ਬੇਲਿਬਾਸ ਮੁਹੱਬਤ.......... ਕਹਾਣੀ / ਬਲਰਾਜ ਸਿੱਧੂ, ਯੂ. ਕੇ.

ਡੋਨਾ ਪਾਉਲਾ ਦੀ ਅਮਰ ਪ੍ਰੇਮ ਕਥਾ
 
ਚਾਰ ਸੌ ਸਾਲ ਤੋਂ ਵੀ ਵੱਧ ਪੁਰਾਣੀ ਮੇਰੀ ਇਹ ਕਹਾਣੀ ਸਮਰਪਿਤ ਹੈ, ਜ਼ਿੰਦਗੀ ਦੇ ਸਮੁੰਦਰ ਵਿਚ ਭਟਕਦੀਆਂ ਉਨ੍ਹਾਂ ਆਤਮਾਵਾਂ ਨੂੰ, ਰੂਹ ਦਾ ਹਾਣੀ ਨਾ ਮਿਲਣ ਕਾਰਨ ਜਿਨ੍ਹਾਂ ਦੇ ਬੇਜੋੜ੍ਹ ਵਿਆਹਾਂ ਨੂੰ ਤਲਾਕ ਰੂਪੀ ਮਗਰਮੱਛ ਖਾਹ ਗਿਆ।-ਬਲਰਾਜ ਸਿੰਘ ਸਿੱਧੂ ਯੂ. ਕੇ.

ਨੰਗੇ ਪੈਰੀਂ ਨਾਰੀਅਲ ਦੇ ਰੁੱਖ ਨਾਲ ਢਾਸਨਾ ਲਾਈ ਖੜ੍ਹੀ ਡੋਨਾ ਦੂਰ ਸਮੁੰਦਰ ਵਿਚ ਤੈਰਦੀ ਮਛੇਰਿਆਂ ਦੀ ਨਿੱਕੀ ਜਿਹੀ ਨਾਵ ਨੂੰ ਨਹਾਰ ਰਹੀ ਹੈ। ਕਹਿਣ ਨੂੰ ਤਾਂ ਇਹ ਸਮੁੰਦਰ ਹੈ, ਪਰ ਫਿਰ ਵੀ ਇਸ ਵਿਚ ਇਕ ਅਦਿੱਸ ਸਰਹੱਦਬੰਧੀ ਕੀਤੀ ਹੋਈ ਹੈ। ਇਸ ਹੱਦ ਬਾਰੇ ਜਾਂ ਤਾਂ ਡੋਨਾ ਦਾ ਪਿਤਾ ਜਾਣਦਾ ਹੈ ਜਾਂ ਇਹ ਮਛੇਰੇ। ਇਸ ਸਰਹੱਦ ਅੰਦਰ ਆਉਣ ਵਾਲਾ ਅਰਬ ਸਾਗਰ ਦਾ ਸਾਰਾ ਇਲਾਕਾ ਡੋਨਾ ਦੇ ਪਿਤਾ ਵਾਈਸਰੌਇ (ਬਾਦਸ਼ਾਹ ਦਾ ਕਾਇਮ-ਮੁਕਾਮ ਰਾਜ ਪ੍ਰਤੀਨਿਧੀ) ਅਮਾਰਲ ਡੀ ਮੈਨੇਜ਼ੀਜ਼ ਦੀ ਮਲਕੀਅਤ ਹੈ। ਇਹ ਮਛੇਰੇ ਉਸ ਇਲਾਕੇ ਵਿਚੋਂ ਮੱਛੀਆਂ ਫੜ੍ਹ ਕੇ ਵੇਚਦੇ ਹਨ ਤੇ ਕੀਤੀ ਹੋਈ ਕਮਾਈ ਵਿਚੋਂ ਚੌਥਾ ਹਿੱਸਾ ਲਗਾਨ ਦੇ ਰੂਪ ਵਿਚ ਵਾਈਸਰੌਇ ਨੂੰ ਦਿੰਦੇ ਹਨ।
ਕਿਸ਼ਤੀ ਜਿਉਂ-ਜਿਉਂ ਸਮੁੰਦਰੀ ਤਟ ਦੇ ਕਰੀਬ ਆਉਂਦੀ ਜਾਂਦੀ ਹੈ। ਤਿਉਂ-ਤਿਉਂ ਉਸਦਾ ਅਕਾਰ ਵੱਡਾ ਹੁੰਦਾ ਜਾਂਦਾ ਹੈ।ਜਦੋਂ ਕਿਸ਼ਤੀ ਆ ਕੇ ਧਰਤੀ ਦੀ ਸਤਹ ਨਾਲ ਟਕਰਾਉਂਦੀ ਹੈ ਤਾਂ ਵਿਚ ਸਵਾਰ ਤਿੰਨੋਂ ਮਛੇਰੇ ਛਾਲਾਂ ਮਾਰ ਕੇ ਬਾਹਰ ਆ ਜਾਂਦੇ ਹਨ ਤੇ ਕਿਸ਼ਤੀ ਨੂੰ ਸਮੁੰਦਰ ਤੋਂ ਬਾਹਰ ਧੱਕਣ ਲੱਗ ਜਾਂਦੇ ਹਨ।ਕਿਸ਼ਤੀ ਦੇ ਦੋਨੇ ਪਾਸੇ ਦੋ ਬਿਰਧ ਮਛੇਰੇ ਹਨ ਤੇ ਪਿੱਛੇ ਇਕ ਹੱਟਾ-ਕੱਟਾ ਨੌਜ਼ਵਾਨ, ਜਿਸ ਦਾ ਧੜ ਨੰਗਾ ਤੇ ਤੇੜ੍ਹ ਸਿਰਫ ਧੋਤੀ ਹੈ ਜੋ ਭਿੱਜ ਕੇ ਉਸਦੀਆਂ ਲੱਤਾਂ ਨਾਲ ਚਿਪਕੀ ਪਈ ਹੈ।
ਅਚਨਚੇਤ ਡੋਨਾ ਦੀ ਨਿਗਾਹ ਉਸ ਨੌਜ਼ਵਾਨ ਮਛੇਰੇ 'ਤੇ ਪੈਂਦੀ ਹੈ। ਡੋਨਾ ਨੀਝ ਲਾ ਕੇ ਉਸ ਵੱਲ ਦੇਖਣ ਲੱਗਦੀ ਹੈ। ਉਸਦੇ ਬੇੜੀ ਧੱਕਦੇ ਦੇ ਜ਼ੋਰ ਲਾਉਣ ਨਾਲ ਡੌਲੇ ਪਹਿਲਾਂ ਨਾਲੋਂ ਵੀ ਵਧੇਰੇ ਫੁੱਲ ਜਾਂਦੇ ਹਨ ਤੇ ਇਉਂ ਜਾਪਦਾ ਹੈ ਜਿਵੇਂ ਉਸਦੇ ਡੌਲੇ 'ਤੇ ਬਨ੍ਹਿਆ ਹੋਇਆ ਕਾਲਾ ਤਾਵੀਜ਼ ਕਿਸੇ ਸਮੇਂ ਵੀ ਟੁੱਟ ਸਕਦਾ ਹੈ।
ਕਿਸ਼ਤੀ ਨੂੰ ਪਾਣੀਉਂ ਬਾਹਰ ਰੇਤੇ 'ਤੇ ਕੱਢ ਕੇ ਸਾਰੇ ਮਛੇਰੇ ਮੱਛੀਆਂ ਚੁੱਕ ਚੁੱਕ "ਏਕਦੋਮ ਮਾਰੋਗ ਮੱਛਲੀ।"(ਬਹੁਤ ਮਹਿੰਗੀਆਂ ਮੱਛੀਆਂ ਹਨ) ਕਹਿੰਦੇ ਹੋਏ ਖੁਸ਼ੀ ਵਿਚ ਉਝਲਦੇ ਹੋਏ ਚੰਗਿਆੜਾਂ ਮਾਰਦੇ ਹਨ।ਉਹਨਾਂ ਦੀ ਕਿਸ਼ਤੀ ਮੱਛੀਆਂ ਨਾਲ ਉਤਾਂਹ ਤੱਕ ਤੁੰਨੀ ਪਈ ਇਉਂ ਲੱਗਦੀ ਹੈ ਜਿਵੇਂ ਚਾਂਦੀ ਦੀਆਂ ਮੋਹਰਾਂ ਦਾ ਢੇਰ ਹੋਵੇ।
ਡੋਨਾ ਦੀਆਂ ਉਸ ਗੱਭਰੂ ਮਛੇਰੇ 'ਤੇ ਕੇਂਦਰਤ ਹੋਈਆਂ ਨਿਗਾਹਾਂ ਨੂੰ ਨਾ ਤਾਂ ਮੱਛੀਆਂ ਦਾ ਗਹੀਰਾ ਦਿਖਾਈ ਦਿੰਦਾ ਹੈ, ਨਾ ਬੇੜੀ ਤੇ ਨਾ ਹੀ ਦੂਜੇ ਮਛੇਰੇ। ਉਸ ਨੂੰ ਸਿਰਫ ਤੇ ਸਿਰਫ ਉਹ ਜਵਾਨ ਮਛੇਰਾ ਹੀ ਨਜ਼ਰ ਆਉਂਦਾ ਹੈ।
ਡੋਨਾ ਆਹੀਸਤਾ-ਆਹੀਸਤਾ ਤੁਰਦੀ ਹੋਈ ਉਹਨਾਂ ਦੀ ਕਿਸ਼ਤੀ ਕੋਲ ਚਲੀ ਜਾਂਦੀ ਹੈ। ਡੋਨਾ ਨੂੰ ਦੇਖ ਕੇ ਬਿਰਧ ਮਛੇਰੇ ਅਦਬ ਨਾਲ ਸਿਰ ਝੁਕਾ ਕੇ ਸਲਾਮ ਬਲਾਉਂਦੇ ਹਨ। ਡੋਨਾ ਖਾਮੋਸ਼ ਖੜ੍ਹੇ ਉਸ ਗੱਭਰੂ ਮਛੇਰੇ ਵੱਲ ਦੇਖਦੀ ਰਹਿੰਦੀ ਹੈ।ਬੁੱਢੇ ਮਛੇਰਿਆਂ ਨੂੰ ਲਗਦਾ ਹੈ ਕਿ ਸ਼ਾਇਦ ਡੋਨਾ ਨੇ ਪਾਉਲਾ ਵੱਲੋਂ ਸਲਾਮ ਨਾ ਕਰਨ ਦਾ ਬੁਰਾ ਮਨਾਇਆ ਹੈ। ਉਹ ਪਾਉਲਾ ਨੂੰ ਘੂਰਦੇ ਹਨ, "ਸਲਾਮ ਕਰ ਓਏ, ਇਹ ਮਾਲਕਿਨ ਨੇ?"
"ਦਿਹੋ ਕੋਰੋ ਦਿਸ ਦਿਅਮ।"
"ਸ਼ੁਭ ਸਵੇਰ।" ਪਾਉਲਾ ਦੀ ਫਤਿਹ ਦਾ ਜੁਆਬ ਦਿੰਦਿਆਂ ਜਿਉਂ ਹੀ ਡੋਨਾ ਉਸਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਤੱਕਦੀ ਹੈ ਤਾਂ ਪਾਉਲਾ ਦੀਆਂ ਅੱਖਾਂ ਵਿਚਲੇ ਅੱਗ ਦਾ ਸੇਕ ਡੋਨਾ ਨੂੰ ਆਪਣੇ ਤਨ-ਬਦਨ ਵਿਚ ਵੀ ਲਰਜ਼ਦਾ ਮਹਿਸੂਸ ਹੁੰਦਾ ਹੈ। ਡੋਨਾ ਨੂੰ ਇਉਂ ਜਾਪਦਾ ਹੈ ਜਿਵੇਂ ਉਸਦਾ ਪਾਉਲਾ ਨਾਲ ਕੋਈ ਸਦੀਵੀ ਰਿਸ਼ਤਾ ਹੋਵੇ ਜਾਂ ਉਹ ਪਹਿਲਾਂ ਵੀ ਪਾਉਲਾ ਨੂੰ ਕਿਧਰੇ ਮਿਲ ਚੁੱਕੀ ਹੋਵੇ।
ਦੂਜਾ ਬੁੱਢਾ ਮਛੇਰਾ ਵੀ ਨਾਲ ਲੜ੍ਹੀ ਜੋੜਦਾ ਹੈ, "ਹਾਂ, ਮਾਲਕਿਨ ਹੁਣ ਭਾਵੇਂ ਅਸੀਂ ਹਫਤਾ ਭਰ ਸਮੁੰਦਰ ਵੱਲ ਮੂੰਹ ਨਾ ਕਰੀਏ। ਸਾਡਾ ਫੇਰ ਵੀ ਅਸਾਨੀ ਨਾਲ ਗੁਜ਼ਾਰਾ ਹੋ ਜਾਵੇਗਾ।... ਲਾਟ ਸਾਹਿਬ ਨੂੰ ਕਹਿਣਾ ਕਿ ਇਹਨਾਂ ਵਿਚੋਂ ਵਧੀਆ ਮੱਛੀਆਂ ਚੁਣ ਕੇ ਅਸੀਂ ਰਾਤ ਦੇ ਭੋਜਨ ਲਈ ਸੁਗਾਤ ਵਜੋਂ ਭੇਜਾਂਗੇ।"
"ਹਾਂ...ਅ...ਹਾਂ, ਠੀਕ ਹੈ। ਮੈਂ ਪਿਤਾ ਜੀ ਨੂੰ ਦੱਸ ਦੇਵਾਂਗੀ।...ਇਹ ਅਜਨਬੀ ਕੌਣ ਹੈ?" ਡੋਨਾ, ਪਾਉਲਾ ਵੱਲ ਇਸ਼ਾਰਾ ਕਰਕੇ ਪੁੱਛਦੀ ਹੈ।
"ਮੋਜਮ ਛੇਦੋ।" (ਮੇਰਾ ਲੜਕਾ)
ਡੋਨਾ ਬਿਨਾ ਅੱਖ ਝਮਕਿਆਂ ਇਕ-ਟੱਕ ਪਾਉਲਾ ਵੱਲ ਵੇਖਦੀ ਰਹਿੰਦੀ ਹੈ, "ਪਿਤਾ ਜੀ ਕਹਿੰਦੇ ਸੀ ਕਿ ਸਾਨੂੰ ਇਕ ਘਰੇਲੂ ਨੌਕਰ ਦੀ ਲੋੜ੍ਹ ਹੈ। ਜੇ ਇਹ ਵਿਹਲਾ ਹੈ ਤਾਂ ਇਸ ਨੂੰ ਮਹੱਲ ਭੇਜ ਦੇਣਾ। ਬਾਂਕਾ ਜਵਾਨ ਹੈ।ਮੈਂ ਇਸਦੀ ਸਿਫਾਰਸ਼ ਕਰ ਦੇਵਾਂਗੀ।"
"ਦੇਵ ਬਰੋਮ ਕੋਰਮ।" (ਧੰਨਵਾਦ) ਪਾਉਲਾ ਦਾ ਮਛੇਰਾ ਪਿਤਾ ਬੋਲਦਾ ਹੈ।
"ਤੁਕਾ ਮੇਲੋਂ ਕੁਸ਼ਲ ਜ਼ਲੋ।" (ਤੈਨੂੰ ਮਿਲ ਕੇ ਖੁਸ਼ੀ ਹੋਈ) ਪਾਉਲਾ ਨੂੰ ਨਖਰੇ ਨਾਲ ਕੋਂਕਣੀ ਭਾਸ਼ਾ ਵਿਚ ਇਹ ਆਖ ਕੇ ਡੋਨਾ ਆਪਣੀ ਜੁੱਤੀ ਪਹਿਨਦੀ ਹੈ ਤੇ ਉਥੋਂ ਤੁਰ ਪੈਂਦੀ ਹੈ। ਮਛੇਰੇ ਮੱਛੀਆਂ ਸਾਂਭਣ ਲੱਗ ਜਾਂਦੇ ਹਨ।
ਤੁਰੀ ਜਾਂਦੀ ਹੋਈ ਡੋਨਾ ਕਈ ਵਾਰ ਪਿੱਛੇ ਮੁੜ ਕੇ ਪਾਉਲਾ ਵੱਲ ਦੇਖਦੀ ਹੈ ਤੇ ਹਰ ਵਾਰ ਉਸਨੂੰ ਪਾਉਲਾ ਪਹਿਲਾਂ ਨਾਲੋਂ ਵੀ ਵਧੇਰੇ ਦਿਲਕਸ਼ ਦਿਖਾਈ ਦਿੰਦਾ ਹੈ। ਉਹ ਆਪਣੇ ਆਪਨੂੰ ਪਾਉਲਾ ਵੱਲ ਆਕਰਸ਼ਿਤ ਹੋਣ ਤੋਂ ਰੋਕ ਨਹੀਂ ਪਾਉਂਦੀ। ਪਾਉਲਾ ਵੀ ਡੋਨਾ ਦੀਆਂ ਸ਼ੋਖ ਅਦਾਵਾਂ ਦੀ ਕੁੰਡੀ ਵਿਚ ਫਸ ਜਾਂਦਾ ਹੈ।
ਸ਼ਾਮ ਨੂੰ ਪਾਉਲਾ ਉਮਦਾ ਮੱਛੀਆਂ ਦੀ ਟੋਕਰੀ ਲੈ ਕੇ ਵਾਇਸਰੌਇ ਦੇ ਕਿਲ਼੍ਹੇ ਵਿਚ ਚਲਿਆ ਜਾਂਦਾ ਹੈ।ਕਿਲ੍ਹੇ ਵਿਚ ਬਣੇ ਆਹਲੀਸ਼ਾਨ ਮਹੱਲ ਦੀ ਡਿਉੜੀ 'ਤੇ ਪਾਉਲਾ ਦਾ ਸਭ ਤੋਂ ਪਹਿਲਾ ਟਾਕਰਾ ਡੋਨਾ ਨਾਲ ਹੁੰਦਾ ਹੈ।
"ਆ ਗਿਐਂ? ਮੈਨੂੰ ਪਤਾ ਸੀ। ਤੂੰ ਜ਼ਰੂਰ ਆਵੇਂਗਾ।" ਡੋਨਾ, ਪਾਉਲਾ 'ਤੇ ਮੁਸਕਰਾਹਟ ਵਿਖਰੇਦੀ ਹੈ।
ਪਾਉਲਾ ਡਰਦਾ ਅਤੇ ਝਿਜਕਦਾ ਹੋਇਆ ਨੀਵੀਂ ਪਾ ਲੈਂਦਾ ਹੈ, "ਜੀ, ਇਹ ਲਾਟ ਸਾਹਿਬ ਲਈ ਨਜ਼ਰਾਨਾ ਲੈ ਕੇ ਆਇਆ ਹਾਂ।"
"ਅੰਦਰ ਲੈ ਆ।"
ਡੋਨਾ ਮੂਹਰੇ-ਮੂਹਰੇ ਤੇ ਪਾਉਲਾ ਉਸਦੇ ਪਿੱਛੇ-ਪਿੱਛੇ ਮਹੱਲ ਅੰਦਰ ਚਲੇ ਜਾਂਦੇ ਹਨ। ਪਾਉਲਾ ਮੱਛਲੀਆਂ ਵਾਲੀ ਟੋਕਰੀ ਵਾਈਸਰੌਇ ਦੇ ਕਦਮਾਂ ਵਿਚ ਧਰ ਕੇ ਸਿਰ ਝੁਕਾ ਕੇ ਵਾਈਸਰੌਇ ਨੂੰ ਸਿਜਦਾ ਕਰਦਾ ਹੈ।ਵਾਈਸਰੌਇ ਨੌਕਰ ਨੂੰ ਅਵਾਜ਼ ਮਾਰ ਕੇ ਉਹ ਟੋਕਰੀ ਬਾਵਰਚੀਖਾਨੇ ਵੱਲ ਲਿਜਾਣ ਵਾਸਤੇ ਆਖਦਾ ਹੈ।
ਪਾਉਲਾ ਵਾਈਸਰੌਇ ਤੋਂ ਰੁਖਸਤੀ ਦੀ ਇਜ਼ਾਜਤ ਮੰਗ ਕੇ ਜਾਣ ਲੱਗਦਾ ਹੈ ਤਾਂ ਡੋਨਾ ਉਸਨੂੰ ਰੋਕਦੀ ਹੋਈ ਕਹਿੰਦੀ ਹੈ, "ਜ਼ਰਾ ਠਹਿਰੋ।... ਪਿਤਾ ਜੀ ਇਹ ਉਹੀ ਹੈ, ਜਿਸ ਬਾਰੇ ਮੈਂ ਜ਼ਿਕਰ ਕੀਤਾ ਸੀ।"
"ਓ ਅੱਛਾ... ਅੱਛਾ।"ਵਾਈਸਰੌਇ ਪਾਉਲਾ ਵੱਲ ਨਿਰਖ ਨਾਲ ਸਿਰ ਤੋਂ ਪੈਰਾਂ ਤੱਕ ਤੱਕਦਾ ਹੈ।
"ਹੂੰ! ਕਾਠੀ ਤੇ ਢੀਲ-ਢੌਲ ਤਾਂ ਤੇਰੀ ਸੋਹਣੀਏ ਏ ਜੁਆਨਾ। ਕੀ ਨਾਂ ਹੈ ਤੇਰਾ?"
"ਮੋਜਮ ਪਾਉਲਾ।" (ਮੇਰਾ ਨਾਂ ਪਾਉਲਾ ਹੈ)
"ਕੀ ਕਰਦਾ ਹੁੰਦਾ ਹੈਂ?"
"ਜੀ ਪ੍ਰਦੇਸ ਤੋਂ ਹੁਣੇ ਹੀ ਵਾਪਸ ਆਇਆ ਹਾਂ। ਕਰਨਾ ਕੀ ਹੈ? ਉਹੀ ਕਰਾਂਗਾ ਜੋ ਬਾਪ ਦਾਦਾ ਕਰਦੇ ਆਏ ਹਨ। ਪਿਤਾ ਪੁਰਖੀ ਕਿੱਤਾ ਮੱਛੀਆਂ ਫੜ੍ਹਨ ਦਾ... ਹੋਰ ਕੀ।" ਪਾਉਲਾ ਗਰੀਬੜੀ ਜਿਹੀ ਅਵਾਜ਼ ਵਿਚ ਉੱਤਰ ਦਿੰਦਾ ਹੈ।
"ਦੇਖ ਬਈ, ਪਾਉਲਾ। ਸਾਨੂੰ ਬੰਦਰਗਾਹ 'ਤੇ ਢੋਹਾ-ਢੁਹਾਈ ਅਤੇ ਘਰੇਲੂ ਚਾਕਰੀ ਲਈ ਇਕ ਮਜ਼ਦੂਰ ਦੀ ਲੋੜ੍ਹ ਹੈ। ਤੈਨੂੰ ਪੱਕੀ ਤਨਖਾਹ ਦੇਵਾਂਗੇ ਤੇ ਵਾਧੂ ਸਮੇਂ ਤੂੰ ਮੱਛੀਆਂ ਫੜ੍ਹਨ ਚਲਾ ਜਾਇਆ ਕਰੀਂ।ਬੋਲ ਮੰਨਜ਼ੂਰ ਹੈ?" ਵਾਈਸਰੌਇ ਆਪਣੀ ਗਰਜ਼ਵੀ ਅਤੇ ਰੋਹਬਦਾਰ ਅਵਾਜ਼ ਵਿਚ ਗੜਕਦਾ ਹੈ।
"ਹਜ਼ੂਰ, ਤੁਸੀਂ ਮਾਈ ਬਾਪ ਹੋ ਮੈਂ ਤੁਹਾਨੂੰ ਇੰਨਕਾਰ ਕਰਨ ਵਾਲਾ ਕੌਣ ਹੁੰਦਾ ਹਾਂ।ਜੋ ਤੁਹਾਡਾ ਹੁਕਮ ਉਹ ਸਿਰ ਮੱਥੇ।"
"ਠੀਕ ਹੈ ਕੱਲ੍ਹ ਤੋਂ ਤੇਰੀ ਨੌਕਰੀ ਪੱਕੀ। ਸਵੇਰੇ ਤੜਕਸਾਰ ਸਾਡੇ ਕੋਲ ਹਾਜ਼ਰ ਹੋ ਜਾਵੀਂ।"
"ਜੀ ਜਨਾਬ।" ਆਖ ਕੇ ਪਾਉਲਾ ਉਥੋਂ ਚੱਲ ਪੈਂਦਾ ਹੈ। ਜਿਉਂ ਹੀ ਉਹ ਮਹੱਲ ਤੋਂ ਬਾਹਰ ਦਹਿਲੀਜ਼ 'ਤੇ ਪੈਰ ਰੱਖਦਾ ਹੈ ਤਾਂ ਪਿਛੀਉਂ ਇਕ ਮੱਧਮ ਜਿਹੀ ਸੁਰ ਵਿਚ ਅਵਾਜ਼ ਆਉਂਦੀ ਹੈ।
"ਐ ਮੇਛੇਰੇਤੂੰ ਨਹੀਂ ਜਾਣਦਾ ਕਿ ਤੂੰ ਅੱਜ ਕਿੰਨੀ ਕੀਮਤੀ ਤੇ ਵੱਡੀ ਮੱਛਲੀ ਫਸਾਈ ਹੈ!"
ਪਾਉਲਾ ਪਿੱਛੇ ਪਰਤ ਕੇ ਦੇਖਦਾ ਹੈ। ਡੋਨਾ ਖੜ੍ਹੀ ਬੁੱਲ੍ਹਾਂ ਵਿਚ ਮੁਸਕਾ ਰਹੀ ਹੁੰਦੀ ਹੈ। ਉਸਨੂੰ ਡੋਨਾ ਦਾ ਚਿਹਰਾ ਬਹੁਤ ਹੀ ਹੁਸੀਨ, ਮਾਸੂਮ ਅਤੇ ਪਿਆਰਾ ਲੱਗਦਾ ਹੈ। ਉਹ ਇਕ ਪਲ ਮੋਹਿਤ ਹੋ ਕੇ ਡੋਨਾ ਨੂੰ ਦੇਖ ਕੇ ਮੁਸਕਣੀਏ ਹੱਸਦਾ ਹੈ। ਪਰ ਫੇਰ ਅਗਲੇ ਹੀ ਪਲ ਸੰਭਲ ਕੇ ਉਸ ਤੋਂ ਨਜ਼ਰਾ ਚੁਰਾ ਲੈਂਦਾ ਹੈ।ਡੋਨਾ ਦਰਵਾਜ਼ਾ ਭੇੜ ਕੇ ਬੰਦ ਕਰ ਦਿੰਦੀ ਹੈ। ਡੋਨਾ ਦਾ ਅੰਗ-ਅੰਗ ਨੱਚਣ ਲੱਗ ਪੈਂਦਾ ਹੈ।
ਮਹੱਲ 'ਚੋਂ ਨਿਕਲ ਕੇ ਪਾਉਲਾ ਆਪਣੀ ਝੌਂਪੜੀ ਵਿਚ ਜਾਣ ਦੀ ਬਜਾਏ ਸਮੁੰਦਰ ਵੱਲ ਚਲ ਪੈਂਦਾ ਹੈ। ਕੁਝ ਦੇਰ ਪਹਿਲਾਂ ਸਾਰਾ ਦਿਨ ਮੱਛਲੀਆਂ ਫੜ੍ਹਦੇ ਰਹੇ ਹੋਣ ਕਾਰਨ ਉਸਦੇ ਹੱਢ-ਪੈਰ ਦੁਖਦੇ ਸਨ। ਪਰ ਹੁਣ ਜਿਵੇਂ ਉਸਦੀ ਸਾਰੀ ਥਕਾਵਟ ਕਾਫੂਰ ਹੋ ਗਈ ਹੋਵੇ। ਪਾਉਲਾ ਨੂੰ ਆਪਣੇ ਅੰਗਾਂ ਵਿਚ ਨਵੀਨ ਜੋਸ਼ ਸੰਚਾਰ ਕਰਦਾ ਮਹਿਸੂਸ ਹੋਣ ਲੱਗਾ।
ਸਮੁੰਦਰੀ ਤੱਟ 'ਤੇ ਲਹਿਰਾਂ ਨੂੰ ਸਾਹਿਲ ਨਾਲ ਅਠਖੇਲੀਆਂ ਕਰਦਿਆਂ ਦੇਖਦਾ ਹੋਇਆ ਉਹ ਆਪਣੇ ਅਤੇ ਡੋਨਾ ਦੇ ਮੁਸਤਕਬਿਲ ਮੁਅਤਲਕ ਸੋਚਣ ਲੱਗ ਪੈਂਦਾ ਹੈ।
ਅੱਜ ਪਾਉਲਾ ਦੇ ਬਾਪੂ ਨੇ ਪਾਉਲਾ ਨੂੰ ਦੱਸਿਆ ਸੀ ਕਿ ਡੋਨਾ ਨਿੱਕੀ ਹੁੰਦੀ ਆਪਣੇ ਪਿਤਾ ਨਾਲ ਪੁਰਤਗਾਲ ਤੋਂ ਇਥੇ ਗੋਵਯਮ (ਗੋਆ) ਆ ਗਈ ਸੀ।
"ਕੀ ਉਹ ਇਕ ਦਿਨ ਵਾਪਿਸ ਆਪਣੇ ਦੇਸ਼ ਚਲੀ ਜਾਵੇਗੀ?" ਪਾਉਲਾ ਨੇ ਆਪਣੀ ਸ਼ੰਕਾ ਨਿਰਵਿਰਤੀ ਲਈ ਬਾਪੂ ਤੋਂ ਪੁੱਛ ਲਿਆ ਸੀ।
"ਰੱਬ ਜਾਣੇ। ਹੋ ਸਕਦਾ ਲਾਟ ਸਾਬ੍ਹ ਨੂੰ ਹਾਕਮ ਵਾਪਿਸ ਬੁਲਾ ਲਵੇ ਤੇ ਫੇਰ ਤਾਂ ਸਾਰੇ ਪਰਿਵਾਰ ਨੂੰ ਵੀ ਉਸਦੇ ਨਾਲ ਹੀ ਆਪਣੇ ਦੇਸ਼ ਪਰਤਣਾ ਪਵੇਗਾ।"
ਇਸ ਪ੍ਰਕਾਰ ਦੇ ਵਿਚਾਰਾਂ ਨਾਲ ਜੂਝਦਿਆਂ ਪਾਉਲਾ ਸਮੁੰਦਰ ਦੀਆਂ ਆਉਂਦੀਆਂ ਜਾਂਦੀਆਂ ਲਹਿਰਾਂ ਵੱਲ ਨਿਗਾਹਾਂ ਗੱਡ ਕੇ ਉਹਨਾਂ ਵਿਚੋਂ ਆਪਣੀ ਆਉਣ ਵਾਲੀ ਜ਼ਿੰਦਗੀ ਦੇ ਅਰਥ ਤਲਾਸ਼ਣ ਲੱਗ ਪਿਆ।
ਜ਼ੋਰਦਾਰ ਇਕ ਛੱਲ ਸਮੁੰਦਰ ਵਿਚੋਂ ਆਉਂਦੀ ਤੇ ਕਿਨਾਰੇ ਨਾਲ ਭੱਜ ਕੇ ਬਗਲਗੀਰ ਹੁੰਦੀ... ਸੁੱਕੀ ਰੇਤ ਨੂੰ ਸਿਲਾ ਕਰਕੇ ਉਸ ਤੋਂ ਲੜ੍ਹ ਛੁਡਾ ਕੇ ਵਾਪਿਸ ਫਿਰ ਸਮੁੰਦਰ ਵਿਚ ਜਾ ਰਲਦੀ।ਪਾਉਲਾ ਆਪਣੀ, ਡੋਨਾ ਅਤੇ ਪੁਰਤਗਾਲ ਦੀ ਕ੍ਰਮਵਾਰ ਕਿਨਾਰੇ, ਛੱਲ ਤੇ ਸਮੁੰਦਰ ਨਾਲ ਤਸ਼ਵੀਹ ਦੇਣ ਲੱਗ ਪੈਂਦਾ ਹੈ। ਅਜਿਹਾ ਚਿਤਵਦਿਆਂ ਉਸਦਾ ਦਿਲ ਡੁੱਬਣ ਲੱਗਦਾ ਤੇ ਉਸਨੂੰ ਨਿੱਕੇ ਹੁੰਦਿਆਂ ਆਪਣੀ ਮਾਂ ਤੋਂ ਸੁਣੀ ਸ਼ਿਵਜੀ ਅਤੇ ਪਾਰਵਤੀ ਦੀ ਕਹਾਣੀ ਯਾਦ ਆ ਜਾਂਦੀ ਹੈ।ਜਦੋਂ ਸ਼ਿਵਜੀ ਜੂਏ ਵਿਚ ਆਪਣੀ ਪਤਨੀ ਪਾਰਵਤੀ ਤੋਂ ਹਾਰ ਜਾਂਦਾ ਹੈ ਤੇ ਆਪਣੀ ਹਾਰ ਦੀ ਨਾਮੋਸ਼ੀ ਨੂੰ ਨਾ ਸਹਾਰਦਿਆਂ ਧਰਤੀ ਦੇ ਇਸ ਹੀ ਟੁਕੜੇ ਗੋਵਾਪ੍ਰਸਥਾ (ਗੋਆ) 'ਤੇ ਬਣਵਾਸ ਕੱਟਣ ਆ ਜਾਂਦਾ ਹੈ। ਫਿਰ ਪਾਰਵਤੀ ਉਸਨੂੰ ਲੱਭਦੀ ਹੋਈ ਇਥੇ ਆਉਂਦੀ ਹੈ ਤੇ ਸ਼ਿਵਜੀ ਨੂੰ ਵਾਪਿਸ ਆਪਣੇ ਨਾਲ ਲੈ ਜਾਂਦੀ ਹੈ।ਇਸ ਖਿਆਲ ਨਾਲ ਪਾਉਲਾ ਆਪਣੇ ਆਪ ਨੂੰ ਸ਼ਿਵਜੀ ਤੇ ਡੋਨਾ ਨੂੰ ਪਾਰਵਤੀ ਸਮਝਣ ਲੱਗ ਪੈਂਦਾ ਹੈ। ਉਸਨੂੰ ਪੁਰਤਗਾਲ ਆਪਣਾ ਦੇਸ਼ ਜਾਪਣ ਲੱਗ ਪੈਂਦਾ ਹੈ, ਜਿਥੇ ਡੋਨਾ ਉਸਨੂੰ ਆਪਣੇ ਨਾਲ ਲੈ ਜਾਵੇਗੀ। ਪਾਉਲਾ ਨੂੰ ਹੌਂਸਲਾ ਹੋ ਜਾਂਦਾ ਹੈ ਤੇ ਉਹ ਰੇਤੇ ਤੋਂ ਉੱਠ ਕੇ ਆਪਣੀ ਝੌਂਪੜ-ਪੱਟੀ ਵੱਲ ਚੱਲ ਪੈਂਦਾ ਹੈ।
ਰਾਤ ਨੂੰ ਧਰਤੀ ਦੀ ਹਿੱਕ 'ਤੇ ਲੇਟਿਆਂ ਪਾਉਲਾ ਕਾਫੀ ਦੇਰ ਤੱਕ ਕਰਵਟਾਂ ਬਦਲਦਾ ਰਹਿੰਦਾ ਹੈ। ਉਸਦੀਆਂ ਅੱਖਾਂ ਵਿਚ ਨੀਂਦ ਦਾ ਕੋਈ ਨਾਮੋਨਿਸ਼ਾਨ ਨਹੀਂ ਹੁੰਦਾ। ਵਾਰ-ਵਾਰ ਡੋਨਾ ਦਾ ਕਿਹਾ  ਵਾਕ, "ਐ ਮੇਛੇਰੇ ਤੂੰ ਨਹੀਂ ਜਾਣਦਾ ਕਿ ਤੂੰ ਅੱਜ ਕਿੰਨੀ ਕੀਮਤੀ ਤੇ ਵੱਡੀ ਮੱਛਲੀ ਫਸਾਈ ਹੈ!" ਉਸ ਦੇ ਕੰਨ੍ਹਾਂ ਵਿਚ ਮਿਸਰੀ ਘੋਲ੍ਹਦਾ ਰਹਿੰਦਾ ਹੈ।ਪਾਉਲਾ ਚਾਹੇ ਪਲਕਾਂ ਬੰਦ ਕਰਦਾ ਜਾਂ ਖੋਲ੍ਹਦਾ, ਉਸਨੂੰ ਦੋਨੇ ਤਰ੍ਹਾਂ ਡੋਨਾ ਦਾ ਮੁਸਕਰਾਉਂਦਾ ਚਿਹਰਾ ਝਿਲਮਿਲਾਉਂਦਾ ਨਜ਼ਰ ਆਉਂਦਾ।ਕਦੇ ਕਦੇ ਉਹ ਇਕ ਪਾਸੇ ਭਾਰ ਹੋ ਕੇ ਆਪਣਾ ਹੱਥ ਜ਼ਮੀਨ 'ਤੇ ਫੇਰਦਾ ਤਾਂ ਕੱਕੇ ਰੇਤੇ ਉੱਤੇ ਫਿਰਦੇ ਉਸਦੇ ਹੱਥ ਨੂੰ ਮਹਿਸੂਸ ਹੁੰਦਾ ਜਿਵੇਂ ਉਹ ਡੋਨਾ ਦੇ ਕੂਲ੍ਹੇ ਪਿੰਡੇ ਨੂੰ ਸਹਿਲਾ ਰਿਹਾ ਹੋਵੇ।ਉਸ ਨੂੰ ਖੁਮਾਰ ਆਉਣ ਲੱਗਦਾ ਤੇ ਉਹ ਡੋਨਾ ਦੀ ਉਥੇ ਮੌਜੂਦਗੀ ਦੀ ਕਲਪਨਾ ਕਰਕੇ ਢਿੱਡ ਪਰਨੇ ਲੇਟ ਜਾਂਦਾ ਤੇ ਡੋਨਾ ਦੇ ਉੱਪਰ ਲੇਟਿਆ ਪਿਆ ਹੋਣ ਦਾ ਤਸਵਰ ਕਰਨ ਲੱਗ ਪੈਂਦਾ।ਇੰਝ ਖੁਆਬਾਂ ਖਿਆਲਾਂ ਦੀਆਂ ਬੁਣਤੀਆਂ ਬੁਣਦਿਆਂ ਉਸਦੀ ਰਾਤ ਗੁਜ਼ਰ ਜਾਂਦੀ ਹੈ।
ਪਹੁੰ ਫੁਟਦਿਆਂ ਹੀ ਪਾਉਲਾ ਬੇਸਭਰੇਪਨ ਦੇ ਆਲਮ ਵਿਚ ਮਹੱਲ ਜਾ ਪਹੁੰਚਦਾ ਹੈ।ਇਸ ਸੁੰਦਰ ਮਹੱਲ ਨੂੰ ਵਿਸ਼ਾਲ ਕਿਲ੍ਹੇ ਦੀ ਚਾਰ ਦਿਵਾਰੀ ਵਿਚ ਬੀਜਾਪੁਰ ਦੇ ਸੁਲਤਾਨ ਇਬਰਾਹੀਮ ਆਦਿਲ ਸ਼ਾਹ ਨੇ ਬਣਵਾਇਆ ਸੀ। ਕਿਲ੍ਹੇ ਦੇ ਚਾਰ-ਚੁਫੇਰੇ ਸੁਰੱਖਿਆ ਲਈ ਇਕ ਡੂੰਘੀ ਖਾਹੀ ਹੈ, ਜਿਸ ਵਿਚ ਹਮੇਸ਼ਾਂ ਪਾਣੀ ਭਰਿਆ ਰਹਿੰਦਾ ਹੈ। ਕਿਲ੍ਹੇ ਦੇ ਮੀਨਾਰ ਦੂਰੋਂ ਹੀ ਦਿਸ ਪੈਂਦੇ ਹਨ।
ਵਾਈਸਰੌਇ ਦਾ ਇਕ ਅਧਿਕਾਰੀ ਪਾਉਲਾ ਨੂੰ ਬਾਗਵਾਨੀ ਦੇ ਕੁਝ ਕੰਮ ਕਰਨ ਦਾ ਆਦੇਸ਼ ਦੇ ਕੇ ਮਹੱਲ ਅੰਦਰ ਚਲਾ ਜਾਂਦਾ ਹੈ। ਫੁੱਲ-ਬੁੱਟਿਆਂ ਨੂੰ ਪਾਣੀ ਦਿੰਦਿਆਂ ਡੋਨਾ ਦੇ ਦੀਦਾਰ ਦੀ ਜ਼ੁਸਤਜੂ ਵਿਚ ਪਾਉਲਾ ਦੀਆਂ ਨਜ਼ਰਾਂ ਬੇਲਗਾਮ ਹੋ ਕੇ ਵਾਰ-ਵਾਰ ਮਹੱਲ ਦੇ ਦਰਵਾਜ਼ੇ ਵੱਲ ਜਾਂਦੀਆਂ ਹਨ।ਹਰ ਵਾਰ ਪਾਉਲਾ ਨੂੰ ਦੋਨੋਂ ਕਿਵਾੜ ਜਦੋਂ ਬੰਦ ਦਿਖਾਈ ਦਿੰਦੇ ਹਨ ਤਾਂ ਉਹ ਘੋਰ ਨਿਰਾਸ਼ਾ ਵਿਚ ਡੁੱਬ ਜਾਂਦਾ ਹੈ।ਪੌਂਦਿਆਂ ਨੂੰ ਗੁੱਡ ਕੇ ਬਾਗ ਨੂੰ ਸਵਾਰਦਿਆਂ ਪਾਉਲਾ ਨੂੰ ਅੱਧੀ ਦਿਹਾੜੀ ਬੀਤ ਜਾਂਦੀ ਹੈ।ਗਰਮੀ ਪੂਰੇ ਜ਼ੋਰਾਂ 'ਤੇ ਹੁੰਦੀ ਹੈ।ਉਸਦਾ ਪੂਰਾ ਸ਼ਰੀਰ ਮੁੜ੍ਹਕੇ ਨਾਲ ਭਿੱਜ ਜਾਂਦਾ ਹੈ। ਦਮ ਲੈਣ ਲਈ ਉਹ ਕੰਮ ਵਿਚਾਲੇ ਛੱਡ ਕੇ ਖੜ੍ਹਾ ਹੁੰਦਾ ਹੈ ਤੇ ਇਕ ਹੱਥ ਨਾਲ ਮੱਥੇ ਤੋਂ ਜਿਉਂ ਹੀ ਪਸੀਨਾ ਪੂੰਝਦਾ ਹੋਇਆ ਉੱਪਰ ਵੱਲ ਦੇਖਦਾ ਹੈ ਤਾਂ ਮਹੱਲ ਦੀ ਛੱਤ 'ਤੇ ਉਸਨੂੰ ਗਿੱਲੇ ਵਾਲ ਕੱਪੜੇ ਨਾਲ ਪੂੰਝ ਰਹੀ ਡੋਨਾ ਦਿਖਾਈ ਦਿੰਦੀ ਹੈ। ਜਿਉਂ ਹੀ ਉਹ ਭਰ ਜੁਆਨ ਗੁੰਦਵੇਂ ਸਰੀਰ ਦੀ ਰੂੰਅ ਦੇ ਫੰਬੇ ਰੰਗੀ ਡੋਨਾ ਨੂੰ ਤੱਕਦਾ ਹੈ ਤਾਂ ਆਪ ਮੁਹਾਰੇ ਉਸਦੇ ਹੱਥੋਂ ਰੰਬਾ ਛੁੱਟ ਕੇ ਡਿੱਗ ਪੈਦਾ ਹੈ ਤੇ ਉਸਦੇ ਪੈਰ ਉੱਤੇ ਆ ਵਜਦਾ ਹੈ। ਖੁਰਪੇ ਦੀ ਸੱਟ ਲੱਗਣ ਨਾਲ ਉਹਦਾ ਧਿਆਨ ਡੋਨਾ ਵੱਲੋਂ ਹਟ ਕੇ ਆਪਣੇ ਪੈਰ ਵੱਲ ਚਲਾ ਜਾਂਦਾ ਹੈ।ਇਹ ਦ੍ਰਿਸ਼ ਦੇਖ ਕੇ ਡੋਨਾ ਖਿੜਖਿੜਾ ਕੇ ਹੱਸ ਪੈਂਦੀ ਹੈ।
