ਸਰਕਾਰ ਦੇ ਜਵਾਈ………… ਲੇਖ / ਅਮਨਦੀਪ ਸਿੰਘ ਟੱਲੇਵਾਲੀਆ (ਡਾ.)

ਅੱਜ ਕੱਲ੍ਹ ਅਣਖਾਂ ਪਿੱਛੇ ਹੋ ਰਹੇ ਕਤਲਾਂ ਦੀ ਚਰਚਾ ਹਰ ਕਿਸੇ ਦੀ ਜ਼ੁਬਾਨ ਤੇ ਹੈ। ਅਣਖ ਖਾਤਰ ਹੋ ਰਹੇ ਕਤਲਾਂ ਸੰਬੰਧੀ ਕਿਤੇ ਨਾ ਕਿਤੇ ਸੈਮੀਨਾਰ ਹੁੰਦੇ ਰਹਿੰਦੇ ਹਨ, ਜਾਂ ਜਦ ਕਿਤੇ ਚਾਰ ਬੁੱਧੀਜੀਵੀ ਇਕੱਠੇ ਬਹਿੰਦੇ ਹਨ ਤਾਂ ਇਸ ਗੱਲ ਦੀ ਚਰਚਾ ਜਰੂਰ ਹੁੰਦੀ ਹੈ। ਕੀ ਹੈ ਇਸ ਵਿਚਲਾ ਦਰਦ ਅਤੇ ਕੀ ਹੈ ਇਸ ਦਾ ਹੱਲ? ਜਦੋਂ ਕੋਈ ਕੁੜੀ ਕਿਸੇ ਮੁੰਡੇ ਨਾਲ ਆਪਣੀ ਮਰਜ਼ੀ ਅਨੁਸਾਰ ਵਿਆਹ ਕਰਵਾ ਲੈਂਦੀ ਹੈ। ਭਾਵੇਂ ਉਹ ਮੁੰਡਾ ਉਸ ਦੀ ਜਾਤ ਦਾ ਹੋਵੇ ਜਾਂ ਅੰਤਰਜਾਤੀ ਜਾਂ ਸਿੱਧੇ ਲਫਜਾਂ ਵਿੱਚ ਜਦੋਂ ਕੋਈ ਮੁੰਡਾ ਕਿਸੇ ਕੁੜੀ ਨੂੰ ਉਸ ਦੀ ਰਜ਼ਾਮੰਦੀ ਨਾਲ ਘਰੋਂ ਭਜਾ ਕੇ ਲੈ ਜਾਏ ਜਾਂ ਕਈ ਵਾਰ ਵੇਖਣ ਸੁਣਨ ਨੂੰ ਮਿਲਿਆ ਹੈ ਕਿ ਕੋਈ ਕੁੜੀ ਕਿਸੇ ਮੁੰਡੇ ਨੂੰ (ਜਿਥੇ ਮੁੰਡਾ ਆਰਥਿਕ ਤੌਰ ਤੇ ਕਮਜੋਰ ਹੁੰਦਾ ਹੈ) ਭਜਾ ਕੇ ਲੈ ਜਾਂਦੀ ਹੈ ਅਤੇ ਉਹ ਆਪਣੀ ਮਰਜ਼ੀ ਨਾਲ ਕੋਰਟ ਮੈਰਿਜ ਕਰਵਾਲੈਣ ਅਤੇ ਖ਼ੁਸ਼ੀ ਖ਼ੁਸ਼ੀ ਆਪਣਾ ਜੀਵਨ ਬਸਰ ਕਰਨ ਲੱਗ ਪੈਣ ਤਾਂ ਭਿਣਕ ਪੈਣ ’ਤੇ ਕੁੜੀ ਦੇ ਮਾਂ-ਪਿਉ ਚਾਚੇ ਤਾਏ, ਭੈਣ ਭਰਾਂ, ਉਸਨੂੰ ਆਪਣੀ ਹੱਤਕ ਸਮਝਕੇ ਕੁੜੀ ਨੂੰ ਜਾਂ ਦੋਹਾਂ ਨੂੰ ਮੌਤ ਦੇ ਘਾਟ ਉਤਾਰ ਦਿੰਦੇ ਹਨ ਇਸਨੂੰ ਅਸੀਂ ‘ਅਣਖ ਪਿਛੇ ਹੋ ਰਹੇ ਕਤਲ’ ਆਖ ਕੇ ਬੜਾ ਬੁਰਾ ਭਲਾ ਆਖਦੇ ਹਾਂ, ਅਤੇ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਮੰਗ ਵੀ ਬੜੇ ਜ਼ੋਰ ਸ਼ੋਰ ਨਾਲ ਹੁੰਦੀ ਹੈ। ਹਰ ਰੋਜ਼ ਅਖਬਾਰ ਵਿੱਚ ਟੀ.ਵੀ. ਵਿੱਚ, ਅਜਿਹੀਆਂ ਘਟਨਾਵਾਂ ਨੂੰ ਮੰਦਭਾਗਾ ਕਰਾਰ ਦਿੱਤਾ ਜਾਂਦਾ ਹੈ। ਕੀ ਹੋਇਆ ਜੇ ਮੁੰਡੇ ਕੁੜੀ ਨੇ ਆਪਣੀ ਮਰਜ਼ੀ ਅਨੁਸਾਰ ਵਿਆਹ ਕਰਵਾ ਲਿਆ, ਵਿਆਹ ਤਾਂ ਕਰਨਾ ਹੀ ਸੀ, ਜੇਕਰ ਅੰਤਰਜਾਤੀ ਵਿਆਹ ਕਰਵਾ ਲਿਆ ਤਾਂ ਕੀ ਹੋਇਆ। ਇਹ ਉਦਾਹਰਣਾ ਅਸੀਂ ਇੱਕ ਦੂਜੇ ਨੂੰ ਦਿੰਦੇ ਹਾਂ, ਪਰ ਜਿਸ ਪ੍ਰੀਵਾਰ ਤੇ ਇਹ ਗੁਜ਼ਰਦੀ ਹੈ ਉਸ ਨੂੰ ਪੁੱਛ ਕੇ ਵੇਖੋ ਦੂਜੇ ਦੇ ਘਰ ਲੱਗੀ ਅੱਗ ਬਸੰਤਰ ਲੱਗਦੀ ਹੈ। ਜਦੋਂ ਸ਼ਰੀਕ ਮਿਹਣੇ ਮਾਰਦੇ ਹਨ, ਕਿਉਂ ਨਿਕਲਗੀ,-ਅਸੀਂ ਤਾਂ ਭਾਈ ਕਦੋਂ ਦੇ ਕਹਿੰਦੇ ਸੀ, ਆਪਣੀ ਨੂੰ ਸਮਝਾ ਕੇ ਰੱਖ, ਧੀਆਂ ਨੂੰ ਬਹੁਤਾ ਲਾਡ ਨਹੀਂ ਲਡਾਉਣਾ ਚਾਹੀਦਾ, ਇਹ ਚਾਂਭਲ ਜਾਂਦੀਆਂ, ਜਦੋਂ ਅਜਿਹੀਆਂ ਗੱਲਾਂ ਪੀੜਤ ਧਿਰ ਨੂੰ ਸੁਣਨ ਨੂੰ ਮਿਲਦੀਆਂ ਹਨ, ਇਹਤੋਂ ਵੀ ਅੱਗੇ, ਜਦ ਰਿਸ਼ਤੇਦਾਰ, ਭੈਣ-ਭਾਈ, ਸਾਕ-ਸੰਬੰਧੀ ਪਿੰਡ ਵਾਲੇ ਇਸ ਗੱਲ ਤੇ ਮਿਟੀ ਪਾਉਣ ਦੀ ਬਜਾਏ ਜ਼ਖਮਾਂ ਤੇ ਲੂਣ ਛਿੜਕਦੇ ਹਨ ਤਾਂ ਕਤਲ ਵਰਗੀਆਂ ਘਟਨਾਵਾਂ ਜਨਮ ਲੈਂਦੀਆਂ ਹਨ। ਗੱਲ ਅੰਤਰਜਾਤੀ, ਜਾਤੀ, ਇੱਕੋ ਜਿਹੇ ਖੂਨ ਜਾਂ ਇਨਸਾਨੀਅਤ ਦੀ ਨਹੀਂ, ਸਗੋਂ ਜਦੋਂ ਪੀੜਤ ਧਿਰ ਨਾਲ ਦੁੱਖ-ਸੁੱਖ ਸਾਂਝਾ ਕਰੀਦਾ ਤਾਂ ਸੱਚ ਮੁੱਚ ਬੰਦਾ ਹਿਲ ਜਾਂਦਾ।

ਕਈ ਵਾਰ ਅਜਿਹੀਆਂ ਘਟਨਾਵਾਂ ਸੁਣਨ ਨੂੰ ਮਿਲਦੀਆਂ ਹਨ ਕਿ ਮਾਪਿਆਂ ਦੇ ਇਕੱਲੀ ਕੁੜੀ ਹੁੰਦੀ ਹੈ, ਜ਼ਮੀਨ ਜਾਇਦਾਦ ਕਾਫੀ ਹੁੰਦੀ ਹੈ। ਪਰ ਕਈ ਲੋਕ ਸਿਰਫ ਉਸ ਜ਼ਮੀਨ ਨੂੰ ਹੱੜਪਣ ਲਈ ਹੀ ਅਜਿਹਾ ਢਕਵੰਜ ਕਰਦੇ ਹਨ ਨਾਲੇ ਤਾ ਅਗਲੇ ਦੀ ਇਜ਼ਤ ਰੋਲ ਦਿੰਦੇ ਹਨ ਨਾਲੇ ਬੁੜ੍ਹਾਪੇ ਵਿੱਚ ਕੋਈ ਪਾਣੀ-ਪੁਛਣ ਵਾਲਾ ਵੀ ਕੋਲ ਨਹੀਂ ਰਹਿਣ ਦਿੰਦੇ। ਜਾਂ ਕਈ ਵਾਰ, ਅਜਿਹੇ ਕੋਰਟ ਮੈਰਿਜ਼ ਕਰਵਾਕੇ ਕੁੜੀਆਂ ਨੂੰ ਅੱਗੇ ਵੇਚਣ ਦਾ ਧੰਦਾ ਭਾਵੇਂ ਹਾਲੇ ਬਹੁਤੇ ਪੈਰ ਤਾਂ ਨਹੀਂ ਪਾਸਾਰ ਸਕਿਆ ਪਰ ਆਉਣ ਵਾਲੇ ਸਮੇਂ ਵਿੱਚ ਸੰਭਾਵਨਾ ਨੂੰ ਵੀ ਰੱਦ ਨਹੀ ਕੀਤਾ ਜਾ ਸਕਦਾ। ਹਰੇਕ ਮਾਂ ਪਿਓ ਆਪਣੀ ਧੀ ਨੂੰ ਸੁਖੀ ਵੇਖਣਾ ਚਾਹੁੰਦਾ ਹੈ, ਪਰ ਜਦੋਂ ਅਜਿਹੇ ਵਿਆਹ ਤੋਂ ਪਿਛੋਂ ਮਾਂ ਪਿਓ ਨੂੰ ਪਤਾ ਲੱਗਦਾ ਹੈ ਕਿ ਉਹਨਾਂ ਦੀ ਧੀ ਨੂੰ ਕੁੱਟਿਆ ਮਾਰਿਆ ਜਾਂਦਾ ਤਾਂ ਜੋ ਉਹਨਾਂ ਦੇ ਸੀਨੇ ’ਤੇ ਗੁਜ਼ਰਦੀ ਹੈ ਉਸਨੂੰ ਉਹੀ ਜਾਣਦੇ ਹਨ।

