ਵੀਰ ਦਿਲਜੀਤ ਗੁਰੂ ਫਤਿਹ ਪ੍ਰਵਾਨ ਹੋਵੇ।
ਵੀਰ ਜੀ, ਜਿਹੜੇ ਗਾਇਕ ਹੁੰਦੇ ਹਨ, ਉਹ ਸੱਭਿਆਚਾਰ ਦਾ ਸੀਸ਼ਾ ਹੁੰਦੇ ਹਨ। ਕਹਿੰਦੇ ਹਨ ਕਿ ਜਦੋਂ ਸੀਸ਼ਾ ਮੈਲਾ ਹੋ ਜਾਵੇ ਤਾਂ ਤਸਵੀਰ ਆਪਣੇ ਆਪ ਮੈਲੀ ਹੋ ਜਾਂਦੀ ਹੈ। ਜਦੋਂ ਤਸਵੀਰ ਮੈਲੀ ਹੋ ਜਾਂਦੀ ਹੈ, ਫੇਰ ਸੀਸ਼ਾ ਧੁੰਧਲਾ ਦਿਸਦਾ ਹੈ। ਧੁੰਧਲੇ ਸੀਸ਼ੇ ਵਿਚ ਤੁਸੀਂ ਚਿਹਰਾ ਸਾਫ਼ ਨਹੀਂ ਵੇਖ ਸਕਦੇ ਅਤੇ ਧੁੰਦਲੀ ਤਸਵੀਰ ਕਦੇ ਭਵਿੱਖ ਨਹੀ ਸਿਰਜਦੀ । ਭਵਿੱਖ ਸਿਰਜੇ ਬਿਨਾਂ ਸੱਭਿਆਚਾਰ ਮਿਟ ਜਾਂਦੇ ਨੇ । ਸੱਭਿਆਚਾਰ ਨੂੰ ਜਿਉਂਦਾ ਰੱਖਣ ਵਾਸਤੇ ਕਲਾਕਾਰ ਇਕ ਅਹਿਮ ਰੋਲ ਅਦਾ ਕਰਦੇ ਹਨ। ਜਿਹੜੇ ਕੱਪੜੇ ਕਲਾਕਾਰ ਪਾਉਂਦੇ ਹਨ, ਉਹ ਲੋਕਾਂ ਲਈ ਫੈਸ਼ਨ ਹੋ ਨਿਬੜਦਾ ਹੈ। ਜਿਹੜੀ ਬੋਲੀ ਵਿਚ ਕਲਾਕਾਰ ਗਾਉਂਦੇ ਹਨ, ਉਹ ਬੋਲੀ ਸਾਹਿਤਕ ਹੋ ਜਾਂਦੀ ਹੈ। ਉਸਤਾਦ ਸਵ. ਕੁਲਦੀਪ ਮਾਣਕ ਸਾਹਿਬ ਅੱਜ ਬੇਸ਼ੱਕ ਇਸ ਦੁਨੀਆਂ ‘ਤੇ ਨਹੀਂ ਰਹੇ, ਪਰ ਉਹਨਾਂ ਦੁਆਰਾ ਗਾਏ ਗਏ ਗੀਤ ਅੱਜ ਵੀ ਹਰ ਘਰ ਦੀ ਦਹਲੀਜ਼ ਦਾ ਸਿ਼ੰਗਾਰ ਹਨ । ਅੱਜ ਵੀ ਪਿੰਡਾ ਦੀਆਂ ਸੱਥਾਂ ਵਿੱਚ ਉਹਨਾਂ ਦੇ ਗੀਤਾਂ ਦੀ ਚਰਚਾ ਹੈ। ਸਵ.ਦਿਲਸ਼ਾਦ ਅਖਤਰ ਨੂੰ ਅੱਜ ਵੀ ਲੋਕ ਉਹਨਾਂ ਦੀ ਸਾਫ਼ ਸੁਥਰੀ ਗਾਇਕੀ ਲਈ ਯਾਦ ਕਰਦੇ ਹਨ। ਮੁਹੰਮਦ ਸਦੀਕ ਸਾਹਿਬ ਅਤੇ ਰਣਜੀਤ ਕੌਰ ਦੇ ਸਦਾ-ਬਹਾਰ ਦੋਗਾਣੇ ਅੱਜ ਵੀ ਲੋਕ ਫਰਮਾਇਸ਼ਾਂ ਕਰਕੇ ਸੁਣਦੇ ਹਨ। ਸਵ. ਉਸਤਾਦ ਲਾਲ ਚੰਦ ਯਮਲਾ ਜੱਟ ਹੋਰਾਂ ਦੀਆਂ ਅੱਜ ਵੀ ਉਤਨੀਆਂ ਹੀ ਕੈਸਟਾਂ ਮਾਰਕਿਟ ਵਿਚ ਵਿਕਦੀਆਂ ਹਨ, ਜਿੰਨੀਆਂ ਉਹਨਾਂ ਦੇ ਜਿਉਂਦਿਆਂ ਤੋਂ ਵਿਕਦੀਆਂ ਸਨ। ਪੰਜਾਬੀਆਂ ਦੇ ਮਾਣ ਗੁਰਦਾਸ ਮਾਨ ਸਾਹਿਬ ਨੂੰ ਸੁਣਨ ਵਾਸਤੇ ਲੋਕ ਵਹੀਰਾਂ ਘੱਤ ਟਿਕਟਾਂ ਖ਼ਰਚ ਮੀਲਾਂ ਦਾ ਪੈਂਡਾ ਤਹਿ ਕਰਕੇ ਅੱਜ ਵੀ ਪਹੁੰਚਦੇ ਹਨ ਅਤੇ ਹਰ ਕੋਈ ਪਿੱਠ ਪਿੱਛੇ ਇਹਨਾਂ ਕਲਾਕਾਰਾਂ ਦੀ ਸ਼ੋਭਾ ਕਰਦਾ ਹੈ। ਹੋਰ ਵੀ ਅਨੇਕਾਂ ਕਲਾਕਾਰ ਹਨ, ਜਿੰਨ੍ਹਾਂ ਵਿਚ ਗਿੱਲ ਹਰਦੀਪ , ਬੱਬੂ ਗੁਰਪਾਲ, ਰਵਿੰਦਰ ਗਰੇਵਾਲ, ਗੋਰਾ ਚੱਕ ਵਾਲਾ, ਸਤਿੰਦਰ ਸਰਤਾਜ, ਗੁਲਾਮ ਜੁਗਨੀ, ਬੱਬੂ ਮਾਨ ਆਦਿ ਸ਼ਾਮਲ ਹਨ। ਇਹਨਾਂ ਨੇ ਪੰਜਾਬੀ ਮਾਂ ਬੋਲੀ ਦੇ ਮਿਸ਼ਰੀ ਘੁਲੇ ਬੋਲਾਂ ਨੂੰ ਆਪਣੀ ਜੁਬਾਨੀ ਗਾਇਆ। ਇਹ ਕਲਾਕਾਰ ਕਿਉਂ ਮਕਬੂਲ ਹਨ ? ਕਿੳਂੁਕਿ ਇਹਨਾਂ ਕਲਾਕਾਰਾਂ ਨੇ ਆਮ ਲੋਕਾਂ ਦੇ ਅਸਲੀ ਜੀਵਨ ਨੂੰ ਹੰਢਾਇਆ ਅਤੇ ਲੋਕਾਂ ਦੇ ਅਮਲੀ ਸੱਚ ਨੂੰ ਗਾਇਆ। ਜਦੋਂ ਅਸੀਂ ਝੂਠੀ ਚਕਾਚੌਂਧ ਵਿਚ ਆਪਣੀ ਜਿੰਦਗੀ ਦੀਆਂ ਸੱਚੀਆਂ ਕਦਰਾਂ ਕੀਮਤਾਂ ਨੂੰ ਭੁੱਲ ਕੇ ਸਿਰਫ਼ ਪੈਸੇ ਨੂੰ ਮੁੱਖ ਰੱਖ ਕੇ ਜਿੰਦਗੀ ਦੇ ਸਹੀ ਰਾਹ ਤੋਂ ਭਟਕ ਜਾਂਦੇ ਹਾਂ, ਤਾਂ ਫਿਰ ਦੋ ਦਿਨ ਦੀ ਚਾਨਣੀ ਫੇਰ ਅੰਧੇਰੀ ਰਾਤ ਵਾਲੀ ਗੱਲ ਹੋ ਜਾਂਦੀ ਹੈ।
ਵੀਰ ਦਲਜੀਤ ! ਪੈਸਾ ਕੰਜਰਾਂ ਕੋਲ ਵੀ ਬਥੇਰਾ ਹੈ, ਪਰ ਪੈਸਾ ਹਰ ਇਕ ਚੀਜ਼ ਨਹੀਂ ਹੁੰਦਾ। ਪੈਸੇ ਦੇ ਨਾਲ ਇੱਜ਼ਤ ਸਭ ਤੋਂ ਵੱਧ ਜ਼ਰੂਰੀ ਚੀਜ਼ ਹੈ । ਤੁਹਾਡੇ ਮਾਮਾ ਜੀ ਸੁਰਿੰਦਰ ਸੋਢੀ ਸਾਹਿਬ ਨੇ ਗੁਰੂ ਦੀ ਬਾਣੀ ਦਾ ਕੀਰਤਨ ਕਰਕੇ ਦੁਨੀਆਂ ਵਿਚ ਬਥੇਰਾ ਜਸ ਖੱਟਿਆ, ਪਰ ਜਿਸ ਤਰੀਕੇ ਨਾਲ ਤੁਸੀਂ ਪੰਜਾਬੀ ਗਾਇਕੀ ਵਿਚ ਪ੍ਰਵੇਸ਼ ਕੀਤਾ, ਤੁਸੀਂ ਪਹਿਲੇ ਦਿਨ ਤੋਂ ਹੀ ਬਦਨਾਮੀ ਖੱਟੀ ਹੈ । ਕਦੇ ਪੱਗ ਬੰਨ੍ਹ ਕੇ ਸਿਗਰਟ ਦੇ ਧੂੰਏ ਦੇ ਛੱਲਿਆਂ ਵਿਚ ਬੈਠ ਤੁਸੀਂ ਅੱਧ ਨੰਗੀਆਂ ਕੁੜੀਆਂ ਨਚਾਈਆਂ। ਕਦੇ ਆਪਣੀ ਫੁਕਰੀ ਮਾਰ ਗਰੀਬ ਜੱਟਾਂ ਦੀ ਦਿੱਖ ਖਰਾਬ ਕੀਤੀ। ਮੈਨੂੰ ਤਾਂ ਸਮਝ ਨਹੀਂ ਆਉਂਦੀ ਤੁਸੀਂ ਸਟੇਜਾਂ ਉੱਪਰ ਕਿਹੜੀ ਪੰਜਾਬੀਅਤ ਦੀ ਗੱਲ ਕਰਦੇ ਹੋ, ਅਤੇ ਕਿਉਂ ? ਤੁਸੀਂ ਕਦੇ ਪੰਜਾਬਣ ਦਾ ਲੱਕ ਪਰਖਿਆ ਤੇ ਕਦੇ ਉਹਦਾ ਭਾਰ ਆਪਣੀਆਂ ਨਜ਼ਰਾਂ ਨਾਲ ਤੋਲਿਆ । ਜਾਂ ਤਾਂ ਤੁਹਾਡੇ ਆਪਣੇ ਘਰ ਭੈਣ ਨਹੀਂ ਹੈ ਤੇ ਜਾਂ ਫੇਰ ਤੁਹਾਡੀਆਂ ਰਗਾਂ ਵਿਚ ਦੌੜ ਰਿਹਾ ਲਹੂ ਪੰਜਾਬੀ ਨਹੀਂ ਹੈ। ਤੁਸੀਂ ਇਹ ਗੀਤ ਗਾਇਆ “ਲੱਕ ਟਵੰਟੀ ਏਟ ਕੁੜੀ ਦਾ, ਫੋਰਟੀ ਸੈਵਨ ਵੇਟ ਕੁੜੀ ਦਾ”, ਮੈਨੂੰ ਤਾਂ ਅਜੇ ਤੱਕ ਇਹ ਸਮਝ ਹੀ ਨਹੀਂ ਆਈ ਕਿ ਇਹ ਗੀਤ ਗਾਉਣ ਦਾ ਤੇਰਾ ਮਕਸਦ ਕੀ ਸੀ? ਕੀ ਤੂੰ ਸਾਡੀਆਂ ਮੱਝਾਂ ਨਹਾਂਉਂਦੀਆਂ ਭੈਣਾਂ ਦੀਆਂ ਟੰਗੀਆਂ ਸਲਵਾਰਾਂ ਵਿਚੋਂ ਅੱਧਨੰਗੀਆਂ ਉਹਨਾਂ ਦੀਆਂ ਲੱਤਾਂ ਵੇਖ ਕੇ ਇਹ ਗੀਤ ਗਾਇਆ ? ਜਾਂ ਗਰੀਬ ਕੁੜੀ ਦੇ ਸਿਰ ਤੇ ਚੁੱਕੀ ਪੱਠਿਆਂ ਦੀ ਭਾਰੀ ਪੰਡ ਕਰਕੇ ਝੂਟੇ ਖਾਂਦੇ ਉਹਨਾਂ ਦੇ ਲੱਕ ਨੂੰ ਵੇਖ ਕੇ ਇਹ ਗੀਤ ਗਾਇਆ ? ਜੇ ਐਸਾ ਹੈ ਤਾਂ ਫਿਰ ਤੂੰ ਇਨਸਾਨ ਨਹੀ ਭੇੜੀਆ ਹੈਂ । ਸਾਡੇ ਅਮੀਰ ਪੰਜਾਬੀ ਸੱਭਿਆਚਾਰ ਵਿਚੋਂ ਤੈਨੂੰ ਅਸ਼ਲੀਲਤਾ ਝਲਕਦੀ ਹੈ ? ਤੈਨੂੰ ਗਰੀਬੀ ਨਾਲ ਜੂਝਦੀ ਪੰਜਾਬ ਦੀ ਜਵਾਨੀ ਵਿਚੋਂ ਮਿਹਨਤਾਨਾ ਨਜ਼ਰ ਨਹੀਂ ਆਇਆ । ਤੈਨੂੰ ਔਰਤ ਦਾ 28 ਇੰਚ ਲੱਕ ਤਾਂ ਦਿਸ ਗਿਆ ਪਰ ਔਰਤ ਦੇ ਸਿਰ ਉੱਪਰ ਰੱਖਿਆ ਗੋਹੇ ਦਾ ਟੋਕਰਾ ਨਹੀਂ ਦਿਸਿਆ। ਸ਼ਰਮ ਨਾਲ ਡੁੱਬ ਮਰਨਾ ਚਾਹੀਦਾ ਹੈ।
ਮੈਂ ਬਚਨ ਬੇਦਿਲ ਸਾਹਿਬ, ਜਿਹੜੇ ਇਸ ਗੀਤ ਦੇ ਲੇਖਕ ਹਨ, ਉਨ੍ਹਾਂ ਨੂੰ ਵੀ ਬੇਨਤੀ ਕਰਨੀ ਚਾਹਾਂਗਾ ਕਿ ਸਾਡੇ ਸੱਭਿਆਚਾਰ ਵਿਚ ਔਰਤ ਨੂੰ ਅਸ਼ਲੀਲ ਨਜ਼ਰਾਂ ਨਾਲ ਵੇਖਣ ਤੋਂ ਬਿਨਾਂ, ਹੋਰ ਵੀ ਬਥੇਰੇ ਰਿਸ਼ਤੇ ਹਨ, ਜਿਨ੍ਹਾਂ ਤੇ ਬਹੁਤ ਵਧੀਆ ਮਿਆਰੀ ਗੀਤ ਲਿਖੇ ਜਾ ਸਕਦੇ ਹਨ। ਵੈਸੇ ਤਾਂ ਮੈਨੂੰ ਪਤਾ ਹੈ ਕਿ ਇਸ਼ਕ ਮਜ਼ਾਜੀ ਗੀਤ ਤੁਸੀਂ ਰਣਜੀਤ ਮਣੀ ਨੂੰ ਵੀ 1990ਵਿਆਂ ਦੇ ਦਹਾਕੇ ਵਿਚ ਦੇ ਕੇ, ਇਕ ਵਾਰੀ ਕਾਫੀ ਅੱਗ ਮਚਾਈ ਸੀ । ਪਰ ਕਿੱਥੇ ਹਨ ਅੱਜ ਉਹ ਤੁਹਾਡੇ ਗੀਤ ਤੇ ਕਿਧਰ ਗਿਆ ਰਣਜੀਤ ਮਣੀ ? ਜਨਾਬ ਬੇਦਿਲ ਸਹਿਬ ! ਐਸੀਆਂ ਹੋਛੀਆਂ ਗੱਲਾਂ ਕਰਕੇ ਤੁਹਾਡੇ ਵਰਗੇ ਗੀਤਕਾਰਾਂ ਦੀ ਘਟੀਆ ਸੋਚਣੀ ਸਦਕੇ ਅੱਜ ਸਾਡੇ ਪੰਜਾਬ ਦੀ ਨੌਜੁਆਨ ਪ੍ਹੀੜੀ ਆਪਣੇ ਮਾਪਿਆਂ ਦੀ ਇੱਜ਼ਤ ਸਰੇਆਮ ਨਿਲਾਮ ਕਰ ਰਹੀ ਹੈ। ਜਿਹੜੇ ਗੀਤਾਂ ਵਿਚੋਂ ਪਰਿਵਾਰਿਕ ਸਾਂਝ ਅਤੇ ਪਵਿੱਤਰ ਰਿਸ਼ਤਿਆਂ ਦੀ ਮਹਿਕ ਆਉਂਦੀ ਹੋਵੇ, ਅਜਿਹੇ ਗੀਤ ਸਦਾ ਲਈ ਅਮਰ ਹੋ ਜਾਂਦੇ ਹਨ । ਉੱਘੇ ਲੇਖਕ ਸਵ. ਸੰਤ ਰਾਮ ਉਦਾਸੀ ਜਿਨ੍ਹਾਂ ਪੰਜਾਬ ਦੀ ਦਿਹਾੜੀਦਾਰ ਸ਼੍ਰੇਣੀ, ਜੋ ਸਦਾ ਹੰਡ ਭੰਨਵੀਂ ਮਿਹਨਤ ਕਰਕੇ ਆਪਣੇ ਪਰਿਵਾਰ ਦਾ ਢਿੱਡ ਭਰਨ ਲਈ ਜੇਠ ਹਾੜ ਦੀਆਂ ਧੁੱਪਾਂ ਵਿਚ ਸਾਰੀ ਸਾਰੀ ਦਿਹਾੜੀ ਖੜੀ ਲੱਤ ਰਹਿੰਦੇ ਹਨ, ਉਨ੍ਹਾਂ ਦੀ ਆਰਥਿਕ ਹਾਲਤ ਨੂੰ ਬਿਆਨ ਕਰਦਾ ਇਕ ਬਹੁਤ ਖੂਬਸੂਰਤ ਗੀਤ ਉਹਨਾਂ ਨੇ ਲਿਖਿਆ ਸੀ “ਤੂੰ ਮਘਦਾ ਰਹੀ ਵੇ ਸੂਰਜਾ ਕੰਮੀਆਂ ਦੇ ਵਿਹੜੇ” । ਅੱਜ ਵੀ ਇਹ ਗੀਤ ਲੋਕਾਂ ਦੀ ਜ਼ਬਾਨੀ ਆਮ ਸੁਣਿਆ ਜਾ ਸਕਦਾ ਹੈ, ਕਿਉਂਕਿ ਇਸ ਗੀਤ ਵਿਚੋਂ ਸਾਡੇ ਪੰਜਾਬੀਆਂ ਦੇ ਪਸੀਨੇ ਦੀ ਮਹਿਕ ਆਉਂਦੀ ਹੈ। ਬੇਦਿਲ ਸਹਿਬ ! ਤੁਸੀਂ ਵੀ ਅਗਰ ਲਿਖਣਾ ਹੈ, ਫਿਰ ਸਚਾਈ ‘ਤੇ ਪਹਿਰਾ ਦੇ ਕੇ ਕੁਝ ਇ0+ਨਕਲਾਬੀ ਲਿਖੋ । ਜਿਸ ਵਿਚੋਂ ਸਾਡੇ ਪੁਰਖਿਆਂ ਦੀ ਕਮਾਈ ਦੀ ਖੁਸ਼ਬੋ ਆਵੇ।
ਦਿਲਜੀਤ ! ਜਿਹੜੀ ਚੀਜ਼ ਦੀ ਸਿਫ਼ਤ ਕਰਨੀ ਬਣਦੀ ਹੈ, ਮੈਂ ਉਹਦੀ ਸਿਫ਼ਤ ਕਰਨੀ ਵੀ ਜ਼ਰੂਰੀ ਸਮਝਦਾ ਹਾਂ। ਪਿੱਛੇ ਜਿਹੇ ਇਕ ਪੰਜਾਬੀ ਫਿਲਮ ਸਿਨੇਮਾ ਘਰਾਂ ਦਾ ਸਿ਼ੰਗਾਰ ਬਣੀ ਜਿਹਦਾ ਨਾਮ ਸੀ, “ਜਿਹਨੇ ਮੇਰਾ ਦਿਲ ਲੁੱਟਿਆ” ਅਤੇ ਇਸ ਫਿਲਮ ਵਿਚ ਮੁੱਖ ਕਿਰਦਾਰ ਵੀ ਤੁਸੀਂ ਜਾਣੀ ਦਿਲਜੀਤ, ਗਿੱਪੀ ਗਰੇਵਾਲ ਅਤੇ ਨੀਰੂ ਬਾਜਵਾ ਨੇ ਨਿਭਾਇਆ ਸੀ। ਇਹ ਬੜੀ ਸਾਫ਼ ਸੁਥਰੀ ਫਿਲਮ ਤੁਸਾਂ ਪੰਜਾਬੀ ਸੱਭਿਆਚਾਰ ਦੀ ਝੋਲੀ ਪਾਈ ਅਤੇ ਲੋਕ ਅੱਜ ਵੀ ਇਸ ਫਿਲਮ ਦੀਆਂ ਗੱਲਾਂ ਕਰਦੇ ਨਹੀਂ ਥੱਕਦੇ। ਪਰ ਇਸਦੇ ਉਲਟ ਆਪਣੇ ਘੁਮੰਡੀ ਸੁਭਾ ਅਤੇ ਤੌਰ ਤਰੀਕਿਆਂ ਕਰਕੇ ਤੁਸੀਂ ਆਪਣੀ ਪਹਿਚਾਣ ਇਕ ਵਧੀਆ ਇਨਸਾਨ ਦੇ ਤੌਰ ਤੇ ਨਹੀਂ ਬਣਾ ਸਕੇ। ਲੋਕ ਤੁਹਾਨੂੰ ਫੁਕਰਾ ਦਿਲਜੀਤ ਕਹਿ ਕੇ ਹੀ ਪੁਕਾਰਦੇ ਹਨ। ਇੱਕ ਵਾਰ ਗੋਰਾ ਚੱਕ ਵਾਲਾ, ਤੁਸੀਂ, ਅੰਮ੍ਰਿਤਾ ਵਿਰਕ ਅਤੇ ਹੋਰ ਕਾਫ਼ੀ ਪੰਜਾਬੀ ਗਾਇਕ ਫਰਿਜ਼ਨੋ ਸ਼ੋਅ ਕਰਨ ਲਈ ਆਏ ਸਨ। ਕਲਾਕਾਰਾਂ ਦੇ ਸਨਮਾਨ ਲਈ ਰਾਤਰੀ ਭੋਜਨ ਸਮੇਂ ਉੱਥੇ ਮੌਜੂਦ ਪਤਵੰਤੇ ਸੱਜਣਾਂ ਦੀ ਬੇਨਤੀ ਨੂੰ ਮੁੱਖ ਰੱਖਕੇ ਸਾਰੇ ਕਲਾਕਾਰਾਂ ਨੇ ਆਪੋ ਆਪਣੇ ਤਰੀਕੇ ਨਾਲ਼ ਗੀਤ ਪੇਸ਼ ਕੀਤੇ, ਪਰ ਤੁਸੀਂ ਭਾਈ ਸਾਹਿਬ ! ਇਹ ਕਹਿਕੇ ਗਾਉਣ ਤੋ ਮਨ੍ਹਾਂ ਕਰ ਦਿੱਤਾ ਕਿ ਮੈਂ ਵੱਡੀ ਸਟੇਜ ਤੋਂ ਬਿਨਾਂ ਨਹੀਂ ਗਾਉਂਦਾ। ਦਲਜੀਤ ਵੀਰ ! ਜੇ ਦਿਲ ਵੱਡਾ ਹੋਵੇ ਫਿਰ ਛੋਟੀ ਵੱਡੀ ਸਟੇਜ ਨਹੀਂ ਪਰਖੀ ਜਾਂਦੀ । ਸਵ. ਮਾਣਕ ਸਾਹਿਬ ਰੂੜੀਆਂ ਤੇ ਖੜ੍ਹ ਕੇ ਗੂੰਜਾਂ ਪਵਾ ਦਿੰਦੇ ਸੀ। ਦੋਸਤ ! ਤੇਰੇ ਇੱਕ ਹੋਰ ਗੀਤ ਨੇ ਪੰਜਾਬੀਆਂ ਦੇ ਹਿਰਦੇ ਵਲੂੰਧਰੇ, ਜੀਹਦੇ ਵਿਚ ਤੂੰ ਅਣਖੀ ਪੰਜਾਬੀਆਂ ਦੀ 15 ਸਾਲ ਦੀ ਧੀ ਨੂੰ ਵੀ ਨਹੀਂ ਬਖਸਿ਼ਆ। ਤੈਨੂੰ ਪਤਾ ਹੋਣਾ ਚਾਹੀਦਾ ਕਿ ਪੰਦਰਾਂ ਸਾਲ ਦੀ ਬੱਚੀ ਨੂੰ ਤਾਂ ਚੱਜ ਨਾਲ ਆਪਣੇ ਆਪ ਦੀ ਸੁੱਧ ਬੁੱਧ ਵੀ ਨਹੀਂ ਹੁੰਦੀ । ਤੂੰ ਤਾਂ ਕੋਹੜਿਆ ਹੋਇਆ, ਉਹਨੂੰ ਵੀ ਆਪਣੇ ਗੀਤ ਰਾਹੀਂ ਇਸ਼ਕ ਦੀ ਵਿਯੋਗਣ ਬਣਾ ਵਿਖਾਇਆ। ਪੰਦਰਾਂ ਸਾਲ ਦੀ ਬੱਚੀ ਬਾਰੇ ਤੇਰੀ ਐਸੀ ਘਟੀਆ ਸੋਚ ? ਮੈਨੂੰ ਤਾਂ ਤੈਨੂੰ ਪੰਜਾਬੀ ਕਹਿੰਦੇ ਨੂੰ ਵੀ ਸ਼ਰਮ ਆਉਂਦੀ ਹੈ, ਯਾਰ। ਕੁਝ ਸਮਾਂ ਪਹਿਲਾਂ ਤੈਨੂੰ ਪ੍ਰਮਾਤਮਾ ਨੇ ਤੇਰੇ ਕੀਤੇ ਮਾੜੇ ਕੰਮਾਂ ਬਦਲੇ ਸਟੇਜ ਤੇ ਫੁਕਰੀ ਮਾਰਦੇ ਨੂੰ ਪੁੱਠਾ ਕਰਕੇ ਸੁਟਿਆ ਪਰ ਤੂੰ ਇਸ ਘਟਨਾ ਤੋਂ ਵੀ ਕੋਈ ਸਬਕ ਨਹੀਂ ਸਿੱਖਿਆ। ਸਗੋਂ ਲੋਕਾ ਦੇ ਪ੍ਰਤੀਕਰਮ ਦੇ ਉਲਟ ਫੇਸਬੁੱਕ ਤੇ ਪੀਰ ਸਾਜ ਹਰਮੋਨੀਅਮ ਲੈ ਕੇ ਲੋਕਾਂ ਨੂੰ ਭੈੜੀ ਸ਼ਬਦਾਵਲੀ ਵਰਤੀ। ਜਿਸ ਕਰਕੇ ਫੇਸਬੁੱਕ ਤੇ ਸ਼ਬਦੀ ਜੰਗ ਭੜਕੀ ਰਹੀ। ਸੋ, ਮੇਰਾ ਵੀਰ ! ਅਜੇ ਵੀ ਵੇਲਾ ਹੈ, ਕੁਝ ਅਕਲ ਤੋ ਕੰਮ ਲੈ ਅਤੇ ਤੇਰੇ ਵਰਗੇ ਫੁਕਰੇ ਗਾਇਕਾਂ ਦੇ ਗਾਏ ਲੱਚਰ ਗੀਤਾਂ ਕਰਕੇ ਪੰਜਾਬ ਦੀ ਸੁੱਚੀ ਮਾਲਾ, ਜੋ ਪਹਿਲਾਂ ਹੀ ਬਹੁਤ ਮੈਲੀ ਹੋ ਚੁੱਕੀ ਹੈੇ=। ਇਸ ਪੰਜਾਬ ਤੇ ਕੁਝ ਤਰਸ ਕਰੋ, ਜੇਕਰ ਇਸ ਮਾਲਾ ਵਿਚ ਕੋਈ ਮਣਕਾ ਜੜਨਾ ਚਾਹੁੰਦੇ ਹੋ ਤਾਂ ਸਾਡੇ ਵਿਰਸੇ, ਸੱਭਿਆਚਾਰ ਨਾਲ ਸੰਬੰਧਿਤ ਸੁੱਚੇ ਮੋਤੀਆਂ ਵਰਗੇ ਸਾਫ਼ ਸੁਥਰੇ ਗੀਤ ਪੰਜਾਬੀ ਮਾਂ ਬੋਲੀ ਦੀ ਝੋਲੀ ਪਾ ਕੇ ਜੜੋ, ਤਾਂ ਜੋ ਲੋਕ ਤੁਹਾਨੂੰ ਮਾਣਕ ਵਾਂਗੂ ਸਦਾ ਯਾਦ ਕਰਨ। ਚੰਗਾ ਰੱਬ ਰਾਖਾ...
****
1 comment:
sahi gal hai bai ji...ek lekh hor likho punjab diya kurhian de oh aapne pihrave te gaur krn,,aas krda han tusin jarur likhoge
aap da subhchintak
lovely dhurkot
nihal singh wala
moga
Post a Comment