ਜ਼ਿਮੀਂਦਾਰਾਂ ਲਈ ਕਣਕ ਦੀ ਫਸਲ ਦੀ ਤੂੜੀ ਜਿਸ ਨੂੰ ਤੂੜੀ, ਭੋਂ, ਭੂਸਾ ਵੀ ਕਹਿੰਦੇ ਹਨ, ਪਸੂਆਂ ਲਈ ਸਾਰਾ ਸਾਲ ਹਰ ਮੌਸਮ ਵਿਚ ਖੁਰਾਕ ਦੇ ਤੌਰ ਤੇ ਕੰਮ ਆਉਣ ਵਾਲਾ ਸੁੱਕਾ ਅਤੇ ਪੌਸ਼ਟਿਕ ਪਦਾਰਥ ਹੈ । ਇਸ ਨੂੰ ਕਣਕ ਦੀ ਫਸਲ ਕੱਟਣ ਤੋਂ ਬਾਅਦ ਇਸ ਵਿਚੋਂ ਵੱਖ ਵੱਖ ਸਾਧਨਾਂ ਨਾਲ ਫਸਲ ਵਿਚੋਂ ਕਣਕ ਦੇ ਦਾਣੇ ਕੱਢ ਕੇ ਬਾਕੀ ਬਚੇ ਕਣਕ ਦੇ ਨਾੜ ਮੋਟੇ ਪਾਊਡਰ ਜਿਹੇ ਜੋ ਸੁੱਕੇ ਬਾਰੀਕ ਪਤਲੇ ਕੱਖਾਂ ਦੀ ਸ਼ਕਲ ਵਿਚ ਸਨਹਿਰੀ ਭਾਅ ਮਾਰਦੇ ਹਨ, ਜਿਸ ਨੂੰ ਤੂੜੀ ਕਿਹਾ ਜਾਂਦਾ ਹੈ । ਇਸ ਨੂੰ ਹਰ ਕਣਕ ਦੀ ਫਸਲ ਕੱਟਣ ਤੋਂ ਪਿਛੋਂ ਮੂਸਲ ਜਾਂ ਕੁੱਪ ਦੀ ਸ਼ਕਲ ਵਿਚ ਤਿਆਰ ਕਰਕੇ ਸੰਭਾਲਿਆ ਜਾਂਦਾ ਹੈ । ਅਜੋਕੇ ਸਮੇਂ ਵਿਚ ਇਸ ਮਸ਼ੀਨੀ ਯੁੱਗ ਵਿਚ ਕਣਕ ਕਢਣ ਲਈ ਥਰੈਸ਼ਰ ਕੰਬਾਈਨਾਂ ਦੇ ਆ ਜਾਣ ਕਾਰਨ ਕਿਸਾਨ ਮਾੜੇ ਮੌਸਮ ਤੋਂ ਬਚਣ ਲਈ ਅਤੇ ਝੋਨੇ ਦੀ ਅਗਲੀ ਫਸਲ ਤਿਆਰ ਕਰਨ ਦੀ ਕਾਹਲੀ ਵਿਚ ਤੂੜੀ ਵਰਗੇ ਪਦਾਰਥ ਕਈ ਹੋਰ ਥਾਂ ਤੇ ਕੰਮ ਆਉਣ ਵਾਲੇ ਕਣਕ ਦੇ ਨਾੜ ਨੂੰ ਖੇਤਾਂ ਵਿਚ ਹੀ ਅੱਗ ਲਾ ਕੇ ਸੁਆਹ ਕਰ ਦਿੰਦਾ ਹੈ।ਇਸ ਕਰਕੇ ਗਰਮੀ ਦੇ ਮੌਸਮ ਵਿਚ ਮੀਂਹ ਹਨੇਰੀ ਕਾਰਨ ਕਈ ਵੱਡੇ 2 ਨੁਕਸਾਨ ਅੱਗ ਲੱਗਣ ਕਰਕੇ ਹੁੰਦੇ ਆਮ ਵੇਖਣ ਵਿਚ ਆਉਂਦੇ ਹਨ । ਕੁਝ ਹੱਦ ਤੱਕ ਕਿਸਾਨ ਦੀ ਮਜਬੂਰੀ ਵੀ ਹੈ ਕਿਉਂਕਿ ਤੂੜੀ ਇਕ ਕਾਫੀ ਸਖਤ ਪਦਾਰਥ ਹੈ, ਜੋ ਛੇਤੀ ਨਹੀਂ ਗਲਦਾ । ਇਸ ਲਈ ਖੇਤਾਂ ਵਿਚ ਅਗਲੀ ਫਸਲ ਲਈ ਰੂੜੀ ਦੇ ਕੰਮ ਨਹੀਂ ਆ ਸਕਦਾ । ਇਸ ਲਈ ਕਿਸਾਨ ਪਾਸ ਇਸ ਅਨਾਜ ਕੱਢਣ ਤੋਂ ਬਾਅਦ ਖੇਤਾਂ ਵਿਚ ਹੀ ਸਾੜਣਾ ਉਸ ਦੀ ਮਜਬੂਰੀ ਵੀ ਹੈ । ਬੇਸ਼ਕ ਤੂੜੀ ਨੂੰ ਇੱਕ ਵਖਰੀ ਮਸ਼ੀਨ ਰਾਹੀ ਇਕੱਠਾ ਵੀ ਕੀਤਾ ਜਾਂਦਾ ਹੈ ਪਰ ਇਹ ਕੰਮ ਟਰੈਕਟਰਾਂ ਟ੍ਰਾਲੀਆਂ ਰਾਹੀਂ ਕਰਕੇ ਡੀਜ਼ਲ ਆਦਿ ਦੀਆ ਸਿਰ ਛੂੰਹਦੀਆਂ ਕੀਮਤਾਂ ਕਰਕੇ ਕਰਨਾ ਏਨਾ ਸੌਖਾ ਨਹੀਂ ।
ਫਿਰ ਵੀ ਲੱਖ ਮਜ਼ਬੂਰੀਆਂ ਦੇ ਹੁੰਦਿਆਂ ਤੂੜੀ ਦੀ ਲੋੜ ਸਿਰਫ ਪਸੂਆਂ ਦੇ ਚਾਰੇ ਤੱਕ ਹੀ ਸੀਮਤ ਨਹੀਂ ਸਗੋਂ ਕੱਚੇ ਕੋਠਿਆਂ ਕੰਧਾਂ ਦੀ ਲਿਪਾਈ, ਪਾਥੀਆਂ ਪੱਥਣਾ, ਚੌਂਕੇ ਚੁੱਲ੍ਹੇ ਦੀ ਤਿਆਰੀ ਲਈ ਅਤੇ ਪੇਂਡੂ ਘਰਾਂ ਦੇ ਕੰਮਾਂ ਵਿਚ ਅਜੇ ਵੀ ਤੂੜੀ ਬੜਾ ਕੰਮ ਦੇਂਦੀ ਹੈ । ਇਸ ਲਈ ਇਸ ਸਾਲ ਭਰ ਦੀ ਲੋੜ ਲਈ ਮੂਸਲ ਦੇ ਰੂਪ ਵਿਚ ਇੱਕਠਾ ਕੀਤਾ ਜਾਂਦਾ ਹੈ ।
ਆਓ ! ਤੂੜੀ ਨੂੰ ਵੱਖ 2 ਤਰੀਕਿਆਂ ਨਾਲ ਸੰਭਾਲਣ ਲਈ ਸਾਧਨਾਂ ਵੱਲ ਮਾਰੀਏ ।ਕਈ ਇਲਾਕਿਆਂ ਵਿਚ ਇਸ ਨੂੰ ਸੰਭਾਲਣ ਲਈ ਖੇਤ ਵਿਚ ਹੀ ਕਿਸੇ ਢੁਕਵੇਂ ਥਾਂ ਤੇ ਇੱਕਠਾ ਕਰਕੇ ਉੱਤੇ ਕਾਨੇ ਆਦਿ ਪਾ ਕੇ, ਢੱਕ ਕੇ ਉੱਤੋਂ ਚੰਗੀ ਮਿੱਟੀ ਵਿਚ ਤੂੜੀ ਰਲਾ ਕੇ ਮੋਟੀ ਛਾਪੜ ਲਾ ਕੇ ਲਿਪਾਈ ਕਰ ਦਿੱਤੀ ਜਾਂਦੀ ਹੈ । ਜੋ ਲਗਭੱਗ ਸਾਰਾ ਸਾਲ ਮੀਂਹ ਕਣੀ ਵਿਚ ਵੀ ਸਾਂਭਿਆ ਰਹਿ ਸਕਦਾ ਹੈ । ਬੇਸ਼ੱਕ ਅਜਕੱਲ ਤੂੜੀ ਕਈ ਲੋਕ ਹਵੇਲੀ ਆਦਿ ਖੁੱਲ੍ਹੇ ਵਰਾਂਡਿਆਂ ਵਿਚ ਵੀ ਰੱਖ ਲੈਂਦੇ ਹਨ । ਪਰ ਤੂੜੀ ਸੰਭਾਲਣ ਦਾ ਆਮ ਤਰੀਕਾ ਮੂਸਲ ਬੰਨ੍ਹਣਾ ਹੀ ਹੈ । ਮੂਸਲ ਤਿਆਰ ਕਰਨ ਲਈ ਸਭ ਤੋਂ ਪਹਿਲਾਂ ਸਾਫ ਸੁਥਰੀ ਪੱਧਰੀ ਢੁਕਵੀਂ ਥਾਂ ਲੱਭ ਕੇ ਸਾਫ ਸਫਾਈ ਕਰਕੇ ਤਿਆਰ ਕੀਤੀ ਜਾਂਦੀ ਹੈ । ਇਸ ਵਿਚ ਵਰਤੋਂ ਲਈ ਕਣਕ ਦਾ ਸੁੱਕਾ ਨਾੜ, ਪਰਾਲੀ ਜਾਂ ਏਰੇ ਦਾ ਲੰਮਾ ਬੇੜ, ਲੱਕੜ ਦੀਆਂ ਕਿੱਲੀਆਂ, ਬਰੀਕ ਸਖਤ ਰੱਸੀਆਂ, ਤੂੜੀ ਕੱਠੀ ਕਰਨ ਵਾਲਾ ਸੰਦ ਤੰਗਲੀ, ਦਾਤਰੀ, ਕਹੀ, ਰੰਬੇ, ਪੌੜੀ ਅਤੇ ਤੂੜੀ ਢੋਣ ਲਈ ਤੰਗੜ ਜਾਂ ਤੱਪੜ (ਪੱਲੀ) ਵਗੈਰਾ ਦੀ ਲੋੜ ਹੁੰਦੀ ਹੈ । ਮੂਸਲ ਬੰਨ੍ਹਣਾ ਵੀ ਇਕ ਕਲਾ ਤੇ ਸਿਆਣਪ ਦਾ ਕੰਮ ਹੈ, ਜੋ ਪਿੰਡਾਂ ਦੇ ਆਮ ਲੋਕ ਆਪਣੇ ਹੱਥੀਂ ਕੜਕਦੀ ਧੁੱਪ ਵਿਚ ਬੜੀ ਮਿਹਨਤ ਨਾਲ ਤਿਆਰ ਕਰਦੇ ਹਨ । ਦਾਤੀ, ਰੰਬੇ, ਕਹੀ ਦੀ ਮੱਦਦ ਨਾਲ ਪਹਿਲਾਂ ਮੂਸਲ ਬੰਨ੍ਹਣ ਵਾਲੀ ਥਾਂ ਨੂੰ ਪੱਧਰਾ ਕਰਕੇ ਲੋੜ ਅਨੁਸਾਰ ਕਹੀ ਨਾਲ ਡੂੰਘਾ ਗੋਲ ਚੱਕਰ ਬਣਾ ਕੇ ਇਸ ਵਿਚ ਲੰਬਾ ਨਾੜ ਜਾਂ ਕਾਹੀ ਆਦਿ ਗੋਲਾਈ ਵਿਚ ਭਰਿਆ ਜਾਂਦਾ ਹੈ । ਫਿਰ ਇਸ ਵਿਚ ਕੁਝ ਤੂੜੀ ਭਰਕੇ, ਬਾਹਰ ਨਾਲ ਹੀ ਕਿੱਲੀ ਗੱਡ ਕੇ, ਇਸ ਨਾਲ ਬੇੜ ਬੰਨ੍ਹ ਕੇ ਮੂਸਲ ਦਾ ਮੁੱਢ ਬੰਨ੍ਹਿਆਂ ਜਾਂਦਾ ਹੈ । ਬੇੜ ਵੱਟ ਕੇ ਇਸ ਨੂੰ ਬੜੀ ਤਰਤੀਬ ਨਾਲ ਇਕ ਆਦਮੀ ਇਸ ਨੂੰ ਮੂਸਲ ਵਿਚ ਤੂੜੀ ਦੀ ਭਰਾਈ ਦੇ ਨਾਲ ਹੌਲੀ ਹੌਲੀ ਲ਼ੋੜ ਅਨੁਸਾਰ ਦੱਬਦਾ ਚਲਾ ਜਾਂਦਾ ਹੈ ਤੇ ਨਾਲੋ ਨਾਲ ਹੀ ਪੱਲ਼ੀਆਂ ਵਿਚ ਤੂੜੀ ਭਰਕੇ ਤਿਆਰ ਕੀਤੇ ਜਾ ਰਹੇ ਮੁੂਸਲ ਵਿਚ ਬੇੜ ਦੀ ਕਿੱਲੀਆਂ ਗੱਡਦੇ ਬੇੜ ਵਲਦੇ ਹੋਏ ਮੂਸਲ ਦੀ ਭਰਾਈ ਕੀਤੀ ਜਾਂਦੀ ਹੈ । ਮੂਸਲ ਦਾ ਆਕਾਰ ਥੱਲਿਓਂ ਗੋਲ ਵਿਚਕਾਰੋਂ ਮੋਟਾ ਗੋਲ ਲਗਭੱਗ ਘੜੇ ਵਰਗਾ ਤੇ ਉੱਪਰੋਂ ਨੋਕੀਲਾ ਹੁੰਦਾ ਹੈ, ਜਿਸ ਸਿਰੇ ਤੇ ਵਾਧੂ ਕੱਖਾਂ ਨੂੰ ਉੱਪਰੋਂ ਘੁੱਟ ਕੇ ਬੰਨ੍ਹ ਦਿੱਤਾ ਜਾਂਦਾ ਹੈ । ਜਿਸ ਨੂੰ ਆਮ ਮੂਸਲ ਦੀ ਬੋਦੀ ਕਹਿੰਦੇ ਹਨ । ਜਿਓਂ 2 ਮੂਸਲ ਦੀ ਉਚਾਈ ਵਧਦੀ ਜਾਂਦੀ ਹੈ । ਤੂੜੀ ਭਰਨ ਲਈ ਮੂਸਲ ਦੀ ਉਚਾਈ ਨਾਲੋ ਨਾਲ ਵਧਣ ਕਰਕੇ ਤੂੜੀ ਭਰਨ ਲਈ ਪੌੜੀ ਦੀ ਵਰਤੋਂ ਕੀਤੀ ਜਾਂਦੀ ਹੈ । ਮੂਸਲ ਦੀ ਲੰਬਾਈ ਤੂੜੀ ਅਨੁਸਾਰ ਹੁੰਦੀ ਹੈ । ਕਈ ਵਾਰ ਕਈਆਂ ਥਾਵਾਂ ਤੇ ਦਸ ਤੋ ਪੰਦਰਾਂ-ਵੀਹ ਫੁੱਟ ਉੱਚੇ ਮੂਸਲ ਵੀ ਵੇਖਣ ਵਿਚ ਆਉਂਦੇ ਹਨ ।
ਬਾਅਦ ਵਿਚ ਮੂਸਲ ਦੇ ਥੱਲੇ ਬੜੀ ਸੰਭਾਲ ਨਾਲ ਇੱਕ ਮਘੋਰਾ ਤੂੜੀ ਦੀ ਵਰਤੋਂ ਵੇਲੇ ਕੱਢ ਲਿਆ ਜਾਂਦਾ ਹੈ ਤੇ ਕੁਝ ਪਰਾਲ਼ੀ ਵਗੈਰਾ ਦੇ ਕੇ ਬੜੇ ਤਰੀਕੇ ਨਾਲ ਢੱਕ ਦਿਤਾ ਜਾਂਦਾ ਹੈ । ਮੂਸਲ ਬੰਨ੍ਹਣਾ ਵਾਕਿਆ ਹੀ ਇਕ ਸਿਆਣਪ ਭਰਿਆ ਵਧੀਆ ਹੁਨਰ ਹੈ, ਜਿਸ ਨਾਲ ਹਰ ਮਾੜੇ ਤਕੜੇ ਕਿਸਾਨ ਨੂੰ ਸਿਰਫ ਇੱਕ ਦਿਨ ਦੀ ਮਿਹਨਤ ਦੇ ਨਾਲ ਹੀ ਆਪਣੇ ਪਸੂ ਧਨ ਦੀ ਸਾਲ ਭਰ ਦੀ ਖੁਰਾਕ ਦਾ ਪ੍ਰਬੰਧ ਹੋ ਜਾਂਦਾ ਹੈ । ਇਸ ਮਹਿੰਗਾਈ ਦੇ ਯੁੱਗ ਵਿਚ ਆਮ ਕਿਸਾਨ ਲਈ ਤੂੜੀ, ਜੋ ਅੱਜਕਲ ਬੜੇ ਮਹਿੰਗੇ ਭਾਅ ਵਿਕਦੀ ਹੈ, ਦੀ ਸੰਭਾਲ ਕਰਨੀ ਬਹੁਤ ਹੀ ਜ਼ਰੂਰੀ ਹੈ । ਨਾਲ ਹੀ ਮੂਸਲ ਤਿਆਰ ਕਰਨ ਵਾਲੀ ਇਸ ਪੁਰਾਤਨ ਕਲਾ ਨੂੰ, ਜੋ ਸਮੇਂ ਦੇ ਨਾਲ ਨਾਲ ਅਲੋਪ ਹੁੰਦਾ ਜਾ ਰਿਹਾ ਕਿਰਸਾਨੀ ਵਿਰਸਾ ਹੈ, ਸੰਭਾਲਣਾ ਵੀ ਬੜਾ ਜ਼ਰੂਰੀ ਹੈ ।
****
No comments:
Post a Comment