ਇਥੇ ਇਹ ਗੱਲ ਹਰਗਿਜ਼ ਨਹੀਂ ਕਹੀ ਜਾ ਸਕਦੀ ਕਿ ਲਵ ਮੈਰਿਜ, ਜਾਂ ਕੋਰਟ ਮੈਰਿਜ, (ਮਾਪਿਆਂ ਦੀ ਰਜ਼ਾਂ ਤੋਂ ਵਗੈਰ) ਜਿਹੜੇ ਜੋੜਿਆਂ ਨੇ ਕਰਵਾਈ ਹੈ ਉਹ ਸਾਰੇ ਹੀ ਦੁਖੀ ਹਨ, ਜਾਂ ਸਾਰਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ, ਪਰ ਬਹੁਗਿਣਤੀ ਉਨਾਂ ਕੁੜੀਆਂ ਦੀ ਹੈ ਜੋ ਨਾ ਤਾਂ ਮਾਪਿਆ ਦੀਆਂ ਬਣ ਸਕੀਆਂ ਨਾਂ ਸਹੁਰਿਆਂ ਨੇ ਉਨ੍ਹਾਂ ਨੂੰ ਬਣਦਾ ਸਤਿਕਾਰ ਦਿੱਤਾ, ਅਤੇ ਸਮਾਜ ਵੀ ਉਨ੍ਹਾਂ ਨੂੰ ਮਾੜੀ ਨਜ਼ਰ ਨਾਲ ਹੀ ਵੇਖਦਾ ਹੈ।

ਮੇਰੀ ਨਜ਼ਰੇ ਕਈ ਅਜਿਹੇ ਵਿਆਹ ਇਸ ਤਰ੍ਹਾਂ ਦੇ ਵੀ ਹੋਏ ਹਨ ਜਿਥੇ ਸਿਰਫ ਬਦਲਾ ਲਊ ਭਾਵਨਾ ਨਾਲ ਮੁੰਡੇ ਵਾਲੀ ਧਿਰ ਕੁੜੀ ਨੂੰ ਮਿੱਠੀਆਂ ਮਾਰਕੇ ਭਜਾ ਕੇ ਲੈ ਗਏ ਅਤੇ ਸਿਰਫ ਦੂਸਰੀ ਧਿਰ ਦੀ ਬਦਨਾਮੀ ਕਰਨ ਲਈ ਹੀ ਅਜਿਹਾ ਕਾਰਾ ਕੀਤਾ। ਬਹੁਤ ਅਜਿਹੀਆਂ ਕੁੜੀਆਂ ਹਨ ਜਿੰਨਾਂ ਦੇ ਮਾਪੇ ਸ਼ਰਮ ਦੇ ਮਾਰੇ ਕੁਝ ਨਹੀਂ ਕਰਦੇ ਸਿਰਫ ਕੁੜੀ ਮੁੰਡੇ ਦਾ ਤੋੜ ਵਿਛੋੜਾ ਕਰਨ ਤੋਂ ਪਿਛੋਂ ਕੁੜੀ ਨੂੰ ਬਾਹਰਲੇ ਮੁਲਕ ਭੇਜ ਦਿੰਦੇ ਹਨ, ਜਾਂ ਜਿਥੇ ਕੁੜੀ ਨੇ ਵਿਆਹ ਕਰਵਾ ਲਿਆ ਉਸ ਨੂੰ ਪ੍ਰਵਾਨ ਕਰ ਲੈਂਦੇ ਹਨ। ਪਰ ਉਨ੍ਹਾਂ ਦੇ ਮਨ ਦੀਆਂ ਭਾਵਨਾਵਾਂ ਦਾ ਜਿਹੜਾ ਕਤਲ ਧੀ-ਪੁਤ ਕਰ ਦਿੰਦੇ ਹਨ, ਉਸ ਨੂੰ ਤਾਂ ਅੱਜ ਤੱਕ ਕਿਸੇ ਹਾਈਕੋਰਟ ਜਾਂ ਸੁਪਰੀਮ ਕੋਰਟ ਨੇ ਅੱਖ ਹੇਠ ਲਿਆਂਦਾ ਨਹੀਂ, ਪਰ ਘਰੋਂ ਭੱਜੇ ਮੁੰਡੇ ਕੁੜੀਆਂ ਪ੍ਰਤੀ ਕੋਰਟਾਂ ਲਈ ਐਨਾ ਹੇਜ ਕਿਥੋ ਜਾਗ ਪਿਆ। ਅਜਿਹਾ ਫੈਸਲਾ ਕਰਨ ਵਾਲੇ ਮਾਣਯੋਗ ਜੱਜ ਸਾਹਿਬਾਨ ਨੂੰ ਜੇਕਰ ਉਨ੍ਹਾਂ ਦੇ ਮਾਂ-ਪਿਓ ਦੀ ਦਾਸਤਾਨ ਸੁਣਨ ਦਾ ਮੌਕਾ ਮਿਲੇ ਜਿਹੜੇ ਮਾਂ ਪਿਓ ਨੇ ਆਪਣੀ ਧੀ ਨੂੰ ਪਾਲ ਪੋਸ ਕੇ ਬੜੇ ਚਾਵਾਂ ਨਾਲ ਵੱਡਾ ਕੀਤਾ, ਅੱਜ ਉਹ ਜਜਾਬਤੀ ਹੋ ਕੇ ਮਾਂ ਪਿਓ ਨੂੰ ਕਹਿ ਰਹੀ ਹੈ ਕਿ ਇਹ ਮੇਰੇ ਕੁਝ ਨਹੀਂ ਲੱਗਦੇ ਸਗੋਂ ਇਹਨਾਂ ਤੋਂ ਮੈਨੂੰ ਖਤਰਾ ਹੈ ਜਾਂ ਮੇਰੀ ਪ੍ਰਾਈਵੇਟ ਜ਼ਿੰਦਗੀ ’ਚ ਇਹਨਾਂ ਦਾ ਦਖ਼ਲ ਮੈਨੂੰ ਮਨਜੂਰ ਨਹੀਂ ਤੇ ਜਿਹੜਾ ‘ਖਸਮ’ ਉਹ ਕੁੜੀ ਸਹੇੜ ਰਹੀ ਹੈ, ਉਸ ਬਾਰੇ ਉਹਨੂੰ ਕੋਈ ਇਲਮ ਨਹੀਂ।

ਇੱਕ ਡਾਕਟਰ ਹੋਣ ਦੇ ਨਾਤੇ ਮੈਂ ਅਜਿਹੇ ਕਈ ਮਾਂ ਪਿਓ ਦੇ ਦੁੱਖੜੇ ਸੁਣ ਚੁੱਕਾ ਹਾਂ ਜਿਹਨਾਂ ਦੀਆਂ ਧੀਆਂ ਘਰੋਂ ਭੱਜ ਗਈਆਂ ਜਾਂ ਭਜਾਈਆਂ ਗਈਆਂ। ਮਗਰੋਂ ਉਨਾਂ ਨੂੰ ਜਾਨੋਂ ਮਾਰਨ ਦਾ ਖਤਰਾ ਦੇ ਕੇ ਕੋਰਟ ਮੈਰਿਜ ਕਰਵਾ ਲਈ ਅਤੇ ਪਿੰਡ ਵਿਚ, ਸ਼ਹਿਰ ਵਿਚ ਸਿਰਫ ਕੁੜੀ ਦੇ ਪਰਿਵਾਰ ਦੀ ਮਿੱਟੀ ਪੱਟਣ, ਤੋਂ ਸਿਵਾਏ ਕੁੱਝ ਹੋਰ ਨਹੀਂ ਸੀ, ਕੀ ਕਰਨ ਅਜਿਹੇ ਮਾਪੇ, ਅੱਖਾਂ ਤੇ ਹਰੀ ਪੱਟੀ ਬੰਨ੍ਹ ਕੇ ਵੇਖੀ ਜਾਣ?

ਜਿਥੋ ਤੱਕ ਅੰਤਰਜਾਤੀ ਵਿਆਹ ਦੀ ਗੱਲ ਹੈ ਉਹ ਮਾਪਿਆਂ ਦੀ ਰਜ਼ਾ ਨਾਲ ਹੀ ਬਹੁਤ ਹੋ ਰਹੇ ਹਨ ਲੋਕ ਬਹੁਤ ਸਿਆਣੇ ਹੋ ਗਏ ਹਨ, ਪਰ ਜਿਹੜੀਆਂ ਅਣਖ ਖਾਤਰ ਹੋ ਰਹੇ ਕਤਲਾਂ ਦੀਆਂ ਗੱਲਾਂ ਹਨ, ਉਹ ਬੇਸ਼ਕ ਕੋਰਟ ਹੈ ਜਾ ਡੀ. ਸੀ. ਦਫਤਰ, ਜਿਨ੍ਹਾਂ ਚਿਰ ਇਸ ਗੱਲ ਦੀ ਪੜਤਾਲ ਨਹੀਂ ਕਰ ਲੈਂਦੇ ਕਿ ਵਾਕਿਆ ਹੀ ਇਹ ਵਿਆਹ, ਪਿਆਰ ਦੀ ਉਪਜ ਹੈ ਜਾਂ ਸਿਰਫ ਕਿਸੇ ਬਾਪ ਦੀ ਪੱਗ ਰੋਲਣ ਲਈ ਹੀ ਇਕ ‘ਢੋਂਗ’ ਰਚਾਇਆ ਜਾ ਰਿਹਾ ਹੈ। ਉਨ੍ਹਾਂ ਚਿਰ ਤੱਕ ਕਿਸੇ ਨੂੰ ਸਰਕਾਰੀ ਸ਼ਹਿ ਨਾ ਦੇਣ, ਸਿਰਫ਼ ਮਾਪਿਆ ਨੂੰ ਦਿੱਤੀਆਂ ਤਸੱਲੀਆਂ ਨਾਲ ਕੁਝ ਨਹੀਂ ਬਣਦਾ ਜਦੋਂ ਤੱਕ ਪੂਰੇ ਸਮਾਜ ਨੂੰ ਜਾਗਰੂਕ ਨਹੀਂ ਕਰ ਲਿਆ ਜਾਂਦਾ, ਕਿਉਂਕਿ ਕਾਨੂੰਨ ਤਾਂ ਅਸੀਂ ਬਾਹਰਲੇ ਮੁਲਕਾਂ ਵਾਲੇ ਲਾਗੂ ਕਰੀ ਜਾ ਰਹੇ ਹਾਂ ਕੀ ਇਥੇ ਬਾਹਰਲੇ ਮੁਲਕਾਂ ਵਰਗਾ ਮਹੌਲ ਹੈ? ਬੇਸ਼ਕ ਸੁਪਰੀਮ ਕੋਰਟ ਨੇ ਪੰਜਾਬ, ਰਾਜਸਥਾਨ, ਹਰਿਆਣਾ, ਯੂ.ਪੀ., ਤਾਮਿਲਨਾਡੂ ਤੇ ਦਿੱਲੀ ਸਮੇਤ 9 ਰਾਜਾਂ ਨੂੰ ਆਦੇਸ਼ ਭੇਜਿਆ ਹੈ ਅਤੇ ਅਣਖ ਖਾਤਰ ਹੋ ਰਹੇ ਕਤਲਾਂ ਨੂੰ ਰੋਕਣ ਲਈ ਕੀਤੇ ਉਪਰਾਲਿਆਂ ਬਾਰੇ ਪੁੱਛਿਆ ਹੈ। ਕੀ ਮਾਣਯੋਗ ਸੁਪਰੀਮ ਕੋਰਟ ਨੂੰ ਘਰੋਂ ਭੱਜ ਗਏ ਮੁੰਡੇ-ਕੁੜੀਆਂ ਦਾ ਹੇਜ ਬਹੁਤਾ ਹੈ? ਇਸ ਤੋਂ ਇਲਾਵਾ ਹੋਰ ਵੀ ਕਈ ਮਸਲੇ ਹਨ, ਜਿਨ੍ਹਾਂ ਲਈ ਬਹੁਤ ਕੁਝ ਕਰਨਾ ਬਣਦਾ ਹੈ। ਪੰਜਾਬ ਵਿਚ ਪਰਾਲੀ ਦਾ ਧੂੰਆਂ, ਦੀਵਾਲੀ ਵੇਲੇ ਪਟਾਕਿਆਂ ਦਾ ਧੂੰਆਂ ਦਿਨੋ-ਦਿਨ ਖਰਾਬ ਹੋ ਰਹੇ ਵਾਤਾਵਰਣ, ਖਾਣ-ਪੀਣ ਦੀਆਂ ਚੀਜ਼ਾਂ ਵਿੱਚ ਮਿਲਾਵਟ, ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸੁਪਰੀਮ ਕੋਰਟ ਦੇ ਜੱਜ ਸਖ਼ਤੀ ਕਿਉਂ ਨਹੀਂ ਕਰਦੇ। ਅੱਜ ਦੀ ਜਵਾਨੀ ਤਾਂ ਪਹਿਲਾਂ ਹੀ ਮਾਣ ਨਹੀਂ, ਅਜਿਹੇ ਕਾਨੂੰਨ ਪਾਸ ਕਰਕੇ, ਬੇਰੁਜ਼ਗਾਰ ਜਵਾਨੀ ਨੂੰ ਕਿਹੜੇ ਪਾਸੇ ਲਿਜਾਇਆ ਜਾ ਰਿਹਾ ਹੈ। ਜਦੋਂ ਛੇ ਹਫਤਿਆਂ ਤੋਂ ਪਿਛੋਂ ਸਰਕਾਰ ਦੇ ਜਵਾਈ ਸਮਾਜ ’ਚ ਵਿਚਰਣਗੇ, ਕੀ ਸਮਾਜ ਉਨ੍ਹਾਂ ਨੂੰ ਅਤੇ ਉਹਨਾਂ ਦੇ ਮਾਪਿਆਂ ਖਾਸ ਕਰਕੇ ਕੁੜੀ ਦੇ ਮਾਪਿਆਂ ਨਾਲ ਸਾਂਝ ਦੀਆਂ ਤੰਦਾਂ ਹੋਰ ਮਜ਼ਬੂਤ ਕਰੇਗਾ। ਜਿਨ੍ਹਾਂ ਨੇ ਆਪਣੇ ਹੋਰ ਧੀਆਂ-ਪੁੱਤਾਂ ਦੇ ਸਾਹੇ ਬੰਨਣੇ ਹਨ। ਇੱਕ ਬਾਰ ਫੇਰ ਮਾਣਯੋਗ ਸੁਮਰੀਮ ਕੋਰਟ ਨੂੰ ਇਸ ਮੁੱਦੇ ’ਤੇ ਵਿਚਾਰ ਕਰਨੀ ਚਾਹੀਦੀ ਹੈ।

ਪੰਜਾਬ ਸਰਕਾਰ ਨੇ ਪੁਲਿਸ ਕਮਿਸ਼ਨਰਾਂ ਜਾਂ ਐਸ. ਐਸ. ਪੀ. ਨੂੰ ਜੋੜਿਆਂ ਦੇ ਮਾਪਿਆਂ, ਪਰਿਵਾਰ ਤੇ ਰਿਸ਼ਤੇਦਾਰਾਂ ਨੂੰ ਸਮਝਾਉਣ ਲਈ ਤੇ ਵਿਚੋਲਗੀ ਕਰਨ ਲਈ ਕੌਂਸਲਿੰਗ ਕੇਂਦਰ ਸਥਾਪਿਤ ਕਰਨ ਲਈ ਕਿਹਾ ਹੈ। ਇਸੇ ਤਹਿਤ ਪਿੰਡਾਂ ਦੀਆਂ ਪੰਚਾਇਤਾਂ ’ਚ ਵਿਸ਼ੇਸ਼ ਸੈਲ ਕਾਇਮ ਕੀਤੇ ਜਾਣ ਦੀ ਵਿਵਸਥਾ ਵੀ ਕੀਤੀ ਜਾ ਰਹੀ ਹੈ। ਹਲਫਨਾਮੇ ਤਹਿਤ ਸਜ ਵਿਆਹੇ ਮੁੰਡਿਆਂ ਵਿਰੁਧ ਬਲਾਤਕਾਰ ਜਾਂ ਅਗਵਾ ਦੇ ਕੇਸ ਦਰਜ ਕੀਤੇ ਜਾਣ ਸੰਬੰਧੀ ਵੀ ਪੁਲਿਸ ਨੂੰ ਚੇਤਾਵਨੀ ਦਿਤੀ ਗਈ ਹੈ। ਸਰਕਾਰ ਨੇ ਕਿਹਾ ਹੈ ਕਿ ਬਾਲਗ ਹੋ ਚੁੱਕੇ ਵਿਆਹੇ ਜੋੜਿਆਂ ਚੋਂ ਲੜਕਿਆਂ ਤੇ ਆਈ.ਪੀ.ਸੀ. ਦੇ ਸੈਕਸ਼ਨ 363/366/376 ਅਧੀਨ ਕੇਸ ਦਰਜ ਨਹੀਂ ਕੀਤੇ ਜਾਣੇ ਚਾਹੀਦੇ । ਇਹੀ ਨਹੀਂ ਜੋੜਿਆਂ ਨੂੰ ਵੱਖ ਕਰਨ ਵਾਲੇ ਮਾਪਿਆਂ ਦੀ ਵੀ ਝਾੜ ਝੰਬ ਕਰਨ ਲਈ ਕਿਹਾ ਗਿਆ ਹੈ। ਕਹਿਣ ਦਾ ਭਾਵ ਇਹ ਹੈ ਕਿ ਮਾਪੇ ਆਪਣੀਆਂ ਕੁੜੀਆਂ ਨੂੰ ਭੜੋਲਿਆਂ ’ਚ ਪਾ ਕੇ ਰੱਖ ਲੈਣ, ਕਿਸੇ ਦੀ ਧੀ ਨੂੰ ਦੋ ਰਾਤਾਂ ਆਪਣੇ ਕੋਲ ਰੱਖਕੇ ਮੁੰਡਾ ਛੱਡ ਦੇਵੇ, ਤੇ ਪ੍ਰੀਵਾਰ ਵਾਲੇ ਪੁਲਿਸ ਤੇ ਗ੍ਰਹਿ ਵਿਭਾਗ ਦੇ ਮੂੰਹ ਵੱਲ ਵੇਖਦੇ ਰਹਿਣ। ਪੰਜਾਬ ਦੇ ਲੋਕਾਂ ਨੂੰ ਅਜਿਹਾ ਕਾਨੂੰਨ ਕਦੇ ਵੀ ਪਸੰਦ ਨਹੀ ਹੋ ਸਕਦਾ।

****

No comments: