ਉਮੀਦਾਂ.......... ਨਜ਼ਮ/ਕਵਿਤਾ / ਅਮਨਦੀਪ ਧਾਲੀਵਾਲ

ਵੇਖ ਹਾਲਾਤਾਂ ਨੂੰ ਮੈ ਦਿਲ ਪੱਥਰ ਬਣਾ ਲਿਆ ਸੀ
ਉਹਦੀ ਯਾਦ ਨਾਲ ਜੁੜਿਆ, ਹਰ ਇਕ ਪਲ ਮਿਟਾ ਲਿਆ ਸੀ
ਤੱਕ ਤੱਕ ਉਹਦੇ ਰਾਹਵਾਂ ਨੂੰ, ਸੀ ਅੱਖੀਆਂ ਥੱਕ ਗਈਆਂ
ਵਾਪਸ ਉਹਦੇ ਆਉਣ ਦੀਆਂ, ਅੱਜ ਫੇਰ ਉਮੀਦਾਂ ਜਾਗ ਪਈਆਂ...

ਸਭ ਕੁਝ ਭੁਲਾਤਾ ਸੀ ਮੈਂ, ਇਕ ਆਸ ਛੋਟੀ ਜੀ ਰਹਿ ਗਈ ਸੀ
ਦਰਦ ਵਿਛੋੜੇ ਦਾ ਕਮਲੀ, ਆਪੇ ਹੀ ਬਸ ਸਹਿ ਗਈ ਸੀ
ਵੇਖ ਤੇਰੀ ਤਸਵੀਰ ਨੂੰ ਅੱਖਾਂ, ਰੋ ਰੋ ਕੇ ਵੀ ਅੱਕ ਗਈਆਂ
ਵਾਪਸ ਉਹਦੇ ਆਉਣ ਦੀਆਂ...

ਪੰਛੀ ਅਤੇ ਪਰਦੇਸੀਆਂ ਦਾ, ਆਉਣਾ ਕਿਸੇ ਦੇ ਵੱਸ ਨਹੀਂ,
ਹੁੰਦੀਆਂ ਕਦਮਾਂ ਵਿਚ ਹੀ ਦੂਰੀਆਂ, ਦਿਲੋਂ ਹੁੰਦੇ ਇਹ ਵੀ ਵੱਖ ਨਹੀਂ
ਬੋਲ ਬਨੇਰੇ ਕਾਵਾਂ, ਤੈਨੂੰ ਚੂਰੀਆਂ ਮੈਂ ਪਾਉਣੀ ਆਂ
ਵਾਪਸ ਉਹਦੇ ਆਉਣਦੀਆਂ...

ਇੰਤਜ਼ਾਰ ਚਾਹੇ ਲੰਮਾ ਸੀ, ਪਰ ਅਖੀਰ ਚ ਆ ਕੇ ਮੁੱਕ ਗਿਆ
ਤੂੰ ਆਜਾ ਚੰਨਾ ਸਾਹਮਣੇ, ਕਿਉਂ ਬਦਲੀ ਓਹਲੇ ਲੁੱਕ ਗਿਆ
ਨੀਂਦਾਂ ਤਾਂ ਹੁਣ ਉੱਡ ਗਈਆਂ, ਰਾਤਾਂ ਗਿਣ ਗਿਣ ਤਾਰੇ ਲੰਘਦੀਆਂ
ਵਾਪਸ ਉਹਦੇ ਆਉਣ ਦੀਆਂ...

ਕਈ ਵਰ੍ਹਿਆਂ ਦੇ ਪਿੱਛੋ, ਦਿਨ ਅੱਜ ਭਾਗਾਂ ਵਾਲਾ ਆਊ
ਧਾਲੀਵਾਲ ਮੇਰੇ ਸੁਪਨਿਆਂ ਨੂੰ, ਸੱਚ ਕਰਕੇ ਅੱਜ ਵਿਖਾਊਂ
ਲੰਮੀਆਂ ਵਾਟਾਂ ਪਿਆਰ ਦੀਆਂ ਸੀ, ਓਹ ਵੀ ਅੱਜ ਤਾਂ ਮੁੱਕ ਗਈਆਂ
ਵਾਪਸ ਓਹਦੇ ਆਉਣ ਦੀਆਂ...

****

No comments: