
ਡਾ. ਸੁਰਜੀਤ ਪਾਤਰ ਨੇ ਡਾ. ਨੂਰ ਦੀ ਗਲੋਬਲ ਪਹੁੰਚ ਦਾ ਖ਼ੁਲਾਸਾ ਕਰਦਿਆਂ ਕਿਹਾ ਕਿ ਉਹ ਸਮੁੱਚੇ ਸੰਸਾਰ ਦੇ ਸਾਹਿਤ ਵਿਚ ਵਾਪਰਦੇ ਵਰਤਾਰਿਆਂ ਬਾਰੇ ਖ਼ਬਰ ਰੱਖਦੇ ਸਨ ਤੇ ਉਸਦੇ ਪੰਜਾਬੀ ਸਾਹਿਤ ’ਤੇ ਪੈਣ ਵਾਲ਼ੇ ਪ੍ਰਭਾਵਾਂ ਤੋਂ ਹਮੇਸ਼ਾ ਸੁਚੇਤ ਰਹਿੰਦੇ ਸਨ ਤੇ ਬਾਕੀਆਂ ਨੂੰ ਸੁਚੇਤ ਰੱਖਣ ਦਾ ਕਾਰਜ ਨਿਭਾਉਂਦੇ ਸਨ। ਡਾ. ਅਮਰਜੀਤ ਗਰੇਵਾਲ ਨੇ ਉਨ੍ਹਾਂ ਨੂੰ ਬੁਲੰਦ ਹੌਸਲੇ ਵਾਲ਼ਾ ਇਨਸਾਨ ਦਸਦਿਆਂ ਕਿਹਾ ਕਿ ਡਾ. ਨੂਰ ਨੇ ਪੰਜਾਬ ਦੇ ਮਾੜੇ ਹਾਲਾਤ ਵੇਲੇ ਵੀ ਕਦੀ ਜਾਨ ਦੀ ਪ੍ਰਵਾਹ ਨਹੀਂ ਸੀ ਕੀਤੀ ਅਤੇ ਮੁਸ਼ਕਲ ਸਮਾਂ ਆਉਣ ’ਤੇ ਬੜੀ ਦਲੇਰੀ ਨਾਲ਼ ਵਿਚਰਨ ਵਾਲਾ ਇਨਸਾਨ ਰਿਹਾ। ਚਰਚਿਤ ਫ਼ਿਲਮ ‘ਮਾਚਸ’ ਦੇ ਪਟਕਥਾ ਲੇਖਕ ਅਮਰੀਕ ਗਿੱਲ ਨੇ ਡਾ. ਨੂਰ ਦੀ ਹਰ ਖੇਤਰ ਬਾਰੇ ਜਾਣਕਾਰੀ ਦੀਆਂ ਮਿਸਾਲਾਂ ਪੇਸ਼ ਕਰਦਿਆਂ ਕਿਹਾ ਕਿ ਉਹ ਪੰਜਾਬੀ ਸਾਹਿਤ ਦੀ ਪ੍ਰਫ਼ੁਲਤਾ ਲਈ ਫ਼ਿਲਮੀ ਖੇਤਰ ਵਿਚ ਵੀ ਸੰਭਾਵਨਾਵਾਂ ਲੱਭਦੇ ਰਹਿੰਦੇ ਸਨ ਅਤੇ ਇਸ ਖੇਤਰ ਦੀ ਜਿਹੜੀ ਜਾਣਕਾਰੀ ਬੰਬਈ ਬੈਠਿਆਂ ਲੋਕਾਂ ਨੂੰ ਬਾਅਦ ’ਚ ਮਿਲਦੀ ਸੀ ਉਹ ਨੂਰ ਸਾਹਿਬ ਆਪਣੇ ਸੋਮਿਆਂ ਤੋਂ ਪਹਿਲਾਂ ਹਾਸਲ ਕਰ ਲੈਂਦੇ ਸਨ। ਅੰਤਰਰਾਸ਼ਟਰੀ ਪੱਧਰ ’ਤੇ ਸਿਨੇਮਾ ਖੇਤਰ ਵਿਚ ਜੋ ਵਾਪਰ ਰਿਹਾ ਹੁੰਦਾ ਉਹ ਡਾ. ਨੂਰ ਦੀ ਜਾਣਕਾਰੀ ਵਿਚ ਜ਼ਰੂਰ ਹੁੰਦਾ। ਜਸਵੰਤ ਜਫ਼ਰ ਨੇ ਭਾਵੁਕ ਸੁਰ ਵਿਚ ਡਾ. ਨੂਰ ਨੂੰ ਯਾਦ ਕਰਦਿਆਂ ਕਿਹਾ ਕਿ ਉਹ ਲੋਕਾਂ ਨਾਲ਼ ਜੁੜੇ ਹਰ ਮਸਲੇ ਨੂੰ ਵਾਚਣ ਤੇ ਵਿਚਾਰਨ ਲਈ ਦੇਸ਼ ਦੇ ਵਿਭਿੰਨ੍ਹ ਰਾਜਾਂ ਵਿਚ ਹੋ ਰਹੀਆਂ ਆਰਥਿਕ ਗਤੀਵਿਧੀਆਂ ’ਤੇ ਬਰਾਬਰ ਨਜ਼ਰ ਰੱਖਣ ਵਾਲ਼ੀ ਸ਼ਖ਼ਸੀਅਤ ਸਨ। ਉਨ੍ਹਾਂ ਦਾ ਲੇਖਕ ਵਜੋਂ, ਆਲੋਚਕ ਵਜੋਂ, ਦੋਸਤ ਵਜੋਂ ਅਤੇ ਪਰਵਾਰ ਦੇ ਮੁਖੀ ਵਜੋਂ ਰੋਲ ਲਾਮਿਸਾਲ ਰਿਹਾ। ਡਾ. ਰਾਜਿੰਦਰਪਾਲ ਸਿੰਘ ਬਰਾੜ ਨੇ ਆਪਣੇ ਸੰਬੋਧਨ ਵਿਚ ਡਾ. ਨੂਰ ਦੁਆਰਾ ਪ੍ਰਬੰਧਤ ਸਾਹਿਤਕ ਤੇ ਅਕਾਦਮਕ ਸਮਾਰੋਹਾਂ ਦਾ ਹਵਾਲਾ ਦਿੰਦਿਆਂ ਉਨ੍ਹਾਂ ਦੀ ਸਮਾਗਮ ਰਚਾਉਣ ਦੀ ਪ੍ਰਬੰਧਕੀ ਯੋਗਤਾ ਦੀ ਪ੍ਰਸ਼ੰਸਾ ਕੀਤੀ। ਉਹਨਾਂ ਕਿਹਾ ਕਿ ਡਾ. ਨੂਰ ਕੋਟਕਪੂਰੇ ਦੇ ਜੰਮਪਲ਼ ਹੋਣ ਕਰਕੇ ਇਥੋਂ ਦੇ ਬਸ਼ਿੰਦੇ ਤਾਂ ਉਨ੍ਹਾਂ ਨੂੰ ਆਪਣਾ ਸਮਝਦੇ ਹੀ ਹਨ ਪਰ ਪੰਜਾਬ ਜਾਂ ਪੰਜਾਬੀ ਬੋਲਦੇ ਹਰ ਖਿੱਤੇ ਦੇ ਲੋਕ ਉਨ੍ਹਾਂ ਨੂੰ ਆਪਣਾ ਹੀ ਤਸੱਵਰ ਕਰਦੇ ਸਨ। ਸਮਾਗਮ ਦਾ ਸੰਚਾਲਨ ਖ਼ੁਸ਼ਵੰਤ ਬਰਗਾੜੀ ਵੱਲੋਂ ਬਾਖ਼ੂਬੀ ਅਦਾ ਕੀਤਾ ਗਿਆ। ਸਮਾਗਮ ਦੇ ਦੂਜੇ ਦੌਰ ਵਿਚ ਕਵੀ ਦਰਬਾਰ ਦਾ ਸੰਚਾਲਨ ਸੁਨੀਲ ਚੰਦਿਆਣਵੀ ਨੇ ਕੀਤਾ। ਜਿਸ ਵਿਚ ਨਾਮਵਰ ਕਵੀਆਂ ਨੇ ਆਪਣੀਆਂ ਰਚਨਾਵਾਂ ਸਰੋਤਿਆਂ ਨਾਲ਼ ਸਾਂਝੀਆਂ ਕੀਤੀਆਂ। ਸਮਾਗਮ ਵਿਚ ਹੋਰ ਨਾਮਵਰ ਸ਼ਖ਼ਸੀਅਤਾਂ ਵਜੋਂ ਪ੍ਰਸਿੱਧ ਸ਼ਾਇਰਾ ਸੁਖਵਿੰਦਰ ਅੰਮ੍ਰਿਤ, ਸਵਰਨਜੀਤ ਸਵੀ, ਬਲਦੇਵ ਸਿੰਘ ਸੜਕਨਾਮਾ, ਜਰਨੈਲ ਸਿੰਘ ਸੇਖਾ, ਪ੍ਰੋ. ਲੋਕ ਨਾਥ, ਸ਼ਾਇਰ ਅਮਰਦੀਪ ਸਿੰਘ ਗਿੱਲ, ਵਿਜੇ ਵਿਵੇਕ, ਜਸਵੰਤ ਜਫ਼ਰ ਤੇ ਪ੍ਰਿੰਸੀਪਲ ਹਰੀ ਸਿੰਘ ਮੋਹੀ ਤੋਂ ਇਲਾਵਾ ਵਿਸ਼ਵਜੋਤੀ ਧੀਰ, ਨਿੰਦਰ ਘੁਗਿਆਣਵੀ, ਪਵਨ ਗੁਲਾਟੀ, ਹਰਦਮ ਮਾਨ, ਜਸਪਾਲ ਮਾਨਖੇੜਾ, ਡਾ. ਰਵਿੰਦਰ ਸੰਧੂ, ਬਲਦੇਵ ਸਿੰਘ ਆਜ਼ਾਦ, ਗੁਰਸੇਵਕ ਪ੍ਰੀਤ, ਡਾ. ਰਾਜਬਿੰਦਰ ਸਿੰਘ, ਰਾਜਿੰਦਰ ਜੱਸਲ, ਨਿਰਮੋਹੀ ਫ਼ਰੀਦਕੋਟੀ, ਜਗਜੀਤ ਪਿਆਸਾ, ਜਲੌਰ ਸਿੰਘ ਬਰਾੜ, ਜਗਰੂਪ ਸਿੰਘ ਸਮੇਤ ਅਨੇਕ ਸਾਹਿਤ ਰਸੀਏ ਤੇ ਸਾਹਿਤਕਾਰ ਸ਼ਾਮਲ ਹੋਏ।
****
****
No comments:
Post a Comment