ਪਾਉਲਾ ਭੁੰਜੇ ਬੈਠ ਕੇ ਆਪਣੇ ਪੈਰ ਨੂੰ ਘੁੱਟਣ ਲੱਗ ਜਾਂਦਾ ਹੈ।ਪੋਲੇ ਦੇ ਪੈਰ ਵਿਚੋਂ ਨਿਕਲਦਾ ਲਹੂ ਦੇਖ ਕੇ ਡੋਨਾ ਤ੍ਰਬਕ ਜਾਂਦੀ ਹੈ ਤੇ ਉਸ ਦੇ ਧੁਰ ਅੰਦਰੋਂ ਇਕ ਹਾਉਕਾ ਨਿਕਲਦਾ ਹੈ। ਦੂਰ ਬੈਠੇ ਹੋਣ ਦੇ ਬਾਵਜੂਦ ਵੀ ਪਾਉਲਾ ਨੂੰ ਡੋਨਾ ਦੇ ਮੁੱਖੋਂ ਨਿਕਲੀ "ਆਹ!" ਦੀ ਅਵਾਜ਼ ਐਨੀ ਉੱਚੀ ਤੇ ਸਪਸ਼ਟ ਸੁਣਾਈ ਦਿੰਦੀ ਹੈ, ਜਿਵੇਂ ਕਿਸੇ ਨੇ ਉਸਦੇ ਦੇ ਕੰਨਾਂ ਕੋਲ ਕਰ ਕੇ ਨਗਾਰਾ ਵਜਾਇਆ ਹੁੰਦਾ ਹੈ।ਇਸ ਆਹ!ਸ਼ਬਦ ਦਾ ਕੋਈ ਅਨੁਵਾਦ ਨਹੀਂ ਹੈ।ਸ਼ਾਇਦ ਇਹ ਇਕ ਅਜਿਹੀ ਅਵਾਜ਼ ਹੈ, ਜਿਹੜੀ ਸੱਟ ਲੱਗਣ ਤੇ ਮਨੁੱਖ ਦੇ ਮੂੰਹੋਂ ਆਪ-ਮੁਹਾਰੇ ਅਤੇ ਅਚੇਤ ਹੀ ਨਿਕਲ ਜਾਂਦੀ ਹੈ।
ਪਾਉਲਾ ਰੁੱਗ ਭਰ ਕੇ ਘਾਹ ਦੀਆਂ ਕੁਝ ਕਰੂਬਲਾਂ ਤੋੜ੍ਹਦਾ ਹੈ ਤੇ ਆਪਣੇ ਜ਼ਖਮ ਉੱਤੇ ਮਲ ਕੇ ਖੂਨ ਨੂੰ ਵਗਣ ਤੋਂ ਰੋਕਣ ਦਾ ਯਤਨ ਕਰਦਾ ਹੋਇਆ ਵਾਪਸ ਫਿਰ ਚੁਬਾਰੇ ਵੱਲ ਝਾਕਦਾ ਹੈ। ਡੋਨਾ ਉਥੋਂ ਆਲੋਪ ਹੋ ਚੁੱਕੀ ਹੁੰਦੀ ਹੈ।ਅਗਲੇ ਹੀ ਪਲ ਮਹੱਲ ਵਿਚੋਂ ਇਕ ਨੌਕਰ ਆਉਂਦਾ ਹੈ ਤੇ ਪਾਉਲਾ ਦੀ ਮਲ੍ਹਮ-ਪੱਟੀ ਕਰ ਦਿੰਦਾ ਹੈ। ਕੁਝ ਦੇਰ ਅਰਾਮ ਕਰਨ ਬਾਅਦ ਪਾਉਲਾ ਫਿਰ ਆਪਣੇ ਕੰਮ ਵਿਚ ਜੁੱਟ ਜਾਂਦਾ ਹੈ।
ਸਾਰਾ ਦਿਨ ਪਾਉਲਾ ਘੜੀ-ਮੁੜੀ ਮਹੱਲ ਦੇ ਦਰਵਾਜ਼ੇ ਅਤੇ ਛੱਤ ਵੱਲ ਝਾਤੀਆਂ ਮਾਰਦਾ ਹੈ। ਕਿੰਤੂ ਉਸਨੂੰ ਮੁੜ ਡੋਨਾ ਨਜ਼ਰ ਨਹੀਂ ਆਉਂਦੀ।ਸ਼ਾਮ ਢਲੀ ਕੰਮ ਤੋਂ ਛੁੱਟੀ ਕਰਕੇ ਉਹ ਘਰ ਚਲਾ ਜਾਂਦਾ ਹੈ।
ਅਗਲੇ ਦਿਨ ਪਾਉਲਾ ਨਵਾਂ ਉਤਸ਼ਾਹ ਲੈ ਕੇ ਮਹੱਲ ਵਿਚ ਪਹੁੰਚਦਾ ਹੈ।ਵਾਈਸਰੌਇ ਦਾ ਖਾਦਿਮ ਪਾਉਲਾ ਨੂੰ ਗਉੂਸ਼ਾਲਾਂ ਦੀ ਦੇਖਭਾਲ ਦੀ ਜ਼ਿੰਮੇਵਾਰੀ ਦੇ ਕੇ ਚਲਾ ਜਾਂਦਾ ਹੈ।ਪਾਉਲਾ ਸਾਰਾ ਦਿਨ ਗਊਆਂ ਨੂੰ ਪੱਠੇ ਪਾਉਂਦਿਆਂ, ਉਹਨਾਂ ਦਾ ਗੋਹਾ ਕੂੜਾ ਕਰਦਿਆਂ ਅਨੇਕਾਂ ਵਾਰ ਮਹੱਲ ਨੂੰ ਤਾੜਦਾ ਹੈ। ਉਸ ਨੂੰ ਡੋਨਾ ਦੀ ਇਕ ਵੀ ਝਲਕ ਦਿਖਾਈ ਨਹੀਂ ਦਿੰਦੀ।ਉਸ ਤੋਂ ਅਗਲੇ ਦਿਨ ਪਾਉਲਾ ਨੂੰ ਮਹੱਲ ਦੇ ਨਾਲ ਬਣੇ ਗੋਦਾਮ ਵਿਚ ਲਗਾ ਦਿੱਤਾ ਜਾਂਦਾ ਹੈ।ਸਾਰਾ ਦਿਨ ਢੋਹਾ-ਢੁਹਾਈ ਕਰਦਿਆਂ ਪਾਉਲਾ ਡੋਨਾ ਨੂੰ ਲੱਭਦਾ ਰਹਿੰਦਾ ਹੈ। ਕੰਮ ਭਾਵੇਂ ਉਹ ਗੋਦਾਮ ਵਿਚ ਕਰ ਰਿਹਾ ਹੁੰਦਾ ਹੈ, ਪਰ ਅੱਖ ਉਹਦੀ ਮਹੱਲ ਵੱਲ ਹੀ ਰਹਿੰਦੀ ਹੈ। ਲੇਕਿਨ ਡੋਨਾ ਦੀ ਇਕ ਝਾਤ ਵੀ ਉਸਨੂੰ ਨਸੀਬ ਨਹੀਂ ਹੁੰਦੀ।
ਕਈ ਦਿਨ ਬੀਤ ਜਾਂਦੇ ਹਨ। ਪਾਉਲਾ ਮਹੱਲ ਦੇ ਇਰਦ-ਗਿਰਦ ਆਪਣੀ ਚਾਕਰੀ ਵਿਚ ਰੁੱਝਿਆ ਰਹਿੰਦਾ ਹੈ, ਪਰ ਡੋਨਾ ਦੇ ਦਰਸ਼ਨ ਉਸ ਲਈ ਦੁਰਲਭ ਹੋ ਜਾਂਦਾ ਹਨ। ਉਹ ਮਾਯੂਸ ਹੋ ਜਾਂਦਾ ਹੈ। ਕੰਮਕਾਰ ਕਰਨ ਵਿਚ ਵੀ ਉਹਦੀ ਉਹ ਪਹਿਲਾਂ ਵਾਲੀ ਚੁਸਤੀ-ਫੁਰਤੀ ਨਹੀਂ ਰਹਿੰਦੀ। ਉਹ ਆਪਣੇ ਆਪ ਨੂੰ ਨਿਰਜ਼ਿੰਦ ਅਤੇ ਉਤਸ਼ਾਹਹੀਣ ਮਹਿਸੂਸ ਕਰਨ ਲੱਗ ਪੈਂਦਾ ਹੈ।
ਇੰਝ ਆਦਿਲਸ਼ਾਹੀ ਕਿਲ੍ਹੇ (ਹੁਣ ਇਹ ਕਿਲ਼੍ਹਾ ਖੰਡਰ ਬਣ ਚੁੱਕਾ ਹੈ) ਵਿਚਲੇ ਮਹੱਲ ਦੇ ਆਲੇ-ਦੁਆਲੇ ਚਾਕਰੀ ਕਰਦਿਆਂ ਪਾਉਲਾ ਨੂੰ ਕਈ ਦਿਨ ਬੀਤ ਜਾਂਦੇ ਹਨ। ਹਰ ਗੁਜ਼ਰਦੇ ਦਿਹਾੜੇ ਨਾਲ ਪਾਉਲਾ ਦੀ ਡੋਨਾ ਨੂੰ ਦੇਖਣ ਦੀ ਸਿੱਕ ਵਧਦੀ ਰਹਿੰਦੀ ਹੈ। ਲੇਕਿਨ ਪਾਉਲਾ ਲਈ ਡੋਨਾ ਦਾ ਮੁਖੜਾ ਦੇਖਣਾ ਅਣਣਬੁੱਝੀ ਬੁਝਾਰਤ ਬਣਿਆ ਰਹਿੰਦਾ ਹੈ।ਪਰ ਉਹ ਮਛੇਰਿਆਂ ਵਾਲੀ ਆਦਤ ਅਨੁਸਾਰ ਆਸ ਦੇ ਜਾਲ ਦੀਆਂ ਰਸੀਆਂ ਨਹੀਂ ਛੱਡਦਾ, ਮੱਛਲੀ ਕਦੇ ਵੀ ਉੱਪਰ ਆ ਸਕਦੀ ਹੈ। ਨਾਲੇ ਮੱਛੀ ਤੇ ਮੌਤ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ।
ਬਰਸਾਤ ਸ਼ੁਰੂ ਹੋਣ ਨਾਲ ਮੱਛੀ ਬੁੱਚੜਖਾਨੇ ਵਿਚ ਮੱਛੀਆਂ ਦੀ ਕਿੱਲਤ ਆ ਜਾਂਦੀ ਹੈ।ਜਿਸ ਨਾਲ ਵਾਈਸਰੌਇ ਦੀ ਆਮਦਨ ਵੀ ਘੱਟ ਜਾਂਦੀ  ਹੈ।ਵਾਈਸਰੌਇ ਪਾਉਲਾ ਨੂੰ ਮੱਛੀਆਂ ਫੜ੍ਹਨ ਲਈ ਕੁਝ ਦਿਨਾਂ ਦੀ ਛੁੱਟੀ ਦੇ ਦਿੰਦਾ ਹੈ।ਪਾਉਲਾ ਆਪਣੇ ਬਾਪੂ ਨਾਲ ਰੋਜ਼ ਮੱਛੀਆਂ ਫੜ੍ਹਨ ਜਾਣ ਲੱਗ ਪੈਂਦਾ ਹੈ।
ਮਹੱਲ ਦੇ ਚਾਰ-ਚੁਫੇਰੇ ਕੰਮ ਕਰਦੇ ਪਾਉਲਾ ਨੂੰ ਖਿੜਕੀ ਰਾਹੀਂ ਦੇਖ ਕੇ ਹੀ ਡੋਨਾ ਨੂੰ ਅਜ਼ੀਬ ਜਿਹਾ ਸਕੂਨ ਅਤੇ ਵਿਸਮਾਦ ਅਨੁਭਵ ਹੋਇਆ ਕਰਦਾ ਸੀ। ਪਾਉਲਾ ਦੇ ਪੈਰ ਤੇ ਰੰਬਾ ਵੱਜਣ ਵਾਲੀ ਘਟਨਾ ਤੋਂ ਬਾਅਦ ਕਦੇ ਵੀ ਉਸਨੇ ਪਾਉਲਾ ਦਾ ਸਾਹਮਣਾ ਨਹੀਂ ਸੀ ਕੀਤਾ। ਡੋਨਾ ਦੇ ਦਿਲ ਨੂੰ ਇਹ ਗਵਾਰਾ ਨਹੀਂ ਹੈ ਕਿ ਉਹ ਆਪਣੇ ਪਿਆਰੇ ਨੂੰ ਕੋਈ ਸੱਟ ਦੇਵੇ।ਪਾਉਲਾ ਸਾਰਾ ਦਿਨ ਉਸਦੀਆਂ ਅੱਖਾਂ ਸਾਹਮਣੇ ਹੁੰਦਾ ਸੀ। ਬਸ ਐਨੀ ਗੱਲ ਹੀ ਡੋਨਾ ਨੂੰ ਅਕਹਿ ਖੁਸ਼ੀ ਪ੍ਰਦਾਨ ਕਰਨ ਵਾਲੀ ਹੋ ਨਿਬੜਦੀ ਸੀ।
ਪਰ ਹੁਣ ਜਦ ਕਈ ਦਿਨਾਂ ਤੋਂ ਪਾਉਲਾ ਉਸਨੂੰ ਨਜ਼ਰ ਨਾ ਆਇਆ ਤਾਂ ਡੋਨਾ ਪਾਉਲਾ ਨੂੰ ਦੇਖਣ ਲਈ ਤੜਫ ਜਾਂਦੀ ਹੈ। ਉਸਨੂੰ ਜਦ ਪਤਾ ਲੱਗਾ ਕਿ ਪਾਉਲਾ ਮੱਛੀਆਂ ਫੜ੍ਹਨ ਲਈ ਜਾਣ ਲੱਗ ਪਿਆ ਹੈ ਤਾਂ ਇਕ ਦਿਨ ਬਿਆਕੁਲ ਹੋ ਕੇ ਉਹ ਸਮੁੰਦਰੀ ਤਟ ਤੇ ਚਲੀ ਜਾਂਦੀ ਹੈ। ਖੁਸ਼ਕਿਸਮਤੀ ਨਾਲ ਪਾਉਲਾ ਦੀ ਕਿਸ਼ਤੀ ਕੰਢੇ ਤੇ ਆ ਕੇ ਲੱਗੀ ਹੀ ਹੁੰਦੀ ਹੈ।ਪਾਉਲਾ ਤੇ ਉਸਦੇ ਸਾਥੀ ਮਛੇਰੇ ਰੱਸੇ, ਮੱਛੀਆਂ ਫੜ੍ਹਨ ਵਾਲੀਆਂ ਕੁੰਡੀਆਂ, ਜਾਲ, ਲੋਹੇ ਦੇ ਡੰਡੇ, ਮੱਛੀਆਂ ਝੰਬਣ ਵਾਲੇ ਬਰਛੇ, ਭਾਲੇ ਅਤੇ ਮਸਤੂਲ ਦੁਆਲੇ ਲਿਪਟਿਆ ਹੋਇਆ ਬਾਦਬਾਨ ਆਦਿਕ ਸਮਾਨ ਇੱਕਠਾ ਕਰ ਰਹੇ ਹੁੰਦੇ ਹਨ।
ਡੋਨਾ ਦੂਜੇ ਮਛੇਰਿਆਂ ਨਾਲ ਗੱਪਾਂ ਮਾਰਨ ਬਹਾਨੇ ਪਾਉਲਾ ਨਾਲ ਵੀ ਗੱਲਬਾਤ ਕਰਦੀ ਹੈ ਤੇ ਉਸਦੇ ਮਨ ਨੂੰ ਤਸਕੀਨ ਆ ਜਾਂਦਾ ਹੈ।
ਇਸ ਤੋਂ ਉਪਰੰਤ ਡੋਨਾ ਇਹ ਨਿਤਨੇਮ ਹੀ ਬਣਾ ਲੈਂਦੀ ਹੈ। ਨਿੱਤ ਦੁਪਿਹਰ ਨੂੰ ਡੋਨਾ ਸੈਰ ਬਹਾਨੇ ਮਹੱਲ ਵਿਚੋਂ ਨਿਕਲਦੀ ਤੇ ਉੱਚੀ ਪਹਾੜੀ ਤੇ ਖੜ੍ਹ ਕੇ ਦੂਰ ਸਮੁੰਦਰ ਵਿਚ ਮਛੇਰਿਆਂ ਦੀਆਂ ਕਿਸ਼ਤੀਆਂ ਨੂੰ ਦੇਖਦੀ ਰਹਿੰਦੀ ਹੈ। ਸ਼ਾਮ ਢਲੀ ਤੇ ਜਦ ਕਿਸ਼ਤੀਆਂ ਵਾਪਿਸ ਆਉਂਦੀਆਂ ਤਾਂ ਉਹ ਪਾਉਲਾ ਦੇ ਦਰਸ਼ਨ ਕਰਦੀ ਤੇ ਮਹੱਲ ਵਾਪਿਸ ਆ ਜਾਂਦੀ ਹੈ। ਇਉਂ ਦਿਨ ਮਹੀਨਿਆਂ ਵਿਚ ਤਬਦੀਲ ਹੋ ਜਾਂਦੇ ਹਨ।
ਪਾਉਲਾ ਨੂੰ ਦੇਖਣ, ਮਿਲਣ ਤੇ ਰਸਮੀ ਗੱਲਬਾਤ ਨਾਲ ਡੋਨਾ ਦਾ ਜੀਅ ਨਾ ਭਰਦਾ। ਉਸਦੇ ਅੰਦਰ ਪਾਉਲਾ ਨਾਲ ਰੱਜ ਕੇ ਗੱਲਾਂ ਕਰਨ ਦੀ ਰੀਝ ਨਿਸਦਿਨ ਦੂਣ-ਸਵਾਈ ਹੋਣ ਲੱਗਦੀ ਹੈ। ਮਛੇਰੇ ਬਹੁਤੇ ਹੋ ਜਾਣ ਕਾਰਨ ਬੁੱਚੜਖਾਨੇ ਵਿਚ ਮੱਛੀਆਂ ਦੀ ਭਰਮਾਰ ਹੋ ਜਾਂਦੀ ਹੈ ਤੇ ਮੱਛੀ ਦੀ ਵਿਕਰੀ ਘੱਟ ਜਾਂਦੀ ਹੈ। ਮੱਛੀਆਂ ਮੰਡੀ ਵਿਚ ਰੁਲਣ ਲੱਗਦੀਆਂ ਹਨ।ਵਾਈਸਰੌਇ ਮੱਛੀ ਸ਼ਿਕਾਰ ਤੇ ਪਾਬੰਦੀ ਲਾ ਦਿੰਦਾ ਹੈ।ਮਛੇਰੇ ਸਮੁੰਦਰ ਦੇ ਨੇੜ-ਤੇੜ ਵੀ ਨਹੀਂ ਭਟਕਦੇ।
ਡੋਨਾ ਨੂੰ ਪਾਉਲਾ ਨਾਲ ਮਿਲਿਆਂ ਕਈ ਦਿਨ ਬੀਤ ਜਾਂਦੇ ਹਨ। ਉਹ ਪਾਉਲਾ ਨੂੰ ਮਿਲਣ ਲਈ ਤਰਲੋ ਮੱਛੀ ਹੋ ਜਾਂਦੀ ਹੈ। ਜਦੋਂ ਇਕ ਦਿਨ ਉਸ ਤੋਂ ਨਹੀਂ ਰਹਿ ਹੁੰਦਾ ਤਾਂ ਉਹ ਪਾਉਲਾ ਨੂੰ ਮਿਲਣ ਲਈ ਮਛੇਰਿਆਂ ਦੀ ਬਸਤੀ ਵਿਚ ਚਲੀ ਜਾਂਦੀ ਹੈ।
