ਦਿਲ ਦੀਆਂ ਗੱਲਾਂ......... ਨਜ਼ਮ/ਕਵਿਤਾ / ਦਿਲਜੋਧ ਸਿੰਘ

ਸਾਰੀ ਰਾਤ ਚੰਨ ਡੁਸਕਿਆ
ਜਦ ਇਕ ਤਾਰਾ ਟੁੱਟਿਆ
ਪੂਰਾ ਚੰਨ ਪਰ ਰਾਤ ਹੈ ਕਾਲੀ
ਕਿਸਦਾ ਰੱਬ ਹੈ ਰੁੱਸਿਆ

ਨਾਂ ਦਿਲ ਦੀ ਕੋਈ ਗਲ ਹੀ ਕੀਤੀ
ਨਾਂ ਚੁੱਪ 'ਚੋਂ ਲੱਭੇ ਮੋਤੀ
ਹਾਰ-ਜੀਤ ਬੇ-ਮਤਲਬ ਗਾਥਾ
ਜਦ ਉਮਰ ਨੇ ਲੇਖਾ ਪੁੱਛਿਆ

ਰਾਹਾਂ ਦੇ ਵਿਚ ਚਿੰਨ੍ਹ ਪੈਰਾਂ ਦੇ
ਗਿਣ ਗਿਣ ਕੇ ਕੀ ਕਰੀਏ
ਅੱਗਾ ਪਿੱਛਾ ਦੋਵੇਂ ਪਰਾਏ
ਜਦ ਕੋਈ ਸੂਰਜ ਡੁੱਬਿਆ

ਚੁੱਪ ਨਾਲ ਜਿਹੜੇ ਗੱਲਾਂ ਕਰਦੇ
ਤਨ ਮਨ ਤੋਂ ਉਹ ਜੋਗੀ
ਦਿਲ ਜਿੰਨਾ ਦੇ ਸਾਗਰੋਂ ਡੂੰਘੇ
ਕੌਣ ਉਹਨਾਂ ਦੀਆਂ ਬੁਝਿਆ

ਚੜਦਾ ਡੁਬਦਾ ਸੂਰਜ ਸੱਚਾ
ਸਿਖਰ ਦੁਪਹਿਰ ਵੀ ਆਈ
ਮਨ ਨੂੰ ਕਿਹੜੇ ਸਚ ਦੀ ਤ੍ਰਿਸ਼ਨਾਂ
ਅਜ ਤਕ ਕੁਝ  ਨਹੀਂ ਸੁੱਝਿਆ

ਦੂਰ ਦੁਰੇਡੇ ਬੈਠਕੇ ਕੋਈ
ਬਾਤ ਦਿਲਾਂ ਦੀ ਪਾਏ 
ਨਾਂ ਓਹ ਅਪਣਾ ਨਾਂ ਪਰਾਇਆ
ਇਹ ਰਾਜ਼ ਵੀ ਆਖਿਰ ਖੁੱਲਿਆ ।
****

No comments: