ਗਾਇਕੀ ਦੇ ਇੱਕ ਯੁੱਗ ਦਾ ਹੋਇਆ ਦੁਖਦ ਅੰਤ.......... ਸ਼ਰਧਾਂਜਲੀ / ਰਣਜੀਤ ਸਿੰਘ ਪ੍ਰੀਤ

ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਦਾ ਲੁਧਿਆਣਾ ਦੇ ਡੀ ਐਮ ਸੀ ਹਸਪਤਾਲ ਵਿਚ ਦੇਹਾਂਤ ਹੋ ਗਿਆ ਹੈ। ਉਹ ਪਿਛਲੇ ਕੁਝ ਅਰਸੇ ਤੋਂ ਬਿਮਾਰ ਚੱਲ ਰਹੇ ਸਨ । ਦੁਪਹਿਰ ਡੇਢ ਵਜੇ ਉਹਨਾਂ ਆਖ਼ਰੀ ਸਾਹ ਲਿਆ । ਕੁਲਦੀਪ ਮਾਣਕ ਦੇ ਨਾਲ ਹੀ ਪੰਜਾਬੀ ਗਾਇਕੀ ਦਾ ਮਾਣਮੱਤਾ ਯੁੱਗ ਹੋਇਆ ਸਮਾਪਤ । ਜਿਓਂ ਹੀ ਇਹ ਦੁਖਦਾਈ ਖ਼ਬਰ ਭਗਤਾ ਅਤੇ 8 ਜਲਾਲਾਂ ਇਲਾਕੇ ਦੇ ਲੋਕਾਂ ਤੱਕ ਪਹੁੰਚੀ ਤਾਂ ਸੋਗ ਦੀ ਲਹਿਰ ਫ਼ੈਲ ਗਈ, ਲੋਕ ਉਦਾਸ ਹੋ ਇੱਕ ਦੂਜੇ ਨਾਲ ਆਪਣੇ ਮਹਿਬੂਬ ਗਾਇਕ ਮਾਣਕ ਦੀਆਂ ਗੱਲਾਂ ਕਰਨ ਲੱਗੇ । 62 ਵਰ੍ਹਿਆਂ ਦਾ ਕੁਲਦੀਪ ਮਾਣਕ ਆਪਣੇ ਪਿੱਛੇ ਪਤਨੀ ਸਰਬਜੀਤ, ਗਾਇਕ ਪੁੱਤਰ ਯੁੱਧਵੀਰ ਮਾਣਕ ਅਤੇ ਬੇਟੀ ਸ਼ਕਤੀ ਨੂੰ ਆਪਣੇ ਲੱਖਾਂ ਚਹੇਤਿਆਂ ਸਮੇਤ ਹੰਝੂ ਵਹਾਉਣ ਲਈ ਛੱਡ ਗਿਆ ।

ਗਾਇਕ ਨਿੱਕਾ ਖਾਨ ਦੇ ਘਰ 15 ਨਵੰਬਰ 1949 ਨੂੰ ਬਠਿੰਡਾ ਜ਼ਿਲ੍ਹੇ ਦੇ ਪਿੰਡ ਜਲਾਲ ਵਿਖੇ ਜਨਮੇ ਕੁਲਦੀਪ ਮਾਣਕ ਨੇ ਜਲਾਲ ਪਿੰਡ ਤੋਂ ਹੀ ਦਸਵੀਂ ਕਲਾਸ ਵਿੱਚ ਪੜ੍ਹਦਿਆਂ ਅਧਿਆਪਕਾਂ ਅਤੇ ਮੁੱਖ ਅਧਿਆਪਕ ਕੋਹਲੀ ਜੀ ਦੇ ਕਹਿਣ ‘ਤੇ 17 ਸਾਲ ਦੀ ਉਮਰ ਵਿੱਚ ਪਹਿਲੀ ਵਾਰ  ਗਾਇਆ। ਮਾਣਕ ਦਾ ਖ਼ਿਤਾਬ ਪ੍ਰਤਾਪ ਸਿੰਘ ਕੈਰੋਂ ਨੇ ਦਿੱਤਾ। ਉਸਤਾਦ ਖ਼ੁਸ਼ੀ ਮੁਹੰਮਦ ਕਵਾਲ ਫ਼ਿਰੋਜ਼ਪੁਰ ਤੋਂ ਸਿੱਖਿਆ ਗ੍ਰਹਿਣ ਕੀਤੀ। ਮਾਣਕ ਦੇ ਪੂਰਵਜ਼ ਮਹਾਰਾਜਾ ਹੀਰਾ ਸਿੰਘ ਨਾਭਾ ਦੇ ਕੋਲ ਹਜ਼ੂਰੀ ਰਾਗੀ ਰਹਿ ਚੁੱਕੇ ਸਨ ਅਤੇ ਸਿੱਖ ਧਰਮ ਵੱਲ ਮੋੜਾ ਕਟਦਿਆਂ ਮਾਣਕ ਨੇ ਘਰ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਵੀ ਸਤਿਕਾਰ ਨਾਲ ਲਿਆਂਦੀ ਅਤੇ ਨਤਮਸਤਕ ਹੁੰਦੇ ਰਹੇ । ਆਪਣੇ ਦੋਨੋ ਭਰਾਵਾਂ ਸਦੀਕ ਅਤੇ ਰਫ਼ੀਕ ਨੂੰ ਪਿੰਡ ਹੀ ਛੱਡਦਿਆਂ ਕੁਲਦੀਪ ਮਾਣਕ (ਲਤੀਫ਼ ਮੁਹੰਮਦ) ਲੁਧਿਆਣੇ ਹਰਚਰਨ ਗਰੇਵਾਲ ਅਤੇ ਸੀਮਾਂ ਦੀ ਗਾਇਕ ਜੋੜੀ ਨਾਲ ਜਾ ਮਿਲਿਆ। ਪਹਿਲੀ ਵਾਰ ਸੀਮਾਂ ਨਾਲ 1968 ਵਿੱਚ ਗਾਇਆ । ਦਿੱਲੀ ਵਿੱਚ ਰਿਕਾਰਡਿੰਗ ਸਮੇ ਕੰਪਨੀ ਵਾਲਿਆਂ ਉਸ ਨੂੰ ਵੀ ਗੀਤ ਗਾਉਣ ਦੀ ਪੇਸ਼ਕਸ਼ ਕੀਤੀ ਤਾਂ ਪਹਿਲਾ ਡਿਊਟ ਗੀਤ ਜੋਸੀਮਾਂ ਨਾਲ ਰਿਕਾਰਡ ਕਰਵਾਇਆ “ਜੀਜਾ ਅੱਖੀਆਂ ਨਾ ਮਾਰ, ਵੇ ਮੈਂ ਕੱਲ੍ਹ ਦੀ ਕੁੜੀ” (ਗੀਤਕਾਰ ਬਾਬੂ ਸਿੰਘ ਮਾਨ ਮਰਾਂੜਾਂ ਵਾਲਾ) ਅਤੇ ਇਸ ਗੀਤ ਦੇ ਨਾਲ ਹੀ ਗੁਰਦੇਵ ਸਿੰਘ ਮਾਨ ਦਾ ਲਿਖਿਆ ਗੀਤ “ਲੌਂਗ ਕਰਾ ਮਿੱਤਰਾ, ਮੱਛਲੀ ਪਾਉਣਗੇ ਮਾਪੇ” ਰਿਕਾਰਡ ਹੋਇਆ । ਭਾਵੇਂ ਇਹ ਗੀਤ ਬਹੁਤ ਮਕਬੂਲ ਹੋਇਆ ਪਰ ਘਰ ਘਰ ਵਿੱਚ ਗੱਲ “ਤੇਰੇ ਟਿਲੇ ਤੋਂ ਸੂਰਤ ਦੀਹਦੀ ਹੀਰ ਦੀ” ਨੇ ਤੋਰੀ। ਹੋਰ ਬਹੁਤ ਮਕਬੂਲ ਗੀਤਾਂ ਵਿੱਚ “ਅੱਖਾਂ ’ਚ ਸ਼ਰਾਬ ਵਿਕਦੀ”, “ਮਾਂ ਹੁੰਦੀ ਏ ਮਾਂ”, “ਹੋਇਆ ਕੀ ਜੇ ਧੀ ਜੰਮ ਪਈ, ਕੁੱਖ ਤਾਂ ਸੁਲੱਖਣੀ ਹੋਈ”, “ਸਾਹਿਬਾਂ ਬਣੀ ਭਰਾਵਾਂ ਦੀ”  ਆਦਿ ਨੇ ਹਰੇਕ ਪਿੰਡ ਦਾ ਬਨੇਰਾ ਮੱਲਿਆ।

