ਨਵਾਂ ਹੀ ਕੁਝ ਕਰ ਦਿਖਾਈਏ......... ਨਜ਼ਮ/ਕਵਿਤਾ / ਮੁਹਿੰਦਰ ਸਿੰਘ ਘੱਗ

ਨਵੇਂ ਸਾਲ ਨੂੰ ਨਵੇਂ ਢੰਗ ਨਾਲ, ਨਵਾਂ ਹੀ  ਕੁਝ ਕਰ ਦਿਖਾਈਏ
ਮਿਲ ਬੈਠਣ ਦੀ ਜੁਗਤੀ ਸਿਖ ਕੇ, ਖੁਸ਼ੀਆਂ ਦੇ ਆ ਘਰ ਵਸਾਈਏ

ਮੰਡੀਆਂ ਦੇ ਵਿਚ ਮਾਲ ਰੁਲੇ ਨਾਂ, ਪੂਰੀ ਕੀਮਤ ਮਿਲੇ ਕਿਸਾਨ ਨੂੰ
ਅੰਨਦਾਤਾ ਵੀ ਹੋ ਜਾਏੇ ਸੌਖਾ, ਖੀਸਾ ਉਸ ਦਾ ਭਰ ਦਿਖਾਈਏ

ਲੀਪ ਦਾ ਸਾਲ ਤੇ ਚੋਣਾਂ ਵੀ ਨੇ, ਲੀਪ ਜਿਹਾ ਨਾ ਚੁਣ ਲਈਂ ਬੰਦਾ
ਪਾਰਟੀ ਜੱਕੜ ਤੋਂ ਉਚੇ ਉਠ ਕੇ, ਚੁਣ ਕੇ ਕੋਈ ਨਰ ਬਿਠਾਈਏ

ਭ੍ਰਿਸ਼ਟ ਆਗੂ ’ਤੇ ਰਿਸ਼ਵਤ ਖੋਰਾਂ, ਨੱਥ ਹੈ ਇਕ ਦਿਨ ਪਾਉਣੀ ਪੈਣੀ
ਤਕੜਾ ਕੋਈ ਕਾਨੂੰਨ ਬਣਾ ਕੇ, ਉਹਨਾਂ ਨੂੰ ਜੇਲ੍ਹ ਦਾ ਦਰ ਦਿਖਾਈਏ

ਦਾਜ ਦਹੇਜ ਤੇ  ਭਰੂਣ ਹੱਤਿਆ, ਦੋਵੇਂ ਨਿੰਦਣ ਯੋਗ ਕਰਮ ਨੇ
ਘੜਾ ਪਾਣੀ ਬੰਦ ਕਰ ਦੇਣ ਦਾ, ਉਹਨਾਂ ਨੂੰ ਵੀ ਡਰ ਦਿਖਾਈਏ

ਬੋਲ ਕਬੋਲ ਬੋਲ ਬੋਲ ਕੇ ਜਿਹੜੇ ਨਿੱਤ ਦੁਫਾੜ ਨੇ ਪਾਉਂਦੇ
ਜੀਭ ਉਹਨਾਂ ਦੀ  ਘੱਤ ਨਕੌੜਾ, ਚੁੱਪ ਉਹਨਾਂ ਨੂੰ ਕਰ ਦਿਖਾਈਏ

ਬੋਲਤ ਬੋਲਤ ਵਧੇ ਵਿਕਾਰ, ਇਹ ਗੱਲ ਪਲੇ ਬੰਨ ਲਈਂ ਘੱਗ
ਨਿੰਦਕ ਦਾ ਕੰਮ ਨਿੰਦਾ ਕਰਨੀ, ਨਿੰਦਾ ਨੂੰ ਵੀ ਜਰ ਦਿਖਾਈਏ

ਜੇਕਰ ਨਵਾਂ ਸਾਲ ਮਨਾਉਣਾ, ਨਵਾਂ ਹੀ ਕੁਝ ਕਰ ਦਿਖਾਈਏ
ਮਿਲ ਬੈਠਣ ਦੀ ਜੁਗਤੀ ਸਿਖ ਕੇ, ਖੁਸ਼ੀਆਂ ਦੇ ਆ ਘਰ ਵਸਾਈਏ

****

No comments: