ਵੀਰ ਦਿਲਜੀਤ ਗੁਰੂ ਫਤਿਹ ਪ੍ਰਵਾਨ ਹੋਵੇ।
ਵੀਰ ਜੀ, ਜਿਹੜੇ ਗਾਇਕ ਹੁੰਦੇ ਹਨ, ਉਹ ਸੱਭਿਆਚਾਰ ਦਾ ਸੀਸ਼ਾ ਹੁੰਦੇ ਹਨ। ਕਹਿੰਦੇ ਹਨ ਕਿ ਜਦੋਂ ਸੀਸ਼ਾ ਮੈਲਾ ਹੋ ਜਾਵੇ ਤਾਂ ਤਸਵੀਰ ਆਪਣੇ ਆਪ ਮੈਲੀ ਹੋ ਜਾਂਦੀ ਹੈ। ਜਦੋਂ ਤਸਵੀਰ ਮੈਲੀ ਹੋ ਜਾਂਦੀ ਹੈ, ਫੇਰ ਸੀਸ਼ਾ ਧੁੰਧਲਾ ਦਿਸਦਾ ਹੈ। ਧੁੰਧਲੇ ਸੀਸ਼ੇ ਵਿਚ ਤੁਸੀਂ ਚਿਹਰਾ ਸਾਫ਼ ਨਹੀਂ ਵੇਖ ਸਕਦੇ ਅਤੇ ਧੁੰਦਲੀ ਤਸਵੀਰ ਕਦੇ ਭਵਿੱਖ ਨਹੀ ਸਿਰਜਦੀ । ਭਵਿੱਖ ਸਿਰਜੇ ਬਿਨਾਂ ਸੱਭਿਆਚਾਰ ਮਿਟ ਜਾਂਦੇ ਨੇ । ਸੱਭਿਆਚਾਰ ਨੂੰ ਜਿਉਂਦਾ ਰੱਖਣ ਵਾਸਤੇ ਕਲਾਕਾਰ ਇਕ ਅਹਿਮ ਰੋਲ ਅਦਾ ਕਰਦੇ ਹਨ। ਜਿਹੜੇ ਕੱਪੜੇ ਕਲਾਕਾਰ ਪਾਉਂਦੇ ਹਨ, ਉਹ ਲੋਕਾਂ ਲਈ ਫੈਸ਼ਨ ਹੋ ਨਿਬੜਦਾ ਹੈ। ਜਿਹੜੀ ਬੋਲੀ ਵਿਚ ਕਲਾਕਾਰ ਗਾਉਂਦੇ ਹਨ, ਉਹ ਬੋਲੀ ਸਾਹਿਤਕ ਹੋ ਜਾਂਦੀ ਹੈ। ਉਸਤਾਦ ਸਵ. ਕੁਲਦੀਪ ਮਾਣਕ ਸਾਹਿਬ ਅੱਜ ਬੇਸ਼ੱਕ ਇਸ ਦੁਨੀਆਂ ‘ਤੇ ਨਹੀਂ ਰਹੇ, ਪਰ ਉਹਨਾਂ ਦੁਆਰਾ ਗਾਏ ਗਏ ਗੀਤ ਅੱਜ ਵੀ ਹਰ ਘਰ ਦੀ ਦਹਲੀਜ਼ ਦਾ ਸਿ਼ੰਗਾਰ ਹਨ । ਅੱਜ ਵੀ ਪਿੰਡਾ ਦੀਆਂ ਸੱਥਾਂ ਵਿੱਚ ਉਹਨਾਂ ਦੇ ਗੀਤਾਂ ਦੀ ਚਰਚਾ ਹੈ। ਸਵ.ਦਿਲਸ਼ਾਦ ਅਖਤਰ ਨੂੰ ਅੱਜ ਵੀ ਲੋਕ ਉਹਨਾਂ ਦੀ ਸਾਫ਼ ਸੁਥਰੀ ਗਾਇਕੀ ਲਈ ਯਾਦ ਕਰਦੇ ਹਨ। ਮੁਹੰਮਦ ਸਦੀਕ ਸਾਹਿਬ ਅਤੇ ਰਣਜੀਤ ਕੌਰ ਦੇ ਸਦਾ-ਬਹਾਰ ਦੋਗਾਣੇ ਅੱਜ ਵੀ ਲੋਕ ਫਰਮਾਇਸ਼ਾਂ ਕਰਕੇ ਸੁਣਦੇ ਹਨ। ਸਵ. ਉਸਤਾਦ ਲਾਲ ਚੰਦ ਯਮਲਾ ਜੱਟ ਹੋਰਾਂ ਦੀਆਂ ਅੱਜ ਵੀ ਉਤਨੀਆਂ ਹੀ ਕੈਸਟਾਂ ਮਾਰਕਿਟ ਵਿਚ ਵਿਕਦੀਆਂ ਹਨ, ਜਿੰਨੀਆਂ ਉਹਨਾਂ ਦੇ ਜਿਉਂਦਿਆਂ ਤੋਂ ਵਿਕਦੀਆਂ ਸਨ। ਪੰਜਾਬੀਆਂ ਦੇ ਮਾਣ ਗੁਰਦਾਸ ਮਾਨ ਸਾਹਿਬ ਨੂੰ ਸੁਣਨ ਵਾਸਤੇ ਲੋਕ ਵਹੀਰਾਂ ਘੱਤ ਟਿਕਟਾਂ ਖ਼ਰਚ ਮੀਲਾਂ ਦਾ ਪੈਂਡਾ ਤਹਿ ਕਰਕੇ ਅੱਜ ਵੀ ਪਹੁੰਚਦੇ ਹਨ ਅਤੇ ਹਰ ਕੋਈ ਪਿੱਠ ਪਿੱਛੇ ਇਹਨਾਂ ਕਲਾਕਾਰਾਂ ਦੀ ਸ਼ੋਭਾ ਕਰਦਾ ਹੈ। ਹੋਰ ਵੀ ਅਨੇਕਾਂ ਕਲਾਕਾਰ ਹਨ, ਜਿੰਨ੍ਹਾਂ ਵਿਚ ਗਿੱਲ ਹਰਦੀਪ , ਬੱਬੂ ਗੁਰਪਾਲ, ਰਵਿੰਦਰ ਗਰੇਵਾਲ, ਗੋਰਾ ਚੱਕ ਵਾਲਾ, ਸਤਿੰਦਰ ਸਰਤਾਜ, ਗੁਲਾਮ ਜੁਗਨੀ, ਬੱਬੂ ਮਾਨ ਆਦਿ ਸ਼ਾਮਲ ਹਨ। ਇਹਨਾਂ ਨੇ ਪੰਜਾਬੀ ਮਾਂ ਬੋਲੀ ਦੇ ਮਿਸ਼ਰੀ ਘੁਲੇ ਬੋਲਾਂ ਨੂੰ ਆਪਣੀ ਜੁਬਾਨੀ ਗਾਇਆ। ਇਹ ਕਲਾਕਾਰ ਕਿਉਂ ਮਕਬੂਲ ਹਨ ? ਕਿੳਂੁਕਿ ਇਹਨਾਂ ਕਲਾਕਾਰਾਂ ਨੇ ਆਮ ਲੋਕਾਂ ਦੇ ਅਸਲੀ ਜੀਵਨ ਨੂੰ ਹੰਢਾਇਆ ਅਤੇ ਲੋਕਾਂ ਦੇ ਅਮਲੀ ਸੱਚ ਨੂੰ ਗਾਇਆ। ਜਦੋਂ ਅਸੀਂ ਝੂਠੀ ਚਕਾਚੌਂਧ ਵਿਚ ਆਪਣੀ ਜਿੰਦਗੀ ਦੀਆਂ ਸੱਚੀਆਂ ਕਦਰਾਂ ਕੀਮਤਾਂ ਨੂੰ ਭੁੱਲ ਕੇ ਸਿਰਫ਼ ਪੈਸੇ ਨੂੰ ਮੁੱਖ ਰੱਖ ਕੇ ਜਿੰਦਗੀ ਦੇ ਸਹੀ ਰਾਹ ਤੋਂ ਭਟਕ ਜਾਂਦੇ ਹਾਂ, ਤਾਂ ਫਿਰ ਦੋ ਦਿਨ ਦੀ ਚਾਨਣੀ ਫੇਰ ਅੰਧੇਰੀ ਰਾਤ ਵਾਲੀ ਗੱਲ ਹੋ ਜਾਂਦੀ ਹੈ।