ਖੱਲ ਲਾਹੀਆਂ ਮੱਛੀਆਂ ਦੇ ਵੰਢੇ ਖੰਭ ਅਤੇ ਕੰਡਿਆਂ ਜਾਂ ਲੂਣ ਲਗਾ ਕੇ ਸੁੱਕਣੇ ਪਏ ਮਾਸ ਦੀ ਦੁਰਗੰਦ ਤੋਂ ਵੀ ਡੋਨਾ ਨੂੰ ਉੱਕਾ ਹੀ ਸੂਗ ਨਹੀਂ ਆਉਂਦੀ। ਮਰੀਆਂ ਮੱਛੀਆਂ ਦੇ ਖੂਨ ਦਾ ਮੁਸ਼ਕ, ਕੱਢੀਆਂ ਅੰਤੜੀਆਂ ਤੇ ਗਲਫੜਿਆਂ ਦੀ ਸੜਾਂਦ, ਵੀ ਉਸਨੂੰ ਇਤਰ ਦੀ ਮਹਿਕ ਵਰਗੀ ਪ੍ਰਤੀਤ ਹੁੰਦੀ ਹੈ।ਉਹ ਮਛੇਰਿਆਂ ਨਾਲ ਖੂਬ ਨੱਚਦੀ, ਗਾਉਂਦੀ ਤੇ ਉਨ੍ਹਾਂ ਦੀ ਘਰ ਦੀ ਕੱਢੀ ਕਾਜੂਆਂ ਵਾਲੀ ਸ਼ਰਾਬ ਫੇਨੀ ਵੀ ਪੀਂਦੀ ਹੈ।ਪਾਉਲਾ ਦਾ ਪਰਿਵਾਰ ਡੋਨਾ ਨੂੰ ਰਿੰਨ੍ਹੀ ਹੋਈ ਮੱਛੀ, ਚਾਵਲ ਤੇ ਤਲੇ ਹੋਏ ਕੇਲਿਆਂ ਦਾ ਭੋਜਨ ਵੀ ਕਰਵਾਉਂਦਾ ਹੈ।ਪਾਉਲਾ ਦੀ ਮਾਂ ਡੋਨਾ ਨੂੰ ਨਾ ਸਿਰਫ ਨੱਥ ਤੇ ਸਾੜੀ ਤੋਹਫੇ ਵਜੋਂ ਦਿੰਦੀ ਹੈ, ਸਗੋਂ ਮਛੇਰਿਆਂ ਦੀਆਂ ਔਰਤਾਂ ਵਾਂਗ ਲਾਂਗੜੀ ਢੰਗ ਨਾਲ ਸਾੜੀ ਬੰਨ੍ਹਣ ਦੀ ਜਾਚ ਵੀ ਸਿਖਾਉਂਦੀ ਹੈ।
ਵਾਈਸਰੌਇ ਨੂੰ ਜਦੋਂ ਡੋਨਾ ਦੇ ਮਛੇਰਿਆਂ ਦੀ ਬਸਤੀ ਵਿਚ ਜਾਣ ਬਾਰੇ ਪਤਾ ਚਲਦਾ ਹੈ ਤਾਂ ਉਹ ਗੁੱਸੇ ਨਾਲ ਲਾਲ ਹੋ ਜਾਂਦਾ ਹੈ, “ਕੰਨ ਖੋਲ੍ਹ ਕੇ ਸੁਣ ਲੈ ਕੁੜੀਏ। ਇਹਨਾਂ ਛੋਟੇ ਲੋਕਾਂ ਨੂੰ ਬਹੁਤ ਮੂੰਹ ਨਹੀਂ ਲਾਈਦਾ ਹੁੰਦੈ। ਇਹ ਸਿਰ ਚੜ੍ਹ ਜਾਂਦੇ ਹਨ। ਸਾਨੂੰ ਰਈਸਾਂ ਨੂੰ ਇਹਨਾਂ ਦੀਆਂ ਝੁੱਗੀਆਂ-ਝੌਪੜੀਆਂ ਵਿਚ ਜਾਣਾ ਸ਼ੋਭਾ ਨਹੀਂ ਦਿੰਦਾ।
ਕੀ ਇਹ ਗਰੀਬ ਲੋਕ ਇੰਨਸਾਨ ਨਹੀਂ ਹੁੰਦੇ? ਅਸੀਂ ਕਿਸੇ ਹੋਰ ਮਿੱਟੀ ਤੇ ਇਹ ਹੋਰ ਮਿੱਟੀ ਦੇ ਬਣੇ ਨੇ?” ਡੋਨਾ ਆਪਣੇ ਪਿਤਾ ਨਾਲ ਜ਼ਿਰਹਾ ਤੇ ਉਤਰ ਆਉਂਦੀ ਹੈ।
ਵਾਈਸਰੌਇ ਮੂੰਹ ਵਿਚ ਭਰੇ ਕੌੜੇ ਥੁੱਕ ਨੂੰ ਥੁੱਕਦਾ ਹੈ, “ਜੁੱਤੀ ਦੀ ਜਗ੍ਹਾ ਪੈਰ ਵਿਚ ਹੁੰਦੀ ਹੈ, ਸਿਰ ਤੇ ਨਹੀਂ। ਅਸੀਂ ਸ਼ਾਸਕ ਹਾਂ ਤੇ ਇਹ ਸਾਡੇ ਗੁਲਾਮ ਨੇ। ਮੈਨੂੰ ਗੁਲਾਮਾਂ ਨਾਲ ਤੇਰਾ ਮੇਲ-ਜੋਲ ਬਿਲਕੁਲ ਪਸੰਦ ਨਹੀਂ ਹੈ। ਨਫਰਤ ਹੈ ਮੈਨੂੰ ਇਹਨਾਂ ਲੋਕਾਂ ਨਾਲ
ਨਫਰਤ ਤਾਂ ਪਿਤਾ ਜੀ ਇਹਨਾਂ ਲੋਕਾਂ ਨੂੰ ਸਾਡੇ ਨਾਲ ਕਰਨੀ ਚਾਹੀਦੀ ਹੈ। ਅਸੀਂ ਪੁਰਤਗਾਲ ਤੋਂ ਤਿਜ਼ਾਰਤ ਬਹਾਨੇ ਇਹਨਾਂ ਦੇ ਦੇਸ਼ ਵਿਚ ਆਏ ਤੇ ਧੋਖੇ ਨਾਲ ਇਹਨਾਂ ਉੱਤੇ ਹਕੁਮਤ ਕਰਨ ਲੱਗ ਪਏ। ਅਸੀਂ ਇਥੇ ਹੀ ਬਸ ਨਹੀਂ ਕੀਤੀ। ਜੈਸੂਏਟ ਮਿਸ਼ਨਰੀ ਨੂੰ ਆਪਣੇ ਵਤਨ ਵਿਚੋਂ ਬੁਲਾ ਕੇ ਇਹਨਾਂ ਦਾ ਧਰਮ ਪਰਿਵਰਤਣ ਵੀ ਕਰਵਾਉਣ ਲੱਗ ਪਏ।  ਇਹਨਾਂ ਨੂੰ ਇਸਾਈ ਬਣਾਉਣ ਲੱਗ ਪਏ। ਅਸੀਂ ਇਹਨਾਂ ਤੋਂ ਇਹਨਾਂ ਦਾ ਹਿੰਦੂ ਧਰਮ ਖੋਹ ਕੇ ਇਹਨਾਂ ਨੂੰ ਆਪਣਾ ਰੋਮਨ ਕੈਥੋਲਿਕ ਮਤ ਦੇ ਦਿੱਤਾ। ਅਸੀਂ ਇਹਨਾਂ ਦਾ ਮੰਦਰ ਢਾਹ ਕੇ ਉਥੇ ਆਪਣਾ ਆਵਰ ਲੇਡੀ ਔਫ ਮਿਰਕਲਜ਼’ (ਮਾਪਸਾ, ਗੋਆ ਵਿਚ ਸਥਿਤ ਇਹ ਚਰਚ 1594 ਵਿਚ ਬਣਿਆ ਸੀ।) ਚਰਚ ਬਣਾ ਲਿਆ। ਕੀ ਇਹ ਲੋਕ ਕਦੇ ਕੁਸਕੇ ਹਨ? ਫੇਰ ਇਹਨਾਂ ਨਾਲ ਨਫਰਤ ਕਿਉਂ? ਸਾਰਾ ਦਿਨ ਮੌਤ ਨਾਲ ਖੇਲ੍ਹ ਕੇ ਮੱਛੀਆਂ ਫੜ੍ਹਨ ਲਈ ਮਿਹਨਤ ਇਹ ਕਰਦੇ ਹਨ ਤੇ ਅਰਾਮ ਨਾਲ ਬੈਠੇ ਫਲ ਅਸੀਂ ਖਾਂਦੇ ਹਾਂ। ਨਫਰਤ ਤਾਂ ਇਹਨਾਂ ਨੂੰ ਸਾਨੂੰ ਕਰਨੀ ਚਾਹੀਦੀ ਹੈ।
ਮੈਨੂੰ ਕੁਝ ਨਹੀਂ ਪਤਾ। ਬਸ ਅੱਜ ਤੋਂ ਬਾਅਦ ਤੂੰ ਮਛੇਰਿਆਂ ਦੀ ਬਸਤੀ ਵਿਚ ਨਹੀਂ ਜਾਵੇਂਗੀ। ਲੱਗੀ ਸਮਝ?” ਵਾਈਸਰੌਇ ਆਪਣਾ ਹੁਕਮ ਡੋਨਾ ਤੇ ਝਾੜ ਦਿੰਦਾ ਹੈ।
ਠੀਕ ਹੈ ਪਿਤਾ ਜੀ, ਮੈਂ ਨਹੀਂ ਜਾਂਦੀ। ਪਰ ਕਦੇ-ਕਦੇ ਮਹੱਲ ਦੀ ਚਾਰ-ਦਿਵਾਰੀ ਵਿਚ ਮੇਰਾ ਸਾਹ ਘੁੱਟ ਹੋਣ ਲੱਗ ਜਾਂਦਾ ਹੈ। ਮੈਂ ਆਪਣੇ ਆਪ ਨੂੰ ਕੈਦ ਵਿਚ ਮਹਿਸੂਸ ਕਰਨ ਲੱਗ ਪੈਂਦੀ ਹਾਂ।
ਮੈਂ ਤੈਨੂੰ ਮਹੱਲ ਤੋਂ ਬਾਹਰ ਜਾਣ ਲਈ ਤਾਂ ਨਹੀਂ ਰੋਕਦਾ। ਜਦੋਂ ਤੇਰਾ ਦਿਲ ਕਰੇ ਤੂੰ ਬਾਹਰ ਜਾ ਸੈਰ ਕਰ ਆਇਆ ਕਰ। ਤਾਜ਼ੀ ਹਵਾ ਖਾਣ ਨਾਲ ਦਿਮਾਗ ਤੰਦਰੁਸਤ ਬਣਦਾ ਹੈ।
ਡੋਨਾ ਆਪਣੀ ਅਗਲੀ ਚਾਲ ਚਲਦੀ ਹੈ, “ਮੇਰਾ ਸਮੁੰਦਰ ਦੀ ਸੈਰ ਕਰਨ ਨੂੰ ਬਹੁਤ ਮਨ ਕਰਦਾ ਹੈ।
ਠੀਕ ਹੈ ਮੈਂ ਰੋਜ਼ਾਨਾ ਤੇਰੇ ਲਈ ਸਮੁੰਦਰ ਦੀ ਸੈਰ ਦਾ ਬੰਦੋਬਸਤ ਕਰ ਦਿੰਦਾ ਹਾਂ।
ਵਾਈਸਰੌਇ ਸੁਨੇਹਾ ਭੇਜ ਕੇ ਪਾਉਲਾ ਨੂੰ ਬੁਲਾ ਲੈਂਦਾ ਹੈ ਤੇ ਡੋਨਾ ਨੂੰ ਰੋਜ਼ ਸਮੁੰਦਰ ਦੀ ਸੈਰ ਕਰਵਾਉਣ ਦਾ ਹੁਕਮ ਦੇ ਦਿੰਦਾ ਹੈ।
ਪਾਉਲਾ ਬਿਨ ਨਾਗਾ ਡੋਨਾ ਨੂੰ ਆਪਣੀ ਕਿਸ਼ਤੀ ਵਿਚ ਬੈਠਾ ਕੇ ਸਮੁੰਦਰ ਦੀ ਸੈਰ ਕਰਵਾਉਣ ਲੈ ਜਾਣ ਲੱਗ ਪੈਂਦਾ ਹੈ। ਦੂਰ ਸਮੁੰਦਰ ਦੇ ਵਿਚ ਕਿਸ਼ਤੀ ਖੜ੍ਹਾ ਕੇ ਉਹ ਜੀਅ ਭਰ ਕੇ ਗੱਲਾਂ ਕਰਦੇ ਰਹਿੰਦੇ ਹਨ।ਉਹਨਾਂ ਦੀਆਂ ਗੱਲਾਂ ਮੌਸਮ ਜਾਂ ਲਹਿਰਾਂ ਦੀ ਡੂੰਘਾਈਆਂ ਤੋਂ ਆਰੰਭ ਹੋ ਕੇ ਇਕ ਦੂਜੇ ਦੇ ਗੁਣ-ਗਾਨ ਤੱਕ ਅੱਪੜ ਜਾਂਦੀਆਂ।ਕਦੇ-ਕਦਾਈ ਉੱਠਣ ਵਾਲੀਆਂ ਘੁੰਮਣ-ਘੇਰੀਆਂ ਨੂੰ ਛੱਡ ਕੇ ਆਮ ਤੌਰ ਤੇ ਸਮੁੰਦਰ ਸ਼ਾਂਤ ਹੁੰਦਾ ਹੈ। ਦਿਨ ਮਹੀਨਿਆਂ ਸਾਲਾਂ ਵਿਚ ਉਹਨਾਂ ਦਾ ਪਿਆਰ ਪੁੰਗਰਦਾ ਹੋਇਆ ਘਣਾ ਦਰਖਤ ਬਣ ਜਾਂਦਾ ਹੈ।ਸਮਾਂ ਆਪਣੀ ਤੋਰ ਤੁਰਦਾ ਜਾਂਦਾ ਹੈ ਅਤੇ ਡੋਨਾ ਤੇ ਪਾਉਲਾ ਦਾ ਪਿਆਰ ਸਮੇਂ ਦੇ ਕਦਮ ਨਾਲ ਕਦਮ ਮਿਲਾਉਂਦਾ ਆਪਣੀ ਤੋਰ ਤੁਰਦਾ ਜਾਂਦਾ ਹੈ।
ਪਰਤਗਾਲ ਦੇ ਇਕ ਧਨਾਢ ਵਪਾਰੀ ਦਾ ਪੁੱਤਰ ਅਲਵੋਰ ਦਾ ਸਾਮੰਤ ਫਰੈਂਸਿਸਕੋ ਡੀ ਟਿਵੋਰਾ ਵਾਈਸਰੌਇ ਕੋਲ ਆ ਜਾਂਦਾ ਹੈ। ਉਸਦੀ ਕਾਬਲੀਅਤ, ਹੈਸੀਅਤ ਅਤੇ ਰੁਤਬਾ ਦੇਖ ਕੇ ਸੂਟੋ ਮਾਇਓਰ ਘਰਾਨੇ ਦੇ ਚਸ਼ਮ ਚਿਰਾਗ ਫਰੈਂਸਿਸਕੋ ਨਾਲ  ਡੋਨਾ ਦਾ ਪਿਤਾ ਡੋਨਾ ਦਾ ਰਿਸ਼ਤਾ ਪੱਕਾ ਕਰ ਦਿੰਦਾ ਹੈ। ਜਦੋਂ ਡੋਨਾ ਨੂੰ ਇਸ ਗੱਲ ਦਾ ਪਤਾ ਚੱਲਦਾ ਹੈ ਤਾਂ ਉਸਨੂੰ ਅਣਕਿਸੀ ਮੁਸੀਬਤ ਆ ਪੈਣ ਕਾਰਨ ਭੁਚਾਲੀ ਝਟਕਾ ਲੱਗਦਾ ਹੈ। ਉਸ ਨੇ ਆਪਣੀ ਜ਼ਿੰਦਗੀ ਵਿਚ ਅਜਿਹੀ ਘਟਨਾ ਵਾਪਰਨ ਦਾ ਕਦੇ ਇੰਤਖਾਬ ਵੀ ਨਹੀਂ ਕੀਤਾ ਹੁੰਦਾ। ਉਹ ਤਾਂ ਪਾਉਲਾ ਨਾਲ ਆਪਣੇ ਭਵਿਖ ਦੇ ਮਹੱਲ ਉਸਾਰੀ ਬੈਠੀ ਹੁੰਦੀ ਹੈ। ਡੋਨਾ ਨੂੰ ਇਸ ਚੱਕਰਵਿਊ ਵਿਚੋਂ ਨਿਕਲਣ ਦਾ ਕੋਈ ਨਿਕਾਸ ਮਾਰਗ ਨਜ਼ਰ ਨਹੀਂ ਆਉਂਦਾ। ਡੋਨਾ ਨੂੰ ਇਸ ਗੱਲ ਦਾ ਵੀ ਇਲਮ ਤੇ ਅੰਦਾਜ਼ਾ ਹੁੰਦਾ ਹੈ ਕਿ ਉਸ ਦਾ ਬਾਪ ਕਦੇ ਵੀ ਉਸਦੀ ਸ਼ਾਦੀ ਪਾਉਲਾ ਨਾਲ ਕਰਨ ਲਈ ਸਹਿਮਤ ਨਹੀਂ ਹੋਵੇਗਾ।
ਧੱਕੇ ਨਾਲ ਡੋਨਾ ਦੀ ਫਰੈਂਸਿਸਕੋ ਨਾਲ ਮੰਗਣੀ ਕਰ ਦਿੱਤੀ ਜਾਂਦੀ ਹੈ। ਡੋਨਾ ਕਈ ਦਿਨ ਮਹੱਲ ਵਿਚੋਂ ਬਾਹਰ ਨਹੀਂ ਜਾਂਦੀ ਤੇ ਆਪਣੇ ਕਮਰੇ ਵਿਚ ਪਈ ਦਿਨ ਰਾਤ ਰੋਂਦੀ ਰਹਿੰਦੀ ਹੈ।
ਪਾਉਲਾ ਸਮੁੰਦਰੀ ਤਟ ਤੇ ਨਿੱਤ ਕਿਸ਼ਤੀ ਲੈ ਕੇ ਡੋਨਾ ਨੂੰ ਉਡੀਕਦਾ ਰਹਿੰਦਾ ਹੈ ਤੇ ਜਦੋਂ ਉਹ ਨਹੀਂ ਆਉਂਦੀ ਤਾਂ ਨਿਰਾਸ਼ ਹੋ ਕੇ ਢਲਦੇ ਸੂਰਜ ਵਾਂਗ ਢੈਲਾ ਜਿਹਾ ਹੋ ਕੇ ਆਪਣੇ ਘਰ ਨੂੰ ਪਰਤ ਜਾਂਦਾ ਹੈ।
ਸਗਾਈ ਦਾ ਕੁਝ ਦਿਨ ਮਾਤਮ ਮਨਾਉਣ ਉਪਰੰਤ ਡੋਨਾ ਨੂੰ ਪਾਉਲਾ ਦਾ ਖਿਆਲ ਆਉਂਦਾ ਹੈ। ਉਹ ਇਕ ਸ਼ਾਮ ਨੂੰ ਆਪਣੀ ਨੌਕਰਾਨੀ ਰਾਹੀਂ ਪਾਉਲਾ ਨੂੰ ਸੁਨੇਹਾ ਘੱਲਦੀ ਹੈ।
ਅਗਲੀ ਸਵੇਰ ਪਾਉਲਾ ਕਿਸ਼ਤੀ ਕੋਲ ਡੋਨਾ ਨੂੰ ਉਡੀਕ ਰਿਹਾ ਹੁੰਦਾ ਹੈ। ਕਿਸ਼ਤੀ ਵਿਚ ਸਵਾਰ ਹੋ ਕੇ ਉਹ ਦੋਨੋਂ ਜਣੇ ਸਮੁੰਦਰੀ ਸਫਰ ਸ਼ੁਰੂ ਕਰ ਦਿੰਦੇ ਹਨ। ਦੋਨੋਂ ਆਪੋ ਆਪਣੀਆਂ ਸੋਚਾਂ ਵਿਚ ਗੁੰਮ ਰਹਿੰਦੇ ਹਨ। ਨਾ ਡੋਨਾ ਕੁਝ ਬੋਲਦੀ ਹੈ ਤੇ ਨਾ ਪਾਉਲਾ ਆਪਣੀ ਖਾਮੋਸ਼ੀ ਤੋੜ੍ਹਦਾ ਹੈ।ਸਿਰਫ ਚੱਪੂਆਂ ਦੇ ਚੱਲਣ ਤੇ ਲਹਿਰਾਂ ਦੀ ਖਲਬਲੀ ਦੀ ਸੰਗੀਤਮਈ ਅਵਾਜ਼ ਹੀ ਵਾਤਾਵਰਨ ਵਿਚ ਗੂੰਝ ਰਹੀ ਹੁੰਦੀ ਹੈ।
ਮਲਾਹ ਬਣਿਆ ਪਾਉਲਾ ਚੱਪੂ ਚਲਾਉਂਦਾ ਰਹਿੰਦਾ ਹੈ।ਉਸਨੂੰ ਦਿਸ਼ਾ ਦੀ ਜਾਣਕਾਰੀ ਲੈਣ ਲਈ ਕਿਸੇ ਯੰਤਰ (ਕੰਪਾਸੀ) ਦੀ ਲੋੜ੍ਹ ਨਹੀਂ ਪੈਂਦੀ। ਹਵਾ ਦੀ ਛੋਹ ਤੇ ਬਾਦਬਾਨ ਦੀ ਖਿੱਚ ਤੋਂ ਹੀ ਉਹ ਦਿਸ਼ਾ ਦਾ ਅੰਦਾਜ਼ਾ ਲਗਾ ਲੈਂਦਾ ਹੈ।
ਪਾਉਲਾ ਦਾ ਦਿਮਾਗ ਘਾੜਤਾ ਘੜ੍ਹਦਾ ਹੋਇਆ ਕਹਿੰਦਾ ਹੈ, “ਕਿੱਥੇ ਤੂੰ ਇਕ ਮਾਮੂਲੀ ਗਰੀਬ ਮਛੇਰਾ ਤੇ ਕਿਥੇ ਡੋਨਾ ਲਾਟ ਸਾਹਿਬ ਦੀ ਪੁੱਤਰੀ! ਕੀ ਮੇਲ ਹੈ ਤੁਹਾਡਾ? ਬਸ ਇਹ ਸਮਝ ਲੈ ਤੂੰ ਸਾਹਿਲ ਹੈ ਤੇ ਡੋਨਾ ਮਾਲਕਿਨ ਇਕ ਛੱਲ ਜਿਸ ਨੇ ਤੇਰੇ ਨਾਲ ਆ ਕੇ ਮਿਲਣਾ ਸੀ ਤੇ ਤੈਨੂੰ ਸੁੱਕੇ ਹੋਏ ਨੂੰ ਮੁਹੱਬਤ ਨਾਲ ਤਰ ਕਰਕੇ ਫਿਰ ਵਾਪਸ ਸਮੁੰਦਰ ਵਿਚ ਜਾ ਰਲਣਾ ਸੀ। ਇਹੀ ਦੁਨੀਆਵੀ ਸੱਚ ਹੈ!!!
ਦੂਜੇ ਪਾਸੇ ਡੋਨਾ ਦੇ ਜ਼ਿਹਨ ਵਿਚ ਕਸ਼ਮਕਸ਼ ਚਲਦੀ ਹੈ, “ਡੋਨਾ ਤੂੰ ਇਸ ਅਰਬ ਸਾਗਰ ਵਾਂਗ ਹੈਂ, ਪਾਉਲਾ ਜ਼ੁਆਰੀ ਤੇ ਫਰੈਂਸਿਸਕੋ ਮਾਨਡੋਵੀ ਉਹ ਦੋ ਦਰਿਆ ਹਨ, ਜਿਨ੍ਹਾਂ ਨੇ ਤੇਰੇ ਵਿਚ ਆ ਕੇ ਮਿਲਣਾ ਹੈਸਮਿਲਤ ਹੋਣਾ ਹੈ। ਸਮੇਂ ਦਾ ਇਹੋ ਸੱਚ ਹੈ!!!
ਅਚਾਨਕ ਪਾਉਲਾ ਕਿਸ਼ਤੀ ਰੋਕ ਦਿੰਦਾ ਹੈ।
ਡੋਨਾ ਖਿਆਲੀ ਸੰਸਾਰ ਚੋਂ ਨਿਕਲ ਕੇ ਬਾਹਰ ਆਉਂਦੀ ਹੈ  ਕਿਸ਼ਤੀ ਕਿਉਂ ਰੋਕ ਦਿੱਤੀ?”
ਇਸ ਤੋਂ ਅੱਗੇ ਲਾਟ ਸਾਹਿਬ ਦਾ ਇਲਾਕਾ ਖਤਮ ਹੋ ਜਾਂਦਾ ਹੈ।
ਫੇਰ ਕੀ ਹੈ? ਚੱਲ ਅੱਜ ਮੈਂ ਦੂਰ ਬਹੁਤ ਦੂਰ ਜਾ ਕੇ ਸਮੁੰਦਰ ਦੇਖਣਾ ਚਾਹੁੰਦੀ ਹਾਂ।ਡੋਨਾ ਹੁਕਮ ਦਿੰਦੀ ਹੈ।
ਪਾਉਲਾ ਹੌਲੀ-ਹੌਲੀ ਕਿਸ਼ਤੀ ਤੋਰ ਲੈਂਦਾ ਹੈ।ਪਤਵਾਰ ਦੀ ਹੱਥੀ ਨੂੰ ਬਾਂਹ ਹੇਠ ਰੱਖ ਕੇ ਉਹ ਬੇੜੀ ਚਲਾਉਂਦਾ ਜਾਂਦਾ ਹੈ।ਧੀਮੀ ਚਾਲ ਵਿਚ ਕਿਸ਼ਤੀ ਕੁਝ ਦੇਰ ਚਲਦੀ ਰਹਿੰਦੀ ਹੈ।
ਕੀ ਗੱਲ ਤੇਜ਼ ਕਿਉਂ ਨਹੀਂ ਚਲਾਉਂਦਾ? ਥੱਕ ਗਿਆ ਹੈਂ ਤਾਂ ਮੈਂ ਮਦਦ ਕਰਾਂ?”
ਡੋਨਾ ਆਪਣੀ ਜਗ੍ਹਾ ਤੋਂ ਉੱਠਦੀ ਹੈ ਤੇ ਜਾ ਕੇ ਪਾਉਲਾ ਦੇ ਪੱਟਾਂ ਵਿਚ ਬੈਠ ਕੇ ਚੱਪੂ ਚਲਾਉਂਦੇ ਉਹਦੇ ਦੋਨਾਂ ਹੱਥ ਉੱਪਰ ਹੱਥ ਰੱਖ ਕੇ ਪਾਉਲਾ ਦੀ ਚੱਪੂ ਚਲਾਉਣ ਵਿਚ ਮਦਦ ਕਰਨ ਲੱਗ ਜਾਂਦੀ ਹੈ।
ਪਾਉਲਾ ਘਬਰਾ ਜਾਂਦਾ ਹੈ, “ਮਾਲਕਿ, ਇਹ ਤੁਸੀਂ ਕੀ ਕਰ ਰਹੇ ਹੋ? ਕਿਸੇ ਨੇ ਦੇਖ ਲਿਆ ਤਾਂ
ਡੋਨਾ ਵਿਚੋਂ ਟੋਕਦੀ ਹੈ, “ਸ਼ੱਸ਼ਸ਼ੀਅ! ਕੋਈ ਨਹੀਂ ਦੇਖਦਾ। ਇਥੇ ਸਿਰਫ ਉਹੀ ਦਿਸੇਗਾ, ਜੋ ਆਪਾਂ ਦੇਖਣਾ ਚਾਹਾਂਗੇ।ਓਅ ਦੇਖ ਗੋਵਯਮ ਇਥੋਂ ਤੇਰੀ ਬੁੱਕਲ ਵਿਚ ਬੈਠਿਆਂ ਕਿੰਨਾ ਖੂਬਸੂਰਤ ਦਿਖਾਈ ਦਿੰਦਾ ਹੈ। ਬਣਾਉਣ ਵਾਲੇ ਨੇ ਇਸ ਧਰਤੀ ਨੂੰ ਕੀ ਸੋਚ ਕੇ ਬਣਾਇਆ ਹੋਵੇਗਾ?”
ਕਹਿੰਦੇ ਨੇ ਮਤਸਯ ਪੁਰਾਣ ਵਿਚ ਲਿਖਿਆ ਹੈ ਕਿ ਭਗਵਾਨ ਵਿਸ਼ਨੂੰ ਦੇ ਛੇਵੇਂ ਅਵਤਾਰ ਸ਼ਿਵ ਭਗਤ ਪਰਸ਼ੁਰਾਮ ਦਾ ਜਨਮ ਰਾਮ ਚੰਦਰ ਤੋਂ ਵੀ ਪਹਿਲਾਂ ਤ੍ਰੇਤਾ ਯੁੱਗ ਵਿਚ ਜਮਦਗਨਿ ਬ੍ਰਾਹਮਣ ਅਤੇ ਰੇਣੁਕਾ ਦੇ ਘਰ ਹੋਇਆ ਸੀ। ਉਸਨੇ ਦੁਆਪਰ ਯੁੱਗ ਵਿਚ ਕਰਣ ਨੂੰ ਅਸਤ੍ਰਵਿੱਦਿਆ ਸਿਖਾਈ ਸੀ ਤੇ ਉਸਦਾ ਭੀਸ਼ਮ ਪਿਤਾਮਾ ਨਾਲ ਯੁੱਧ ਵੀ ਹੋਇਆ ਸੀ।ਮਾਤਾ ਦੇ ਕੁਸ਼ਿਕ ਵੰਸ਼ ਕਾਰਨ ਇਹ ਕੌਸ਼ਿਕ ਵੰਸ਼ੀ ਵਜੋਂ ਜਾਣਿਆ ਜਾਂਦਾ ਸੀ।ਸ਼ਿਵਜੀ ਨੇ ਵਰਦਾਨ ਦੇ ਰੂਪ ਵਿਚ ਇਸ ਨੂੰ ਦਿਵਯਅਸਤਰ ਪਰਸ਼ੁ (ਕੁਹਾੜਾ) ਦਿੱਤਾ ਸੀ। ਹੈਹਯਵੰਸ਼ ਦੇ ਰਾਜਾ ਅਰਜੁਨ ਨੇ ਜਦੋਂ ਉਸ ਦੇ ਪਿਤਾ ਨੂੰ ਮਾਰ ਦਿੱਤਾ ਤਾਂ ਉਸਨੇ ਪ੍ਰਿਥਵੀ ਦੇ ਸਾਰੇ ਖੱਤਰੀਆਂ ਨੂੰ ਮਾਰ  ਕੇ ਖਤਮ ਕਰ ਦਿੱਤਾ ਤੇ ਧਰਤੀ ਬ੍ਰਾਹਮਣਾਂ ਨੂੰ ਦਾਨ ਵਿਚ ਦੇ ਦਿੱਤੀ। ਦਾਨ ਕੀਤੀ ਧਰਤੀ ਉੱਤੇ ਉਹ ਰਹਿ ਨਹੀਂ ਸੀ ਸਕਦਾ, ਇਸ ਲਈ ਉਸਨੇ ਸਮੁੰਦਰ ਵਿਚ ਸੱਤ ਤੀਰ ਮਾਰੇ ਸਮੁੰਦਰ ਪਿੱਛੇ ਹੱਟ ਗਿਆ। ਪਰਸ਼ੁਰਾਮ ਨੇ ਉਸ ਜਗ੍ਹਾ ਬੈਠ ਕੇ ਤਪ ਕੀਤਾ ਤੇ 96 ਬ੍ਰਾਹਮਣ ਪਰਿਵਾਰਾਂ ਨੂੰ ਉਥੇ ਵਸਾਇਆ (ਇਸ ਜਗ੍ਹਾ ਹੁਣ ਗੋਆ ਦਾ ਬੇਨਾਲੀ Benaulin ਪਿੰਡ ਵਸਿਆ ਹੋਇਆ ਹੈ)। ਇਹ ਗੋਵਯਮ ਉਹੀ ਸਥਾਨ ਹੈ। ਉਸਨੇ ਇਸਦਾ ਨਾਮ ਗੋਪਕਾਪਟਨਮ ਰੱਖਿਆ ਸੀ।  ਮਹਾਭਾਰਤ ਵਿਚ ਇਸ ਦਾ ਨਾਂ ਗੋਮਾਨਤਾ ਆਉਂਦਾ ਹੈ।ਫਿਰ ਕ੍ਰਿਸ਼ਨ ਨੇ ਮਗਧ ਨਰੇਸ਼ ਜਰਾਸਿੰਧ ਨੂੰ ਇਥੇ ਹਰਾਇਆ ਤਾਂ ਇਸ ਦਾ ਨਾਂ ਗੋਮਾਨਚਲ ਸੀ। ਉਸ ਤੋਂ ਬਾਅਦ ਗਊ ਪਾਲਕ ਕ੍ਰਿਸ਼ਨ ਨੇ ਇਸ ਨੂੰ ਗੋਪਕਪੁਰੀ ਵਜੋਂ ਪ੍ਰਸਿੱਧ ਕਰ ਦਿੱਤਾ। ਗੋਪਕਪੁਰੀ ਤੋਂ ਵਿਗੜ ਕੇ ਗੋਵਾਪੁਰੀ, ਗੋਵਮਾਨਚਲ ਹੁੰਦਾ ਅੱਜ ਇਹ ਗੋਵਯਮ ਬਣ ਗਿਆ ਹੈਬੋਲਦਾ ਬੋਲਦਾ ਪੋਅਲਾ ਰੁੱਕ ਕੇ ਡੁੰਗਾ ਸਾਹ ਲੈਂਦਾ ਹੈ।
ਡੋਨਾ ਪੋਅਲਾ ਵੱਲ ਹੈਰਾਨੀ ਨਾਲ ਦੇਖਦੀ ਹੈ, “ਤੈਨੂੰ ਇਹ ਸਭ ਕਿਵੇਂ ਪਤਾ ਹੈ?”
ਸਾਡੇ ਪੁਰਾਣੇ ਬ੍ਰਾਹਮਣ ਲੋਕ ਦੱਸਦੇ ਹਨ।
ਇਹ ਤਾਂ ਮਿਥਿਹਾਸ ਸੀ। ਇਸ ਤੋਂ ਅੱਗੇ ਦਾ ਇਤਿਹਾਸ ਮੈਂ ਜਾਣਦੀ ਹਾਂ। ਆਰੀਅਨ ਲੋਕਾਂ ਨੇ ਇਥੇ ਹਿੰਦੂ ਧਰਮ ਦਾ ਪ੍ਰਚਾਰ ਅਤੇ ਪ੍ਰਸਾਰ ਕੀਤਾ। ਭੋਜ, ਛੇਦੀ ਅਤੇ ਸਾਰਸਵਤ ਬ੍ਰਹਾਮਣਾਂ ਨੇ ਉਹਨਾਂ ਦਾ ਭਰਪੂਰ ਸਹਿਯੋਗ ਦਿੱਤਾ।321 ਪੂ: ਈ: ਤੋਂ 185 ਪੂ: ਈ ਤੱਕ ਮੋਰੀਆ ਵੰਸ ਨੇ ਗੋਯਵਮ ਨੂੰ ਆਪਣੇ ਕੁੰਤਲ ਪ੍ਰਦੇਸ਼ ਦਾ ਅੰਗ ਬਣਾਈ ਰੱਖਿਆ।ਉਹ ਪੁੰਨਾ ਨਾਮੀ ਬੋਧੀ ਭਿਖਸ਼ੂ ਨੂੰ ਇਥੇ ਧਰਮ ਫੈਲਾਉਣ ਲਈ ਇਥੇ ਲੈ ਕੇ ਆਏ।
ਪਰ ਬੁੱਧ ਧਰਮ ਦੀਆਂ ਜੜ੍ਹਾਂ ਇਥੇ ਲੱਗ ਨਾ ਸਕੀਆਂ।ਪਾਉਲਾ ਡੋਨਾ ਨੂੰ ਵਿਚੋਂ ਟੋਕਦਾ ਹੈ।
ਹਾਂ ਮੈਂ ਜਾਣਦੀ ਹਾਂ। ਮੋਰੀਆ ਵੰਸ਼ ਦੇ ਪਤਨ ਤੋਂ ਬਾਅਦ ਮਰਾਠੀ ਸਾਮਰਾਜ ਨੇ ਆਨੰਦ ਚੁੱਟੂ ਲੋਕਾਂ ਨੂੰ ਹਰਾ ਕੇ 100 ਸਾਲ ਰਾਜ ਕੀਤਾ। ਫਿਰ ਸਤਵਾਹਣ ਸਾਮਰਾਜ ਤੋਂ ਹੁੰਦਾ ਹੋਇਆ ਰਾਜ ਭੋਜ ਵੰਸ਼ੀਆਂ ਕੋਲ ਚਲਾ ਗਿਆ, ਜਿਨ੍ਹਾਂ ਨੇ ਚੰਦਰਪੁਰ ਤੋਂ 300 ਸਾਲ ਸ਼ਾਸਨ ਚਲਾਇਐ। ਕੋਂਕਣ, ਮੋਰੀਆ ਤੇ ਕਾਦੰਬ ਲੋਕਾਂ ਦੀ ਜਦੋ-ਜਹਿਦ ਵਿਚ ਛੇਵੀਂ ਸਦੀ ਦੇ ਅੰਤ ਵਿਚ 580 ਈ: ਤੋਂ 750 ਈ: ਤੱਕ ਬਾਦਾਮੀ ਦੇ ਰਾਜੇ ਚਾਲੂਕੀਆ ਨੇ ਚੰਮ ਦੀਆਂ ਚਲਾਈਆਂ।ਅੱਠਵੀਂ ਸਦੀ ਵਿਚ ਸਿਲਹਾਰ ਵੰਸ਼ੀਆਂ ਨੇ ਉਨ੍ਹਾਂ ਤੋਂ ਖੋਹ ਕੇ 200 ਸਾਲ ਆਪਣਾ ਕਬਜ਼ਾ ਜ਼ਮਾਈ ਰੱਖਿਆ।973 ਈ: ਵਿਚ ਮੁੜ ਚਾਲੂਕੀਆ ਨੇ ਆਪਣਾ ਖੁੱਸਿਆ ਰਾਜ ਜਿੱਤ ਲਿਆ। ਚਾਲੂਕੀਆ ਤੇ ਸਿਲਹਾਰ ਵੰਸ਼ਾਂ ਦੀ ਲੜਾਈ ਦਾ ਫਾਇਦਾ ਉੱਠਾ ਕੇ ਕਾਦੰਬ ਵੰਸ਼ੀ ਰਾਜਾ ਸਾਸਤਦੇਵ 979 ਈ: ਵਿਚ ਕਾਬਜ਼ ਹੋ ਗਿਆ।ਕਾਦੰਬ ਵੰਸ਼ੀਆਂ ਦੇ 300 ਸਾਲਾਂ ਦੇ ਸ਼ਾਸਨਕਾਲ ਸਮੇਂ 1030 ਈ: ਤੱਕ ਚੰਦਰਪੁਰ ਉਹਨਾਂ ਦੀ ਰਾਜਧਾਨੀ ਰਹੀ। ਤਾਂਬਦੀ ਸਰੁਲਾ ਮੰਦਰ ਦੇ ਨਿਰਮਾਣ ਬਾਅਦ ਗੋਪੀਕਾ ਨੂੰ ਉਹਨਾਂ ਨੇ ਰਾਜਧਾਨੀ ਬਣਾ ਲਿਆ।14ਵੀ: ਸਦੀ ਵਿਚ ਮੁਸਲਮਾਨ ਹਮਲਾਵਰਾਂ ਦੀ ਆਮਦ ਹੋਈ। 1312 ਈ: ਵਿਚ ਉਹਨਾਂ ਨੇ ਮੰਦਰ ਢਾਹ ਕੇ ਮਸਜਿਦਾਂ ਬਣਾਉਣੀਆਂ ਆਰੰਭ ਦਿੱਤੀਆਂ। 1327 ਈ: ਅਤੇ 1342 ਈ: ਵਿਚ ਮੁਹੰਮਦ ਤੁਗਲਕ ਨੇ ਦੋ ਹਮਲੇ ਕਰਕੇ ਬੜੀ ਤਬਾਹੀ ਮਚਾਈ। 1352 ਈ: ਵਿਚ ਇਹ ਧਰਤੀ ਮੁਸਮਾਨਾਂ ਦੇ ਰਾਜ ਪ੍ਰਬੰਧ ਅਧੀਨ ਸੀ। ਵਿਜੈਨਗਰ ਦੇ ਸਮਰਾਟ ਹਰੀਹਰ ਪਹਿਲੇ ਨੇ 1378 ਈ: ਵਿਚ ਇਥੇ ਕਬਜ਼ਾ ਕਰ ਲਿਆ। 100 ਸਾਲ ਉਸਦਾ ਵੰਸ਼ ਰਾਜ ਕਰਦਾ ਰਿਹਾ ਹੈ। 1469 ਈ: ਵਿਚ ਬ੍ਰਾਹਮਣੀ ਰਾਜਿਆਂ ਨੇ ਫੇਰ ਚੜ੍ਹਾਈਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਤੇ ਤਿੰਨ ਸਾਲ ਦੇ ਸੰਘਰਸ਼ ਉਪਰੰਤ 1472 ਈ: ਨੂੰ ਉਨ੍ਹਾਂ ਦੇ ਰਾਜੇ ਮਹਿਮੂਦ ਗਾਵਾਂ ਨੂੰ ਜਿੱਤ ਪ੍ਰਾਪਤ ਹੋਈ। ਉਹ ਕੇਵਲ ਵੀਹ ਸਾਲ ਹੀ ਰਾਜ ਕਰ ਸਕਿਆ ਤੇ ਆਪਣਾ ਸਭ ਕੁਝ ਬੀਜਾਪੁਰ ਦੇ ਬਾਦਸ਼ਾਹ ਇਬਰਾਹਿਮ ਯੂਸਫ ਆਦਿਲ ਸ਼ਾਹ ਨੂੰ ਲੁੱਟਾ ਬੈਠੇ।ਡੋਨਾ ਵਿਖਿਆਨ ਕਰਦੀ ਹੋਈ ਚੁੱਪ ਕਰ ਜਾਂਦੀ ਹੈ।
ਪਾਉਲਾ ਉਸ ਤੋਂ ਅੱਗੇ ਦੱਸਣ ਲੱਗਦਾ ਹੈ, “ਤੇ ਆਦਿਲ ਸ਼ਾਹ ਤੋਂ ਤੁਹਾਡੇ ਪੁਰਤਗਾਲੀਆਂ ਨੇ 1509 ਈ: ਤੋਂ 1510 ਈ: ਤੱਕ ਰਾਜ ਹਥਿਆ ਲਿਆ।
ਡੋਨਾ ਹਲੀਮੀ ਅਤੇ ਸਹਿਜਤਾ ਨਾਲ ਜੁਆਬ ਦੇਣ ਲੱਗਦੀ ਹੈ, “ਹਾਂ ਤੂੰ ਸਹੀ ਕਹਿੰਦਾ ਹੈਂ। 1498 ਈ: ਵਿਚ ਭਾਰਤ ਦੀ ਖੋਜ ਲਈ ਨਿਕਲਿਆ ਸਾਡਾ ਜ਼ਹਾਜ਼ਰਾਨ ਵਾਸਕੋ ਡੀ ਗਾਮਾ ਜਦੋਂ ਇਥੇ ਆਇਆ ਤਾਂ ਦੇਸ਼ ਵਾਪਿਸ ਜਾ ਕੇ ਉਸ ਨੇ ਇਥੋਂ ਦੇ ਗਰਮ ਮਸਾਲਿਆਂ ਦੇ ਭੰਡਾਰਾਂ ਬਾਰੇ ਢਿੰਡੋਰਾ ਪਿੱਟ ਦਿੱਤਾ ਤੇ ਅਲਫਾਨਸੋ ਡੀ ਅਲਬੂਕਰਕ ਦੀ ਕਮਾਂਡ ਅਧੀਨ ਪੁਰਤਗੇਜ਼ੀ ਫੌਜਾਂ ਨੇ ਇਸ ਧਰਤੀ ਉੱਤੇ ਆ ਕੇ ਕਬਜ਼ਾ ਕਰ ਲਿਆ। ਅਸੀਂ ਵਾਸਕੋ ਦੇ ਨਾਮ ਤੇ ਸ਼ਹਿਰ ਵਸਾਇਆ। ਆਦਿਲ ਸ਼ਾਹ ਨੇ ਜਿਵੇਂ 1460 ਈ: ਵਿਚ ਸਾਫਾਵਰਗੀਆਂ ਮਸੀਤਾਂ ਬਣਾਈਆਂ ਅਸੀਂ ਉਵੇਂ ਬਾਮ ਜੀਸਜ਼ਤੇ ਸੇ ਕਥੀਡਰਲਵਰਗੇ ਗਿਰਜ਼ਾਘਰ ਬਣਾਉਣ ਲੱਗ ਪਏ।ਹੂੰ! ਬੜੇ ਉਤਰਾਅ-ਚੜ੍ਹਾਅ ਦੇਖੇ ਹਨ ਇਸ ਧਰਤੀ ਨੇ। - ਚੱਲ ਛੱਡ ਇਹਨਾਂ ਗੱਲਾਂ ਨੂੰ ਆਪਾਂ ਕੀ ਲੈਣੈ।
ਡੋਨਾ ਚੱਪੂ ਛੱਡ ਕੇ ਆਪਣੇ ਧੜ ਨੂੰ ਮਰੋੜਾ ਦਿੰਦੀ ਹੈ ਤੇ ਆਪਣੀਆਂ ਬਾਹਾਂ ਪਾਉਲਾ ਦੇ ਗਲ੍ਹ ਵਿਚ ਪਾ ਕੇ ਉਸਦਾ ਸਿਰ ਆਪਣੀ ਛਾਤੀ ਨਾਲ ਲਾ ਲੈਂਦੀ ਹੈ, “ਇਸ ਤੋਂ ਪਹਿਲਾਂ ਕਿ ਮਾਨਡੋਵੀ ਦਰਿਆ ਅਰਬ ਸਾਗਰ ਵਿਚ ਆ ਕੇ ਸਮਾਵੇ ਮੈਂ ਜ਼ੁਆਰੀ  ਦਰਿਆ ਨੂੰ ਆਪਣੇ ਵਿਚ ਜ਼ਜਬ ਕਰ ਲੈਣਾ ਚਾਹੁੰਦੀ ਹਾਂ।
ਕੀ ਮਤਲਬ?”
ਆ ਤੈਨੂੰ ਮੈਂ ਮਤਲਬ ਸਮਝਾਵਾਂ।ਡੋਨਾ ਪਾਉਲਾ ਦੇ ਹੱਥ ਫੜ੍ਹ ਕੇ ਉਸਨੂੰ ਖੜ੍ਹਾ ਕਰ ਲੈਂਦੀ ਹੈ ਤੇ ਪਿਛਲ-ਖੁਰੀ ਤੁਰਦੀ ਹੋਈ ਆਪਣੇ ਪਹਿਲਾਂ ਵਾਲੇ ਸਥਾਨ ਤੇ ਜਾ ਬੈਠਦੀ ਹੈ।ਪਾਉਲਾ ਉਸਦੇ ਪੈਰਾਂ ਵਿਚ ਗੋਡਣੀਆਂ ਲਾ ਕੇ ਬੈਠ ਜਾਂਦਾ ਹੈ। ਡੋਨਾ ਪਾਉਲਾ ਦੇ ਸੱਜੇ ਹੱਥ ਨੂੰ ਆਪਣੇ ਖੱਬੇ ਤੇ ਖੱਬੇ ਨੂੰ ਸੱਜੇ ਹੱਥ ਵਿਚ ਫੜ੍ਹੀ ਆਪਣੇ ਪੱਟਾਂ ਉੱਪਰ ਰੱਖ ਲੈਂਦੀ ਹੈ। ਫਿਰ ਰਫਤਾ-ਰਫਤਾ ਪਾਉਲਾ ਦੇ ਹੱਥਾਂ ਨੂੰ ਸਰਕਾਉਂਦੀ ਹੋਈ ਆਪਣੀ ਕਮਰ ਕੋਲ ਲੈ ਜਾਂਦੀ ਹੈਫੇਰ ਹੌਲੀ-ਹੌਲੀ ਆਪਣੇ ਸ਼ਰੀਰ ਨਾਲ ਸਪਰਸ਼ ਕਰਵਾਉਂਦੀ ਹੋਈ ਪੇਟ ਤੋਂ ਉੱਪਰ ਵੱਲ ਲਿਜਾਣ ਲੱਗਦੀ ਹੈ।ਰੱਸਿਆਂ ਨਾਲ ਭਾਰੀ ਮੱਛੀਆਂ ਖਿੱਚਣ ਕਾਰਨ ਪਾਉਲਾ ਦੇ ਹੱਥਾਂ ਦੀਆਂ ਤਲੀਆਂ ਉੱਪਰ ਅੱਟਣ ਤੇ ਉਤਲੇ ਪਾਸਿਉਂ ਚਮੜੀ ਖੁਸ਼ਕ ਹੋ ਚੁੱਕੀ ਹੁੰਦੀ ਹੈ।ਜਦੋਂ ਡੋਨਾ ਦੇ ਬਦਨ ਨੂੰ ਪਲੋਸਦੇ ਹੋਏ ਪਾਉਲਾ ਦੇ ਹੱਥ ਡੋਨਾ ਦੀ ਹਿੱਕ ਤੱਕ ਪਹੁੰਚਦੇ ਹਨ ਤਾਂ ਡੋਨਾ ਆਪਣੇ ਹੱਥਾਂ ਹੇਠ ਆਏ ਪਾਉਲਾ ਦੇ ਹੱਥਾਂ ਉੱਤੇ ਦਬਾਅ ਪਾ ਕੇ ਪਾਉਲਾ ਤੋਂ ਆਪਣੀਆਂ ਛਾਤੀਆਂ ਨੂੰ ਘੁੱਟਵਾਉਣ ਦਾ ਯਤਨ ਕਰਦੀ ਹੈ। ਪਾਉਲਾ ਇਕਦਮ ਠਠੰਬਰ ਕੇ ਆਪਣੇ ਹੱਥ ਪਿਛਾਂਹ ਖਿੱਚ ਲੈਂਦਾ ਹੈ।
ਨਾਰੀਅਲ ਨ੍ਹੀਂ ਤੋੜ੍ਹੇ ਕਦੇ?” ਡੋਨਾ ਦੀਆਂ ਸਮੁੰਦਰ ਵਰਗੀਆਂ ਭੂਰੀਆਂ ਅੱਖਾਂ ਵਿਚ ਕਾਮੁਕ ਅਕਾਖਿਆਵਾਂ ਦਾ ਪ੍ਰਗਟਾਵਾ ਕਰਦੀ ਕੋਈ ਸ਼ਰਾਰਤ ਨੱਚ ਰਹੀ ਹੁੰਦੀ ਹੈ।
ਹੁਣ ਤਾਈਂ ਨਾਰੀਅਲ ਈ ਤੋੜ੍ਹੇ ਆ। ਹੋਰ ਮੈਂ ਕਿਹੜਾ ਟੀਸੀ ਆਲਾ ਬੇਰ ਤੋੜ੍ਹਨਾ ਸੀ।
ਤੋੜ੍ਹ ਕੇ ਦੇਖ ਲੈ। ਟੀਸੀ ਵਾਲਾ ਬੇਰ ਤਾਂ ਆਪ ਟੁੱਟ ਕੇ ਤੇਰੀ ਝੋਲੀ ਚ ਡਿੱਗਣ ਨੂੰ ਫਿਰਦੈ।ਐਨਾ ਕਹਿੰਦਿਆਂ ਡੋਨਾ ਪਾਉਲਾ ਨੂੰ ਕਿਸ਼ਤੀ ਵਿਚ ਲਿਟਾ ਕੇ ਵਾਹੋਦਾਹੀ ਚੁੰਮਣ ਲੱਗ ਪੈਂਦੀ ਹੈ। ਪਾਉਲਾ ਤੋਂ ਵੀ ਆਪਣਾ ਸ਼ੂਕਦਾ ਵੇਗ ਕਾਬੂ ਨਹੀਂ ਰੱਖ ਹੁੰਦਾ।ਉਹ ਆਪਣੇ ਉੱਪਰ ਪਈ ਡੋਨਾ ਦੇ ਨਾਜ਼ੁਕ ਬਦਨ ਨੂੰ ਘੁੱਟ ਕੇ ਆਪਣੀਆਂ ਬਾਂਹਾਂ ਵਿਚ ਨਪੀੜ ਲੈਂਦਾ ਹੈ। ਡੋਨਾ ਪਹਿਲਾਂ ਪਾਉਲਾ ਦੇ ਕੁੜਤੇ ਦੀਆਂ ਤਣੀਆਂ ਤੋੜ੍ਹ ਕੇ ਉਸਨੂੰ ਬੇਪਰਦਾ ਕਰ ਦਿੰਦੀ ਹੈ ਤੇ ਫਿਰ ਆਪਣੇ ਆਪ ਨੂੰ ਗਜ਼ਬ ਦੀ ਫੁਰਤੀ ਨਾਲ ਨਿਰਵਸਤਰ ਕਰਦੀ ਹੋਈ ਪਾਉਲਾ ਦੇ ਸ਼ਰੀਰ ਨਾਲ ਮਨਮਰਜ਼ੀਆਂ ਕਰਨ ਲੱਗ ਪੈਂਦੀ ਹੈ।ਪਾਉਲਾ ਦੇ ਬੁੱਲ੍ਹ ਡੋਨਾ ਦੇ ਜ਼ਿਸਮ ਤੋਂ ਇਉਂ ਤਿਲਕਦੇ ਹਨ ਜਿਵੇਂ ਖੋਪੇ ਦਾ ਤੇਲ ਲਾਏ ਹੋਏ ਹੱਥਾਂ ਚੋਂ ਸ਼ਿਗਾੜਾ ਮੱਛੀ ਤਿਲਕਦੀ ਹੈ।
ਗਾਇਕ ਪੰਛੀ ਬੇੜੀ ਉੱਪਰ ਨੀਵਾਂ-ਨੀਵਾਂ ਉੱਡਦਾ ਹੋਇਆ, ਚਹਿਚਹਾਉਂਦਾ ਰਹਿੰਦਾ ਹੈ। ਇਹ ਚਹਿਕ ਕਿਸੇ ਸੁਰਬਧ ਗੀਤ ਵਰਗੀ ਹੁੰਦੀ ਹੈ। ਮੱਧਮ-ਮੱਧਮ ਰੁਮਕਦੀ ਪੌਣ ਤੇ ਸਮੁੰਦਰੀ ਲਹਿਰਾਂ ਵੀ ਸੰਗੀਤਮਈ ਮਾਹੌਲ ਸਿਰਜਣ ਵਿਚ ਭਰਪੂਰ ਯੋਗਦਾਨ ਪਾਉਂਦੀਆਂ ਹਨ।ਅਕਾਸ਼ ਵਿਚ ਬਣੀਆਂ ਤਿੱਤਰ-ਖੰਭੀ ਬੱਦਲੀਆਂ ਉਨ੍ਹਾਂ ਉੱਤੇ ਛੱਤ ਕਰ ਦਿੰਦੀਆਂ ਹਨ।ਸਥਿਰ ਖੜ੍ਹੀ ਬੇੜੀ ਹਿਚਕੋਲੇ ਖਾਣ ਲੱਗਦੀ ਹੈ।
ਕੁਝ ਦੇਰ ਬਾਅਦ ਦੋਨਾਂ ਜਵਾਨ ਜਿਸਮਾਂ ਅੰਦਰ ਆਇਆ ਜਵਾਰਭਾਟਾ ਸ਼ਾਂਤ ਹੋ ਜਾਂਦਾ ਹੈ।
ਪਾਉਲਾ ਦੀ ਹਿੱਕ ਉੱਤੇ ਨੀਂਦ ਨਾਲ ਉਂਗਲਾਉਂਦੀ ਡੋਨਾ ਤੇ ਜਦੋਂ ਬੱਦਲਾਂ ਦੀ ਭੂਰ ਪੈਂਦੀ ਹੈ ਤਾਂ ਉਹ ਅੱਖਾਂ ਖੋਲ੍ਹ ਕੇ ਪਹਿਲਾਂ ਅਸਮਾਨ ਵੱਲ ਦੇਖਦੀ ਹੈ ਫਿਰ ਪਾਉਲਾ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਨਸ਼ੀਆਈ ਜਿਹੀ ਆਵਾਜ਼ ਵਿਚ ਬੋਲਦੀ ਹੈ, “ਚੱਲੀਏ?”
ਚੱਲੋ।
ਉੱਠ ਕੇ ਦੋਨੋਂ ਕੱਪੜੇ ਪਹਿਨਦੇ ਹਨ ਤੇ ਕਿਸ਼ਤੀ ਕੰਢੇ ਵੱਲ ਰੁੜਣ ਲੱਗ ਪੈਂਦੀ ਹੈ।
ਡੋਨਾ ਦੇ ਮੁਖੜੇ ਤੇ ਲਾਲੀਆਂ ਆ ਜਾਂਦੀਆਂ ਹਨ ਤੇ ਉਸਦਾ ਰੂਪ ਪਹਿਲਾਂ ਨਾਲੋਂ ਵਧੇਰੇ ਨਿਖਰ ਆਉਂਦਾ ਹੈ। ਪਾਉਲਾ ਵੀ ਰੁਮਕਦੀ ਪੌਣ ਵਾਂਗ ਆਪਣੇ ਆਪ ਨੂੰ ਤਰ-ਓ-ਤਾਜ਼ਾ ਮਹਿਸੂਸਦਾ ਹੈ।ਬੱਦਲਾਂ ਵਿਚੋਂ ਝਾਕਦੀਆਂ ਸੂਰਜ ਦੀਆਂ ਕਿਰਨਾਂ ਪਾਣੀ ਨੂੰ ਰੰਗਾਵਲੀ ਸ਼ੀਸ਼ਾ (ਪ੍ਰਿਜ਼ਮ) ਬਣਾ ਕੇ ਪੇਸ਼ ਕਰ ਰਹੀਆਂ ਹੁੰਦੀਆਂ ਹਨ।ਡੋਨਾ ਨੂੰ ਪਾਣੀ ਵਿਚ ਰੰਗਦਾਰ ਬੁਲਬੁਲੇ ਤੇ ਸਮੁੰਦਰੀ ਬਨਸਪਤੀ ਬੜ੍ਹੀ ਮਨਮੋਹਕ ਲੱਗਣ ਲੱਗਦੀ ਹੈ।
ਪਾਉਲਾ ਨੂੰ ਦੇਖ-ਦੇਖ ਡੋਨਾ ਸ਼ਰਮ ਨਾਲ ਸੁਰਖ ਹੁੰਦੇ ਜਾ ਰਹੇ ਆਪਣੇ ਚਿਹਰੇ ਦਾ ਰੰਗ ਬਦਲਣ ਦੇ ਮਕਸਦ ਨਾਲ ਪੁੱਛਦੀ ਹੈ, “ਤੁਸੀਂ ਮੱਛੀਆਂ ਕਿਵੇਂ ਫੜ੍ਹਦੇ ਹੋ?”
ਮੱਛੀਆਂ ਪਕੜਣ ਦੇ ਬੜੇ ਦਅ-ਪੇਚ ਹੁੰਦੇ ਨੇ। ਮੈਂ ਤਾਂ ਕਹਿੰਦਾ ਹਾਂ ਇਹ ਇਕ ਹੁਨਰ, ਇਕ ਕਲਾ ਹੈ।ਏਕਣ ਨ੍ਹੀਂ ਸਮਝ ਆਉਣੀ ਮੈਂ ਤੇਨੂੰ ਦਿਖਾਉਂਦਾ ਹਾਂ।ਪਾਉਲਾ ਮਲਕੜੇ ਜਿਹੇ ਚੱਪੂਆਂ ਨੂੰ ਬੇੜੀ ਵਿਚ ਰੱਖ ਦਿੰਦਾ ਹੈ ਤੇ ਕੋਲ ਪਈ ਗੁੱਥਲੀ ਵਿਚੋਂ ਚੋਗਾ ਕੱਢ ਕੇ ਚਾਰ ਹਜ਼ਾਰ ਫੁੱਟ ਤੋਂ ਵੀ ਵੱਧ ਡੂੰਘੇ ਸਮੁੰਦਰ ਦੀਆਂ ਘੁੰਮਣ ਘੇਰੀਆਂ ਪਾ ਰਹੀਆਂ ਲਹਿਰਾਂ ਤੇ ਚੋਗਾ ਖਿਲਾਰ ਦਿੰਦਾ ਹੈ। ਮੱਛੀਆਂ ਸਮੁੰਦਰੀ ਤਲ ਅਤੇ ਹਰ ਪੱਧਰ ਤੋਂ ਉੱਪਰ ਆ ਕੇ ਪਾਉਲਾ ਦੀ ਕਿਸ਼ਤੀ ਦੁਆਲੇ ਤੈਰਨ ਲੱਗਦੀਆਂ ਹਨ।         ਪਾਉਲਾ ਨਰ ਮੱਛੀਆਂ ਦੇ ਫੁੰਕਾਰਿਆਂ ਅਤੇ ਮਦੀਨ ਮੱਛੀਆਂ ਦੀ ਕੁਰਲਾਹਟ ਵਿਚਲੇ ਅੰਤਰ ਤੋਂ ਡੋਨਾ ਨੂੰ ਜਾਣੂ ਕਰਵਾਉਂਦਾ ਹੋਇਆ ਦੱਸਦਾ ਹੈ ਕਿ ਨਰ ਮੱਛੀ, ਮਾਦਾ ਮੱਛੀ ਨੂੰ ਹਮੇਸ਼ਾ ਆਪਣੇ ਤੋਂ ਪਹਿਲਾਂ ਚੋਗਾ ਖਵਾਉਂਦੀ ਹੈ।ਧੋਖਿਆਂ, ਫਾਹੀਆਂ ਅਤੇ ਫੰਧਿਆਂ ਤੋਂ ਦੂਰ ਡੂੰਘੇ ਪਾਣੀ ਵਿਚ ਰਹਿਣਾ ਸਰਵ-ਉੱਤਮ ਮੱਛੀ ਦੇ ਖਸਲਤ ਹੈ।ਮੱਛੀ ਸਮੁੰਦਰ ਵਿਚ ਜਿੰਨਾ ਗਹਿਰਾ ਉਤਰਦੀ ਜਾਂਦੀ ਹੈ, ਉਨਾ ਹੀ ਉਸਦਾ ਵੱਡੀਆਂ ਮੱਛੀਆਂ ਦਾ ਸ਼ਿਕਾਰ ਬਚਨ ਦਾ ਖਤਰਾ ਘਟਦਾ  ਜਾਂਦਾ ਹੈ। ਪਾਉਲਾ ਕੌਡ, ਮੈਡੋਕ, ਸ਼ਿਕਾਰੀ, ਝਿੰਗਰਾ, ਸਾਰਡੀਨ, ਸ਼ਾਰਕ, ਡੌਲਫਿਨ, ਸ਼ਰਿੰਪ, ਐਲਬੋਕਰ, ਆਦਿਕ ਮੱਛੀਆਂ ਦੀਆਂ ਸਾਰੀਆਂ ਕਿਸਮਾਂ ਤੋਂ ਵਾਕਿਫ ਹੁੰਦਾ ਹੈ।
ਮੱਛੀਆਂ ਦਾ ਝੁੱਡ ਦੇਖ ਕੇ ਪਾਉਲਾ ਯਕਦਮ ਪਾਣੀ ਵਿਚ ਝਪਟਾ ਮਾਰ ਕੇ ਅੱਖ ਦੇ ਫੋਰ ਵਿਚ ਹੱਥ ਬਾਹਰ ਕੱਢ ਲੈਂਦਾ ਹੈ। ਉਸ ਦੇ ਹੱਥ ਵਿਚ ਜਿਉਂਦੀ ਜਾਗਦੀ ਮੱਛਲੀ ਹੁੰਦੀ ਹੈ।
ਇਉਂ ਫੜ੍ਹਦੀ ਐ ਅਸੀਂ ਮੱਛੀ।ਮੱਛੀ ਪਾਉਲਾ ਦੇ ਹੱਥ ਵਿਚੋਂ  ਛੁੱਟਣ ਲਈ ਛਟਪਟਾ ਰਹੀ ਹੁੰਦੀ ਹੈ।
ਡੋਨਾ ਦੰਗ ਰਹਿ ਜਾਂਦੀ ਹੈ। ਪਾਉਲਾ ਤੜਫਦੀ ਹੋਈ ਮੱਛੀ ਨੂੰ ਕੋਲ ਪਈ ਲੂਨ ਪੇਟੀ ਵਿਚ ਸੁੱਟ ਕੇ ਦੁਬਾਰਾ ਚੱਪੂ ਚਲਾਉਣ ਲੱਗ ਪੈਂਦਾ ਹੈ।
ਹਵਾ ਦਾ ਇਕ ਜ਼ੋਰਦਾਰ ਬੁੱਲ੍ਹਾ ਆਉਂਦਾ ਹੈ ਤੇ ਡੋਨਾ ਦੇ ਗਲ੍ਹੇ ਵਿਚ ਪਾਇਆ ਰੁਮਾਲ ਉੱਡਾ ਕੇ ਲੈ ਜਾਂਦਾ ਹੈ। ਪਾਉਲਾ ਸਮੁੰਦਰ ਵਿਚ ਡਿੱਗੇ ਰੁਮਾਲ ਨੂੰ ਦੇਖਦਿਆਂ ਹੀ ਝੱਟ ਪਾਣੀ ਵਿਚ ਛਾਲ ਮਾਰਦਾ ਹੈ ਤੇ ਡੋਨਾ ਦੀ ਅਮਾਨਤ ਉਸਨੂੰ ਲਿਆ ਕੇ ਦੇ ਦਿੰਦਾ ਹੈ।
ਮੈਨੂੰ ਨਹੀਂ ਸੀ ਪਤਾ ਕਿ ਤੈਨੂੰ ਤੈਰਨਾ ਵੀ ਆਉਂਦਾ ਹੈ। ਇਕ ਮਾਮੂਲੀ ਲੀਰ ਬਦਲੇ ਤੂੰ ਆਪਣੀ ਜਾਨ ਜ਼ੋਖਮ ਵਿਚ ਕਿਉਂ ਪਾਈ? ਜੇ ਤੂੰ ਡੁੱਬ ਜਾਂਦਾ ਫੇਰ?” ਡੋਨਾ ਗਿੱਲੇ ਰੁਮਾਲ ਨੂੰ ਨਿਚੋੜਦੀ ਹੈ।
ਤੈਰਨਾ ਤਾਂ ਅਸੀਂ ਮਛੇਰੇ  ਆਪਣੀ ਮਾਂ ਦੇ ਪੇਟ ਵਿਚੋਂ ਸਿੱਖ ਕੇ ਆਉਂਦੇ ਹਾਂ।
ਮੈਂ ਸੁਣਿਆ ਹੈ ਸਮੁੰਦਰ ਬਹੁਤ ਜ਼ਾਲਿਮ ਹੁੰਦਾ ਹੈ।
ਪਾਉਲਾ ਗੰਭੀਰ ਸੁਰ ਵਿਚ ਬੋਲਦਾ ਹੈ, “ਨਹੀਂ ਸਮੁੰਦਰ ਤਾਂ ਸਾਡੀ ਮਾਂ ਹੈ। ਇਹ ਨਿਰਦਈ ਕਿਵੇਂ ਹੋ ਸਕਦਾ ਹੈ।ਸਾਨੂੰ ਖਾਣ ਨੂੰ ਦੋ ਵਕਤ ਦਾ ਆਹਾਰ ਦਿੰਦਾ ਹੈ। ਸਪੇਨੀ ਲੋਕ ਸਮੁੰਦਰ ਦੀ ਤੁਲਨਾ ਔਰਤ ਨਾਲ ਕਰਦੇ ਹੋਏ ਇਸ ਨੂੰ ਲਾ ਮਾਰਕਹਿੰਦੇ ਹਨ। ਉਹ ਔਰਤ ਪ੍ਰੇਮਿਕਾ ਜੋ ਦਾਤਾ ਬਖਸ਼ਦੀ ਹੈ। ਜੇ ਉਹ ਰੁੱਸਦੀ ਜਾਂ ਖਰੂਦ ਪਾਉਂਦੀ ਹੈ ਤਾਂ ਇਸ ਪਿੱਛੇ ਵੀ ਕੋਈ ਕਾਰਨ ਹੁੰਦਾ ਹੈ ਜਾਂ ਉਸਦੀ ਮਜ਼ਬੂਰੀ। ਕਦੇ ਰਾਤ ਨੂੰ ਚੰਨ ਦੀ ਚਾਨਣੀ ਵਿਚ ਦੇਖੀਂ, ਸਮੁੰਦਰ ਤੈਨੂੰ ਮਹਿਬੂਬ ਵਾਂਗ ਹੁਸਨਾਕ ਦਿਖਾਈ ਦੇਵੇਗਾ। ਚੰਨ ਸਮੁੰਦਰ ਨੂੰ ਇਉਂ ਪ੍ਰਭਾਵਿਤ ਤੇ ਆਕਰਸ਼ਿਤ ਕਰਦਾ ਹੈ, ਜਿਵੇਂ ਔਰਤ ਨੂੰ ਇਕ ਮਰਦ। ਸਮੁੰਦਰ ਵੇਸਵਾ ਵਰਗਾ ਹੁੰਦਾ ਹੈ, ਜਿਹੜਾ ਹਰ ਆਏ ਗਾਹਕ ਨੂੰ ਖੁਸ਼ ਕਰਕੇ ਤੋਰਦਾ ਹੈ।
ਅੱਗੇ ਤੋਂ ਇਹ ਕੰਮ ਨਾ ਕਰੀਂ। ਮੈਂ ਤੈਨੂੰ ਬਹੁਤ ਪਿਆਰ ਕਰਦੀ ਹਾਂ।
ਠੀਕ ਹੈ ਨਹੀਂ ਕਰਦਾ।
ਡੋਨਾ ਇਸਰਾਰ ਦਿਖਾਉਂਦੀ ਹੈ, “ਖਾਹ ਮੇਰੀ ਸਹੁੰ?”
ਤੇਰੀ ਸਹੁੰ।ਪਾਉਲਾ ਆਪਣੀ ਘੰਢੀ ਤੋਂ ਚੁੰਡੀ ਭਰਦਾ ਹੈ।
ਦੋਨੋਂ ਖਿੜਖਿੜਾ ਕੇ ਹੱਸ ਪੈਂਦੇ ਹਨ।ਮੱਠੀ ਚਾਲ ਚਲਦੀ ਕਿਸ਼ਤੀ ਕਿਨਾਰੇ ਆ ਲੱਗਦੀ ਹੈ।
ਡੋਨਾ ਤੇ ਪਾਉਲਾ ਰੋਜ਼ਾਨਾ ਸਮੁੰਦਰੀ ਸੈਰ ਲਈ ਆਉਂਦੇ ਤੇ ਰੂਹਾਂ ਨੂੰ ਸ਼ਰਸਾਰ ਕਰਕੇ ਵਾਪਿਸ ਚਲੇ ਜਾਣ ਦਾ ਨਿਯਮ ਬਣਾ ਲੈਂਦੇ ਹਨ।
ਪਾਉਲਾ ਮੁਲਾਕਾਤ ਸਮੇਂ ਡੋਨਾ ਨੂੰ ਮੱਛੀ ਦੇ ਤੇਲ ਦਾ ਪਿਆਲਾ ਪੇਸ਼ ਕਰਦਾ ਹੋਇਆ ਇਕ ਦਿਨ ਦੱਸਦਾ ਹੈ ਕਿ ਸਾਰੇ ਮਛੇਰੇ ਤੜਕੇ ਨਿਰਨੇ-ਕਾਲਜ਼ੇ ਇਹੋ ਤੇਲ ਪੀ ਕੇ ਘਰੋਂ ਨਿਕਲਦੇ ਹਨ। ਇਹ ਤੇਲ ਮਹਿਜ਼ ਠੰਡ ਅਤੇ ਬੁਖਾਰ ਤੋਂ ਰੱਖਿਆ ਹੀ ਨਹੀਂ ਕਰਦਾ।ਬਲਕਿ ਸ਼ਰੀਰ ਨੂੰ ਤਾਕਤ ਵੀ ਦਿੰਦਾ ਹੈ ਤੇ ਅੱਖਾਂ ਲਈ ਵੀ ਲਾਭਕਾਰੀ ਹੁੰਦਾ ਹੈ।
ਪਾਉਲਾ ਚੁਸਕੀਆਂ ਲੈਂਦੀ ਹੋਈ ਤੇਲ ਪੀ ਲਿਆ ਕਰਦੀ ਹੈ। ਉਸਨੂੰ ਤੇਲ ਦੇ ਸਵਾਦ ਤੋਂ ਬਿਲਕੁਲ ਵੀ ਘਿਰਣਾ ਨਹੀਂ ਆਉਂਦੀ।ਕਈ ਵਾਰ ਪਾਉਲਾ ਡੋਨਾ ਨੂੰ ਭੁੰਨ੍ਹੀ ਹੋਈ ਠੋਸ, ਤਾਸੀਰ ਦੀ ਠੰਡੀ ਤੇ ਸੁਆਦੀ ਟਿਊਨਾ ਮੱਛੀ ਦਾ ਜ਼ਾਇਕਾ ਵੀ ਚਖਾ ਦਿਆ ਕਰਦਾ ਹੈ।
ਬਰਸਾਤ ਰੁੱਤ ਜੋਬਨ ਤੇ ਹੋਣ ਨਾਲ ਦਿਨ ਰਾਤ ਮੀਂਹ ਪੈਂਦਾ ਰਹਿਣ ਲੱਗਦਾ ਹੈ। ਡੋਨਾ ਤੇ ਪਾਉਲਾ ਦਾ ਮਿਲਣਾ ਬੰਦ ਹੋ ਜਾਂਦਾ ਹੈ। ਪਾਉਲਾ ਡੋਨਾ ਨੂੰ ਮਿਲਣ ਲਈ ਆਪਣੀਆਂ ਜੁਗਤਾਂ ਲੜਾਉਂਦਾ ਰਹਿੰਦਾ ਹੈ ਤੇ ਡੋਨਾ ਪਾਉਲਾ ਨੂੰ ਮਿਲਣ ਲਈ ਆਪਣੇ ਮਨਸੂਬੇ ਘੜਦੀ ਰਹਿੰਦੀ ਹੈ। ਪਰ ਦੋਨਾਂ ਪ੍ਰੇਮੀਆਂ ਨੂੰ ਕੋਈ ਕਾਮਯਾਬੀ ਨਾ ਮਿਲਦੀ।
ਪਾਉਲਾ ਮਹੱਲ ਦੇ ਨਜ਼ਦੀਕ ਸਮੁੰਦਰ ਕੰਢੇ ਆਪਣੀ ਨਵੀਂ ਝੁੱਗੀ ਬਣਾ ਲੈਂਦਾ ਹੈ।ਤੇ ਇਕ ਰਾਤ ਉਸ ਦੀ ਝੁੱਗੀ ਵਿਚ ਸਾੜੀ ਪਹਿਨੀ ਘੁੰਡ ਕੱਢੀ ਇਕ ਔਰਤ ਦਾਖਲ ਹੁੰਦੀ ਹੈ। ਘੁੰਡ ਵਿਚੋਂ ਕੇਵਲ ਉਸ ਔਰਤ ਦਾ ਨੱਕ ਹੀ ਨਜ਼ਰ ਆਉਂਦਾ ਹੈ, ਜਿਸ ਵਿਚ ਨੱਥਨੀ ਚਮਕ ਰਹੀ ਹੁੰਦੀ ਹੈ। ਪਾਉਲਾ ਉਸ  ਔਰਤ ਨੂੰ ਪਹਿਚਾਣ ਨਹੀਂ ਪਾਉਂਦਾ। ਜਦੋਂ ਉਹ ਘੁੰਡ ਚੁੱਕਦੀ ਹੈ ਤਾਂ ਪਾਉਲਾ ਮਛੇਰਨਾ ਦੇ ਲਿਬਾਸ ਵਿਚ ਡੋਨਾ ਨੂੰ ਦੇਖ ਕੇ ਦੰਗ ਰਹਿ ਜਾਂਦਾ ਹੈ। ਉਹ ਭੱਜ ਕੇ ਡੋਨਾ ਨੂੰ ਲਿਪਟ ਜਾਂਦਾ ਹੈ।
ਬਾਹਰ ਮੋਹਲੇਧਾਰ ਮੀਂਹ ਵਰ੍ਹਦਾ ਰਹਿੰਦਾ ਹੈ ਤੇ ਅੰਦਰ ਉਹ ਇਕ ਬਦਨ ਹੋਈਆਂ ਦੋ ਰੂਹਾਂ ਛਰਾਟੇ ਨਾਲ ਵਰ੍ਹਦੀਆਂ ਰਹਿੰਦੀਆਂ ਹਨਇਸ ਪ੍ਰਕਾਰ ਹਰ ਰਾਤ ਨੂੰ ਉਹ ਸਰੀਰਕ, ਮਾਨਸਿਕ ਅਤੇ ਆਤਮਿਕ ਤ੍ਰਿਪਤੀ ਦੀ ਪੂਰਤੀ ਲਈ ਕਾਰਜ਼ਸ਼ੀਲ ਰਹਿਣ  ਲੱਗਦੇ ਹਨ।ਸਾਗਰੀ ਤੱਟ ਤੇ ਤਾੜ ਅਥਵਾ ਖਜੂਰ ਦੇ ਕਰੜੇ ਟਾਹਣਿਆਂ ਅਤੇ ਚੌੜੇ ਕਰਕੇ ਜੋੜੇ ਸਖਤ ਰੇਸ਼ੇਦਾਰ ਪੱਤਿਆਂ ਦੀ ਬਣੀ ਝੁੱਗੀ ਦੀ ਰੇਤਲੀ ਜ਼ਮੀਨ ਰਾਤ ਦੇ ਹਨ੍ਹੇਰੇ ਵਿਚ ਵੀ ਹੀਰਿਆਂ ਵਾਂਗ ਚਮਕਦੀ ਹੁੰਦੀ ਹੈ। ਉਹ ਚਾਂਦੀ ਰੰਗੀ ਰੇਤ ਤੇ ਆਨੰਦ-ਪ੍ਰਮੋਦ ਦੇ ਨਸ਼ੇ ਵਿਚ ਲੇਟੇ ਆਪਣੇ ਆਪ ਨੂੰ ਜੱਨਤ ਵਿਚ ਪਹੁੰਚਿਆ ਮਹਿਸੂਸ ਕਰਦੇ।
ਡੋਨਾ ਨਿੱਤ ਅੱਧੀ ਰਾਤ ਨੂੰ ਮਛੇਰਨਾ ਦੇ ਭੇਸ ਵਿਚ ਪਾਉਲਾ ਕੋਲ ਆਉਂਦੀ ਹੈ ਤੇ ਦਿਨ ਚੜ੍ਹਨ ਤੋਂ ਪਹਿਲਾਂ ਹੀ ਝੁੱਗੀ ਵਿਚੋਂ ਖਿਸਕ ਜਾਂਦੀ ਹੈ। ਦਿਨ ਚੜ੍ਹਦਿਆਂ ਉਹ ਮਹੱਲ ਵਿਚਲੇ ਆਪਣੇ ਕਮਰੇ ਵਿਚ ਪਈ ਹੁੰਦੀ ਤੇ ਦੁਪਿਹਰ ਤੱਕ ਸੁੱਤੀ ਨਾ ਉੱਠਦੀ।
ਡੋਨਾ ਦੇ ਸਾਰੀ ਦਿਹਾੜੀ ਸੁੱਤੀ ਰਹਿਣ ਨਾਲ ਫਰੈਂਸਿਸਕੋ ਨੂੰ ਸ਼ੱਕ ਹੋ ਜਾਂਦੀ ਹੈ।ਉਸਦੇ ਸ਼ੱਕ ਦੀ ਦੂਜੀ ਤੇ ਅਹਿਮ ਵਜ੍ਹਾ ਇਹ ਵੀ ਹੁੰਦੀ ਹੈ ਕਿ ਜਦੋਂ ਵੀ ਉਹ ਡੋਨਾ ਪ੍ਰਤੀ ਆਪਣਾ ਪਿਆਰ ਪ੍ਰਗਟਾਉਂਦਾ ਤਾਂ ਡੋਨਾ ਨੱਕ ਬੁੱਲ੍ਹ ਮਾਰ ਕੇ ਉਸਨੂੰ ਤ੍ਰਿਸਕਾਰ ਦਿੰਦੀ।ਫਰੈਂਸਿਸਕੋ ਡੋਨਾ ਦੀਆਂ ਹਰਕਤਾਂ ਅਤੇ ਗਤੀਵਿਧੀਆਂ ਉੱਪਰ ਨਜ਼ਰ ਰੱਖਣੀ ਸ਼ੁਰੂ ਕਰ ਦਿੰਦਾ ਹੈ। ਇਸ ਗੱਲ ਤੋਂ ਬੇਖਬਰ ਡੋਨਾ ਜਦੋਂ ਇਕ ਰਾਤ ਪਾਉਲਾ ਨੂੰ ਮਿਲਣ ਜਾਂਦੀ ਹੈ ਤਾਂ ਫਰੈਂਸਿਸਕੋ ਉਸਦਾ ਪਿੱਛਾ ਕਰਦਾ ਕਰਦਾ ਪਾਉਲਾ ਦੀਆਂ ਝੌਂਪੜੀ ਤੱਕ ਪਹੁੰਚ ਜਾਂਦਾ ਹੈ। ਉਹ ਡੋਨਾ ਤੇ ਪਾਉਲਾ ਦੇ ਮੁਹੱਬਤ ਕਰਦਿਆਂ ਪੈਦਾ ਹੋਣ ਵਾਲੀਆਂ ਅਵਾਜ਼ਾਂ ਨੂੰ ਜਦੋਂ ਆਪਣੇ ਕੰਨੀਂ ਸੁਣਦਾ ਹੈ ਤਾਂ ਫਰੈਂਸਿਸਕੋ ਦੀ ਹਿੱਕ ਉੱਤੇ ਸੱਪ ਲਿਟਣ ਲੱਗ ਜਾਂਦੇ ਹਨ। ਉਹ ਇਸ ਮਾਮਲੇ ਬਾਰੇ ਕਿਸੇ ਕੋਲ ਕੋਈ ਭਾਫ ਨਹੀਂ ਕੱਢਦਾ।ਕੁਝ ਦਿਨ ਉਹ ਨਿਰੰਤਰ ਰਾਤ ਨੂੰ ਡੋਨਾ ਦਾ ਪਿੱਛਾ ਕਰਦਾ ਰਹਿੰਦਾ ਹੈ।
ਫਰੈਂਸਿਸਕੋ ਲਈ ਜਦੋਂ ਬਰਦਾਸ਼ਤ ਕਰਨਾ ਮੁਸ਼ਕਿਲ ਹੋ ਜਾਂਦਾ ਹੈ ਤਾਂ ਉਹ ਇਕ ਦਿਨ ਵਾਈਸਰੌਇ ਨੂੰ ਡੋਨਾ ਤੇ ਪਾਉਲਾ ਦੇ ਇਸ਼ਕ ਦੀ ਸਾਰੀ ਕਹਾਣੀ ਸੁਣ ਦਿੰਦਾ ਹੈ।
ਵਾਈਸਰੌਇ ਆਪਣੇ ਕੁਝ ਖਾਸ ਭਰੋਸੇ ਦੇ ਬੰਦਿਆਂ ਨਾਲ ਪਾਉਲਾ ਨੂੰ ਸਾਗਰ ਵਿਚੋਂ ਮੱਛੀਆਂ ਫੜ੍ਹਨ ਭੇਜ ਦਿੰਦਾ ਹੈ। ਮਛੇਰੇ ਸ਼ਾਮ ਨੂੰ ਵਾਪਿਸ ਪਰਤ ਕੇ ਇਹ ਖਬਰ ਉੱਡਾ ਦਿੰਦੇ ਹਨ ਕਿ ਪਾਉਲਾ ਸਮੁੰਦਰ ਵਿਚ ਡੁੱਬ ਗਿਆ। ਸਭ ਲੋਕ ਇਸ ਸਮਾਚਾਰ ਤੇ ਅੱਖਾਂ ਮੀਚ ਕੇ ਯਕੀਨ ਕਰ ਲੈਂਦੇ ਹਨ। ਲੇਕਿਨ ਡੋਨਾ ਦਾ ਮਨ ਇਹ ਗੱਲ ਮੰਨਣ ਤੋਂ ਇੰਨਕਾਰੀ ਹੋ ਜਾਂਦਾ ਹੈ, ਕਿਉਂਕਿ ਉਹ ਜਾਣਦੀ ਹੁੰਦੀ ਹੈ ਕਿ ਪਾਉਲਾ ਇਕ ਵਧੀਆ ਤੈਰਾਕ ਹੈ।
ਡੋਨਾ ਰੋਜ਼ ਪਾਉਲਾ ਦੀ ਤੋਹਫੇ ਵਜੋਂ ਦਿੱਤੀ ਸੁੱਚੇ ਮੋਤੀਆਂ ਦੀ ਮਾਲਾ ਪਾ ਕੇ ਉੱਚੀ ਪਹਾੜੀ ਤੇ ਚੜ੍ਹ ਕੇ ਸਮੁੰਦਰ ਵਿਚੋਂ ਪਾਉਲਾ ਦੇ ਸਹੀ-ਸਲਾਮਤ ਨਿਕਲ ਆਉਣ ਦਾ ਇੰਤਜ਼ਾਰ ਕਰਦੀ ਰਹਿੰਦੀ ਹੈ। ਕੁਝ ਦਿਨ ਬਾਅਦ ਸਮੁੰਦਰ ਵਿਚ ਇਕ ਭਾਰੀ ਤੁਫਾਨ ਆਉਂਦਾ ਹੈ ਤੇ ਜਦੋਂ ਤੁਫਾਨ ਥਮ ਜਾਂਦਾ ਹੈ ਤਾਂ ਸਮੁੰਦਰ ਕਿਨਾਰੇ ਇਕ ਵਿਅਕਤੀ ਮਰਿਆ ਪਿਆ ਹੁੰਦਾ ਹੈ, ਜਿਸ ਦੇ ਡੌਲੇ ਉੱਤੇ ਉਹੀ ਕਾਲਾ ਤਾਵੀਜ਼ ਬੰਨ੍ਹਿਆ ਹੁੰਦਾ ਹੈ, ਜੋ ਪੋਲੇ ਦੇ ਬੰਨ੍ਹਿਆ ਹੁੰਦਾ ਸੀ। ਮਛੇਰੇ ਪੋਲੇ ਦੀ ਲੋਥ ਚੁੱਕ ਕੇ ਲੈ ਜਾਂਦੇ ਹਨ ਤੇ ਪੋਲੇ ਦੇ ਪਰਿਵਾਰ ਵਾਲੇ ਉਸਦਾ ਮਾਤਮ ਮਨਾਉਣ ਲੱਗ ਪੈਂਦੇ ਹਨ।
ਡੋਨਾ ਨੂੰ ਪਾਉਲਾ ਦੀ ਮੌਤ ਬਾਰੇ ਪਤਾ ਚੱਲਦਾ ਹੈ ਤਾਂ ਉਹ ਕੀਰਨੇ ਪਾਉਣ ਲੱਗ ਜਾਂਦੀ ਹੈ। ਉਸਨੂੰ ਵਿਰਲਾਪ ਕਰਦੀ ਤੱਕ ਕੇ ਫਰੈਂਸਿਸਕੋ ਡੋਨਾ ਨੂੰ ਮੁਖਾਤਿਬ ਹੁੰਦਾ ਹੈ, “ਮਛੇਰੇ ਦੀ ਯਾਦ ਵਿਚ ਹੰਝੂ ਜ਼ਾਇਆ ਨਾ ਕਰ। ਸਾਂਭ ਕੇ ਰੱਖ ਇਹ ਮੋਤੀ ਤੇਰੇ ਉਮਰ ਭਰ ਕੰਮ ਆਉਣਗੇ। ਮਛੇਰੇ ਨੂੰ ਤਾਂ ਅਸੀਂ ਮੱਛੀ ਵਾਂਗ ਤੜਫਾ-ਤੜਫਾ ਕੇ ਮਾਰਿਆ ਹੈ। ਬੋਲ ਤੇਰੇ ਨਾਲ ਕੀ ਸਲੂਕ ਕੀਤਾ ਜਾਵੇ?”
ਡੋਨਾ ਅੱਖਾਂ ਅੱਡ ਕੇ ਫਰੈਂਸਿਸਕੋ ਵੱਲ ਦੇਖਦੀ ਹੈ, “ਤੁਸੀਂ ਪਾਉਲਾ ਨੂੰ ਮਰਵਾਇਆ ਹੈ? ਕਿਉਂ?”
ਹਾਂ, ਉਸਨੂੰ ਆਪਣੀ ਔਕਾਤ ਭੁੱਲ ਗਈ ਸੀ। ਜਿਵੇਂ ਤੈਨੂੰ ਭੁੱਲ ਗਈ ਹੈ। ਮੈਂ ਤੈਨੂੰ ਆਪਣੀ ਪਤਨੀ ਬਣਾਉਣਾ ਚਾਹੁੰਦਾ ਸੀ।ਮਹੱਲ ਵਿਚ ਵਸਾਉਣਾ ਚਾਹੁੰਦਾ ਸੀ। ਤੂੰ ਸਿਰਫ ਮੇਰੀ ਰਖੇਲ ਬਣਨ ਦੇ ਕਾਬਲ ਹੈਂ। ਹੁਣ ਸਾਰੀ ਉਮਰ ਸਿਰਫ ਤੈਨੂੰ ਆਪਣੇ ਸ਼ੁਗਲ ਲਈ ਵਰਤਾਂਗਾ। ਇਤਮਿਨਾਨ ਨਾਲ ਪੁਰਤਗਾਲ ਜਾ ਕੇ ਆਪਣੀ ਕਿਸਮਤ ਨੂੰ ਰੋਂਦੀ ਰਹੀ।ਫਰੈਂਸਿਸਕੋ ਉੱਚੀ-ਉੱਚੀ ਸ਼ੈਤਾਨੀ ਹਾਸਾ ਹੱਸਣ ਲੱਗਦਾ ਹੈ।
ਫਰੈਂਸਿਸਕੋ ਦੇ ਮੂੰਹੋਂ ਇਹ ਸਭ ਸੁਣ ਕੇ ਡੋਨਾ ਸੁੰਨ ਹੋ ਜਾਂਦੀ ਹੈ। ਉਸਦਾ ਸਾਰਾ ਵਜੂਦ ਇੰਝ ਪਥਰਾ ਜਾਂਦਾ ਹੈ, ਜਿਵੇਂ ਉਹ ਇੰਨਸਾਨ ਨਹੀਂ ਪੱਥਰ ਦਾ ਕੋਈ ਬੁੱਤ ਹੋਵੇ।
ਡੋਨਾ ਨੂੰ ਪਾਉਲਾ ਦੇ ਇਸ਼ਕ ਤੋਂ ਬਿਨਾ ਆਪਣਾ ਜੀਵਨ ਬੇਮਾਇਨਾ ਜਾਪਣ ਲੱਗ ਪੈਂਦਾ ਹੈ। ਅੱਧੀ ਰਾਤ ਨੂੰ ਉਹ ਪਹਿਲਾਂ ਵਾਂਗ ਮਹੱਲ ਵਿਚੋਂ ਨਿਕਲ ਤੁਰਦੀ ਹੈ।ਫਰੈਂਸਿਸਕੋ ਵੀ ਉਸਦੇ ਪਿੱਛੇ ਪਿੱਛੇ ਚਲ ਪੈਂਦਾ ਹੈ। ਜਦੋਂ ਤੁਰਦੀ ਹੋਈ ਡੋਨਾ ਪਹਾੜੀ ਦੀ ਚੋਟੀ ਕੋਲ ਪਹੁੰਚਣ ਲੱਗਦੀ ਹੈ ਤਾਂ ਫਰੈਂਸਿਸਕੋ ਭੱਜ ਕੇ ਜਾ ਕੇ ਡੋਨਾ ਨੂੰ ਫੜ੍ਹ ਲੈਂਦਾ ਹੈ, “ਕਿਥੇ ਚੱਲੀ ਹੈਂ?”
ਜਿੱਥੇ ਤੁਸੀਂ ਮੇਰੇ ਪ੍ਰੇਮੀ ਨੂੰ ਪਹੁੰਚਾਇਆ ਹੈ।ਤੁਸੀਂ ਕੀ ਸਮਝਦੇ ਹੋ ਤੁਸੀਂ ਸਾਨੂੰ ਇਕ ਹੋਣ ਤੋਂ ਰੋਕ ਲਵੋਂਗੇ? ਇਹ ਤੁਹਾਡਾ ਮਹਿਜ਼ ਭੁਲੇਖਾ ਹੈ।ਮੇਰੀ ਮੁਹੱਬਤ ਜਾਂ ਕਿਸਮਤ ਦਾ ਨਿਰਣਾਇਕ ਤੁਹਾਨੂੰ ਕਿਸ ਨੇ ਬਣਾਇਆ ਹੈ?”
ਡੋਨਾ ਫਰੈਂਸਿਸਕੋ ਤੋਂ ਆਪਣਾ ਹੱਥ ਛੁਡਾ ਕੇ ਪਹਾੜ ਦੀ ਚੋਟੀ ਵੱਲ ਭੱਜਦੀ ਹੈ।
ਫਰੈਂਸਿਸਕੋ ਦੌੜ ਕੇ ਡੋਨਾ ਨੂੰ ਦਬੋਚ ਲੈਂਦਾ ਹੈ। ਹੱਥੋਂ ਪਾਈ ਵਿਚ ਡੋਨਾ ਪਾਉਲਾ ਦੇ ਨਹੁੰਆਂ ਨਾਲ ਘਰੂਟ ਮਾਰਦੀਹੈ।ਫਰੈਂਸਿਸਕੋ ਨੂੰ ਗੁੱਸਾ ਆ ਜਾਂਦਾ ਹੈ ਤੇ ਉਹ ਡੋਨਾ ਦੇ ਕਪੜੇ ਪਾੜ ਕੇ ਉਸ ਨਾਲ ਜ਼ਬਰ-ਜ਼ਿਨਾਹ ਕਰ ਦਿੰਦਾ ਹੈ।
ਡੋਨਾ ਜ਼ਮੀਨ ਤੇ ਨਿਰਵਸਤਰ ਪਈ ਡੁੱਸਕ ਰਹੀ ਹੁੰਦੀ ਹੈ। ਡੋਨਾ ਦੇ ਤਨ ਤੇ ਇਕ ਵੀ ਕੱਪੜਾ ਨਹੀਂ ਹੁੰਦਾ, ਸਿਵਾਏ ਗਲ੍ਹੇ ਵਿਚ ਪਹਿਨੀ ਮੋਤੀਆਂ ਦੀ ਮਾਲਾ ਦੇ ਜੋ ਚੰਨ ਦੀ ਚਾਨਣੀ ਵਿਚ ਲੋਹੜੇ ਦੀ ਚਮਕ ਰਹੀ ਹੁੰਦੀ ਹੈ।ਫਰੈਂਸਿਸਕੋ ਡੋਨਾ ਨੂੰ ਬਾਂਹੋਂ ਫੜ੍ਹ ਕੇ ਉਠਣਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਉਹ ਨਹੀਂ ਉੱਠਦੀ।ਫਰੈਂਸਿਸਕ ਉਸਨੂੰ ਘੜੀਸਦਾ ਹੋਇਆ ਪਹਾੜ ਦੀ ਚੋਟੀ ਤੇ ਲਿਜਾਂਦਾ ਹੈ ਤੇ ਹੇਠਾਂ ਸਮੁੰਦਰ ਵਿਚ ਧੱਕਾ ਦੇ ਦਿੰਦਾ ਹੈ।
ਅਗਲੀ ਸਵੇਰ ਡੋਨਾ ਦੀ ਨਗਨ ਲਾਸ਼, ਜਿਸ ਦੇ ਗਲ੍ਹ ਵਿਚ ਕੇਵਲ ਮੋਤੀਆਂ ਦੀ ਮਾਲਾ ਹੁੰਦੀ ਹੈ ਸਮੁੰਦਰ ਕਿਨਾਰੇ ਐਨਾ ਉਸੇ ਸਥਾਨ ਤੇ ਪਈ ਮਿਲਦੀ ਹੈ, ਜਿਥੇ ਕੱਲ੍ਹ ਉਸਦੀ ਬੇਲਿਬਾਸ ਮੁਹੱਬਤ ਪਈ ਸੀ।

ਅੰਤਿਕਾ: ਇਸ ਘਟਨਾ ਤੋਂ ਬਾਅਦ ਭਾਵੇਂ ਕਿ ਪਾਉਲਾ ਹਿੰਦੂ ਸੀ, ਪਰ ਮਛੇਰੇ ਡੋਨਾ ਅਤੇ ਪਾਉਲਾ ਨੂੰ ਇਕੋ ਕਬਰ ਵਿਚ ਦਫਨਾ ਦਿੰਦੇ ਹਨ। ਵਾਇਸਰੌਇ ਉਹ ਕਬਰ ਤੁੜਵਾ ਦਿੰਦਾ ਹੈ। ਉਸੇ ਹੀ ਰਾਤ ਵਾਇਸਰੌਇ ਨੂੰ ਅਧਰੰਗ ਦਾ ਦੌਰਾ ਪੈ ਜਾਂਦਾ ਹੈ। ਵਾਇਸਰੌਇ ਆਪਣੇ ਪਾਪ ਦਾ ਪ੍ਰਾਸਚਿਤ ਕਰਨ ਲਈ ਇਕ ਲੜਕੀ ਗੋਦ ਲੈ ਕੇ ਪਾਲਦਾ ਹੈ ਤੇ ਉਸਦਾ ਨਾਮ ਡੋਨਾ ਪਾਉਲਾ ਰੱਖਦਾ ਹੈ। ਜਦੋਂ ਉਹ ਲੜਕੀ ਵੱਡੀ ਹੁੰਦੀ ਹੈ ਤਾਂ ਵਾਇਸਰੌਇ ਹੱਥੀਂ ਉਸਦੀ ਸ਼ਾਂਦੀ ਕਾਸਪਰ ਡਿਆਸ ਨਾਮ ਦੇ ਇਕ ਮਛੇਰੇ ਨਾਲ ਕਰ ਦਿੰਦਾ ਹੈ। ਉਸ ਲੜਕੀ ਦੇ ਇਕ ਪੁੱਤਰ ਡੋਮ ਦਾ ਜਨਮ ਹੁੰਦਾ ਹੈ। ਉਸ ਲੜਕੀ ਡੋਨਾ ਪਾਉਲਾ ਦੀ ਕਬਰ ਮੌਜੂਦਾ ਕੈਬੋ ਰਾਜ ਭਵਨ ਦੇ ਕਬਰਸਤਾਨ ਵਿਚ ਹੈ, ਜਿਸ ਉਕਰਿਆ ਹੋਇਆ ਹੈ:- “Dona Paula Menezes, mother de Dom Antonio Souto Maior jas nesta sepultura. Faleceuaos 21 de decembro de 1682. Pede hum Pe. N.e Uma Ave Ma por sva alma.”  (ਇਥੇ ਡੋਨਾ ਪਾਉਲਾ ਮੈਨਜ਼ਿਜ਼, ਮਾਤਾ ਡੋਮ ਐਨਟੀਨੋ ਸੂਟੋ ਮਾਓਰ ਸਦੈਵੀ ਨੀਂਦ ਸੌਂ ਰਹੀ ਹੈ।ਇਤਕਾਲ 21 ਦਸੰਬਰ 1682. ਪ੍ਰਮਾਤਮਾ ਉਹਨਾਂ ਆਤਮਾ ਨੂੰ ਚਰਨਾ ਵਿਚ ਨਿਵਾਸ ਦੇਵੇ।)

ਡੋਨਾ ਅਤੇ ਪਾਉਲਾ ਸਰੀਰਕ ਤੌਰ ਤੇ ਭਾਵੇਂ ਚਾਰ ਸੌ ਸਾਲ ਪਹਿਲਾਂ ਮਰ ਗਏ ਸਨ। ਪਰ ਉਨ੍ਹਾਂ ਦੇ ਇਸ਼ਕ ਦੀ ਕਹਾਣੀ ਨੂੰ ਗੋਆ ਵਾਸੀਆਂ ਨੇ ਲੋਕ ਗਾਥਾ ਬਣਾ ਕੇ ਅੱਜ ਵੀ ਆਪਣੀਆਂ ਸਿਮਰਤੀਆਂ ਵਿਚ ਸਾਂਭੀਆ ਹੋਇਆ ਹੈ। ਡੋਨਾ ਪਾਉਲਾ ਦੀ ਮੌਤ ਤੋਂ ਬਾਅਦ ਵਾਇਸਰੌਇ ਆਪਣੇ ਉਸ ਓਡਾਵਲ ਪਿੰਡ ਦਾ ਨਾਮ ਡੋਨਾ ਪਾਉਲਾ ਰੱਖ ਦਿੰਦਾ ਹੈ। ਪੁਰਾਣੇ ਬਜ਼ੁਰਗਾਂ ਦਾ ਮੰਨਣਾ ਹੈ ਕਿ ਡੋਨਾ ਪਾਉਲਾ ਦੀਆਂ ਰੂਹਾਂ ਅੱਜ ਵੀ ਡੋਨਾ ਪਾਉਲਾ ਸਮੁੰਦਰੀ ਤੱਟ ਤੇ ਭਟਕਦੀਆਂ ਫਿਰਦੀਆਂ ਹਨ। ਹੁਣ ਜਦੋਂ ਚੰਨ ਚਾਨਣੀ ਰਾਤ ਵਿਚ ਪ੍ਰੇਮੀਆਂ ਦੇ ਸਵਰਗ ਵਜੋਂ ਜਾਣੇ ਜਾਂਦੇ ਡੋਨਾ ਪਾਉਲਾ ਬੀਚ ਤੇ ਹਨੀਮੂਨ ਮਨਾਉਣ ਗਏ ਕਿਸੇ ਜੋੜੇ ਨੂੰ ਗੋਆ ਵਾਸੀ ਦੇਖਦੇ ਹਨ ਤਾਂ ਉਹਨਾਂ ਵਿਚ ਡੋਨਾ ਪਾਉਲਾ ਦੇ ਅਕਸ ਨੂੰ ਤਲਾਸ਼ਦਿਆਂ ਗੋਆ ਵਾਸੀਆਂ ਦੀਆਂ ਅੱਖਾਂ ਨਮ ਹੋ ਜਾਂਦੀਆਂ ਹਨ।
****

No comments: