8 ਜਨਵਰੀ, ਦਿਨ ਐਤਵਾਰ, ਸਾਲ 2012 ਨੂੰ ਗੁਰਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮੁੱਖ ਇਮਾਰਤ ਦਾ ਨੀਂਹ ਪੱਥਰ ਸਿੱਖ ਧਰਮ ਵਿਚ ਚਲੀ ਆ ਰਹੀ ਪ੍ਰਥਾ ਅਤੇ 1699 ਦੀ ਵੈਸਾਖੀ ਵਾਲੇ ਦਿਨ ਦਸਮ ਪਿਤਾ ਵਲੋਂ ਖੰਡੇ ਦੀ ਪਹੁਲ ਰਾਹੀਂ ਤਿਆਰ ਬਰ ਤਿਆਰ ਕੀਤੇ ਪੰਜ ਪਿਆਰਿਆਂ, ਜਿਨ੍ਹਾਂ ਵਿਚ ਬਾਬਾ ਹਰੀ ਸਿੰਘ ਰੰਧਾਵਾ ਵਾਲੇ ਵੀ ਸਨ, ਦੁਆਰਾ ਰਖਿਆ ਗਿਆ। ਅੰਮ੍ਰਿਤ ਵੇਲੇ ਤੋਂ ਥੋੜ੍ਹੀ ਬਾਰਸ਼ ਦੇ ਬਾਵਜੂਦ ਵੀ ਸੰਗਤ ਵਿਚ ਬਹੁਤ ਉਤਸ਼ਾਹ ਸੀ।
ਨੀਂਹ ਪੱਥਰ ਰਖਣ ਤੋਂ ਪਹਿਲਾਂ ਪੰਜ ਪਿਆਰਿਆਂ ਨੇ ਗੁਰੂ ਦੇ ਸਨਮੁਖ ਸੀਸ ਭੇਟ ਕਰਦਿਆਂ ਸਟੇਜ ਤੇ ਆਸਣ ਕੀਤਾ ਅਤੇ ਸੰਤ ਬਾਬਾ ਹਰੀ ਸਿੰਘ ਜੀ ਨੇ ਹਾਜਰ ਸੰਗਤ ਨੂੰ ਸੰਬੋਧਨ ਕਰਦਿਆਂ ਸਿੱਖ ਧਰਮ ਬਾਰੇ ਕੁਝ ਬਚਨ ਕਹੇ। ਬਚਨ ਕਰਦਿਆਂ ਉਹਨਾਂ ਸੰਗਤ ਦਾ ਧਿਆਨ ਵਿਸ਼ੇਸ਼ ਤੌਰ ਉਤੇ ਗੁਰੂ ਨਾਨਕ ਦੇਵ ਜੀ ਤੋਂ ਚਲੀ ਆ ਰਹੀ ਧਰਮਸਾਲ ਵੱਲ ਦਿਵਾਉਂਦਿਆ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਧਰਮਸਾਲ (ਗੁਰਦੁਆਰਾ) ਕੇਵਲ ਤੇ ਕੇਵਲ ਸਿੱਖਾਂ ਨੂੰ ਆਪਣੇ ਗੁਰੂ ਦੀ ਸਿਖਿਆ ਸੁਣਨ ਅਤੇ ਮੰਨਣ ਲਈ ਹੀ ਚਲਾਈ ਸੀ। ਉਹਨਾਂ ਕਿਹਾ ਕਿ ਜੇਕਰ ਅਸੀਂ ਗੁਰਦੁਆਰੇ (ਧਰਮਸਾਲ) ਵਿਚ ਆ ਕੇ ਆਪਣੇ ਗੁਰੂ ਦੇ ਹੁਕਮ ਸੁਣਨ ਅਤੇ ਮੰਨਣ ਤੋਂ ਬਿਨਾ ਕਿਸੇ ਹੋਰ ਵਿਸ਼ੇ ਉਤੇ ਗੱਲ ਕਰਦੇ ਹਾਂ ਤਾਂ ਸਾਡਾ ਗੁਰਦੁਆਰੇ ਆਉਣਾ ਸਫਲ ਨਹੀਂ ਹੁੰਦਾ। ਬਚਨ ਕਰਦਿਆਂ ਉਹਨਾਂ ਦੱਸਿਆ ਕਿ ਸਿੱਖ ਧਰਮ ਤੋਂ ਪਹਿਲਾਂ ਹਜ਼ਰਤ ਮੁਹੰਮਦ ਸਾਹਿਬ ਨੇ ਵੀ ਇਹੀ ਸਿਖਿਆ ਦਿਤੀ ਸੀ ਅਤੇ ਇਕ ਮਸਜਦ ਦੇ ਬਾਹਰ ਇਹ ਲਿਖਿਆ ਵੀ ਦੇਖਿਆ ਗਿਆ ਹੈ ਕਿ ਜੋ ਮੁਸਲਮਾਨ ਮਸਜਦ ਵਿਚ ਆ ਕੇ ਇਬਾਦਤ ਤੋਂ ਬਾਹਰ ਦੀ ਗਲ ਕਰੇਗਾ ਉਸ ਦੀ ਇਬਾਦਤ ਕਬੂਲ ਨਹੀਂ ਹੋਵੇਗੀ। ਗੁਰੂ ਗ੍ਰੰਥ ਸਾਹਿਬ ਅਤੇ ਪੋਥੀ ਸਾਹਿਬ ਬਾਰੇ ਉਹਨਾਂ ਦੇ ਬਚਨ ਸਨ ਕਿ ਕਿਸੇ ਵੀ ਵਿਅਕਤੀ ਨੂੰ ਬਾਣੀ ਵਿਚ ਵਾਧ ਘਾਟ ਕਰਨ ਅਤੇ ਕਿਸੇ ਪ੍ਰਕਾਰ ਦੀ ਟੀਕਾ ਟਿਪਣੀ ਕਰਨ ਜਾਂ ਸਿਹਾਰੀ, ਬਿਹਾਰੀ ਬਦਲਣ ਦਾ ਵੀ ਕੋਈ ਅਧਿਕਾਰ ਨਹੀਂ ਕਿਉਂਕਿ ਇਹ ਧੁਰੋਂ ਆਈ ਬਾਣੀ ਹੈ; ਕਿਸੇ ਦੀ ਆਪਣੀ ਰਚਨਾ ਰੰਚਕ ਮਾਤਰ ਵੀ ਨਹੀਂ ਹੈ।
ਜਨਵਰੀ ਦੇ ਪਹਿਲੇ ਅੰਕ ਵਿਚ ਪੰਨਾ 24 ਉਤੇ ਭਾਈ ਗੁਰਜੀਤ ਸਿੰਘ ਜੀ ਵਲੋਂ ਸਿਰਲੇਖ ਸਮੇਤ ਕੇਵਲ ਸਾਢੇ ਦਸ ਸਤਰਾਂ ਲਿਖ ਕੇ ਗੁਰ-ਸ਼ਬਦ ਦੇ ਇਕ ਸ਼ਬਦ “ਕਉ” ਬਾਰੇ ਲਿਖਿਆ ਹੈ ਅਤੇ ਆਪਣੀ ਹੀ ਕਲਮ ਨਾਲ ਇਹ ਵੀ ਲਿਖ ਗਏ ਹਨ, “ਛਾਪੇ ਦੀਆਂ ਗਲਤੀਆਂ ਦਾ ਸੁਧਾਰ ਕਰ ਲੈਣਾ ਚਾਹੀਦਾ ਹੈ।” ਇਹ ਹੀ ਛਾਪੇਖਾਨੇ ਦੀ ਗਲਤੀ ਜੇਕਰ ਉਹ ਅਖਬਾਰਾਂ ਵਿਚ ਲਿਖਣ ਦੀ ਥਾਂ ਸ਼੍ਰੋਮਣੀ ਕਮੇਟੀ ਅਤੇ ਗਿਆਨੀ ਸੰਤੋਖ ਸਿੰਘ ਵਰਗੇ ਸੱਜਣ, ਜਿਨ੍ਹਾਂ ਦੀ ਅੱਜ ਵੀ ਸ੍ਰੀ ਅਕਾਲ ਤਖ਼ਤ ਅਤੇ ਸ਼੍ਰੋਮਣੀ ਕਮੇਟੀ ਤੱਕ ਪਹੁੰਚ ਹੈ, ਦੇ ਧਿਆਨ ਵਿਚ ਲਿਆਉਂਦੇ ਤਾਂ ਗੁਰੂ ਗ੍ਰੰਥ ਸਹਿਬ ਦੀਆਂ, ਸ਼੍ਰੋਮਣੀ ਕਮੇਟੀ ਤੋਂ ਬਾਹਰ ਛਪਣ ਵਾਲੀਆਂ ਬੀੜਾਂ ਦੀ ਛਪਾਈ ਬੰਦ ਹੋ ਸਕਦੀ ਸੀ ਜਾਂ ਗ਼ਲਤੀ ਦਾ ਸਦੀਵੀ ਸੁਧਾਰ ਵੀ ਹੋ ਸਕਦਾ ਸੀ। ਜਦੋਂ ਲੇਖਕ ਨੇ ਇਸ ਨੂੰ ਸ਼੍ਰੋਮਣੀ ਕਮੇਟੀ ਮੈਂਬਰਾਂ ਰਾਹੀਂ ਪ੍ਰਧਾਨ ਤੱਕ ਪਹੁੰਚਾਇਆ ਤਾਂ ਪ੍ਰਧਾਨ ਸਾਹਬ ਦਾ ਮਾਫੀ ਮੰਗਣ ਤੋਂ ਬਾਅਦ ਸਰਲ ਜਿਹਾ ਪ੍ਰਸ਼ਨ ਸੀ, “ਕਿਸ ਬੀੜ ਵਿਚ ਅਜਿਹਾ ਲਿਖਿਆ ਹੈ। ਕੀ ਇਹ ਸ਼੍ਰੋਮਣੀ ਕਮੇਟੀ ਦੁਆਰਾ ਛਪਾਈ ਬੀੜ ਵਿਚ ਹੈ ਜਾਂ ਕਿਸੇ ਬਾਹਰਲੀ ਛਪਾਈ ਵਾਲੀ ਬੀੜ ਵਿਚ! ਅਸੀਂ ਸਿਖਾਂ ਨੂੰ ਬਾਰ ਬਾਰ ਬੇਨਤੀ ਕਰਦੇ ਹਾਂ ਕਿ ਗੁਰੂ ਗ੍ਰੰਥ ਸਹਿਬ ਦੀ ਬੀੜ ਪੰਜ ਸਿੱਖ ਆ ਕੇ ਸ਼੍ਰੋਮਣੀ ਕਮੇਟੀ ਪਾਸੋਂ ਲਵੋ, ਫਿਰ ਇਹ ਸਿੱਖ ਪੈਸੇ ਖਰਚ ਕੇ ਬਾਹਰ ਦੀਆਂ ਛਾਪੀਆਂ ਬੀੜਾਂ ਕਿਉਂ ਲੈਂਦੇ ਹਨ!” ਉਮੀਦ ਹੈ ਭਾਈ ਸਾਹਿਬ ਇਸ ਦਾ ਉਤਰ ਅਖਬਾਰਾਂ ਵਿਚ ਲਿਖਣ ਦੀ ਥਾਂ ਸੰਪਰਕ ਦੁਆਰਾ ਦੇਣਗੇ।
ਹੁਣ ਦੇਖੋ ਭਾਈ ਸਹਿਬ ਵਲੋਂ ਲਿਖੀਆਂ ਸਾਢੇ ਦਸ ਸਤਰਾਂ:
ਸਿਰਲੇਖ ਵਿਚ ਹੀ ਅਧਕ ਦੀ ਥਾਂ ‘ਅੰਦਕ’ ਲਿਖਦੇ ਹਨ। ਲੇਖਣੀ ਦੀ ਪਹਿਲੀ ਹੀ ਸਤਰ ਦਾ ਸਤਵਾਂ ਸ਼ਬਦ ਅਧਕ ਵੀ ‘ਅੱਦਕ’ ਲਿਖਦੇ ਹਨ। ਤੀਜੀ ਸਤਰ ਦਾ ਦੂਜਾ ਸ਼ਬਦ ਬੀੜ ਦੀ ਥਾਂ ‘ਬਿੜ’ ਲਿਖਿਆ ਹੈ। ਛੇਵੀਂ ਸਤਰ ਦਾ ਪਹਿਲਾ ਸ਼ਬਦ ਇਹਨਾਂ ਦੀ ਥਾਂ ‘ਇਨਾਂਹ’ ਲਿਖਿਆ ਹੈ। ਸਤਵੀਂ ਸਤਰ ਦਾ ਚੌਥਾ ਸ਼ਬਦ ਸੂਝ ਦੀ ਥਾਂ ‘ਬੂਝ’ ਲਿਖਿਆ ਹੈ। ਅਠਵੀਂ ਸਤਰ ਵਿਚ ਦੂਜਾ ਸ਼ਬਦ ਇਸ ਦੀ ਥਾਂ ‘ਇਹ’ ਲਿਖਿਆ ਹੈ। ਦਸਵੀਂ ਸਤਰ ਦਾ ਪੰਜਵਾਂ ਸ਼ਬਦ ਤਰ੍ਹਾਂ ਦੀ ਥਾਂ ‘ਤਰਾਂਹ’ ਲਿਖਿਆ ਹੈ ਅਤੇ ਆਖਰੀ ਅੱਧੀ ਸਤਰ ਦਾ ਦੂਜਾ ਸ਼ਬਦ ਸੁਧਾਰ ਦੀ ਥਾਂ ‘ਸੂਧਾਰ’ ਲਿਖਿਆ ਹੈ। ਕੁਲ ਮਿਲਾ ਕੇ ਸਾਢੇ ਦਸ ਸਤਰਾਂ ਵਿਚ ਅਠ ਗਲਤੀਆਂ ਜੇਕਰ ਸਾਡੀਆਂ (ਟੀਕਾਕਾਰਾਂ ਦੀਆਂ) ਹੋ ਸਕਦੀਆਂ ਹਨ ਤਾਂ ਗੁਰੂ ਗ੍ਰੰਥ ਸਾਹਿਬ, ਜਿਸ ਵਿਚ 1430 ਪੰਨਿਆਂ ਉਤੇ 5867 ਸ਼ਬਦ, ਸਲੋਕ ਅਤੇ ਛੰਤ ਦਰਜ ਹਨ; ਜਿਨ੍ਹਾਂ ਦੇ ਸ਼ਬਦ ਜੋੜਾਂ ਦੀ ਗਿਣਤੀ ਟੀਕਾਕਾਰਾਂ ਨੇ 9100223 ਦੱਸੀ ਹੈ। ਇਤਨੇ ਵਡੇ ਸ਼ਬਦ ਜੋੜਾਂ ਦੇ ਸੰਗ੍ਰਿਹ ਵਿਚ ਜੇਕਰ ਪ੍ਰਾਈਵੇਟ ਛਾਪੇਖਾਨੇ ਵਾਲਿਆਂ ਦੇ ਘਟ ਤਨਖਾਹ ਤੇ ਕੰਮ ਕਰਨ ਵਾਲੇ, ਅਤੇ ਸੰਭਵ ਇਹ ਵੀ ਹੈ ਕਿ ਉਹ ਗੈਰ-ਸਿੱਖ ਵੀ ਹੋਣ, ਗਲਤੀ ਕਰ ਦਿੰਦੇ ਹਨ ਤਾਂ ਸਾਡੇ ਗ੍ਰੰਥੀ ਸਿੰਘਾਂ ਨੂੰ ਅਜਿਹੀਆਂ ਬੀੜਾਂ ਨਾਂ ਖਰੀਦਣ ਦੀ ਤਾੜਨਾ ਕਰਨੀ ਚਾਹੀਦੀ ਹੈ ਨਾ ਕਿ ਸਿੱਖਾਂ ਨੂੰ ਬਾਣੀ ਗਲਤ ਪੜ੍ਹ ਕੇ ਸੁਣਾਉਣੀ ਚਾਹੀਦੀ ਹੈ; ਜਾਂ ਟੀਕਾਕਾਰ ਬਣ ਕੇ ਸੁਧਾਰ ਕਰਨ ਦੀ ਥਾਂ ਧਰਮ ਦੀ ਬੇਅਦਬੀ ਕਰਨੀ ਚਾਹੀਦੀ ਹੈ। ਅਸੀਂ ਸੰਸਾਰੀ ਜੀਵ ਗਲਤੀਆਂ ਤਾਂ ਆਮ ਹੀ ਕਰਦੇ ਹਾਂ ਅਤੇ ਹਰ ਕੋਈ ਕਰ ਵੀ ਸਕਦਾ ਹੈ ਅਤੇ ਕਰਦਾ ਵੀ ਹੈ ਪ੍ਰੰਤੂ ਜਦੋਂ ਅਸੀਂ ਕਿਸੇ ਦੀਆਂ ਗਲਤੀਆਂ ਨੂੰ ਹਵਾ ਵਿਚ ਉਛਾਲ਼ਦੇ ਹਾਂ ਤਾਂ ਸਾਨੂੰ ਬਹੁਤ ਹੀ ਸੰਜਮ ਅਤੇ ਹੋਸ਼ ਵਿਚ ਰਹਿ ਕੇ ਅਜਿਹਾ ਕਰਨਾ ਚਾਹੀਦਾ ਹੈ। ਇਸ ਬਾਰੇ ਤਾਂ ਦਾਸ ਸਮੁੱਚੀ ਸਿੱਖ ਸੰਗਤ ਨੂੰ ਹੱਥ ਜੋੜ ਕੇ ਇਕ ਹੀ ਬੇਨਤੀ ਕਰ ਸਕਦਾ ਹੈ ਕਿ ਛਾਪੇ ਦੀ ਹੋਈ ਗਲਤੀ ਨੂੰ ਹਵਾ ਨਾ ਦਿਓ, ਪੜ੍ਹਨ ਵੇਲੇ ਜੇਕਰ ਜਾਣ ਗਏ ਹੋ ਤਾਂ ਸ਼ੁੱਧ ਉਚਾਰਣ ਕਰੋ ਅਤੇ ਛਪਾਈ ਕਰਾਣ ਵਾਲੇ ਅਤੇ ਛਾਪੇਖਾਨੇ ਨੂੰ ਤੁਰੰਤ ਸੁਚੇਤ ਕਰੋ।
ਅੰਤ ਵਿਚ ਗੁਰੂ ਨਾਨਕ ਦੇਵ ਜੀ ਵਲੋਂ ਚਲਾਈ ‘ਧਰਮਸਾਲ’ ਅਤੇ ਸਿੱਖਾਂ ਵਲੋਂ ਧਰਮਸਾਲ ਦਾ ਬਦਲਵਾਂ ਰਖਿਆ ਨਾਮ ‘ਗੁਰਦੁਆਰਾ’ ਜਿਸ ਬਾਰੇ ਸ਼ਬਦ ਵੀ ਹੈ, “ਡਿਠੇ ਸਭੇ ਥਾਵ, ਨਹੀਂ ਤੁਧ ਜੇਹਿਆ॥” ਦੀ ਨੀਂਹ ਰੱਖਣ ਵੇਲੇ ਸੰਗਤ ਤਾਂ ਪੂਰੀ ਸ਼ਰਧਾ ਨਾਲ ਪਹੁੰਚੀ ਹੋਈ ਸੀ ਅਤੇ ਦਰਬਾਰ ਹਾਲ ਵਿਚੋਂ ਸਾਰੀ ਦੀ ਸਾਰੀ ਸੰਗਤ ਨੰਗੇ ਪੈਰੀਂ ਪਾਣੀ ਅਤੇ ਪੱਥਰ ਬੱਜਰੀ ਮਿਧਦੀ ਹੋਈ ਸ਼ਬਦ ਪੜ੍ਹਦੀ, ਨਵੀਂ ਇਮਾਰਤ ਵਾਲੀ ਥਾਂ ਤੇ ਜੈਕਾਰਿਆਂ ਦੀ ਗੂੰਜ ਵਿਚ ਗਈ ਪ੍ਰੰਤੂ ਆਸਟ੍ਰੇਲੀਆ ਵਿਚ ਇਕ ਦੀ ਥਾਂ ਦੋ ਸਿੱਖ ਫੈਡ੍ਰੇਸ਼ਨਾਂ ਬਣੀਆਂ ਹੋਈਆਂ ਹਨ, ਇਕ ‘ਸਿੱਖ ਫੈਡ੍ਰੇਸ਼ਨ ਆਫ ਆਸਟ੍ਰੇਲੀਆ’ ਅਤੇ ਦੂਸਰੀ ‘ਸਿੱਖ ਸੁਪ੍ਰੀਮ ਕੌਂਸਲ ਆਫ ਆਸਟ੍ਰੇਲੀਆ’। ਇਹਨਾਂ ਦੋਨਾਂ ਦੇ ਮੈਂਬਰ ਤਾਂ ਗਿਣਤੀ ਮਿਣਤੀ ਦੇ ਅਤੇ ਸਾਂਝੇ ਜਿਹੇ ਹੀ ਹਨ ਪ੍ਰੰਤੂ ਅਹੁਦੇਦਾਰਾਂ ਦੀ ਗਿਣਤੀ ਜਰੂਰ ਦੁਗਣੀ ਹੈ। ਦੋਨਾਂ ਨੇ ਹੀ ਅੱਜ ਤੱਕ ਸਿੱਖ ਧਰਮ ਦੀ ਉਨਤੀ ਵਾਸਤੇ ਆਸਟ੍ਰੇਲੀਆ ਵਿਚ ਕੋਈ ਵਿਸ਼ੇਸ਼ ਕੰਮ ਵੀ ਨਹੀਂ ਕੀਤਾ; ਹਾਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਕਰੇਗੀਬਰਨ ਦੀ ਕਮੇਟੀ ਉਤੇ ਸਮੇ ਸਮੇ ਰੋਹਬ ਜਰੂਰ ਪਾਇਆ ਜਾਂ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਧਰਮ ਪ੍ਰਚਾਰਕ ਅਤੇ ਧਰਮ ਸੁਧਾਰਕ ਕਹਾਉਣ ਵਾਲੀਆਂ ਦੋਨੋਂ ਸੰਸਥਾਵਾਂ ਦਾ ਇਕ ਵੀ ਮੈਂਬਰ ਇਤਨੇ ਵਡੇ ਸਮਾਗਮ ਵਿਚ ਹਾਜਰੀ ਲਵਾਉਣ ਵਾਸਤੇ ਵੀ ਨਹੀਂ ਪਹੁੰਚਿਆ। ਕਿਤਨੀ ਮਹਾਨ ਕੁਰਬਾਨੀ ਹੈ? ਸਿੱਖਾਂ ਦੀਆਂ ਅਜਿਹੀਆਂ ਕਾਰਵਾਈਆਂ ਕਰਕੇ ਹੀ ਕਿਸੇ ਗੈਰ ਸਿੱਖ ਨੇ ਇਕ ਚੁਟਕਲਾ ਬਣਾ ਕੇ ਸਿੱਖ ਨੂੰ ਸ਼ਰਮਸਾਰ ਕਰਨ ਵਾਸਤੇ ਸਿੱਖ ਜਗਤ ਵਿਚ ਛਡ ਦਿਤਾ ਜੋ ਕੁਝ ਨਿਮਨ ਸ਼ਬਦਾਵਲੀ ਵਾਲਾ ਹੈ:
ਕਿਸੇ ਸਮੇ ਕਿਸੇ ਜੱਟ ਦਾ ਬਲਦ ਕਿਸੇ ਬਿਨਾ ਗੇਟ ਗੁਰਦੁਆਰੇ ਵਿਚ ਜਾ ਵੜਿਆ ਅਤੇ ਬਗੀਚੇ ਵਿਚ ਲੱਗੇ ਸਾਰੇ ਫੁੱਲ ਬੂਟੇ ਤਹਿਸ ਨਹਿਸ ਕਰ ਦਿਤੇ। ਗ੍ਰੰਥੀ ਸਿੰਘ ਦੇਖ ਕੇ ਬਹੁਤ ਦੁਖੀ ਹੋਇਆ ਅਤੇ ਜੱਟ ਨੂੰ ਉਲਾਂਭਾ ਦੇਣ ਚਲਿਆ ਗਿਆ। ਅਗੋਂ ਜੱਟ ਸਿੱਖ ਹੋਣ ਦੇ ਬਾਵਜੂਦ ਵੀ ਗੁਰਦੁਆਰੇ ਅਤੇ ਧਰਮ ਬਾਰੇ ਜਿਤਨੀ ਜਾਣਕਾਰੀ ਰੱਖਦਾ ਸੀ, ਉਸ ਨੂੰ ਇਕਠੀ ਕਰਕੇ ਕਹਿਣ ਲਗਾ, “ਭਾਈ ਜੀ ਇਹ ਜਾਨਵਰ ਸੀ; ਕਿਤੇ ਭੁਲੇਖੇ ਨਾਲ ਚਲਿਆ ਗਿਆ ਹੋਣਾ। ਜੇਕਰ ਤੁਸੀਂ ਮੈਨੂੰ ਕਦੀ ਗੁਰਦੁਆਰੇ ਵੜਿਆ ਦੇਖੋਗੇ ਤਾਂ ਜੋ ਮਰਜੀ ਜੁਰਮਾਨਾ ਕਰਿਓ; ਇਸ ਨੂੰ ਹੁਣ ਜਾਣ ਦਿਓ”।
****
No comments:
Post a Comment