ਜੇ ਚੌਂਕੇ ਦੀ ਗਲ ਕਰਦੇ ਹਾਂ ਤਾਂ ਆਪਣੇ ਆਪ ਹੀ ਧਿਆਨ ਪਿੱਛੇ ਨੂੰ ਮੁੜ ਜਾਂਦਾ ਹੈ, ਜਦੋਂ ਨਿੱਕੇ ਨਿੱਕੇ ਹੁੰਦੇ ਚੌਂਕੇ ਵਿੱਚ ਚੁੱਲੇ ਮੂਹਰੇ ਬਹਿ ਕੇ ਰੋਟੀ ਖਾਇਆ ਕਰਦੇ ਸਾਂ। ਜਦੋਂ ਸਕੂਲੋਂ ਪੜ੍ਹ ਕੇ ਆਉਣਾ ਤਾਂ ਆਉਂਦੇ ਸਾਰ ਹੀ ਸਿੱਧੇ ਚੌਂਕੇ ਵਿੱਚ ਬਹਿ ਕੇ ਰੋਟੀ ਖਾਣੀ। ਸਿਆਲ ਮਹੀਨੇ ਤਾਂ ਚੁੱਲੇ ਮੂਹਰੇ ਬਹਿ ਕੇ ਰੋਟੀ ਖਾਣ ਦਾ ਆਪਣਾ ਹੀ ਸਵਾਦ ਹੁੰਦਾ ਸੀ। ਮਾਂ ਨੇ ਮੱਕੀ ਦੀ ਗਰਮ ਗਰਮ ਰੋਟੀ ਪਕਾਈ ਜਾਣੀ, ਮੈਂ ਨਾਲ ਦੀ ਨਾਲ ਸਰੋਂ ਦੇ ਸਾਗ ਨਾਲ ਰੋਟੀ ਖਾਈ ਜਾਣੀ । ਚੁੱਲੇ ਮੂਹਰੇ ਬਹਿ ਕੇ ਤਾਂ ਲੂਣ ਲਾ ਕੇ ਖਾਧੀ ਰੋਟੀ ਵੀ ਆਪਣਾ ਇੱਕ ਅਨੋਖਾ ਹੀ ਸਵਾਦ ਰੱਖਦੀ ਸੀ । ਕਈ ਵਾਰ ਅਚਾਰ ਗੰਢੇ ਨਾਲ ਖਾਧੀ ਰੋਟੀ ਵੀ ਇੰਝ ਲੱਗਿਆ ਕਰਦੀ ਸੀ ਕਿ ਜਿਵੇਂ ਛੱਤੀ ਪ੍ਰਕਾਰ ਦੇ ਖਾਣੇ ਖਾਧੇ ਹੋਣ ਤੇ ਅੱਜ ਜਿ਼ੰਦਗੀ ਇੰਨੀ ਜਿ਼ਆਦਾ ਰੁਝੇਵਿਆਂ ਨਾਲ ਭਰ ਗਈ ਹੈ ਕਿ ਬੇਸ਼ੱਕ ਤੁਸੀਂ ਕੁਰਸੀ ਟੇਬਲ ਤੇ ਬਹਿ ਕੇ ਵੱਖ ਵੱਖ ਤਰਾਂ ਦੇ ਖਾਣੇ ਖਾਉ ਪਰ ਤੁਹਾਡਾ ਮਨ ਸ਼ਾਂਤ ਨਹੀਂ ਹੋ ਸਕਦਾ । ਤੁਸੀਂ ਰੋਟੀ ਨਾਲ ਆਪਣਾ ਪੇਟ ਤਾਂ ਭਰ ਸਕਦੇ ਹੋ ਪਰ ਆਪਣੇ ਮਨ ਨੂੰ ਤਸੱਲੀ ਨੀ ਦੇ ਸਕਦੇ ਜੋ ਤਸੱਲੀ ਕਦੇ ਚੌਂਕੇ ਵਿੱਚ ਬਹਿ ਕੇ ਆਇਆ ਕਰਦੀ ਸੀ। ਪਹਿਲਾਂ ਸਮਾਂ ਹੁੰਦਾ ਸੀ ਘਰ ਦੇ ਜੀਆਂ ਕੋਲ ਬਹਿਣ ਦਾ ਪਰ ਹੁਣ ਕਿਸੇ ਕੋਲ ਸਮਾਂ ਹੀ ਨਹੀਂ ਹੈ ਤਾਂ ਕੋਈ ਬੈਠੇਗਾ ਕਿਵੇਂ । ਬੱਚਿਆਂ ਨੇ ਸਕੂਲ ਤੋਂ ਘਰੇ ਆਕੇ ਆਪਣੇ ਸਕੂਲ ਦੇ ਕੰਮ ਨੂੰ ਕਰਨ ਤੋਂ ਬਾਅਦ ਸਿੱਧਾ ਕੰਪਿਊਟਰ ਵਲ ਜਾਣਾ ਹੁੰਦਾ ਹੈ ਤੇ ਉੱਥੋਂ ਫਿਰ ਰਾਤ ਦੀ ਰੋਟੀ ਸਮੇਂ ਹੀ ਬੱਚੇ ਨਿੱਕਲਦੇ ਹਨ ਤੇ ਫਿਰ ਸਿੱਧੇ ਬਿਸਤਰੇ ਵੱਲ ਨੂੰ ਮੂੰਹ ਕਰਦੇ ਹਨ । ਨਾ ਮਾਂ ਬਾਪ ਕੋਲ ਬੱਚਿਆਂ ਲਈ ਸਮਾਂ ਹੈ ਤੇ ਨਾ ਹੀ ਬੱਚਿਆਂ ਕੋਲ ਮਾਂ ਬਾਪ ਲਈ । ਜਿੰਦਗੀ ਇੱਕ ਮਸ਼ੀਨ ਤੋਂ ਜਿਆਦਾ ਤੇਜ਼ ਹੈ।
ਆਮ ਪੰਜਾਬੀ ਘਰਾਂ ਵਿੱਚ ਚੁੱਲਾ ਚੌਂਕਾ ਸਾਂਭਣ ਦਾ ਕੰਮ ਔਰਤਾਂ ਕਰਿਆ ਕਰਦੀਆਂ ਸਨ ਤੇ ਮਰਦ ਬਾਹਰ ਖੇਤਾਂ ਦਾ ਕੰਮ ਕਰਿਆ ਕਰਦੇ ਸਨ ਇਸੇ ਕਰਕੇ ਇਹ ਕਹਾਵਤ ਵੀ ਬੜੀ ਮਸ਼ਹੂਰ ਹੁੰਦੀ ਸੀ ਕਿ ‘ਬਾਹਰ ਬੰਦਿਆ ਨਾਲ ਤੇ ਘਰ ਬੁੜੀਆਂ ਨਾਲ’। ਹੁਣ ਤਾਂ ਗੈਸ ਸਿਲੰਡਰ ਆਉਣ ਕਰਕੇ ਚੁੱਲੇ ਵੀ ਗੈਸ ਵਾਲੇ ਆ ਗਏ ਤੇ ਚੌਂਕਾ ਚੁੱਲਾ ਪੰਜਾਬੀ ਜੀਵਨ ਵਿੱਚੋਂ ਇੱਕ ਤਰਾਂ ਨਾਲ ਗਾਇਬ ਹੀ ਹੋ ਗਿਆ ਹੈ । ਪਰ ਕਦੇ ਹਰ ਘਰ ਵਿੱਚ ਘਰ ਦੀ ਨੁੱਕਰੇ ਇੱਕ ਸਵਾਤ ਹੁੰਦੀ ਸੀ ਉਸਦੇ ਮੂਹਰੇ ਇੱਕ ਚੌਂਕਾ ਬਣਿਆ ਹੁੰਦਾ ਸੀ। ਜਿਸ ਦੀਆਂ ਕੰਧਾਂ ਮਿੱਟੀ ਦੀਆਂ ਹੁੰਦੀਆਂ ਸਨ ਅਤੇ ਕੰਧਾਂ ਵਿੱਚ ਮੋਰੀਆਂ ਕੱਢੀਆਂ ਹੁੰਦੀਆਂ ਸਨ ਤੇ ਕਈ ਪ੍ਰਕਾਰ ਦੇ ਵੇਲ ਬੂਟੇ ਵੀ ਪਾਏ ਹੁੰਦੇ ਸਨ । ਸੁਆਣੀਆਂ ਚੌਂਕੇ ਨੂੰ ਬੜੀ ਰੀਝ ਨਾਲ ਲਿੱਪ ਪੋਚ ਕੇ ਸਿ਼ੰਗਾਰ ਕੇ ਰੱਖਿਆ ਕਰਦੀਆਂ ਸਨ । ਕਿਸੇ ਸੁਆਣੀ ਦੇ ਸੁਚੱਜੇ ਪਣ ਦਾ ਉਸਦੇ ਚੌਂਕੇ ਵਿੱਚ ਵੀ ਹਿਸਾਬ ਲਗਾਇਆ ਜਾ ਸਕਦਾ ਸੀ । ਸਵੇਰ ਨੂੰ ਸਾਜਰੇ ਹੀ ਸੁਆਣੀਆਂ ਦੁੱਧ ‘ਚ ਮਧਾਣੀ ਪਾ ਕੇ ਚੌਂਕੇ ਵਿੱਚ ਰਿੜਕਿਆ ਕਰਦੀਆਂ ਸਨ ਤੇ ਨਾਲ ਨਾਲ ਮਿੱਠੀ ਗੁਰਬਾਣੀ ਦਾ ਪਾਠ ਵੀ ਕਰਿਆ ਕਰਦੀਆਂ ਸਨ । ਜਦ ਸਜ ਵਿਆਹੀਆਂ ਸਹੁਰੇ ਘਰ ਚੌਂਕੇ ਵਿੱਚ ਬਹਿ ਕੇ ਦੁੱਧ ਰਿੜਕਿਆ ਕਰਦੀਆਂ ਸਨ ਤਾਂ ਵੰਗਾਂ ਦੀ ਛਣ ਛਣ ਨੇੜਲੇ ਸਾਰੇ ਘਰਾਂ ਵਿੱਚ ਸੁਣੀ ਜਾ ਸਕਦੀ ਸੀ।
ਚੌਂਕੇ ਵਿੱਚ ਇੱਕ ਪਾਸੇ ਮਿੱਟੀ ਦਾ ਚੁੱਲਾ ਬਣਿਆ ਹੁੰਦਾ ਸੀ ਨਾਲ ਹੀ ਲੋਹ ਹੁੰਦੀ ਸੀ ਜਿਸ ਤੇ ਰੋਟੀਆਂ ਪਕਾਈਆਂ ਜਾਂਦੀਆਂ ਸਨ। ਚੌਂਕੇ ਦੀ ਕੰਧ ਦੇ ਇੱਕ ਪਾਸੇ ਸਿਰੇ ਤੇ ਭੜੋਲੀ (ਖਾਰਾ) ਹੁੰਦੀ ਸੀ ਜਿਸ ਵਿੱਚ ਦੁੱਧ ਕਾੜ੍ਹਿਆ ਜਾਂਦਾ ਸੀ । ਚੁੱਲੇ ਤੇ ਸੁਆਣੀਆਂ ਦਾਲ ਸਬਜ਼ੀ ਜਾਂ ਦੁੱਧ ਆਦਿ ਗਰਮ ਕੀਤਾ ਜਾਂਦਾ ਸੀ। ਹੋਰ ਵੀ ਕਈ ਕੁਝ ਚੁੱਲੇ ਤੇ ਪਕਾਇਆ ਜਾਂਦਾ ਸੀ। ਇਨਾਂ ਮਿੱਟੀ ਦੇ ਚੁੱਲਿਆਂ ਨੂੰ ਸੁਆਣੀਆਂ ਚੀਕਣੀ ਮਿੱਟੀ ਦੇ ਪੋਚੇ ਨਾਲ ਲਿੱਪ ਕੇ ਅਤੇ ਇਸ ਉੱਤੇ ਰੰਗਦਾਰ ਬੂਟੇ ਪਾਇਆ ਕਰਦੀਆਂ ਸਨ। ਚੁੱਲੇ ਵਿੱਚ ਸੁਆਣੀਆਂ ਜਿੱਥੇ ਲੱਕੜ ਡਾਹ ਕੇ ਅੱਗ ਬਾਲਿਆ ਕਰਦੀਆਂ ਸਨ ਇਸ ਨਾਲ ਗੋਹੇ ਦੀਆਂ ਪਾਥੀਆਂ ਵੀ ਬਾਲਿਆ ਕਰਦੀਆਂ ਸਨ । ਪਾਥੀਆਂ ਦੀ ਰੇਣੀ ਲਾ ਕੇ ਮੱਠੀ ਮੱਠੀ ਅੱਗ ਨਾਲ ਚੁੱਲੇ ਉੱਤੇ ਸੁਆਣੀਆਂ ਮੋਠਾਂ ਦੀ ਦਾਲ ਜਾਂ ਸਾਗ ਆਦਿ ਬਣਾਇਆ ਕਰਦੀਆਂ ਸਨ। ਚੁੱਲੇ ਦਾ ਪੰਜਾਬੀ ਲੋਕ ਜੀਵਨ ਨਾਲ ਵੀ ਬੜਾ ਨੇੜਲਾ ਰਿਸ਼ਤਾ ਰਿਹਾ ਹੈ ਜਿਵੇਂ ਕਿਸੇ ਔਰਤਾਂ ਵਾਲੇ ਘਰ ਦੀ ਗੱਲ ਕੋਈ ਛੜਾ ਬੰਦਾ ਇੰਝ ਕਰਦਾ ਹੈ ਕਿ ਛੜਾ ਬੰਦਾ ਵਿਚਾਰਾ ਚੁੱਲੇ ਅੱਗ ਬਾਲਣ ਵੇਲੇ ਵੀ ਫੂਕਾਂ ਮਾਰ ਮਾਰ ਕੇ ਧੂੰਏ ਨਾਲ ਆਪਣੀਆਂ ਅੱਖਾਂ ਚੁੰਦਿਆ ਲੈਂਦਾ ਸੀ ਤੇ ਵਿਆਹੇ ਵਰੇ ਬੰਦੇ ਟੌਹਰ ਨਾਲ ਬਹਿ ਕੇ ਪੱਕੀ ਪਕਾਈ ਰੋਟੀ ਖਾਇਆ ਕਰਦੇ ਸਨ ।
ਰੰਨਾਂ ਵਾਲਿਆਂ ਦੇ ਪੱਕਦੇ ਪਰਾਉਂਠੇ
ਛੜਿਆਂ ਦੀ ਅੱਗ ਨਾ ਬਲੇ
ਚੁੱਲੇ ਤੇ ਕੁਝ ਬੁਝਾਰਤਾਂ ਵੀ ਪਾਈਆਂ ਜਾਂਦੀਆਂ ਸਨ ਜੋ ਚੁੱਲੇ ਦੀ ਭੂਮਿਕਾ ਨੂੰ ਦਰਸਾਉਂਦੀਆਂ ਹਨ ਕਿ ਚੁੱਲਾ ਪੰਜਾਬੀ ਜੀਵਨ ਦੇ ਬਹੁਤ ਨੇੜੇ ਹੁੰਦਾ ਸੀ ਤਾਂਹੀ ਤਾਂ ਰਾਤ ਵੇਲੇ ਬੱਚੇ ਆਪਣੇ ਦਾਦੀ ਦਾਦੇ ਕੋਲੋਂ ਬਾਤਾਂ ਤੇ ਬੁਝਾਰਤਾਂ ਸੁਣਿਆ ਕਰਦੇ ਸਨ
ਚੁੱਲ੍ਹੇ, ਭੇਡ ਫੁੱਲੇ (ਚੁੱਲਾ)
ਮਿੱਟੀ ਦਾ ਘੋੜਾ ਲੋਹੇ ਦੀ ਲਗਾਮ
ਉੱਤੇ ਬੈਠਾ ਗੁਦਗੁਦਾ ਪਠਾਣ
ਜਾਂ
ਮਿੱਟੀ ਦਾ ਘੋੜਾ, ਲੋਹੇ ਦੀ ਕਾਠੀ
ਉੱਤੇ ਚੜ ਬੈਠੀ ਮੇਰੀ ਕਾਕੋ ਮੋਟੀ
(ਚੁੱਲਾ,ਤਵਾ,ਰੋਟੀ)
ਦੁੱਧ ਕਾੜਨ ਵਾਲਾ ਹਾਰਾ ਜਿਸ ਨੂੰ ਦੁਆਬੇ ਕੁਝ ਇਲਾਕੇ ਵਿੱਚ ਭੜੋਲੀ ਵੀ ਕਿਹਾ ਜਾਂਦਾ ਹੈ ਜਦੋਂ ਕਿ ਪਿਛਲੇ ਸਮੇਂ ਵਿੱਚ ਕਣਕ ਪਾਉਣ ਵਾਲੇ ਢੋਲ ਨੂੰ ਵੀ ਭੜੋਲਾ ਕਿਹਾ ਜਾਂਦਾ ਸੀ। ਸੋ ਇਹ ਹਾਰਾ ਆਮ ਕਰਕੇ ਚੌਂਕੇ ਦੇ ਇੱਕ ਖੂੰਜੇ ਵਿੱਚ ਕੰਧ ਨਾਲ ਜੋੜ ਕੇ ਬਣਾਇਆ ਜਾਂਦਾ ਸੀ । ਇਸ ਵਿੱਚ ਪਾਥੀਆਂ ਨਾਲ ਅੱਗ ਧੁਖਾਈ ਜਾਂਦੀ ਸੀ ਤੇ ਉੱਪਰ ਕੱਚਾ ਦੁੱਧ ਕਾੜਨੇ ਵਿੱਚ ਪਾਕੇ ਕੜਨ ਲਈ ਰੱਖਿਆ ਜਾਂਦਾ ਸੀ ਜੋ ਕਈ ਘੰਟੇ ਕੜਦਾ ਰਹਿੰਦਾ ਸੀ ਤੇ ਇਸ ਕਾੜੇ ਹੋਏ ਦੁੱਧ ਦੀ ਮਲਾਈ ਖਾਣ ਦਾ ਵੀ ਆਪਣਾ ਹੀ ਸਵਾਦ ਹੋਇਆ ਕਰਦਾ ਸੀ । ਇਸੇ ਹੀ ਕੜ੍ਹੇ ਹੋਏ ਦੁੱਧ ਨੂੰ ਸਵੇਰ ਵੇਲੇ ਰਿੜਕਣ ਲਈ ਵਰਤਿਆ ਜਾਂਦਾ ਸੀ । ਹੁਣ ਤਾਂ ਕੜ੍ਹਿਆ ਕੀ ਕੱਚਾ ਦੁੱਧ ਵੀ ਘਰਾਂ ਵਿੱਚੋਂ ਮਿਲਣਾ ਔਖਾ ਹੋ ਗਿਆ। ਕਿਉਂਕਿ ਪਹਿਲੀ ਗੱਲ ਤਾਂ ਦੁੱਧ ਵਾਲੇ ਪਸ਼ੂ ਲੋਕਾਂ ਨੇ ਰੱਖਣੇ ਬੰਦ ਕਰ ਦਿੱਤੇ ਹਨ ਤੇ ਜੇ ਕਿਸੇ ਨੇ ਰੱਖੇ ਹਨ ਤਾਂ ਦੁੱਧ ਸਾਰਾ ਵੇਚ ਦਿੱਤਾ ਹੈ ਤੇ ਕਾੜਨੇ ਵਿਚਾਰੇ ਦੇ ਹਿੱਸੇ ਕੁਝ ਨੀ ਆਉਂਦਾ ਇਸੇ ਕਰਕੇ ਹੀ ਤਾਂ ਅੱਜ ਕਾੜ੍ਹਨਾ ਜਾਂ ਖਾਰਿਆਂ ਦਾ ਵੇਲਾ ਲੰਘ ਚੁੱਕਾ ਹੈ । ਤਾਂਹੀ ਕਿਸੇ ਸ਼ਾਇਰ ਨੇ ਹੇਠ ਲਿਖੀਆਂ ਲਾਈਨਾਂ ਲਿਖੀਆਂ ਹਨ
ਭੜੋਲੀ ਨਾ ਹੁਣ ਦਿਸਦੀ ਕਿਧਰੇ, ਨਾ ਸਾਗ ਦੀ ਤੌੜੀ
ਕੂੰਡੇ ਕਾੜਨੀ, ਛਾਬੇ, ਛਿੱਕੇ, ਘਰ ਨਾ ਕੋਈ ਲਿਆਵੇ
ਨਾ ਹੁਣ ਕਿਧਰੇ ਦਿਸਣ ਸਬਾਤਾਂ, ਚੌਂਕੇ ਦੇ ਵਿੱਚ ਚੁੱਲੇ,
ਤੰਦੂਰ ਤੇ ਲੋਹਾਂ ਉੱਤੇ ਲੋਕੀਂ, ਰੋਟੀ ਲਾਹੁਣੀ ਭੁੱਲੇ
ਕਈ ਘਰਾਂ ਵਿੱਚ ਆਮ ਹੀ ਦੇਖਣ ਨੂੰ ਮਿਲਦਾ ਹੁੰਦਾ ਸੀ ਕਿ ਖਾਰਾ ਚੌਂਕੇ ਉੱਪਰ ਬਣਾ ਕੇ ਇਸ ਨੂੰ ਇੱਕ ਕੋਠੜੀ ਜਿਹੀ ਦੇ ਰੂਪ ਵਿੱਚ ਛੱਤਿਆ ਹੁੰਦਾ ਸੀ ਅਤੇ ਇਸਨੂੰ ਇੱਕ ਦਰਵਾਜਾ ਨੁਮਾ ਖਿੜਕੀ ਲਾਈ ਹੁੰਦੀ ਸੀ ਤੇ ਇਸ ਵਿੱਚ ਮੋਰੀਆਂ ਕੱਢੀਆਂ ਹੁੰਦੀਆਂ ਸਨ ਜਿਨ੍ਹਾਂ ਰਾਹੀਂ ਧੁਖਦੀ ਅੱਗ ਦਾ ਧੂੰਆਂ ਬਾਹਰ ਨਿਕਲਦਾ ਹੁੰਦਾ ਸੀ। ਇਹ ਇਸ ਕਰਕੇ ਬਣਾਇਆ ਹੁੰਦਾ ਸੀ ਤਾਂ ਕਿ ਬਿੱਲੀਆਂ ਕਾੜਨੇ ਵਿੱਚੋਂ ਦੁੱਧ ਨਾ ਪੀ ਸਕਣ ।
ਹੁਣ ਪਿੰਡਾਂ ਦੇ ਸਾਰੇ ਘਰਾਂ ਵਿੱਚ ਨਾ ਤਾਂ ਚੌਂਕੇ ਰਹੇ ਹਨ ਤੇ ਨਾ ਹੀ ਚੌਂਕਿਆਂ ਨੂੰ ਚਾਰ ਚੰਦ ਲਾਉਣ ਵਾਲੇ ਚੁੱਲੇ, ਲੋਹਾਂ ਜਾਂ ਭੜੋਲੀਆਂ ਰਹੀਆਂ ਹਨ। ਪੰਜਾਬੀ ਜੀਵਨ ਦੀ ਨੁਹਾਰ ਹੀ ਬਦਲ ਗਈ ਹੈ ਇਸ ਬਦਲੀ ਹੋਈ ਨੁਹਾਰ ਨਾਲ ਜੀਵਨ ਜੀਣ ਦੀ ਜਾਚ ਵੀ ਬਦਲ ਗਈ ਹੈ। ਲੋਕਾਂ ਦਾ ਰਹਿਣ ਸਹਿਣ ਬੜੀ ਤੇਜੀ ਨਾਲ ਬਦਲ ਗਿਆ ਹੈ । ਜਿੱਥੇ ਲੋਕ ਪਹਿਲਾਂ ਆਪਣੇ ਆਪ ਤੇ ਨਿਰਭਰ ਹੁੰਦੇ ਸਨ ਹੁਣ ਮਸ਼ੀਨੀ ਜਿ਼ੰਦਗੀ ਅਤੇ ਬਣੀਆਂ ਬਣਾਈਆਂ ਚੀਜ਼ਾਂ ਤੇ ਨਿਰਭਰ ਹੋ ਚੁੱਕੇ ਹਨ ਤੇ ਇਸੇ ਕਰਕੇ ਹੀ ਸਾਡੇ ਪੰਜਾਬੀ ਸਭਿਆਚਾਰ ਦੀਆਂ ਅਣਮੁੱਲੀਆਂ ਚੀਜ਼ਾਂ ਦੀ ਘਾਟ ਪਈ ਜਾ ਰਹੀ ਹੈ ।
****

No comments:
Post a Comment