰਦਰ ਵੜਦਿਆਂ ਇੱਕੋ ਸਾਹੇ ਕਹਿੰਦਾ ਹੈ।
‘ਰੋਟੀ ਤੱਤੀ ਕਰਾਂ’ ਨਸੀਬ ਕੌਰ ਪੁੱਛਦੀ ਹੈ।
‘ਤੈਨੂੰ ਰੋਟੀ ਦਾ ਫਾਹਾ ਮੁਕਾਉਣ ਦੀ ਲੱਗੀ ਰਹਿੰਦੀ ਹੈ ਅਜੇ ਅੰਦਰ ਤੇ ਹੁਣ ਪੈਰ ਰੱਖਿਆ ਹੈ।’ ਜਰਨੈਲ ਬੇਰੁਖੀ ਨਾਲ ਆਖਦਾ ਹੈ।
ਨਸੀਬ ਕੌਰ ਉਬਾਸੀਆਂ ਲੈਂਦੀ ਫੇਰ ਸੋਫੇ ਤੇ ਆ ਬਹਿੰਦੀ ਹੈ। ਜਰਨੈਲ ਕੱਪੜੇ ਬਦਲਣ ਬਾਅਦ ਵਿਸਕੀ ਦਾ ਮੋਟਾ ਪੈੱਗ ਬਣਾ ਕੇ ਨਸੀਬ ਕੌਰ ਦੇ ਨਾਲ ਆ ਬਹਿੰਦਾ ਹੈ। ਬਹਿੰਦਿਆਂ ਸਾਰ ਹੀ ਇੱਕੋ ਸਾਹ ਵਿੱਚ ਪੀ ਜਾਂਦਾ ਹੈ। ਅਖਬਾਰ ਤੇ ਨਜ਼ਰ ਮਾਰਦਾ ਹੈ। ਇਕ ਵਾਰ ਤੇਜੀ ਨਾਲ ਸਾਰਾ ਅਖਬਾਰ ਫਰੋਲ ਦਿੰਦਾ ਹੈ, ਫੇਰ ਹੌਲੀ ਹੌਲੀ ਵਰਕੇ ਪਲਟਾਉਂਦਾ ਹੈ। ਵਿਸਕੀ ਦਾ ਇੱਕ ਹੋਰ ਪੈੱਗ ਬਣਾਉਂਦਾ ਹੈ।
‘ਕੋਈ ਖਬਰ ਮੈਨੂੰ ਵੀ ਸੁਣਾਉ’ ਨਸੀਬ ਕੌਰ ਜਰਨੈਲ ਨੂੰ ਅਖਬਾਰ ਪੜ੍ਹਦੇ ਨੂੰ ਦੇਖ ਕੇ ਆਖਦੀ ਹੈ।
‘ਤੈਂ ਕੀ ਲੈਣਾ ਖਬਰਾਂ ਤੋਂ? ਤੈਂ ਡਾਕਟਰੀ ਪਾਸ ਕਰਨੀ ਐਂ’
‘ਕਿਉਂ ਮੈਨੂੰ ਭਲਾਂ ਖਬਰਾਂ ਕੀ ਕਹਿੰਦੀਆ ਨੇ, ਕੁਸ਼ ਪਤਾ ਹੀ ਲੱਗੂ ਦੁਨੀਆਂ ਜਹਾਨ ਦਾ’ ਨਸੀਬ ਕੌਰ ਮੁੜ ਆਖਦੀ ਹੈ।
‘ਲੈ ਸੁਣ ਆਹ ਇੱਕ ਖਬਰ ਹੈ ਕਿ ਆਪਣੀ ਤੀਮੀਂ ਨੂੰ ਰੇਪ ਕਰਨ ਦੇ ਜੁਰਮ ਵਿੱਚ ਕਵੈਂਟਰੀ ਦੇ ਇੱਕ ਗੋਰੇ ਨੂੰ 6 ਸਾਲ ਕੈਦ’ ਜਰਨੈਲ ਹੱਸਦਿਆਂ ਨਸੀਬ ਕੌਰ ਨੂੰ ਦੱਸਦਾ ਹੈ।
‘ਲੈ ਇਹ ਭਲਾਂ ਕਿਸ ਤਰ੍ਹਾ ਹੋ ਸਕਦਾ ਅਖੇ ਆਪਣੀ ਤੀਮੀਂ ਦਾ ਰੇਪ। ਇਹ ਅਖਬਾਰਾਂ ਵਾਲੇ ਐਵੇਂ ਝੂਠ ਤੂਫਾਨ ਬੋਲਦੇ ਰਹਿੰਦੇ ਨੇ। ਇਨ੍ਹਾਂ ਨੂੰ ਤੇ ਗੱਲਾਂ ਚਾਹੀਦੀਆਂ ਨੇ। ਐਹੋ ਜਹੇ ਗਾਂਹ ਲੋਕ ਨੇ ਜਿਹੜੇ ਇਨ੍ਹਾਂ ਦਾ ਯਕੀਨ ਕਰਦੇ ਨੇ, ਅਖੇ ਆਪਣੀ ਤੀਮੀਂ ਨਾਲ ਜਬਰਦਸਤੀ। ਨਸੀਬ ਕੌਰ ਨੂੰ ਖ਼ਬਰ ’ਤੇ ਉੱਕਾ ਹੀ ਏਤਬਾਰ ਨਹੀਂ ਆਉਂਦਾ।
“ਨਹੀਂ, ਨਹੀਂ ਸੀਬੋ, ਖਬਰ ਸੱਚੀ ਐ। ਅਖਬਾਰ ਵਾਲੇ ਐਵੇਂ ਭਲਾਂ ਕਿਵੇਂ ਲਿਖ ਸਕਦੇ ਨੇ।”
“ ਕਿਉਂ ਮੈਨੂੰ ਪਾਗਲ ਬਣਾਉਂਦੇ ਹੋ। ਭਲਾਂ ਆਦਮੀ ਨੂੰ ਆਪਣੀ ਤੀਮੀਂ ਨਾਲ ਰੇਪ ਕਰਨ ਦੀ ਕੀ ਲੋੜ ਹੈ। ਉਹ ਤੇ ਬੰਦੇ ਦੀ ਹੁੰਦੀ ਹੈ। ਆਦਮੀ ਪਤੀ ਪਰਮੇਸ਼ਰ। ਰੇਪ ਤਾਂ ਹੋਰ ਤੀਮੀਂ ਦਾ ਹੋ ਸਕਦਾ ਹੈ। ਨਾਲੇ ਭਲਾਂ ਵਿਆਹੇ ਵਰੇ ਬੰਦੇ ਨੂੰ ਜਬਰਸਦਤੀ ਕਰਨ ਦੀ ਕੀ ਲੋੜ? ਵਿਆਹ ਮਗਰੋਂ ਤਾਂ ਤੀਮੀਂ ਆਦਮੀ ਦੀ ਹੋ ਜਾਂਦੀ ਹੈ। ਉਨ੍ਹਾਂ ਦਾ ਕੀ ਵੰਡਿਆ ਰਹਿ ਜਾਂਦਾ ਹੈ? ਨਸੀਬ ਕੌਰ ਨੂੰ ਖਬਰ ਅਜੇ ਵੀ ਝੂਠੀ ਲਗਦੀ ਹੈ।
“ਤੈਨੂੰ ਸੀਬੋ ਪਤਾ ਨਹੀਂ। ਇਸ ਇੰਗਲੈਂਡ ਨੂੰ ਤਾਂ ਹੁਣ ਅੱਗ ਲੱਗੀ ਪਈ ਹੈ। ਬੇੜਾ ਗਰਕ ਹੋ ਰਿਹਾ ਹੈ। ਨਿੱਤ ਨਵੀਆਂ ਅਜੀਬੋ ਗਰੀਬ ਖਬਰਾਂ।” ਜਰਨੈਲ ਫਿਰ ਗੱਲ ਸਮਝਾਉਣ ਦੀ ਕੋਸਿ਼ਸ਼ ਕਰਦਾ ਹੈ ਤੇ ਵਿਸਕੀ ਦਾ ਇਕ ਪੈੱਗ ਹੋਰ ਬਣਾਉਂਦਾ ਹੈ।
“ਉਹ ਤੇ ਗੱਲ ਅੱਡ ਹੈ ਪਰ ਇਹ ਕਿਵੇਂ ਕਿ ਆਪਣੀ ਤੀਮੀਂ ਦਾ ਰੇਪ। ਆਦਮੀ ਆਪਣੀ ਤੀਮੀਂ ਨਾਲ ਨਹੀਂ ਤਾਂ ਹੋਰ ਕਿੱਥੇ ਜਾਵੇ। ਘਰ ਵਾਲੀ ਦਾ ਮਤਲਬ ਹੈ ਕਿ ਜਦੋਂ ਆਦਮੀ ਦਾ ਮਨ ਕਰੇ, ਠੀਕ ਹੈ।
“ਤੂੰ ਸੀਬੋ ਸਮਝੀ ਨਹੀਂ। ਖਬਰ ’ਚ ਲਿਖਿਆ ਹੈ ਕਿ ਉਸ ਗੋਰੇ ਨੇ ਆਪਣੀ ਤੀਮੀਂ ਦਾ ਉਦੋਂ ਰੇਪ ਕੀਤਾ ਜਦੋਂ ਤੀਮੀਂ ਦੀ ਰੂਹ ਨਹੀਂ ਸੀ, ਉਹਦਾ ਚਿੱਤ ਨਹੀਂ ਸੀ ਕਰਦਾ। ਉਹ ਨਹੀਂ ਹਟਿਆ, ਕਹਿੰਦਾ ਜਰੂਰ ਹੀ। ਉਹ ਫੇਰ ਕਹਿੰਦੀ ਰਹੀ ਕਿ ਉਹਦਾ ਦਿਲ ਨਹੀਂ ਕਰਦਾ, ਪਰ ਉਹ ਗੋਰਾ ਉਸ ਦੇ ਨਾਂਹ ਨਾਂਹ ਕਹਿੰਦੀ ਤੋਂ ਵੀ ਬਾਜ ਨਹੀਂ ਆਇਆ’ ਜਰਨੈਲ ਖਬਰ ਦੀ ਤਫਸੀਲ ਦੱਸਦਾ ਹੈ।
“ਲੈ ਕਮਲ਼ੀ ਸੀ ਉਹ । ਇਹ ਕਿਹੜੀ ਗੱਲ ਸੀ। ਇਸ ਤਰ੍ਹਾਂ ਤਾਂ ਤੁਸੀਂ ਵੀ ਕਿੰਨੀ ਵਾਰ ਕਰਦੇ ਹੋ।” ਨਸੀਬ ਕੌਰ ਦੇ ਮੂੰਹੋਂ ਸੁੱਤੇ ਸੁਭਾਅ ਨਿਕਲ ਗਿਆ।
“ਜਾਹ ਜਾਹ । ਉੱਠ ਰੋਟੀ ਤੱਤੀ ਕਰ । ਬਹੁਤਾ ਨਾ ਬੋਲੀ ਜਾਹ। ਜਬਾਨ ਸੰਭਾਲ ਆਪਣੀ।”
ਜਰਨੈਲ ਨੇ ਵਿਸਕੀ ਦਾ ਦੋ ਮਿੰਟ ਪਹਿਲਾਂ ਬਣਾਇਆ ਇੱਕ ਹੋਰ ਪੈੱਗ ਸਕਿੰਟਾਂ ਵਿੱਚ ਅੰਦਰ ਸੁੱਟ ਲਿਆ।
****
No comments:
Post a Comment