ਕੁਲਦੀਪ ਮਾਣਕ ਨੇ ਕੁਝ ਸਮਾਂ ਆਪਣਾ ਦਫ਼ਤਰ ਬਠਿੰਡਾ ਵਿਖੇ ਦਲੀਪ ਸਿੰਘ ਸਿੱਧੂ ਨਾਲ ਰਲਕੇ ਖੋਲ੍ਹਿਆ, ਪਰ ਜਲਦੀ ਹੀ ਵਾਪਸ ਫਿਰ ਲੁਧਿਆਣਾ ਵਿਖੇ ਚਲਾ ਗਿਆ । ਹਰਦੇਵ ਦਿਲਗੀਰ ਅਰਥਾਤ ਦੇਵ ਥਰੀਕੇਵਾਲਾ ਨਾਲ ਰਾਬਤਾ ਬਣਿਆਂ ਅਤੇ ਲੋਕ ਗਥਾਵਾਂ ਵੱਲ ਮੋੜਾ ਕੱਟਿਆ । ਮਾਣਕ ਦੀ ਪਹਿਲੀ ਐਲਬਮ ਐਚ ਐਮ ਵੀ ਨੇ “ਤੇਰੀ ਖ਼ਾਤਰ ਹੀਰੇ “ਨਾਂਅ ਨਾਲ ਰਿਲੀਜ਼ ਕੀਤੀ । ਸਨ 1976 ਵਿੱਚ ਪਹਿਲਾ ਐਲ ਪੀ “ਇੱਕ ਤਾਰਾ ਦੇ ਨਾਂਅ” ਨਾਲ ਮਾਰਕੀਟ ਵਿੱਚ ਆਇਆ ।  ਇਸ ਵਿੱਚ ਹੀ “ਤੇਰੇ ਟਿੱਲੇ ਤੋਂ”, “ਛੇਤੀ ਕਰ ਸਰਵਣ ਬੱਚਾ” ਅਤੇ “ਪੀਂਘਾਂ ਝੂਟਦੀਆਂ ਗੜ੍ਹ ਮੁਗਲਾਣੇ ਦੀਆਂ ਨਾਰਾਂ” ਵਾਲਾ ਗੀਤ ਸ਼ਾਮਲ ਸੀ । ਸੰਨ 1978 ਵਿੱਚ “ਸਾਹਿਬਾਂ ਦਾ ਤਰਲਾ”, “ਇੱਛਰਾਂ ਧਾਹਾਂ ਮਾਰਦੀ”, “ਸਾਹਿਬਾਂ ਬਣੀ ਭਰਾਵਾਂ ਦੀ” ਨੇ ਸਭ ਦੇ ਮਨ ਮੋਹ ਲਏ। ਜੈਜ਼ੀ ਬੀ ਨੇ ਆਪਣੇ ਇੱਕ ਗੀਤ ਜਾਦੂ ਰੰਬੋ ਵਿੱਚ ਜ਼ਿਕਰ ਕੀਤਾ ਹੈ “ਮੈਂ ਮਾਣਕ ਦਾ ਚੇਲਾ, ਦੱਸ ਦੂੰ ਆਲੇ ਦੁਆਲੇ ਨੂੰ । ਮੇਰੀ ਉਮਰ ਵੀ ਲਗ ਜੇ, ਜੰਡੂ ਲਿਤਰਾਂ ਵਾਲੇ ਨੂੰ ।” ਗੁਰਦਾਸ ਮਾਨ ਨੇ ਪਿੰਡ ਦੀਆਂ ਗਲੀਆਂ ਗੀਤ ਵਿੱਚ ਅਤੇ ਪੰਮੀ ਬਾਈ ਨੇ ਵੀ ਇਵੇਂ ਹੀ ਜ਼ਿਕਰ ਕਰਿਆ ਹੈ। ਸ਼ਰਾਬ ਪੀਣ ਦੇ ਆਦੀ ਮਾਣਕ ਨੇ ਸੰਸਦ ਮੈਂਬਰ ਬਣਨ ਲਈ ਚੋਣ ਵੀ ਲੜੀ ਪਰ ਸਫਲਤਾ ਨਾ ਮਿਲ ਸਕੀ। ਮਾਣਕ ਸਾਹਿਬ ਦੀ ਬੁਲੰਦ ਆਵਾਜ਼ ਰਹਿੰਦੀ ਦੁਨੀਆਂ ਤੱਕ ਗੂੰਜਦੀ ਰਹੇਗੀ।

****

No comments: